GurbachanBhullar7ਏਧਰ ਮੈਂ ਸਵਾਲ ਕੀਤਾ ਅਤੇ ਓਧਰ ਜ਼ਿੰਦਗੀ ਨੇ ਕਹਿ ਦਿੱਤਾਚੁੱਪ! ...” (ਆਖਰੀ ਕਿਸ਼ਤ)
(ਮਈ 30, 2016)

 

ਬੇਦੀ ਜੀ ਦੀ ਜੀਵਨ-ਯਾਤਰਾ ਰੋਗ ਤੋਂ ਰੋਗ ਤੱਕ ਦੀ ਕਹਾਣੀ ਹੈ। ਉਹ ਜੰਮੇ ਵੀ ਰੋਗੀ ਅਤੇ ਮਰਨ ਤੋਂ ਕਾਫ਼ੀ ਸਮਾਂ ਪਹਿਲਾਂ ਅਧਰੰਗ ਦੇ ਨਾਮੁਰਾਦ ਰੋਗ ਨੇ ਬੁਰੀ ਤਰ੍ਹਾਂ ਘੇਰ ਲਏ। ਇਕ ਪਾਸਾ ਮਾਰਿਆ ਗਿਆ। ਇਕ ਲੱਤ ਅਤੇ ਇਕ ਬਾਂਹ ਕੰਮ ਕਰਨੋਂ ਹਟ ਗਈਆਂ। ਸਹਾਰੇ ਦੀ ਲੋੜ ਪੈਂਦੀ। ਦੂਜੀ ਅੱਖ ਬੰਦ ਕਰ ਕੇ ਅਧਰੰਗੀ ਅੱਖ ਉੱਤੇ ਆਪਣੇ ਕੰਮ ਕਰਦੇ ਹੱਥ ਦੀ ਕੋਕਲੀ ਰੱਖ ਕੇ ਉਹ ਵਾਰ-ਵਾਰ ਇਹ ਨਿਰਣਾ ਕਰਨ ਦਾ ਜਤਨ ਕਰਦੇ ਕਿ ਉਸ ਵਿੱਚੋਂ ਕੁਝ ਦਿਸਦਾ ਹੈ ਜਾਂ ਨਹੀਂ। ਕਿੰਨਾ ਦਰਦਨਾਕ ਦ੍ਰਿਸ਼ ਹੁੰਦਾ ਹੋਵੇਗਾ ਕਿ ਜਿਸ ਲੇਖਕ ਦੀ ਬਰੀਕ-ਬੀਨੀ ਜ਼ਿੰਦਗੀ ਦੀਆਂ, ਘਟਨਾਵਾਂ ਦੀਆਂ, ਸਥਿਤੀਆਂ ਦੀਆਂ ਡੂੰਘੀਆਂ ਛੁਪੀਆਂ ਪਰਤਾਂ ਮਨ ਦੀ ਅੱਖ ਨਾਲ ਦੇਖ ਲੈਂਦੀ ਸੀ, ਉਸ ਤੋਂ ਇਹ ਨਿਤਾਰਾ ਵੀ ਨਹੀਂ ਸੀ ਹੋ ਰਿਹਾ ਕਿ ਉਹਦੀ ਸਰੀਰਕ ਅੱਖ ਨੂੰ ਦਿਸਦਾ ਹੈ ਜਾਂ ਨਹੀਂ। ਉਹਨਾਂ ਦੇ ਬੁੱਲ੍ਹ ਵੱਸ ਤੋਂ ਬਾਹਰੇ ਹੋ ਕੇ ਲਟਕ ਜਾਂਦੇ। ਉਹਨਾਂ ਉੱਤੇ ਆ ਕੇ ਸ਼ਬਦ ਅਟਕ ਜਾਂਦੇ। ਹਾਜ਼ਰ-ਜਵਾਬੀ ਦੇ ਉਸਤਾਦ ਅਤੇ ਭਾਸ਼ਾ ਦੀ ਵਰਤੋਂ ਦੇ ਬੇਮਿਸਾਲ ਕਲਾਕਾਰ ਨੂੰ ਗੱਲ ਅੱਧ-ਵਿਚਾਲੇ ਭੁੱਲ ਜਾਂਦੀ। ਉਹ ਥੱਕ ਜਾਂਦੇ, ਅੱਕ ਜਾਂਦੇ, ਨਿਰਾਸ਼ ਹੋ ਜਾਂਦੇ, ਮਾਯੂਸ ਹੋ ਜਾਂਦੇ ਅਤੇ ਬੇਵੱਸ ਹੋ ਕੇ ਨਿਢਾਲ ਹੋਏ ਚੁੱਪ ਹੋ ਜਾਂਦੇ।

ਡਾਕਟਰ ਕਹਿੰਦੇ ਸਨ, ਕੋਈ ਉਹਨਾਂ ਕੋਲ ਬੈਠੇ ਅਤੇ ਉਹਨਾਂ ਨਾਲ ਬੜੇ ਹਿਤ ਨਾਲ, ਬੜੇ ਠਰ੍ਹੰਮੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰੇ, ਉਹਨਾਂ ਦਾ ਬੀਤਿਆ ਚੇਤੇ ਕਰਾਵੇ, ਉਹਨਾਂ ਦੀਆਂ ਯਾਦਾਂ ਨੂੰ ਰੋਗ ਦੇ ਗੰਧਲੇ ਪਾਣੀ ਵਿੱਚੋਂ ਉਭਾਰਨ ਦਾ ਯਤਨ ਕਰੇ। ਪਰ ਇਹ ਸਭ ਕੌਣ ਕਰੇ? ਇਕ ਵਾਰ ਉਹ ਦਿੱਲੀ ਆਪਣੇ ਕਦਰਦਾਨ ਭਰਾ ਹਰਬੰਸ ਸਿੰਘ, ਜੋ ਇਕ ਉੱਚ-ਅਧਿਕਾਰੀ ਸਨ, ਦੇ ਘਰ ਠਹਿਰੇ ਹੋਏ ਸਨ। ਇੰਦਰਜੀਤ ਗਈ ਤਾਂ ਉਹ ਇਹਦੇ ਵੱਲ ਪ੍ਰਭਾਵਹੀਣ ਨਜ਼ਰਾਂ ਨਾਲ ਦੇਖਦੇ ਬੈਠੇ ਰਹੇ। ਪੁੱਛਣ ਉੱਤੇ ਵੀ ਚੁੱਪ ਰਹੇ। ਇਹ ਬੋਲੀ, “ਬੇਦੀ ਸਾਹਿਬ, ਮੈਂ ਇੰਦਰਜੀਤ, ਤੁਹਾਡੀ ਭੈਣ ਰਾਜ ਦੁਲਾਰੀ ਦੀ ਨੂੰਹ, ਤੁਹਾਡੇ ਭਾਣਜੇ ਰਵੀ, ਜੀਹਨੂੰ ਤੁਸੀਂ ਰੱਦੀ ਕਹਿੰਦੇ ਹੁੰਦੇ ਸੀ, ਦੀ ਪਤਨੀ।ਉਹ ਫੇਰ ਵੀ ਅਬੋਲ ਦੇਖਦੇ ਅਤੇ ਪਰੇਸ਼ਾਨ ਹੁੰਦੇ ਰਹੇ। ਇਹਨੇ ਕਿਹਾ, “ਬੇਦੀ ਸਾਹਿਬ, ਮੈਂ ਰੂਸੀ ਦਫ਼ਤਰ ਵਿਚ ਕੰਮ ਕਰਦੀ ਸੀ। ਤੁਸੀਂ ਰੂਸੀਆਂ ਬਾਰੇ ਕਹਾਣੀ ਲਿਖ ਕੇ ਮੈਨੂੰ ਪੜ੍ਹਨ ਨੂੰ ਦਿੱਤੀ ਸੀ।ਉਹ ਹੈਰਾਨ ਹੋਏ, “ਮੈਂ ਕਹਾਣੀ ਲਿਖੀ ਸੀ, ਰੂਸੀਆਂ ਬਾਰੇ?” ਇੰਦਰਜੀਤ ਨੇ ਕਾਗਜ਼ ਅਤੇ ਪੈੱਨ ਅੱਗੇ ਕਰਦਿਆਂ ਉਹਨਾਂ ਨੂੰ ਆਪਣਾ ਨਾਂ ਲਿਖਣ ਲਈ ਕਿਹਾ। ਉਹ ਇਕ ਪਲ ਝਿਜਕੇ ਅਤੇ ਫੇਰ ਉਰਦੂ ਵਿਚ ਆਪਣਾ ਨਾਂ ਲਿਖ ਦਿੱਤਾ। ਆਪਣਾ ਲਿਖਿਆ ਰਾਜਿੰਦਰ ਸਿੰਘ ਬੇਦੀਪੜ੍ਹ ਕੇ ਜਿਵੇਂ ਉਹਨਾਂ ਦੇ ਕੰਨਾਂ ਵਿਚ ਉਹ ਪੁਰਾਣੀ ਧੁਨੀ ਗੂੰਜ ਉੱਠੀ: “ਸਾਵਧਾਨ! ਰਾਜ-ਰਾਜੇਸ਼ਵਰ, ਚਕਰਵਰਤੀ ਸਮਰਾਟ, ਅਜ਼ੀਮ ਅਫ਼ਸਾਨਾਨਿਗਾਰ, ਜਨਾਬ ਰਾਜਿੰਦਰ ਸਿੰਘ ਬੇਦੀ ਰੰਗਭੂਮੀ ਵਿਚ ਪਧਾਰ ਰਹੇ ਹਨ!ਉਹਨਾਂ ਦਾ ਚਿਹਰਾ ਜਿੰਨਾ ਕੁ ਖਿੜ ਸਕਦਾ ਸੀ, ਖਿੜ ਗਿਆ, ਅੱਖਾਂ ਵਿਚ ਚਮਕ ਜਿੰਨੀ ਕੁ ਆ ਸਕਦੀ ਸੀ, ਆ ਗਈ ਅਤੇ ਬੋਲੇ, “ਹਾਂ, ਯਾਦ ਆਇਆ, ਮੈਂ ਕਹਾਣੀ ਲਿਖੀ ਸੀ, ਰੂਸੀਆਂ ਬਾਰੇ।ਤੇ ਫੇਰ ਉਹਨਾਂ ਨੇ ਕਾਗਜ਼ ਦੁਬਾਰਾ ਨੇੜੇ ਖਿਸਕਾ ਕੇ ਉਸ ਉੱਤੇ ਪੰਜਾਬੀ ਅਤੇ ਅੰਗਰੇਜ਼ੀ ਵਿਚ ਵੀ ਆਪਣਾ ਨਾਂ ਲਿਖ ਦਿੱਤਾ ਅਤੇ ਜਿੱਤੇ ਹੋਏ ਕੰਚੇ ਦਿਖਾਉਣ ਵਾਲੇ ਬੱਚੇ ਵਾਂਗ ਬੜੇ ਚਾਅ ਨਾਲ ਆਪਣੇ ਦਸਤਖ਼ਤ ਉੱਥੇ ਬੈਠੇ ਸਾਰਿਆਂ ਨੂੰ ਦਿਖਾਉਣ ਲੱਗੇ। ਪਰ ਝੱਟ ਹੀ ਉਹਨਾਂ ਦੀ ਯਾਦਦਾਸ਼ਤ ਫੇਰ ਧੁੰਦ ਵਿਚ ਲੋਪ ਹੋ ਗਈ। ਇੰਦਰਜੀਤ ਕੋਈ ਪੁਰਾਣੀ ਗੱਲ ਛੇੜਦੀ ਤਾਂ ਉਹਨਾਂ ਦਾ ਚੇਤਾ ਉਹਦੀ ਤੰਦ ਫੜ ਕੇ ਬਾਹਰ ਨਿਕਲ ਆਉਂਦਾ, ਪਰ ਛੇਤੀ ਹੀ ਫੇਰ ਚੁੱਭੀ ਮਾਰ ਜਾਂਦਾ।

ਉਹ ਨਿੱਕੀ-ਨਿੱਕੀ ਗੱਲ ਉੱਤੇ ਵਿਟਰ ਜਾਣ ਵਾਲੇ ਅਤੇ ਬਿਨਾਂ ਕਿਸੇ ਕਾਰਨ ਜਾਂ ਬਹਾਨੇ ਤੋਂ ਰੀਂ-ਰੀਂ ਕਰਦੇ ਰਹਿਣ ਵਾਲੇ ਬਾਲ ਸਨ। ਜਨਮ-ਰੋਗ ਅਤੇ ਮਰਨ-ਰੋਗ ਦੇ ਵਿਚਕਾਰਲੀ ਉਮਰ ਦਾ ਵਰਨਣ ਉਹ ਕੇਵਲ “ਵਿੱਦਿਆ, ਕਹਾਣੀਆਂ, ਡਾਕਖਾਨੇ ਦੀ ਨੌਕਰੀ, ਰੇਡੀਓ ਦੀ ਨੌਕਰੀ, ਦੇਸ-ਵੰਡ, ਰੇਡੀਓ ਦੇ ਪ੍ਰਬੰਧਕਾਂ ਨਾਲ ਲੜਾਈ, ਬੰਬਈ, ਫ਼ਿਲਮਾਂ ਅਤੇ ਕਿਤਾਬਾਂਵਜੋਂ ਕਰਦੇ ਸਨ। ਏਨੀ ਕਾਹਲੀ-ਕਾਹਲੀ ਅਤੇ ਏਨੀ ਸੰਖੇਪਤਾ ਨਾਲ, ਜਿਵੇਂ ਜੀਵਨ ਦੀਆਂ ਬੀਤੀਆਂ ਘਟਨਾਵਾਂ ਨੂੰ ਯਾਦ ਨਾ ਕਰਨਾ ਚਾਹੁੰਦੇ ਹੋਣ। ਉਹਨਾਂ ਦੇ ਆਪਣੇ ਸ਼ਬਦਾਂ ਵਿਚ, ਕਈ ਲੋਕਾਂ ਦੇ ਮਨ ਵਿਚ ਉਹ ਸਾਰੀਆਂ ਯਾਦਾਂ ਹੁਮ-ਹੁੰਮਾ ਕੇ ਆ ਜੁੜਦੀਆਂ ਹਨ,“ਜਿਨ੍ਹਾਂ ਨੂੰ ਮੁੜ-ਮੁੜ ਚੇਤੇ ਕਰ ਕੇ ਬੰਦਾ ਇਉਂ ਖੁਸ਼ ਹੁੰਦਾ ਹੈ, ਜਿਵੇਂ ਅਘੋਰੀ ਲੋਕ ਮੁਰਦਾ ਖਾ ਕੇ ਖੁਸ਼ ਹੁੰਦੇ ਹਨ।ਪਰ ਉਹ ਮੁਰਾਦਾਰਖਾਣੇ ਅਘੋਰੀ ਨਹੀਂ ਸਨ ਜਿਸ ਕਰਕੇ ਉਹ ਆਪਣੀਆਂ ਮੁਰਦਾ ਯਾਦਾਂ ਨੂੰ ਮਨ ਦੇ ਕਬਰਿਸਤਾਨ ਵਿਚ ਦੱਬੀਆਂ ਪਈਆਂ ਰਹਿਣ ਦੇਣਾ ਹੀ ਠੀਕ ਸਮਝਦੇ ਸਨ।

ਉਹਨਾਂ ਦੇ ਦੱਸਣ ਅਨੁਸਾਰ, ਉਹਨਾਂ ਦੇ ਗਿਆਨ ਅਤੇ ਕਰਮ ਵਿਚ ਪਾੜਾ ਰਹਿ ਜਾਣ ਕਾਰਨ ਉਹਨਾਂ ਨੂੰ ਦੁਰਘਟਨਾਵਾਂ ਦੇ ਵੱਸ ਪੈਣਾ ਪਿਆ ਅਤੇ ਹਰ ਤਜਰਬੇ ਦੀ ਸੂਲੀ ਉੱਤੇ ਆਪ ਚੜ੍ਹਨਾ ਪਿਆ। ਉਹ ਕਈ ਵਾਰ ਮਰੇ ਅਤੇ ਕਈ ਵਾਰ ਜੀਵੇਹਰ ਚੀਜ਼ ਨੂੰ ਦੇਖ ਕੇ, ਹਰ ਅਨੁਭਵ ਨੂੰ ਭੋਗ ਕੇ ਹੈਰਾਨ ਹੋਏ ਅਤੇ ਹਰ ਘਟਨਾ-ਦੁਰਘਟਨਾ ਤੋਂ ਮਗਰੋਂ ਪਰੇਸ਼ਾਨ। ਨਾ ਉਹਨਾਂ ਦੀ ਹੈਰਾਨੀ ਦਾ ਕੋਈ ਅੰਤ ਸੀ ਅਤੇ ਨਾ ਹੀ ਪਰੇਸ਼ਾਨੀ ਦੀ ਕੋਈ ਹੱਦ ਸੀ। ਉਹਨਾਂ ਦੇ ਦੁੱਖਾਂ ਦੀ ਪੰਡ ਨੂੰ ਪਰਿਵਾਰ ਦੇ ਹੋਰ ਜੀਆਂ ਦੇ ਰੋਗਾਂ ਦੇ ਪੱਥਰ ਹੋਰ ਹੋਰ ਭਾਰੀ ਕਰਦੇ ਰਹਿੰਦੇ ਸਨ। ਮਿਸਾਲ ਵਜੋਂ ਉਹਨਾਂ ਦੀ ਘਰਵਾਲੀ ਵੀ ਰੋਗਣ ਸੀ ਅਤੇ ਉਹਨਾਂ ਦੇ ਕਹਿਣ ਅਨੁਸਾਰ, ਉਹਨਾਂ ਦੇ ਪਿਉ ਦੀ ਘਰਵਾਲੀਵੀ ਰੋਗਣ ਹੀ ਸੀ।

ਉਹਨਾਂ ਦਾ ਸਭ ਤੋਂ ਵੱਡਾ ਵਿਗੋਚਾ ਇਹ ਸੀ ਕਿ ਉਹਨਾਂ ਨੂੰ ਉਹਨਾਂ ਦੇ ਹਿੱਸੇ ਦਾ ਦੁੱਧ ਨਾ ਮਾਂ ਨੇ ਦਿੱਤਾ ਅਤੇ ਨਾ ਜ਼ਿੰਦਗੀ ਨੇ। ਮਾਂ ਤੋਂ ਦੁੱਧ ਲੈਣ ਲਈ ਉਹ ਉਹਦੀ ਰੋਗੀ ਛਾਤੀ ਨੂੰ ਵਾਰ-ਵਾਰ ਚੂੰਢਦੇ। ਉਹ ਛਿੱਥੀ ਪੈ ਕੇ ਉਹਨਾਂ ਨੂੰ ਪਰ੍ਹੇ ਵਗਾਹ ਮਾਰਦੀ ਅਤੇ ਉਹ ਵਿਲਕਦੇ, “ਮਾਂ, ਮੈਨੂੰ ਮੇਰਾ ਦੁੱਧ ਦੇ ਦੇ ... ਮੈਨੂੰ ਮੇਰਾ ਦੁੱਧ ਚਾਹੀਦੈ!ਮਾਂ ਅਥਾਹ ਮਮਤਾ ਨਾਲ ਛਲਕ ਕੇ ਅਤੇ ਇਹ ਸਮਝਣ ਵਿਚ ਅਸਫਲ ਰਹਿ ਕੇ ਕਿ ਪੁੱਤਰ ਨੂੰ ਸੁੱਟੇ ਜਾਂ ਰੱਖੇ, ਬਾਲ ਨੂੰ ਫੇਰ ਹਿੱਕ ਨਾਲ ਲਾ ਲੈਂਦੀ। ਪਰ ਮਗਰੋਂ ਜਦੋਂ ਸਾਰੀ ਉਮਰ ਉਹ ਜ਼ਿੰਦਗੀ ਤੋਂ ਆਪਣੇ ਹਿੱਸੇ ਦਾ ਦੁੱਧ ਮੰਗਣ ਲਈ ਪੁਕਾਰਦੇ ਰਹੇ, ਬੇਕਿਰਕ ਜ਼ਿੰਦਗੀ, ਮਾਂ ਵਾਲੀ ਮਮਤਾ ਤੋਂ ਵਿਰਵੀ ਹੋਣ ਕਰਕੇ, ਉਹਨਾਂ ਨੂੰ ਵਾਰ ਵਾਰ ਸਵਾਹਰੀ ਸੜਕ ਤੋਂ ਵਗਾਹ ਕੇ ਚੁੱਭਵੇਂ ਫੁੱਟਪਾਥ ਉੱਤੇ ਸੁੱਟਦੀ ਰਹੀ। ਉੱਪਰੋਂ ਸਿਤਮ ਇਹ ਕਿ ਜ਼ਿੰਦਗੀ ਨੇ ਸੁੱਟਣ ਮਗਰੋਂ ਪਰੇਸ਼ਾਨ ਹੋ ਕੇ ਕਦੀ ਉਹਨਾਂ ਨੂੰ ਹਿੱਕ ਨਾਲ ਨਾ ਲਾਇਆ। ਉਹਨਾਂ ਦੀਆਂ ਕਹਾਣੀਆਂ ਅਸਲ ਵਿਚ ਜ਼ਿੰਦਗੀ ਤੋਂ ਆਪਣੇ ਆਪਣੇ ਹਿੱਸੇ ਦਾ ਦੁੱਧ ਮੰਗਦੇ ਪਾਤਰਾਂ ਦੀਆਂ ਕਹਾਣੀਆਂ ਹੀ ਹਨ, “ਜ਼ਿੰਦਗੀ, ਮੈਨੂੰ ਮੇਰਾ ਦੁੱਧ ਦੇ ਦੇ, ... ਮੈਨੂੰ ਮੇਰਾ ਦੁੱਧ ਚਾਹੀਦੈ।

ਜ਼ਿੰਦਗੀ ਦਾ ਇਹ ਕਠੋਰ ਅਤੇ ਬੇਕਿਰਕ ਰਵਈਆ ਉਹਨਾਂ ਦੇ ਮਨ ਵਿਚ ਅਨੇਕ ਸਵਾਲ ਖੜ੍ਹੇ ਕਰਦਾ ਸੀ। ਪਰ ਜ਼ਿੰਦਗੀ ਨੇ ਮਾਂ ਵਾਲੀ ਹੀ ਵਿਧੀ ਅਪਣਾ ਲਈ। ਪਹਿਲਾਂ ਝਿੜਕ ਕੇ ਚੁੱਪਕਹਿਣਾ, ਪਰ ਜਵਾਬ ਮੰਗਣ ਲਈ ਅੜੇ ਰਹਿਣ ਕਰਕੇ ਜੇ ਕਦੇ ਜਵਾਬ ਦੇਣਾ ਪਵੇ ਤਾਂ ਅਜਿਹਾ ਦੇਣਾ ਜੋ ਪੱਲੇ ਨਾ ਪਵੇ ਅਤੇ ਜੇ ਪੱਲੇ ਪੈ ਜਾਵੇ ਤਾਂ ਨਤੀਜੇ ਵਜੋਂ ਜੁੱਤੀਆਂ ਪੈਣ।

ਧਰਮ-ਗ੍ਰੰਥ ਪੜ੍ਹਨ ਵਾਲੀ ਮਾਂ ਤੋਂ ਜਦੋਂ ਉਹਨਾਂ ਨੇ ਇਕ ਦਿਨ ਗਣਿਕਾਦਾ ਅਰਥ ਜਾਣਨ ਲਈ ਅੜੀ ਕੀਤੀ ਤਾਂ ਉੱਤਰ ਮਿਲਿਆ, “ਬਹਿ ਜਾ, ਚੁੱਪ ਕਰ ਕੇ। ... ਚੁੱਪ!ਪਿੱਛੇ ਹੀ ਪੈ ਜਾਣ ਉੱਤੇ ਦੱਸਿਆ ਗਿਆ ਕਿ ਗਣਿਤਾ ਭੈੜੀ ਜ਼ਨਾਨੀ ਨੂੰ ਕਹਿੰਦੇ ਹਨ। ਭੈੜੀ ਜ਼ਨਾਨੀਦੇ ਅਰਥ ਪੱਲੇ ਨਾ ਪਏ ਤਾਂ ਦੱਸਿਆ ਗਿਆ, ਉਹ ਜੋ ਬਹੁਤ ਸਾਰੇ ਮਰਦਾਂ ਨਾਲ ਰਹਿੰਦੀ ਹੋਵੇ। ਉਹ ਸਭ ਕੁਝ ਸਮਝ ਆ ਗਿਆ ਸਮਝ ਕੇ ਸੰਤੁਸ਼ਟ ਹੋ ਗਏ, ਪਰ ਅਗਲੇ ਦਿਨ ਜਦੋਂ ਕਈ ਜੇਠਾਂ-ਦਿਉਰਾਂ, ਸਹੁਰਿਆਂ-ਪਤ੍ਹਿਉਰਿਆਂ, ਆਦਿ ਜਿਹੇ ਊਟ-ਪਟਾਂਗ ਲੋਕਾਂ ਵਾਲੇ ਪਰਿਵਾਰ ਵਿਚ ਰਹਿਣ ਵਾਲੀ ਗੁਆਂਢਣ ਸੁਮਿਤਰਾ ਨੂੰ ਗਣਿਕਾ ਕਹਿ ਬੈਠੇ, ਤਾਂ ਉਹਨਾਂ ਨੂੰ ਪੈਣ ਵਾਲੀਆਂ ਜੁੱਤੀਆਂ ਦੀ ਗਿਣਤੀ ਵੀ ਭੁੱਲ ਗਈ। ਉਹ ਕਹਿੰਦੇ ਹਨ, “ਮੇਰੀ ਬਾਕੀ ਦੀ ਸਾਰੀ ਜ਼ਿੰਦਗੀ ਵੀ ਕੁਝ ਅਜਿਹੀ ਹੀ ਰਹੀ ਹੈ। ਏਧਰ ਮੈਂ ਸਵਾਲ ਕੀਤਾ ਅਤੇ ਓਧਰ ਜ਼ਿੰਦਗੀ ਨੇ ਕਹਿ ਦਿੱਤਾ, ਚੁੱਪ! ਤੇ ਜੇ ਕਦੇ ਜਵਾਬ ਦਿੱਤਾ ਤਾਂ ਅਜਿਹਾ ਕਿ ਮੇਰੇ ਪੱਲੇ ਹੀ ਕੁਝ ਨਾ ਪਵੇ। ਤੇ ਜੇ ਪੈ ਜਾਵੇ ਤਾਂ ਜੁੱਤੀਆਂ ਪੈਣ!ਪਰ ਉਹ ਇਹ ਵੀ ਮੰਨਦੇ ਹਨ ਕਿ ਸਵਾਲਾਂ ਦੇ ਯੋਗ ਜਵਾਬ ਨਾ ਮਿਲਣ ਨੇ ਜਾਂ ਉਹਨਾਂ ਨੂੰ ਜਵਾਬਾਂ ਦਾ ਅਸਲ ਤੱਤ ਸਮਝ ਨਾ ਪੈਣ ਨੇ ਉਹਨਾਂ ਵਿਚ ਨਿੱਜ ਦਾ ਅਜਿਹਾ ਤਿੱਖਾ ਅਹਿਸਾਸ ਪੈਦਾ ਕਰ ਦਿੱਤਾ ਜਿਸ ਸਦਕਾ ਉਹ ਲੋੜ ਨਾਲੋਂ ਕਿਤੇ ਵੱਧ ਮਹਿਸੂਸ ਕਰਨ ਲੱਗ ਪਏ ਅਤੇ ਸੰਵੇਦਨਸ਼ੀਲ ਹੋ ਗਏ, ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਲੇਖਕ ਬਣਾਇਆ।

ਉਹਨਾਂ ਬਾਰੇ ਇਸ ਗੱਲ ਨਾਲ ਅਸਹਿਮਤ ਹੋਣਾ ਅਸੰਭਵ ਹੈ ਕਿ ਉਹਨਾਂ ਨੇ, ਭਾਵੇਂ ਸਾਹਿਤ ਹੋਵੇ ਤੇ ਭਾਵੇਂ ਫ਼ਿਲਮਾਂ ਹੋਣ, ਆਪਣਾ ਆਪ ਪੂਰਨ ਤੌਰ ਉੱਤੇ ਕਲਾ ਨੂੰ ਸਮਰਪਿਤ ਕਰ ਰੱਖਿਆ। ਤੇ ਆਮ ਦੁਨੀਆ ਨੇ ਭਲਾ ਕਲਾ ਤੋਂ ਕੀ ਲੈਣਾ ਹੁੰਦਾ ਹੈ। ਇਸ ਕਰਕੇ ਦੁਨੀਆ ਨਾਲ, ਪਰਿਵਾਰ ਸਮੇਤ ਦੁਨੀਆ ਦੇ ਬੰਦਿਆਂ ਨਾਲ ਉਹਨਾਂ ਦੀ ਵਿੱਥ ਵਧਦੀ ਗਈ। ਜਦੋਂ ਉਹ ਕਹਿੰਦੇ ਹਨ ਕਿ “ਮੈਂ ਹਰੇ-ਕਚੂਰ ਪੱਤਿਆਂ ਤੇ ਚੰਬੇ ਦੇ ਫੁੱਲਾਂ ਨਾਲ ਗੱਲਾਂ ਕੀਤੀਆਂ ਹਨ ਅਤੇ ਉਹਨਾਂ ਨੇ ਮੈਨੂੰ ਉੱਤਰ ਵੀ ਦਿੱਤੇ ਹਨ”, ਜਾਂ “ਮੇਰਾ ਕੁੱਤਾ ਮੈਨੂੰ ਸਮਝਦਾ ਹੈ ਅਤੇ ਮੈਂ ਉਸਨੂੰ ਸਮਝਦਾ ਹਾਂ”, ਉਹ ਅਸਲ ਵਿਚ ਮਨੁੱਖਾਂ ਬਾਰੇ ਆਪਣੀ ਉਪਰਾਮਤਾ ਹੀ ਪਰਗਟ ਕਰ ਰਹੇ ਹੁੰਦੇ ਹਨ। ਇਸ ਹਾਲਤ ਵਿਚ ਉਹਨਾਂ ਦਾ ਵਿਸ਼ਵਾਸਾਂ ਤੋਂ, ਆਸਾਂ-ਨਿਰਾਸਾਂ ਤੋਂ ਉੱਚਾ ਉੱਠ ਖਲੋਣਾ ਕੁਦਰਤੀ ਸੀ। ਹੁਣ ਮਨ ਵਿਚ ਨਾ ਕੋਈ ਇੱਛਾ ਰਹੀ, ਨਾ ਲੋਚਾ।

ਉੁਹ ਕਹਿੰਦੇ ਹਨ, “ਬਿਨਾਂ ਕਿਸੇ ਇੱਛਾ ਤੋਂ ਮੇਰੀ ਇੱਕੋ ਇੱਛਾ ਹੈ, ਮੈਂ ਲਿਖੀ ਜਾਵਾਂ, ਪੈਸੇ ਲਈ ਨਹੀਂ, ਪ੍ਰਕਾਸ਼ਕ ਲਈ ਨਹੀਂ, ਬੱਸ ਲਿਖਣ ਲਈ। ... ਬਿਨਾਂ ਕਿਸੇ ਲੋਚਾ ਤੋਂ ਮੇਰੀ ਇੱਕੋ ਲੋਚਾ ਹੈ, ਇਕ ਸਾਦੇ ਮਨੁੱਖ ਵਜੋਂ ਜਿਊਣਾ! ... ਇੱਛਾਵਾਂ ਤੋਂ ਮੁਕਤ ਹੋ ਕੇ ਉਸ ਅਵਸਥਾ ਵਿਚ ਪਹੁੰਚਣ ਦੀ ਇੱਛਾ ਹੈ, ਜਿਸ ਨੂੰ ਸਹਿਜ-ਅਵਸਥਾ ਕਿਹਾ ਜਾਂਦਾ ਹੈ ਅਤੇ ਜੋ ਗਿਆਨ ਉਪਰੰਤ ਵਾਪਰਦੀ ਹੈ। ... ਪਰ ਗਿਆਨ ਮੇਰੇ ਪੱਲੇ ਹੈ ਨਹੀਂ!

ਉਹਨਾਂ ਦਾ ਪੱਲੇ ਗਿਆਨ ਨਾ ਹੋਣਦਾ ਅਹਿਸਾਸ ਹਰ ਉਸ ਹੁਸ਼ਿਆਰ ਵਿਦਿਆਰਥੀ ਵਰਗਾ ਹੈ ਜੋ ਇਮਤਿਹਾਨ ਤੋਂ ਪਹਿਲਾਂ ਪਰੇਸ਼ਾਨ ਹੁੰਦਾ ਰਹਿੰਦਾ ਹੈ ਕਿ ਉਹਨੂੰ ਕੁਝ ਵੀ ਨਹੀਂ ਆਉਂਦਾ। ਤੇ ਉਹ ਹਰ ਹੁਸ਼ਿਆਰ ਵਿਦਿਆਰਥੀ ਵਾਂਗ ਗਿਆਨ ਪੱਲੇ ਨਾ ਹੋਣ ਦੇ ਭਰਮ ਦੇ ਬਾਵਜੂਦ ਕਲਾ ਦੇ ਖੇਤਰ ਦੇ ਨਿਰਵਿਵਾਦ ਵਿਜਈ ਬਣੇ। ਉਹਨਾਂ ਨੂੰ 11 ਨਵੰਬਰ 1984 ਨੂੰ ਸਾਥੋਂ ਵਿੱਛੜਿਆਂ ਲਗਭਗ ਇਕ-ਤਿਹਾਈ ਸਦੀ ਹੋਣ ਲੱਗੀ ਹੈ। ਉਮਰ ਜਾਂ ਬੀਮਾਰੀ ਕਰਕੇ ਸਰਗਰਮ ਕਲਮਕਾਰੀ ਨਾਲੋਂ ਟੁੱਟੇ ਲੇਖਕਾਂ ਨੂੰ ਜਿਉਂਦੇ-ਜੀਅ ਵਿਸਾਰ ਦੇਣ ਵਾਲੀ ਇਸ ਦੁਨੀਆ ਵਿਚ ਬੇਦੀ ਜੀ ਦਾ ਅਤੇ ਉਹਨਾਂ ਦੀ ਕਹਾਣੀ ਦਾ ਸਾਡੇ ਦਿਲਾਂ ਵਿਚ ਜੀਵਤ ਰਹਿਣਾ ਉਹਨਾਂ ਦੀ ਸ਼ਖ਼ਸੀਅਤ ਦੀ ਚੁੰਬਕਤਾ ਦਾ ਤੇ ਉਹਨਾਂ ਦੀ ਕਹਾਣੀ ਦੇ ਦਮ ਦਾ ਸਬੂਤ ਹੈ ਜਿਨ੍ਹਾਂ ਨੇ ਅਜੇ ਹੋਰ ਲੰਮੇ ਸਮੇਂ ਤੱਕ ਫਿੱਕੇ ਨਹੀਂ ਪੈਣਾ। ਇਸ ਕਾਲਜੀਵੀ ਕਲਾਜੀਵੀ ਨੂੰ ਸਲਾਮ!

(ਇਸ ਲੇਖ ਵਿਚ ਸ਼ਾਮਲ ਬੇਦੀ ਜੀ ਦੀਆਂ ਕੁਝ ਨਿੱਜੀ ਤੇ ਪਰਿਵਾਰਕ ਅੰਦਰਲੀਆਂਗੱਲਾਂ ਲਈ, ਜੋ ਹੋਰਕਿਤੇ ਲਿਖਣ ਵਿਚ ਨਹੀਂ ਆਈਆਂ, ਲੇਖਕ ਉਹਨਾਂ ਦੀ ਭਾਣਜ-ਨੂੰਹ ਸ੍ਰੀਮਤੀ ਇੰਦਰਜੀਤ ਦਾ ਰਿਣੀ ਹੈ।)

*****

(303)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author