GurbachanBhullar7ਮੈਂ ਕੱਚਾ ਜਿਹਾ ਹੋ ਕੇ ਕਿਹਾ, “ਬਾਪੂ ਜੀਵੱਡੇ ਸ਼ਹਿਰਾਂ ਦਾ ਜੀਵਨ ਆਪਣੇ ਪਿੰਡਾਂ ਨਾਲੋਂ ਬਿਲਕੁਲ ਵੱਖਰਾ ...
(8 ਫਰਵਰੀ 2022)

ਕੁਛ ਦਿਨ ਪਹਿਲਾਂ ਦੀ ਘਟਨਾ ਹੈਮੈਂ ਦਿੱਲੀ ਆਪਣੇ ਘਰ ਦੇ ਸਾਹਮਣੇ ਗਲੀ ਵਿੱਚ ਕੁਛ ਗੁਆਂਢੀਆਂ ਨਾਲ ਖੜ੍ਹਾ ਗੱਲਾਂ ਕਰ ਰਿਹਾ ਸੀਉਹਨਾਂ ਵਿੱਚੋਂ ਇੱਕ ਦਾ ਦਸ ਕੁ ਸਾਲ ਦਾ ਲੜਕਾ ਆਇਆ ਅਤੇ ਕਹਿੰਦਾ, “ਡੈਡੀ, ਆਪ ਕੀ ਸਿਸਟਰ ਆਈ ਹੈ, ਘਰ ਚਲੀਏ।” ਇੰਨਾ ਕਹਿ ਕੇ ਵਾਪਸ ਭੱਜਣ ਲੱਗੇ ਦੀ ਮੈਂ ਬਾਂਹ ਫੜ ਲਈ ਅਤੇ ਕਿਹਾ, “ਬੇਟਾ, ਉਹ ਤੇਰੀ ਵੀ ਕੁਛ ਲਗਦੀ ਹੈ ਕਿ ਨਹੀਂ?”

ਉਹਨੇ ਰਿਸ਼ਤਾ ਯਾਦ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ, “ਲਗਤੀ ਹੈ … ਉਂ … ਉਂ … ਕਿਆ ਲਗਤੀ ਹੈ … ਉਂ … ਬੂਆ!ਤੇ ਉਹ ਬਾਂਹ ਛੁਡਾ ਕੇ ਭੱਜ ਗਿਆ

ਜੇ ਸਰਸਰੀ ਦੇਖੋ, ਗੱਲ ਛੋਟੀ ਜਿਹੀ ਹੈ ਪਰ ਜੇ ਧਿਆਨ ਨਾਲ ਸੋਚੋ, ਗੱਲ ਬਹੁਤ ਵੱਡੀ ਹੈਇਹ ਸਾਡੇ ਸਮਾਜ ਵਿੱਚ ਰਿਸ਼ਤਿਆਂ ਦੀ ਪਛਾਣ ਅਤੇ ਪਕੜ ਮੱਧਮ ਪੈਂਦੀ ਜਾਣ ਦੀ ਨਿਸ਼ਾਨੀ ਹੈ

ਅਸਲ ਵਾਰਤਾ ਦੀ ਭੂਮਿਕਾ ਵਜੋਂ ਇੱਕ ਹੋਰ ਗੱਲ ਸੁਣਾਉਣੀ ਵੀ ਠੀਕ ਰਹੇਗੀਕੋਈ ਅੱਧੀ ਸਦੀ ਪਹਿਲਾਂ ਦੀ ਗੱਲ ਹੈਮੇਰੇ ਬਾਪੂ ਜੀ ਦਿੱਲੀ ਸਾਡੇ ਨਾਲ ਰਹਿੰਦਿਆਂ ਜਦੋਂ ਸਾਂਝੀ ਕੰਧ ਵਾਲੇ ਗੁਆਂਢੀਆਂ ਨੂੰ ਇੱਕ ਦੂਜੇ ਦੇ ਅੱਗੇ-ਪਿੱਛੇ ਬਾਰੇ ਬਿਲਕੁਲ ਬੇਪਤਾ ਦੇਖਦੇ ਤਾਂ ਬੜੇ ਹੈਰਾਨ ਹੁੰਦੇਉਹ ਆਖਿਆ ਕਰਦੇ ਸਨ, ਸਾਡੇ ਜ਼ਮਾਨੇ ਵਿੱਚ ਲੋਕ ਅਣਜਾਣੇ ਬੰਦੇ ਨਾਲ ਪੈਦਲ ਰਾਹ ਤੁਰਦਿਆਂ ਜਾਂ ਰੇਲ-ਗੱਡੀ ਵਿੱਚ ਕੋਲ ਬੈਠਿਆਂ ਇੱਕ ਦੂਜੇ ਦਾ ਨਾਂ-ਪਤਾ, ਪਿੰਡ-ਗਰਾਂ ਤਾਂ ਪੁੱਛਦੇ ਹੀ, ਨਾਨਕਿਆਂ-ਦਾਦਕਿਆਂ, ਸਕੇ-ਸੰਬੰਧੀਆਂ, ਵਾਹੀ-ਖੇਤੀ ਤਕ ਹੋਰ ਸਾਰੀ ਜਾਣਕਾਰੀ ਦਾ ਵੀ ਲੈਣ-ਦੇਣ ਕਰ ਲੈਂਦੇ ਸਨ

ਅਸੀਂ ਉਸ ਸਮੇਂ ਜਿਸ ਫਲੈਟ ਵਿੱਚ ਰਹਿੰਦੇ ਸੀ, ਉਹ ਪੌੜੀਆਂ ਚੜ੍ਹ ਕੇ ਖੱਬੇ ਪਾਸੇ ਸੀ ਅਤੇ ਸਾਹਮਣੇ ਸੱਜੇ ਪਾਸੇ ਇੱਕ ਹੋਰ ਪੰਜਾਬੀ ਪਰਿਵਾਰ ਰਹਿੰਦਾ ਸੀਦੋਵਾਂ ਦਰਵਾਜ਼ਿਆਂ ਵਿਚਕਾਰ ਮਸਾਂ ਤਿੰਨ ਕੁ ਗ਼ਜ਼ ਦੀ ਵਿੱਥ ਸੀਜਦੋਂ ਕਦੀ ਪੌੜੀਆਂ ਵਿੱਚ ਮੇਲ ਹੁੰਦਾ, ਮੈਂ ਉਹਨੂੰ ਮਦਾਨ ਸਾਹਿਬ ਆਖ ਕੇ ਦੁਆ-ਸਲਾਮ ਕਰ ਦਿੰਦਾ, ਉਹ ਮੈਂਨੂੰ ਭੁੱਲਰ ਸਾਹਿਬ ਆਖ ਕੇ ਜਵਾਬ ਦੇ ਦਿੰਦਾਬਾਪੂ ਜੀ ਇੱਕ ਦਿਨ ਮੈਂਨੂੰ ਕਹਿੰਦੇ, “ਐਹ ਆਪਣੇ ਸਾਹਮਣੇ ਵਾਲੇ ਮਦਾਨ ਦਾ ਨਾਂ ਕੀ ਐ ਤੇ ਇਹ ਕਿੱਥੋਂ ਦੇ ਨੇ?”

ਮੈਂ ਕਿਹਾ, “ਪਤਾ ਨਹੀਂ, ਬਾਪੂ ਜੀਕਦੇ ਕੁਛ ਜਾਣਨ ਦੀ ਲੋੜ ਹੀ ਨਹੀਂ ਪਈਨਾਂ ਤਾਂ ਸਭ ਮਦਾਨ ਹੀ ਲੈਂਦੇ ਨੇ।”

ਉਹ ਹੈਰਾਨ ਹੋਏ, “ਹੱਦ ਹੋ ਗਈ! ਗੁਆਂਢੀ ਹਾਂ ਤੇ ਨਾਂ-ਥਾਂ ਦਾ ਪਤਾ ਨਹੀਂ।”

ਮੈਂ ਕੱਚਾ ਜਿਹਾ ਹੋ ਕੇ ਕਿਹਾ, “ਬਾਪੂ ਜੀ, ਵੱਡੇ ਸ਼ਹਿਰਾਂ ਦਾ ਜੀਵਨ ਆਪਣੇ ਪਿੰਡਾਂ ਨਾਲੋਂ ਬਿਲਕੁਲ ਵੱਖਰਾ ਹੈਇੱਥੇ ਇਹੋ ਜਿਹੀ ਪੁੱਛ-ਦੱਸ ਦਾ ਲੋਕ ਬੁਰਾ ਮਨਾਉਂਦੇ ਨੇਕਹਿੰਦੇ ਨੇ, ਕਿਸੇ ਦੂਜੇ ਨੂੰ ਇਹਨਾਂ ਗੱਲਾਂ ਨਾਲ ਕੀ ਮਤਲਬ।”

ਉਹ ਬੋਲੇ, “ਉਹਨਾਂ ਦੀ ਗੱਲ ਠੀਕ ਹੈਜੋ ਕਿਸੇ ਹੈ, ਉਹਦਾ ਇਹ ਸਭ ਪੁੱਛਣ ਦਾ ਕੀ ਮਤਲਬਪਰ ਅਸੀਂ ਕਿਸੇ ਥੋੜ੍ਹੋ ਹਾਂ, ਅਸੀਂ ਤਾਂ ਗੁਆਂਢੀ ਹਾਂ!”

ਇਸ ਮਾਨਵਵਾਦੀ ਤਰਕ ਦਾ ਕੀ ਜਵਾਬ ਹੋ ਸਕਦਾ ਸੀ, ਮੈਂ ਚੁੱਪ ਕਰਨਾ ਹੀ ਠੀਕ ਸਮਝਿਆ ਮੈਂ ਸੋਚਿਆ, ਗੱਲ ਮੁੱਕ ਗਈ ਪਰ ਮੁੱਕੀ ਹੈ ਨਹੀਂ ਸੀਸ਼ਾਮ ਨੂੰ ਬਾਪੂ ਜੀ ਨੇੜਲੇ ਪਾਰਕ ਵਿੱਚ ਸੈਰ ਕਰ ਕੇ ਮੁੜੇ ਤਾਂ ਸਾਨੂੰ ਦੋਵਾਂ ਨੂੰ ਕੋਲ ਬੁਲਾ ਕੇ ਕਹਿੰਦੇ, “ਸੈਰ ਤੋਂ ਮੁੜਦਾ ਮੈਂ ਆਪਣੇ ਮਦਾਨ ਦੇ ਘਰ ਚਲਿਆ ਗਿਆ ਸੀ।”

ਫੇਰ ਉਹਨਾਂ ਨੇ ਸਾਨੂੰ ਮਦਾਨ ਦਾ ਪੂਰਾ ਨਾਂ, ਉਹਨਾਂ ਦਾ ਪਾਕਿਸਤਾਨ ਦਾ ਪਿੱਛਾ, ਭਰਾ-ਭੈਣ, ਮਾਮੇ-ਭੂਆ, ਦਫਤਰ, ਵਗੈਰਾ ਦੀ ਸਾਰੀ ਜਾਣਕਾਰੀ ਦੇ ਦਿੱਤੀ ਅਤੇ ਬੋਲੇ, “ਮਦਾਨ ਦੇ ਘਰੋਂ ਬੀਬੀ ਬੜੀ ਭਲੀ ਹੈ, ਮੱਲੋਜ਼ੋਰੀ ਮਠਿਆਈ ਨਾਲ ਚਾਹ ਪਿਆਈ।”

ਇੱਕ ਰਿਸ਼ਤਾ ਸਕੇ-ਸੰਬੰਧੀਆਂ ਤੇ ਗੁਆਂਢੀਆਂ ਨਾਲ ਹੁੰਦਾ ਹੈ ਅਤੇ ਇੱਕ ਰਿਸ਼ਤਾ ਵਾਕਫ਼ਾਂ-ਦੋਸਤਾਂ ਤੇ ਸਹਿਕਰਮੀਆਂ ਨਾਲ ਹੁੰਦਾ ਹੈਪਰ ਜੇ ਸਮਝੀਏ ਤਾਂ ਮਨੁੱਖ ਦੇ ਨਾਤੇ ਸਾਡਾ ਇੱਕ ਰਿਸ਼ਤਾ ਹਰ ਮਨੁੱਖ ਨਾਲ ਹੁੰਦਾ ਹੈ, ਉਹਨੂੰ ਅਸੀਂ ਜਾਣਦੇ ਹੋਈਏ ਜਾਂ ਨਾਤੇ ਇਹੋ ਰਿਸ਼ਤਾ ਸਭ ਤੋਂ ਖ਼ੂਬਸੂਰਤ ਰਿਸ਼ਤਾ ਹੁੰਦਾ ਹੈਜਾਨਵਰਾਂ ਨੂੰ ਕੁਦਰਤ ਨੇ ਇਹ ਸਮਰੱਥਾ ਨਹੀਂ ਦਿੱਤੀ ਪਰ ਅਸੀਂ ਕਿਸੇ ਵੀ ਮਨੁੱਖ ਦੇ ਸੁਖ ਵਿੱਚ ਸੁਖੀ ਅਤੇ ਦੁੱਖ ਵਿੱਚ ਦੁਖੀ ਮਹਿਸੂਸ ਕਰਨ ਦੇ ਸਮਰੱਥ ਹਾਂ ਅਤੇ ਸਾਨੂੰ ਕਰਨਾ ਚਾਹੀਦਾ ਵੀ ਹੈ!

ਜਦੋਂ ਕਦੇ ਅਜਿਹਾ ਜ਼ਿਕਰ ਚਲਦਾ ਹੈ, ਚਾਚਾ ਗੁਰਬਖ਼ਸ਼ ਸਿੰਘ ਯਾਦ ਆ ਜਾਂਦਾ ਹੈਉਹ ਸਾਡੇ ਸਕੇ ਘਰਾਂ ਵਿੱਚੋਂ ਤਾਂ ਨਹੀਂ ਸੀ ਪਰ ਉਹਨਾਂ ਦਾ ਮਕਾਨ ਸਾਡੇ ਨੇੜੇ ਹੀ ਸੀਚਾਚੇ ਦੀਆਂ ਤਿੰਨ ਭੈਣਾਂ ਸਨ, ਸਾਡੀਆਂ ਭੂਆਉਸ ਦੇ ਦੁੱਖ-ਸੁਖ ਦੇ, ਖੁਸ਼ੀ-ਗ਼ਮੀ ਦੇ ਹਰ ਮੌਕੇ ਉਹ ਤਿੰਨੇ ਆ ਹਾਜ਼ਰ ਹੁੰਦੀਆਂਜਦੋਂ ਮੈਂ ਕੁਛ ਵੱਡਾ ਹੋਇਆ ਤਾਂ ਇੱਕ ਦਿਨ ਉਹਨਾਂ ਦੇ ਟੱਬਰ ਦੀ ਅਤੇ ਚਾਚੇ ਦੇ ਚੰਗੇ ਸੁਭਾਅ ਦੀ ਗੱਲ ਚੱਲੀ ਤੋਂ ਮੇਰੀ ਮਾਂ ਕਹਿੰਦੀ, “ਸਕੀਆਂ ਭੈਣਾਂ ਤਾਂ ਤੇਰੇ ਚਾਚੇ ਦੀਆਂ ਦੋ ਹੀ ਨੇ, ਤੀਜੀ ਬੰਤੋ ਦੀ ਤਾਂ ਭਾਈ ਹੋਰ ਹੀ ਕਹਾਣੀ ਹੈ।”

ਜਦੋਂ ਮਾਂ ਨੇ ਪੂਰਾ ਕਿੱਸਾ ਸੁਣਾਇਆ, ਉਸ ਸਮੇਂ ਦੇ ਪੇਂਡੂ ਮਾਹੌਲ ਵਿੱਚ ਨੇਕ ਬੰਦਿਆਂ ਦੀ ਅਤੇ ਉਹਨਾਂ ਦੇ ਨਿਰਮਲ ਦਿਲਾਂ ਦੀਆਂ ਗੱਲਾਂ ਦੀ ਕੋਈ ਘਾਟ ਨਾ ਹੋਣ ਦੇ ਬਾਵਜੂਦ ਮੈਂ ਹੈਰਾਨ ਰਹਿ ਗਿਆਮੇਰੇ ਮੂੰਹੋਂ ਸੁੱਤੇ-ਸਿੱਧ ਨਿੱਕਲ ਗਿਆ, “ਵਾਹ ਚਾਚਾ ਗੁਰਬਖ਼ਸ਼ ਸਿਆਂ, ਕਮਾਲ ਕਰ ਦਿੱਤੀ ਤੂੰ ਤਾਂ!”

ਹੁਣ ਤਾਂ ਰੱਬ ਜਾਣੇ, ਉਸ ਤੋਂ ਵੀ ਵੱਡਾ ਜੰਕਸ਼ਨ ਹੋਰ ਕੋਈ ਹੋਰ ਕਿਤੇ ਬਣ ਗਿਆ ਹੈ ਕਿ ਨਹੀਂ, ਬਠਿੰਡਾ ਉਦੋਂ ਰੇਲਾਂ ਦਾ ਏਸ਼ੀਆ ਦਾ ਸਭ ਤੋਂ ਵੱਡਾ ਜੰਕਸ਼ਨ ਮੰਨਿਆ ਜਾਂਦਾ ਸੀਉੱਥੋਂ ਸੱਤ ਪਾਸਿਆਂ ਨੂੰ ਰੇਲਾਂ ਜਾਂਦੀਆਂ ਹਨਮਤਲਬ ਵਾਇਆ ਬਠਿੰਡਾ ਕਿਤੇ ਵੀ ਪਹੁੰਚਿਆ ਜਾ ਸਕਦਾ ਹੈਸਾਡੇ ਪਿੰਡ ਵਾਸਤੇ ਬਠਿੰਡਾ-ਅੰਬਾਲਾ ਲਾਈਨ ਉੱਤੇ ਚੌਵੀ ਘੰਟਿਆਂ ਵਿੱਚ ਦੋ ਗੱਡੀਆਂ ਇੱਧਰ ਨੂੰ ਅਤੇ ਦੋ ਉੱਧਰ ਨੂੰ ਚੱਲਦੀਆਂ ਸਨਅੱਜ ਦੇ ਮਾਰੋ-ਮਾਰ ਰੁਝੇਵੇਂ ਨਹੀਂ ਸਨ ਹੁੰਦੇਇੱਕ ਰੇਲ ਖੁੰਝੀ ਤੋਂ ਲੋਕ ਪਲੇਟਫ਼ਾਰਮ ਉੱਤੇ ਬੈਠੇ ਆਰਾਮ ਨਾਲ ਗੱਲਾਂ ਮਾਰਦੇ ਹੋਏ ਜਾਂ ਲੰਮੇ ਪਏ ਹੋਏ ਅਗਲੀ ਗੱਡੀ ਦੀ ਉਡੀਕ ਕਰਦੇ ਰਹਿੰਦੇ

ਇੱਕ ਦਿਨ ਚਾਚਾ ਗੁਰਬਖ਼ਸ਼ ਸਿੰਘ ਬਠਿੰਡੇ ਦੇ ਮੁਸਾਫ਼ਰਖਾਨੇ ਦੇ ਬੈਂਚ ਉੱਤੇ ਬੈਠਾ ਰੇਲ ਉਡੀਕ ਰਿਹਾ ਸੀ ਤਾਂ ਇੱਕ ਸੁਆਣੀ ਉਸੇ ਬੈਂਚ ਉੱਤੇ ਗਠੜੀ ਰੱਖ ਕੇ ਬੈਠ ਗਈਗੱਲਾਂ ਤਾਂ ਚੱਲਣੀਆਂ ਹੀ ਹੋਈਆਂਲੋਕ ਇੱਕ ਦੂਜੇ ਨਾਲ ਮਨੁੱਖੀ ਰਿਸ਼ਤਾ ਸਮਝਦਿਆਂ ਗੱਲੀਂ ਪੈਂਦੇ ਹੀ ਸਨਸੁਆਣੀ ਨੇ ਆਪਣੇ ਪਿੰਡ ਜਾਣ ਵਾਸਤੇ ਮਾਨਸਾ ਵਾਲੀ ਗੱਡੀ ਫੜਨੀ ਸੀ

ਚਾਚੇ ਨੂੰ ਲੱਗਿਆ, ਕੋਈ ਕਸਰ ਜ਼ਰੂਰ ਹੈ, ਉਹ ਕੁਛ ਢਿੱਲੀ ਜਿਹੀ ਹੈਉਹਨੇ ਪੁੱਛਿਆ, “ਬੀਬੀ, ਤੇਰਾ ਕੁਛ ਦੁਖਦਾ ਹੈ?

ਉਹਨੇ ਨਹੀਂ ਵਿੱਚ ਸਿਰ ਫੇਰਿਆ

ਚਾਚਾ ਕਹਿੰਦਾ, “ਫੇਰ ਭਾਈ ਤੂੰ ਉਦਾਸੀ ਜਿਹੀ ਕਿਉਂ ਹੈਂ?

ਉਹ ਬੋਲੀ, “ਕੀ ਦੱਸਾਂ ਭਾਈ, ਮਹੀਨੇ ਕੁ ਨੂੰ ਮੇਰੀ ਧੀ ਦਾ ਵਿਆਹ ਐਅੱਜ ਸੁਨਿਆਰ ਨੂੰ ਕੁਛ ਟੂਮ-ਟੱਲਾ ਬਣਨਾ ਦੇ ਕੇ ਆਈ ਆਂ ਤੇ ਐਹ ਕੁਛ ਲੀੜੇ-ਲੱਤੇ ਲੈ ਕੇ ਚੱਲੀ ਆਂਵਿਆਹ ਦੀ ਖਰੀਦ ਵਿੱਚ ਲੱਗੀ ਦੀ ਮੇਰੀ ਸੁਰਤ ਮੁੜ-ਮੁੜ ਪੇਕਿਆਂ ਵੰਨੀਂ ਭਟਕਦੀ ਰਹੀਮੇਰੇ ਕੋਈ ਭਰਾ ਨਹੀਂਮੈਂਨੂੰ ਇਹੋ ਵਿਗੋਚਾ ਖਾਈ ਜਾਂਦਾ ਐ ਭਾਈ, ਨਾਨਕੇ ਵਿਹਾਰ ਕਿਵੇਂ ਨਿਭਣਗੇ! ਜੇ ਰੱਬ ਨੇ ਮੇਰੀ ਧੀ ਦਾ ਕੋਈ ਸਕਾ ਮਾਮਾ ਦਿੱਤਾ ਹੁੰਦਾ, ਹੁੱਬ ਕੇ ਵਿਆਹ ਆਉਂਦਾ ਤੇ ਸਾਰੇ ਵਿਹਾਰ ਨਿਭਾਉਂਦਾ!” ਉਹਦੀਆਂ ਅੱਖਾਂ ਭਿੱਜ ਗਈਆਂ ਤੇ ਉਹ ਹੌਕਾ ਲੈ ਕੇ ਚੁੱਪ ਕਰ ਗਈ

ਚਾਚੇ ਨੇ ਉਹਦਾ ਉਦਾਸਿਆ ਚਿਹਰਾ ਗਹੁ ਨਾਲ ਦੇਖਿਆ ਤੇ ਕਹਿੰਦਾ, “ਕੁੜੀਏ ਕੌਣ ਕਹਿੰਦਾ ਹੈ, ਤੇਰੇ ਭਰਾ ਨਹੀਂ, ਐਹ ਦੇਖ ਬੈਠਾ ਤੇਰਾ ਭਰਾ, ਤੇਰਾ ਸਕਾ ਭਰਾ! ਗੁਰਬਖ਼ਸ਼ ਸਿਉਂ ਨਾਂ ਹੈ ਮੇਰਾ ਤੇ ਪਿੰਡ ਪਿੱਥੋਪੂਰੇ ਪਿੰਡ ਵਿੱਚ ਹੋਰ ਕੋਈ ਗੁਰਬਖ਼ਸ਼ ਸਿਉਂ ਹੈ ਹੀ ਨਹੀਂਦੋ ਅੱਖਰ ਲਿਖਾ ਕੇ ਡਾਕਖਾਨੇ ਦਾ ਕੱਚਾ ਕਾਟ ਨਾ ਪਾ ਦੇਈਂ, ਨਾਈ ਹੱਥ ਪੱਕੀ ਗੰਢ ਭੇਜੀਂਨਾਈ ਨੂੰ ਉਹਦਾ ਵਿਹਾਰ ਦੇਊਂਵਿਆਹ ਵੇਲੇ ਜੋ ਟੂਮ-ਟਾਕੀ ਸਰੀ, ਮੈਂ ਤੇਰੀ ਭਰਜਾਈ ਤੇ ਹੋਰ ਸਾਰੇ ਮਹੈਣ ਨਾਲ ਨਾਨਕ-ਛੱਕ ਲੈ ਕੇ ਆਊਂਗਾਨਾਨਕਿਆਂ ਵਾਲੇ ਪੂਰੇ ਵਿਹਾਰ ਕਰਾਂਗੇ ਅੱਗੇ ਹੋ-ਹੋ! ਐਵੇਂ ਨਾ ਉਦਾਸ ਬੈਠਮੇਰੀ ਭਾਣਜੀ ਦਾ ਸਾਹਾ ਐ, ਖੁਸ਼ੀ ਦਾ ਮੌਕਾ ਐ, ਖ਼ੁਸ਼ ਹੋ ਕਮਲੀਏ!”

ਬੇਯਕੀਨੀ ਜਿਹੀ ਨਾਲ ਸੁਣਦੀ ਰਹੀ ਬੀਬੀ ਦਾ ਜਿਵੇਂ ਕੜ ਪਾਟ ਗਿਆ ਹੋਵੇਉਹ ਉੱਠ ਕੇ ਚਾਚੇ ਦੇ ਗਲ਼ ਨੂੰ ਚਿੰਬੜ ਕੇ ਧਾਹਾਂ ਮਾਰਨ ਲੱਗੀ, “ਕਿੱਥੇ ਗੁਆਚਿਆ ਰਿਹਾ ਵੇ ਮੇਰਿਆ ਸਰਵਣਾ ਵੀਰਾ!”

ਵਿਆਹ ਦਾ ਦਿਨ ਨੇੜੇ ਆਉਂਦਾ ਜਾਂਦਾ ਸੀਰਿਸ਼ਤੇਦਾਰੀਆਂ ਵਿੱਚ ਗੰਢਾਂ ਭੇਜੀਆਂ ਜਾਣ ਲੱਗੀਆਂਇੱਕ ਦਿਨ ਜਦੋਂ ਜੱਗਰ ਨਾਈ ਨੇ ਬੰਤੋ ਨੂੰ ਪੁੱਛਿਆ, ਅੱਜ ਗੰਢ ਕਿਹੜੀ ਰਿਸ਼ਤੇਦਾਰੀ ਵਿੱਚ ਲੈ ਕੇ ਜਾਣੀ ਹੈ, ਉਹ ਮੁਸਕਰਾਈ, “ਭਾਈ ਜੱਗਰਾ, ਅੱਜ ਗੰਢ ਮੇਰੇ ਸਕੇ ਭਰਾ ਨੂੰ ਰਾਮਪੁਰੇ ਨੇੜੇ ਪਿੱਥੋ ਦੇਣ ਜਾਣਾ ਹੈ।”

“ਸਕਾ ਭਰਾ?” ਜੱਗਰ ਹੈਰਾਨ! ਮੁੱਦਤਾਂ ਪਹਿਲਾਂ ਵਿਆਹ ਕੇ ਲਿਆਂਦੀ ਬੰਤੋ ਵੀ ਇਸੇ ਪਿੰਡ ਵਿੱਚ ਰਹਿੰਦੀ ਹੈ ਤੇ ਮੈਂ ਵੀ ਇੱਥੇ ਹੀ ਰਹਿੰਦਾ ਹਾਂਹਰੇਕ ਘਰ ਦੀ ਇੱਕ-ਇੱਕ ਰਿਸ਼ਤੇਦਾਰੀ ਦਾ ਮੈਂਨੂੰ ਪਤਾ ਹੈਬੰਤਕੁਰ ਦੇ ਭਰਾ-ਵਿਰਵੇ ਪੇਕਿਆਂ ਤੋਂ ਨਾ ਕੋਈ ਕਦੇ ਆਇਆ, ਨਾ ਗਿਆਹੁਣ ਇਹਦੇ ਇਹ ਦੂਜੇ ਪੇਕੇ ਪਿੱਥੋ ਪਿੰਡ ਕਿੱਥੋਂ ਨਿੱਕਲ ਆਏ! ਤੇ ਪੇਕੇ ਵੀ ਭਰਾ ਵਾਲ਼ੇ!

ਬੰਤੋ ਉਹਦੀ ਉਲਝਣ ਦੇਖ ਕੇ ਕਹਿੰਦੀ, “ਤੂੰ, ਭਾਈ ਜੱਗਰਾ, ਸੋਚਾਂ ਵਿੱਚ ਨਾ ਪੈਜਾ ਕੇ ਦੇਖੀਂ, ਤੈਨੂੰ ਕਿਵੇਂ ਹੱਥਾਂ ’ਤੇ ਚੱਕਦੇ ਐ ਤੇ ਵਧੀਆ ਲਾਗ ਦਿੰਦੇ ਐ!”

ਨਾਈ ਗੰਢ ਲਿਆਇਆ, ਚਾਚੀ ਨੇ ਉਹਨੂੰ ਖੇਸ ਤੇ ਪੰਜ ਰੁਪਏ ਦਿੱਤੇਭਾਣਜੀ ਦੇ ਵਿਆਹ ਦਾ ਸਾਰਾ ਲੈਣ-ਦੇਣ ਉਸੇ ਹਿਸਾਬ ਨਾਲ ਕੀਤਾ ਜਿਵੇਂ ਦੋਵਾਂ ਸਕੀਆਂ ਭੈਣਾਂ ਦੀਆਂ ਧੀਆਂ ਦੇ ਵਿਆਹਾਂ ਵੇਲੇ ਕੀਤਾ ਸੀਉਸ ਦਿਨ ਤੋਂ ਚਾਚੇ ਦੀਆਂ ਦੋ ਦੀ ਥਾਂ ਤਿੰਨ ਸਕੀਆਂ ਭੈਣਾਂ ਤਾਂ ਹੋ ਹੀ ਗਈਆਂ, ਉਸ ਮਗਰੋਂ ਉਹਦੀ ਔਲਾਦ ਲਈ ਵੀ ਉਹ ਤਿੰਨੇ ਬਰਾਬਰ ਦੀਆਂ ਸਕੀਆਂ ਭੂਆ ਰਹੀਆਂ

ਇਉਂ ਜੇ ਬੰਦਾ ਸਮਝੇ-ਪਛਾਣੇ, ਇੱਕ ਮਨੁੱਖ ਦਾ ਦੂਜੇ ਮਨੁੱਖ ਨਾਲ ਸਭ ਤੋਂ ਸੰਘਣਾ ਰਿਸ਼ਤਾ ਮਨੁੱਖਤਾ ਦਾ ਰਿਸ਼ਤਾ ਹੀ ਹੁੰਦਾ ਹੈ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3343)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 11 42502364)
Email: (bhullargs@gmail.com)

More articles from this author