“ਸਾਡੇ ਦੇਸ ਵਿੱਚ ਧਰਮਾਂ ਤੇ ਜਾਤਾਂ ਵਿਚਕਾਰ ਨਫ਼ਰਤ ਤੇ ਵੈਰਭਾਵ ਦਾ ਜੋ ਮਾਹੌਲ ਪੈਦਾ ਹੋ ਗਿਆ ਹੈ ਤੇ ਤਿੱਖਾ ...”
(14 ਅਗਸਤ 2023)
ਘਰ-ਬਾਰ ਛੱਡਣਾ ਤੇ ਆਪਣਿਆਂ ਨਾਲੋਂ ਵਿੱਛੜਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਮਸ਼ਹੂਰ ਉਰਦੂ ਸ਼ਾਇਰ ਬਸ਼ੀਰ ਬਦਰ ਆਖਦਾ ਹੈ, “ਕੁਛ ਤੋਂ ਮਜਬੂਰੀਆਂ ਰਹੀ ਹੋਂਗੀ, ਯੂੰ ਕੋਈ ਬੇਵਫ਼ਾ ਨਹੀਂ ਹੋਤਾ!” ਅਜਿਹੇ ਨਿਮੋਹੇ ਹੁੰਦੇ ਤਾਂ ਹਨ ਜਿਨ੍ਹਾਂ ਨੂੰ ਬਾਹਰ ਵਸਣਾ ਇੱਧਰਲੀ ਅਪਣੱਤ ਨਾਲੋਂ ਵੱਡੀ ਪ੍ਰਾਪਤੀ ਲਗਦਾ ਹੈ, ਪਰ ਸੌ ਪਿੱਛੇ ਉਹਨਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਹੁੰਦੀ। ਆਓ ਤੁਹਾਡੇ ਨਾਲ ਇੱਕ ਅਨੋਖੇ ਬੰਦੇ ਦੀ ਮੁਲਾਕਾਤ ਕਰਾਵਾਂ।
ਅਸੀਂ ਕੈਲੇਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਦੇਖਣ ਗਏ। ਉਹਦਾ ਮਿਊਜ਼ੀਅਮ ਦਿੱਲੀ ਵਾਲੇ ਮਿਊਜ਼ੀਅਮ ਜਿੰਨਾ ਵੱਡਾ ਸੀ। ਪਹਿਲੇ ਕਮਰੇ ਵਿੱਚ ਹੀ ਸਕਿਉਰਿਟੀ ਦੀ ਵਰਦੀ ਵਾਲੇ ਇੱਕ ਸਿੱਖ ਸੱਜਣ ਦੇ ਦਰਸ਼ਨ ਹੋ ਗਏ। ਫ਼ਤਿਹ ਸਾਂਝੀ ਕਰ ਕੇ ਉਹਨੇ ਹਰ ਉੱਧਰਲੇ ਪੰਜਾਬੀ ਵਾਲਾ ਸਵਾਲ ਪੁੱਛਿਆ, “ਇੱਥੋਂ ਹੀ ਹੋਂ ਜਾਂ ਦੇਸੋਂ ਆਏ ਹੋਂ?” ਜਵਾਬ ਦੇ ਕੇ ਅਸੀਂ ਮਿਊਜ਼ੀਅਮ ਦੇਖਣ ਲੱਗ ਪਏ। ਅਸੀਂ ਜਿਸ ਕਮਰੇ ਵਿੱਚ ਜਾਈਏ, ਉਹ ਕੁਛ ਚਿਰ ਪਿੱਛੋਂ ਉੱਥੇ ਆ ਕੇ ਸਾਥੋਂ ਦੂਰ ਘੁੰਮਦਾ ਰਹੇ। ਪਹਿਲਾਂ ਮੈਨੂੰ ਲੱਗਿਆ, ਇਹ ਨਜ਼ਰ ਰੱਖ ਰਿਹਾ ਹੈ ਕਿ ਅਸੀਂ ਚੋਰੀ ਕਰ ਕੇ ਕੁਛ ਛੁਪਾ ਨਾ ਲਈਏ। ਫੇਰ ਮੈਂ ਸੋਚਿਆ, ਸ਼ਾਇਦ ਇਹ ਗੱਲਾਂ ਕਰਨੀਆਂ ਚਾਹੁੰਦਾ ਹੋਵੇ। ਮੈਂ ਜਾ ਕੇ ਉਹਦੇ ਨਾਲ ਗੱਲੀਂ ਪਿਆ ਤਾਂ ਉਹ ਮੇਰਾ ਪਿੰਡ ਪੁੱਛ ਕੇ ਬੋਲਿਆ, “ਮੇਰੇ ਵੀ ਨਾਨਕੇ ਸੁਨਾਮ ਕੋਲ ਮਾਲਵੇ ਵਿੱਚ ਹੀ ਨੇ।” ਕੁਛ ਚਿਰ ਦੀ ਗੱਲਬਾਤ ਪਿੱਛੋਂ ਉਹ ਨੀਵੀਂ ਪਾ ਕੇ ਦੋ ਪਲ ਚੁੱਪ ਰਿਹਾ ਤੇ ਫੇਰ ਬੋਲਿਆ, “ਮਾਲਵੇ ਵਿੱਚ ਹੁਣ ਵੀ ਕਪਾਹਾਂ ਓਵੇਂ ਖਿੜਦੀਆਂ ਨੇ?” ਉਹਦੇ ਸਵਾਲ ਤੋਂ ਹੈਰਾਨ ਹੋ ਕੇ ਮੈਂ ਕਿਹਾ, “ਹਾਂ, ਓਵੇਂ ਹੀ ਖਿੜਦੀਆਂ ਨੇ।” ਉਹਦੇ ਅਗਲੇ ਸਵਾਲ ਨੇ ਮੈਨੂੰ ਸੁੰਨ ਕਰ ਦਿੱਤਾ। ਪਤਾ ਨਹੀਂ ਕਿਹੜੀਆਂ ਯਾਦਾਂ ਵਿੱਚ ਭਿੱਜੇ ਹੋਏ ਜਜ਼ਬਾਤੀ ਚਿਹਰੇ ਨਾਲ ਉਹਨੇ ਪੁੱਛਿਆ, “ਮੁਟਿਆਰਾਂ ਓਵੇਂ ਹੀ ਕਪਾਹਾਂ ਚੁਗਦੀਆਂ ਨੇ?” ਮੈਂ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ, “ਹਾਂ ਵੀਰ, ਮੁਟਿਆਰਾਂ ਵੀ ਓਵੇਂ ਹੀ ਕਪਾਹਾਂ ਚੁਗਦੀਆਂ ਨੇ!” ਪਤਾ ਨਹੀਂ ਕਪਾਹ ਚੁਗਦੀ ਕਿਸ ਭਾਗਭਰੀ ਦੀ ਮੂਰਤੀ ਉਹਦੇ ਮਨ-ਮੰਦਰ ਵਿੱਚ ਸਜੀ ਹੋਈ ਸੀ!
ਮਨੁੱਖੀ ਮਨ ਦੀ ਅਜਬ ਕਹਾਣੀ ਦੇਖੋ, ਇੱਧਰ ਪਿੱਛੇ ਰਹਿ ਗਏ ਘਰ-ਬਾਰ ਤੇ ਸਕੇ-ਸੰਬੰਧੀਆਂ ਤੋਂ ਵੀ ਵਧ ਕੇ ਅਨੇਕ ਲੋਕਾਂ ਨੂੰ ਨਿਮਾਣੀ ਮਿੱਟੀ ਦਾ ਮੋਹ ਅੰਦਰੋਂ ਕੁਤਰਦਾ ਰਹਿੰਦਾ ਹੈ। ਮੇਰੇ ਇੱਕ ਰਿਸ਼ਤੇਦਾਰ ਭਾਈ ਦਾ ਪੂਰਾ ਪਰਿਵਾਰ, ਇੱਥੇ ਘਰ ਤੋਂ ਬਣੇ ਮਕਾਨ ਨੂੰ ਜਿੰਦਾ ਲਾ ਕੇ, ਕਈ ਸਾਲਾਂ ਤੋਂ ਕੈਲੇਫੋਰਨੀਆ ਰਹਿ ਰਿਹਾ ਸੀ। ਮੇਰੀ ਭਾਬੀ ਸਾਨੂੰ ਉੱਥੇ ਗਿਆਂ ਨੂੰ ਕਹਿੰਦੀ, “ਮੇਰਾ ਨਹੀਂ ਇੱਥੇ ਜੀਅ ਲਗਦਾ, ਮੈਂ ਤਾਂ ਪਿੰਡ ਜਾ ਕੇ ਰਹੂੰਗੀ।” ਮੈਂ ਹੈਰਾਨ ਹੋ ਕੇ ਆਖਿਆ, “ਤੇਰਾ ਪਤੀ, ਇਕਲੌਤਾ ਪੁੱਤ ਤੇ ਉਹਦਾ ਪਰਿਵਾਰ, ਸਭ ਕੁਛ ਤਾਂ ਇੱਥੇ ਹੈ, ਪਿੰਡ ਤੇਰਾ ਕੀ ਹੈ?” ਉਹ ਬੋਲੀ, “ਉੱਥੇ ਮੇਰੀ ਜੰਮਣ-ਭੋਏਂ ਦੀ ਮਿੱਟੀ ਐ!” ਮੈਂ ਉਦਾਸ ਹੋ ਗਈ ਗੱਲਬਾਤ ਵਿੱਚੋਂ ਨਿੱਕਲਣ ਲਈ ਆਖਿਆ, “ਤੈਨੂੰ ਸਵਾ ਸੇਰ ਮਿੱਟੀ ਇੱਥੇ ਹੀ ਭੇਜ ਦਿਆਂਗੇ।”
ਇਹ ਦੋਵੇਂ ਘਟਨਾਵਾਂ ਸੁਣਾਉਣ ਤੋਂ ਮੇਰਾ ਭਾਵ ਹੈ ਕਿ ਦੇਸ ਛੱਡਣਾ ਇੰਨਾ ਸੌਖਾ ਵੀ ਨਹੀਂ! ਪਰ ਫੇਰ ਵੀ ਜੇ ਲੱਖਾਂ ਦੀ ਗਿਣਤੀ ਵਿੱਚ ਲੋਕ ਦੇਸ ਛੱਡ ਕੇ ਪਰਦੇਸ ਜਾ ਰਹੇ ਹਨ ਤਾਂ ਉਹ ਕਿਹੜੇ ਕਾਰਨ ਹਨ ਜਿਹੜੇ ਦੇਸ ਦੀ ਤੇ ਆਪਣਿਆਂ ਦੀ ਅਪਣੱਤ ਤੋਂ ਵੀ ਭਾਰੂ ਹੋ ਜਾਂਦੇ ਹਨ? ਲੋਕ-ਸਭਾ ਵਿੱਚ ਬਦੇਸ ਮਾਮਲਿਆਂ ਦੇ ਮੰਤਰੀ ਦੇ ਦਿੱਤੇ ਇੱਕ ਸਵਾਲ ਦੇ ਜਵਾਬ ਅਨੁਸਾਰ 2016 ਤੋਂ ਫਰਵਰੀ 2021 ਤਕ ਪੰਜਾਬ ਤੇ ਚੰਡੀਗੜ੍ਹ ਤੋਂ 9 ਲੱਖ 84 ਹਜ਼ਾਰ ਲੋਕ ਪਰਦੇਸਾਂ ਵਿੱਚ ਗਏ। ਇਹਨਾਂ ਵਿੱਚ 3 ਲੱਖ 79 ਹਜ਼ਾਰ ਵਿਦਿਆਰਥੀ ਸਨ ਤੇ ਬਾਕੀ ਵੰਨਸੁਵੰਨੇ ਕਾਮੇ। ਇਹ 2020 ਦੀ ਅਨੁਮਾਨੀ ਹੋਈ ਵਸੋਂ ਦਾ 3 ਫ਼ੀਸਦੀ ਬਣਦੇ ਸਨ। ਪੰਜਾਬ ਵਿੱਚੋਂ ਜਾਣ ਵਾਲਿਆਂ ਦਾ 38 ਫ਼ੀਸਦੀ ਵਿਦਿਆਰਥੀ ਸਨ। ਵੱਡੀ ਬਹੁਗਿਣਤੀ ਵਿਦਿਆਰਥੀਆਂ ਸਮੇਤ ਜਿੰਨੇ ਲੋਕ ਕਿਸੇ ਵੀ ਆਧਾਰ ਉੱਤੇ ਬਾਹਰ ਜਾਂਦੇ ਹਨ, ਸਭ ਦਾ ਟੀਚਾ ਉੱਥੇ ਟਿਕਣਾ-ਕਮਾਉਣਾ ਹੀ ਹੁੰਦਾ ਹੈ।
ਧਿਆਨਜੋਗ ਗੱਲ ਇਹ ਹੈ ਕਿ ਮੁਢਲੇ ਪਰਵਾਸੀਆਂ ਤੋਂ ਲੈ ਕੇ ਅੱਜ ਤਕ ਪਰਵਾਸ ਦਾ ਇਤਿਹਾਸ ਮਾਇਆ ਦੁਆਲੇ ਹੀ ਘੁੰਮਦਾ ਹੈ। ਮਾਇਆ ਦੀ ਚੁੰਬਕੀ ਖਿੱਚ ਬੜੀ ਜ਼ੋਰਾਵਰ ਹੈ। 19ਵੀਂ ਸਦੀ ਦੇ ਅੰਤ ਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਮੁਢਲੇ ਪੰਜਾਬੀ ਅਮਰੀਕਾ ਗਏ, ਪੰਜਾਬ ਵਿੱਚ ਕਾਮੇ ਦੀ ਦਿਹਾੜੀ ਛੇ ਆਨੇ ਸੀ ਅਤੇ ਕੈਲੀਫ਼ੋਰਨੀਆ ਵਿੱਚ ਮਹਾਂ-ਬਿਰਛ ਵੱਢਣ, ਆਰਾ ਮਿੱਲਾਂ ਵਿੱਚ ਕੰਮ ਕਰਨ, ਅਣਵਾਹੀਆਂ ਧਰਤੀਆਂ ਵਾਹੀ ਹੇਠ ਲਿਆਉਣ ਤੇ ਰੇਲ ਦੀਆਂ ਪਟੜੀਆਂ ਵਿਛਾਉਣ ਦੀ ਦਿਹਾੜੀ ਦੇ ਦੋ ਡਾਲਰ ਮਿਲਦੇ ਸਨ। ਉਦੋਂ ਡਾਲਰ ਤਿੰਨ ਰੁਪਏ ਇੱਕ ਆਨੇ ਦਾ ਸੀ ਅਤੇ ਦੋ ਡਾਲਰਾਂ ਦੇ 98 ਆਨੇ ਇੱਥੋਂ ਦੀਆਂ 16 ਦਿਹਾੜੀਆਂ ਤੋਂ ਵੀ ਵੱਧ ਬਣਦੇ ਸਨ। ਇਸੇ ਲਈ ਮੇਰੇ ਪਿਛਲੇ ਲੇਖ ਵਾਲਾ ਬਾਬਾ ਦਾੜ੍ਹੀ-ਕੇਸਾਂ ਦੀ ਗੱਲ ਚੱਲੀ ਤੋਂ ਪ੍ਰੋ. ਬਰੂਸ ਨੂੰ ਆਖਦਾ ਹੈ, “ਜੇ ਮੈਂ ਪੱਗ-ਦਾੜ੍ਹੀ ਨਾਲ ਆਉਂਦਾ, ਮੈਨੂੰ ਫੜ ਲੈਂਦੇ। ਮੈਂ ਆਪਣੇ ਧਰਮ ਲਈ ਮਰ ਤਾਂ ਸਕਦਾ ਹਾਂ, ਪਰ ਧਰਮ ਕਾਰਨ ਇੱਥੋਂ ਕੱਢਿਆ ਜਾਣਾ ਨਹੀਂ ਚਾਹੁੰਦਾ!”
ਮੁਢਲੇ ਪਰਵਾਸੀਆਂ ਬਾਰੇ ਖੋਜਭਾਲ ਕਰਦਿਆਂ ਮੈਨੂੰ ਇੱਕ ਪੰਜਾਬੀ ਹਿੰਮਤੀ ਦੇ 1861 ਵਿੱਚ ਕੈਲੀਫ਼ੋਰਨੀਆ ਦੇ ਯੂਬਾ ਇਲਾਕੇ ਵਿੱਚ ਪਹੁੰਚਣ ਦਾ ਪਤਾ ਲੱਗਿਆ। ਉਹਦੇ ਬਾਰੇ ਹੋਰ ਜਾਣਕਾਰੀ ਤਾਂ ਦੂਰ, ਉਹਦੇ ਨਾਂ ਦਾ ਵੀ ਕੋਈ ਪਤਾ ਨਹੀਂ ਲਗਦਾ ਕਿਉਂਕਿ ਉਸ ਬਾਰੇ ‘ਮੈਰੀਜ਼ਵਿਲ ਅਪੀਲ’ ਨਾਂ ਦੇ ਅਖ਼ਬਾਰ ਵਿੱਚ ਛਪੀ ਖ਼ਬਰ ਵਿੱਚ ਲਿਖਿਆ ਹੋਇਆ ਸੀ, “ਉਹਦਾ ਨਾਂ ਉਚਾਰਿਆ ਨਾ ਜਾ ਸਕਣ ਵਾਲਾ ਹੋਣ ਕਰਕੇ ਉਹਨੂੰ ਸੈਮ ਹੀ ਕਹਿ ਲੈਂਦੇ ਹਾਂ।” ਖ਼ਬਰ ਅਨੁਸਾਰ ਝਗੜਾ ਕਰਨ ਕਰਕੇ ਉਹਨੂੰ ਪੰਜ ਡਾਲਰ ਜੁਰਮਾਨਾ ਕੀਤਾ ਗਿਆ ਸੀ। ਉਹ ਕੀਹਦੇ ਨਾਲ ਝਗੜਿਆ, ਕਿਉਂ ਝਗੜਿਆ ਅਤੇ ਦੂਜੀ ਧਿਰ ਨੂੰ ਵੀ ਜੁਰਮਾਨਾ ਹੋਇਆ ਕਿ ਨਹੀਂ, ਖ਼ਬਰ ਇਸ ਬਾਰੇ ਚੁੱਪ ਸੀ।
ਪੰਜਾਬੀਆਂ ਨੂੰ ਅਮਰੀਕਾ-ਕੈਨੇਡਾ ਵੱਲ ਪਰਵਾਸ ਲਈ ਪ੍ਰੇਰਨ ਵਾਲੀ ਇੱਕ ਅਹਿਮ ਘਟਨਾ 1897 ਵਿੱਚ ਵਾਪਰੀ। ਉਸ ਸਾਲ ਲੰਡਨ ਵਿੱਚ ਮਨਾਈ ਗਈ ਮਲਕਾ ਵਿਕਟੋਰੀਆ ਦੀ ਡਾਇਮੰਡ ਜੁਬਲੀ ਵਿੱਚ ਹਿੱਸਾ ਲੈ ਕੇ ਦੇਸ ਮੁੜਦੇ ਹੋਏ ਸਿੱਖ ਸਿਪਾਹੀਆਂ ਦੇ ਦਸਤੇ ਨੇ ਰਾਹ ਵਿੱਚ ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਦਾ ਇਲਾਕਾ ਦੇਖਿਆ। ਦਿਸਹੱਦੇ ਤਕ ਫ਼ੈਲੀਆਂ ਹੋਈਆਂ ਸੁੰਨੀਆਂ ਅਣਤੋੜੀਆਂ ਜ਼ਮੀਨਾਂ ਦੇਖ ਕੇ ਉਹਨਾਂ ਨੂੰ ਆਪਣੇ ਖੇਤਾਂ ਦੀ ਥੁੜਾਂ-ਮਾਰੀ ਹਾਲਤ ਯਾਦ ਆਈ। ਇਸ ਤੋਂ ਵੀ ਵਧ ਕੇ ਉਹਨਾਂ ਨੂੰ ਅਜਿਹੀਆਂ ਸੋਆਂ ਵੀ ਮਿਲੀਆਂ ਕਿ ਕੈਨੇਡਾ ਦੀ ਸਰਕਾਰ ਇਸ ਇਲਾਕੇ ਨੂੰ ਆਬਾਦ ਕਰਨਾ ਚਾਹੁੰਦੀ ਹੈ। ਇਹਨਾਂ ਖ਼ਬਰਾਂ ਦਾ ਪੰਜਾਬ ਪਹੁੰਚਣਾ ਪੰਜਾਬੀਆਂ ਨੂੰ ਪਰਵਾਸ ਵਾਸਤੇ ਉਤੇਜਿਤ ਕਰਨ ਲਈ ਕਾਫ਼ੀ ਸੀ। ਇਉਂ ਕੈਨੇਡਾ ਵੱਲ ਤੇ ਉੱਥੋਂ ਅੱਗੇ ਅਮਰੀਕਾ ਵੱਲ ਪਰਵਾਸ ਦਾ ਮੁੱਢ ਬੱਝਿਆ। 1903 ਤੋਂ 1908 ਤਕ 6,000 ਪੰਜਾਬੀ ਕੈਨੇਡਾ ਪਹੁੰਚੇ ਜਿਨ੍ਹਾਂ ਵਿੱਚੋਂ 3, 000 ਅੱਗੇ ਅਮਰੀਕਾ ਨੂੰ ਤੁਰ ਗਏ।
ਕੈਲੇਫੋਰਨੀਆ ਵਿੱਚ ਕਾਨੂੰਨੀ ਆਗਿਆ ਨਾਲ ਪਹੁੰਚਣ ਵਾਲੇ ਪਹਿਲੇ ਚਾਰ ਸਿੱਖਾਂ ਦੇ ਸਾਨ ਫ਼ਰਾਂਸਿਸਕੋ ਉੱਤਰਨ ਦੀ ਖ਼ਬਰ ਅਖ਼ਬਾਰ ‘ਸਾਨ ਫਰਾਂਸਿਸਕੋ ਕਰੌਨੀਕਲ’ ਨੇ 6 ਅਪਰੈਲ 1899 ਨੂੰ ਛਾਪੀ। ਪੱਤਰਕਾਰ ਨੇ ‘ਸਿੱਖਾਂ ਨੂੰ ਉੱਤਰਨ ਦੀ ਆਗਿਆ’ ਦੇ ਸਿਰਲੇਖ ਹੇਠ ਲਿਖਿਆ: “ਪਿਛਲੇ ਦਿਨ ਜੋ ਚਾਰ ਸਿੱਖ ਨਿੱਪਨ ਮਾਰੂ ਰਾਹੀਂ ਆਏ ਸਨ, ਕੱਲ੍ਹ ਆਵਾਸ ਅਧਿਕਾਰੀਆਂ ਨੇ ਉਹਨਾਂ ਨੂੰ ਉੱਤਰਨ ਦੀ ਆਗਿਆ ਦੇ ਦਿੱਤੀ। ਇਹਨਾਂ ਚਾਰਾਂ ਵਰਗੀ ਬੇਹੱਦ ਛੈਲ-ਛਬੀਲੀ ਟੋਲੀ ਪੈਸੇਫਿਕ ਮਾਲ ਡੌਕ ਵਿੱਚ ਚਿਰਾਂ ਤੋਂ ਦੇਖਣ ਵਿੱਚ ਨਹੀਂ ਆਈ। ਉਹਨਾਂ ਵਿੱਚੋਂ ਇੱਕ, ਬੱਕਸ਼ਲੀਦ ਸਿੰਘ (ਸ਼ਾਇਦ ਉਹਨੇ ਬਖ਼ਸ਼ੀਸ਼ ਦੀ ਥਾਂ ਇਹ ਸੁਣਿਆ-ਸਮਝਿਆ ਹੋਵੇਗਾ - ਲੇਖਕ) ਵਧੀਆ ਅੰਗਰੇਜ਼ੀ ਬੋਲਦਾ ਹੈ, ਬਾਕੀ ਥੋੜ੍ਹੀ-ਥੋੜ੍ਹੀ ਬੋਲ ਲੈਂਦੇ ਹਨ। ਦੇਖਣ ਵਿੱਚ ਸੁਹਣੇ ਤਾਂ ਉਹ ਸਾਰੇ ਹੀ ਹਨ, ਪਰ ਖਾਸ ਕਰ ਕੇ ਬੱਕਸ਼ਲੀਦ ਸਿੰਘ ਤਾਂ ਸਰੀਰਕ ਸੁਹੱਪਣ ਦੇ ਪੱਖੋਂ ਦਰਸ਼ਨੀ ਹੈ। ਉਹ ਛੇ ਫੁੱਟ ਦੋ ਇੰਚ ਉੱਚਾ ਹੈ ਤੇ ਉਹਦੇ ਅੰਗ ਜਿਵੇਂ ਸਾਂਚੇ ਵਿੱਚ ਢਾਲ਼ੇ ਹੋਏ ਹੋਣ। ਉਹਦੇ ਸਾਥੀ ਬੂੜ ਸਿੰਘ, ਵਰਿਆਮ ਸਿੰਘ ਤੇ ਸੁਹਾਵਾ ਸਿੰਘ ਇੱਡੇ ਕੱਦ-ਕਾਠ ਵਾਲ਼ੇ ਨਹੀਂ ਹਨ। ਇਹ ਸਾਰੇ ਚੀਨ ਵਿੱਚ ਸਿਪਾਹੀ ਰਹੇ ਹਨ। ਉਹ ਇੱਥੇ ਆਉਣ ਤੋਂ ਪਹਿਲਾਂ ਸ਼ਾਹੀ ਤੋਪਖਾਨੇ ਵਿੱਚ ਸਨ ਤੇ ਲੰਮਾ ਬੰਦਾ, ਜਿਸਦਾ ਨਾਂ ਠੀਕ ਬੋਲਿਆ ਨਹੀਂ ਜਾਂਦਾ, ਹਾਂਗਕਾਂਗ ਦੀ ਪੁਲਿਸ ਵਿੱਚ ਸਾਰਜੰਟ ਸੀ। ਉਹ ਇੱਥੇ ਚੰਗੀ ਕਮਾਈ ਕਰਨ ਦੀ ਤੇ ਫੇਰ ਕੋਈ ਵੀਹ ਸਾਲ ਪਹਿਲਾਂ ਛੱਡੇ ਹੋਏ ਲਾਹੌਰ ਜ਼ਿਲ੍ਹੇ ਦੇ ਆਪਣੇ ਘਰੀਂ ਪਰਤ ਜਾਣ ਦੀ ਆਸ ਨਾਲ ਆਏ ਹਨ।”
ਪੰਜਾਬੀ ਆਵਾਸੀਆਂ ਦੀ ਇਹ ਵਡਿਆਈ ਪਹਿਲੀ ਦੇ ਨਾਲ-ਨਾਲ ਸ਼ਾਇਦ ਆਖ਼ਰੀ ਵੀ ਸੀ, ਕਿਉਂਕਿ ਛੇਤੀ ਹੀ ਕੈਲੀਫ਼ੋਰਨੀਆ ਦੇ ਅਖ਼ਬਾਰ ਉਹਨਾਂ ਦੇ ਦੁਸ਼ਮਣ ਬਣ ਗਏ ਤੇ ਉਹਨਾਂ ਬਾਰੇ ਡਰ ਤੇ ਨਫ਼ਰਤ ਫੈਲਾਉਣ ਲੱਗੇ। ਕਮਾਈ ਦੀ ਆਸ ਵਿੱਚ ਉੱਥੇ ਪਹੁੰਚੇ ਉਹਨਾਂ ਲੋਕਾਂ ਨੂੰ ਕੀ ਕੁਛ ਬਰਦਾਸ਼ਤ ਕਰਨਾ ਪਿਆ, ਪੜ੍ਹ ਕੇ ਆਦਮੀ ਬੇਚੈਨ ਹੋ ਜਾਂਦਾ ਹੈ। ਬੇਨਾਂਵੇਂ ‘ਸੈਮ’ ਨਾਲ ਤਾਂ 1861 ਵਿੱਚ ਜੋ ਬੀਤੀ ਸੋ ਬੀਤੀ, 27 ਜਨਵਰੀ 1908 ਦੇ ‘ਨਿਊਯਾਰਕ ਟਾਈਮਜ਼’ ਨੇ ‘ਹਿੰਦੂ ਭਜਾਏ ਗਏ’ ਦੇ ਸਿਰਲੇਖ ਹੇਠ ਛਾਪੀ ਖ਼ਬਰ ਵਿੱਚ ਦੱਸਿਆ ਕਿ ਕੈਲੀਫ਼ੋਰਨੀਆ ਦੇ ਨਗਰ ਲਾਈਵ ਓਕ ਦੇ ਵੀਹ ਵਸਨੀਕਾਂ ਨੇ ਸਨਿੱਚਰਵਾਰ ਦੀ ਰਾਤ ਨੂੰ ਦੋ ਮਕਾਨਾਂ ਉੱਤੇ ਹਮਲਾ ਕਰ ਦਿੱਤਾ ਜਿਨ੍ਹਾਂ ਵਿੱਚ ਸਦਰਨ ਪੈਸੇਫਿਕ ਕੰਪਨੀ ਦੇ ਕੱਢੇ ਹੋਏ ਸੱਤਰ ਹਿੰਦੂ ਰਹਿ ਰਹੇ ਸਨ ਤੇ ਉਹਨਾਂ ਨੂੰ ਸ਼ਹਿਰ ਛੱਡਣ ਲਈ ਮਜਬੂਰ ਕਰ ਦਿੱਤਾ। (ਉਦੋਂ ਹਰ ਧਰਮ ਦੇ ਹਿੰਦੋਸਤਾਨੀਆਂ ਨੂੰ ਉੱਥੇ ਹਿੰਦੂ ਹੀ ਕਿਹਾ ਜਾਂਦਾ ਸੀ।)
1912 ਵਿੱਚ ਜਦੋਂ ਯੂਬਾ ਦੇ ਇਲਾਕੇ ਵਿੱਚ ਕਾਫ਼ੀ ਪੰਜਾਬੀ ਹੋ ਗਏ ਸਨ, ਇੱਕ ਜਾਇਦਾਦੀ ਵਿਚੋਲੇ ਨੇ ਕੁਛ ਪੰਜਾਬੀਆਂ ਨੂੰ ਜ਼ਮੀਨ ਵਿਕਵਾ ਦਿੱਤੀ। ਅਖ਼ਬਾਰ ਦੇ ਮੁੱਖ ਪੰਨੇ ਉੱਤੇ ਹੂਬਹੂ ਛਾਪੇ ਗਏ ਸਥਾਨਕ ਲੋਕਾਂ ਦੇ ਰੋਸ-ਪੱਤਰ ਵਿੱਚ ਕਿਹਾ ਗਿਆ, “ਇੰਡੀਆ ਤੋਂ ਆਏ ਬੰਦਿਆਂ ਨੇ, ਜੋ ਧਰਤੀ ਉੱਤੇ ਮਨੁੱਖਜਾਤੀ ਦਾ ਸਭ ਤੋਂ ਨਿੱਘਰਿਆ ਤੇ ਸਭ ਤੋਂ ਘਿਣਾਉਣਾ ਨਮੂਨਾ ਹਨ, ਸਾਡੇ ਛੋਟੇ ਜਿਹੇ ਸੁਖ-ਵਸਦੇ ਅਤੇ ਸੁਹਾਵਣੇ ਇਲਾਕੇ ਉੱਤੇ ਹੱਲਾ ਬੋਲ ਦਿੱਤਾ ਹੈ।” 1915 ਵਿੱਚ ਇੱਕ ਪੁਲਿਸ ਅਧਿਕਾਰੀ ਨੇ ਉਸੇ ਅਖ਼ਬਾਰ ਨੂੰ ਦੱਸਿਆ ਕਿ ਸਥਾਨਕ ਲੋਕ ਮੈਨੂੰ ਆਖਦੇ ਹਨ, ਮੈਂ ਹਿੰਦੁਸਤਾਨੀ ਕਾਮਿਆਂ ਦੇ ਕੁੱਲੇ-ਜੁੱਲੇ ਲੁੱਟਣ ਵਾਲਿਆਂ ਨੂੰ ਲੱਭਣ ਤੇ ਸਜ਼ਾ ਦਿਵਾਉਣ ਦੀ ਕੋਸ਼ਿਸ਼ ਨਾ ਕਰਿਆ ਕਰਾਂ। ਇਸ ਸਭ ਦੇ ਬਾਵਜੂਦ ਪਰਵਾਸ ਲਗਾਤਾਰ ਵਧਦਾ ਰਿਹਾ।
ਆਰਥਿਕ ਖ਼ੁਸ਼ਹਾਲੀ ਦੀ ਆਸ ਵਿੱਚ ਪਰਦੇਸ ਪਹੁੰਚਣ-ਵਸਣ ਲਈ ਅੱਜ ਵੀ ਪੰਜਾਬੀ ਮੁਸ਼ਕਿਲਾਂ-ਮੁਸੀਬਤਾਂ ਸਹਿਣ ਵਾਸਤੇ ਉਹਨਾਂ ਮੁਢਲੇ ਬਜ਼ੁਰਗਾਂ ਵਰਗੀ ਹੀ ਦਲੇਰੀ ਦਿਖਾਉਂਦੇ ਹਨ। ਮੈਨੂੰ ਚੇਤਾ ਹੈ, ਜਦੋਂ ਸਾਡੀ ਪੀੜ੍ਹੀ ਦੇ ਲੋਕਾਂ ਨੇ ਇੰਗਲੈਂਡ ਜਾਣਾ ਸ਼ੁਰੂ ਕੀਤਾ, ਕੁਛ ਚਿਰ ਮਗਰੋਂ ਵੱਡੀ ਕੋਠੀ ਸਾਹਮਣੇ ਜਹਾਜ਼ ਜਿੱਡੀ ਕਾਰ ਕੋਲ ਖਲੋਤਿਆਂ ਦੀਆਂ ਉਹਨਾਂ ਦੀਆਂ ਤਸਵੀਰਾਂ ਆਉਣ ਲੱਗੀਆਂ। ਪਰਵਾਸੀ ਹੀ ਭੇਤ ਖੋਲ੍ਹਦੇ ਕਿ ਕੋਠੀ-ਕਾਰ ਦਾ ਮਾਲਕ ਤਾਂ ਕੋਈ ਗੋਰਾ ਹੈ, ਤਸਵੀਰ ਹੀ ਤਸਵੀਰ ਇਹਨਾਂ ਦੀ ਹੈ। ਤਾਂ ਵੀ ਆਰਥਿਕ ਪੱਖੋਂ ਉਹ ਇੱਧਰ ਨਾਲੋਂ ਤਾਂ ਚੰਗੇ ਹੀ ਰਹਿੰਦੇ ਸਨ ਜਿਸਦਾ ਵਿਖਾਵਾ ਉਹ ਆਪਣਿਆਂ ਨੂੰ ਮਿਲਣ ਆਏ ਦਿਲ ਖੋਲ੍ਹ ਕੇ ਕਰਦੇ ਸਨ। ਫੇਰ ਜਦੋਂ ਖ਼ੁਸ਼ਹਾਲੀ ਉਹਨਾਂ ਨੂੰ ਸੱਚਮੁੱਚ ਦਰਸ਼ਨ ਦੇਣ ਲੱਗੀ, ਉਹ ਆਪਣੇ ਨੰਗਪੁਣੇ ਦੇ ਖ਼ਾਤਮੇ ਦੇ ਐਲਾਨਨਾਮੇ ਅਤੇ ਖ਼ੁਸ਼ਹਾਲੀ ਦੇ ਇਸ਼ਤਿਹਾਰ ਵਜੋਂ ਇੱਧਰ ਮਹਿਲਾਂ ਵਰਗੀਆਂ ਕੋਠੀਆਂ ਪਾਉਣ ਲੱਗੇ। ਇਹ ਸਭ ਦੇਖ ਕੇ ਆਮ ਪੰਜਾਬੀ ਨੌਜਵਾਨਾਂ ਦਾ ਪਰਦੇਸਾਂ ਵਿੱਚ ਖ਼ੁਸ਼ਹਾਲੀ ਦੀ ਮਿਰਗ-ਤ੍ਰਿਸ਼ਨਾ ਪਿੱਛੇ ਭੱਜਦਿਆਂ ਸਾਹੋ-ਸਾਹ ਹੋਣਾ ਕੁਦਰਤੀ ਸੀ।
ਪਰਵਾਸ ਦੇ ਆਰਥਿਕ ਪੱਖ ਨਾਲ ਹੁਣ ਸਮਾਜਕ ਪੱਖ ਵੀ ਜੁੜ ਗਿਆ ਹੈ। ਸਾਡੇ ਦੇਸ ਵਿੱਚ ਧਰਮਾਂ ਤੇ ਜਾਤਾਂ ਵਿਚਕਾਰ ਨਫ਼ਰਤ ਤੇ ਵੈਰਭਾਵ ਦਾ ਜੋ ਮਾਹੌਲ ਪੈਦਾ ਹੋ ਗਿਆ ਹੈ ਤੇ ਤਿੱਖਾ ਹੁੰਦਾ ਜਾਂਦਾ ਹੈ, ਉਹ ਬਿਨਾਂ-ਸ਼ੱਕ ਨੌਜਵਾਨ ਪੀੜ੍ਹੀ ਉੱਤੇ ਅਸਰ ਪਾ ਰਿਹਾ ਹੈ। ਇਸ ਤੋਂ ਇਲਾਵਾ ਗੈਂਗਸਟਰਾਂ ਦੇ ਬੋਲਬਾਲੇ ਤੇ ਨਸ਼ਿਆਂ ਦੀ ਮਹਾਂਮਾਰੀ ਜਿਹੀਆਂ ਗੱਲਾਂ ਨਿਰਾਸਤਾ ਵਿੱਚ ਵਾਧਾ ਕਰਦੀਆਂ ਹਨ। ਇਹ ਮਾਹੌਲ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਸਿੱਧਾ ਦਖ਼ਲ ਨਹੀਂ ਵੀ ਦਿੰਦਾ, ਉਹਨਾਂ ਦੀ ਸੋਚ ਅਤੇ ਮਾਨਸਿਕਤਾ ਨੂੰ ਵੀ ਯਕੀਨਨ ਪਰੇਸ਼ਾਨ ਕਰਦਾ ਹੈ। ਜੇ ਨੇੜਲੀ ਮਿਸਾਲ ਲੈਣੀ ਹੋਵੇ, ਮੰਨ ਲਵੋ ਕਿਸੇ ਦੇ ਗੁਆਂਢੀ ਘਰ ਵਿੱਚ ਰੋਜ਼ ਕਾਟੋ-ਕਲੇਸ ਤੇ ਗਾਲ਼ੀ-ਗਲੋਚ ਹੁੰਦਾ ਹੋਵੇ, ਉਹ ਉਹਨਾਂ ਦੇ ਝਗੜੇ ਨਾਲ ਕੋਈ ਸਿੱਧਾ ਸੰਬੰਧ ਨਾ ਹੋਣ ਦੇ ਬਾਵਜੂਦ ਖਿਝ ਕੇ ਤੇ ਪਰੇਸ਼ਾਨ ਹੋ ਕੇ ਆਖਦਾ ਹੈ, “ਬੜਾ ਚੰਦਰਾ ਗੁਆਂਢ ਮਿਲਿਆ ਹੈ, ਰੋਜ਼ ਸਿਆਪਾ ਪਾ ਬੈਠਦੇ ਨੇ!” ਵਰਤਮਾਨ ਮਾਹੌਲ ਚੰਗਾ ਜੀਵਨ ਜਿਊਣ ਦੇ ਚਾਹਵਾਨ ਨੌਜਵਾਨਾਂ ਦੇ ਸਾਰੇ ਰਾਹ ਬੰਦ ਕਰ ਕੇ ਉਹਨਾਂ ਦੇ ਪੱਲੇ ਇਹੋ ਖਿਝ ਤੇ ਇਹੋ ਪਰੇਸ਼ਾਨੀ ਪਾਉਂਦਾ ਹੈ।
ਜਿੱਥੋਂ ਤਕ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਤੰਗੀ ਦਾ ਸਵਾਲ ਹੈ, ਇਹ ਸਾਡੇ ਪੁਰਖੇ ਮੋਢੀ ਪਰਵਾਸੀਆਂ ਵੇਲੇ ਵੀ ਮੁੱਖ ਕਾਰਨ ਸੀ, ਅੱਜ ਵੀ ਮੁੱਖ ਕਾਰਨ ਹੈ। ਸਮਾਜਕ ਮਾਹੌਲ ਪੁਰਖਿਆਂ ਵੇਲੇ ਅੰਗਰੇਜ਼ ਦੀ ਗ਼ੁਲਾਮੀ ਦੇ ਬਾਵਜੂਦ ਨਫ਼ਰਤੀ ਨਹੀਂ ਸੀ। ਸਗੋਂ ਆਜ਼ਾਦੀ ਦੀ ਲੜਾਈ ਨੇ ਸਭ ਧਰਮਾਂ ਤੇ ਜਾਤਾਂ ਨੂੰ ਏਕਤਾ ਵਿੱਚ ਪਰੋਇਆ ਹੋਇਆ ਸੀ। ਇਉਂ ਵਰਤਮਾਨ ਮਾਹੌਲ ਸਾਡੇ ਨੌਜਵਾਨਾਂ ਲਈ ਪੁਰਖਿਆਂ ਦੇ ਪਰਵਾਸ ਦੇ ਆਰਥਿਕ ਕਾਰਨ ਨਾਲ ਇੱਕ ਹੋਰ ਕਾਰਨ, ਸਮਾਜਕ ਕਾਰਨ ਜੋੜ ਦਿੰਦਾ ਹੈ। ਉਹ ਸੋਚਦੇ ਹਨ, ਜੇ ਲਾਹੇਵੰਦੀ ਖੇਤੀ ਜਾਂ ਹੋਰ ਕਿਸੇ ਰੁਜ਼ਗਾਰ ਦੀ ਕੋਈ ਸੰਭਾਵਨਾ ਨਹੀਂ, ਨੌਕਰੀ ਦਾ ਕੋਈ ਰਾਹ ਨਹੀਂ, ਸਮਾਜਕ ਸ਼ਾਂਤੀ ਤੇ ਅਮਨ-ਚੈਨ ਨਹੀਂ, ਕੀ ਪਿਆ ਹੈ ਇੱਥੇ! ਪੇਟ ਦੀ ਭੁੱਖ ਇਕੱਲੀ ਹੀ ਮਾਣ ਨਹੀਂ ਹੁੰਦੀ, ਜੇ ਉਸ ਵਿੱਚ ਮਨ ਦੀ ਬੇਚੈਨੀ ਵੀ ਮਿਲ ਜਾਵੇ, ਉਹਦੀ ਬਗ਼ਾਵਤੀ ਤਾਕਤ ਦੀ ਕੋਈ ਹੱਦ ਨਹੀਂ ਰਹਿੰਦੀ। ਜੰਮਣ-ਭੋਏਂ ਦਾ ਤੇ ਜੰਮਣ-ਭੋਏਂ ਵਾਲਿਆਂ ਦਾ ਮੋਹ ਤਾਂ ਕਿਤੇ ਰਿਹਾ, ਉਹ ਤਾਂ ਸਿਦਕੀ ਭਗਤਾਂ ਤੋਂ ਰੱਬ ਨੂੰ ਵੀ ਇਹ ਅਖਵਾ ਦਿੰਦੀ ਹੈ, “ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ, ਐਹ ਲੈ ਚੱਕ ਮਾਲ਼ਾ ਆਪਣੀ!”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4153)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)