“ਪਰਦੇਸਾਂ ਵਿਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ...”
(ਫਰਵਰੀ 21, 2016)
(ਪੰਜਾਬੀ ਦੇ ਭਵਿੱਖ ਸੰਬੰਧੀ ਚਰਚਾ ਚਲਦੀ ਹੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਅਫ਼ਵਾਹ ਫੈਲ ਗਈ ਕਿ ਯੁਨੈਸਕੋ ਅਨੁਸਾਰ ਪੰਜਾਬੀ ਆਉਂਦੇ ਪੰਜਾਹ ਸਾਲਾਂ ਵਿਚ ਅਲੋਪ ਹੋ ਜਾਵੇਗੀ। ਭਾਵੇਂ ਯੂਨੈਸਕੋ ਦੇ ਦਿੱਲੀ ਦਫ਼ਤਰ ਨੇ ਪੁੱਛ-ਗਿੱਛ ਦੇ ਜਵਾਬ ਵਿਚ ਅਜਿਹਾ ਕੋਈ ਨਿਰਨਾ ਦਿੱਤਾ ਹੋਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ, ਤਾਂ ਵੀ ਘੱਟ ਪੜ੍ਹਨ, ਸੋਚਣ ਅਤੇ ਵਿਚਾਰਨ ਪਰ ਵਿਦਵਤਾ ਦਾ ਬਹੁਤਾ ਵਿਖਾਲਾ ਪਾਉਣ ਵਾਲੇ ਸਾਡੇ ਵਰਤਮਾਨ ਭਾਸ਼ਾਈ ਮਾਹੌਲ ਵਿਚ ਤੁਹਾਨੂੰ ਅਖ਼ਬਾਰਾਂ-ਰਸਾਲਿਆਂ ਵਿਚ ਅਨਗਿਣਤ ਲੇਖ ਲਗਾਤਾਰ ਛਪਦੇ ਰਹਿੰਦੇ ਮਿਲਣਗੇ ਜਿਨ੍ਹਾਂ ਦਾ ਪਹਿਲਾ ਵਾਕ ਹੁੰਦਾ ਹੈ, “ਸੰਯੁਕਤ ਰਾਸ਼ਟਰ ਦੇ ਇਕ ਸਰਵੇ ਅਨੁਸਾਰ ਪੰਜਾਬੀ ਪੰਜਾਹ ਸਾਲਾਂ ਵਿਚ ਮਰ ਜਾਵੇਗੀ।” ਮੇਰਾ ਭਾਵ ਇਹ ਨਹੀਂ ਕਿ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ। ਪਰ ਇਹ ਮੁੱਦਾ ਬਿਲਕੁਲ ਵੱਖਰੇ ਨਜ਼ਰੀਏ ਨਾਲ ਵਿਚਾਰੇ ਜਾਣ ਦੀ ਮੰਗ ਕਰਦਾ ਹੈ। ਇਸ ਲੇਖ ਵਿਚ ਮੈਂ ਆਪਣੇ ਭਾਸ਼ਾਈ-ਬੌਧਿਕ ਵਿਤ ਅਨੁਸਾਰ ਇਹੋ ਯਤਨ ਕੀਤਾ ਹੈ। ਜੇ ਹੋਰ ਸੱਜਣ ਇਸ ਗੱਲ ਨੂੰ ਅੱਗੇ ਤੋਰ ਸਕਣ, ਹੋਰ ਵੀ ਚੰਗੀ ਗੱਲ ਹੋਵੇ!)
**
ਮਨੁੱਖ ਲਈ ਭਾਸ਼ਾ ਦਾ, ਇਸ ਕਰਕੇ ਪੰਜਾਬੀਆਂ ਲਈ ਪੰਜਾਬੀ ਦਾ ਮਹੱਤਵ ਇੰਨਾ ਉਜਾਗਰ ਹੈ ਕਿ ਇਸ ਦੀ ਵਿਆਖਿਆ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਜੰਗਲੀ ਮਨੁੱਖ ਨੇ ਵਰਤਮਾਨ ਪੜਾਅ ਤੱਕ ਜੋ ਪੰਧ ਮੁਕਾਇਆ ਹੈ, ਉਹ ਕਿਰਤ ਅਤੇ ਭਾਸ਼ਾ ਦੇ ਦੋ ਪੈਰਾਂ ਉੱਤੇ ਤੁਰ ਕੇ ਹੀ ਮੁਕਾਇਆ ਹੈ। ਅੱਜ ਦੇ ਕੰਪਿਊਟਰੀ ਜੁੱਗ ਵਾਲੀ ਵਿਕਸਿਤ ਭਾਸ਼ਾ ਦਾ ਮੁੱਢ ਉਸ ਸਮੇਂ ਬੱਝਿਆ ਜਦੋਂ ਚਾਰ ਪੈਰਾਂ ਵਾਲੇ ਪਸੂ ਨੇ ਸਿੱਧਾ ਤਣ ਕੇ ਪਿਛਲੇ ਦੋ ਨੂੰ ਪੈਰ ਰੱਖਦਿਆਂ ਅਗਲੇ ਦੋ ਨੂੰ ਹੱਥ ਬਣਾ ਲਿਆ ਅਤੇ ਉੱਚੀ ਥਾਂ ਖਲੋ ਕੇ ਦੂਰ ਦੂਰ ਤੱਕ ਪਸਰੀ ਹੋਈ ਕੁਦਰਤ ਨੂੰ ਨਿਹਾਰਦਿਆਂ ਤੇ ਮਹਿਸੂਸਦਿਆਂ ਅਚੰਭੇ ਅਤੇ ਆਨੰਦ ਨਾਲ ਲੰਮੀ ਤੇ ਉੱਚੀ ਕਿਲਕਾਰੀ ਮਾਰੀ। ਬਿਨਾਂ-ਸ਼ੱਕ ਜੇ ਧੁਨੀਆਂ ਅਤੇ ਸ਼ਬਦ ਉਹਦੇ ਵੱਸ ਵਿਚ ਹੁੰਦੇ, ਉਹਨੇ ਇਸ ਕਿਲਕਾਰੀ ਦੀ ਭਾਵਨਾ ਨੂੰ ਉਸੇ ਰੂਪ ਵਿਚ ਪਰਗਟ ਕਰਨਾ ਸੀ ਜਿਵੇਂ ਲੱਖਾਂ ਸਾਲ ਮਗਰੋਂ ਬਾਬਾ ਨਾਨਕ ਨੇ ਵਿਸਮਾਦੀ ਖ਼ੁਮਾਰੀ ਨਾਲ ਕਿਹਾ ਸੀ,"ਬਲਿਹਾਰੀ ਕੁਦਰਤਿ ਵਸਿਆ, ਤੇਰਾ ਅੰਤੁ ਨ ਜਾਈ ਲਖਿਆ!”
ਇਸ ਕਿਲਕਾਰੀ ਦੇ ਰੂਪ ਵਿਚ ਪਰਗਟ ਹੋਈ ਬੋਲੀ ਮਨੁੱਖ ਲਈ ਇਕ ਵਰ ਸਿੱਧ ਹੋਈ ਤਾਂ ਬਾਕੀ ਚਾਰ ਉਂਗਲਾਂ ਨਾਲੋਂ ਨਿੱਖੜ ਕੇ ਹੌਲੀ ਹੌਲੀ 90 ਦਰਜੇ ਉੱਤੇ ਪੁੱਜਿਆ ਅੰਗੂਠਾ ਸਭ ਪ੍ਰਾਣੀਆਂ ਵਿੱਚੋਂ ਇੱਕੋ-ਇੱਕ ਮਨੁੱਖ ਨੂੰ ਪਕੜ ਦੀ ਅਤੇ ਇਸ ਕਰਕੇ ਕਿਰਤ ਦੀ ਸਮਰੱਥਾ ਦਿੰਦਿਆਂ ਦੂਜਾ ਵਰ ਸਿੱਧ ਹੋਇਆ। ਕਿਰਤ ਵਿਚਾਰਾਂ ਨੂੰ ਤੇ ਭਾਸ਼ਾ ਨੂੰ ਵਿਕਸਿਤ ਕਰਦੀ ਗਈ ਅਤੇ ਵਿਚਾਰਾਂ ਨੂੰ ਪ੍ਰਗਟਾਉਂਦੀ ਭਾਸ਼ਾ ਕਿਰਤ ਦੇ ਵਿਕਾਸ ਦਾ ਆਧਾਰ ਬਣੀ। ਜਦੋਂ ਹਾਕਮ ਜਮਾਤ ਦੇ ਅੰਗ ਗੁਰੂ ਦਰੋਣਾਚਾਰੀਆ ਨੇ ਇਕਲੱਵਿਅ ਤੋਂ ਅੰਗੂਠੇ ਦੀ ਗੁਰੂ-ਦੱਛਣਾ ਮੰਗੀ ਸੀ, ਉਹ ਉਸਨੂੰ ਸਿਰਫ਼ ਹੱਥ ਦੇ ਇਕ ਹਿੱਸੇ ਤੋਂ ਵਿਰਵਾ ਹੀ ਨਹੀਂ ਸੀ ਕਰਨਾ ਚਾਹੁੰਦਾ, ਸਗੋਂ ਅੰਗੂਠੇ ਨੂੰ ਕਿਰਤ, ਭਾਸ਼ਾ ਤੇ ਸਭਿਆਚਾਰ ਦਾ ਪ੍ਰਤੀਕ ਮੰਨਦਿਆਂ ਉਹਦੀ ਜਾਤ-ਜਮਾਤ ਨੂੰ ਇਹਨਾਂ ਦੇ ਹਰ ਹੱਕ ਤੋਂ ਵਿਰਵਾ ਕਰਨ ਦਾ ਅਣਮਨੁੱਖੀ ਅਤੇ ਅਸਫਲ ਜਤਨ ਕਰ ਰਿਹਾ ਸੀ। ਦਰੋਣਾਚਾਰੀਆ ਦੇ ਖੋਹੇ ਅੰਗੂਠੇ ਤੋਂ ਬਿਨਾਂ ਵੀ ਬਾਕੀ ਚਾਰ ਉਂਗਲਾਂ ਦੇ ਸਹਾਰੇ ਹੀ ਉਹਦੇ ਲਾਡਲੇ ਸ਼ਿਸ਼ ਅਰਜੁਨ ਨੂੰ ਤੀਰਬਾਜ਼ੀ ਦੇ ਗਹਿਗੱਚ ਟਾਕਰੇ ਵਿਚ ਮੁੜ੍ਹਕੋ-ਮੁੜ੍ਹਕੀ ਕਰਦਿਆਂ ਇਕਲੱਵਿਅ ਨੇ ਆਮ ਲੋਕਾਂ ਦੀਆਂ ਭਵਿੱਖੀ ਨਸਲਾਂ ਦੇ ਕਿਰਤ, ਭਾਸ਼ਾ ਤੇ ਸਭਿਆਚਾਰ ਦੇ ਹੱਕ ਦਾ ਪਰਚਮ ਬੁਲੰਦ ਕਰ ਦਿਖਾਇਆ ਸੀ।
ਭਾਸ਼ਾ ਦੇ ਮਹੱਤਵ ਬਾਰੇ ਏਨੀ ਗੱਲ ਕਰਨ ਪਿੱਛੋਂ ਆਓ ਆਪਣੀ ਪੰਜਾਬੀ ਦੀ ਗੱਲ ਕਰੀਏ। ਪੰਜਾਬੀ ਦੇ ਭਵਿੱਖ ਸੰਬੰਧੀ ਚਰਚਾ ਹੁਣ ਫੇਰ ਭਖੀ ਹੋਈ ਹੈ। ਇਸਦਾ ਇਕ ਕਾਰਨ ਕੁਛ ਸਮਾਂ ਪਹਿਲਾਂ ਫੈਲੀ ਇਹ ਅਫ਼ਵਾਹ ਹੈ ਕਿ ਯੁਨੈਸਕੋ ਅਨੁਸਾਰ ਪੰਜਾਬੀ ਆਉਂਦੇ ਪੰਜਾਹ ਸਾਲਾਂ ਵਿਚ ਲੋਪ ਹੋ ਜਾਵੇਗੀ। ਭਾਵੇਂ ਯੂਨੈਸਕੋ ਦੇ ਦਿੱਲੀ ਦਫ਼ਤਰ ਨੇ ਪੁੱਛ-ਗਿੱਛ ਦੇ ਜਵਾਬ ਵਿਚ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਅਜਿਹਾ ਕੋਈ ਨਿਰਨਾ ਨਹੀਂ ਦਿੱਤਾ, ਤਾਂ ਵੀ ਘੱਟ ਪੜ੍ਹਨ, ਸੋਚਣ ਅਤੇ ਵਿਚਾਰਨ ਪਰ ਵਿਦਵਤਾ ਦਾ ਬਹੁਤਾ ਵਿਖਾਲਾ ਪਾਉਣ ਵਾਲੇ ਸਾਡੇ ਵਰਤਮਾਨ ਭਾਸ਼ਾਈ ਮਾਹੌਲ ਵਿਚ ਤੁਹਾਨੂੰ ਅਖ਼ਬਾਰਾਂ-ਰਸਾਲਿਆਂ ਵਿਚ ਅਨਗਿਣਤ ਲੇਖ ਲਗਾਤਾਰ ਛਪਦੇ ਰਹਿੰਦੇ ਮਿਲਣਗੇ ਜਿਨ੍ਹਾਂ ਦਾ ਪਹਿਲਾ ਵਾਕ ਹੁੰਦਾ ਹੈ, “ਸੰਯੁਕਤ ਰਾਸ਼ਟਰ ਦੇ ਇਕ ਸਰਵੇ ਅਨੁਸਾਰ ਪੰਜਾਬੀ ਪੰਜਾਹ ਸਾਲਾਂ ਵਿਚ ਮਰ ਜਾਵੇਗੀ।”
ਜਦੋਂ ਅਸੀਂ ਵਰਤਮਾਨ ਦੌਰ ਵਿਚ ਅਨੇਕ ਭਾਸ਼ਾਵਾਂ ਦੀ ਨਿਰਬਲ ਹੁੰਦੀ ਜਾਂਦੀ ਹਾਲਤ ਦੀ ਗੱਲ ਕਰਦੇ ਹਾਂ, ਸਾਨੂੰ ਇਹਨਾਂ ਨੂੰ ਬਲ ਦੇਣ ਵਾਲੇ ਪੱਖ ਵੀ ਚੇਤੇ ਰੱਖਣੇ ਚਾਹੀਦੇ ਹਨ। ‘ਪੀਪਲਜ਼ ਲਿੰਗੂਇਸਟਿਕ ਸਰਵੇ ਆਫ਼ ਇੰਡੀਆ’ ਦੇ ਮੁਖੀ ਪ੍ਰੋ. ਜੀ. ਐਨ. ਦੇਵੀ ਨੇ ਇਹਨਾਂ ਪੱਖਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਪ੍ਰਸੰਗ ਵਿਚ ਇਹ ਤੱਥ ਚਿਤਾਰਨਾ ਜ਼ਰੂਰੀ ਹੈ ਕਿ ਪਿਛਲੀ ਸਦੀ ਵਿਚ ਸ਼ੁਰੂ ਹੋਏ ਪੰਜਾਬੀ ਦੀ ਤੇਜ਼ ਤਰੱਕੀ ਦੇ ਦੌਰ ਤੋਂ ਪਹਿਲਾਂ ਵੀ ਇਹ ਜਿਵੇਂ-ਕਿਵੇਂ ਜੀਵਤ ਰਹੀ ਕੋਈ ਨਿਆਸਰੀ ਭਾਸ਼ਾ ਨਹੀਂ ਸੀ ਸਗੋਂ ਇਸਦੇ ਆਰੰਭ ਤੋਂ ਹੀ ਸਮੇਂ ਸਮੇਂ ਇਹਦੀ ਬੁਨਿਆਦ ਵਿਚ ਅਜਿਹੇ ਪੱਥਰ ਟਿਕਦੇ ਰਹੇ ਜਿਨ੍ਹਾਂ ਸਦਕਾ ਭਵਿੱਖ ਵਿਚ ਉਸ ਉੱਤੇ ਸ਼ਾਨਦਾਰ ਉਸਾਰੀ ਦੀ ਸੰਭਾਵਨਾ ਬਣ ਸਕੀ। ਇਸੇ ਪੱਕੀ ਬੁਨਿਆਦ ਸਦਕਾ ਹੀ ਇਹ ਅੱਗੇ ਚੱਲ ਕੇ ਆਏ ਫ਼ਿਰਕੂ ਅਤੇ ਸਰਕਾਰੀ ਝੱਖੜਾਂ-ਤੂਫ਼ਾਨਾਂ ਵਿੱਚੋਂ ਵੱਡੀ ਹੱਦ ਤੱਕ ਬਚਦੀ ਰਹੀ।
ਪਹਿਲੀ ਗੱਲ, ਭਾਸ਼ਾਈ ਕਾਰਨ ਦੇ ਨਾਲ ਨਾਲ ਸਮਾਜਕ, ਇਤਿਹਾਸਕ ਅਤੇ ਧਾਰਮਿਕ ਕਾਰਨਾਂ ਸਦਕਾ ਗਿਆਰ੍ਹਵੀਂ ਸਦੀ ਦੇ ਨੇੜੇ-ਤੇੜੇ ਜਦੋਂ ਪੰਜਾਬੀ ਨੇ (ਤੇ ਇਹਦੇ ਨਾਲ ਹੀ ਬੰਗਲਾ, ਮਰਾਠੀ, ਗੁਜਰਾਤੀ, ਉੜੀਆ, ਮਲਿਆਲਮ, ਤੇਲਗੂ, ਆਦਿ ਨੇ) ਸਾਹਿਤ ਸਿਰਜਣ ਦੇ ਸਮਰੱਥ ਭਾਸ਼ਾ ਵਜੋਂ ਸ਼ਕਲ ਫੜਨੀ ਸ਼ੁਰੂ ਕੀਤੀ, ਇਹ ਲੋਕ-ਬੋਲੀ ਤੇ ਲੋਕ-ਸਭਿਆਚਾਰ ਵਿਚ ਆਇਆ ਇਕ ਨਵਾਂ ਪੜਾਅ ਤਾਂ ਸੀ ਪਰ ਇਹਦੀਆਂ ਜੜ੍ਹਾਂ ਵੇਦਾਂ-ਸ਼ਾਸਤਰਾਂ ਜਿਹੇ ਸਦੀਆਂ ਪੁਰਾਣੇ ਉੱਚਕੋਟੀ ਦੇ ਲਿਪੀਬੱਧ ਗਿਆਨ ਤੱਕ ਪੁੱਜਦੀਆਂ ਸਨ। ਇਸ ਨਾਤੇ ਦਾ ਸੁਖਾਵਾਂ ਅਸਰ ਤਾਂ ਇਹ ਹੋਇਆ ਕਿ ਇਹ ਗਿਆਨ ਪੰਜਾਬੀ ਦੇ ਵਿਕਾਸ ਵਾਸਤੇ ਇਕ ਵੱਡੀ ਟੇਕ ਬਣਿਆ ਪਰ ਨਾਲ ਹੀ ਪੰਜਾਬੀ ਨੂੰ ਸ਼ਕਤੀਸ਼ਾਲੀ ਸੰਸਕ੍ਰਿਤ ਦੇ ਸਮਾਜਕ, ਸਭਿਆਚਾਰਕ ਅਤੇ ਭਾਸ਼ਾਈ ਦਾਬੇ ਦਾ ਟਾਕਰਾ ਵੀ ਕਰਨਾ ਪਿਆ। ਇਸ ਟਾਕਰੇ ਵਿੱਚੋਂ ਸਹੀ-ਸਲਾਮਤ ਬਚ ਨਿਕਲਣ ਨੇ ਬਿਨਾਂ-ਸ਼ੱਕ ਪੰਜਾਬੀ ਨੂੰ ਆਸ ਵੀ ਦਿੱਤੀ ਅਤੇ ਵਿਸ਼ਵਾਸ ਵੀ। ਇਸੇ ਕਰਕੇ ਇਹ ਅੱਗੇ ਚੱਲ ਕੇ ਇਸ ਤੋਂ ਵੀ ਵੱਧ ਸ਼ਕਤੀਸ਼ਾਲੀ ਤੇ ਕਰੂਰ ਅਰਬੀ-ਫ਼ਾਰਸੀ ਦੇ ਦਾਬੇ ਵਿੱਚੋਂ ਅਤੇ ਫੇਰ ਆਧੁਨਿਕ ਭਾਸ਼ਾਈ ਜੁਗਤਾਂ ਨਾਲ ਲੈਸ ਹੋਰ ਵੀ ਵੱਧ ਸ਼ਕਤੀਸ਼ਾਲੀ ਅੰਗਰੇਜ਼ੀ ਦੇ ਦਾਬੇ ਵਿੱਚੋਂ ਬਚੀ ਰਹਿਣ ਵਿਚ ਸਫਲ ਹੁੰਦੀ ਰਹੀ।
ਸਾਨੂੰ ਇਕ ਤਾਂ ਪੰਜਾਬੀ ਦੀ ਇਹ ਅੰਦਰੂਨੀ ਸ਼ਕਤੀ ਪਛਾਣਨ ਅਤੇ ਉਜਾਗਰ ਕਰਨ ਦੀ ਲੋੜ ਹੈ ਅਤੇ ਦੂਜੇ, ਪੰਜਾਬੀ ਸਾਹਿਤ-ਸਭਿਆਚਾਰ ਦੇ ਸੰਬੰਧ ਵਿਚ ਸਾਨੂੰ ਬਾਬਾ ਫ਼ਰੀਦ ਤੋਂ ਪਿੱਛੇ ਲਕੀਰ ਮਾਰਨਾ ਛੱਡ ਕੇ ਅਜੋਕੇ ਪੰਜਾਬੀ ਬੋਲਦੇ ਇਲਾਕੇ ਦੇ ਉਸ ਸਮੇਂ ਵਾਲੇ ਭੂਗੋਲਕ ਖੇਤਰ ਦੇ ਨਰੋਏ ਵਿਰਸੇ ਨੂੰ ਅਪਣਾਉਣਾ ਚਾਹੀਦਾ ਹੈ। ਜਦੋਂ ਭਾਈ ਗੁਰਦਾਸ ਨੇ ਬਾਬਾ ਨਾਨਕ ਦੇ ਪ੍ਰਗਟ ਹੋਇਆਂ ਧੁੰਦ ਮਿਟਣ ਦੀ ਗੱਲ ਕੀਤੀ ਸੀ, ਉਹ ਮੱਧਕਾਲੀ ਹਨੇਰ ਦਾ ਜ਼ਿਕਰ ਕਰ ਰਹੇ ਸਨ। ਉਹਨਾਂ ਦਾ ਇਹ ਭਾਵ ਨਹੀਂ ਸੀ ਕਿ ਉਸ ਤੋਂ ਪਹਿਲਾਂ ਇੱਥੇ ਸਦਾ ਤੋਂ ਧੁੰਦ ਹੀ ਸੀ। ਮੱਧਕਾਲੀ ਧੁੰਦ ਤੋਂ ਪਹਿਲਾਂ ਦੇ ਚਾਨਣ ਦਾ ਗੂੜ੍ਹਾ ਪ੍ਰਭਾਵ ਤਾਂ ਭਾਈ ਗੁਰਦਾਸ ਸਮੇਤ ਰਚਨਾਕਾਰਾਂ ਅਤੇ ਬਾਣੀਕਾਰਾਂ ਦੀਆਂ ਕਿਰਤਾਂ ਵਿਚ ਸਾਫ਼ ਝਲਕਦਾ ਹੈ।
ਦੂਜੀ ਗੱਲ, ਇਹਦੇ ਨਾਲੋ-ਨਾਲ ਹੀ ਪੰਜਾਬੀ ਦੀ ਆਪਣੀ ਲਿਪੀ ਗੁਰਮੁਖੀ ਦਾ ਸਹਿਜ-ਵਿਕਾਸ ਸੀ ਜਿਸ ਨੂੰ ਉਹਦੇ ਮੁੱਢਲੇ ਦੌਰ ਵਿਚ ਹੀ ਬਾਣੀ ਲਈ ਵਰਤੇ ਜਾਣ ਨੇ ਅਮਰਤਾ ਬਖ਼ਸ਼ ਦਿੱਤੀ। ਭਾਵੇਂ ਸਦੀਆਂ ਮਗਰੋਂ ਵੱਖ ਵੱਖ ਧਿਰਾਂ ਨੇ ਆਪਣੇ ਰਾਜਨੀਤਕ ਅਤੇ ਧਾਰਮਿਕ ਹਿਤਾਂ ਲਈ ਪੰਜਾਬੀ ਭਾਈਚਾਰੇ ਦੀ ਫ਼ਿਰਕੂ ਆਧਾਰ ਉੱਤੇ ਭਾਸ਼ਾਈ ਵੰਡ ਖ਼ਾਤਰ ਇਸ ਤੱਥ ਦੀ ਦੁਰਵਰਤੋਂ ਕੀਤੀ ਪਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਬਾਣੀ ਲਈ ਗੁਰਮੁਖੀ ਦੀ ਵਰਤੋਂ ਪੰਜਾਬੀ ਵਾਸਤੇ ਜੀਵਨਦਾਤੀ ਸ਼ਕਤੀ ਸਿੱਧ ਹੋਈ। 18ਵੀਂ-19ਵੀਂ ਸਦੀਆਂ ਵਿਚ ਛਾਪਾਖਾਨੇ ਦੀ ਆਉਂਦ ਨਾਲ ਪੰਜਾਬੀ ਸਮੇਤ ਲਿਪੀਆਂ ਵਾਲੀਆਂ ਭਾਸ਼ਾਵਾਂ ਨੂੰ ਅਤੇ ਉਹਨਾਂ ਵਿਚ ਸਾਹਿਤ-ਰਚਨਾ ਨੂੰ ਵੱਡਾ ਹੁਲਾਰਾ ਮਿਲਿਆ। ਭਾਸ਼ਾਈ ਵਿਕਾਸ ਦੇ ਇਸ ਪੜਾਅ ਉੱਤੇ ਲਿਪੀਆਂ ਤੋਂ ਵਿਰਵੀਆਂ ਬੋਲੀਆਂ ਪਛੜ ਗਈਆਂ ਅਤੇ ਪੰਜਾਬੀ ਸਮੇਤ ਲਿਪੀਆਂ ਵਾਲੀਆਂ ਬੋਲੀਆਂ ਅੱਗੇ ਨਿਕਲਣ ਲੱਗੀਆਂ।
ਤੀਜੀ ਗੱਲ, ਆਜ਼ਾਦ ਭਾਰਤ ਦੀ ਸੰਵਿਧਾਨਸਾਜ਼ ਸਭਾ ਦੇ ਲੰਮੇ ਵਿਚਾਰ-ਵਟਾਂਦਰਿਆਂ ਵਿਚ ਭਾਸ਼ਾਵਾਂ ਦੀ ਸਮੱਸਿਆ ਨਿਰੰਤਰ ਚਰਚਾ ਦਾ ਵਿਸ਼ਾ ਰਹੀ। ਆਖ਼ਰ ਉਹਨਾਂ ਨੂੰ ਵੱਖ ਵੱਖ ਖੇਤਰਾਂ ਵਿਚ ਸਰਕਾਰੀ ਮਾਨਤਾ ਦੇਣ ਦੇ ਆਸ਼ੇ ਨਾਲ ਅੱਠਵੀਂ ਸੂਚੀ ਵਿਚ 14 ਭਾਸ਼ਾਵਾਂ ਦਰਜ ਕੀਤੀਆਂ ਗਈਆਂ। ਖ਼ੁਸ਼ਕਿਸਮਤੀ ਨੂੰ ਪੰਜਾਬੀ ਵੀ ਉਹਨਾਂ ਵਿਚ ਸ਼ਾਮਲ ਸੀ। ਇਸ ਸੂਚੀ ਵਿੱਚੋਂ ਬਾਹਰ ਰਹੀ ਹਰ ਭਾਸ਼ਾ ਨੂੰ ਉਸ ਵਿਚ ਸ਼ਾਮਲ ਹੋਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਇਸੇ ਕਰਕੇ 60 ਸਾਲਾਂ ਤੋਂ ਵੱਧ ਦੇ ਸਮੇਂ ਵਿਚ ਕੁੱਲ 8 ਹੋਰ ਭਾਸ਼ਾਵਾਂ ਹੀ ਇਸ ਵਿਚ ਸ਼ਾਮਲ ਹੋ ਸਕੀਆਂ ਹਨ। ਇਕ ਵਾਰ ਫੇਰ ਪੰਜਾਬੀ ਸਮੇਤ ਸੂਚੀਬੱਧ ਭਾਸ਼ਾਵਾਂ ਦੇ ਵਿਕਾਸ ਵਾਸਤੇ ਗ਼ੈਰ-ਸੂਚੀਬੱਧ ਭਾਸ਼ਾਵਾਂ ਦੇ ਟਾਕਰੇ ਸਹਾਈ ਮਾਹੌਲ ਪੈਦਾ ਹੋ ਗਿਆ।
ਚੌਥੀ ਗੱਲ, ਜੋ ਤੀਜੀ ਨਾਲ ਜੁੜੀ ਹੋਈ ਹੀ ਹੈ, ਸੂਚੀਬੱਧ ਭਾਸ਼ਾਵਾਂ ਦੇ ਆਧਾਰ ਉੱਤੇ ਸੂਬਿਆਂ ਦੀ ਹੱਦਬੰਦੀ ਸੀ। ਇਸ ਸਮੇਂ ਤੱਕ ਭਾਸ਼ਾ ਵਿਚ ਫ਼ਿਰਕੂ-ਸਿਆਸੀ ਦਖ਼ਲ ਬਹੁਤ ਤਕੜਾ ਹੋ ਗਿਆ ਹੋਣ ਕਰਕੇ ਕਈ ਸੂਰਤਾਂ ਵਿਚ ਭਾਸ਼ਾਈ ਸੂਬਿਆਂ ਲਈ ਭਾਰੀ ਜੱਦੋਜਹਿਦ ਕਰਨੀ ਪਈ, ਤਾਂ ਵੀ ਇਕ ਇਕ ਕਰਕੇ ਆਖ਼ਰ ਉਹ ਹੋਂਦ ਵਿਚ ਆ ਹੀ ਗਏ। ਪੰਜਾਬੀ ਦਾ ਸੂਬਾ ਭਾਵੇਂ ਵੱਖ ਵੱਖ ਬਹਾਨਿਆਂ ਨਾਲ ਇਲਾਕਾਈ ਪੱਖੋਂ ਬੁਰੀ ਤਰ੍ਹਾਂ ਛਾਂਗ ਦਿੱਤਾ ਗਿਆ, ਫੇਰ ਵੀ ਇਹਨੂੰ ਭਾਸ਼ਾਈ-ਭੂਗੋਲਕ ਆਧਾਰ ਤਾਂ ਮਿਲ ਹੀ ਗਿਆ।
ਪੰਜਾਬੀ ਦੀਆਂ ਪੱਕੀਆਂ ਬੁਨਿਆਦਾਂ ਬਾਰੇ ਇਹ ਨੁਕਤੇ ਭਾਸ਼ਾਈ ਅਧਿਕਾਰ ਦੀ ਸੰਪੂਰਨ ਪ੍ਰਾਪਤੀ ਲਈ ਸੰਘਰਸ਼ ਨੂੰ ਬਲ ਦੇਣ ਦੇ ਸਮਰੱਥ ਹੋਣ ਕਰਕੇ ਚੇਤੇ ਰੱਖਣੇ ਜ਼ਰੂਰੀ ਹਨ।
* *
ਪੰਜਾਬੀ ਸੰਬੰਧੀ ਫ਼ਤਵੇ ਤੋਂ ਯੂਨੈਸਕੋ ਦੇ ਇਨਕਾਰ ਦੇ ਬਾਵਜੂਦ ਇਹ ਤੱਥ ਵਿਚਾਰੇ ਜਾਣਾ ਵੀ ਜ਼ਰੂਰੀ ਹੈ ਕਿ ਭਾਸ਼ਾਵਾਂ ਮਰਦੀਆਂ ਵੀ ਹਨ ਅਤੇ ਹੁਣ ਉਹ ਵਿਗਿਆਨਕ-ਤਕਨਾਲੋਜੀਕਲ ਤੇ ਮਾਇਆਮੁਖੀ ਵਿਸ਼ਵੀਕ੍ਰਿਤ ਜੁੱਗ ਵਿਚ ਪਹਿਲਾਂ ਨਾਲੋਂ ਬਹੁਤ ਵੱਧ ਤੇਜ਼ੀ ਨਾਲ ਮਰ ਰਹੀਆਂ ਹਨ। ਹੁਣ ਭਾਸ਼ਾ-ਹਿਤੈਸ਼ੀ ਸਿਆਣਿਆਂ ਦੀ ਚਿੰਤਾ ਇਹ ਨਹੀਂ ਕਿ ਭਾਸ਼ਾਵਾਂ ਮਰ ਰਹੀਆਂ ਹਨ ਸਗੋਂ ਇਹ ਹੈ ਕਿ ਖ਼ੁਦ ਭਾਸ਼ਾ ਹੀ ਮਰ ਰਹੀ ਹੈ! ਜੇ ਭਾਸ਼ਾ ਦੇ ਮਰ ਰਹੀ ਹੋਣ ਦੀ ਲੰਮੀ-ਚੌੜੀ ਗੱਲ ਨੂੰ ਲਾਂਭੇ ਰਹਿਣ ਦੇਈਏ, ਭਾਸ਼ਾਵਾਂ ਦੇ ਮਰਨ ਦਾ ਅਮਲ ਤਾਂ ਸਾਡੇ ਅੱਖਾਂ ਸਾਹਮਣੇ ਵਾਪਰ ਰਿਹਾ ਹੈ। ਵੱਡੀਆਂ ਭਾਸ਼ਾਵਾਂ ਦੇ ਸਾਮਰਾਜ ਛੋਟੀਆਂ ਭਾਸ਼ਾਵਾਂ ਨੂੰ ਆਪਣੇ ਅੰਦਰ ਖੋਰ ਰਹੇ ਹਨ। ਉਪਭਾਸ਼ਾਵਾਂ ਕਿਸੇ ਹਿਲਜੁਲ ਜਾਂ ਰੌਲੇ ਤੋਂ ਬਿਨਾਂ ਭਾਸ਼ਾਵਾਂ ਵਿਚ ਲੀਨ ਹੋ ਰਹੀਆਂ ਹਨ। ਸਾਡੇ ਬਚਪਨ ਵਿਚ ਉਹਨਾਂ ਦੇ ਬੋਲਣ ਦੇ ਉਪਭਾਸ਼ਾਈ ਰੰਗ ਸਦਕਾ ਹੁੰਦੀ ਮਲਵਈਆਂ, ਮਝੈਲਾਂ, ਦੁਆਬੀਆਂ, ਪੁਆਧੀਆਂ, ਆਦਿ ਦੀ ਪਛਾਣ ਆਵਾਜਾਈ, ਪਾਠ-ਪੁਸਤਕਾਂ, ਰੇਡੀਓ-ਟੀਵੀ ਅਤੇ ਮੁਲਾਜ਼ਮਾਂ ਦੀ ਅਦਲਾ-ਬਦਲੀ ਜਿਹੇ ਕਾਰਨਾਂ ਨੇ ਬਹੁਤ ਪਤਲੀ ਪਾ ਦਿੱਤੀ ਹੈ। ਬਾਰਾਂ ਕੋਹ ਪਿੱਛੋਂ ਬੋਲੀ ਬਦਲਣ ਵਾਲੀ ਪੰਜਾਬੀ ਕਹਾਵਤ ਦੁਰੇਡੇ ਹੋਏ-ਬੀਤੇ ਦੀ ਗੱਲ ਬਣ ਕੇ ਰਹਿ ਗਈ ਹੈ। ਵੱਡੇ ਪੈਮਾਨੇ ਉੱਤੇ ਇਹੋ ਭਾਣਾ ਛੋਟੀਆਂ, ਖਾਸ ਕਰਕੇ ਕਾਨੂੰਨੀ ਰਾਖੀ ਤੋਂ ਵਿਰਵੀਆਂ ਬੋਲੀਆਂ ਨਾਲ ਵਾਪਰ ਰਿਹਾ ਹੈ। ਇਹਦੀ ਇਕ ਉਜਾਗਰ ਮਿਸਾਲ ਸਾਡੀ ਗੁਆਂਢੀ ਬੋਲੀ ਹਰਿਆਣਵੀ ਹੈ ਜੋ ਆਪਣਾ ਇਲਾਕਾ ਹੋਣ ਦੇ ਬਾਵਜੂਦ, ਲਿਪੀ-ਵਿਹੂਣੀ ਅਤੇ ਗ਼ੈਰ-ਸੂਚੀਬੱਧ ਹੋਣ ਕਰਕੇ, ਹਿੰਦੀ ਐਲਾਨੇ ਜਾਣ ਨਾਲ ਸਕੂਲੀ-ਕਾਲਜੀ ਅਤੇ ਦਫ਼ਤਰੀ-ਸਰਕਾਰੀ ਹਿੰਦੀ ਵਿਚ ਤੇਜ਼ੀ ਨਾਲ ਖੁਰਦੀ ਜਾ ਰਹੀ ਹੈ।
1898 ਵਿਚ ਆਇਰਿਸ਼ ਭਾਸ਼ਾ-ਵਿਗਿਆਨੀ ਜਾਰਜ ਐਬਰਾਹਮ ਗਰੀਅਰਸਨ ਨੇ ਤਿੰਨ ਸਾਲਾਂ ਦੀ ਮਿਹਨਤ ਨਾਲ ਹਿੰਦੁਸਤਾਨ ਦਾ ਪਹਿਲਾ ਭਾਸ਼ਾਈ ਸਰਵੇ ਨੇਪਰੇ ਚਾੜ੍ਹਦਿਆਂ 179 ਭਾਸ਼ਾਵਾਂ ਅਤੇ ਅਨੇਕ ਉਪ-ਭਾਸ਼ਾਵਾਂ ਦੀ ਪਛਾਣ ਕੀਤੀ ਸੀ। 2005 ਵਿਚ ‘ਭਾਰਤ ਭਾਸ਼ਾ ਵਿਕਾਸ ਯੋਜਨਾ’ ਦੇ ਨਾਂ ਨਾਲ ਅਤੇ ਫੇਰ 2007 ਵਿਚ ‘ਨਿਊ ਲਿੰਗੂਇਸਟਿਕ ਸਰਵੇ ਆਫ਼ ਇੰਡੀਆ’ ਦੇ ਨਾਂ ਨਾਲ ਕੀਤੇ ਗਏ ਜਤਨ ਭਾਰਤ ਸਰਕਾਰ ਨੂੰ ਤਕਨੀਕੀ ਅਤੇ ਆਕਾਰੀ ਕਾਰਨਾਂ ਕਰਕੇ ਤਿਆਗਣੇ ਪਏ। 2009 ਵਿਚ ਬੜੋਦਰਾ ਦੀ ਇਕ ਗ਼ੈਰ-ਸਰਕਾਰੀ ਸੰਸਥਾ ‘ਭਾਸ਼ਾ ਰੀਸਰਚ ਐਂਡ ਪਬਲੀਕੇਸ਼ਨ ਸੈਂਟਰ’ ਨੇ ਇਹ ਕਾਰਜ ਕਿਸੇ ਸਰਕਾਰੀ ਮਦਦ ਤੋਂ ਬਿਨਾਂ ਆਪਣੇ ਹੱਥ ਲਿਆ। ਚਾਰ ਸਾਲਾਂ ਵਿਚ 85 ਸੰਸਥਾਵਾਂ ਤੇ ਤਿੰਨ ਹਜ਼ਾਰ ਵਾਲੰਟੀਅਰਾਂ ਦੀ ਮਦਦ ਅਤੇ ਇਕ ਕਰੋੜ ਰੁਪਏ ਦੇ ਖਰਚ ਨਾਲ ਤਿਆਰ ਕੀਤੀ ਗਈ 35,000 ਪੰਨੇ ਦੀ ‘ਪੀਪਲਜ਼ ਲਿੰਗਇਸਟਿਕ ਸਰਵੇ ਆਫ਼ ਇੰਡੀਆ’ ਨਾਂ ਦੀ ਰਿਪੋਰਟ ਅਧਿਆਪਕ ਦਿਵਸ ਸਮੇਂ ਇਸ 5 ਸਤੰਬਰ ਨੂੰ ਜਨਤਕ ਕੀਤੀ ਗਈ। ਇਸ ਰਿਪੋਰਟ ਨੇ ਕਈ ਦਿਲਚਸਪ ਭਾਸ਼ਾਈ ਤੱਥ ਪੇਸ਼ ਕੀਤੇ ਹਨ ਜੋ ਪੰਜਾਬੀ ਦੇ ਪ੍ਰਸੰਗ ਵਿਚ ਸਾਡਾ ਧਿਆਨ ਲੋੜਦੇ ਹਨ।
2001 ਦੀ ਮਰਦਮਸ਼ੁਮਾਰੀ ਨੇ, ਦਸ ਹਜ਼ਾਰ ਤੋਂ ਘੱਟ ਲੋਕਾਂ ਦੀਆਂ ਬੋਲੀਆਂ ਨੂੰ ਗਿਣਤੀ ਵਿਚ ਨਾ ਲੈਣ ਕਰਕੇ, ਦੇਸ ਦੀਆਂ ਬੋਲੀਆਂ ਦੀ ਗਿਣਤੀ 122 ਦੱਸੀ ਸੀ। ਸੰਸਾਰ ਦੇ ਸਭ ਤੋਂ ਵੱਡੇ ਇਸ ਪੀਪਲਜ਼ ਸਰਵੇ ਨੇ 40 ਕਰੋੜ ਲੋਕਾਂ ਦੀ ਬੋਲੀ ਹਿੰਦੀ ਤੋਂ ਲੈ ਕੇ ਸਿਕਮ ਦੇ ਸਿਰਫ਼ ਚਾਰ ਬੰਦਿਆਂ ਤੱਕ ਸੀਮਤ ਹੋ ਗਈ ਅਤੇ ਹੌਲੀ ਹੌਲੀ ਨਿਪਾਲੀ ਵਿਚ ਖੁਰ ਗਈ ਮਾਝੀ ਤੱਕ 780 ਬੋਲੀਆਂ ਪਛਾਣੀਆਂ ਹਨ ਜਿਨ੍ਹਾਂ ਵਿੱਚੋਂ 400 ਤੋਂ ਵੱਧ ਬੋਲੀਆਂ ਆਦਿਵਾਸੀ ਕਬੀਲਿਆਂ ਅਤੇ ਟੱਪਰੀਵਾਸਾਂ ਦੀਆਂ ਹਨ। ਸਰਵੇ ਦਾ ਇਹ ਵੀ ਕਹਿਣਾ ਹੈ ਕਿ ਸੌ ਦੇ ਕਰੀਬ ਬੋਲੀਆਂ ਅਜੇ ਵੀ ਉਹਨਾਂ ਦੀ ਨਜ਼ਰੋਂ ਓਹਲੇ ਰਹਿ ਗਈਆਂ ਹੋ ਸਕਦੀਆਂ ਹਨ। ਇਸ ਸਰਵੇ ਸਮੇਂ ਲੋਕਗੀਤਾਂ, ਕਥਾਵਾਂ, ਰਿਸ਼ਤਿਆਂ, ਰੀਤੀ-ਰਿਵਾਜਾਂ, ਕਿਰਤ ਦੇ ਸੰਦਾਂ, ਘਰੇਲੂ ਵਸਤਾਂ, ਗਿਣਤੀ-ਮਿਣਤੀ, ਦਿਨਾਂ, ਮਹੀਨਿਆਂ, ਰੰਗਾਂ, ਬਿਰਛ-ਬੂਟਿਆਂ, ਆਦਿ ਦੇ ਨਾਂਵਾਂ ਵਾਸਤੇ ਵਰਤੇ ਜਾਂਦੇ ਸ਼ਬਦਾਂ ਦੇ ਫ਼ਰਕ ਨੂੰ ਵੱਖਰੀ ਬੋਲੀ ਮਿਥਣ ਵਾਸਤੇ ਆਧਾਰ ਬਣਾਇਆ ਗਿਆ। (ਇਸ ਕਸਵੱਟੀ ਅਨੁਸਾਰ ਪੰਜਾਬੀ ਦੀ ਘਟਦੀ ਮੌਲਿਕਤਾ ਅਤੇ ਨਵੇਕਲਤਾ ਦਾ ਅੰਦਾਜ਼ਾ ਕਰੀਬੀ ਰਿਸ਼ਤਿਆਂ ਤੇ ਘਰੇਲੂ ਵਸਤਾਂ ਦੇ ਸੈਂਕੜੇ ਗ਼ੈਰ-ਪੰਜਾਬੀ ਨਾਂਵਾਂ ਤੋਂ, ਮਿਸਾਲ ਵਜੋਂ ਮਾਂ-ਪਿਓ ਦੇ ਮੰਮੀ-ਡੈਡੀ, ਬਿਸਤਰੇ ਦੇ ਬੈੱਡ, ਮੇਜ਼-ਕੁਰਸੀ ਦੇ ਟੇਬਲ-ਚੇਅਰ, ਚਮਚੇ ਦੇ ਸਪੂਨ ਬਣਨ ਤੋਂ ਲਾਇਆ ਜਾ ਸਕਦਾ ਹੈ। ਅਨੇਕ ਪੰਜਾਬੀ ਬੱਚੇ ਹੁਣ ਦਿਨਾਂ, ਰੁੱਤਾਂ, ਗਿਣਤੀਆਂ, ਆਦਿ ਦੇ ਨਾਂ ਤਾਂ ਪੰਜਾਬੀ ਵਿਚ ਸਮਝਦੇ ਹੀ ਨਹੀਂ। ਉਹਨਾਂ ਲਈ ਐਤ, ਸੋਮ ਸੰਡੇ, ਮੰਡੇ, ਹੁਨਾਲ, ਸਿਆਲ ਸਮਰ, ਵਿੰਟਰ, ਛੁੱਟੀ ਵੈਕੇਸ਼ਨ ਅਤੇ ਪੰਦਰਾਂ, ਸੋਲ਼ਾਂ ਫਿਫਟੀਨ, ਸਿਕਸਟੀਨ ਹੋ ਗਏ ਹਨ।)
ਧਿਆਨਯੋਗ ਗੱਲ ਹੈ ਕਿ ਇਹਨਾਂ ਵਿੱਚੋਂ 96 ਫ਼ੀਸਦੀ ਬੋਲੀਆਂ ਦਾ ਸਰਕਾਰੇ-ਦਰਬਾਰੇ ਤਾਂ ਛੱਡੋ, ਭਾਸ਼ਾਈ-ਸਾਹਿਤਕ ਚਰਚਾ ਸਮੇਂ ਵੀ ਕਦੀ ਕਿਤੇ ਕੋਈ ਜ਼ਿਕਰ ਤੱਕ ਨਹੀਂ ਹੁੰਦਾ। ਸਰਵੇ ਨੇ ਪਿਛਲੇ ਪੰਜਾਹ ਸਾਲਾਂ ਵਿਚ ਕੋਈ ਪੱਚੀ ਫ਼ੀਸਦੀ ਬੋਲੀਆਂ ਦੇ ਖ਼ਾਤਮੇ ਬਾਰੇ ਚਿੰਤਾ ਪਰਗਟ ਕਰਦਿਆਂ ਦੱਸਿਆ ਹੈ ਕਿ ਸੂਚੀਬੱਧ ਅਤੇ ਲਿਪੀਬੱਧ ਬੋਲੀਆਂ ਛੋਟੀਆਂ ਬੋਲੀਆਂ ਨੂੰ ਲਗਾਤਾਰ ਖਾ ਰਹੀਆਂ ਹਨ। ਇਸਦੇ ਨਾਲ ਹੀ ਇਹ ਤੱਥ ਵੀ ਧਿਆਨ ਮੰਗਦਾ ਹੈ ਕਿ ਬਹੁਤੀਆਂ ਸੂਚੀਬੱਧ ਤੇ ਲਿਪੀਬੱਧ ਜਾਂ ਸਾਹਿਤ ਅਕਾਦਮੀ ਦੀਆਂ ਪਰਵਾਨਿਤ ਭਾਸ਼ਾਵਾਂ ਦੀ ਆਪਣੀ ਹੈਸੀਅਤ ਵੀ ਕਈ ਕਾਰਨਾਂ ਕਰਕੇ ਕਮਜ਼ੋਰ ਪੈਂਦੀ ਜਾਂਦੀ ਹੈ। ਸ਼ਿਮਲਾ ਦੀ ‘ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟਡੀ’ ਨੇ ਇਸ 11 ਤੋਂ 14 ਅਗਸਤ ਤੱਕ ਇਕ ਗੋਸ਼ਟੀ ਕਰਵਾਈ ਜਿਸ ਵਿਚ ਦੇਸ ਦੀਆਂ ਲਗਭਗ ਸਾਰੀਆਂ ਮਾਨਤਾ-ਪ੍ਰਾਪਤ ਭਾਸ਼ਾਵਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਉੱਥੇ ਇਕ ਮਹੱਤਵਪੂਰਨ ਗੱਲ ਇਹ ਉੱਭਰ ਕੇ ਸਾਹਮਣੇ ਆਈ ਕਿ ਬੰਗਲਾ, ਮਲਿਆਲਮ, ਤਾਮਿਲ, ਤੇਲਗੂ ਜਿਹੀਆਂ ਸੁਭਾਗੀਆਂ ਭਾਸ਼ਾਵਾਂ, ਜਿਨ੍ਹਾਂ ਨੂੰ ਉੱਥੋਂ ਦੀਆਂ ਸਰਕਾਰਾਂ ਦਾ ਸਮਰਥਨ ਵੀ ਹਾਸਲ ਹੈ ਅਤੇ ਬੋਲਣ ਵਾਲਿਆਂ ਦਾ ਪਿਆਰ ਵੀ ਪ੍ਰਾਪਤ ਹੈ, ਤੋਂ ਬਿਨਾਂ ਬਾਕੀ ਸਭ ਭਾਸ਼ਾਵਾਂ ਸਰਕਾਰੀ ਮਦਦ ਦੀ ਘਾਟ, ਬੋਲਣ ਵਾਲਿਆਂ ਦੀ ਬੇਰੁਖ਼ੀ ਅਤੇ ਪਾਠਕਾਂ ਦੀ ਥੁੜ ਜਿਹੇ ਪੰਜਾਬੀ ਵਾਲੇ ਰੋਣੇ ਹੀ ਰੋ ਰਹੀਆਂ ਸਨ। ਜਿੱਥੋਂ ਤੱਕ ਅੰਗਰੇਜ਼ੀ ਦੇ ਰੇਲੇ ਦਾ ਸੰਬੰਧ ਹੈ, ਉਸ ਤੋਂ ਤਾਂ ਜਿਨ੍ਹਾਂ ਨੂੰ ਅਸੀਂ ਸੁਭਾਗੀਆਂ ਭਾਸ਼ਾਵਾਂ ਕਿਹਾ ਹੈ, ਉਹ ਵੀ ਦੂਜੀਆਂ ਜਿੰਨੀਆਂ ਹੀ ਭੈਭੀਤ ਸਨ। ਡੋਗਰੀ, ਕੋਂਕਨੀ, ਆਦਿ ਭਾਸ਼ਾਵਾਂ ਦੇ ਪ੍ਰਤੀਨਿਧਾਂ ਦਾ ਤਾਂ ਕਹਿਣਾ ਸੀ ਕਿ ਉਹਨਾਂ ਖੇਤਰਾਂ ਦੀਆਂ ਵੱਡੀਆਂ ਭਾਸ਼ਾਵਾਂ ਵਿਚ ਲਿਖਣ ਵਾਲੇ ਲੇਖਕ ਇਨਾਮ ਲੈਣ ਦੀ ਮਨਸ਼ਾ ਨਾਲ ਹੀ ਇਹਨਾਂ ਭਾਸ਼ਾਵਾਂ ਵਿਚ ਕੁਛ ਪੁਸਤਕਾਂ ਛਪਵਾਉਂਦੇ ਹਨ।
ਇਸ ਮਾਹੌਲ ਵਿਚ ਪੰਜਾਬੀ ਦੀਆਂ ਮੁਸ਼ਕਲਾਂ ਦੀ ਚਰਚਾ ਦਾ ਆਰੰਭ ਸਾਡੇ ਬਹੁਤ ਸਾਰੇ ਸਿਆਣੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਉਲਾਂਭਾ ਦੇ ਕੇ ਕਰਦੇ ਹਨ ਕਿ ਮੁਗ਼ਲ-ਪਠਾਣਾਂ ਨੂੰ ਤਾਂ ਕੀ ਕਹੀਏ, ਉਹਨੇ ਵੀ ਪੰਜਾਬੀ ਲਾਗੂ ਨਾ ਕੀਤੀ। ਅਜਿਹੇ ਨੁਕਤਾਚੀਨ ਇੰਨਾ ਵੀ ਨਹੀਂ ਜਾਣਦੇ-ਸਮਝਦੇ ਕਿ ਉਸ ਜ਼ਮਾਨੇ ਵਿਚ ਭਾਸ਼ਾ ਦੀ ਮਹੱਤਤਾ ਦੇ ਉਹ ਸੰਕਲਪ ਵਿਕਸਿਤ ਹੀ ਨਹੀਂ ਸਨ ਹੋਏ ਜੋ ਅੱਜ ਸਾਡੇ ਲਈ ਪੈਮਾਨਾ ਬਣੇ ਹੋਏ ਹਨ। ਮਾਤਭਾਸ਼ਾ, ਰਾਜਭਾਸ਼ਾ, ਸਿੱਖਿਆ ਦਾ ਮਾਧਿਅਮ, ਰਾਜਭਾਸ਼ਾ ਵਜੋਂ ਮਾਤਭਾਸ਼ਾ ਦਾ ਮਹੱਤਵ, ਸਿੱਖਿਆ ਦੇ ਮਾਧਿਅਮ ਵਜੋਂ ਮਾਤਭਾਸ਼ਾ ਦੀ ਭੂਮਿਕਾ, ਜਿਹੇ ਮੁੱਦਿਆਂ ਬਾਰੇ ਰਣਜੀਤ ਸਿੰਘ ਦੇ ਸਮੇਂ ਅੱਜ ਵਾਲੀ ਸਮਝ ਦੀ ਆਸ ਜਾਂ ਕਲਪਨਾ ਕਰਨਾ ਵਾਜਬ ਨਹੀਂ। ਉਸ ਸਮੇਂ ਤਾਂ ਸਿੱਖਿਆ ਰਾਜ ਦੇ ਸਰੋਕਾਰਾਂ ਵਿਚ ਸ਼ਾਮਲ ਹੀ ਨਹੀਂ ਸੀ। ਰਾਜਪ੍ਰਬੰਧ ਦਾ ਤਾਣਾਬਾਣਾ ਵੀ ਉਸ ਸਮੇਂ ਅੱਜ ਵਾਂਗ ਫੈਲਵਾਂ ਨਹੀਂ ਸੀ। ਰਾਜ ਦੀ ਚਿੰਤਾ ਬੱਸ ਇਹ ਹੁੰਦੀ ਸੀ ਕਿ ਅਮਨ-ਕਾਨੂੰਨ ਬਣਿਆ ਰਹੇ ਅਤੇ ਟੈਕਸ ਉਗਰਾਹੇ ਜਾਂਦੇ ਰਹਿਣ। ਇਸ ਉਪਰੰਤ, ਫ਼ਾਰਸੀ, ਜਿਸ ਨੂੰ ਰਣਜੀਤ ਸਿੰਘ ਨੇ ਪਹਿਲਾਂ ਵਾਂਗ ਹੀ ਰਾਜਕਾਜ ਦੀ ਭਾਸ਼ਾ ਬਣਾਈ ਰੱਖਿਆ, ਹਿੰਦੁਸਤਾਨ ਦੇ ਅੰਦਰ ਤੇ ਬਾਹਰ ਵੱਡੇ ਭੂਗੋਲਕ ਖੇਤਰ ਵਿਚ ਹਕੂਮਤਾਂ ਦੀ ਵਰਤੋਂ ਵਿਚ ਹੋਣ ਕਰਕੇ ਅੰਤਰ-ਸਰਕਾਰੀ ਸੰਪਰਕ ਵਿਚ ਸਹਾਈ ਹੁੰਦੀ ਸੀ।
ਪੰਜਾਬ ਦੀ ਭਾਸ਼ਾ ਸਮੱਸਿਆ ਦੇ ਬੀ ਅੰਗਰੇਜ਼ਾਂ ਨੇ ਸੋਚੀ-ਸਮਝੀ ਨੀਤੀ ਅਧੀਨ ਬੀਜੇ। ਉਹਨਾਂ ਨੇ ਰਾਜਪ੍ਰਬੰਧ ਨੂੰ ਆਧੁਨਿਕ ਲੀਹਾਂ ਉੱਤੇ ਉਸਾਰਨ ਅਤੇ ਕਾਰਗਰ ਢੰਗ ਨਾਲ ਚਲਾਉਣ ਲਈ ਅਮਲਾ-ਫੈਲਾ ਤਿਆਰ ਕਰਨ ਵਾਸਤੇ ਪਹਿਲੀ ਵਾਰ ਵਿੱਦਿਅਕ ਤਾਣਾਬਾਣਾ ਹੋਂਦ ਵਿਚ ਲਿਆਂਦਾ ਜਿਸ ਵਿਚ ਅੰਗਰੇਜ਼ੀ ਨੂੰ ਬਾਕੀ ਭਾਸ਼ਾਵਾਂ ਦੇ ਟਾਕਰੇ ਸਰਦਾਰੀ ਦਿੱਤੀ ਗਈ। ਇਹਦੇ ਨਾਲ ਹੀ ਉਹਨਾਂ ਨੇ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਵਿਚ ਆਪਣੇ ਆਪਣੇ ਧਰਮ ਦੀ ਪਰਪੱਕਤਾ ਅਤੇ ਦੂਜੇ ਧਰਮਾਂ ਦੇ ਟਾਕਰੇ ਵਡਿੱਤਣ ਦੀ ਭਾਵਨਾ ਜਗਾਉਣ ਦੀ ਵਿਧੀ ਅਪਣਾਈ। ਫੇਰ ਦੇਸੀ ਭਾਸ਼ਾਵਾਂ ਅਤੇ ਲਿਪੀਆਂ ਨੂੰ ਧਰਮਾਂ ਨਾਲ ਜੋੜਨ ਦੀ ਖ਼ਤਰਨਾਕ ਚਾਲ ਚੱਲੀ ਗਈ। ਆਜ਼ਾਦੀ ਸੰਗਰਾਮ ਦੀ ਭਾਵਨਾ ਇਹਨਾਂ ਚਾਲਾਂ ਦਾ ਕਾਫ਼ੀ ਕਾਰਗਰ ਤੋੜ ਸਿੱਧ ਹੁੰਦੀ ਰਹੀ ਪਰ ਸਮੇਂ ਦਾ ਵਿਅੰਗ ਦੇਖੋ, ਅੰਗਰੇਜ਼ ਦੀ ਬੀਜੀ ਇਸ ਜ਼ਹਿਰ-ਬੂਟੀ ਨੂੰ ਆਜ਼ਾਦੀ ਸਮੇਂ ਦੇਸ-ਵੰਡ ਨਾਲ ਪੈਦਾ ਹੋਏ ਮਾਹੌਲ ਵਿਚ ਭਰਪੂਰ ਫਲ ਲੱਗਣ ਲੱਗੇ। ਇਹ ਸਭ ਇੰਨਾ ਸੱਜਰਾ ਇਤਿਹਾਸ ਹੈ ਕਿ ਇਸ ਦੇ ਵਿਸਤਾਰ ਵਿਚ ਜਾਣ ਦੀ ਕੋਈ ਲੋੜ ਨਹੀਂ ਦਿਸਦੀ।
ਰਣਜੀਤ ਸਿੰਘ ਦੇ ਅਤੇ ਅੰਗਰੇਜ਼ਾਂ ਦੇ ਸਮੇਂ ਪੰਜਾਬੀ ਨੂੰ ਰਾਜਪ੍ਰਬੰਧ ਅਤੇ ਸਿੱਖਿਆ ਦੇ ਮਾਧਿਅਮ ਵਜੋਂ ਸਥਾਨ ਨਾ ਮਿਲਣ ਦੇ ਬਾਵਜੂਦ ਲੋਕਾਂ ਦੀ ਬੋਲੀ ਵਜੋਂ ਇਹਦੀ ਹੈਸੀਅਤ ਨੂੰ ਸੱਟ ਮਾਰਨ ਦੇ ਸੋਚੇ-ਸਮਝੇ ਜਤਨ ਨਹੀਂ ਸਨ ਹੋਏ ਜਿਸ ਕਰਕੇ ਇਹਦੀਆਂ ਜੜ੍ਹਾਂ ਨੂੰ ਨੁਕਸਾਨ ਨਹੀਂ ਸੀ ਪੁੱਜਿਆ। ਰਾਜ-ਸਿੰਘਾਸਨ ਅਤੇ ਸਿੱਖਿਆ-ਸਿੰਘਾਸਨ ਤੋਂ ਬਿਨਾਂ ਵੀ ਇਹ ਸਮੂਹ ਪੰਜਾਬੀਆਂ ਦੇ, ਹਿੰਦੂ ਪੰਜਾਬੀਆਂ ਦੇ ਵੀ, ਮੁਸਲਮਾਨ ਪੰਜਾਬੀਆਂ ਦੇ ਵੀ ਅਤੇ ਸਿੱਖ ਪੰਜਾਬੀਆਂ ਦੇ ਵੀ, ਮਨ ਦੇ ਸਿੰਘਾਸਨ ਉੱਤੇ ਬਿਰਾਜਮਾਨ ਰਹੀ। ਆਜ਼ਾਦੀ ਨਾਲ ਦੇਸੀ ਭਾਸ਼ਾਵਾਂ ਦੇ ਵਿਕਾਸ ਦੀ ਆਸ ਜਾਗਣੀ ਸੁਭਾਵਿਕ ਸੀ ਪਰ ਸਰਕਾਰ ਨੇ ਰਾਜਨੀਤਕ ਅਤੇ ਆਰਥਿਕ ਵਾਗਾਂ ਸੰਭਾਲਣ ਵਾਂਗ ਭਾਸ਼ਾਈ ਅਤੇ ਸਭਿਆਚਾਰਕ ਨੀਤੀਆਂ ਘੜਨ ਦਾ ਕੰਮ ਵੀ ਪੂਰੀ ਤਰ੍ਹਾਂ ਆਪਣੇ ਹੱਥ ਲੈ ਕੇ ਇਹਨਾਂ ਨੂੰ ਵੀ ਆਪਣਾ ਖਿਡੌਣਾ ਬਣਾ ਲਿਆ। ਇਸੇ ਕਰਕੇ ਇਹ ਨੀਤੀਆਂ ਰੁੱਤਾਂ ਵਾਂਗ ਬਦਲਦੀਆਂ ਰਹਿੰਦੀਆਂ ਹਨ। ਚਾਹੀਦਾ ਇਹ ਸੀ ਕਿ ਇਹ ਨੀਤੀਆਂ ਤਿਆਰ ਕਰਨ ਦਾ ਕੰਮ ਭਾਸ਼ਾ ਅਤੇ ਸਭਿਆਚਾਰ ਦੇ ਗਿਆਨੀਆਂ ਦੇ ਹਵਾਲੇ ਕੀਤਾ ਜਾਂਦਾ।
ਸਾਡੇ ਆਦਿ-ਲੇਖਕ ਬਾਬਾ ਫ਼ਰੀਦ ਤੋਂ ਲੈ ਕੇ ਹੁਣ ਤੱਕ ਪੰਜਾਬੀ ਸਾਹਿਤ ਦੇ ਵੱਡੇ ਭਾਈਵਾਲ ਰਹੇ ਮੁਸਲਮਾਨਾਂ ਨੂੰ ਪਾਕਿਸਤਾਨ, ਜਿਸ ਦੇ ਹਿੱਸੇ ਪੰਜਾਬੀਆਂ ਦਾ ਵੱਡਾ ਹਿੱਸਾ ਆ ਗਿਆ ਸੀ, ਵਿਚ ਇਹ ਪੱਕ ਕਰਵਾਇਆ ਜਾਣ ਲੱਗਿਆ ਕਿ ਉਹਨਾਂ ਦਾ ਅਸਲ ਰਿਸ਼ਤਾ ਪੰਜਾਬੀ ਨਾਲ ਨਹੀਂ, ਉਰਦੂ ਨਾਲ ਹੈ। ਰਾਜਪ੍ਰਬੰਧ ਅਤੇ ਸਿੱਖਿਆ ਵਿਚ ਪੰਜਾਬੀ ਨੂੰ ਨਕਾਰ ਕੇ ਉਰਦੂ ਦੇ ਝੰਡੇ ਗੱਡ ਦਿੱਤੇ ਗਏ। ਅਖੌਤੀ ਉੱਪਰਲੇ ਤਬਕੇ ਦੇ ਪੰਜਾਬੀਆਂ ਨੇ ਗੱਲਬਾਤ ਲਈ ਉਰਦੂ ਅਪਣਾ ਲਈ। ਹਾਲਤ ਏਨੀ ਨਿੱਘਰ ਗਈ ਕਿ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ਵਿਚ ਪੰਜਾਬੀ ਵਿਚ ਤਕਰੀਰ ਕਰਨ ਦੀ ਮਨਾਹੀ ਕਰ ਦਿੱਤੀ ਗਈ। (ਹੁਣ ਸ਼ਾਇਦ ਇਹ ਮਨਾਹੀ ਤਾਂ ਰੱਦ ਕਰ ਦਿੱਤੀ ਗਈ ਹੈ ਪਰ ਪਤਾ ਨਹੀਂ, ਇਹ ਹੱਕ ਕੋਈ ਵਰਤਦਾ ਵੀ ਹੈ ਕਿ ਨਹੀਂ।) ਇੱਧਰ ਪਹੁੰਚਦੀਆਂ ਉੱਧਰਲੀ ਪੰਜਾਬੀ ਦੀ ਤਰੱਕੀ ਦੀਆਂ ਖ਼ਬਰਾਂ ਬਹੁਤ ਵਧਾ-ਚੜ੍ਹਾ ਕੇ ਦੱਸੀਆਂ ਹੁੰਦੀਆਂ ਹਨ। ਇਹਤੋਂ ਵੀ ਮਾੜੀ ਗੱਲ, ਇੱਧਰਲੇ ਪੰਜਾਬ ਵਿਚ ਆਪਣੇ ਆਪ ਨੂੰ ਆਮ ਲੋਕਾਂ ਨਾਲੋਂ ਉੱਚਾ ਸਮਝਣ ਵਾਲੇ ਤਬਕੇ ਵਿਚ ਪੰਜਾਬੀ ਦੀ ਥਾਂ ਘਰਾਂ ਵਿਚ ਅੰਗਰੇਜ਼ੀ ਜਾਂ ਹਿੰਦੀ ਬੋਲਣ ਦਾ ਰੁਝਾਨ ਵਧ ਰਿਹਾ ਹੈ, ਭਾਵੇਂ ਕਿ ਪਾਕਿਸਤਾਨ ਦੇ ਟਾਕਰੇ ਇਸ ਅਮਲ ਦੀ ਰਫ਼ਤਾਰ ਅਜੇ ਕਾਫ਼ੀ ਮੱਧਮ ਹੈ।
ਇਹ ਆਸ ਰੱਖਣਾ ਬਿਲਕੁਲ ਜਾਇਜ਼ ਸੀ ਕਿ ਪੰਜਾਬੀ ਸੂਬਾ ਬਣਨ ਪਿੱਛੋਂ, ਖਾਸ ਕਰਕੇ ਪੰਜਾਬੀ ਸੂਬੇ ਦੇ ਮੁਦਈ ਕਹਾਉਂਦੇ ਰਾਜਨੀਤਿਕ ਆਗੂਆਂ ਦੇ ਗੱਦੀ ਉੱਤੇ ਬੈਠਣ ਪਿੱਛੋਂ ਪੰਜਾਬੀ ਨੂੰ ਰਾਜਭਾਸ਼ਾ ਦਾ ਦਰਜਾ ਮਿਲ ਜਾਂਦਾ। ਪਰ ਇਤਿਹਾਸ ਹੈਰਾਨ ਹੋਇਆ ਕਰੇਗਾ ਕਿ ਅਜਿਹਾ ਹੋਇਆ ਨਾ। ਮੇਰਾ ਮੱਤ ਹੈ ਕਿ ਜੇ ਲਛਮਣ ਸਿੰਘ ਗਿੱਲ ਦੀ ਟੁੱਟਣ ਲਈ ਹੀ ਬਣੀ ਸਰਕਾਰ ਇਹ ਕਦਮ ਨਾ ਚੁੱਕਦੀ, ਕਿਸੇ ਅਕਾਲੀ ਜਾਂ ਕਾਂਗਰਸੀ ਸਰਕਾਰ ਨੇ ਅੱਜ ਤੱਕ ਵੀ ਪੰਜਾਬੀ ਨੂੰ ਰਾਜਭਾਸ਼ਾ ਨਹੀਂ ਸੀ ਬਣਾਉਣਾ ਅਤੇ ਪੰਜਾਬੀ ਲੇਖਕਾਂ ਨੇ ਚੰਡੀਗੜ੍ਹ ਦੇ ਮਟਕਾ ਚੌਕ ਵਿਚ ਉਸੇ ਤਰ੍ਹਾਂ ਧਰਨੇ ਦਿੰਦੇ ਰਹਿਣਾ ਸੀ, ਜਿਵੇਂ ਹੁਣ ਉਹ ਬਣਿਆ ਹੋਇਆ ਭਾਸ਼ਾਈ ਕਾਨੂੰਨ ਲਾਗੂ ਕਰਵਾਉਣ ਲਈ ਅਤੇ ਉਹਦੀਆਂ ਕਮਜ਼ੋਰੀਆਂ ਦੂਰ ਕਰਵਾਉਣ ਲਈ ਅਕਸਰ ਦਿੰਦੇ ਰਹਿੰਦੇ ਹਨ। ਛੋਟੇ-ਵੱਡੇ ਬਾਬੂ ਹਮੇਸ਼ਾ ਹਾਕਮਾਂ ਦੀ ਅੱਖ ਵੱਲ ਦੇਖ ਕੇ ਕੰਮ ਕਰਦੇ ਹਨ। ਗਿੱਲ ਦੀ ਕੌੜੀ ਅੱਖ ਦੇਖਦਿਆਂ ਟਾਈਪ ਦੀਆਂ ਅੰਗਰੇਜ਼ੀ ਮਸ਼ੀਨਾਂ ਦਫ਼ਤਰਾਂ ਦੀਆਂ ਅਲਮਾਰੀਆਂ ਉੱਤੇ ਸੁੱਟ ਕੇ ਪੰਜਾਬੀ ਦੀਆਂ ਮਸ਼ੀਨਾਂ ਖ਼ਰੀਦ ਲਈਆਂ ਗਈਆਂ ਸਨ। ਉਹਦੀ ਸਰਕਾਰ ਦਾ ਡਿੱਗਣਾ ਸੀ ਕਿ ਪੰਜਾਬੀ ਦੀਆਂ ਮਸ਼ੀਨਾਂ ਪਰੇ ਸੁੱਟਦਿਆਂ ਅੰਗਰੇਜ਼ੀ ਦੀਆਂ ਮਸ਼ੀਨਾਂ ਝਾੜ-ਪੂੰਝ ਕੇ ਫੇਰ ਮੇਜ਼ਾਂ ਉੱਤੇ ਸਜਾ ਲਈਆਂ ਗਈਆਂ। ਇਸ ਤੱਥ ਉੱਤੇ ਕਿਸ ਨੂੰ ਹਾਸਾ ਨਹੀਂ ਆਵੇਗਾ ਕਿ ਅੱਜ ਵੀ ਦਫ਼ਤਰਾਂ ਵਿਚ ਪੰਜਾਬੀ ਲਾਗੂ ਕਰਨ ਦੀਆਂ ਹਦਾਇਤਾਂ ਅਨੇਕ ਵਾਰ ਅੰਗਰੇਜ਼ੀ ਵਿਚ ਭੇਜੀਆਂ ਜਾਂਦੀਆਂ ਹਨ।
ਆਰਥਿਕ ਵਿਸ਼ਵੀਕਰਨ ਦੇ ਨਾਲ ਨਾਲ ਸੂਚਨਾ, ਦੂਰਸੰਚਾਰ ਅਤੇ ਕੰਪਿਊਟਰ ਤਕਨਾਲੋਜੀ ਦੇ ਦੰਗ ਕਰ ਦੇਣ ਵਾਲੇ ਵਿਕਾਸ ਨੇ ਅੰਗਰੇਜ਼ੀ ਭਾਸ਼ਾ ਦੀ ਮਹੱਤਤਾ ਬਹੁਤ ਵਧਾ ਦਿੱਤੀ ਹੈ। ਇਸਦਾ ਕਾਰਨ ਇਹਦੀਆਂ ਕੋਈ ਭਾਸ਼ਾਈ ਵਿਸ਼ੇਸ਼ਤਾਵਾਂ ਨਹੀਂ,ਸਗੋਂ ਲਿਪੀ ਦੀਆਂ ਕਮਜ਼ੋਰੀਆਂ ਅਤੇ ਵਿਆਕਰਨ ਦੀਆਂ ਬੇਨੇਮੀਆਂ ਇਹਨੂੰ ਊਣੀ ਭਾਸ਼ਾ ਬਣਾਉਂਦੀਆਂ ਹਨ। ਇਕ ਤਾਂ ਬਸਤੀਵਾਦੀ ਸਾਮਰਾਜ ਦੀ ਭਾਸ਼ਾ ਹੋਣ ਕਰਕੇ ਇਹਦੀ ਪਹੁੰਚ ਵੱਡੇ ਭੂਗੋਲਕ ਖੇਤਰ ਤੱਕ ਹੋ ਗਈ ਅਤੇ ਦੂਜੇ, ਇਹਦੇ ਮਾਧਿਅਮ ਰਾਹੀਂ ਖੋਜ-ਕਾਰਜ ਸਦਕਾ ਹੋਇਆ ਵਿਗਿਆਨਕ-ਤਕਨਾਲੋਜੀਕਲ ਵਿਕਾਸ ਇਹਦੇ ਮਹੱਤਵ ਵਿਚ ਵਾਧਾ ਕਰਦਾ ਹੈ। ਅੰਗਰੇਜ਼ੀ ਵਿਚ ਹੋਰ ਭਾਸ਼ਾਵਾਂ ਦੇ ਸ਼ਬਦਾਂ ਨੂੰ ਅਪਣਾ ਕੇ ਅਮੀਰ ਹੋਣ ਦੀ ਵੀ ਬੜੀ ਸਮਰੱਥਾ ਹੈ। ਉਹ ਸਾਡੇ ਵਾਂਗ ਫ਼ੋਨ ਨੂੰ ‘ਦੂਰਭਾਸ਼’, ਸਬਵੇਅ ਨੂੰ ‘ਭੂਮੀਗਤ ਪੈਦਲ ਪਾਰ ਪਥ’ ਅਤੇ ਜੂਨੀਅਰ ਇੰਜੀਨੀਅਰ ਨੂੰ ‘ਕਨਿਸ਼ਟ ਅਭਿਅੰਤਾ’ ਨਹੀਂ ਬਣਾਉਂਦੇ ਸਗੋਂ ਅੰਗਰੇਜ਼ੀ-ਭਾਸ਼ੀ ਲੋਕਾਂ ਵਿਚ ਹੋਰ ਭਾਸ਼ਾਵਾਂ ਦੇ ਪ੍ਰਚਲਿਤ ਹੁੰਦੇ ਰਹਿੰਦੇ ਸ਼ਬਦਾਂ ਨੂੰ ਉਸੇ ਰੂਪ ਵਿਚ ਆਪਣੇ ਕੋਸ਼ਾਂ ਵਿਚ ਸ਼ਾਮਲ ਕਰਦੇ ਰਹਿੰਦੇ ਹਨ। ਉਹਨਾਂ ਲਈ ਹੁੱਕਾ, ਬਿੰਦੀ, ਸਾੜ੍ਹੀ, ਸਭ ਇਹੋ ਹਨ। ਅੰਗਰੇਜ਼ੀ ਦੇ ਇਸ ਦਬਦਬੇ ਦਾ ਰਾਹ ਸਾਡੀ ਭਾਸ਼ਾਈ ਹੀਣ-ਭਾਵਨਾ ਹੋਰ ਸੌਖਾ ਕਰ ਦਿੰਦੀ ਹੈ ਜਿਸ ਕਰਕੇ ਅੰਗਰੇਜ਼ੀ ਬੋਲਣ ਨੂੰ, ਭਾਵੇਂ ਉਹ ਗ਼ਲਤ ਹੀ ਹੋਵੇ, ਮਾਣ ਵਾਲੀ ਗੱਲ ਸਮਝਿਆ ਜਾਂਦਾ ਹੈ।
**
ਪੰਜਾਬੀ ਦਾ ਭਵਿੱਖ ਕਿਸ ਰਾਹ ਪਿਆ ਹੋਇਆ ਹੈ, ਇਹ ਤੱਥ ਅਸੀਂ ਦੋ ਪੈਮਾਨਿਆਂ ਅਨੁਸਾਰ ਦੇਖਾਂਗੇ। ਇਕ, ਸੰਪਰਕ, ਗਿਆਨ ਅਤੇ ਸਭਿਆਚਾਰ ਦੇ ਵਸੀਲੇ ਵਜੋਂ; ਦੂਜਾ, ਮੁੱਖ ਆਧਾਰਾਂ ਦੀ ਮਜ਼ਬੂਤੀ ਦੇ ਪੱਖੋਂ।
ਆਮ ਬੋਲਚਾਲ ਅਤੇ ਆਮ ਸੰਪਰਕ ਵਿਚ ਪੰਜਾਬੀ ਅਜੇ ਵੀ ਕਾਫ਼ੀ ਵੱਡੇ ਭੂਗੋਲਕ ਖੇਤਰ ਵਿਚ ਵੱਡੀ ਹੱਦ ਤੱਕ ਵਰਤੋਂ ਵਿਚ ਹੈ, ਭਾਵੇਂ ਹੁਣ ਪੂਰੀ ਹੱਦ ਤੱਕ ਤਾਂ ਨਹੀਂ ਕਿਹਾ ਜਾ ਸਕਦਾ। ਗਿਆਨ-ਵਿਗਿਆਨ ਦੇ ਵਿਕਾਸ ਦੇ ਨਾਲ ਨਾਲ ਇਸ ਉੱਤੇ ਅੰਗਰੇਜ਼ੀ ਦਾ ਜਾਇਜ਼ ਤੇ ਨਾਜਾਇਜ਼ ਦੋਵਾਂ ਕਿਸਮਾਂ ਦਾ ਛੱਪਾ ਵਧਦਾ ਜਾਂਦਾ ਹੈ। ਸਾਹਿਤ, ਲੋਕ-ਸਾਹਿਤ, ਵਿਚਾਰ-ਚਰਚਾ, ਲੋਰੀਆਂ, ਗੀਤਾਂ, ਵੈਣਾਂ, ਆਦਿ ਰਾਹੀਂ ਪਰਗਟ ਹੁੰਦਾ ਭਾਵਨਾਤਮਿਕ, ਦਾਰਸ਼ਨਿਕ ਅਤੇ ਸਭਿਆਚਾਰਕ ਪੱਖ ਹੀ ਹੈ ਜੋ ਮਨੁੱਖ ਨੂੰ ਮਨੁੱਖ ਬਣਾਉਂਦਾ ਹੈ। ਇਹ ਪੱਖ ਨਵੀਆਂ ਸਮਾਜਕ, ਆਰਥਿਕ, ਵਿਗਿਆਨਕ ਹਾਲਤਾਂ ਵਿਚ ਲਗਾਤਾਰ ਸੁੰਗੜ ਰਿਹਾ ਹੈ।
ਕਿਸੇ ਵੀ ਭਾਸ਼ਾ ਨੂੰ ਖੜ੍ਹੀ ਰੱਖਣ ਲਈ ਭੂਗੋਲਿਕ ਖੇਤਰ, ਸ਼ਬਦ-ਭੰਡਾਰ, ਲਿਪੀ ਅਤੇ ਵਿਆਕਰਨ ਉਹਦੇ ਚਾਰ ਥੰਮ੍ਹ ਹੁੰਦੇ ਹਨ। ਜੇ ਇਹਨਾਂ ਚਾਰਾਂ ਦੇ ਪੱਖੋਂ ਪੰਜਾਬੀ ਨੂੰ ਪਰਖ ਕੇ ਦੇਖੀਏ, ਸਿੱਟੇ ਕੋਈ ਉਤਸ਼ਾਹਜਨਕ ਨਹੀਂ ਨਿਕਲਦੇ।
ਪਹਿਲਾ, ਪੰਜਾਬੀ ਦਾ ਭੂਗੋਲਕ ਖੇਤਰ, ਜੋ ਸੰਤਾਲੀ ਤੱਕ ਦੂਰ ਦੂਰ ਫੈਲਿਆ ਹੋਇਆ ਸੀ, ਵਾਰ ਵਾਰ ਟੁਕੜੇਬੰਦੀ ਦਾ ਸ਼ਿਕਾਰ ਹੋ ਕੇ ਥੋੜ੍ਹੇ ਜਿਹੇ ਇਲਾਕੇ ਤੱਕ ਸਿਮਟ ਗਿਆ ਹੈ।
ਦੂਜਾ, ਪੰਜਾਬੀ ਦਾ ਮੌਲਿਕ ਸ਼ਬਦ-ਭੰਡਾਰ, ਜੋ ਹਰ ਭਾਸ਼ਾ ਵਾਂਗ, ਆਪਣੇ ਬੋਲਣ ਵਾਲਿਆਂ ਦੇ ਵਿਚਾਰ-ਪ੍ਰਗਟਾਵੇ ਦੇ ਪੂਰੀ ਤਰ੍ਹਾਂ ਸਮਰੱਥ ਹੈ, ਬਦਕਿਸਮਤੀ ਨੂੰ ਆਪਣਿਆਂ ਹੱਥੋਂ ਹੀ ਖੁਰਦਾ ਜਾ ਰਿਹਾ ਹੈ। ਪੰਜਾਬ ਦੇ ਪ੍ਰਬੰਧਕ ਤੇ ਰਾਜਨੀਤਕ ਹਲਕਿਆਂ ਵਿਚ ਅਤੇ ਸਭ ਤੋਂ ਮਾੜੀ ਗੱਲ, ਅਕਾਦਮਿਕ ਖੇਤਰ ਵਿਚ ਅਜਿਹੇ ਲੋਕਾਂ ਦੀ ਭਰਮਾਰ ਹੈ ਜਿਨ੍ਹਾਂ ਨੂੰ ਨਾ ਤਾਂ ਪੰਜਾਬੀ ਨਾਲ ਕੋਈ ਮੋਹ ਹੈ, ਨਾ ਸਮਾਜ ਲਈ ਮਾਤਭਾਸ਼ਾ ਦੇ ਮਹੱਤਵ ਦਾ ਪਤਾ ਹੈ ਅਤੇ ਨਾ ਪੰਜਾਬੀ ਦੀ ਭਾਸ਼ਾਈ ਆਬ-ਤਾਬ ਦੀ ਕੋਈ ਜਾਣਕਾਰੀ ਹੈ। ਇਹ ਲੋਕ ਪੰਜਾਬੀ ਦੇ ਸੁੱਚੇ ਟਕਸਾਲੀ ਸ਼ਬਦਾਂ ਦੀ ਥਾਂ ਓਪਰੀਆਂ ਭਾਸ਼ਾਵਾਂ ਦੇ ਸ਼ਬਦ ਆਮ ਹੀ ਵਰਤਦੇ ਹਨ।
ਤੀਜਾ, ਇਹ ਕਥਨ ਕਿਸੇ ਜਜ਼ਬਾਤੀ ਜਾਂ ਸੌੜੇ ਨਜ਼ਰੀਏ ਉੱਤੇ ਆਧਾਰਿਤ ਨਹੀਂ ਸਗੋਂ ਭਾਸ਼ਾ-ਵਿਗਿਆਨਕ ਕਸਵੱਟੀ ਉੱਤੇ ਖਰਾ ਉੱਤਰਦਾ ਹੈ ਕਿ ਪੰਜਾਬੀ ਲਈ ਇੱਕੋ-ਇਕ ਢੁਕਵੀਂ ਲਿਪੀ ਗੁਰਮੁਖੀ ਹੀ ਹੈ ਜੋ ਇਸ ਦੀ ਹਰ ਧੁਨੀ ਅਤੇ ਸ਼ਬਦ ਨੂੰ ਲਿਖਤ ਦਾ ਸਹੀ ਸਹੀ ਜਾਮਾ ਪੁਆ ਸਕਦੀ ਹੈ। ਪਰ ਇਸ ਦੇ ਬਾਵਜੂਦ ਮੁਸਲਮਾਨ, ਪਵਿੱਤਰ ਕੁਰਾਨ ਨਾਲ ਜੁੜੀ ਲਿਪੀ ਹੋਣ ਕਾਰਨ, ਸ਼ਾਹਮੁਖੀ ਨੂੰ ਸਤਿਕਾਰਦੇ ਹਨ, ਹਿੰਦੂਆਂ ਲਈ ‘ਦੇਵਤਿਆਂ ਦੀ ਬਣਾਈ’ ਦੇਵਨਾਗਰੀ ਤੋਂ ਬਿਨਾਂ ਸਭ ਕੂੜ ਹੈ ਅਤੇ ਸਿੱਖਾਂ ਲਈ ਗੁਰਮੁਖੀ ਗੁਰੂ ਗ੍ਰੰਥ ਸਾਹਿਬ ਦੀ ਲਿਪੀ ਹੈ। ਇਸ ਸੋਚ ਨੇ ਪੰਜਾਬੀ ਦਾ ਨੁਕਸਾਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ!
ਲਿਪੀ ਬਾਰੇ ਅਸਲ ਚਿੰਤਾਜਨਕ ਗੱਲ ਕਈ ਪੰਜਾਬੀ ਲੇਖਕਾਂ ਸਮੇਤ ਕੁਝ ਲੋਕਾਂ ਦੀ ਇਹ ਸਮਝ ਹੈ ਕਿ ਲਿਪੀ ਦਾ ਕੀ ਹੈ, ਕੋਈ ਵੀ ਵਰਤ ਲਵੋ! ਉਹ ਕਹਿੰਦੇ ਹਨ, ਬਹੁਤੀਆਂ ਲਿਪੀਆਂ ਵਿਚ ਲਿਖੀ ਪੰਜਾਬੀ ਬਹੁਤੇ ਲੋਕਾਂ ਤੱਕ ਪਹੁੰਚ ਸਕੇਗੀ। ਇਸ ਦਲੀਲ ਅਨੁਸਾਰ ਤਾਂ ਸਾਨੂੰ ਪੰਜਾਬੀ ਦੀ ਥਾਂ ਭਾਸ਼ਾ ਵੀ ਅੰਗਰੇਜ਼ੀ ਅਪਣਾ ਲੈਣੀ ਚਾਹੀਦੀ ਹੈ ਕਿਉਂਕਿ ਅਜਿਹਾ ਕਰ ਕੇ ਅਸੀਂ ਬਹੁਤ ਵੱਧ ਲੋਕਾਂ ਨਾਲ ਜੁੜ ਸਕਾਂਗੇ। ਇਹਨਾਂ ਲੋਕਾਂ ਨੂੰ ਏਨੀ ਚੇਤਨਾ ਨਹੀਂ ਕਿ ਪੁੱਜਦੀ ਭਾਸ਼ਾ ਹੈ, ਲਿਪੀ ਨਹੀਂ। ਜੇ ਮੈਨੂੰ ਕੋਈ ਭਾਸ਼ਾ ਨਹੀਂ ਆਉਂਦੀ, ਮੈਂ ਆਪਣੇ ਲਈ ਪੜ੍ਹਨਜੋਗ ਕਿਸੇ ਲਿਪੀ ਵਿਚ ਲਿਖੀ ਉਸ ਭਾਸ਼ਾ ਦਾ ਕੀ ਕਰਾਂਗਾ?ਕੋਈ ਅੰਗਰੇਜ਼ ਰੋਮਨ ਵਿਚ ਲਿਖੀ ਹੋਈ ਪੰਜਾਬੀ ਦਾ ਕੀ ਕਰੇਗਾ? ਮੈਂ ਗੁਰਮੁਖੀ ਵਿਚ ਲਿਖੀ ਹੋਈ ਫਰਾਂਸੀਸੀ ਦਾ ਕੀ ਸਮਝਾਂਗਾ? ਤੇ ਜੇ ਕਿਸੇ ਨੂੰ ਪੰਜਾਬੀ ਦੀ ਸਮਝ ਹੈ ਤਾਂ ਉਹ ਇਸ ਦੀ ਲਿਪੀ ਗੁਰਮੁਖੀ ਕਿਉਂ ਨਾ ਸਿੱਖੇ-ਜਾਣੇ? ਇਹ ਮੱਤ ਪੇਸ਼ ਕਰਨ ਵਾਲੇ ਸੱਜਣਾਂ ਨੂੰ ਨਾ ਇਹ ਪਤਾ ਹੈ ਕਿ ਭਾਸ਼ਾ ਕੀ ਹੁੰਦੀ ਹੈ, ਨਾ ਇਹ ਜਾਣਕਾਰੀ ਹੈ ਕਿ ਲਿਪੀ ਕੀ ਹੁੰਦੀ ਹੈ ਅਤੇ ਨਾ ਹੀ ਇਹ ਸੋਝੀ ਹੈ ਕਿ ਇਹਨਾਂ ਦੋਵਾਂ ਦਾ ਆਪਸ ਵਿਚ ਕੀ ਰਿਸ਼ਤਾ ਹੈ ਤੇ ਸਮਾਜ ਨਾਲ ਕੀ ਨਾਤਾ ਹੈ! ਕਿਸੇ ਭੂਗੋਲਕ ਖੇਤਰ ਦੇ ਲੋਕਾਂ ਦੀ ਭਾਸ਼ਾ ਬਹੁਤ ਲੰਮੇ ਇਤਿਹਾਸਕ ਦੌਰ ਵਿਚ ਰੂਪ ਧਾਰਦੀ ਹੈ। ਉਹਦੀਆਂ ਕੁਛ ਧੁਨੀਆਂ ਹੋਰ ਭਾਸ਼ਾਵਾਂ ਨਾਲ ਸਾਂਝੀਆਂ ਹੋ ਸਕਦੀਆਂ ਹਨ ਤੇ ਹੁੰਦੀਆਂ ਹਨ ਪਰ ਕੁਛ ਧੁਨੀਆਂ ਉਸੇ ਦੀਆਂ ਹੀ ਵਿਸ਼ੇਸ਼ ਹੁੰਦੀਆਂ ਹਨ। ਹਰ ਭਾਸ਼ਾ ਦੀ ਲਿਪੀ ਦਾ ਵਿਕਾਸ ਵੀ ਉਹਦੇ ਨਾਲ ਨਾਲ ਹੀ ਹੁੰਦਾ ਹੈ। ਇਹੋ ਲਿਪੀ ਉਸ ਭਾਸ਼ਾ ਦੀਆਂ ਸਾਰੀਆਂ ਧੁਨੀਆਂ ਨੂੰ ਪ੍ਰਗਟ ਕਰਨ ਦੇ ਸਮਰੱਥ ਹੁੰਦੀ ਹੈ। ਹੋਰ ਕੋਈ ਲਿਪੀ ਅਜਿਹਾ ਨਹੀਂ ਕਰ ਸਕਦੀ। ਪੰਜਾਬੀ ਦੀਆਂ ਕੁਛ ਪੁਰਾਣੀਆਂ ਧੁਨੀਆਂ, ਜਿਵੇਂ ਘ, ਝ, ਢ, ਧ, ਭ, ਆਦਿ ਅਜਿਹੀਆਂ ਹਨ ਜਿਨ੍ਹਾਂ ਨੂੰ ਹੋਰ ਕਿਸੇ ਲਿਪੀ ਵਿਚ ਪਰਗਟ ਹੀ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਲ ਨਾਲੋਂ ਪਾਟ ਕੇ ਵਿਕਸਿਤ ਹੋਈ ਅਤੇ ਹੁਣ ਪੈਂਤੀ ਵਿਚ ਸ਼ਾਮਲ ਹੋ ਚੁੱਕੀ ਲ਼ ਦੀ ਧੁਨੀ ਹੋਰ ਲਿਪੀਆਂ ਵਿਚ ਪਰਗਟ ਨਹੀਂ ਕੀਤੀ ਜਾ ਸਕਦੀ।
ਸ਼ਾਹਮੁਖੀ ਦੀ ਗੱਲ ਨੂੰ ਉਰਦੂ ਜਾਣਨ ਵਾਲੇ ਸੱਜਣ ਚੰਗੀ ਤਰ੍ਹਾਂ ਸਮਝ ਸਕਣਗੇ। ਕੋਈ ਅੱਧੀ ਸਦੀ ਪਹਿਲਾਂ ਦੀ ਗੱਲ ਹੈ, ਜਲੰਧਰ ਰੇਡੀਓ ਤੋਂ ਸ਼ਾਹਮੁਖੀ ਵਿਚ ਲਿਖ ਕੇ ਪੰਜਾਬੀ ਪੜ੍ਹਨ ਵਾਲੇ ਇਕ ਸੱਜਣ ਨੇ ਕਲਗ਼ੀ ਨੂੰ ਕੁਲਫ਼ੀ ਪੜ੍ਹ ਦਿੱਤਾ ਸੀ। ਬੜਾ ਰੌਲਾ ਪਿਆ ਤੇ ਬੜਾ ਝੰਜਟ ਹੋਇਆ। ਚਲੋ ਇਹ ਤਾਂ ਦੂਰ ਦੀ ਗੱਲ ਹੈ, ਸੱਜਰੀ ਮਿਸਾਲ ਲਵੋ। ਕੁਛ ਮਹੀਨੇ ਪਹਿਲਾਂ ਦਿੱਲੀ ਦੇ ਇਕ ਦੋਮਾਸਕ ਨੇ ਪਾਕਿਸਤਾਨ ਵਿਚ ਸ਼ਾਹਮੁਖੀ-ਪੰਜਾਬੀ ਵਿਚ ਛਪੀਆਂ ਗ਼ਜ਼ਲਾਂ ਛਾਪੀਆਂ। ਲਿਪੀ ਬਦਲਣ ਸਮੇਂ ਹੋਏ ਅਨੇਕ ਕਾਰਨਾਮਿਆਂ ਵਿੱਚੋਂ ਦੋ ਮਿਸਾਲਾਂ ਕਾਫ਼ੀ ਹਨ। ਮਿਸਰਾ ਸੀ,"ਹੌਲੀ ਹੌਲੀ ਵਿਥਾਂ ਵਧੀਆਂ ਜਿਵੇਂ ਮੁੱਠੀਉਂ ਕਿਰਦੀ ਰੇਤ।” ਲਿਪੀਕਾਰ ਨੇ ਕੀਤਾ,"…ਮੱਠੀਉਂ ਕਰਦੀ ਰੀਤ।” ਇਵੇਂ ਹੀ “ਚੰਨ ਵੀ ਉਹਨੂੰ ਵੇਖ ਕੇ ਖੜ੍ਹਾ ਰਿਹਾ ਬਨੇਰੇ ਤੇ” ਦੇ "ਬਨੇਰੇ” ਨੂੰ “ਹਨੇਰੇ” ਲਿਖ ਦਿੱਤਾ। ਕਾਰਨ ਇਹ ਸੀ ਕਿ ਜੇ ਸੋਚਿਆ ਨਾ ਜਾਵੇ,ਇਹ ਲਫ਼ਜ਼ ਇਉਂ ਵੀ ਪੜ੍ਹੇ ਜਾ ਸਕਦੇ ਹਨ!
ਹੁਣ ਗੱਲ ਕਰੀਏ ਦੇਵਨਾਗਰੀ ਦੀ। ਪੰਜਾਬੀ ਲਈ (ਤੇ ਹੋਰ ਭਾਰਤੀ ਭਾਸ਼ਾਵਾਂ ਲਈ ਵੀ) ਆਨੀਂ-ਬਹਾਨੀਂ, ਕਿਸੇ ਭਾਸ਼ਾਈ ਆਧਾਰ ਤੋਂ ਬਿਨਾਂ, ਭਾਸ਼ਾਈ-ਸਾਮਰਾਜੀ ਸੋਚ ਜਾਂ ਫ਼ਿਰਕੂ ਰਾਜਨੀਤੀ ਕਾਰਨ ਦੇਵਨਾਗਰੀ ਲਿਪੀ ਦੀ ਮੰਗ ਕੀਤੀ ਜਾਂਦੀ ਰਹਿੰਦੀ ਹੈ, ਭਾਵੇਂ ਕਿ ਪੰਜਾਬ ਵਿਚ ਇਹ ਮੰਗ ਕਰਨ ਵਾਲੇ ਪੰਜਾਬੀ ਨੂੰ ਆਪ ਵੀ ਦੇਵਨਾਗਰੀ ਵਿਚ ਨਹੀਂ ਲਿਖਦੇ। ਇਕ ਦਿਲਚਸਪ ਤੱਥ; ਮੈਨੂੰ ਜੇ ਗੁਰਮੁਖੀ ਦੀ ਥਾਂ ਦੇਵਨਾਗਰੀ ਦੀ ਵਰਤੋਂ ਕਿਤੇ ਸੋਚ-ਸਮਝ ਕੇ ਬਾਕਾਇਦਾ ਕੀਤੀ ਮਿਲੀ ਹੈ, ਉਹ ਗੁਰਦੁਆਰਿਆਂ ਵਿਚ ਰੱਖੇ ਜਾਂਦੇ ਗੁਟਕਿਆਂ ਵਿਚ ਹੈ। ਸ਼ਰਧਾਲੂਆਂ ਨੂੰ ਬਾਣੀ ਤੱਕ ਪਹੁੰਚਣ ਵਾਸਤੇ ਉਸ ਦੀ ਲਿਪੀ ਸਿੱਖਣ ਲਈ ਪ੍ਰੇਰਨ ਦੀ ਥਾਂ ਬਾਣੀ ਦੀ ਹੀ ਲਿਪੀ ‘ਅਵਰ ਤੁਮਾਰੀ’ ਕਰ ਦਿੱਤੀ ਗਈ ਹੈ। ਇੱਕੋ ਮਿਸਾਲ ਕਾਫ਼ੀ ਹੈ। ਦੇਵਨਾਗਰੀ ਵਿਚ ਲਿਖ ਕੇ ਕਿਸੇ ਨੂੰ ਘਰ, ਝੂਲਾ, ਢੋਲ, ਧਰਤੀ ਅਤੇ ਭੋਲਾਭਾਲਾ ਪੜ੍ਹਨ ਵਾਸਤੇ ਕਹੋ ਅਤੇ ਦੇਖੋ ਕਿ ਉਹ ਇਹਨਾਂ ਦੇ ਪੰਜਾਬੀ ਉਚਾਰਨ ਦੀ ਥਾਂ ਕੀ ਉਚਰਦਾ ਹੈ!
ਅੰਗਰੇਜ਼ੀ ਦੀ ਲਿਪੀ ਰੋਮਨ ਦੀ ਗੱਲ ਤਾਂ ਰਹਿਣ ਹੀ ਦੇਈਏ ਤਾਂ ਚੰਗਾ! ਈਮੇਲ ਕਰਦਿਆਂ ਲੋਕ ਪੰਜਾਬੀ ਲਈ ਆਮ ਕਰਕੇ ਰੋਮਨ ਲਿਪੀ ਵਰਤਦੇ ਹਨ ਜਿਸ ਵਿਚ ਲਿਖੀ ਪੰਜਾਬੀ ਨੂੰ ਉਠਾਲਣਾ ਖਾਸੀ ਮੁਸ਼ੱਕਤ ਲੋੜਦਾ ਹੈ। ਅਜਿਹਾ ਇਸ ਤੱਥ ਦੇ ਬਾਵਜੂਦ ਹੋ ਰਿਹਾ ਹੈ ਕਿ ਕੰਪਿਊਟਰ ਵਿਚ ਗੁਰਮੁਖੀ-ਪੰਜਾਬੀ ਵਿਚ ਈਮੇਲ ਕਰਨ ਦੀ ਬਹੁਤ ਹੀ ਸੌਖੀ-ਸਰਲ ਸਹੂਲਤ ਪ੍ਰਾਪਤ ਹੈ। ਇਹਨੂੰ ਪੰਜਾਬੀ ਨਾਲ ਦਿਲੀ ਸਾਂਝ ਦੀ ਘਾਟ ਹੀ ਸਮਝੋ ਕਿ, ਮਿਸਾਲ ਵਜੋਂ, ਜਿਨ੍ਹਾਂ ਲੇਖਕਾਂ, ਪ੍ਰੋਫ਼ੈਸਰਾਂ, ਪਾਠਕਾਂ ਨੂੰ ਮੈਂ ਗੁਰਮੁਖੀ-ਪੰਜਾਬੀ ਲਿਖਣ ਦਾ ਇਹ ਤਰੀਕਾ ਦੱਸਿਆ ਹੈ, ਉਹਨਾਂ ਵਿੱਚੋਂ ਬਹੁਤ ਘੱਟ ਨੇ ਉਹ ਅਪਣਾਇਆ ਹੈ। ਇਉਂ ਪੰਜਾਬੀ ਦੀ ਇਕ ਲਿਪੀ ਵਜੋਂ ਕੰਪਿਊਟਰ ਰਾਹੀਂ ਸਹਿਜੇ ਸਹਿਜੇ ਰੋਮਨ ਦਾ ਪ੍ਰਵੇਸ਼ ਹੋ ਰਿਹਾ ਹੈ। ਮੋਤੀ ਤੇ ਮੋਟੀ ਨੂੰ ਰੋਮਨ ਵਿਚ ਕੀ ਫ਼ਰਕ ਕਰ ਕੇ ਲਿਖੋਗੇ?ਦੋਵੇਂ Moti ਹਨ। Das ਦਸ ਹੈ ਕਿ ਦਾਸ? Dal ਦਾਲ ਹੈ ਕਿ ਦਲ ਹੈ, dal ਡਾਲ ਹੈ ਕਿ ਡਲ ਹੈ? Gard ਨੂੰ ਗਾਰਦ, ਗਰਦ, ਗਾਰਡ, ਗਰੜ ਵਿੱਚੋਂ ਕੀ ਪੜ੍ਹੋਗੇ?
ਪੰਜਾਬੀ ਵਾਸਤੇ ਇਸ ਦੀ ਵਿਗਿਆਨਕ ਲਿਪੀ ਗੁਰਮੁਖੀ ਦੀ ਥਾਂ ਕੋਈ ਹੋਰ ਲਿਪੀ ਲਿਆਉਣ ਵਾਲਿਆਂ ਦੀ ਨਿਰੋਲ ਰਾਜਨੀਤਕ ਤੇ ਧਾਰਮਿਕ-ਫ਼ਿਰਕੂ ਮੰਗ ਵਿਰੁੱਧ ਲੰਮੇ ਸੰਘਰਸ਼ ਦੇ ਸਿੱਟੇ ਵਜੋਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਕਾਨੂੰਨੀ ਮੇਲ ਹੋਇਆ ਹੈ। ਭਾਸ਼ਾ-ਵਿਗਿਆਨ ਦੇ ਵਿਰੁੱਧ ਗੱਲਾਂ ਲਿਖ-ਬੋਲ ਕੇ ਸੁੱਤੀਆਂ ਕਲਾਂ ਨਹੀਂ ਜਗਾਉਣੀਆਂ ਚਾਹੀਦੀਆਂ ਅਤੇ ਪੰਜਾਬੀ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ!
ਚੌਥਾ, ਹਰ ਭਾਸ਼ਾ ਦਾ ਨਿੱਤ-ਵਰਤੋਂ ਸਦਕਾ ਵਿਕਸਿਤ ਹੋਇਆ ਵਿਆਕਰਨ ਮੂੰਹੋਂ-ਮੂੰਹ ਪੀੜ੍ਹੀ-ਦਰ-ਪੀੜ੍ਹੀ ਅੱਗੇ ਪੁੱਜਦਾ ਰਹਿੰਦਾ ਹੈ। ਸਕੂਲੀ ਉਮਰ ਤੋਂ ਪਹਿਲਾਂ ਹੀ ਬੱਚਾ ਵਚਨ ਅਤੇ ਲਿੰਗ ਸਮੇਤ ਬਹੁਤ ਸਾਰਾ ਵਿਆਕਰਨ ਸਿੱਖ ਚੁੱਕਿਆ ਹੁੰਦਾ ਹੈ। ਉਹ “ਮੈਂ ਰੋਟੀ ਖਾਣੀ ਹੈ” ਕਹਿੰਦਾ ਹੈ, “ਮੈਂ ਰੋਟੀ ਖਾਣਾ ਹੈ” ਨਹੀਂ ਅਤੇ "ਮੈਂ ਪਾਣੀ ਪੀਣਾ ਹੈ” ਬੋਲਦਾ ਹੈ,"ਮੈਂ ਪਾਣੀ ਪੀਣੀ ਹੈ” ਨਹੀਂ। ਉਹ "ਇਕ ਰੋਟੀ ਲੈਣੀ ਹੈ” ਆਖਦਾ ਹੈ,"ਇਕ ਰੋਟੀ ਲੈਣੀਆਂ ਹਨ” ਨਹੀਂ ਅਤੇ "ਦੋ ਰੋਟੀਆਂ ਲੈਣੀਆਂ ਹਨ” ਕਹਿੰਦਾ ਹੈ,"ਦੋ ਰੋਟੀ ਲੈਣੀ ਹੈ” ਨਹੀਂ। ਪਰ ਵੱਡੀਆਂ ਡਿਗਰੀਆਂ ਵਾਲੇ ਉਹਨਾਂ ਅਨੇਕ ‘ਵਿਦਵਾਨਾਂ’ ਦਾ ਕੀ ਕਰੀਏ ਜਿਹੜੇ ਇਹਨਾਂ ਤੋਤਲੇ ਬੱਚਿਆਂ ਦੇ ਬਰਾਬਰ ਵਿਆਕਰਨ ਵੀ ਨਹੀਂ ਜਾਣਦੇ? ਅਜਿਹੇ ਲੋਕਾਂ ਦੇ ਮੂੰਹੋਂ ਤੁਸੀਂ ਅਕਸਰ ਹੀ ‘ਮੱਕੀ ਦੀ ਰੋਟੀਆਂ’ ਤੇ ‘ਕੱਚ ਦੀ ਚੂੜੀਆਂ’ ਵਰਗੇ ਮਨੋਹਰ ਵਚਨ ਸੁਣੇ ਹੋਣਗੇ। ਕੁਛ ਦਿਨ ਪਹਿਲਾਂ ਦੂਰਦਰਸ਼ਨ ਤੋਂ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਦੀ ਪੇਸ਼ਕਾਰ ਬੀਬੀ ਪੰਜਾਬੀ ਨੂੰ ਬਿਲਕੁਲ ਬਣਾਉਟੀ ਲਹਿਜੇ ਵਿਚ ਤਾਂ ਬੋਲ ਹੀ ਰਹੀ ਸੀ, ‘ਸ਼ਹੀਦਾਂ ਦੀ ਕੁਰਬਾਨੀਆਂ’ ਜਿਹੇ ਭਾਸ਼ਾਈ ਮੋਤੀ ਵੀ ਬਖੇਰ ਰਹੀ ਸੀ! ਹੁਣ ਪੰਜਾਬੀ ‘ਮਿਲਿਆ’ ਦੀ ਥਾਂ ਅਕਸਰ ‘ਪਾਇਆ ਗਿਆ’ ਲਿਖਿਆ ਮਿਲਦਾ ਹੈ ਜਿਸ ਦੇ ਬੜੇ ਹਾਸੋਹੀਣੇ ਸਿੱਟੇ ਨਿਕਲਦੇ ਹਨ। ਅਖ਼ਬਾਰ ਮਰੀਜ਼ ਦੇ ਪੇਟ ਵਿਚ ਕੈਂਸਰ ਮਿਲਿਆ ਜਾਂ ਨਿੱਕਲਿਆ ਦੀ ਥਾਂ ਲਿਖਦੇ ਹਨ, ਮਰੀਜ਼ ਦੇ ਪੇਟ ਵਿਚ ਕੈਂਸਰ ਪਾਇਆ ਗਿਆ। ਅਰਥਾਤ, ਉਸ ਬਦਕਿਸਮਤ ਦੇ ਪਹਿਲਾਂ ਚੰਗੇ-ਭਲੇ ਪੇਟ ਵਿਚ ਹੁਣ ਕੈਂਸਰ ਪਾ ਦਿੱਤਾ ਗਿਆ ਹੈ!
ਪੰਜਾਬੀ ਉੱਤੇ ਸ਼ ਦਾ ਹਮਲਾ ਹੀ ਰੁਕਣ ਵਿਚ ਨਹੀਂ ਆਉਂਦਾ। ਦੇਸ, ਨਿਰਾਸ, ਸਲਵਾਰ, ਸੀਸਾ ਜਿਹੇ ਦਰਜਨਾਂ ਸ਼ਬਦ ਸਾਡੇ ਮਹਾਂਰਥੀਆਂ ਨੇ ਦੇਸ਼, ਨਿਰਾਸ਼, ਸ਼ਲਵਾਰ, ਸ਼ੀਸ਼ਾ, ਆਦਿ ਬਣਾ ਦਿੱਤੇ ਹਨ। ਦੇਸ ਨੂੰ ਦੇਸ਼ ਬਣਾ ਦਿੱਤੇ ਜਾਣ ਕਰਕੇ ਹੁਣ ਘਿਓ ਦੇਸ਼ੀ ਹੋਵੇਗਾ ਅਤੇ ਕੁੜੀਆਂ ਪਰਦੇਸ਼ੀ ਢੋਲੇ ਦੇ ਗੀਤ ਗਾਇਆ ਕਰਨਗੀਆਂ। ਪਰਦੇਸ ਵਿਦੇਸ਼ ਹੋ ਗਿਆ ਹੈ, ਮੁਟਿਆਰ ਯੁਵਤੀ ਹੋ ਗਈ ਹੈ ਅਤੇ ਗੱਭਰੂ ਯੁਵਕ ਹੋ ਗਿਆ ਹੈ। ਪੰਜਾਬੀ ਰਿਸ਼ਤਿਆਂ ਅਤੇ ਸਭਿਆਚਾਰ ਦਾ ਸਭ ਤੋਂ ਬਹੁਤਾ ਨੁਕਸਾਨ ਅੰਕਲ-ਆਂਟੀ ਨੇ ਕੀਤਾ ਹੈ। ਜਿੱਥੇ, ਮਿਸਾਲ ਵਜੋਂ, ਮਾਮਾ-ਮਾਸੀ ਮਾਂ ਦੇ ਅਤੇ ਚਾਚੇ-ਤਾਏ ਤੇ ਭੂਆ ਪਿਓ ਦੇ ਵੀਰ-ਭੈਣ ਹੋਣ ਸਦਕਾ ਬੋਲਣ ਸਮੇਂ ਮਨ ਵਿਚ ਆਦਰ ਤੇ ਮੋਹ ਦੀ ਵਿਸ਼ੇਸ਼ ਭਾਵਨਾ ਜਗਾਉਂਦੇ ਸਨ, ਹੁਣ ਮਾਮੇ, ਚਾਚੇ, ਤਾਏ, ਫੁੱਫੜ, ਮਾਸੜ, ਆਦਿ ਤੋਂ ਲੈ ਕੇ ਸਬਜ਼ੀ ਵਾਲਾ ਅੰਕਲ, ਦੁੱਧ ਵਾਲਾ ਅੰਕਲ ਸਭ ਅੰਕਲ ਹੀ ਹਨ। ਚਾਚੀ, ਤਾਈ, ਮਾਸੀ, ਭੂਆ, ਆਦਿ ਤੋਂ ਲੈ ਕੇ ਗਲ਼ੀ ਦੀ ਕੱਪੜੇ ਪ੍ਰੈੱਸ ਕਰਨ ਵਾਲੀ ਤੱਕ ਸਭ ਆਂਟੀਆਂ ਹਨ। ਅੰਕਲ-ਆਂਟੀਆਂ ਵਿਚ ਅਜਿਹੇ ਗੁਆਂਢੀ ਵੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੂੰ ਘਰੇ ਬੱਚਿਆਂ ਸਾਹਮਣੇ ਅਕਸਰ ਗਾਲ਼ਾਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਹਨ। ਇਉਂ ਇਹਨਾਂ ਸ਼ਬਦਾਂ ਨਾਲ ਜੁੜਿਆ ਸਤਿਕਾਰ ਹੀ ਮਰ ਗਿਆ ਹੈ।
ਇਹ ਗੱਲ ਵੀ ਧਿਆਨਜੋਗ ਹੈ ਕਿ ਸਾਡੇ ਕਿਸੇ ਵਿਸ਼ਵਵਿਦਿਆਲੇ, ਵਿਭਾਗ ਜਾਂ ਬੋਰਡ ਨੇ, ਇਕ ਸਕੂਲੀ ਤੇ ਇਕ ਕਾਲਜੀ ਵਿਆਕਰਨ ਤੋਂ ਇਲਾਵਾ, ਪੰਜਾਬੀ ਦੀ ਗਹਿਰ-ਗੰਭੀਰ ਜਾਣਕਾਰੀ ਲਈ ਵਰਤੀ ਜਾ ਸਕਣ ਵਾਲੀ ਕੋਈ ਵਿਆਕਰਨ ਪੁਸਤਕ ਤਿਆਰ ਨਹੀਂ ਕੀਤੀ। ਕੀ ਸਾਨੂੰ ਇਸ ਗੱਲ ਤੋਂ ਚਿੰਤਾਤੁਰ ਨਹੀਂ ਹੋਣਾ ਚਾਹੀਦਾ ਕਿ ਪੰਜਾਬੀ ਨਾਲ ਸੰਬੰਧਿਤ ਕਰੋੜਾਂ-ਅਰਬਾਂ ਦੇ ਬਜਟ ਵਾਲੀਆਂ ਸੰਸਥਾਵਾਂ ਵਿੱਚੋਂ ਕਿਸੇ ਨੇ ਵੀ ਅਜੇ ਤੱਕ ਪੰਜਾਬੀ ਸ਼ਬਦ-ਸਮੂਹ ਨੂੰ ਇਕ ਥਾਂ ਇਕੱਤਰ ਨਹੀਂ ਕੀਤਾ ਅਤੇ ਨਾ ਹੀ ਸ਼ਬਦਜੋੜਾਂ ਵਿਚ ਇਕਰੂਪਤਾ ਲਿਆਂਦੀ ਹੈ? ਸ਼ਬਦ-ਸੰਗ੍ਰਹਿ ਅਤੇ ਸ਼ਬਦਜੋੜਾਂ ਦੇ ਮਿਆਰੀਕਰਨ ਵਾਸਤੇ ਪੰਜਾਬੀ ਯੂਨੀਵਰਸਿਟੀ ਨੇ ਡਾ. ਹਰਕੀਰਤ ਸਿੰਘ ਦੀ ਅਗਵਾਈ ਵਿਚ ਵਡਿਆਈਜੋਗ ਕੰਮ ਕੀਤਾ ਸੀ ਜੋ ਬਦਕਿਸਮਤੀ ਨੂੰ ਉਸੇ ਯੂਨੀਵਰਸਿਟੀ ਨੇ ਰੱਦ ਕਰ ਦਿੱਤਾ ਜਦੋਂ ਕਿ ਚਾਹੀਦਾ ਇਹ ਸੀ ਕਿ ਵਿਸ਼ਵਕੋਸ਼ਾਂ ਵਿਚ ਨਿਰੰਤਰ ਸੋਧਾਂ ਅਤੇ ਵਾਧਿਆਂ ਦੀ ਦੁਨੀਆ ਭਰ ਵਾਲੀ ਰੀਤ ਅਪਣਾਈ ਜਾਂਦੀ ਅਤੇ ਉਸ ਨੂੰ ਸੰਪੂਰਨ ਬਣਾਇਆ ਜਾਂਦਾ ਰਹਿੰਦਾ। ਉਲਟਾ ਹੋਇਆ ਇਹ ਕਿ ਹਰਕੀਰਤ ਸਿੰਘ ਦੇ ਜਵਾਬ ਵਿਚ ਯੂਨੀਵਰਸਿਟੀ ਨੇ ਨੇਮਾਂ ਦਾ ਇਕ ਅਜਿਹਾ ਕਿਤਾਬਚਾ ਜਾਰੀ ਕੀਤਾ ਜੀਹਨੇ ਕਈ ਕਈ ਜੋੜਾਂ ਵਾਲੇ ਸ਼ਬਦਾਂ ਵਾਸਤੇ ਕੋਈ ਇਕ ਜੋੜ ਮਿਥਣ ਦੀ ਥਾਂ ਉਹ ਸ਼ਬਦਜੋੜ ਵੀ ਉਖੇੜ ਦਿੱਤੇ ਜਿਨ੍ਹਾਂ ਬਾਰੇ ਉੱਕਾ ਕੋਈ ਵਿਵਾਦ ਜਾਂ ਦੂਹਰ ਹੈ ਹੀ ਨਹੀਂ।
ਪਿੱਛੇ ਜਿਹੇ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਅਤੇ ਹੋਰ ਦੇਸੀ ਭਾਸ਼ਾਵਾਂ ਦਾ ਰੁਤਬਾ ਘਟਾਏ ਜਾਣ ਵਿਰੁੱਧ ਰੋਸ-ਲਹਿਰ ਚੱਲੀ ਸੀ। ਇਹ ਕੋਈ ਇਕੱਲੀ-ਇਕਹਿਰੀ ਘਟਨਾ ਨਹੀਂ। ਸਮੇਂ ਸਮੇਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਵੀ ਪੰਜਾਬੀ ਦੀ ਹੋਂਦ ਨਾਲੋਂ ਪੱਚਰਾਂ ਲਾਹੇ ਜਾਣ ਦੀਆਂ ਅਤੇ ਸਰਕਾਰਾਂ ਦੇ ਪੰਜਾਬੀ-ਵਿਰੋਧੀ ਕਦਮਾਂ ਦੀਆਂ ਅਫ਼ਸੋਸਨਾਕ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਇਹਨੀਂ ਦਿਨੀਂ ਪੰਜਾਬੀ ਨਾਲ ਦਸਵੀਂ ਪਾਸ ਕਰਨ ਵਾਲਿਆਂ ਨੂੰ ਹੋਰ ਦਸਵੀਂ ਪਾਸਾਂ ਵਾਂਗ ਚੰਡੀਗੜ੍ਹ ਪ੍ਰਸ਼ਾਸਨ ਦਾ ਕੰਡਕਟਰ ਲਾਉਣ ਤੋਂ ਇਨਕਾਰ ਭਖਵਾਂ ਮੁੱਦਾ ਬਣਿਆ ਹੋਇਆ ਹੈ। ਅਜੀਬ ਗੱਲ ਦੇਖੋ, ਪੰਜਾਬ ਦੀ ਰਾਜਧਾਨੀ ਵਿਚ ਪੰਜਾਬੀ ਨੂੰ ਕੋਈ ਮਾਨਤਾ ਹੀ ਨਹੀਂ! ਹੁਣ ਵਿੱਦਿਅਕ ਨੀਤੀਆਂ ਤਿਆਰ ਕਰਨ ਵਿਚ ਸਰਕਾਰ ਦੇ ਨਾਲ ਨਾਲ ਕਾਰਪੋਰੇਟ ਜਗਤ ਦਾ ਵੀ ਹੱਥ ਹੋ ਗਿਆ ਹੈ ਜਿਸ ਨੂੰ ਭਾਸ਼ਾ ਤੇ ਸਭਿਆਚਾਰ ਦੇ ਆਧਾਰ ਉੱਤੇ ਬਣਦੇ ਮਨੁੱਖਾਂ ਦੀ ਲੋੜ ਨਹੀਂ, ਵਿਗਿਆਨਕ-ਤਕਨਾਲੋਜੀਕਲ ਵਿਸ਼ੇ ਲੈ ਕੇ ਬਣੀਆਂ ਮਨੁੱਖੀ ਮਸ਼ੀਨਾਂ ਦੀ ਲੋੜ ਹੈ।
ਸਰਕਾਰਾਂ ਲਈ ਸਿੱਖਿਆ ਵਿਭਾਗ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਹੋਰ ਵਿਭਾਗਾਂ ਵਾਂਗ ਹੋਰ ਵੀ ਕਈ ਕੰਮ ਆਉਂਦਾ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਲੱਖਾਂ ਰੁਪਏ ਦੀਆਂ ਲੱਚਰ ਤੇ ਲੁੱਚੀਆਂ ਪੰਜਾਬੀ ਪੁਸਤਕਾਂ ਭੇਜ ਦਿੱਤੀਆਂ। ਆਮ ਨਾਲੋਂ ਕਈ ਗੁਣਾ ਵੱਧ ਮੁੱਲ ਰੱਖ ਕੇ ਇਸ ਮੰਤਵ ਲਈ ਉਚੇਚੀਆਂ ਛਪਵਾਈਆਂ ਗਈਆਂ ਇਹ ਪੁਸਤਕਾਂ ਕਿਸੇ ਪ੍ਰਕਾਸ਼ਕ ਰਾਹੀਂ ਨਹੀਂ ਸਗੋਂ ਸੀਮਿੰਟ ਦੀਆਂ ਨਾਲ਼ੀਆਂ ਬਣਾਉਣ ਵਾਲੀ ਇਕ ਫ਼ੈਕਟਰੀ ਦੇ ਮਾਲਕ ਤੋਂ ਨਵੀਂ ਫ਼ਰਮ ਖੁੱਲ੍ਹਵਾ ਕੇ ਖ਼ਰੀਦੀਆਂ ਗਈਆਂ। ਮੈਂ ਅਜਿਹੀ ਇਕ ਪੁਸਤਕ ਦਰਸ਼ਨ ਦੀ ਰੀਝ ਪੂਰੀ ਕਰਨ ਲਈ ਮੰਗਵਾਈ ਤਾਂ ਉਹ 230 ਰੁਪਏ ਮੁੱਲ ਰੱਖ ਕੇ ਗੁਟਕੇ-ਪੋਥੀਆਂ ਛਾਪਣ ਵਾਲੀ ਇਕ ਫ਼ਰਮ ਦੀ ਪ੍ਰਕਾਸ਼ਿਤ ਕੀਤੀ ਹੋਈ ਸੀ। ਇਹ ਸਭ ਕਿਉਂ ਹੋਇਆ, ਤੁਸੀਂ ਆਪ ਸੋਚ-ਸਮਝ ਸਕਦੇ ਹੋ। ਪੰਜਾਬੀ ਦੀ ਪੜ੍ਹਾਈ ਬਾਰੇ ਪੰਜਾਬ ਸਰਕਾਰ ਦੀ ਸਮਝ ਅਤੇ ਗੰਭੀਰਤਾ ਦਾ ਅੰਦਾਜ਼ਾ ਇਸ ਇੱਕੋ ਮਿਸਾਲ ਤੋਂ ਭਲੀਭਾਂਤ ਲਾਇਆ ਜਾ ਸਕਦਾ ਹੈ।
ਨੀਤੀਆਂ ਤਾਂ ਨੀਤੀਆਂ, ਪੰਜਾਬੀ ਦੀ ਦੁਰਦਸ਼ਾ ਤਾਂ ਅੱਜ ਬਹੁਗਿਣਤੀ ਲੇਖਕਾਂ, ਪ੍ਰੋਫੈਸਰਾਂ ਤੇ ਕਥਿਤ ਵਿਦਵਾਨਾਂ ਦੀ ਲਿਖੀ ਪੰਜਾਬੀ ਪੜ੍ਹ ਕੇ ਦੇਖੀ ਜਾ ਸਕਦੀ ਹੈ। ਜਿਨ੍ਹਾਂ ਨੇ ਖ਼ੂਬਸੂਰਤ ਪੰਜਾਬੀ ਲਿਖੀ ਹੈ ਜਾਂ ਅੱਜ ਲਿਖ ਰਹੇ ਹਨ, ਉਹਨਾਂ ਵਿੱਚੋਂ ਧੀਰ ਵਰਗੇ ਕਈ ਤਾਂ ਕਾਲਜ ਵਿਚ ਪੜ੍ਹੇ ਹੀ ਨਹੀਂ ਸਨ, ਕਾਲਜ ਪਹੁੰਚੇ ਗਾਰਗੀ ਵਰਗੇ ਕਈਆਂ ਨੇ ਪੰਜਾਬੀ ਵਿਸ਼ਾ ਨਹੀਂ ਸੀ ਲਿਆ ਹੋਇਆ ਅਤੇ ਜਿਹੜੇ ਪੰਜਾਬੀ ਪੜ੍ਹੇ ਸਨ, ਉਹ ਤੇਜਾ ਸਿੰਘ ਵਰਗੇ ਪੰਜਾਬੀ ਦੇ ਜਾਣਕਾਰਾਂ ਦੀ ਪੀੜ੍ਹੀ ਤੋਂ ਪੜ੍ਹੇ ਸਨ। ਫ਼ਰਕ ਇਹ ਸੀ ਕਿ ਇਹਨਾਂ ਸਭਨਾਂ ਨੂੰ ਪੰਜਾਬੀ ਦੇ ਹੁਸਨ ਦਾ, ਪੰਜਾਬੀ ਦੇ ਜਲੌਅ ਦਾ ਪਤਾ ਸੀ। ਮੋਹਨ ਸਿੰਘ ਵਰਗਿਆਂ ਦੀ ਹੋਰ ਭਾਸ਼ਾਵਾਂ ਦੀ ਜਾਣਕਾਰੀ ਉਹਨਾਂ ਲਈ ਪੰਜਾਬੀ ਦੇ ਹੁਸਨ ਅਤੇ ਜਲੌਅ ਵਿਚ ਵਾਧਾ ਕਰਨ ਦਾ ਸਾਧਨ ਬਣਦੀ ਸੀ। ਜਿਸ ਭਾਸ਼ਨ ਜਾਂ ਲਿਖਤ ਵਿੱਚੋਂ ਸਰੋਤੇ ਜਾਂ ਪਾਠਕ ਨੂੰ ਪੰਜਾਬੀ ਦੀ ਸਮਰੱਥਾ, ਸੂਖ਼ਮਤਾ ਅਤੇ ਸੁਹਜ ਦੇ ਦਰਸ਼ਨ-ਦੀਦਾਰ ਨਹੀਂ ਹੁੰਦੇ, ਉਹ ਉਸ ਦੇ ਕਿਸ ਕੰਮ!
ਹੁਣ ਹਾਲਤ ਉਲਟੀ ਹੈ। ਜਿਉਂ ਜਿਉਂ ਵਿਦਿਆਰਥੀ ਪੰਜਾਬੀ ਦੀਆਂ ਜਮਾਤਾਂ ਵਿਚ ਉੱਚਾ ਚੜ੍ਹਦਾ ਜਾਂਦਾ ਹੈ, ਉਹਦੀ ਪੰਜਾਬੀ ਦਾ ਭੱਠਾ ਬੈਠਦਾ ਜਾਂਦਾ ਹੈ ਅਤੇ ਡਾਕਟਰੇਟ ਕਰਨ ਮਗਰੋਂ ਉਹ ਓਪਰੀਆਂ ਭਾਸ਼ਾਵਾਂ ਦਾ ਖੋਟ ਰਲਾਏ ਬਿਨਾਂ ਆਮ ਗੱਲਬਾਤ ਵੀ ਪੰਜਾਬੀ ਵਿਚ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਪੰਜਾਬੀ ਦੀ ਇਹਦੇ ਵਿਕਾਸ ਵਾਸਤੇ ਜ਼ਿੰਮੇਵਾਰ ਲੋਕਾਂ ਹੱਥੋਂ ਹੁੰਦੀ ਦੁਰਗਤ ਦੇਖਣ ਲਈ ਕਿਸੇ ਡੂੰਘੀ ਖੋਜਭਾਲ ਦੀ ਲੋੜ ਨਹੀਂ, ਤੁਸੀਂ ਜ਼ਰਾ ਬਹੁਗਿਣਤੀ ਪੰਜਾਬੀ ਪੁਸਤਕਾਂ, ਅਖ਼ਬਾਰਾਂ, ਗੋਸ਼ਟੀਆਂ, ਟੀਵੀ ਚੈਨਲਾਂ, ਮੰਚ-ਗਾਇਕੀ, ਫਿਲਮਾਂ, ਆਦਿ ਦਾ ਭਾਸ਼ਾਈ ਮਿਆਰ ਦੇਖ ਲਵੋ। ਇਹਨਾਂ ਸਭ ਖੇਤਰਾਂ ਵਿਚ ਖ਼ੂਬਸੂਰਤ ਭਾਸ਼ਾ ਵਾਲੀਆਂ ਰਚਨਾਵਾਂ ਤੂੜੀ ਵਿਚ ਦਾਣੇ ਬਣ ਕੇ ਰਹਿ ਜਾਂਦੀਆਂ ਹਨ। ਇਸ ਕੂੜ-ਕਬਾੜ ਨੂੰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਕੌਮਾਂਤਰੀ ਖੇਤਰ ਵਿਚ ਬੱਲੇ-ਬੱਲੇ ਆਖ ਕੇ ਪ੍ਰਚਾਰਿਆ ਅਤੇ ਵਡਿਆਇਆ ਜਾਂਦਾ ਹੈ।
ਮੈਂ ਦੋ ਆਪਬੀਤੀਆਂ ਸੁਣਾਉਣਾ ਚਾਹਾਂਗਾ। ਐੱਮ. ਫ਼ਿਲ. ਕਰਨ ਦੀ ਚਾਹਵਾਨ ਇਕ ਲੜਕੀ ਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਸੁਝਾਅ ਦਿੱਤਾ, ਤੂੰ ‘ਭੁੱਲਰ ਦੇ ਇਸਤਰੀ ਪਾਤਰ’ ਵਿਸ਼ਾ ਲੈ। ਕੁਛ ਦਿਨਾਂ ਮਗਰੋਂ ਉਹਦਾ ਫ਼ੋਨ ਆਇਆ, “ਭਾ ਜੀ, ਗਾਈਡ ਸਰ ਨੇ ਕਿਹਾ ਹੈ, ਯੂਨੀਵਰਸਿਟੀ ਪੱਧਰ ਦੀ ਖੋਜ ਵਿਚ ਅਜਿਹੀ ਸਰਲ ਭਾਸ਼ਾ ਨਹੀਂ ਵਰਤਣੀ ਚਾਹੀਦੀ ਤੇ ਨਾਂ ਵੀ ਗੌਰਾ-ਭਾਰਾ ਹੋਣਾ ਚਾਹੀਦਾ ਹੈ। ਉਹਨਾਂ ਨੇ ਵਿਸ਼ਾ ‘ਭੁੱਲਰ ਦੀਆਂ ਕਹਾਣੀਆਂ ਦਾ ਸਿਸਟਮੀ ਅਧਿਐਨ’ ਕਰ ਦਿੱਤਾ ਹੈ।” ਮੈਂ ਪੁੱਛਿਆ, “ਬੀਬੀ, ਉਹ ਕੀ ਹੁੰਦਾ ਹੈ?” ਉਹ ਹੱਸੀ, “ਭਾ ਜੀ, ਇਹ ਤਾਂ ਸਰ ਵੀ ਨਹੀਂ ਸਮਝਾ ਸਕੇ। ਕਹਿੰਦੇ ਲਿਖ ਤੂੰ ਆਪਣਾ ਪਹਿਲਾਂ ਸੋਚਿਆ ਹੀ ਪਰ ਭਾਸ਼ਾ ਦਾ ਖ਼ਿਆਲ ਰੱਖ। ਸਰਲ ਨਹੀਂ, ਜਟਿਲ ਹੋਵੇ।” ਆਖ਼ਰ ਮੇਰੀਆਂ ਕਹਾਣੀਆਂ ਦਾ ਸਿਸਟਮੀ ਅਧਿਐਨ ਹੋ ਕੇ ਰਿਹਾ!
‘ਸਮਕਾਲੀ ਸਾਹਿਤ’ ਦੇ ਇਕ ਅੰਕ ਵਿਚ ਦੇਵਨੀਤ ਦੀ ਕਵਿਤਾ ਬਾਰੇ ਮੇਰਾ ਲੇਖ ਛਪਿਆ। ਉਹਨੀਂ ਦਿਨੀਂ ਕਿਸੇ ਪੁਸਤਕ ਬਾਰੇ ਇਕ ਹੋਰ ਤ੍ਰੈਮਾਸਕ ਵਿਚ ਪੰਜਾਬੀ ਯੂਨੀਵਰਸਿਟੀ ਦੇ ਇਕ ਡਾਕਟਰ ਸਾਹਿਬ ਦਾ ਲੇਖ ਛਪਿਆ। ਲੇਖ ਦੇ ਅਨੇਕ ਸ਼ਬਦ ਰੋਮਨ ਵਿਚ ਅੰਗਰੇਜ਼ੀ ਦੇ ਤਾਂ ਸਨ ਹੀ, ਦੋ-ਤਿੰਨ ਵਾਰ ਪੜ੍ਹ ਕੇ ਵੀ ਮੈਂ ਪਹਿਲਾ ਪੈਰਾ ਹੀ ਸਮਝ ਨਾ ਸਕਿਆ। ਆਪਣੀ ਬੁੱਧੀ ਉੱਤੇ ਭਰੋਸਾ ਨਾ ਕਰਦਿਆਂ ਮੈਂ ਦੋ ਹੋਰ ਲੇਖਕਾਂ ਨੂੰ ਪੜ੍ਹਾਇਆ ਤਾਂ ਉਹਨਾਂ ਨੇ ਵੀ ਪਹਿਲੇ ਪੈਰੇ ਨਾਲ ਹੀ ਹੱਥ ਖੜ੍ਹੇ ਕਰ ਦਿੱਤੇ। ਮੈਂ ਆਪਣਾ ਲੇਖ ਪ੍ਰੋਫੈਸਰ ਸਾਹਿਬ ਨੂੰ ਕੋਰੀਅਰ ਕਰਵਾਇਆ ਅਤੇ ਪੁੱਛਿਆ, ਤੁਹਾਡੇ ਵਿਦਵਤਾ ਦੇ ਸੂਰਜ ਸਾਹਮਣੇ ਸਾਹਿਤਕ ਨਿਰਖ-ਪਰਖ ਦੇ ਅਜਿਹੇ ਦੀਵੇ ਦੀ ਵੀ ਕੋਈ ਕੀਮਤ ਹੈ ਕਿ ਮੈਂ ਇਹ ਲੇਖ ਪਾੜ ਦੇਵਾਂ?ਇੰਨੇ ਨੂੰ ਦੇਵਨੀਤ ਦਾ ਫੋਨ ਆਇਆ, “ਮੈਂ ਸਾਰੀ ਉਮਰ ਤਰਸਦਾ ਰਿਹਾ ਹਾਂ ਕਿ ਕੋਈ ਇਕ ਤਾਂ ਮੇਰੀ ਕਵਿਤਾ ਨੂੰ ਤਹਿਆਂ ਤੱਕ ਸਮਝੇ ਤੇ ਸਮਝਾਵੇ! ਅੱਜ ਰੀਝ ਪੂਰੀ ਹੋਈ ਤੋਂ ਮੈਂ ਸਹਿਜ ਹੋ ਗਿਆ ਹਾਂ।” ਪਰ ਪ੍ਰੋਫੈਸਰ ਸਾਹਿਬ ਨੇ ਲੇਖ ਪਾੜਨ ਦੇ ਹੱਕ ਵਿਚ ਫ਼ੈਸਲਾ ਦਿੰਦਿਆਂ ਫੋਨ ਰਾਹੀਂ ਦੱਸਿਆ ਕਿ ਪਾਠਕ ਦੇ ਸਮਝ ਆਉਣ ਵਾਲੇ ਅਜਿਹੇ ਲੇਖਾਂ ਦਾ ਜ਼ਮਾਨਾ ਚਿਰੋਕਾ ਬੀਤ ਗਿਆ; ਹੁਣ ਪੰਜਾਬੀ ਆਲੋਚਨਾ ਦਾ ਵਿਸ਼ਵੀਕਰਨ ਹੋ ਗਿਆ ਹੋਣ ਕਰਕੇ ਪੱਧਰ ਬਹੁਤ ਉੱਚਾ ਚੁੱਕਿਆ ਗਿਆ ਹੈ! ਜਦੋਂ ਅਸੀਂ ਪਾਠਕਾਂ ਦੀ ਘਾਟ ਦਾ ਰੋਣਾ ਰੋਂਦੇ ਹਾਂ, ਸਾਨੂੰ ਸੋਚਣਾ ਚਾਹੀਦਾ ਹੈ ਕਿ ਅਜਿਹੇ ਮਹਾਂਪੁਰਸ਼ਾਂ ਤੋਂ ਪੜ੍ਹੇ ਹੋਏ ਵਿਦਿਆਰਥੀਆਂ ਵਿਚ ਸਾਹਿਤ ਨੂੰ ਮਾਣਨ ਦੀ ਕਿੰਨੀ ਕੁ ਸਮਰੱਥਾ ਹੋ ਸਕਦੀ ਹੈ। ਇਸੇ ਕਰਕੇ ਬਹੁਤੇ ਵਿਦਿਆਰਥੀਆਂ ਦਾ ਪੁਸਤਕਾਂ ਨਾਲੋਂ ਨਾਤਾ ਇਮਤਿਹਾਨ ਦਿੰਦਿਆਂ ਹੀ ਟੁੱਟ ਜਾਂਦਾ ਹੈ। ਹੁਣ ਅਨੇਕ ਲੇਖਕ ਅਜਿਹੇ ਹਨ ਜਿਨ੍ਹਾਂ ਦੀ ਪੰਜਾਬੀ ਪੜ੍ਹ ਕੇ ਜੀਅ ਕੱਚਾ ਹੋਣ ਲੱਗ ਜਾਂਦਾ ਹੈ। ਅਜਿਹੇ ਲੋਕਾਂ ਨੇ ਆਪਣੀ ਅਯੋਗਤਾ ਛੁਪਾਉਣ ਲਈ ਇਕ ਸਮਝੋਂ ਬਾਹਰਾ ਤੇ ਜੱਗੋਂ ਨਿਆਰਾ ਸਿਧਾਂਤ ਘੜਿਆ ਹੈ ਕਿ ਭਾਸ਼ਾ ਦਾ ਕੀ ਹੈ, ਗੱਲ ਪਾਠਕ ਤੱਕ ਪਹੁੰਚਣੀ ਚਾਹੀਦੀ ਹੈ। ਕੋਈ ਪੁੱਛੇ, ਜੇ ਭਾਸ਼ਾ ਹੀ ਪੜ੍ਹਨਜੋਗ ਨਹੀਂ ਹੋਵੇਗੀ, ਗੱਲ ਕਿਵੇਂ ਪਹੁੰਚੇਗੀ?
ਮੈਂ ਤਾਂ ਇਸ ਸੰਬੰਧ ਵਿਚ ਕਈ ਸਭਾਵਾਂ ਤੇ ਗੋਸ਼ਟੀਆਂ ਦੇ ਮੰਚਾਂ ਤੋਂ ਇਕ ਦੋ-ਮਿੰਟੀ ਪਰਖ ਦਾ ਸੁਝਾਅ ਦਿੱਤਾ ਹੈ ਜੋ ਸਾਡੇ ਵਿੱਦਿਅਕ-ਅਕਾਦਮਿਕ ਖੇਤਰ ਵਾਸਤੇ ਸੰਜੀਵਨੀ ਸਿੱਧ ਹੋ ਸਕਦਾ ਹੈ। ਉਹੋ ਸੁਝਾਅ ਅੱਜ ਤੁਹਾਡੇ ਸਾਹਮਣੇ ਦੁਹਰਾਉਂਦਾ ਹਾਂ। ਯੂਨੀਵਰਸਿਟੀ ਪੱਧਰ ਤੋਂ ਸ਼ੁਰੂ ਕਰ ਕੇ ਪੰਜਾਬੀ ਦੇ ਹਰ ਅਧਿਆਪਕ ਨੂੰ ਕਿਸੇ ਬਹੁਤ ਹੀ ਸਰਲ-ਸਾਧਾਰਨ, ਜਿਵੇਂ ਹਵਾ, ਪਾਣੀ, ਸੂਰਜ, ਦਿਨ-ਰਾਤ ਜਿਹੇ ਵਿਸ਼ੇ ਬਾਰੇ ਬੋਲਣ ਲਈ ਕਿਹਾ ਜਾਵੇ। ਜੇ ਉਹ ਹੋਰ ਭਾਸ਼ਾਵਾਂ ਦੇ ਬੇਲੋੜੇ ਸ਼ਬਦ ਮਿਲਾਏ ਬਿਨਾਂ ਇਹਨਾਂ ਬਾਰੇ ਵੀ ਨਿਰਮਲ ਪੰਜਾਬੀ ਵਿਚ ਬੋਲਣ ਤੋਂ ਅਸਮਰੱਥ ਰਹੇ, ਉਹਨੂੰ ਪੰਜਾਬੀ ਸਿੱਖਣ ਲਈ ਛੇ ਮਹੀਨਿਆਂ ਦੀ ਜਬਰੀ ਬਿਨ-ਤਨਖ਼ਾਹੀ ਛੁੱਟੀ ਭੇਜ ਦਿੱਤਾ ਜਾਵੇ ਅਤੇ ਵਾਪਸੀ ਮਗਰੋਂ ਵੀ ਜੇ ਉਹ ਇਸ ਪਰਖ ਵਿੱਚੋਂ ਪੂਰਾ ਨਹੀਂ ਉੱਤਰਦਾ, ਉਹਨੂੰ ਘਰ ਭੇਜ ਦਿੱਤਾ ਜਾਵੇ। ਇਉਂ ਸਾਡੇ ਪੰਜਾਬੀ ਅਧਿਆਪਕਾਂ ਦਾ ਵੱਡਾ ਹਿੱਸਾ, ਜੋ ਠੀਕ ਪੰਜਾਬੀ ਲਿਖ-ਬੋਲ ਨਹੀਂ ਸਕਦਾ, ਠੀਕ ਪੰਜਾਬੀ ਸਿੱਖ ਸਕੇਗਾ ਅਤੇ ਅੱਗੇ ਵਿਦਿਆਰਥੀਆਂ ਨੂੰ ਪੜ੍ਹਾ ਸਕੇਗਾ।
* *
ਪੰਜਾਬੀ ਦੇ ਰਾਹ ਦੀਆਂ ਰੁਕਾਵਟਾਂ ਦੀ ਦਰਦ-ਕਹਾਣੀ ਜਿੰਨੀ ਮਰਜ਼ੀ ਲੰਮੀ ਕਰ ਲਵੋ। ਹੁਣ ਅਸੀਂ ਉਹ ਦਲੀਲਾਂ ਦੇਖਾਂਗੇ ਜੋ ਪੰਜਾਬੀ ਦੀ ਇਸ ਤਿਲ੍ਹਕਦੀ ਜਾਂਦੀ ਹਾਲਤ ਦੀ ਕਾਟ ਵਜੋਂ ਅਤੇ ਪੰਜਾਬੀ ਦਾ ਭਵਿੱਖੀ ਬੋਲਬਾਲਾ ਦਰਸਾਉਣ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਹਨ।
ਪੰਜਾਬੀ ਦੀ ਅਮਰਤਾ ਦੇ ਪੱਖ ਵਿਚ ਪਹਿਲੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇਹ ਗੁਰੂਆਂ, ਪੀਰਾਂ-ਫ਼ਕੀਰਾਂ, ਸੰਤਾਂ-ਭਗਤਾਂ, ਸੂਫ਼ੀਆਂ, ਵਾਰਿਸ ਜਿਹੇ ਕਵੀਆਂ ਦੀ ਬੋਲੀ ਹੋਣ ਕਰਕੇ ਮਰ ਨਹੀਂ ਸਕਦੀ। ਇਸ ਪ੍ਰਸੰਗ ਵਿਚ ਇੰਨਾ ਚੇਤੇ ਕਰਾਉਣਾ ਹੀ ਕਾਫ਼ੀ ਹੋਵੇਗਾ ਕਿ ਸੰਸਕ੍ਰਿਤ ਰਿਸ਼ੀਆਂ-ਮੁਨੀਆਂ ਦੀ, ਵੇਦਾਂ-ਸ਼ਾਸਤਰਾਂ ਦੀ, ਰਾਮਾਇਣ ਤੇ ਮਹਾਂਭਾਰਤ ਜਿਹੀਆਂ ਸ੍ਰੇਸ਼ਟ ਕਾਵਿ-ਕਥਾਵਾਂ ਦੀ, ਸਮਾਜ, ਰਾਜਨੀਤੀ, ਤਾਰਾ-ਵਿਗਿਆਨ, ਔਸ਼ਧੀ-ਵਿਗਿਆਨ, ਗਣਿਤ, ਆਦਿ ਨਾਲ ਸੰਬੰਧਿਤ ਕਮਾਲ ਦੇ ਗ੍ਰੰਥਾਂ ਦੀ ਅਤੇ ਪਾਣਿਨੀ ਦੇ ਰਚੇ ਹੋਏ ਸੰਸਾਰ ਦੇ ਪਹਿਲੇ ਵਿਆਕਰਨ ਦੀ ਭਾਸ਼ਾ ਸੀ, ਪਰ ਮਰ ਗਈ! ਨੇੜੇ ਦੀ ਮਿਸਾਲ ਲੈਣੀ ਹੋਵੇ ਤਾਂ ਬੇਮਿਸਾਲ ਸਾਹਿਤਕ ਉੱਤਮਤਾ ਵਾਲੀ ਉਰਦੂ ਸਾਡੀਆਂ ਅੱਖਾਂ ਸਾਹਮਣੇ ਮਰ ਰਹੀ ਹੈ। ਗ਼ਾਲਿਬ, ਮੀਰ, ਜ਼ੌਕ ਤੋਂ ਲੈ ਕੇ ਇਕਬਾਲ, ਫ਼ੈਜ਼, ਮੰਟੋ, ਕ੍ਰਿਸ਼ਨ ਚੰਦਰ, ਬੇਦੀ, ਕੈਫ਼ੀ, ਆਦਿ ਦੀ ਜ਼ਬਾਨ ਹੋਣਾ ਇਹਦੇ ਸਾਹਾਂ ਨੂੰ ਚਲਦੇ ਰੱਖਣ ਲਈ ਕੋਈ ਕਾਰਗਰ ਸਹਾਰਾ ਸਿੱਧ ਨਹੀਂ ਹੋ ਰਿਹਾ।
ਇਸ ਤੱਥ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਬੋਲੀ ਜਾਂਦੀ ਭਾਸ਼ਾ ਮਰਦੀ ਨਹੀਂ। ਪਰ ਗੱਲ ਉਸ ਹਾਲਤ ਵਿਚ ਜ਼ਰੂਰ ਚਿੰਤਾ ਵਾਲੀ ਹੋ ਜਾਂਦੀ ਹੈ ਜਦੋਂ ਉਹਨੂੰ ਬੋਲਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗੇ। ਦੁਨੀਆ ਭਰ ਵਿਚ ਬੋਲਣ ਵਾਲੇ ਹੌਲੀ ਹੌਲੀ ਘਟਦੇ ਜਾਣ ਨਾਲ ਸੈਂਕੜੇ ਭਾਸ਼ਾਵਾਂ ਮਰੀਆਂ ਹਨ ਅਤੇ ਸੈਂਕੜੇ ਮਰ ਰਹੀਆਂ ਹਨ। ਪਿਛਲੇ ਕੁਛ ਦਹਾਕਿਆਂ ਤੋਂ ਲੱਖਾਂ ਲੋਕਾਂ ਦੇ ਪੰਜਾਬੀ ਤਿਆਗਣ ਦਾ ਅਮਲ ਜਾਰੀ ਹੈ ਅਤੇ ਇਹ ਜਾਰੀ ਰਹੇਗਾ। ਦਿੱਲੀ ਇਹਦੀ ਉਜਾਗਰ ਮਿਸਾਲ ਹੈ ਜਿੱਥੇ ਲੱਖਾਂ ਮੂਲ ਪੰਜਾਬੀਆਂ ਦੀ ਤੀਜੀ ਪੀੜ੍ਹੀ ਪੰਜਾਬੀ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਰਾਜਸਥਾਨ ਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਤਾਂ ਪੰਜਾਬੀ ਬਾਰੇ ਕਿਸੇ ਵਿਚਾਰ-ਚਰਚਾ ਵਿਚ ਸ਼ਾਮਲ ਹੀ ਨਹੀਂ ਕੀਤਾ ਜਾਂਦਾ। ਜਿਨ੍ਹਾਂ ਦੋ ਗੁਆਂਢੀ ਰਾਜਾਂ, ਹਰਿਆਣਾ ਤੇ ਹਿਮਾਚਲ ਵਿਚ ਅਤੇ ਦਿੱਲੀ ਵਿਚ ਪੰਜਾਬੀ ਦੇ ਦੂਜੀ ਭਾਸ਼ਾ ਬਣਨ ਦਾ ਰੌਲਾ ਪਾਇਆ ਜਾਂਦਾ ਹੈ, ਇਸ ਨਾਲ ਪੰਜਾਬੀ ਦਾ ਕੁਛ ਸੰਵਰਨ ਵਾਲਾ ਨਹੀਂ। ਸਾਰੀ ਗੱਲ ਲੇਖਕਾਂ ਨੂੰ ਸਾਲਾਨਾ ਇਨਾਮ ਦੇਣ ਤੇ ਅਗਲੇ ਦਿਨ ਭੁੱਲ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ ਕਰਾਉਣ ਵਾਸਤੇ ਪੰਜਾਬੀ ਅਕਾਦਮੀਆਂ ਕਾਇਮ ਕਰਨ ਅਤੇ ਸੜਕਾਂ ਦੇ ਮੀਲ-ਪੱਥਰਾਂ ਉੱਤੇ ਹੋਰ ਭਾਸ਼ਾਵਾਂ ਦੇ ਹੇਠ ਗ਼ਲਤ ਸ਼ਬਦਜੋੜਾਂ ਵਾਲੀ ਪੰਜਾਬੀ ਲਿਖਣ ਤੱਕ ਸਿਮਟ ਕੇ ਰਹਿ ਜਾਵੇਗੀ। ਮੁੱਖ ਤੌਰ ਉੱਤੇ ਇਹ ਅਕਾਦਮੀਆਂ ਅਸੈਂਬਲੀ ਜਾਂ ਪਾਰਲੀਮੈਂਟ ਵਿਚ ਸਵਾਲ ਪੁੱਛੇ ਜਾਣ ਸਮੇਂ ਪੰਜਾਬੀ ਲਈ ਸਰਕਾਰ ਦੀ ਕਾਰਗੁਜ਼ਾਰੀ ਦੀ ਅਤੇ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕੀਤੇ ਜਾਣ ਦੀ ਮਿਸਾਲ ਦਾ ਵਧੀਆ ਕੰਮ ਦਿੰਦੀਆਂ ਹਨ। ਇਹਨਾਂ ਰਾਜਾਂ ਦਾ ਡੂੰਘਾ ਪੰਜਾਬੀ-ਵਿਰੋਧ ਅਜਿਹੇ ਹਰ ਪੰਜਾਬੀ-ਹਿਤੈਸ਼ੀ ਜਤਨ ਨੂੰ ਠੁੱਸ ਕਰ ਦੇਵੇਗਾ। ਇਹਨਾਂ ਰਾਜਾਂ ਵਿਚ ਨੌਕਰੀਆਂ, ਕਾਰੋਬਾਰ ਤੇ ਵਿੱਦਿਆ ਦੀ ਅਤੇ ਪੰਜਾਬੀਆਂ ਸਮੇਤ ਬੋਲਚਾਲ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਹੋਣ ਕਰਕੇ ਸਮੇਂ ਨਾਲ ਪੰਜਾਬੀ ਦਾ ਲਗਾਤਾਰ ਸੁੰਗੜਦੇ-ਸਿਮਟਦੇ ਜਾਣਾ ਯਕੀਨੀ ਹੈ।
ਇਸ ਤੱਥ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਬੋਲੀ ਜਾਂਦੀ ਭਾਸ਼ਾ ਮਰਦੀ ਨਹੀਂ। ਪਰ ਗੱਲ ਉਸ ਹਾਲਤ ਵਿਚ ਜ਼ਰੂਰ ਚਿੰਤਾ ਵਾਲੀ ਹੋ ਜਾਂਦੀ ਹੈ ਜਦੋਂ ਉਹਨੂੰ ਬੋਲਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗੇ। ਦੁਨੀਆ ਭਰ ਵਿਚ ਬੋਲਣ ਵਾਲੇ ਹੌਲੀ ਹੌਲੀ ਘਟਦੇ ਜਾਣ ਨਾਲ ਸੈਂਕੜੇ ਭਾਸ਼ਾਵਾਂ ਮਰੀਆਂ ਹਨ ਅਤੇ ਸੈਂਕੜੇ ਮਰ ਰਹੀਆਂ ਹਨ। ਪਿਛਲੇ ਕੁਛ ਦਹਾਕਿਆਂ ਤੋਂ ਲੱਖਾਂ ਲੋਕਾਂ ਦੇ ਪੰਜਾਬੀ ਤਿਆਗਣ ਦਾ ਅਮਲ ਜਾਰੀ ਹੈ ਅਤੇ ਇਹ ਜਾਰੀ ਰਹੇਗਾ। ਦਿੱਲੀ ਇਹਦੀ ਉਜਾਗਰ ਮਿਸਾਲ ਹੈ ਜਿੱਥੇ ਲੱਖਾਂ ਮੂਲ ਪੰਜਾਬੀਆਂ ਦੀ ਤੀਜੀ ਪੀੜ੍ਹੀ ਪੰਜਾਬੀ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਰਾਜਸਥਾਨ ਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਤਾਂ ਪੰਜਾਬੀ ਬਾਰੇ ਕਿਸੇ ਵਿਚਾਰ-ਚਰਚਾ ਵਿਚ ਸ਼ਾਮਲ ਹੀ ਨਹੀਂ ਕੀਤਾ ਜਾਂਦਾ। ਜਿਨ੍ਹਾਂ ਦੋ ਗੁਆਂਢੀ ਰਾਜਾਂ, ਹਰਿਆਣਾ ਤੇ ਹਿਮਾਚਲ ਵਿਚ ਅਤੇ ਦਿੱਲੀ ਵਿਚ ਪੰਜਾਬੀ ਦੇ ਦੂਜੀ ਭਾਸ਼ਾ ਬਣਨ ਦਾ ਰੌਲਾ ਪਾਇਆ ਜਾਂਦਾ ਹੈ, ਇਸ ਨਾਲ ਪੰਜਾਬੀ ਦਾ ਕੁਛ ਸੰਵਰਨ ਵਾਲਾ ਨਹੀਂ। ਸਾਰੀ ਗੱਲ ਲੇਖਕਾਂ ਨੂੰ ਸਾਲਾਨਾ ਇਨਾਮ ਦੇਣ ਤੇ ਅਗਲੇ ਦਿਨ ਭੁੱਲ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ ਕਰਾਉਣ ਵਾਸਤੇ ਪੰਜਾਬੀ ਅਕਾਦਮੀਆਂ ਕਾਇਮ ਕਰਨ ਅਤੇ ਸੜਕਾਂ ਦੇ ਮੀਲ-ਪੱਥਰਾਂ ਉੱਤੇ ਹੋਰ ਭਾਸ਼ਾਵਾਂ ਦੇ ਹੇਠ ਗ਼ਲਤ ਸ਼ਬਦਜੋੜਾਂ ਵਾਲੀ ਪੰਜਾਬੀ ਲਿਖਣ ਤੱਕ ਸਿਮਟ ਕੇ ਰਹਿ ਜਾਵੇਗੀ। ਮੁੱਖ ਤੌਰ ਉੱਤੇ ਇਹ ਅਕਾਦਮੀਆਂ ਅਸੈਂਬਲੀ ਜਾਂ ਪਾਰਲੀਮੈਂਟ ਵਿਚ ਸਵਾਲ ਪੁੱਛੇ ਜਾਣ ਸਮੇਂ ਪੰਜਾਬੀ ਲਈ ਸਰਕਾਰ ਦੀ ਕਾਰਗੁਜ਼ਾਰੀ ਦੀ ਅਤੇ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕੀਤੇ ਜਾਣ ਦੀ ਮਿਸਾਲ ਦਾ ਵਧੀਆ ਕੰਮ ਦਿੰਦੀਆਂ ਹਨ। ਇਹਨਾਂ ਰਾਜਾਂ ਦਾ ਡੂੰਘਾ ਪੰਜਾਬੀ-ਵਿਰੋਧ ਅਜਿਹੇ ਹਰ ਪੰਜਾਬੀ-ਹਿਤੈਸ਼ੀ ਜਤਨ ਨੂੰ ਠੁੱਸ ਕਰ ਦੇਵੇਗਾ। ਇਹਨਾਂ ਰਾਜਾਂ ਵਿਚ ਨੌਕਰੀਆਂ, ਕਾਰੋਬਾਰ ਤੇ ਵਿੱਦਿਆ ਦੀ ਅਤੇ ਪੰਜਾਬੀਆਂ ਸਮੇਤ ਬੋਲਚਾਲ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਹੋਣ ਕਰਕੇ ਸਮੇਂ ਨਾਲ ਪੰਜਾਬੀ ਦਾ ਲਗਾਤਾਰ ਸੁੰਗੜਦੇ-ਸਿਮਟਦੇ ਜਾਣਾ ਯਕੀਨੀ ਹੈ।
ਪੰਜਾਬੀ ਦੇ ਵਿਕਾਸ ਦੀ ਇਕ ਟੇਕ ਅਨੁਵਾਦ ਦੱਸੀ ਜਾਂਦੀ ਹੈ। ਸੱਠ ਸਾਲਾਂ ਵਿਚ ਵਿਗਿਆਨ ਅਤੇ ਤਕਨਾਲੋਜੀ ਦੀਆਂ ਵੱਖ ਵੱਖ ਸ਼ਾਖ਼ਾਂ ਲਈ ਮੂਲ ਵਿਗਿਆਨਕ-ਤਕਨੀਕੀ ਨਾਂਵਾਂ ਅਤੇ ਬੋੱਲਿਆਂ ਦੀ ਵਰਤੋਂ ਨਾਲ ਪੰਜਾਬੀ ਵਿਚ ਪੁਸਤਕਾਂ ਅਤੇ ਵੱਖ ਵੱਖ ਪੱਧਰਾਂ ਦੀਆਂ ਪਾਠ-ਪੁਸਤਕਾਂ ਤਿਆਰ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹਿ ਕੇ ਸਾਡੀਆਂ ਸੰਸਥਾਵਾਂ ਇਹ ਘਾਟ ਅਨੁਵਾਦ ਰਾਹੀਂ ਪੂਰੀ ਕਰਦਿਆਂ ਪੰਜਾਬੀ ਦੇ ਵਿਕਾਸ ਦਾ ਸੱਦਾ ਦਿੰਦੀਆਂ ਹਨ। ਇਹ ਸੁਝਾਅ ਦੇਣ ਵਾਲੇ ਸਿਆਣੇ ਸ਼ਾਇਦ ਇਹ ਨਹੀਂ ਜਾਣਦੇ ਕਿ ਅਨੁਵਾਦ ਕਿਸ ਲਿਖਤ ਦਾ ਹੋ ਸਕਦਾ ਹੈ ਤੇ ਕਿਸ ਦਾ ਨਹੀਂ। ਉਹਨਾਂ ਨੂੰ ਅਨੁਵਾਦ ਨਾਲ ਸੰਬੰਧਿਤ ਸਾਡੀਆਂ ਸੰਸਥਾਵਾਂ ਦੀ ਕਾਰਗੁਜ਼ਾਰੀ ਦਾ ਵੀ ਕੋਈ ਇਲਮ ਨਹੀਂ। ਆਮ ਰੂਪ ਵਿਚ ਅਨੁਵਾਦ ਦੀਆਂ ਮੁਸ਼ਕਲਾਂ ਤੋਂ ਇਲਾਵਾ, ਵਿਗਿਆਨਕ-ਤਕਨੀਕੀ ਵਿਸ਼ਿਆਂ ਦੇ ਅਨੁਵਾਦ ਵਿਚ ਤਾਂ ਮਿਆਦ ਪੁੱਗਣ ਦੀ ਸਮੱਸਿਆ ਵੀ ਆ ਮਿਲਦੀ ਹੈ।
ਪਹਿਲਾਂ ਤਾਂ ਦੋਵਾਂ ਭਾਸ਼ਾਵਾਂ ਦੀ ਮੁਹਾਰਿਤ, ਸੰਬੰਧਿਤ ਵਿਸ਼ੇ ਦੀ ਜਾਣਕਾਰੀ ਅਤੇ ਅਨੁਵਾਦ ਲਈ ਲੋੜੀਂਦੀ ਅਕਲ ਵਾਲੇ ਅਨੁਵਾਦਕ ਲੱਭਣੇ ਹੀ ਔਖੇ ਹਨ। ਤੁਸੀਂ ਅਖ਼ਬਾਰਾਂ, ਰਸਾਲਿਆਂ ਅਤੇ ਪੁਸਤਕਾਂ ਦੇ ਅਨੁਵਾਦ ਪੜ੍ਹ ਕੇ ਦੇਖੋ, ਬਹੁਤੇ ਲੋਕਾਂ ਨੂੰ ਬਿਲਕੁਲ ਸੌਖੀਆਂ ਗੱਲਾਂ ਦਾ ਅਨੁਵਾਦ ਵੀ ਕਰਨਾ ਨਹੀਂ ਆਉਂਦਾ। ਕੁਛ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੈਨੇਡਾ ਦੀ ਸੰਸਦ ਵਿਚ ਭਾਰਤੀ ਮੂਲ ਦੇ ਮੈਂਬਰਾਂ ਨਾਲ ਮਿਲਣੀ ਵਿਚ ਬੋਲਦਿਆਂ ਕਿਹਾ, “ਆਈ ਹੈਵ ਏ ਵਰਡ ਟੂ ਸੇਅ।” ਪੰਜਾਬੀ ਦੇ ਇਕ ਵੱਡੇ ਅਖ਼ਬਾਰ ਨੇ ਲਿਖਿਆ, “ਮੈਂ ਇਕ ਸ਼ਬਦ ਕਹਿਣਾ ਹੈ।”
ਜੇ ਅਨੁਵਾਦ ਹੋ ਵੀ ਜਾਵੇ, ਸਾਡੀਆਂ ਸੰਸਥਾਵਾਂ ਦੀ ਪੁਸਤਕਾਂ ਛਾਪਣ ਦੀ ਕੁਸ਼ਲਤਾ ਦੀਆਂ ਮਿਸਾਲਾਂ ਸੁਣ ਕੇ ਤੁਸੀਂ ਦੰਗ ਰਹਿ ਜਾਉਗੇ। ਕੁਛ ਸਮਾਂ ਪਹਿਲਾਂ ਸੂਚਨਾ-ਅਧਿਕਾਰ ਕਾਨੂੰਨ ਅਧੀਨ ਭਾਸ਼ਾ ਵਿਭਾਗ ਪੰਜਾਬ ਤੋਂ ਅਣਛਪੇ ਪਏ ਖਰੜਿਆਂ ਦੀ ਜਾਣਕਾਰੀ ਮੰਗੀ ਗਈ ਤਾਂ 35 ਪੰਨਿਆਂ ਉੱਤੇ ਫੈਲੀ ਹੋਈ ਸੈਂਕੜੇ ਖਰੜਿਆਂ ਦੀ ਸੂਚੀ ਆ ਗਈ। ਨਾਲ ਹੀ ਇਹ ਵੀ ਦੱਸਿਆ ਗਿਆ ਕਿ "ਬਜਟ ਉਪਬੰਧ ਨਾ ਹੋਣ ਕਾਰਨ … ਇਹ ਖਰੜੇ ਪ੍ਰੈੱਸਾਂ ਨੂੰ ਅਲਾਟ ਨਹੀਂ ਕੀਤੇ ਜਾ ਸਕੇ।” (ਅਨੁਵਾਦ ਤਾਂ ਫੇਰ ਦੇਖਾਂਗੇ, ਭਾਸ਼ਾ ਵਿਭਾਗ ਦੇ ਇਸ ਮੂਲ ਪੰਜਾਬੀ ਵਾਕ ਦੀ ਭਾਸ਼ਾ ਹੀ ਦੇਖ ਲਵੋ!) ਬਹੁਤੇ ਖਰੜਿਆਂ ਨਾਲ ਪ੍ਰਾਪਤ ਹੋਣ ਦੀ ਤਾਰੀਖ਼ ਨਹੀਂ ਲਿਖੀ ਹੋਈ ਪਰ ਜਿਨ੍ਹਾਂ ਨਾਲ ਲਿਖੀ ਹੋਈ ਹੈ, ਉਹਨਾਂ ਵਿੱਚੋਂ ਸਭ ਤੋਂ ਪੁਰਾਣਾ ਖਰੜਾ 1973 ਦਾ ਹੈ, ਭਾਵ ਉਹ ਪੂਰੇ ਚਾਲੀ ਸਾਲਾਂ ਤੋਂ ਅਣਛਪਿਆ ਪਿਆ ਹੈ। ਇਹ ਸਾਰੇ ਖਰੜੇ ਸਾਹਿਤਕ ਨਹੀਂ, ਡਾਕਟਰੀ, ਇੰਜੀਨੀਅਰੀ, ਆਦਿ ਨਾਲ ਵੀ ਸੰਬੰਧਿਤ ਹਨ। ਉਹ ਹੁਣ ਕਿੰਨੇ ਕੁ ਪ੍ਰਸੰਗਕ ਰਹਿ ਗਏ ਹਨ, ਇਹ ਸਮਝਣਾ ਔਖਾ ਨਹੀਂ। ਇਸ ਸੂਚੀ ਵਿਚ ਅਜਿਹੇ ਲੇਖਕਾਂ ਬਾਰੇ ‘ਜੀਵਨ ਅਤੇ ਰਚਨਾ’ ਲੜੀ ਅਧੀਨ ਖਰੜੇ ਵੀ ਸ਼ਾਮਲ ਹਨ ਜੋ ਮਗਰੋਂ ਲੰਮਾ ਸਮਾਂ ਜੀਵਤ ਰਹੇ ਜਾਂ ਅੱਜ ਵੀ ਜੀਵਤ ਹਨ। ਸਪਸ਼ਟ ਹੈ ਕਿ ਉਹ ਖਰੜੇ ਹੁਣ ਅਧੂਰੇ ਹੋ ਗਏ ਹਨ। ਇਹਨਾਂ ਖਰੜਿਆਂ ਦੀ ਹੋਰ ਬੇਅਦਬੀ ਦੇਖੋ। ਇਕ ਸੂਚੀ ਉਹਨਾਂ ਪੁਸਤਕਾਂ ਦੀ ਹੈ ਜੋ 2000-2010 ਦੇ ਸਮੇਂ ਵਿਚ ਸਿਰਫ਼ 3,30,800 ਰੁਪਏ ਦੀ ਅਦਾਇਗੀ ਨਾ ਕੀਤੇ ਜਾ ਸਕਣ ਕਾਰਨ ਵੱਖ ਵੱਖ ਛਾਪਾਖਾਨਿਆਂ ਵਿੱਚੋਂ ਚੁੱਕੀਆਂ ਨਹੀਂ ਜਾ ਸਕੀਆਂ ਅਤੇ “ਬਜਟ ਉਪਲਬਧ ਕਰਵਾਉਣ ਲਈ ਸਰਕਾਰ ਨਾਲ ਲਗਾਤਾਰ ਲਿਖਾ-ਪੜ੍ਹੀ ਕੀਤੀ ਜਾ ਰਹੀ ਹੈ।” ਇਕ ਹੋਰ ਸੂਚੀ ਉਹਨਾਂ 78 ਖਰੜਿਆਂ ਦੀ ਹੈ ਜਿਨ੍ਹਾਂ ਦੇ “ਪ੍ਰਿੰਟ ਆਰਡਰ ਕੈਂਸਲ ਹੋ ਚੁੱਕੇ ਹਨ ਪਰ ਖਰੜੇ ਪ੍ਰੈੱਸਾਂ ਤੋਂ ਵਾਪਸ ਨਹੀਂ ਆਏ।” ਜੇ ਭਾਸ਼ਾ ਵਿਭਾਗ ਵਾਲੇ ਸਮਝਦੇ ਹਨ ਕਿ ਉਹਨਾਂ ਦੇ ਸਾਲਾਂ ਅਤੇ ਦਹਾਕਿਆਂ ਤੋਂ ਅਣਛਪਵਾਏ ਅਤੇ ਅਣਗੌਲੇ ਲਾਵਾਰਿਸ ਖਰੜਿਆਂ ਨੂੰ ਸਾਂਭਣ ਲਈ ਛਾਪਾਖਾਨਿਆਂ ਵਾਲਿਆਂ ਨੇ ਸਾਗਵਾਨ ਦੀਆਂ ਅਲਮਾਰੀਆਂ ਬਣਵਾਈਆਂ ਹੋਣਗੀਆਂ, ਉਹ ਕੁਛ ਬਹੁਤੇ ਹੀ ਭੋਲੇ ਹਨ।
ਮੇਰੀ ਇਕ ਆਪਬੀਤੀ ਅਨੁਵਾਦ ਸੰਬੰਧੀ ਸਾਡੀਆਂ ਸੰਸਥਾਵਾਂ ਦੀ ਗੰਭੀਰਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਵੀ ਵਧੇਰੇ ਸਪਸ਼ਟ ਕਰ ਦੇਵੇਗੀ। ਅਨੁਵਾਦ ਰਾਹੀਂ ਭਾਸ਼ਾਈ ਆਦਾਨ-ਪ੍ਰਦਾਨ ਕਰਨ ਵਾਲੀ ਇਕ ਸਰਬ-ਭਾਰਤੀ ਸੰਸਥਾ ਨੇ 1990 ਵਿਚ ਮੈਨੂੰ ਪੁਲਾੜ-ਵਿਗਿਆਨ ਦੀ 1986 ਵਿਚ ਛਪੀ ਹੋਈ ਇਕ ਅੰਗਰੇਜ਼ੀ ਪੁਸਤਕ ਪੰਜਾਬੀ ਵਿਚ ਕਰਨ ਲਈ ਦਿੱਤੀ। ਮੈਂ ਲਿਖਤੀ ਦੱਸਿਆ ਕਿ ਉਸ ਵਿਚ ਅਨੇਕ ਥਾਂ ਜ਼ਿਕਰ ਹੈ ਕਿ ਅਗਲੇ ਸਾਲ, ਅਗਲੇਰੇ ਸਾਲ ਅਮਕੇ ਰਾਕਟ ਛੱਡੇ ਜਾਣਗੇ। ਪਤਾ ਨਹੀਂ, ਉਹ ਛੱਡੇ ਗਏ ਹਨ ਕਿ ਨਹੀਂ; ਜੇ ਛੱਡੇ ਗਏ ਹਨ, ਸਫਲਤਾ-ਅਸਫਲਤਾ ਦੇ ਪੱਖੋਂ ਉਹਨਾਂ ਦਾ ਕੀ ਹਸ਼ਰ ਹੋਇਆ ਹੈ। ਇਉਂ ਇਹ ਪੁਸਤਕ ਵੇਲਾ ਵਿਹਾ ਚੁੱਕੀ ਹੈ। ਦਫ਼ਤਰੀ ਉੱਤਰ ਮਿਲਿਆ, ਤੁਸੀਂ ਇਹਦਾ ਇਸੇ ਤਰ੍ਹਾਂ ਅਨੁਵਾਦ ਕਰ ਦਿਉ। ਸਬੱਬ ਨਾਲ ਉਸੇ ਸੰਸਥਾ ਦੀ ਪੁਸਤਕ-ਸੂਚੀ ਵਿੱਚੋਂ ਮੈਨੂੰ ਉਸ ਪੁਸਤਕ ਦੀ 1989 ਦੀ ਦੂਜੀ ਛਾਪ ਦਾ ਪਤਾ ਲੱਗਿਆ। ਮੈਂ ਲਿਖਿਆ ਕਿ ਉਹਦੇ ਹੁੰਦਿਆਂ 1986 ਵਾਲੀ ਛਾਪ ਦਾ ਅਨੁਵਾਦ ਕਰਾਉਣਾ ਬੇਤੁਕਾ ਹੋਣ ਕਾਰਨ ਨਵੀਂ ਛਾਪ ਭੇਜ ਦਿੱਤੀ ਜਾਵੇ। ਲਿਖਤੀ ਉੱਤਰ ਮਿਲਿਆ, ਤੁਸੀਂ ਭੇਜੀ ਗਈ ਪੁਸਤਕ ਦਾ ਅਨੁਵਾਦ ਸਮੇਂ-ਸਿਰ ਕਰ ਕੇ ਭੇਜ ਦਿਉ। ਹੁਣ 23 ਸਾਲਾਂ ਮਗਰੋਂ ਇਕ ਦਿਨ ਆਪਣੀਆਂ ਪੁਸਤਕਾਂ ਫਰੋਲਦਿਆਂ ਮੈਂ ਦੇਖਿਆ ਕਿ ਉਸ ਪੁਸਤਕ ਦਾ ਛਪਿਆ ਹੋਇਆ ਪੰਜਾਬੀ ਰੂਪ ਤਾਂ ਉਹਨਾਂ ਨੇ ਮੈਨੂੰ ਭੇਜਿਆ ਹੀ ਨਹੀਂ। ਮੈਂ ਅਨੁਵਾਦਕ ਨੂੰ ਮਿਲਣ ਵਾਲੀਆਂ ਕਾਪੀਆਂ ਲਈ ਬੇਨਤੀ ਕੀਤੀ ਤਾਂ, ਤੁਸੀਂ ਮੰਨੋ ਜਾਂ ਨਾ ਮੰਨੋ, ਲਿਖਤੀ ਉੱਤਰ ਮਿਲਿਆ, ਉਹ ਪੁਸਤਕ ਅਜੇ ਛਪੀ ਨਹੀਂ, ਜਦੋਂ ਛਪੀ, ਤੁਹਾਨੂੰ ਭੇਜ ਦੇਵਾਂਗੇ।
ਇਹ ਹਾਲ ਪੰਜਾਬੀ ਅਨੁਵਾਦ ਨਾਲ ਸੰਬੰਧਿਤ ਦੋ ਵੱਡੀਆਂ ਸੰਸਥਾਵਾਂ ਦਾ ਹੈ। ਤੁਸੀਂ ਸੋਚ ਹੀ ਸਕਦੇ ਹੋ ਕਿ ਅਨੁਵਾਦ ਰਾਹੀਂ ਪੰਜਾਬੀ ਨੂੰ ਗਿਆਨ-ਵਿਗਿਆਨ ਦੀਆਂ ਪੁਸਤਕਾਂ ਨਾਲ ਮਾਲਾਮਾਲ ਕਰਨ ਦਾ ਵਿਚਾਰ ਕਿੰਨਾ ਹਾਸੋਹੀਣਾ ਹੈ।
ਪੰਜਾਬੀ ਦੀ ਕਥਿਤ ਤੇਜ਼-ਕਦਮ ਤਰੱਕੀ ਅਤੇ ਅਮਰਤਾ ਦੀ ਇਕ ਹੋਰ ਦਲੀਲ ਬੜੇ ਮਾਣ ਨਾਲ ਇਹ ਦਿੱਤੀ ਜਾਂਦੀ ਹੈ ਕਿ ਪੰਜਾਬੀ ਪਰਵਾਸੀਆਂ ਨੇ ਦੁਨੀਆ ਦੇ ਅਨਗਿਣਤ ਦੇਸਾਂ ਵਿਚ ਇਹਦੇ ਝੰਡੇ ਗੱਡ ਦਿੱਤੇ ਹਨ ਅਤੇ ਕਈ ਦੇਸਾਂ ਵਿਚ ਇਹਨੂੰ ਸਰਕਾਰੀ ਮਾਨਤਾ ਦੁਆ ਲਈ ਹੈ। ਇਉਂ ਪੰਜਾਬੀ ਤਾਂ ਹੁਣ ਕੌਮਾਂਤਰੀ ਭਾਸ਼ਾ ਬਣ ਕੇ ਖ਼ਤਰਿਆਂ-ਖ਼ੁਤਰਿਆਂ ਤੋਂ ਉੱਪਰ ਹੋ ਗਈ ਹੈ। ਅਨੇਕ ਦੇਸ ਅਜਿਹੇ ਹਨ ਜਿਨ੍ਹਾਂ ਵਿਚ ਕਿਸੇ ਭਾਸ਼ਾ ਲਈ ਸਥਾਨ ਪ੍ਰਾਪਤ ਕਰਨਾ ਕੋਈ ਅਲੋਕਾਰ ਜਾਂ ਔਖਾ ਕੰਮ ਨਹੀਂ ਸਗੋਂ ਭਾਰਤ ਦੇ ਮੁਕਾਬਲੇ ਬਹੁਤ ਸੌਖਾ ਹੈ ਕਿਉਂਕਿ ਉੱਥੇ ਭਾਸ਼ਾ ਨੂੰ ਭਾਸ਼ਾ ਵਜੋਂ ਦੇਖਿਆ ਜਾਂਦਾ ਹੈ, ਇੱਥੋਂ ਵਾਂਗ ਕਿਸੇ ਧਾਰਮਿਕ, ਭੂਗੋਲਕ ਜਾਂ ਰਾਜਨੀਤਕ ਤੁਅੱਸਬ ਨਾਲ ਨਹੀਂ। ਪਰ ਇਹ ਸਭ ਗੱਲਾਂ ਸੱਚ ਹੋਣ ਦੇ ਬਾਵਜੂਦ ਕਿਸੇ ਵੀ ਬਿਗਾਨੇ ਦੇਸ ਵਿਚ ਪੰਜਾਬੀ ਦਾ ਜੀਵਤ ਰਹਿਣਾ ਸੰਭਵ ਨਹੀਂ। ਸਾਨੂੰ ਭਾਸ਼ਾ ਦੀ ਗਤੀ ਦੇ ਅਤੇ ਸਮਾਜ ਤੇ ਭਾਸ਼ਾ ਦੇ ਨਾਤੇ ਦੇ ਨੇਮਾਂ ਤੋਂ ਅਜਿਹੀ ਅਗਿਆਨਤਾ ਨਹੀਂ ਦਿਖਾਉਣੀ ਚਾਹੀਦੀ। ਪਰਦੇਸਾਂ ਵਿਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ਇੱਧਰ ਬਿਤਾ ਕੇ ਗਏ ਹਨ। ਉਹਨਾਂ ਦੇ ਧੀਆਂ-ਪੁੱਤ ਉਹਨਾਂ ਨਾਲ ਵਾਹ ਕਾਰਨ ਪੰਜਾਬੀ ਸਮਝ ਤਾਂ ਲੈਂਦੇ ਹਨ, ਬੋਲਦੇ ਥਿੜਕ ਕੇ ਹਨ ਅਤੇ ਪੜ੍ਹਨ-ਲਿਖਣ ਦਾ ਤਾਂ ਸਵਾਲ ਹੀ ਨਹੀਂ। ਅੱਗੋਂ ਉਹਨਾਂ ਦੇ ਪੋਤੀਆਂ-ਪੋਤੇ ਤੇ ਦੋਹਤੀਆਂ-ਦੋਹਤੇ ਪੰਜਾਬੀ ਨਾਲੋਂ ਬਿਲਕੁਲ ਟੁੱਟ ਜਾਂਦੇ ਹਨ। ਇਹ ਕੋਈ ਅਣਹੋਣੀ ਨਹੀਂ, ਭਾਸ਼ਾ ਦਾ ਦਸਤੂਰ ਹੀ ਇਹ ਹੈ। ਅਮਰੀਕਾ ਵਿਚ ਚਾਰ ਕੁ ਮਹੀਨੇ ਠਹਿਰਨ ਸਮੇਂ ਇਹ ਵਰਤਾਰਾ ਮੈਂ ਲੇਖਕ-ਪਾਠਕ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਅੱਖਾਂ ਖੁੱਲ੍ਹੀਆਂ ਰੱਖ ਕੇ ਆਪ ਦੇਖਿਆ ਹੋਇਆ ਹੈ।
ਪਰਦੇਸਾਂ ਵਿਚ ਛਪਦੇ ਜਿਨ੍ਹਾਂ ਦਰਜਨਾਂ ਵੱਡੇ ਵੱਡੇ ਖ਼ੂਬਸੂਰਤ ਪੰਜਾਬੀ ਹਫ਼ਤਾਵਾਰਾਂ ਅਤੇ ਪੰਜਾਬੀ ਰੇਡੀਓ ਤੇ ਟੀਵੀਆਂ ਦੀ ਮਿਸਾਲ ਦਿੱਤੀ ਜਾਂਦੀ ਹੈ, ਉਹ ਸਿਰਫ਼ ਪਹਿਲੀ ਪੀੜ੍ਹੀ ਹੀ ਪੜ੍ਹਦੀ, ਸੁਣਦੀ ਤੇ ਦੇਖਦੀ ਹੈ। ਇਹਨਾਂ ਵਿੱਚੋਂ ਵੀ ਬਹੁਤੇ ਲੋਕ ਸਟੋਰਾਂ ਅਤੇ ਗੁਰਦੁਆਰਿਆਂ ਵਿਚ ਅਖ਼ਬਾਰ ਮੁਫ਼ਤ ਮਿਲਦੇ ਹੋਣ ਕਰਕੇ ਦੇਸ ਬਾਰੇ ਜਾਣਨ ਦੀ ਇੱਛਾ ਦੇ ਨਾਲ ਨਾਲ ਸਮਾਂ ਲੰਘਾਉਣ ਵਾਸਤੇ ਪਾਠਕ ਬਣੇ ਹੋਏ ਹਨ। ਸ਼ੁਕਰ ਹੈ ਕਿ ਉੱਥੇ ਰੱਦੀ ਨਹੀਂ ਵਿਕਦੀ, ਨਹੀਂ ਤਾਂ ਅਜਿਹੇ ਪੰਜਾਬੀਆਂ ਦੀ ਵੀ ਕੋਈ ਘਾਟ ਨਹੀਂ ਕਿ ਕਿਸੇ ਇੱਕੋ ਨੇ ਹੀ ਉਹ ਸਾਰੇ ਚੁੱਕ ਕੇ ਲੈ ਜਾਇਆ ਕਰਨੇ ਸਨ। ਮੇਰੇ ਕਾਲਮ ਕਈ ਅਖ਼ਬਾਰਾਂ ਵਿਚ ਛਪਦੇ ਹੋਣ ਸਦਕਾ ਅਕਸਰ ਫੋਨ ਆਉਂਦੇ ਹਨ ਤਾਂ ਪੁੱਛੇ ਤੋਂ ਇਹੋ ਪਤਾ ਲਗਦਾ ਹੈ ਕਿ ਇੱਧਰੋਂ ਗਏ ਪਤੀ-ਪਤਨੀ ਤੋਂ ਇਲਾਵਾ ਘਰ ਵਿਚ ਉਹਨਾਂ ਅਖ਼ਬਾਰਾਂ ਨੂੰ ਕੋਈ ਹੱਥ ਤੱਕ ਨਹੀਂ ਲਾਉਂਦਾ ਕਿਉਂਕਿ ਅਗਲੀਆਂ ਪੀੜ੍ਹੀਆਂ ਦਾ ਪੰਜਾਬੀ ਨਾਲ ਕੋਈ ਵਾਹ-ਵਾਸਤਾ ਹੀ ਨਹੀਂ। ਸੈਨ ਹੋਜ਼ੇ ਦੇ ਪ੍ਰਸਿੱਧ ਗੁਰਦੁਆਰੇ ਦੇ ਲੰਗਰ ਵਿਚ ਪ੍ਰਸ਼ਾਦੇ ਵਰਤਾਉਂਦੀ 18-20 ਸਾਲ ਦੀ ਲੜਕੀ ਨੂੰ ਮੈਂ ਕਿਹਾ, “ਬੇਟਾ, ਬੱਸ ਸਵਾ ਲੱਖ ਪ੍ਰਸ਼ਾਦਾ।” ਉਹ ਬੋਲੀ, “ਵ੍ਹਟ ਅੰਕਲ?” ਮੈਂ ਆਪਣੀ ਭੁੱਲ ਸੋਧਦਿਆਂ ਕਿਹਾ,“ਓਨਲੀ ਵਨ …” ਅਤੇ ਅੱਗੇ ਮੈਨੂੰ ਪ੍ਰਸ਼ਾਦੇ ਜਾਂ ਰੋਟੀ ਦੀ ਅੰਗਰੇਜ਼ੀ ਨਾ ਆਈ ਪਰ ‘ਓਨਲੀ ਵਨ’ ਨੇ ਕੰਮ ਸਾਰ ਦਿੱਤਾ।
ਕਿਸੇ ਦੇਸ ਦੇ ਭਾਸ਼ਾਈ-ਸਭਿਆਚਾਰਕ ਸਮੁੰਦਰ ਵਿਚ ਬਾਹਰੋਂ ਜਾ ਕੇ ਪਈ ਪੰਜਾਬੀ ਦੀ ਛੋਟੀ ਜਿਹੀ ਨਦੀ ਤੋਂ ਸਦਾ ਵਾਸਤੇ ਆਪਣੀ ਵੱਖਰੀ ਪਛਾਣ ਬਣਾਈ ਰੱਖਣ ਦੀ ਆਸ ਕਰਨਾ ਕਿੱਧਰਲੀ ਸਿਆਣਪ ਹੈ! ਭਾਸ਼ਾ ਵਾਂਗ ਹੀ ਪੰਜਾਬੀ ਔਲਾਦਾਂ ਦਾਦੇ-ਦਾਦੀਆਂ ਨਾਲ ਮਿਲ ਕੇ ਦਿਵਾਲੀ, ਵਿਸਾਖੀ ਤੇ ਗੁਰਪੁਰਬ ਮਨਾਉਣ ਨਾਲੋਂ ਸਥਾਨਕ ਹਾਣੀਆਂ ਨਾਲ ਮਿਲ ਕੇ ਕ੍ਰਿਸਮਿਸ ਅਤੇ ਹੈਲੋਵੀਨ ਮਨਾਉਣ ਦਾ ਵਧੇਰੇ ਉਤਸ਼ਾਹ ਦਿਖਾਉਂਦੀਆਂ ਹਨ। ਸਥਾਨਕ ਲੋਕਾਂ ਨੂੰ ਵਿੰਗੇ-ਟੇਢੇ ਲਗਦੇ ਉਚਾਰਨ ਸੌਖੇ ਕਰਨ ਵਾਸਤੇ ਜਗਜੀਤ ਜੈਗ, ਹਰਭਜਨ ਹੈਰੀ ਤੇ ਸੁਖਮੰਦਰ ਸੈਮ ਹੋ ਜਾਂਦੇ ਹਨ। ਪੰਜਾਬੀਆਂ ਦੀ ਤੀਜੀ ਪੀੜ੍ਹੀ ਮਾਪਿਆਂ ਦੀ ਇੱਛਾ ਅਨੁਸਾਰ ਵਿਆਹ ਕਰਾਉਣ ਤੋਂ ਪੂਰੀ ਤਰ੍ਹਾਂ ਇਨਕਾਰੀ ਹੁੰਦਿਆਂ ਸਥਾਨਕ ਗੋਰੇ-ਕਾਲੇ ਮੁੰਡੇ-ਕੁੜੀਆਂ ਨਾਲ ਵਿਆਹ ਕਰ ਕੇ ਪੰਜਾਬੀਅਤ ਤੋਂ ਪੱਕੇ ਤੌਰ ਉੱਤੇ ਦੂਰ ਹੁੰਦੀ ਜਾਣ ਦੇ ਰਾਹ ਪੈ ਜਾਂਦੀ ਹੈ।
ਕੋਈ ਚਾਲ਼ੀ ਸਾਲ ਪੁਰਾਣੀ ਗੱਲ ਹੈ, ਬਠਿੰਡਾ ਤੋਂ ਰਾਮਪੁਰਾ ਫੂਲ ਜਾ ਰਹੀ ਗੱਡੀ ਵਿਚ ਮੇਰੇ ਸਾਹਮਣੇ ਪੰਜਾਬੀ ਲਿਬਾਸ ਵਿਚ ਦੋ ਗੋਰਖਾ ਮੁਟਿਆਰਾਂ ਬੈਠੀਆਂ ਸਨ। ਸਾਰੇ ਰਾਹ ਉਹ ਆਪਸ ਵਿਚ ਨਾ ਸਿਰਫ਼ ਪੰਜਾਬੀ ਵਿਚ ਸਗੋਂ ਸਾਡੇ ਪਿੰਡਾਂ ਦੀ ਪੰਜਾਬੀ ਵਿਚ ਗੱਲਾਂ ਕਰਦੀਆਂ ਗਈਆਂ। ਸਬੱਬ ਨਾਲ ਉਹ ਵੀ ਰਾਮਪੁਰਾ ਫੂਲ ਹੀ ਉੱਤਰ ਗਈਆਂ। ਪਤਾ ਲੱਗਿਆ, ਉਹਨਾਂ ਦਾ ਪਿਤਾ ਬਹੁਤ ਪਹਿਲਾਂ ਇੱਥੇ ਆ ਵਸਿਆ ਸੀ ਅਤੇ ਉਹ ਇੱਥੇ ਹੀ ਜੰਮੀਆਂ-ਪਲ਼ੀਆਂ ਸਨ। ਪੰਜਾਬ ਵਿਚ ਹੁਣ ਭਈਆਂ ਦਾ ਪੰਜਾਬੀਕਰਨ ਤੁਹਾਡੇ ਸਾਹਮਣੇ ਹੈ। ਕੁਛ ਸਮਾਂ ਪਹਿਲਾਂ ਮੈਂ ਖੇਤ ਵਿਚ ਰਹਿੰਦੇ ਇਕ ਰਿਸ਼ਤੇਦਾਰ ਦੇ ਘਰ ਗਿਆ। ਖੇਤ ਵਿਚ ਸਬਜ਼ੀਆਂ ਲਾਉਣ ਲਈ ਰੱਖਿਆ ਹੋਇਆ ਮਾਲੀ ਉਹਦੇ ਘਰ ਦੇ ਇਕ ਹਿੱਸੇ ਵਿਚ ਹੀ ਰਹਿੰਦਾ ਸੀ। ਮਾਲੀ ਤੇ ਮਾਲਣ ਤਾਂ ਭੋਜਪੁਰੀ ਅਤੇ ਪੰਜਾਬੀ ਦੀ ਖਿਚੜੀ ਬੋਲਦੇ ਸਨ ਪਰ ਪ੍ਰਾਇਮਰੀ ਵਿਚ ਪੜ੍ਹਦੇ ਉਹਨਾਂ ਦੇ ਬੇਟਾ-ਬੇਟੀ, ਸੁਰਜੀਤ ਪਾਤਰ ਦੇ ਨੰਦ ਕਿਸ਼ੋਰ ਦੇ ਬੱਚਿਆਂ ਵਾਂਗ, ਨਿਰਮਲ ਪੰਜਾਬੀ ਬੋਲ ਰਹੇ ਸਨ।
ਦਸੰਬਰ 2012 ਵਿਚ ਥਾਈਲੈਂਡ ਦਾ ਰੱਖਿਆ ਮੰਤਰੀ ਸੁਕੁਮਪੋਲ ਸੁਵਾਨਤਾਤ ਭਾਰਤ ਆਇਆ ਤਾਂ ਸਾਡੇ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਸਰਕਾਰੀ ਗੱਲਬਾਤ ਤੋਂ ਪਹਿਲਾਂ ਕੈਮਰਿਆਂ ਵਾਸਤੇ ਹੱਥ ਘੁੱਟ ਕੇ ਸਦਭਾਵੀ ਗੱਲਾਂ ਕਰਦਿਆਂ ਕਿਹਾ,"ਥਾਈਲੈਂਡ ਤੇ ਭਾਰਤ ਦੇ ਲੋਕਾਂ ਦਾ ਦੋਸਤੀ ਦਾ ਪੁਰਾਣਾ ਨਾਤਾ ਹੈ।” ਥਾਈ ਨਾਂ, ਨੁਹਾਰ ਅਤੇ ਦਿੱਖ ਵਾਲੇ ਮੰਤਰੀ ਨੇ ਹੱਸ ਕੇ ਉੱਤਰ ਦਿੱਤਾ,"ਮੇਰਾ ਭਾਰਤ ਨਾਲ ਇਸ ਤੋਂ ਵੀ ਸੰਘਣਾ ਨਾਤਾ ਹੈ; ਮੇਰਾ ਦਾਦਾ ਪੰਜਾਬੀ ਸਿੱਖ ਸੀ।” ਸ਼ਹੀਦ ਗਹਿਲ ਸਿੰਘ ਛੱਜਲਵੱਡੀ ਦੇ ਤਾਏ ਦੇ ਪੁੱਤ, ਭਰਾ ਦਲੀਪ ਸਿੰਘ ਸੌਂਦ ਨੇ ਸਭ ਰੋਕਾਂ-ਹੱਦਾਂ ਭੰਨ ਕੇ 1956 ਵਿਚ ਅਮਰੀਕੀ ਪਾਰਲੀਮੈਂਟ ਦਾ ਪਹਿਲਾ ਏਸ਼ੀਆਈ ਮੈਂਬਰ ਬਣਨ ਦਾ ਕ੍ਰਿਸ਼ਮਾ ਕਰਦਿਆਂ ਦੁਨੀਆ ਨੂੰ ਦੰਗ ਕਰ ਦਿੱਤਾ ਅਤੇ ਆਪਣੀ ਕਾਰਗ਼ੁਜ਼ਾਰੀ ਨਾਲ ਬਹੁਤ ਨਾਂ ਕਮਾਇਆ। 7 ਨਵੰਬਰ 2007 ਨੂੰ ਅਮਰੀਕੀ ਸੰਸਦ ਭਵਨ ਵਿਚ ਇਤਿਹਾਸ-ਸਿਰਜਕ ਮੈਂਬਰਾਂ ਦੀ ਲੜੀ ਵਿਚ ਲਾਏ ਗਏ ਉਹਦੇ ਚਿੱਤਰ ਤੋਂ ਪਰਦਾ ਸਿਖਰੀ ਅਮਰੀਕੀ ਹਸਤੀਆਂ ਦੀ ਹਾਜ਼ਰੀ ਵਿਚ ਉਹਦੀ ਛੇ ਸਾਲ ਦੀ ਪੜਪੋਤੀ ਨੇ ਹਟਾਇਆ। ਸੌਂਦ ਦੇ ਪੁੱਤਾਂ-ਧੀਆਂ ਦੇ ਪਰਿਵਾਰਾਂ ਦੇ ਦਰਜਨਾਂ ਜੀਅ ਹਾਜ਼ਰ ਸਨ। ਪੁੱਤਾਂ ਵਾਲੇ ਪਾਸੇ ਅਮਰੀਕੀ ਨਾਂਵਾਂ ਨਾਲ ਸੌਂਦ ਹੋਣ ਤੋਂ ਇਲਾਵਾ ਉੱਥੇ ਪੰਜਾਬੀ ਅਤੇ ਪੰਜਾਬੀਅਤ ਦਾ ਰੰਗ ਕਿਤੇ ਰਾਈ-ਮਾਤਰ ਵੀ ਨਹੀਂ ਸੀ। ਇਕ ਦਿਲਚਸਪ ਵਾਰਤਾ ਹੋਰ ਸੁਣੋ। ਨਾਮਧਾਰੀ ਆਪਣੇ ਗੁਰੂਆਂ ਦੇ ਗੁਰਮੁਖੀ ਸਿੱਖਣ ਦੇ ਹੁਕਮਨਾਮਿਆਂ ਉੱਤੇ ਸੱਚੇ ਦਿਲੋਂ ਫੁੱਲ ਚੜ੍ਹਾਉਂਦੇ ਹਨ ਤਾਂ ਜੋ ਪੰਜਾਬੀ ਪੜ੍ਹ-ਲਿਖ ਸਕਣ। ਜਦੋਂ ਮੈਂ ਇਸ ਲੇਖ ਨੂੰ ਅੰਤਿਮ ਰੂਪ ਦੇ ਰਿਹਾ ਸੀ, 22 ਅਗਸਤ ਦੇ ਨਾਮਧਾਰੀ ਅਖ਼ਬਾਰ ਵਿਚ ਖ਼ਬਰ ਛਪੀ ਕਿ ਇੰਗਲੈਂਡ ਵਿਚ ਬਰਮਿੰਘਮ ਦੇ ਨਾਮਧਾਰੀ ਗੁਰਦੁਆਰੇ ਵਿਖੇ “ਸਤਿਗੁਰੂ ਜੀ ਨੂੰ ਬੇਨਤੀ ਕੀਤੀ ਗਈ ਕਿ ਬੱਚਿਆਂ ਦੀ ਇੱਛਾ ਹੈ ਕਿ ਆਪ ਅੰਗਰੇਜ਼ੀ ਵਿਚ ਕਿਰਪਾ ਕਰੋ” ਅਤੇ “ਉਹਨਾਂ ਵਾਸਤੇ ਇਸ ਤੋਂ ਵੱਡਾ ਕਮਾਲ ਦਾ ਕੰਮ ਹੋਰ ਕੀ ਹੋ ਸਕਦਾ ਸੀ ਕਿ ਸਤਿਗੁਰੂ ਜੀ ਉਹਨਾਂ ਦੀ ਅਰਜ਼ ਨੂੰ ਬੜਾ ਸੌਖਾ, ਉਹਨਾਂ ਦੇ ਨੇੜੇ ਦੀ ਭਾਸ਼ਾ ਅੰਗਰੇਜ਼ੀ ਵਿਚ ਸਮਝਾ ਰਹੇ ਸਨ।”
ਇਸ ਲਈ ਅਤੀਤ ਨੂੰ ਸਿਮਰਦਿਆਂ, ਅਨੁਵਾਦ ਉੱਤੇ ਟੇਕ ਰੱਖਦਿਆਂ ਜਾਂ ਪਰਦੇਸਾਂ ਵਿਚ ਉੱਚੇ ਝੂਲਦੇ ਪਰਚਮਾਂ ਦੀ ਕਲਪਨਾ ਕਰਦਿਆਂ ਪੰਜਾਬੀ ਦਾ ਉਜਲਾ ਭਵਿੱਖ ਚਿਤਵਣਾ ਮਨ ਨੂੰ ਝੂਠੀ ਤਸੱਲੀ ਦੇਣ ਵਾਲੀ ਗੱਲ ਹੈ। ਪੰਜਾਬੀ ਦਾ ਭਵਿੱਖ ਚਾਨਣਾ ਕਰਨ ਵਾਸਤੇ ਇਹਦਾ ਪਰਚਮ ਪੰਜਾਬ ਵਿਚ ਹੀ ਬੁਲੰਦ ਕਰਨਾ ਪਵੇਗਾ। ਇਸ ਉਦੇਸ਼ ਦੀ ਪ੍ਰਾਪਤੀ ਵਾਸਤੇ ਤਿੰਨ ਗੱਲਾਂ ਜ਼ਰੂਰੀ ਹਨ।
ਪਹਿਲੀ, ਪੰਜਾਬੀ ਭਾਈਚਾਰੇ ਲਈ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਸਮਝਣ ਵਾਲੇ ਲੇਖਕ, ਅਧਿਆਪਕ, ਵਿਦਵਾਨ ਇਹਨਾਂ ਸਮੱਸਿਆਵਾਂ ਦੇ ਹੱਲ ਵੱਲ ਜਜ਼ਬਾਤੀ ਪਹੁੰਚ ਦੀ ਥਾਂ ਭਾਸ਼ਾ-ਵਿਗਿਆਨਕ ਪਹੁੰਚ ਅਪਣਾਉਣ ਅਤੇ ਪੰਜਾਬੀ ਦੇ ਵਿਕਾਸ ਦੇ ਰਾਹ ਦੀਆਂ ਸਭ ਰੋਕਾਂ ਦੀ ਨਿਸ਼ਾਨਦੇਹੀ ਕਰ ਕੇ ਉਹਨਾਂ ਨੂੰ ਦੂਰ ਕਰਨ ਦੇ ਗੰਭੀਰ ਉਪਰਾਲੇ ਸ਼ੁਰੂ ਕਰਨ।
ਦੂਜੀ, ਪੰਜਾਬ ਵਿਚ ਪੰਜਾਬੀ ਨੂੰ ਕਾਗ਼ਜ਼ੀ ਦੀ ਥਾਂ ਸਹੀ ਅਰਥਾਂ ਵਿਚ ਰਾਜਭਾਸ਼ਾ ਦਾ ਸਥਾਨ ਮਿਲਣਾ ਚਾਹੀਦਾ ਹੈ। ਇਸ ਕਾਨੂੰਨ ਵਿਚ ਜੋ ਕਮਜ਼ੋਰੀਆਂ ਹਨ, ਉਹ ਸੋਧਾਂ ਕਰ ਕੇ ਤੁਰਤ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਖ਼ਾਤਰ ਸਮਾਜਕ-ਰਾਜਨੀਤਕ ਚੇਤਨਾ ਅਤੇ ਲਾਮਬੰਦੀ ਦੀ ਲੋੜ ਹੈ। ਸਾਡੇ ਬਹੁਤ ਸਾਰੇ ਪੜ੍ਹੇ-ਲਿਖੇ ਸਮਾਜਕ ਅਤੇ ਰਾਜਨੀਤਕ ਆਗੂ ਵੀ ਭਾਸ਼ਾ ਦੀ ਮਹੱਤਤਾ ਸਮਝਣ ਦੇ ਪੱਖੋਂ ਅਨਪੜ੍ਹ ਹੀ ਹਨ। ਰਾਜਭਾਸ਼ਾ ਕਾਨੂੰਨ ਦੀਆਂ ਤਰੁੱਟੀਆਂ ਦੂਰ ਕਰਨ ਲਈ ਸੋਧਾਂ ਤੋਂ ਪੰਜਾਬ ਸਰਕਾਰ ਦੇ ਲਗਾਤਾਰ ਇਨਕਾਰ ਕਾਰਨ ਪੰਜਾਬੀ ਲੇਖਕਾਂ ਅਤੇ ਹੋਰ ਹਿਤੈਸ਼ੀਆਂ ਨੇ ਇਸ 6 ਸਤੰਬਰ ਨੂੰ ਚੰਡੀਗੜ੍ਹ ਵਿਚ ਧਰਨੇ ਨਾਲ ਫੇਰ ਅੰਦੋਲਨ ਸ਼ੁਰੂ ਕੀਤਾ ਹੈ।
ਤੀਜੀ, ਪੰਜਾਬੀ ਦੇ ਵਿੱਦਿਅਕ-ਅਕਾਦਮਿਕ ਖੇਤਰ ਦੀ ਸੰਪੂਰਨ ਨਵਿਆਈ ਬੇਹੱਦ ਜ਼ਰੂਰੀ ਹੈ। ਪਹਿਲੇ ਕਦਮ ਵਜੋਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕੇਵਲ ਅਜਿਹੇ ਅਧਿਆਪਕ ਰੱਖੇ ਜਾਣ ਜਿਨ੍ਹਾਂ ਨੂੰ ਪੰਜਾਬੀ ਠੀਕ ਬੋਲਣੀ ਤੇ ਲਿਖਣੀ ਆਉਂਦੀ ਹੋਵੇ ਅਤੇ ਜਿਨ੍ਹਾਂ ਦੀ ਵਿਦਵਤਾ ਦਾ ਆਧਾਰ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਤੇ ਸਮਾਜ ਦੀ ਸਮਝ ਹੋਵੇ। ਹੋਰ ਭਾਸ਼ਾਵਾਂ ਤੋਂ ਪ੍ਰਾਪਤ ਹੁੰਦਾ ਗਿਆਨ ਉਹਨਾਂ ਦੇ ਇਸ ਆਧਾਰ ਨੂੰ ਅਮਰਵੇਲ ਵਾਂਗ ਸੋਕ-ਨਿਚੋੜ ਕੇ ਪੂਰੀ ਤਰ੍ਹਾਂ ਕੱਜਦਿਆਂ ਆਪ ਹੀ ਨਾ ਛਾ ਜਾਵੇ ਸਗੋਂ ਦੀਵੇ ਕੋਲ ਦੀਵਾ ਜਗਣ ਵਾਂਗ ਉਸ ਦੀ ਜੋਤ ਵਿਚ ਵਾਧਾ ਕਰੇ।
ਦੁਨੀਆ ਭਰ ਵਿਚ ਸੈਂਕੜੇ ਭਾਸ਼ਾਵਾਂ ਮਰੀਆਂ ਹਨ ਅਤੇ ਸੈਂਕੜੇ ਮਰ ਰਹੀਆਂ ਹਨ। ਸੰਸਾਰ ਦੀਆਂ ਭਾਸ਼ਾਵਾਂ ਦੀ ਸਹੀ ਗਿਣਤੀ ਪਤਾ ਕਰਨੀ ਤਾਂ ਸੰਭਵ ਨਹੀਂ, ਮੋਟੇ ਅੰਦਾਜ਼ੇ ਅਨੁਸਾਰ ਇਸ ਸਮੇਂ 6,000 ਭਾਸ਼ਾਵਾਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਅੱਧੀਆਂ ਕੇਵਲ ਚਾਰ ਦੇਸਾਂ, ਭਾਰਤ, ਇੰਡੋਨੇਸ਼ੀਆ, ਨਾਈਜੇਰੀਆ ਅਤੇ ਪਾਪੂਆ ਨਿਊ ਗਿਨੀ ਵਿਚ ਬੋਲੀਆਂ ਜਾਂਦੀਆਂ ਹਨ। ਸਾਡੇ ਦੇਸ ਵਿਚ ਭਾਸ਼ਾਵਾਂ ਦੀ ਹਾਲਤ ਪਤਲੀ ਪੈਂਦੇ ਜਾਣ ਦਾ ਮੂਲ ਕਾਰਨ ਭਾਸ਼ਾਈ ਵੰਨਸੁਵੰਨਤਾ ਨੂੰ ਕਦਰਜੋਗ ਸਮਾਜਕ-ਸਭਿਆਚਾਰਕ ਸਰਮਾਏ ਦੀ ਥਾਂ ਵਾਧੂ ਖਿਲਾਰਾ ਅਤੇ ਬੋਝ ਸਮਝੇ ਜਾਣਾ ਹੈ। ਭਾਸ਼ਾ ਦੇ ਸਿਆਣਿਆਂ ਦਾ ਅੰਦਾਜ਼ਾ ਅਤੇ ਫ਼ਿਕਰ ਹੈ ਕਿ ਇਹਨਾਂ ਵਿੱਚੋਂ 4,000 ਇਸ ਸਦੀ ਦੇ ਅੰਤ ਤੱਕ ਅਲੋਪ ਹੋ ਜਾਣਗੀਆਂ ਅਤੇ ਬਾਕੀ ਬਚੀਆਂ 2,000ਵਿੱਚੋਂ ਵੀ ਕੁਛ ਸੈਂਕੜੇ ਹੀ ਆਪਣੀ ਪੂਰੀ ਆਭਾ ਕਾਇਮ ਰੱਖ ਸਕਣਗੀਆਂ।
ਜੇ ਪੰਜਾਬੀ ਭਾਈਚਾਰਾ ਪੰਜਾਬੀ ਦੀਆਂ ਅਕਾਦਮਿਕ ਅਤੇ ਰਾਜਨੀਤਕ ਸਮੱਸਿਆਵਾਂ ਦੇ ਹੱਲ ਵਾਸਤੇ ਇਕਮੁੱਠ ਅਤੇ ਜਾਗ੍ਰਿਤ ਨਾ ਹੋਇਆ ਤਾਂ ਯੂਨੈਸਕੋ ਨੇ ਪੰਜਾਹ ਸਾਲਾਂ ਵਿਚ ਪੰਜਾਬੀ ਦੇ ਖ਼ਾਤਮੇ ਦੀ ਭਵਿੱਖਬਾਣੀ ਤੋਂ ਭਾਵੇਂ ਇਨਕਾਰ ਕਰ ਦਿੱਤਾ ਹੋਵੇ ਪਰ ਖ਼ਤਰੇ ਦੀ ਲਕੀਰ ਲੰਘ ਚੁੱਕੀਆਂ 197ਬੋਲੀਆਂ ਵਾਲੇ ਭਾਰਤ ਨੂੰ ਪਹਿਲਾ ਸਥਾਨ ਦੇਣ ਵਾਲੀ ਉਹਦੀ ਸੂਚੀ ਕਾਇਮ ਹੈ! ਪੰਜਾਬੀ ਦੀ ਅਜਿਹੀ ਹੋਣੀ ਦੀ ਸੰਭਾਵਨਾ ਤੋਂ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਪੰਜਾਹ ਸਾਲ ਨਾ ਸਹੀ, ਸੌ ਸਹੀ, ਦੋ ਸੌ ਸਹੀ, ਪਰ ਤਿਲ੍ਹਕਦੀ ਜਾਂਦੀ ਭਾਸ਼ਾ ਆਖ਼ਰ ਕਦੀ ਤਾਂ ਥੱਲੇ ਜਾ ਹੀ ਪਹੁੰਚੇਗੀ।
ਤੇ ਜਦੋਂ ਕੋਈ ਭਾਸ਼ਾ ਮਰਦੀ ਹੈ, ਨਾਲ ਹੀ ਉਸ ਭਾਈਚਾਰੇ ਦੀ ਸਦੀਆਂ ਦੌਰਾਨ ਸਿਰਜੀ ਗਈ ਸਭਿਆਚਾਰਕ ਵਿਰਾਸਤ, ਇਕੱਤਰ ਕੀਤੀ ਗਈ ਸੂਝ-ਸਿਆਣਪ, ਵਿਕਸਤ ਕੀਤੀ ਗਈ ਜੀਵਨ-ਜਾਚ ਅਤੇ ਨਤੀਜੇ ਵਜੋਂ ਨਵੇਕਲੀ-ਨਿਆਰੀ ਵੱਖਰੀ ਹੋਂਦ ਵੀ ਮਰ ਜਾਂਦੀ ਹੈ।
*****
(193)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)