GurbachanBhullar7ਇਹ ਇਕ ਪ੍ਰਮਾਣਿਤ ਮਨੋਵਿਗਿਆਨਕ ਸੱਚ ਹੈ ਕਿ ਜੋ ਆਦਮੀ ਗੱਲ-ਗੱਲ ਵਿੱਚੋਂ ਹਾਸੇ-ਠੱਠੇ ਦੀ ਸਥਿਤੀ ਪੈਦਾ ਕਰਦਾ ਹੈਉਹ ...
(ਅਪਰੈਲ 14, 2016)


ਬੇਦੀ ਜੀ ਬਾਰੇ ਲਿਖਿਆ ਜਾਵੇ ਤਾਂ ਉਹਨਾਂ ਦੇ ਲਤੀਫ਼ਿਆਂ ਦਾ ਜ਼ਿਕਰ ਨਾ ਹੋਵੇ
, ਇਹ ਸੰਭਵ ਨਹੀਂ। ਜਿੰਨੀਆਂ ਉਹਨਾਂ ਦੀਆਂ ਕਹਾਣੀਆਂ ਅਤੇ ਫ਼ਿਲਮਾਂ ਮਸ਼ਹੂਰ ਹਨ, ਉੰਨੇ ਹੀ ਉਹਨਾਂ ਦੇ ਲਤੀਫ਼ੇ ਅਤੇ ਵਿਅੰਗ ਪ੍ਰਸਿੱਧ ਹਨ। ਉਹਨਾਂ ਦੇ ਬਹੁਤੇ ਲਤੀਫ਼ਿਆਂ ਵਿੱਚੋਂ ਤਾਂ ਨਾਲੋ-ਨਾਲ ਉਹਨਾਂ ਦੀ ਭਾਸ਼ਾ ਸੰਬੰਧੀ ਜਾਦੂਗਰੀ ਦੇ ਵੀ ਦਰਸ਼ਨ ਹੁੰਦੇ ਹਨ।

ਪਹਿਲਾਂ ਮੈਨੂੰ ਇਕ ਅੱਖੀਂ ਦੇਖੀ ਘਟਨਾ ਹੀ ਚੇਤੇ ਆਉਂਦੀ ਹੈ। ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਵਿਚ ਉਹਨਾਂ ਦਾ ਇਕ ਭਾਣਜਾ ਟਾਈਪਿਸਟ ਸੀ, ਰਵੀ। ਬੇਦੀ ਆਖਦੇ, “ਅਸਲ ਵਿਚ ਤਾਂ ਇਹਦੇ ਨਾਂ ਦਾ ਵਿਚਕਾਰਲਾ ਅੱਖਰ ਦਾਲਹੈ, ਗਲਤੀ ਨਾਲ ਉੱਪਰ ਘੁੰਡੀ ਮੁੜ ਕੇ ਵਾਉਬਣ  ਗਈ।ਉਰਦੂ ਜਾਣਨ ਵਾਲੇ ਸਮਝ ਸਕਦੇ ਹਨ ਕਿ ਜੇ ਰਵੀਦੇ ਅੱਖਰ ਵਾਉਦੀ ਥਾਂ ਅੱਖਰ ਦਾਲਪਾ ਦਿੱਤਾ ਜਾਵੇ, ਤਾਂ ਰੱਦੀਬਣ ਜਾਂਦਾ ਹੈ, ਬਿਲਕੁਲ ਉਸੇ ਪ੍ਰਕਾਰ ਜਿਵੇਂ ਜੇ ਗੁਰਮੁਖੀ ਵਿਚ ਰਵੀਦੇ ਦੀ ਥਾਂ ਪੈ ਜਾਵੇ।

ਚਿਤਰਕਾਰ ਜਸਵੰਤ ਸਿੰਘ ਦਾ ਕੱਦ ਬਹੁਤ ਹੀ ਛੋਟਾ ਸੀ। ਤੰਬੂ ਵਾਲੇ ਕਾਫ਼ੀ ਹਾਊਸ ਵਿਚ ਪਹਿਲਾਂ ਤੋਂ ਸਜੀ ਹੋਈ ਮਹਿਫ਼ਲ ਵਿਚ ਬੇਦੀ ਸਾਹਿਬ ਪਧਾਰੇ ਤਾਂ ਆਉਂਦਿਆਂ ਹੀ ਬੋਲੇ, “ਜਸਵੰਤ, ਸਭ ਕੁਰਸੀਆਂ ਉੱਤੇ ਬੈਠੇ ਨੇ, ਤੂੰ ਭੁੰਜੇ ਕਿਉਂ ਬੈਠਾ ਹੈਂ?” ਕੱਦ ਦਾ ਹੀ ਮਖੌਲ ਉਹਨਾਂ ਨੇ ਕਹਾਣੀਕਾਰ ਰਤਨ ਸਿੰਘ ਨਾਲ ਕੀਤਾ। ਜਿਨ੍ਹਾਂ ਨੇ ਰਤਨ ਸਿੰਘ ਨੂੰ ਦੇਖਿਆ ਹੈ, ਉਹਨਾਂ ਦੀ ਜੀਵਨ-ਸਾਥਣ ਵੀ ਜ਼ਰੂਰ ਦੇਖੀ ਹੋਵੇਗੀ, ਕਿਉਂਕਿ ਉਹ ਜਿੱਥੇ ਵੀ ਜਾਂਦੇ ਹਨ, ਸੱਚਮੁੱਚ ਸਾਥ-ਸਾਥਜਾਂਦੇ ਹਨ। ਇਸ ਜੋੜੀ ਨੂੰ ਕੱਦ ਦੇਣ ਸਮੇਂ ਰੱਬ ਤੋਂ ਹਿਸਾਬ ਗਲਤ ਲੱਗ ਗਿਆ। ਭਾਵੇਂ ਦੋਵਾਂ ਦੇ ਕੱਦ ਮਿਲਾ ਕੇ ਤਾਂ ਠੀਕ ਇਕ ਪੁਰਸ਼ ਅਤੇ ਇਕ ਇਸਤਰੀ ਦੇ ਕੱਦਾਂ ਜਿੰਨੇ ਹੀ ਬਣਦੇ ਹਨ, ਪਰ ਰਤਨ ਸਿੰਘ ਜੇ ਕੁਝ ਘੱਟ ਲੰਮੇ ਰਹਿ ਜਾਂਦੇ, ਤਦ ਵੀ ਸਰ ਜਾਂਦਾ ਅਤੇ ਓਨਾਂ ਕੱਦ ਹੋਰ ਸ੍ਰੀਮਤੀ ਰਤਨ ਕੌਰ ਨੂੰ ਮਿਲ ਜਾਂਦਾ ਤਾਂ ਵਧੇਰੇ ਠੀਕ ਗੱਲ ਹੁੰਦੀ। ਬੇਦੀ ਸਾਹਿਬ ਨੇ ਸ੍ਰੀਮਤੀ ਰਤਨ ਕੌਰ ਨੂੰ ਦੇਖਿਆ ਤਾਂ ਝੱਟ ਬੋਲੇ, “ਅੱਜ ਪਤਾ ਲੱਗਿਆ ਹੈ, ਤੇਰੀ ਕਹਾਣੀ ਏਨੀ ਛੋਟੀ ਕਿਉਂ ਹੁੰਦੀ ਹੈ!

ਤੇ ਫੇਰ ਕੁਝ ਪੰਜਾਬੀ ਲੇਖਕਾਂ ਦੇ ਨਹਿਲੇ ਉੱਤੇ ਉਹਨਾਂ ਦਾ ਦਹਿਲਾ। ਬੰਬਈ ਵਿਖੇ ਉਹਨਾਂ ਨਾਲ ਜਾ ਰਹੇ ਕੁਝ ਪੰਜਾਬੀ ਲੇਖਕਾਂ ਵਿੱਚੋਂ ਇਕ ਨੇ ਜਦੋਂ ਉਹਨਾਂ ਦੀ ਪੁਰਾਣੀ ਕਾਰ ਨੂੰ ਆਲੂ ਢੋਣ ਲਈ ਵਰਤਣ ਦੀ ਸਲਾਹ ਦਿੱਤੀ ਤਾਂ ਉਹ ਤੁਰਤ ਬੋਲੇ, “ਆਲੂ ਹੀ ਤਾਂ ਢੋ ਰਿਹਾ ਹਾਂ।

ਇਹ ਪੰਜਾਬੀ ਲੇਖਕ ਤਾਂ ਭਲਾ ਕੀਹਦੇ ਬਿਚਾਰੇ ਸਨ, ਬੇਦੀ ਸਾਹਿਬ ਤਾਂ ਮੰਟੋ, ਜੋ ਆਪ ਭਾਸ਼ਾ ਦਾ ਮੰਨਿਆ ਹੋਇਆ ਕਲਾਕਾਰ ਅਤੇ ਕਲਾਬਾਜ਼ ਸੀ, ਵਰਗਿਆਂ ਦੇ ਕਾਬੂ ਨਹੀਂ ਸਨ ਆਉਂਦੇ। ਬੇਦੀ ਨੂੰ ਮਿਲਣ ਸਮੇਂ ਇਕ ਵਾਰ ਮੰਟੋ ਬੋਲਿਆ, “ਦਾੜ੍ਹੀ-ਕਟੇ ਸਰਦਾਰ, ਕੀ ਹਾਲ ਹੈ?” ਤੁਰਤ ਮਿਲਿਆ ਉੱਤਰ ਸੀ, “ਮੀਆਂ, ਮੇਰਾ ਹਾਲ ਪੁੱਛਦਾ ਹੈਂ ਕਿ ਪੂਰੀ ਸਿੱਖ ਕੌਮ ਦੀ ਬੇਇੱਜ਼ਤੀ ਕਰ ਰਿਹਾ ਹੈਂ!

ਇਹ ਇਕ ਪ੍ਰਮਾਣਿਤ ਮਨੋਵਿਗਿਆਨਕ ਸੱਚ ਹੈ ਕਿ ਜੋ ਆਦਮੀ ਗੱਲ-ਗੱਲ ਵਿੱਚੋਂ ਹਾਸੇ-ਠੱਠੇ ਦੀ ਸਥਿਤੀ ਪੈਦਾ ਕਰਦਾ ਹੈ, ਉਹ ਇਸ ਹਾਸ-ਵਿਅੰਗ ਨੂੰ ਆਮ ਕਰਕੇ ਆਪਣਾ ਸਦੀਵੀ ਅੰਤਰੀਵ ਦਰਦ ਛੁਪਾਉਣ ਲਈ ਪਰਦੇ ਵਜੋਂ ਵਰਤਦਾ ਹੈ। ਸ਼ਾਇਦ ਉਹ ਸੋਚਦਾ ਹੈ ਕਿ ਜੇ ਗੱਲਬਾਤ ਦਾ ਮੂੰਹ ਟਿੱਚਰਬਾਜ਼ੀ ਵੱਲ ਨਾ ਮੋੜਿਆ ਗਿਆ, ਕਿਤੇ ਉਹ ਜੀਵਨ ਦੀ ਕਠੋਰ ਗੰਭੀਰਤਾ ਵੱਲ ਨਾ ਹੋ ਜਾਵੇ। ਸੰਸਾਰ ਪੱਧਰ ਉੱਤੇ ਇਹਦੀ ਇਕ ਮਿਸਾਲ ਚਾਰਲੀ ਚੈਪਲਿਨ ਸੀ, ਜਿਸ ਨੇ ਪੀੜ-ਪਰੁੱਚਿਆ ਜੀਵਨ ਜੀਵਿਆ ਅਤੇ ਸਭ ਦੀਆਂ ਸਭ ਫ਼ਿਲਮਾਂ ਹਾਸੇ-ਠੱਠੇ ਨਾਲ ਛਲਕਦੀਆਂ ਬਣਾਈਆਂ। ਭਾਰਤ ਦੇ ਇਕ ਵੱਡੇ ਕਲਾਕਾਰ, ਰਾਜ ਕਪੂਰ ਨੇ, ਜੋ ਚਾਰਲੀ ਚੈਪਲਿਨ ਤੋਂ ਬਹੁਤ ਪ੍ਰਭਾਵਿਤ ਸੀ, ਆਪਣੀ ਬੇਹੱਦ ਖ਼ੂਬਸੂਰਤ ਅਤੇ ਅਰਥਪੂਰਨ, ਪਰ ਟਿਕਟ-ਖਿੜਕੀ ਉੱਤੇ ਅਸਫਲ ਫ਼ਿਲਮ ਮੇਰਾ ਨਾਮ ਜੋਕਰਤਾਂ ਬਣਾਈ ਹੀ ਇਸੇ ਵਿਸ਼ੇ ਨੂੰ ਲੈ ਕੇ ਸੀ। ਨਾਇਕ ਸਰਕਸ ਦਾ ਜੋਕਰ ਬਣਦਾ ਹੀ ਆਪਣੀ ਅੰਦਰਲੀ ਪੀੜ ਨੂੰ ਹਾਸੇ ਵਿਚ ਡੋਬ ਦੇਣ ਲਈ ਹੈ। ਬੇਦੀ ਜੀ ਨੇ ਜਿਸ ਪ੍ਰਕਾਰ ਦਾ ਜੀਵਨ ਜੀਵਿਆ ਜਾਂ ਕਹਿ ਲਵੋ ਕਿ ਜਿਸ ਪ੍ਰਕਾਰ ਦਾ ਜੀਵਨ ਉਹਨਾਂ ਨੂੰ ਜਿਉਣਾ ਪਿਆ, ਜਿਸ-ਜਿਸ ਕਿਸਮ ਦੇ ਵੇਲਣਿਆਂ ਵਰਗੇ ਕਸ਼ਟਾਂ ਵਿੱਚੋਂ ਉਹਨਾਂ ਨੂੰ ਲੰਘਣਾ ਪਿਆ, ਜਿਸ-ਜਿਸ ਪ੍ਰਕਾਰ ਦੇ ਪੱਛ ਉਹਨਾਂ ਨੂੰ ਦਿਲ ਉੱਤੇ ਸਹਿਣੇ ਪਏ, ਉਹਨਾਂ ਦਾ ਹਰ ਗੱਲ ਨੂੰ ਮਖੌਲ ਜਾਂ ਟਿੱਚਰ ਵਿਚ ਉਡਾ ਦੇਣਾ ਸੁਭਾਵਿਕ ਸੀ। ਤੇ ਇਸ ਗੁਣ ਵਿਚ ਉਹ ਇੰਨੇ ਤਾਕ ਹੋ ਗਏ ਸਨ ਕਿ ਉਹਨਾਂ ਨੂੰ ਕਿਸੇ ਵੀ ਗੱਲ, ਕਿਸੇ ਵੀ ਸਥਿਤੀ ਵਿਚ ਤਤਫੱਟ ਵਿਅੰਗ ਕਰਨ ਲਈ ਦਿਮਾਗ ਉੱਤੇ ਬੋਝ ਨਹੀਂ ਸੀ ਪਾਉਣਾ ਪੈਂਦਾ।

ਉਹਨਾਂ ਦਾ ਇਹ ਕਥਨ ਤਾਂ ਬਹੁਤ ਮਸ਼ਹੂਰ ਹੋਇਆ ਜਿੱਥੇ ਉਹ ਆਖਦੇ ਹਨ, “ਮੈਨੂੰ ਕੋਈ ਧਾਰਮਿਕ-ਅਧਿਆਤਮਕ ਪੁਸਤਕਾਂ ਪੜ੍ਹਨ ਦੀ ਲੋੜ ਨਹੀਂ ਕਿਉਂਕਿ ਉਹਨਾਂ ਤੋਂ ਵਧੀਆ ਕਿਤਾਬਾਂ ਤਾਂ ਮੈਂ ਆਪ ਲਿਖ ਸਕਦਾ ਹਾਂ।ਉਹਨਾਂ ਦਾ ਮੱਤ ਸੀ ਕਿ ਜੇ ਰੱਬ ਮਨੁੱਖ ਬਣਾਉਣ ਦੀ ਉਜੱਡਤਾ ਕਰਦਾ ਹੈ ਤਾਂ ਮੈਂ ਮਨੁੱਖ ਹੋ ਕੇ ਰੱਬ ਬਣਾਉਂਦੇ ਰਹਿਣ ਦੀ ਮੂਰਖਤਾ ਕਿਉਂ ਕਰਾਂ? ਇਸੇ ਵਿਚਾਰ-ਪਰਵਾਹ ਵਿਚ ਹੀ ਉਹਨਾਂ ਦੇ ਆਪਣੇਧਰਮ, ਸਿੱਖੀ ਬਾਰੇ ਸਰਬ-ਗਿਆਤ ਘਟਨਾ ਆ ਜਾਂਦੀ ਹੈ। ਉਹਨਾਂ ਦੀਆਂ ਕੁਰਹਿਤਾਂ ਅਤੇ ਲਿਖਤਾਂ ਤੋਂ ਸਤੇ ਹੋਏ ਬੰਬਈ ਦੇ ਕੁਝ ਕਥਿਤ ਪਤਵੰਤੇ ਸਿੱਖਾਂ ਨੇ ਉਹਨਾਂ ਦੇ ਘਰ ਪੁੱਜ ਕੇ ਜਦੋਂ ਇਹ ਮਸਲਾ ਖੜ੍ਹਾ ਕੀਤਾ, ਉਹਨਾਂ ਨੇ ਸਹਿਜਤਾ ਨਾਲ ਪੁੱਛਿਆ, ਸਿੱਖ ਸਾਜੇ ਕੀਹਨੇ ਸਨ? ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲਏ ਜਾਣ ਉੱਤੇ ਉਹਨਾਂ ਨੇ ਉਹਨਾਂ ਦਾ ਜਾਤ-ਗੋਤ ਪੁੱਛਿਆ। ਬੇਦੀ ਦੱਸੇ ਜਾਣ ਉੱਤੇ ਉਹਨਾਂ ਨੇ ਮੁਸਕਰਾ ਕੇ ਸਭ ਨੂੰ ਨਿਰੁੱਤਰ ਕਰ ਦਿੱਤਾ, “ਮੇਰੇ ਤਾਂ ਨਾਂ ਨਾਲ ਹੀ ਬੇਦੀ ਲੱਗਿਆ ਹੋਇਆ ਹੈ। ਸਗੋਂ ਮੇਰਾ ਤਾਂ ਨਾਂ ਹੀ ਬੇਦੀ ਰਹਿ ਅਤੇ ਪੈ ਗਿਆ ਹੈ। ਸਿੱਖੀ ਸਾਡਾ ਬੇਦੀਆਂ ਦਾ ਘਰ ਦਾ ਮਾਮਲਾ ਹੈ, ਤੁਸੀਂ ਦਖ਼ਲ ਕਾਹਨੂੰ ਦਿੰਦੇ ਹੋ।

ਇਸ ਗੱਲ ਦੀ ਤਾਂ ਮੈਨੂੰ ਕੋਈ ਸਿੱਧੀ ਜਾਣਕਾਰੀ ਨਹੀਂ ਕਿ ਖੱਬੀ ਰਾਜਨੀਤੀ ਨਾਲ ਉਹਨਾਂ ਦਾ ਵਾਸਤਵ ਵਿਚ ਕੀ ਰਿਸ਼ਤਾ ਸੀ, ਪਰ ਲਗਦਾ ਹੈ, ਸਮਾਜਵਾਦ ਦੇ ਬੋਲਬਾਲੇ ਦੇ ਉਸ ਦੌਰ ਵਿਚ ਵੀ ਉਹ ਸਮਾਜਵਾਦ ਦੀ ਮਾਇਆ ਨੂੰ ਵੀ ਧਰਮ ਅਤੇ ਰੱਬ ਦੇ ਅਡੰਬਰਾਂ ਬਾਰੇ ਉਪਰੋਕਤ ਕਥਨਾਂ ਵਾਂਗ ਹੀ ਖ਼ੂਬ ਪਛਾਣਦੇ ਸਨ। ਸੋਵੀਅਤ ਦੂਤਾਵਾਸ ਦਾ ਸੂਚਨਾ ਵਿਭਾਗ, ਜਿੱਥੇ ਮੈਂ ਇਕ-ਚੁਥਾਈ ਸਦੀ ਨੌਕਰੀ ਕੀਤੀ, ਭਾਰਤ ਦੀਆਂ ਸਭ ਭਾਸ਼ਾਵਾਂ ਦੇ ਅੱਗੇ-ਵਧੂ ਲੇਖਕਾਂ ਦਾ ਇਸ਼ਟ-ਸਥਾਨ ਸੀ। ਦਿੱਲੀ ਆਏ ਹੋਏ ਵੱਡੇ ਵੱਡੇ ਲੇਖਕ ਵੀ ਉੱਥੇ ਹਾਜ਼ਰੀ ਭਰ ਕੇ ਅਤੇ ਰੂਸੀਆਂ ਦੇ ਦਰਸ਼ਨ-ਦੀਦਾਰ ਕਰ ਕੇ ਜ਼ਰੂਰ ਧੰਨ ਹੋਣਾ ਚਾਹੁੰਦੇ ਸਨ। ਪਰ ਮੈਂ ਬੇਦੀ ਨੂੰ ਉੱਥੇ ਆਏ ਤੇ ਜੇ ਆਏ ਵੀ ਹੋਣ ਤਾਂ ਰੂਸੀਆਂ ਨੂੰ ਮਿਲਣ ਲਈ ਆਏ ਕਦੀ ਨਹੀਂ ਸੀ ਦੇਖਿਆ, ਭਾਵੇਂ ਕਿ ਉਹਨਾਂ ਦੇ ਭਾਣਜੇ ਦਾ ਉੱਥੇ ਮੁਲਾਜ਼ਮ ਹੋਣਾ ਉੱਥੇ ਆਉਣ ਲਈ ਕਾਰਨ ਜਾਂ ਬਹਾਨਾ ਹੈ ਸੀ; ਜਿਵੇਂ ਰੂਸੀਆਂ ਨੂੰ, ਜਿਨ੍ਹਾਂ ਦੀ ਸਮਾਜਵਾਦੀ ਲੋਕ-ਸੇਵਾ ਨੂੰ ਅੱਧੀ ਦੁਨੀਆ ਪ੍ਰਸ਼ੰਸਾ ਦੀ ਨਜ਼ਰ ਨਾਲ ਦੇਖਦੀ ਸੀ, ਕਹਿ ਰਹੇ ਹੋਣ, “ਮੈਨੂੰ ਤੁਹਾਡੇ ਸਮਾਜਵਾਦ ਦੀ ਲੋੜ ਨਹੀਂ ਕਿਉਂਕਿ ਲੋਕਾਂ ਤੋਂ ਟੁੱਟੀ ਇਸ ਲੋਕ-ਸੇਵਾ ਤੋਂ ਵਧੀਆ ਲੋਕ-ਸੇਵਾ ਤਾਂ ਮੈਂ ਆਪਣੀਆਂ ਕਹਾਣੀਆਂ ਰਾਹੀਂ ਕਰ ਰਿਹਾ ਹਾਂ।ਤੇ ਗੱਲ ਸੀ ਵੀ ਠੀਕ। ਉਹਨਾਂ ਦੀ ਸਮੁੱਚੀ ਰਚਨਾ ਦੱਬਿਆਂ-ਕੁਚਲਿਆਂ, ਸਮਾਜ ਵਲੋਂ ਮਨੁੱਖੀ ਜੀਵਨ ਦੀ ਸੜਕ ਤੋਂ ਵਗਾਹ ਕੇ ਦੁਖਦਾਈ ਹੋਂਦ ਦੇ ਫੁੱਟਪਾਥ ਉੱਤੇ ਸੁੱਟੇ ਗਏ ਲੋਕਾਂ ਦੀ ਦਰਦ-ਕਹਾਣੀ ਹੈ।

ਉਂਜ ਕਹਾਣੀ ਤੇਈਆ ਤਾਪਦੀ ਇਸ ਸੰਖੇਪ ਟਿੱਪਣੀ ਰਾਹੀਂ ਉਹ ਰਾਜਨੀਤਕ ਪਾਰਟੀਆਂ ਬਾਰੇ ਆਪਣਾ ਨਜ਼ਰੀਆ ਬਿਲਕੁਲ ਸਪਸ਼ਟ ਕਰ ਦਿੰਦੇ ਹਨ: “ਜੇ ਕੋਈ ਮੈਨੂੰ ਪੁੱਛੇ ਕਿ ਕਿਹੜੀ ਪਾਰਟੀ ਲੋਕਾਂ ਦੀ ਹਿਤੈਸ਼ੀ ਹੈ, ਤਾਂ ਮੈਂ ਉਸ ਤੋਂ ਪੁੱਛਾਂਗਾ ਕਿ ਸਾਹਮਣੀ ਕੰਧ ਉੱਤੇ ਬੈਠਾ ਕਾਂ ਨਰ ਹੈ ਕਿ ਮਦੀਨ?

ਤੇ ਖੱਬੀ ਰਾਜਨੀਤੀ ਦਾ ਜ਼ਿੰਦਗੀ ਨਾਲੋਂ, ਲੋਕਾਂ ਨਾਲੋਂ ਟੁੱਟੀ ਹੋਈ ਹੋਣਾ ਉਹ ਕਹਾਣੀ ਆਲੂਵਿਚ ਬੜੇ ਵਧੀਆ ਵਿਅੰਗਮਈ ਢੰਗ ਨਾਲ ਉਜਾਗਰ ਕਰਦੇ ਹਨ। ਲੱਖੀ ਸਿੰਘ ਅਤੇ ਉਹਦੇ ਸਾਥੀ ਸਰਕਾਰੀ ਨੌਕਰੀ ਕਰ ਲੈਣ, ਵਾਲੇ ਤਿੰਨ ਵਿਆਹੁਣ-ਯੋਗ ਭੈਣਾਂ ਦੇ ਭਾਈ, ਬੁੱਢੇ ਤੇ ਬੀਮਾਰ ਮਾਂ-ਪਿਓ ਦੇ ਪੁੱਤਰ ਅਤੇ ਚਾਰ ਵਿਦਿਆਰਥੀ ਭਰਾਵਾਂ ਦੇ ਭਰਾ, ਕਾਮਰੇਡ ਬਖ਼ਸ਼ੀ ਨੂੰ ਪਿੱਛੇ-ਖਿੱਚੂ ਹੋ ਗਿਆ ਆਖ ਕੇ ਕੁੱਟਦੇ ਹਨ, ਉਹਦੀ ਕਮੀਜ਼ ਪਾੜ ਦਿੰਦੇ ਹਨ ਅਤੇ ਉਹਨੂੰ ਪਾਰਟੀ ਦੇ ਦਫ਼ਤਰੋਂ ਭਜਾ ਦਿੰਦੇ ਹਨ। ਖੁਦ ਭੁੱਖ ਨੂੰ ਦੂਰ ਰੱਖਣ ਲਈ ਲੱਖੀ ਸਿੰਘ ਆਲੂ ਸੁੱਟ ਕੇ ਆਏ ਰੇੜ੍ਹਿਆਂ ਦੇ ਫੱਟਿਆਂ ਦੀਆਂ ਵਿਰਲਾਂ ਵਿਚ ਫਸੇ ਆਲੂ ਚੁਰਾ ਕੇ ਘਰ ਲੈ ਆਉਂਦਾ ਹੈ। ਪਰ ਇਕ ਦਿਨ ਰੇੜ੍ਹਿਆਂ ਵਾਲੇ ਇਕ ਸਰਕਾਰੀ ਹੁਕਮ ਵਿਰੁੱਧ ਹੜਤਾਲ ਕਰ ਦਿੰਦੇ ਹਨ। ਉਹ ਖਾਲੀ ਹੱਥ ਘਰ ਪੁੱਜਦਾ ਹੈ ਤਾਂ ਉਹਦੀ ਪਤਨੀ ਬਸੰਤੋ ਕਰੋਧਿਤ ਹੋ ਕੇ ਪੁੱਛਦੀ ਹੈ ਕਿ ਉਹਨੇ ਹੜਤਾਲ ਦਾ ਡਟ ਕੇ ਵਿਰੋਧ ਕਿਉਂ ਨਾ ਕੀਤਾ ਅਤੇ ਉਹ ਆਪਣੇ ਭੁੱਖੇ ਬੱਚੇ ਨੂੰ ਵਿਲਕਦਾ ਦੇਖ ਕੇ ਲੱਖੀ ਸਿੰਘ ਸਮੇਤ ਹੜਤਾਲ ਕਰਵਾਉਣ ਵਾਲਿਆਂ ਦਾ ਅੱਗਾ-ਪਿੱਛਾ ਪੁਣਨ ਲਗਦੀ ਹੈ। ਲੱਖੀ ਸਿੰਘ ਸੋਚਾਂ ਵਿਚ ਪੈ ਜਾਂਦਾ ਹੈ ਕਿ ਬਸੰਤੋ ਇਕ ਚੰਗੇ ਕਾਮਰੇਡ ਵਾਂਗ ਸਦਾ ਮੇਰਾ ਸਾਥ ਦਿੰਦੀ ਰਹੀ ਹੈ ਪਰ ਕੀ ਹੁਣ ਇਹ ਵੀ ਪਿੱਛੇ-ਖਿੱਚੂਆਂ ਦੀ ਢਾਣੀ ਵਿਚ ਜਾ ਰਲੀ ਹੈ? ਜਿੱਥੇ ਪਾਰਟੀ ਦੇ ਕੁਲਵਕਤੀਆਂ ਵਲੋਂ ਕਿਸੇ ਦੇ ਅੱਗੇ-ਵਧੂ ਜਾਂ ਪਿੱਛੇ-ਖਿੱਚੂ ਹੋਣ ਦਾ ਨਿਰਣਾ ਅਜਿਹੇ ਪੈਮਾਨਿਆਂ ਨਾਲ ਕੀਤਾ ਜਾਂਦਾ ਹੋਵੇ, ਉੱਥੇ ਬੇਦੀ ਦਾ ਕਾਂ ਦੇ ਨਰ ਜਾਂ ਮਦੀਨ ਹੋਣ ਦਾ ਸਵਾਲ ਪੂਰੀ ਤਰ੍ਹਾਂ ਪ੍ਰਸੰਗਕ ਹੋ ਜਾਂਦਾ ਹੈ।

*****

(253)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author