GurbachanBhullar7ਸ਼ਗਨਾਂ-ਬਦਸ਼ਗਨਾਂ ਦੀ ਵਿਆਖਿਆ ਕਰਨ ਵਾਲੇ ਨਵੇਂ ਨਵੇਂ ਗੁਣੀ-ਗਿਆਨੀ ਪ੍ਰਗਟ ਹੋ ਰਹੇ ਹਨ ...
(ਜੂਨ 5, 2016)

 

IndianFlag2ਜਨਮ ਤੋਂ ਮੇਰੀ ਪਰਵਰਿਸ਼ ਅਜਿਹੇ ਮਾਹੌਲ ਵਿਚ ਹੋਈ ਜਿਸ ਵਿਚ ਵਹਿਮ-ਭਰਮ, ਸ਼ਗਨ-ਬਦਸ਼ਗਨ ਨੂੰ ਕੋਈ ਥਾਂ ਨਹੀਂ ਸੀਸਾਡਾ ਪਰਿਵਾਰ ਸਿੱਖੀ ਨਾਲ, ਹੁਣ ਵਾਲੀ ਸਿੱਖੀ ਨਹੀਂ, ਗੁਰੂ ਸਾਹਿਬਾਨ ਦੀ ਦੱਸੀ ਸਿੱਖੀ ਨਾਲ ਜੁੜਿਆ ਹੋਇਆ ਸੀਮੇਰੀ ਦਾਦੀ ਤੇ ਮਾਂ ਵੀ ਪੱਕੀਆਂ ਪੰਜ-ਕਕਾਰੀ ਸਨਜਦੋਂ ਸਾਡੇ ਆਲੇ-ਦੁਆਲੇ ਲੋਕ ਹਰ ਕੰਮ, ਇੱਥੋਂ ਤੱਕ ਕਿ ਸਫ਼ਰ ਵੀ ਪੱਤਰੀ ਵਾਲੇ ਨੂੰ ਪੁੱਛ ਕੇ ਕਰਦੇ ਸਨ, ਸਿਰ ਧੋਣ ਤੇ ਨਹੁੰ ਕੱਟਣ ਦੇ ਦਿਨ ਵੀ ਵਿਚਾਰਦੇ ਸਨ, ਮੜ੍ਹੀਆਂ-ਮਸਾਣਾਂ ਨੂੰ ਪੂਜਦੇ ਸਨ, ਸਾਡੇ ਘਰ ਦਾ ਇਹਨਾਂ ਗੱਲਾਂ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ ਸੀਜਦੋਂ ਸੁਰਤ ਸੰਭਲੀ, ਮੇਰਾ ਵਾਹ ਵਿਦਿਆਰਥੀ ਜਥੇਬੰਦੀ ਰਾਹੀਂ ਮਾਰਕਸੀ ਵਿਚਾਰਧਾਰਾ ਨਾਲ ਅਜਿਹਾ ਜੁੜਿਆ ਕਿ ਅੱਜ ਵੀ ਮੇਰਾ ਭਰੋਸਾ ਉਸੇ ਦੀ ਵਿਗਿਆਨਕ ਸੋਚ ਵਿਚ ਅਡੋਲ ਹੈਪਰ ਅੱਜ ਮਾਂ-ਪਿਓ ਅਤੇ ਮਾਰਕਸ ਤੋਂ ਖਿਮਾ-ਸਹਿਤ ਮੈਂ ਸਿਆਣਿਆਂ ਦੇ ਕਥਨ “ਯਥਾ ਰਾਜਾ ਤਥਾ ਪਰਜਾਦਾ ਪਾਲਣ ਕਰਦਿਆਂ ਤਰਕਸ਼ੀਲਤਾ ਤੋਂ ਹਟ ਕੇ ਸ਼ਗਨ-ਬਦਸ਼ਗਨ ਵਿਚਾਰਾਂਗਾ

ਸ਼ਗਨ-ਬਦਸ਼ਗਨ ਦੀ ਪ੍ਰਮਾਣਿਕਤਾ ਦੇ ਪੱਖ ਵਿਚ ਮੈਂ ਇਹ ਵੀ ਦੱਸ ਦੇਵਾਂ ਕਿ ਇਸ ਉੱਤੇ ਤਾਂ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਸੰਵਿਧਾਨਿਕ ਪਦਵੀ ਦੀ ਮੋਹਰ-ਛਾਪ ਵੀ ਲੱਗੀ ਹੋਈ ਹੈਤਾਮਿਲਨਾਡੂ ਦੇ ਨਗਰ ਹੋਸੂਰ ਵਿਚ 6 ਮਈ ਨੂੰ ਉਹਨਾਂ ਦੇ ਚੋਣ-ਭਾਸ਼ਨ ਦੇ ਵਿਚਕਾਰ ਅਚਾਨਕ ਮੀਂਹ ਵਰ੍ਹਨ ਲਗ ਪਿਆਉਹਨਾਂ ਨੇ ਭਾਸ਼ਨ ਰੋਕ ਕੇ ਸ਼ਗਨ ਵਿਚਾਰਿਆ, “ਬਰਖਾ ਜਨਤਾ ਨੂੰ ਅਸ਼ੀਰਵਾਦ ਦੇਣ ਆਈ ਹੈਇਹ ਬਰਖਾ ਅਸਲ ਵਿਚ ਇਸ ਚੋਣ ਵਿਚ ਬੀਜੇਪੀ ਦੀ ਜਿੱਤ ਦਾ ਸੰਦੇਸ਼ ਬਣ ਕੇ ਆਈ ਹੈਜੇ ਮਗਰੋਂ ਚੋਣਾਂ ਵਿਚ ਇੰਦਰ ਦੇਵਤਾ ਦੀ ਇਸ ਕਿਰਪਾ-ਦ੍ਰਿਸ਼ਟੀ ਦੇ ਬਾਵਜੂਦ ਤਾਮਿਲਨਾਡੂ ਵਿਚ ਬੀਜੇਪੀ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ, ਮੈਂ ਇਸ ਆਧਾਰ ਉੱਤੇ ਸ਼ਗਨ-ਬਦਸ਼ਗਨ ਨੂੰ ਫ਼ਜੂਲ ਨਹੀਂ ਕਹਾਂਗਾ ਸਗੋਂ 2014 ਦੇ ਮੋਦੀ ਜੀ ਦੇ ਇਕਰਾਰਾਂ ਵਾਂਗ ਸ਼ਗਨ-ਪੂਰਤੀ ਦੀ ਕਾਰਗੁਜ਼ਾਰੀ, ਭਾਵ ਇੰਪਲੀਮੈਂਟੇਸ਼ਨਵਿਚ ਕਸਰ ਮੰਨਾਂਗਾ

ਮੋਦੀ ਜੀ ਭਾਰਤ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਸਰਬੋ-ਸਰਬਾ ਹਨਕੁਦਰਤੀ ਹੈ ਕਿ ਉਹਨਾਂ ਦਾ ਇਸ਼ਾਰਾ-ਮਾਤਰ ਸਰਕਾਰ ਅਤੇ ਪਾਰਟੀ ਵਾਸਤੇ ਰਾਹ-ਦਿਖਾਵਾ ਬਣ ਜਾਂਦਾ ਹੈਭਾਰਤ ਸਰਕਾਰ ਦੀਆਂ ਦੋ ਸਾਲ ਦੀਆਂ ਅਦਿੱਸ ਪਰਾਪਤੀਆਂ ਲੋਕਾਂ ਨੂੰ ਦਿਖਾਉਣ ਵਾਸਤੇ ਮੰਤਰੀਆਂ ਨੂੰ ਵਾਰੀ ਵਾਰੀ ਪ੍ਰੈੱਸ-ਕਾਨਫ਼ਰੰਸਾਂ ਕਰਨ ਲਈ ਕਿਹਾ ਗਿਆ ਹੈਇਸ ਲੜੀ ਦੀ ਪਹਿਲੀ ਪ੍ਰੈੱਸ-ਕਾਨਫ਼ਰੰਸ 20 ਮਈ ਨੂੰ ਪਿਯੂਸ਼ ਗੋਇਲ ਨੇ ਕਰਨੀ ਸੀਉਹਨੂੰ ਉਸ ਦਿਨ ਦੇ ਅਸ਼ੁਭ ਹੋਣ ਕਾਰਨ ਕੋਈ ਹੋਰ ਦਿਨ ਚੁਣਨ ਦਾ ਸੁਝਾ ਦਿੱਤਾ ਗਿਆ ਪਰ ਉਹ ਨਾ ਮੰਨਿਆਉਹਨੇ ਅਜੇ ਪਹਿਲੀ ਪਰਾਪਤੀ ਵੀ ਨਹੀਂ ਸੀ ਦੱਸੀ ਕਿ ਬੱਤੀ ਗੁੱਲ ਹੋ ਗਈਉਸ ਪਿੱਛੋਂ ਭਾਜਪਾ ਨੇ ਅਗਲੀਆਂ ਪ੍ਰੈੱਸ-ਕਾਨਫ਼ਰੰਸਾਂ ਲਈ ਪੱਕੇ ਸ਼ੁਭ ਸਮੇਂ ਪਤਾ ਕਰਨ ਦਾ ਫ਼ੈਸਲਾ ਕਰ ਲਿਆ

ਸ਼ਗਨ-ਬਦਸ਼ਗਨ ਵਿਚਾਰਨਾ ਇਸ ਲਈ ਵੀ ਜ਼ਰੂਰੀ ਹੈ ਕਿ ਮੋਦੀ ਜੀ ਸਿਰਫ਼ ਸਾਡੇ ਪ੍ਰਧਾਨ ਮੰਤਰੀ ਹੋਣ ਤੋਂ ਬਹੁਤ ਵੱਧ ਕੁਝ ਹਨਇਹ ਜਾਣਕਾਰੀ ਦੇਸ ਦੀ ਰਾਖੀ ਅਤੇ ਸਲਾਮਤੀ ਲਈ ਜ਼ਿੰਮੇਵਾਰ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ 18 ਮਾਰਚ ਨੂੰ ਦਿੱਤੀ ਸੀਸੋਲਵੀਂ ਸਦੀ ਵਿਚ ਫ਼ਰਾਂਸ ਵਿਚ ਇਕ ਜੋਤਸ਼ੀ ਨੋਸਤਰਦਾਮੁਸ ਹੋਇਆ ਹੈ ਜਿਸ ਦਾ “ਲਿਖੇ ਈਸਾ, ਪੜ੍ਹੇ ਮੂਸਾਵਾਲੀ ਸਮਝੋਂ ਬਾਹਰੀ ਭਾਸ਼ਾ ਵਿਚ ਲਿਖਿਆ ਗ੍ਰੰਥ ਸਾਡੇ ਚੰਗੇ ਭਾਗਾਂ ਨੂੰ ਬੀਜੇਪੀ ਅਤੇ ਭਾਰਤ ਸਰਕਾਰ ਦੇ ਸਮਝ ਆ ਗਿਆ ਹੈਰਿਜੀਜੂ ਜੀ ਦੀ ਮਨੋਹਰ ਵਾਣੀ ਅਨੁਸਾਰ “ਫ਼ਰਾਂਸੀਸੀ ਪੈਗੰਬਰ ਨੋਸਤਰਦਾਮੁਸ ਨੇ ਲਿਖਿਆ ਸੀ ਕਿ 2014 ਤੋਂ 2026 ਤੱਕ ਭਾਰਤ ਦੀ ਅਗਵਾਈ ਇਕ ਅਜਿਹਾ ਆਦਮੀ ਕਰੇਗਾ ਜਿਸ ਨੂੰ ਪਹਿਲਾਂ ਪਹਿਲਾਂ ਲੋਕ ਨਫ਼ਰਤ ਕਰਨਗੇ ਪਰ ਮਗਰੋਂ ਇੰਨਾ ਪਿਆਰ ਕਰਨਗੇ ਕਿ ਉਹ ਦੇਸ ਦੀ ਕਿਸਮਤ ਅਤੇ ਸੇਧ ਬਦਲਣ ਵਿਚ ਹੀ ਪੂਰੀ ਤਰ੍ਹਾਂ ਜੁਟ ਜਾਵੇਗਾਇਹ ਭਵਿੱਖਬਾਣੀ ਸਾਲ 1555 ਵਿਚ ਕੀਤੀ ਗਈ ਸੀ ਕਿ ਅਧੇੜ ਉਮਰ ਦਾ ਇਕ ਮਹਾਂਬਲੀ ਪ੍ਰਸ਼ਾਸਕ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਸੰਸਾਰ ਵਿਚ ਸੁਨਹਿਰੀ ਜੁੱਗ ਲਿਆਵੇਗਾਉਹਦੀ ਛਤਰਛਾਇਆ ਹੇਠ ਭਾਰਤ ਸਿਰਫ਼ ਵਿਸ਼ਵ-ਗੁਰੂ ਹੀ ਨਹੀਂ ਬਣ ਜਾਵੇਗਾ ਸਗੋਂ ਅਨੇਕ ਦੇਸ ਭਾਰਤ ਦੀ ਸ਼ਰਨ ਆ ਪੈਣਗੇ!ਸ਼੍ਰੀ ਰਿਜੀਜੂ ਨੇ ਇਹ ਨਹੀਂ ਦੱਸਿਆ ਕਿ ਭਾਰਤੀ ਸੰਸਦੀ ਚੋਣਾਂ ਤਾਂ 2019, 2024 ਤੇ 2029 ਵਿਚ ਹੋਣੀਆਂ ਹਨ, ਇਹ ਮੋਦੀ ਜੀ ਦੇ ਕਾਰਜ-ਕਾਲ ਦਾ ਜੋਤਸ਼ੀ ਨੋਸਤਰਦਾਮੁਸ ਨੇ 2026 ਵਿਚ ਅੱਧ-ਵਿਚਾਲੇ ਹੀ ਭੋਗ ਕਿਉਂ ਪਾ ਦਿੱਤਾ? ਇਕ ਸਵਾਲ ਇਹ ਵੀ ਹੈ ਕਿ ਸ਼੍ਰੀ ਰਿਜੀਜੂ ਨੇ ਮੋਦੀ ਜੀ ਨੂੰ ਲੋਕਾਂ ਦੀ ਨਫ਼ਰਤ ਦਾ ਪਾਤਰ ਕਹਿਣ ਵਾਸਤੇ ਕਿਤੇ ਬੁੱਢੇ ਨੋਸਤਰਦਾਮੁਸ ਨੂੰ ਓਟ ਵਜੋਂ ਤਾਂ ਨਹੀਂ ਵਰਤਿਆ!

ਇਹ ਤਾਂ ਦੇਸ ਦੇ ਰਾਜੇ ਦੀ ਗੱਲ ਹੋਈ, ਰੰਕਾਂ ਦਾ ਵਿਸ਼ਵਾਸ ਤਾਂ ਪੱਕਾ ਹੈ ਹੀਸਾਡੇ ਵਰਗੇ ਵਿਰਲੇ-ਟਾਵੇਂ ਘਰਾਂ ਨੂੰ ਛੱਡ ਕੇ ਅਤੀਤ ਵਿਚ ਵੀ ਸੀ, ਹੁਣ ਵੀ ਹੈ ਤੇ ਬਣ ਰਹੇ ਮਾਹੌਲ ਸਦਕਾ ਭਵਿੱਖ ਵਿਚ ਹੋਰ ਵੀ ਪੁਖ਼ਤਾ ਹੋ ਜਾਵੇਗਾਸ਼ਗਨਾਂ-ਬਦਸ਼ਗਨਾਂ ਦੀ ਵਿਆਖਿਆ ਕਰਨ ਵਾਲੇ ਨਵੇਂ ਨਵੇਂ ਗੁਣੀ-ਗਿਆਨੀ ਪ੍ਰਗਟ ਹੋ ਰਹੇ ਹਨਮੇਰੇ ਬਚਪਨ ਵਿਚ ਸਾਡੇ ਪਿੰਡ ਇਕ ਬ੍ਰਾਹਮਣ ਹੁੰਦਾ ਸੀ ਜਿਸ ਨੂੰ ਸਾਰਾ ਅਣਪੜ੍ਹ-ਅਗਿਆਨੀ ਪਿੰਡ ਨਨਤੂ ਬਾਹਮਣਆਖਦਾ ਸੀਜਦੋਂ ਵੱਡਾ ਹੋ ਕੇ ਥੋੜ੍ਹੀ ਜਿਹੀ ਅਕਲ ਆਈ, ਮੈਂ ਸਮਝ ਸਕਿਆ ਕਿ ਉਸ ਬਿਚਾਰੇ ਦਾ ਨਾਂ ਪੰਡਿਤ ਅਨੰਤ ਰਾਮਸੀਉਹ ਹਰ ਰੋਜ਼ ਇਸ਼ਨਾਨ ਅਤੇ ਪੂਜਾ ਤੋਂ ਵਿਹਲਾ ਹੋ ਮੋਢੇ ਉੱਤੇ ਹਰਦੁਆਰੀ ਪਰਨਾ ਰੱਖ ਕੇ ਤੇ ਹੱਥ ਵਿਚ ਕੁਰਾਲੀ ਵਾਲੇ ਪੰਡਿਤ ਦੀ ਪੱਤਰੀ ਲੈ ਕੇ ਲੋਕਾਂ ਨੂੰ ਉਹਨਾਂ ਉੱਤੇ ਪੈ ਰਹੇ ਸ਼ਗਨਾਂ-ਬਦਸ਼ਗਨਾਂ ਦੇ ਪਰਛਾਵੇਂ ਅਤੇ ਉਹਨਾਂ ਦੇ ਕਾਰਗਰ ਉਪਾ ਦੱਸਣ ਤੁਰ ਪੈਂਦਾ ਸੀਪੱਤਰੇ ਫਰੋਲ ਕੇ ਉਹ ਇਹ ਦੱਸਦਾ ਸੀ ਕਿ ਨਾਨਕੀਂ ਕਿਸ ਦਿਨ ਜਾਣਾ ਠੀਕ ਰਹੇਗਾ ਤੇ ਛੱਤ ਬਰਾਬਰ ਉੱਚੀ ਹੋ ਗਈ ਕੁੜੀ ਵਾਸਤੇ ਵਰ ਕਦੋਂ ਤੇ ਕਿਵੇਂ ਮਿਲੇਗਾਸਮਝੋ, ਸਾਰੇ ਪਿੰਡ ਨੂੰ ਬਚਾਉਣ ਦਾ ਜ਼ਿੰਮਾ ਉਸੇ ਦਾ ਸੀ

ਇਹ ਹੈ ਉਹ ਪਿਛੋਕੜ ਜਿਸ ਨੇ ਅੱਜ ਮੈਨੂੰ ਆਪਣੇ ਦੇਸ ਦੇ ਸ਼ਗਨ-ਬਦਸ਼ਗਨ ਵਿਚਾਰਨ ਵਾਸਤੇ ਪ੍ਰੇਰਿਆ ਹੈਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਔਰਤਾਂ ਦੀਆਂ ਬੇਪਤੀਆਂ, ਧਾਰਮਿਕ ਅਤੇ ਜਾਤਪਾਤੀ ਬਖੇੜਿਆਂ, ਬੇਰੁਜ਼ਗਾਰੀ, ਮਹਿੰਗਾਈ, ਵਿੱਦਿਅਕ ਅਤੇ ਸਿਹਤ ਸੇਵਾਵਾਂ ਦੇ ਨਿਘਾਰ, ਆਦਿ ਵਿਚ ਲਗਾਤਾਰ ਵਾਧੇ ਜਿਹੀਆਂ ਅਨੇਕ ਸਮੱਸਿਆਵਾਂ ਤਾਂ ਸਾਧਾਰਨ ਗੱਲਾਂ ਬਣ ਕੇ ਰਹਿ ਗਈਆਂ ਹਨ ਜੋ ਹੁਣ ਚਰਚਾ ਦਾ ਵਿਸ਼ਾ ਵੀ ਨਹੀਂ ਬਣਦੀਆਂਆਓ, ਅਸੀਂ ਵੀ ਸਿਰਫ਼ ਕੁਝ ਸੱਜਰੀਆਂ ਘਟਨਾਵਾਂ ਦੀ ਹੀ ਗੱਲ ਕਰੀਏ

ਦੇਸ ਦੇ ਤੇਰ੍ਹਾਂ ਰਾਜਾਂ ਵਿਚ ਅਜਿਹਾ ਸੋਕਾ ਪੈ ਗਿਆ, ਜਿਹੋ ਜਿਹਾ ਪਹਿਲਾਂ ਕਦੀ ਨਹੀਂ ਸੀ ਪਿਆਸਰਕਾਰ ਅਨੁਸਾਰ 33 ਫ਼ੀਸਦੀ ਵਸੋਂ ਸੋਕੇ ਦੀ ਮਾਰ ਹੇਠ ਆ ਗਈ ਪਰ ਗ਼ੈਰ-ਸਰਕਾਰੀ ਸਮਾਜ-ਸੇਵੀ ਸੰਸਥਾਵਾਂ ਇਹ ਅੰਕੜਾ 50 ਫ਼ੀਸਦੀ ਦੱਸਦੀਆਂ ਹਨਟੋਭੇ, ਛੱਪੜ, ਤਲਾਅ ਤਾਂ ਸੁੱਕਣੇ ਹੀ ਸਨ, ਖੂਹ ਵੀ ਖਾਲੀ ਹੋ ਗਏ ਅਤੇ ਡੈਮਾਂ ਦਾ ਪਾਣੀ ਵੀ ਥੱਲੇ ਜਾ ਲੱਗਿਆਲੋਕ ਪਾਣੀ ਦੀ ਭਾਲ ਵਿਚ ਘਰ-ਘਾਟ ਛੱਡ ਕੇ ਭਟਕਣ ਲੱਗੇਇਹ ਨਹੀਂ ਕਿ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾਲਾਤੂਰ ਨਾਂ ਦੇ ਇਕ ਸ਼ਹਿਰ ਵਿਚ ਰੋਜ਼ ਪਾਣੀ ਦੀ ਭਰੀ ਰੇਲ-ਗੱਡੀ ਭੇਜੀ ਜਾਣ ਲੱਗੀ ਤਾਂ ਜੋ ਤੇਰ੍ਹਾਂ ਰਾਜਾਂ ਦੇ ਲੋਕ ਉੱਥੋਂ ਤੌੜੇ ਭਰ ਭਰ ਪਾਣੀ ਲਿਆ ਸਕਣ! ਇੰਦਰ ਦੇਵਤਾ ਦੇ ਕਰੋਧ ਤੋਂ ਜੇ ਕੋਈ ਕਸਰ ਰਹਿ ਗਈ ਸੀ, ਉਹ ਪੂਰੀ ਕਰਨ ਲਈ ਸੂਰਜ ਦੇਵਤਾ ਪੂਰੇ ਜਲੌਅ ਵਿਚ ਆ ਗਿਆਤਾਪਮਾਨ ਘੁੱਗ ਵਸੋਂ ਵਾਲੇ ਇਲਾਕਿਆਂ ਵਿਚ 45 ਤੇ 50 ਦੇ ਵਿਚਕਾਰ ਤਾਂ ਜਾ ਹੀ ਟਿਕਿਆ, ਕੁਝ ਥਾਂ ਤਾਂ 50 ਦੀ ਹੱਦ ਵੀ ਪਾਰ ਕਰ ਗਿਆਇਕ ਸੁਆਣੀ ਨੇ ਵਿਹੜੇ ਦੇ ਪੱਕੇ ਫ਼ਰਸ਼ ਉੱਤੇ ਆਮਲੇਟ ਬਣਾ ਕੇ ਦਿਖਾਇਆ ਅਤੇ ਦੋ ਬੰਦਿਆਂ ਨੇ ਰਾਜਸਥਾਨ ਦੇ ਟਿੱਬਿਆਂ ਦੇ ਕੱਕੇ ਰੇਤੇ ਉੱਤੇ ਪਾਪੜ ਭੁੰਨ ਕੇ ਦਿਖਾਏਇੰਦਰ ਅਤੇ ਸੂਰਜ ਦਾ ਹੱਥ ਵਟਾਉਣ ਲਈ ਅਗਨ-ਦੇਵਤਾ ਵੀ ਨਿੱਤਰ ਪਿਆਉੱਤਰਾਖੰਡ ਦੇ ਜੰਗਲਾਂ ਵਿਚ ਥਾਂ ਥਾਂ ਭਾਂਬੜ ਬਲਣ ਲੱਗੇ ਜੋ ਹਜ਼ਾਰਾਂ ਏਕੜਾਂ ਵਿਚ ਫ਼ੈਲ ਗਏ ਅਤੇ ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਜੰਗਲਾਂ ਵਿਚ ਵੀ ਜਾ ਪੁੱਜੇਸੋਕੇ, ਗਰਮੀ ਅਤੇ ਅੱਗਾਂ ਨਾਲ “ਤ੍ਰਾਹੀਮਾਨ, ਤ੍ਰਾਹੀਮਾਨਕਰ ਰਹੇ ਉੱਤਰੀ ਭਾਰਤ ਨੂੰ ਚਿੜਾਉਣ ਵਾਸਤੇ ਇੰਦਰ ਦੇਵਤਾ ਨੇ ਆਪਣੇ ਜਲ-ਭੰਡਾਰ ਦੇ ਮੂੰਹ ਦੱਖਣੀ ਤੇ ਪੂਰਬੀ ਭਾਰਤ ਦੇ ਕੁਝ ਇਲਾਕਿਆਂ ਵਿਚ ਅਜਿਹੇ ਖੋਲ੍ਹੇ ਕਿ ਲੱਕ ਲੱਕ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਪਹੁੰਚਿਆਪਰਬਤਾਂ ਵਿਚ ਕਈ ਥਾਂ ਵਰ੍ਹ ਕੇ ਉਹਨੇ ਅੱਗ ਤਾਂ ਬੁਝਾ ਦਿੱਤੀ ਪਰ ਪਹਾੜੀਆਂ ਖਿਸਕ ਕੇ ਅਜਿਹਾ ਕਹਿਰ ਢਾਹੁਣ ਲੱਗੀਆਂ ਕਿ ਲੋਕ ਸੋਚਣ ਲੱਗੇ, ਇਸ ਨਾਲੋਂ ਤਾਂ ਅੱਗਾਂ ਹੀ ਚੰਗੀਆਂ ਸਨ!

ਅੱਗ ਨੇ ਆਪਣਾ ਬਲ ਦੇਸ ਦੀ ਰਾਜਧਾਨੀ ਵਿਚ ਵੀ ਆ ਦਿਖਾਇਆਇਕ ਰਾਤ ਨੂੰ ਦਿੱਲੀ ਦਾ ਕੁਦਰਤੀ ਇਤਿਹਾਸ ਦਾ ਕੌਮੀ ਸੰਗ੍ਰਹਿ-ਭਵਨ’ (ਨੈਸ਼ਨਲ ਮਿਊਜ਼ੀਅਮ ਆਫ਼ ਨੈਚੁਰਲ ਹਿਸਟਰੀ) ਪੂਰੇ ਦਾ ਪੂਰਾ ਸੜ ਕੇ ਸੁਆਹ ਹੋ ਗਿਆਇਹ ਇੰਦਰਾ ਗਾਂਧੀ ਨੇ ਆਜ਼ਾਦੀ ਦੀ 25ਵੀਂ ਵਰ੍ਹੇਗੰਢ ਸਮੇਂ 1972 ਵਿਚ ਬੜੀ ਸੋਚ-ਵਿਚਾਰ ਮਗਰੋਂ ਵਿਉਂਤਿਆ ਤੇ ਬਣਾਇਆ ਸੀਸੋਲ਼ਾਂ ਕਰੋੜ ਸਾਲ ਪੁਰਾਣੇ ਜੀਵ-ਪਥਰਾਟ ਤੋਂ ਲੈ ਕੇ ਬਨਸਪਤੀ, ਜੀਵਾਂ ਤੇ ਖਣਿਜਾਂ ਦੇ ਅਮੋਲ ਨਮੂਨਿਆਂ ਜਿਹੀਆਂ ਦੁਰਲੱਭ ਵਸਤਾਂ ਅਤੇ ਲਾਸਾਨੀ ਜਾਣਕਾਰੀ ਨਾਲ ਭਰਪੂਰ ਸੱਠ ਹਜ਼ਾਰ ਪੁਸਤਕਾਂ ਤੇ ਖੋਜ-ਲਿਖਤਾਂ ਅਗਨ-ਭੇਟ ਹੋ ਗਈਆਂਇਹ ਪੁਸਤਕਾਂ ਹੱਥ-ਲਿਖਤ ਜਾਂ ਕਿਸੇ ਸਮੇਂ ਬਹੁਤ ਸੀਮਤ ਗਿਣਤੀ ਵਿਚ ਆਖ਼ਰੀ ਵਾਰ ਛਪੀਆਂ ਹੋਣ ਕਰਕੇ ਸਿਰਫ਼ ਇੱਥੇ ਹੀ ਸਨ ਤੇ ਇਹਨਾਂ ਦਾ ਕੋਈ ਉਤਾਰਾ ਵੀ ਦੁਨੀਆ ਵਿਚ ਕਿਤੇ ਨਹੀਂਇਸ ਗਿਆਨ-ਖੇਤਰ ਦੇ ਮਾਹਿਰਾਂ ਨੇ ਹੱਥ ਮਲ਼ਦਿਆਂ ਕਿਹਾ, “ਇਹ ਦੁਨੀਆ ਦੀਆਂ ਇਸ ਭਾਂਤ ਦੀਆਂ ਸਭ ਤੋਂ ਵਧੀਆ ਲਾਇਬਰੇਰੀਆਂ ਵਿੱਚੋਂ ਇਕ ਸੀ ਜਿਸ ਵਿਚ ਮੁੱਖ ਵਿਸ਼ੇ ਤੋਂ ਇਲਾਵਾ ਸਜਾਵਟੀ ਕਲਾਵਾਂ, ਇਤਿਹਾਸ, ਸਾਹਿਤ, ਮਿਊਜ਼ੀਅਮੀ ਅਧਿਐਨ, ਚਿਤਰਕਲਾ, ਦਰਸ਼ਨ ਤੇ ਧਰਮ ਨਾਲ ਸੰਬੰਧਿਤ ਦੁਰਲੱਭ ਪੁਸਤਕਾਂ ਵੀ ਸਨਇਹ ਮਿਊਜ਼ੀਅਮ ਕਿਸੇ ਵੀ ਕੀਮਤ ਤੇ ਜਤਨ ਨਾਲ ਦੁਬਾਰਾ ਬਣਾਇਆ ਹੀ ਨਹੀਂ ਜਾ ਸਕਦਾ!ਮੈਂ ਇਕ ਇਤਿਹਾਸਕਾਰ ਮਿੱਤਰ ਨਾਲ ਦੁੱਖ ਸਾਂਝਾ ਕੀਤਾ ਤਾਂ ਉਹ ਮਿਊਜ਼ੀਅਮ ਦੇ ਵੈਣ ਪਾਉਣ ਮਗਰੋਂ ਬੋਲਿਆ, “ਅਸਲ ਵਿਚ ਕੁਦਰਤ ਨੇ ਇਸ ਬਦਸ਼ਗਨੀ ਨਾਲ ਇਹ ਇਸ਼ਾਰਾ ਕੀਤਾ ਹੈ ਕਿ ਹੁਣ ਅਜਿਹੀਆਂ ਚੀਜ਼ਾਂ ਦੀ ਕੋਈ ਲੋੜ ਨਹੀਂ ਰਹਿ ਗਈਵਿੱਦਿਆ ਮੰਤਰਾਲੇ ਦੇ ਸਲਾਹਕਾਰਾਂ ਅਨੁਸਾਰ ਅਜਿਹੀਆਂ ਚੀਜ਼ਾਂ ਵਿੱਚੋਂ ਇਤਿਹਾਸ ਲੱਭਣਾ ਪੱਛਮੀ, ਭਾਵ ਗ਼ਲਤ ਤਰੀਕਾ ਹੈ ਜਦੋਂ ਕਿ ਸਹੀ ਇਤਿਹਾਸ ਸਾਡੇ ਵੇਦਾਂ-ਸ਼ਾਸ਼ਤਰਾਂ, ਪੁਰਾਤਨ ਗ੍ਰੰਥਾਂ, ਰਿਸ਼ੀ-ਕਥਾਵਾਂ ਅਤੇ ਮਿਥਿਹਾਸ ਵਿਚ ਪਿਆ ਹੈਇਸ ਕਰਕੇ ਨਵੇਂ ਵਿੱਦਿਅਕ ਮਾਹੌਲ ਵੱਲ ਦੇਖਦਿਆਂ ਇਹ ਸੁਆਹ ਹੋਈਆਂ ਚੀਜ਼ਾਂ ਹੁਣ ਵਾਧੂ, ਫ਼ਜੂਲ ਅਤੇ ਬੇਲੋੜੀਆਂ ਹੀ ਸਨ ਜਿਨ੍ਹਾਂ ਨਾਲ ਰਾਜਧਾਨੀ ਦੀ ਕੀਮਤੀ ਜ਼ਮੀਨ ਕਾਠ ਮਾਰ ਛੱਡਣ ਦੀ ਕੋਈ ਤੁਕ ਨਹੀਂ ਸੀ

ਇਸ ਸਭ ਕੁਝ ਦੇ ਵਿਚਕਾਰ ਇਕ ਭਾਣਾ ਅਜਿਹਾ ਵਰਤਿਆ ਜਿਸ ਨੇ ਸ਼ਗਨ-ਬਦਸ਼ਗਨ ਵਿਚਾਰਨ ਵਾਲੇ ਸਭਨਾਂ ਨੂੰ ਸੁੰਨ ਕਰ ਦਿੱਤਾ23 ਜਨਵਰੀ ਨੂੰ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਰਾਂਚੀ ਦੀ ਇਕ ਉੱਚੀ ਪਹਾੜੀ ਦੇ ਸਿਖਰ ਦੇਸ ਦਾ ਸਭ ਤੋਂ ਉੱਚਾ ਅਤੇ ਵੱਡਾ ਤਿਰੰਗਾ ਚੜ੍ਹਾਇਆ ਸੀਫ਼ੌਲਾਦੀ ਤਾਰਾਂ ਦੇ ਰੱਸੇ ਦੇ ਸਹਾਰੇ ਚੜ੍ਹਦਾ-ਉੱਤਰਦਾ ਅਤੇ 293 ਫੁੱਟ ਉੱਚਾ ਝੁਲਦਾ ਇਹ ਪਵਿੱਤਰ ਝੰਡਾ 60 ਕਿਲੋਗਰਾਮ ਭਾਰਾ, 99 ਫੁੱਟ ਲੰਮਾ ਤੇ 66 ਫੁੱਟ ਚੌੜਾ ਹੈ ਅਤੇ ਵਿਸ਼ੇਸ਼ ਕੱਪੜੇ ਕਾਰਨ 85, 000 ਰੁਪਏ ਵਿਚ ਬਣਦਾ ਹੈਦੁਨੀਆ ਭਰ ਵਿਚ ਉੱਚੀਆਂ ਥਾਂਵਾਂ ਉੱਤੇ ਝੁਲਦੇ ਝੰਡੇ ਅਕਸਰ ਤੇਜ਼ ਹਵਾਵਾਂ ਨਾਲ ਪਾਟ ਜਾਂਦੇ ਹਨ ਤੇ ਬਦਲਣੇ ਪੈਂਦੇ ਹਨ17 ਅਪਰੈਲ ਨੂੰ ਜਦੋਂ ਪਾਟਿਆ ਹੋਇਆ ਝੰਡਾ ਬਦਲਿਆ ਜਾਣ ਲੱਗਿਆ, ਉਹਦਾ ਰੱਸਾ ਭੌਣੀ ਤੋਂ ਤਿਲ੍ਹਕ ਕੇ ਪਾਸੇ ਫਸ ਜਾਣ ਕਾਰਨ ਉਹ ਆਪੇ ਹੀ 260 ਫੁੱਟ ਦੀ ਮਾਤਮੀ ਹਾਲਤ ਵਿਚ ਅਟਕ ਗਿਆ ਅਤੇ ਹੇਠ ਜਾਂ ਉੱਤੇ ਹੋਣ ਤੋਂ ਇਨਕਾਰੀ ਹੋ ਗਿਆਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਕੀਤੇ ਸਭ ਜਤਨ ਅਸਫਲ ਰਹੇਰੱਸੀ ਮੋਟਰ ਨਾਲ ਖਿੱਚੀ ਤਾਂ ਮੋਟਰ ਦਾ ਗੇਅਰ ਬਾਕਸ ਟੁੱਟ ਗਿਆਟਰੈਕਟਰ ਜੋੜਿਆ ਤਾਂ ਮਾਹਿਰਾਂ ਨੇ ਕਿਹਾ ਕਿ ਜੇ ਬਹੁਤਾ ਜ਼ੋਰ ਲਾਇਆ ਤਾਂ ਰੱਸਾ ਟੁੱਟ ਕੇ ਝੰਡਾ ਇਉਂ ਟੇਢਾ ਹੋ ਸਕਦਾ ਹੈ ਕਿ ਮੁਸ਼ਕਿਲ ਹੋਰ ਵੀ ਵਧ ਜਾਵੇਗੀਤਾਰ ਕੱਟਣ ਨਾਲ ਵੀ ਇਹੋ ਸਮੱਸਿਆ ਪੈਦਾ ਹੋਣ ਦਾ ਡਰ ਸੀਅੰਤ ਨੂੰ ਆਖ਼ਰੀ ਸਹਾਰਾ ਫ਼ੌਜ ਬੁਲਾਈ ਗਈਫ਼ੌਜੀ ਇੰਜੀਨੀਅਰਾਂ ਨੇ ਉਪਰੋਕਤ ਸਾਰੇ ਡਰ ਠੀਕ ਦੱਸਦਿਆਂ ਝੰਡੇ ਦੇ ਬਰਾਬਰ ਨਾਲੀਆਂ ਦੀ ਪੈੜ ਦਾ ਜੁਗਾੜ ਕੀਤਾਆਖ਼ਰ ਐਨ ਦਸਵੇਂ ਦਿਨ, ਜੋ ਰਵਾਇਤੀ ਤੌਰ ਉੱਤੇ ਸਾਡੇ ਸਮਾਜ ਵਿਚ ਸੋਗ ਦੇ ਉਠਾਲ਼ੇ ਦਾ ਦਿਨ ਹੁੰਦਾ ਹੈ, ਝੰਡੇ ਨੇ ਸਹੀ ਟਿਕਾਣੇ ਜਾਣ ਦੀ ਹਾਮੀ ਭਰੀ!

ਜਦੋਂ ਜਗਿਆਸਾ ਜਾਗਣ ਦੀ ਉਮਰ ਆਈ, ਇਕ ਦਿਨ ਮੈਂ ਪੁੱਛਿਆ, “ਚਾਚਾ ਨਨਤੂ, ਇਹ ਜੋ ਤੂੰ ਸ਼ਗਨ-ਬਦਸ਼ਗਨ ਵਿਚਾਰਦਾ ਰਹਿੰਦਾ ਹੈਂ, ਇਹਨਾਂ ਦਾ ਗੁਣ-ਦੋਸ਼, ਲਾਭ-ਹਾਣ ਕਿਸ ਨੂੰ ਜਾਂਦਾ ਹੈ?” ਉਹ ਇਕਦਮ ਬੋਲਿਆ, “ਪਰਿਵਾਰ ਦੇ ਸ਼ਗਨਾਂ-ਬਦਸ਼ਗਨਾਂ ਦਾ ਗੁਣ-ਦੋਸ਼ ਤੇ ਲਾਭ-ਹਾਨ ਪਰਿਵਾਰ ਦੇ ਮੋਹਰੀ ਨੂੰ, ਪਿੰਡ ਦਾ ਪਿੰਡ ਦੇ ਮੁਖੀਏ ਨੂੰ ਤੇ ਦੇਸ ਦਾ ਦੇਸ ਦੇ ਰਾਜੇ ਨੂੰ!

ਚਾਚੇ ਨਨਤੂ ਦਾ ਇਹ ਪ੍ਰਵਚਨ ਚੇਤੇ ਕਰ ਕੇ ਮੇਰੇ ਮੂੰਹੋਂ ਸੁਤੇਸਿੱਧ ਨਿੱਕਲਿਆ, “ਸ਼੍ਰੀ ਰਾਮ ਜੀ ਭਲੀ ਕਰਨ!

*****

(309)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author