GurbachanBhullar7ਡਾ. ਕੇਸਰ ਸਿੰਘ ਕੇਸਰ ਦੇ ਘਰ ਬੈਠਿਆਂ ਇਕ ਵਾਰ ਸਤਿਆਰਥੀ ਜੀ ਦੀ ਕਹਾਣੀ ...
(3 ਅਕਤੂਬਰ 2018)

 

 ਲੇਖਕ ਦਾ ਕੋਈ ਰਚਨਾ ਕਰਨਾ ਅਤੇ ਪਾਠਕ ਦਾ ਉਸ ਰਚਨਾ ਨੂੰ ਪੜ੍ਹਨਾ ਦੋ ਦਿਲਚਸਪ ਵਰਤਾਰੇ ਹਨਇਹ ਅੰਤਰ-ਸੰਬੰਧਿਤ ਹੋਣ ਦੇ ਬਾਵਜੂਦ ਸੁਆਧੀਨ ਹੁੰਦੇ ਹਨਲੇਖਕ ਲਈ ਕੋਈ ਛਿਣ-ਪਲ, ਕੋਈ ਘਟਨਾ, ਕੋਈ ਪ੍ਰਭਾਵ ਜਾਂ ਕੋਈ ਮਨੁੱਖ ਉਹਦੇ ਰਚਨਾ-ਕਾਰਜ ਵਾਸਤੇ ਪ੍ਰੇਰਕ ਬਣ ਜਾਂਦਾ ਹੈਉਹ ਉਸ ਬਾਰੇ ਕੋਈ ਗੱਲ ਪਾਠਕਾਂ ਨਾਲ ਸਾਂਝੀ ਤਾਂ ਕਰਨੀ ਚਾਹੁੰਦਾ ਹੈ ਪਰ ਰਚਨਾ ਆਪਣੇ ਸਿਰਜਨ-ਪ੍ਰਵਾਹ ਅਨੁਸਾਰ ਹੀ ਕਰਦਾ ਹੈ, ਪਾਠਕਾਂ ਨੂੰ ਸਾਹਮਣੇ ਰੱਖ ਕੇ ਨਹੀਂਭਾਵੇਂ ਹੁਣ ਸਾਹਿਤਕ ਰਚਨਾ ਸਪਸ਼ਟ ਸੁਨੇਹਾ ਜਾਂ ਸਿੱਧੀ ਸਿੱਖਿਆ ਦੇਣ ਤੋਂ ਬਹੁਤ ਅੱਗੇ ਲੰਘ ਆਈ ਹੈ ਅਤੇ ਸੁਨੇਹੇ ਜਾਂ ਸਿੱਖਿਆ ਨੂੰ ਰਚਨਾ ਦਾ ਔਗੁਣ ਮੰਨਿਆ ਜਾਣ ਲੱਗਿਆ ਹੈ, ਤਾਂ ਵੀ ਇਸ ਸੱਚ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਤਾਂ ਹੁੰਦਾ ਹੀ ਹੈ ਜੋ ਲੇਖਕ ਆਪਣੇ ਪਾਠਕਾਂ ਤੱਕ ਪੁੱਜਦਾ ਕਰਨਾ ਚਾਹੁੰਦਾ ਹੈਲੇਖਕ ਦਾ ਆਪਣੀ ਰਚਨਾ ਨੂੰ ਛਾਪੇ ਦਾ ਜਾਮਾ ਪੁਆਉਣ ਵਾਸਤੇ ਉਤਾਵਲੇ ਰਹਿਣਾ ਉਹਦੀ ਇਸੇ ਚਾਹ ਦਾ ਪ੍ਰਮਾਣ ਹੈਜਿਸ ਰਚਨਾ ਨੂੰ ਪਾਠਕਾਂ ਦੀ ਪ੍ਰਵਾਨਗੀ ਪ੍ਰਾਪਤ ਹੋ ਜਾਂਦੀ ਹੈ, ਉਹਦਾ ਲੇਖਕ ਭਾਗਵਾਨ ਹੁੰਦਾ ਹੈਰਚਨਾ ਕਰਨ ਸਮੇਂ ਭਾਵੇਂ ਪਾਠਕ ਧਿਆਨ ਦੇ ਕੇਂਦਰ ਵਿਚ ਨਾ ਹੋਵੇ, ਰਚਨਾ ਹੋ ਜਾਣ ਪਿੱਛੋਂ ਉਹੋ ਹੀ ਰਚਨਾ ਦੀ ਮਨ-ਇੱਛਤ ਮੰਜ਼ਿਲ ਅਤੇ ਉਹਦੀ ਸਫਲਤਾ-ਅਸਫਲਤਾ ਦਾ ਨਿਰਣੇਕਾਰ ਹੁੰਦਾ ਹੈਇਹ ਕਹਿਣਾ ਕੋਈ ਅਤਿਕਥਨੀ ਨਹੀਂ ਕਿ ਰਚਨਾ ਦਾ ਪਾਠ ਕਰਦਿਆਂ ਪਾਠਕ ਦੀ ਮਾਨਸਿਕਤਾ ਉਸ ਵਿਚ ਸ਼ਾਮਲ ਹੋ ਜਾਂਦੀ ਹੈ, ਭਾਵ ਲੇਖਕ ਦੇ ਨਾਲ ਨਾਲ ਪਾਠਕ ਵੀ ਉਸ ਕਰਤਾਰੀ ਕਾਰਜ ਦਾ ਹਿੱਸੇਦਾਰ ਹੋ ਨਿੱਬੜਦਾ ਹੈ

ਲੇਖਕ ਆਪਣੇ ਮਨ ਵਿਚ ਸੋਚੇ, ਚਿਤਵੇ, ਕਲਪੇ ਹੋਏ ਨੂੰ ਕਾਗ਼ਜ਼ ਉੱਤੇ ਸਾਕਾਰ ਕਰਨਾ ਚਾਹੁੰਦਾ ਹੈਉਹ ਇਸ ਉਦੇਸ਼ ਦੀ ਪੂਰਤੀ ਵਿਚ ਕਿਸ ਹੱਦ ਤੱਕ ਸਫਲ ਹੁੰਦਾ ਹੈ, ਇਹ ਵੱਖਰਾ ਮਾਮਲਾ ਹੈਤੱਥ-ਸੱਚ ਇਹੋ ਹੈ ਕਿ ਇਸ ਕਾਰਜ ਵਿਚ ਸੌ ਫ਼ੀਸਦੀ ਸਫਲਤਾ ਦੁਰਲੱਭ ਹੁੰਦੀ ਹੈਹਾਂ, ਮਹਾਨ ਲੇਖਕ ਇਸ ਟੀਚੇ ਦੇ ਨੇੜੇ ਪੁੱਜ ਜਾਂਦੇ ਹਨ, ਬਾਕੀ ਆਪਣੀ ਘੱਟ-ਵੱਧ ਪ੍ਰਤਿਭਾ ਅਨੁਸਾਰ ਇਸ ਪੱਖੋਂ ਘੱਟ ਜਾਂ ਵੱਧ ਸਫਲ ਹੋ ਸਕਦੇ ਹਨਲੇਖਕ ਦਾ ਸੋਚਿਆ-ਚਿਤਵਿਆ-ਕਲਪਿਆ ਉਸੇ ਰੂਪ ਵਿਚ, ਹੂਬਹੂ, ਕਾਗ਼ਜ਼ ਉੱਤੇ ਨਹੀਂ ਉੱਤਰਦਾਕੁਝ ਸੂਖ਼ਮਤਾਈਆਂ ਤਾਂ ਕਲਮ-ਕਾਗ਼ਜ਼ ਦੀ ਸਥੂਲ ਛੋਹ ਨਾਲ, ਤ੍ਰੇਲ-ਤੁਪਕਿਆਂ ਵਾਂਗ, ਛਾਈਂ-ਮਾਈਂ ਹੋ ਜਾਂਦੀਆਂ ਹਨ

ਇਹ ਗੱਲ ਕੇਵਲ ਸਾਹਿਤਕਾਰ ਤੇ ਸਾਹਿਤ ਬਾਰੇ ਹੀ ਨਹੀਂ, ਸਭ ਕਲਾਕਾਰਾਂ ਤੇ ਕਲਾਵਾਂ ਬਾਰੇ ਸੱਚ ਹੈਜਿਵੇਂ ਲੇਖਕ ਦੀ ਮਨ ਦੀ ਸੂਖ਼ਮਤਾ ਤੇ ਤਰਲਤਾ ਅਤੇ ਹੱਥ ਦੀ ਸਥੂਲਤਾ ਤੇ ਲਗਭਗ ਸਥਿਰਤਾ ਵਿਚਕਾਰ ਕੁਝ ਵਿੱਥ ਤਾਂ ਰਹਿ ਹੀ ਜਾਂਦੀ ਹੈ, ਹਰ ਕਲਾਕਾਰ ਤੇ ਕਲਾ ਦਾ ਇਹੋ ਨਸੀਬਾ ਹੁੰਦਾ ਹੈਚਿਤਰਕਾਰ ਮਨ ਦੇ ਪਰਦੇ ਉੱਤੇ ਲਿਸ਼ਕਦੀਆਂ ਸਤਰੰਗੀਆਂ ਨੂੰ ਕੈਨਵਸ ਉੱਤੇ ਹੂਬਹੂ ਉਜਾਗਰ ਨਹੀਂ ਕਰ ਸਕਦਾਨ੍ਰਤਕੀ ਮਨ ਵਿਚ ਉੱਠਦੀਆਂ ਲੂਹਰੀਆਂ ਵਾਂਗ ਮੰਚ ਉੱਤੇ ਪਾਰੇ ਵਾਂਗ ਥਿਰਕ ਨਹੀਂ ਸਕਦੀਪਰ ਇਸ ਤੱਥ ਨੂੰ ਲਾਂਭੇ ਛੱਡ ਕੇ ਇੱਥੇ ਸਾਡਾ ਸੰਬੰਧ ਲੇਖਕ ਦੇ ਲਿਖੇ ਤੇ ਪਾਠਕ ਤੱਕ ਪਹੁੰਚੇ ਦੇ ਨਾਤੇ ਨੂੰ ਜਾਣਨਾ ਹੈ

ਪਹਿਲਾਂ ਤਾਂ ਆਪਣੀ ਰਚਨਾ ਨਾਲ ਖ਼ੁਦ ਲੇਖਕ ਦਾ ਰਿਸ਼ਤਾ ਹੀ ਅਨੋਖਾ ਹੁੰਦਾ ਹੈਕਹਾਣੀਕਾਰ ਕਹਾਣੀ ਦਾ ਕਰਤਾ-ਕਰਤਾਰ ਤਾਂ ਜ਼ਰੂਰ ਹੁੰਦਾ ਹੈ ਪਰ ਇਕ ਵਾਰ ਮੁੱਢ ਬੱਝ ਜਾਵੇ, ਕਹਾਣੀ ਦੀ ਆਪਣੀ ਸ਼ਖ਼ਸੀਅਤ ਵਿਕਸਿਤ ਹੋਣੀ ਸ਼ੁਰੂ ਹੋ ਜਾਂਦੀ ਹੈਜ਼ਰੂਰੀ ਨਹੀਂ ਉਹ ਉਸੇ ਤਰ੍ਹਾਂ ਤੁਰੇ ਜਿਵੇਂ ਲੇਖਕ ਨੇ ਉਹਨੂੰ ਤੋਰਨਾ ਚਾਹਿਆ ਹੁੰਦਾ ਹੈਜੇ ਇਕੋ ਮਿਸਾਲ ਲੈਣੀ ਹੋਵੇ, ਗੁਰਬਖ਼ਸ਼ ਸਿੰਘ ਦੀ ਕਹਾਣੀ ‘ਭਾਬੀ ਮੈਨਾ’ ਦੇਖੀ ਜਾ ਸਕਦੀ ਹੈਉਹਨੇ ਆਪਣਾ ਪ੍ਰੀਤ-ਫ਼ਲਸਫ਼ਾ “ਪਿਆਰ ਕਬਜ਼ਾ ਨਹੀਂ, ਪਹਿਚਾਣ ਹੈ” ਵਜੋਂ ਪੇਸ਼ ਕੀਤਾ ਤੇ ਪ੍ਰਚਾਰਿਆਪਰ ਨਾਇਕਾ, ਭਾਬੀ ਮੈਨਾ, ਇਸ ਫ਼ਲਸਫ਼ੇ ਦੇ ਉਲਟ ਚਲਦਿਆਂ ਕਾਕੇ ਨੂੰ ਪਾ ਲੈਣਾ ਚਾਹੁੰਦੀ ਹੈਇਹ ਤੱਥ ਵੀ ਧਿਆਨਯੋਗ ਹੈ ਕਿ ਉਮਰਾਂ ਦੇ ਕਾਫ਼ੀ ਵੱਡੇ ਫ਼ਰਕ ਦੇ ਬਾਵਜੂਦ ਉਹਦੀ ਇਹ ਪਾ ਲੈਣ ਦੀ ਇੱਛਾ ਮਮਤਾ ਤੋਂ ਪ੍ਰੇਰਿਤ ਨਹੀਂਉਹਦੀਆਂ ਸੋਚਾਂ ਵਿਚ ਕਾਕੇ ਦਾ ਬਾਲ ਵਾਲ਼ਾ ਬਿੰਬ ਮੱਧਮ ਪੈਂਦਾ ਜਾਂਦਾ ਹੈ ਤੇ ਉਹ ਉਸਦੇ ਮਰਦਾਵੇਂ ਸਰੂਪ ਦੀ ਕਲਪਨਾ ਕਰਨ ਲਗਦੀ ਹੈਇਸ ਸਭ ਕੁਝ ਦਾ ਗੁਰਬਖ਼ਸ਼ ਸਿੰਘ ਦੇ ਪ੍ਰੀਤ-ਫ਼ਲਸਫ਼ੇ ਨਾਲ ਕੋਈ ਮੇਲ ਨਹੀਂਇਸੇ ਵਰਤਾਰੇ ਨੂੰ ਰਚਨਾ ਦਾ ਰਚਨਾਕਾਰ ਤੋਂ ਪਾਰ ਲੰਘ ਜਾਣਾ ਕਿਹਾ ਜਾ ਸਕਦਾ ਹੈ

ਦੂਜੀ ਗੱਲ, ਲੇਖਕ ਜੋ ਕੁਝ ਕਾਗ਼ਜ਼ ਉੱਤੇ ਸਾਕਾਰ ਕਰ ਸਕਿਆ ਹੁੰਦਾ ਹੈ, ਉਹ ਵੀ ਪਾਠਕ ਤੱਕ ਹੂਬਹੂ ਉਸੇ ਰੰਗ-ਰੂਪ ਵਿਚ ਨਹੀਂ ਪੁੱਜਦਾਪਾਠਕ ਆਖ਼ਰ ਕੋਰਾ ਕੱਪੜਾ ਤਾਂ ਹੁੰਦਾ ਨਹੀਂ ਜਿਸ ਉੱਤੇ ਲੇਖਕ ਜਿਹੜਾ ਰੰਗ ਜਿਹੜੀ ਗੂੜ੍ਹੀ ਜਾਂ ਹਲਕੀ ਭਾਹ ਵਿਚ ਚਾੜ੍ਹਨਾ ਚਾਹੇ, ਉਹ ਉਵੇਂ ਚੜ੍ਹ ਜਾਵੇਪਾਠਕ ਦੇ ਮਨ ਦੀ ਚਾਦਰ ਆਪ ਵੀ ਰੰਗਬਰੰਗੀ ਹੁੰਦੀ ਹੈ ਅਤੇ ਉਹਨਾਂ ਰੰਗਾਂ ਨਾਲ ਅੰਤਰ-ਅਮਲ ਵਿਚ ਆ ਕੇ ਲੇਖਕ ਦੇ ਸਿਰਜੇ ਹੋਏ ਰੰਗ ਵੱਖਰੇ, ਨਵੇਂ ਰੰਗ ਪੈਦਾ ਕਰ ਦਿੰਦੇ ਹਨਕਈ ਵਾਰ ਇਹ ਨਵੇਂ ਰੰਗ ਅਜਿਹੇ ਹੁੰਦੇ ਹਨ, ਲੇਖਕ ਨੇ ਜਿਨ੍ਹਾਂ ਦਾ ਕਿਆਸ ਵੀ ਨਹੀਂ ਕੀਤਾ ਹੁੰਦਾਬਹੁਤ ਵਾਰ ਅਜਿਹਾ ਦੇਖਣ ਵਿਚ ਆਉਂਦਾ ਹੈ ਕਿ ਕਿਸੇ ਕਹਾਣੀਕਾਰ ਦੀ ਕੋਈ ਕਹਾਣੀ ਪੜ੍ਹ-ਸੁਣ ਕੇ ਪਾਠਕ-ਸਰੋਤਾ ਉਸ ਵਿੱਚੋਂ ਕੁਝ ਅਜਿਹੇ ਅਰਥ ਕੱਢਦਾ ਹੈ ਜਿਨ੍ਹਾਂ ਬਾਰੇ ਲੇਖਕ ਆਪ ਮੰਨਦਾ ਹੈ ਕਿ ਰਚਨਾ ਕਰਨ ਸਮੇਂ ਇਸ ਗੱਲ ਦੇ ਇਹ ਅਰਥ ਉਹਦੇ ਮਨ ਵਿਚ ਨਹੀਂ ਸਨ ਆਏ

ਨਾਨਕ ਸਿੰਘ ਦੀ ਕਹਾਣੀ ‘ਤਾਸ਼ ਦੀ ਆਦਤ’ ਦਾ ਪਾਰੇ ਵਾਂਗ ਤਰਲ ਬਸ਼ੀਰਾ ਠਾਣੇਦਾਰ-ਪਿਉ ਦੀ ਐਨਕ ਦੀਆਂ ਕਮਾਣੀਆਂ ਹੇਠ-ਉੱਤੇ ਕਰਦਾ ਹੈ, ਪਿੰਨ ਨਾਲ ਟੇਬਲ-ਕਲਾਥ ਪਾੜਦਾ ਹੈ, ਸਿਆਹੀ ਨਾਲ ਉਂਗਲ ਲਿਬੇੜ ਕੇ ਚੀਚ-ਬਲੋਲੇ ਵਾਹੁੰਦਾ ਹੇ, ਪੇਪਰਵੇਟ ਘੁਮਾਉਂਦਾ ਹੈ, ਫ਼ਾਈਲ ਦੇ ਕਾਗ਼ਜ਼ਾਂ ਵਿਚ ਡੰਕ ਨਾਲ ਮੋਰੀਆਂ ਕਰਦਾ ਹੈ ਅਤੇ ਕਾਨੂੰਨ ਦੀ ਕਿਤਾਬ ਦੀ ਜਿਲਦ ਦਾ ਕੱਪੜਾ ਲਾਹ ਕੇ ਗੱਤਾ ਨੰਗਾ ਕਰਦਾ ਹੈਨਾਨਕ ਸਿੰਘ ਦਾ ਉਦੇਸ਼ ਪਿਉ ਦੀਆਂ ਗੱਲਾਂ ਵਲੋਂ ਬਸ਼ੀਰੇ ਦੀ ਬੇਧਿਆਨੀ ਤੇ ਲਾਪਰਵਾਹੀ ਦਿਖਾਉਣਾ ਹੈਮੈਨੂੰ ਲਗਦਾ ਹੈ, ਬਸ਼ੀਰਾ ਠਾਣੇਦਾਰ-ਪਿਉ ਦੀ ਐਨਕ ਦੀਆਂ ਕਮਾਣੀਆਂ ਹੇਠ-ਉੱਤੇ ਕਰ ਕੇ ਉਹਦੀ ਦ੍ਰਿਸ਼ਟੀ ਦਾ ਦੋਗਲਾਪਨ ਦਿਖਾਉਂਦਾ ਹੈਉਹ ਟੇਬਲ-ਕਲਾਥ ਨੂੰ ਪਿੰਨ ਨਾਲ ਪਾੜ ਕੇ ਇਹ ਦੱਸਦਾ ਹੈ ਕਿ ਇਸ ਹੇਠ ਛੁਪਿਆ ਹੋਇਆ ਸਰਕਾਰੀ ਸੱਤਾ ਦਾ ਪ੍ਰਤੀਕ ਪੁਰਾਣਾ ਮੇਜ਼ ਪਾਟੀ ਤੇ ਤ੍ਰੇੜੀ ਹੋਈ ਲੱਕੜ ਦਾ ਹੈ ਜਿਸ ਨੂੰ ਟੇਬਲ-ਕਲਾਥ ਕੱਜ ਹੀ ਸਕਦਾ ਹੈ, ਬਲ ਨਹੀਂ ਦੇ ਸਕਦਾਉਹ ਸਿਆਹੀ ਵਿਚ ਉਂਗਲ ਡੋਬ ਕੇ ਕੋਰੇ ਕਾਗ਼ਜ਼ ਉੱਤੇ ਚੀਚ-ਬਲੋਲੇ ਵਾਹੁੰਦਿਆਂ ਫਾਈਲਾਂ ਦੇ ਥੱਬਿਆਂ ਵਿਚ ਬੰਦ ਕਾਗ਼ਜ਼ਾਂ ਦੀਆਂ ਲਿਖਤਾਂ ਨੂੰ ਅਰਥਹੀਣ ਚੀਚ-ਬਲੋਲੇ ਆਖਦਾ ਹੈ ਜਿਨ੍ਹਾਂ ਦੀ ਜੀਵਨ ਲਈ ਕੋਈ ਸਾਰਥਿਕਤਾ ਨਹੀਂਉਹ ਅਮਨ-ਕਾਨੂੰਨ ਦੇ ਪਰਪੰਚੀ ਕਾਗ਼ਜ਼ਾਂ ਨੂੰ ਸਾਂਭ ਕੇ ਰੱਖਣ ਵਾਲੇ ਪੇਪਰਵੇਟ ਨੂੰ ਲਾਟੂ ਵਾਂਗ ਘੁਮਾ ਕੇ ਸਪਸ਼ਟ ਕਰਦਾ ਹੈ ਕਿ ਮੇਰੇ ਲਈ ਇਸ ਦੀ ਕਦਰ-ਕੀਮਤ ਇਕ ਖਿਡੌਣੇ ਤੋਂ ਵੱਧ ਨਹੀਂਉਹ ਫ਼ਾਈਲ ਵਿੱਚੋਂ ਨਿਕਲੇ ਕਾਗ਼ਜ਼ ਵਿਚ ਡੰਕ ਦੀ ਚੁੰਝ ਨਾਲ ਮੋਰੀਆਂ ਕਰ ਕੇ ਉਹਨਾਂ ਦੀਆਂ ਲਿਖਤਾਂ ਨੂੰ ਇਹਨਾਂ ਮੋਰੀਆਂ ਵਰਗੀਆਂ ਖਾਲੀ ਤੇ ਖੋਖਲੀਆਂ ਦੱਸਦਾ ਹੈਉਹ ਕਾਨੂੰਨਾਵਲੀ ਦੀ ਜਿਲਦ ਦਾ ਕੱਪੜਾ ਖਿੱਚ ਖਿੱਚ ਕੇ ਨੰਗੇ ਕੀਤੇ ਗੱਤੇ ਰਾਹੀਂ ਇਹ ਸੁਨੇਹਾ ਦਿੰਦਾ ਹੈ ਕਿ ਤੁਹਾਡੇ ਨਿਰਪੱਖ ਤੇ ਸੰਤੁਲਿਤ ਕਹੇ ਜਾਂਦੇ ਕਾਨੂੰਨ ਬੇਲੋੜੇ ਪੁਰਾਣੇ ਕਾਗ਼ਜ਼ਾਂ, ਲੀਰਾਂ, ਘਾਹ-ਫੂਸ ਤੇ ਹੋਰ ਨਿੱਕ-ਸੁੱਕ ਤੋਂ ਬਣਾਏ ਗਏ ਇਸ ਗੱਤੇ ਦੇ ਮੁੱਲ ਦੇ ਹੀ ਹਨ!

ਕਈ ਵਾਰ ਖਿਆਲ ਆਉਂਦਾ ਸੀ ਕਿ ਇਸ ਸਾਰੇ ਵਰਤਾਰੇ ਨੂੰ ਵਿਸਤਾਰ ਵਿਚ ਸਮਝਣ-ਸਮਝਾਉਣ ਲਈ ਮੁੱਢਲੇ ਪੰਜਾਬੀ ਕਹਾਣੀਕਾਰਾਂ ਤੋਂ ਸ਼ੁਰੂ ਕਰ ਕੇ ਅਜਿਹੀਆਂ ਕਹਾਣੀਆਂ ਚੁਣੀਆਂ ਜਾਣ ਜਿਨ੍ਹਾਂ ਨੇ ਮੇਰੇ ਚੇਤੇ ਉੱਤੇ ਤੇ ਮੇਰੇ ਵਾਂਗ ਵੱਡੇ ਪਾਠਕ-ਸਮੂਹ ਦੇ ਚੇਤਿਆਂ ਉੱਤੇ ਚਿਰ-ਰਹਿਣਾ ਅਸਰ ਛੱਡਿਆ ਹੈਉਹਨਾਂ ਕਹਾਣੀਆਂ ਨੂੰ ਪਾਠਕ ਵਜੋਂ ਇਕ ਮਨ, ਇਕ ਚਿੱਤ ਹੋ ਕੇ ਪੜ੍ਹਿਆ ਜਾਵੇ ਤੇ ਇਸ ਪੜ੍ਹਤ ਨਾਲ ਕਹਾਣੀਆਂ ਬਾਰੇ ਬਣੀ ਆਪਣੀ ਸਮਝ ਹੋਰ ਲੇਖਕਾਂ-ਪਾਠਕਾਂ ਨਾਲ ਸਾਂਝੀ ਕੀਤੀ ਜਾਵੇਇਉਂ ਮੈਂ 1895 ਵਿਚ ਜਨਮੇ ਗੁਰਬਖ਼ਸ਼ ਸਿੰਘ ਦੀ ਚਰਚਿਤ ਕਹਾਣੀ ‘ਭਾਬੀ ਮੈਨਾ’ ਨਾਲ ਸ਼ੁਰੂਆਤ ਕਰ ਦਿੱਤੀ

ਪਹਿਲੀਆਂ ਕੁਝ ਕਹਾਣੀਆਂ ਦੀ ਮੇਰੀ ਨਿਰਖ-ਪਰਖ ਉਹਨਾਂ ਦੇ ਮੂਲ ਪਾਠ ਸਮੇਤ ਰਾਮ ਸਰੂਪ ਅਣਖੀ ਦੇ ਰਸਾਲੇ ‘ਕਹਾਣੀ ਪੰਜਾਬ’ ਵਿਚ ਛਪਣ ਲੱਗੀਕੁਦਰਤੀ ਸੀ ਕਿ ਉਹਨਾਂ ਕਹਾਣੀਕਾਰਾਂ ਦੀ ਰਾਇ ਦੀ ਉਡੀਕ ਰਹਿੰਦੀਦੁੱਗਲ ਜੀ ਨੇ ਉਹਨਾਂ ਦੀ ਕਹਾਣੀ ‘ਚਾਨਣੀ ਰਾਤ ਦਾ ਇਕ ਦੁਖਾਂਤ’ ਦੀ ਮੇਰੀ ਵਿਆਖਿਆ ਦੀ ਖੁੱਲ੍ਹ ਕੇ ਵਡਿਆਈ ਕੀਤੀ‘ਛਵ੍ਹੀਆਂ ਦੀ ਰੁੱਤ’ ਦੇ ਲੇਖਕ ਸਰਨਾ ਜੀ ਨੇ ਕਿਹਾ, “ਤੁਸੀਂ ਮੇਰੀ ਕਹਾਣੀ ਦੀਆਂ ਬਰੀਕੀਆ ਜਿਵੇਂ ਫੜੀਆਂ ਹਨ, ਕਮਾਲ ਹੈ!” ਸੰਤੋਖ ਸਿੰਘ ਧੀਰ ਨੇ ‘ਕੋਈ ਇਕ ਸਵਾਰ’ ਦੇ ਸੰਬੰਧ ਵਿਚ ਕਿਹਾ, “ਇਹ ਸਭ ਗੱਲਾਂ ਤੂੰ ਕਿੱਥੋਂ ਕੱਢ ਕੱਢ ਲਿਆਂਦੀਆਂ ਹਨ! ਮੇਰੀ ਕਹਾਣੀ ਨਾਲ ਮੋਢਾ ਮੇਚਦੀ ਹੈ ਤੇਰੀ ਲਿਖਤਤੂੰ ਹੱਦ ਹੀ ਕਰ ਦਿੱਤੀ ਹੈ!” ਦੇਵਿੰਦਰ ਸਤਿਆਰਥੀ ਜੀ ਨੇ ਆਪਣੇ ਵਿਸ਼ੇਸ਼ ਲਹਿਜ਼ੇ ਵਿਚ ਕਿਹਾ, “ਲਓ ਭੁੱਲਰ ਜੀ, ਦੇਵਤਾ ਤਾਂ ਡਿੱਗ ਪਿਆ, ਪਰ ਤੁਹਾਡੇ ਲੇਖ ਤੋਂ ਸਪਸ਼ਟ ਹੈ ਕਿ ਮੇਰੀ ਕਹਾਣੀ ਵੀ ਡਟੀ ਖੜ੍ਹੀ ਹੈ ਤੇ ਤੁਹਾਡੀ ਨਿਰਖ-ਪਰਖ ਵੀ” ਅਜੀਤ ਕੌਰ ਦੀ ਚਿੱਠੀ ਆਪਣੀ ਅਜੀਤ ਕੌਰਾਨਾ ਸ਼ੈਲੀ ਵਿਚ ਆਈ, “ਰਾਤੀਂ ਪੜ੍ਹਿਆ ਤੁਹਾਡਾ ਆਰਟੀਕਲਕਮਾਲ ਕਰ ਦਿੱਤੀ ਏ ਤੁਸਾਂ ਤੇ! ਕਿੱਥੇ ਨੇ ਤੁਹਾਡੇ ਹੱਥ, ਜ਼ਰਾ ਵਿਖਾਓ ਤਾਂ, ਇਕ ਬੋਸਾ ਦਿੱਤਾ ਜਾਵੇ!... ਪਿਆਰ ਨਾਲ, ਅਜੀਤ!”

ਡਾ. ਕੇਸਰ ਸਿੰਘ ਕੇਸਰ ਦੇ ਘਰ ਬੈਠਿਆਂ ਇਕ ਵਾਰ ਸਤਿਆਰਥੀ ਜੀ ਦੀ ਕਹਾਣੀ ‘ਦੇਵਤਾ ਡਿੱਗ ਪਿਆ’ ਦੀ ਗੱਲ ਚੱਲ ਪਈਮੈਂ ਕਿਹਾ, “ਕਮਾਲ ਹੈ ਇਹ ਕਹਾਣੀ!” ਉਹ ਬੋਲੇ, “ਸਤਿਆਰਥੀ ਜੀ ਨੇ ਜੋ ਕਮਾਲ ਕੀਤਾ ਹੈ, ਉਹ ਤਾਂ ਕੀਤਾ ਹੀ ਹੈ ਪਰ ਮੈਂ ਤਾਂ ਤੁਹਾਡੇ ਕਮਾਲ ਨੂੰ ਹੋਰ ਵੀ ਵੱਡਾ ਕਮਾਲ ਮੰਨਦਾ ਹਾਂ!” ਸੁਜਾਨ ਸਿੰਘ ਜੀ ਦੀ ਕਹਾਣੀ ‘ਰਾਸ ਲੀਲ੍ਹਾ’ ਬਾਰੇ ਉਹਨਾਂ ਦੀ ਧੀ ਕੰਵਲਜੀਤ ਅਤੇ ਉਹਦੇ ਪਤੀ ਡਾ. ਕੁਲਦੀਪ ਪੁਰੀ ਦੀ ਸਾਂਝੀ ਚਿੱਠੀ ਆਈ, “ਇਹ ਕਹਾਣੀ ਅਸੀਂ ਅਨੇਕ ਵਾਰ ਪੜ੍ਹੀ ਹੋਈ ਸੀਤੁਹਾਡਾ ਲੇਖ ਪੜ੍ਹ ਕੇ ਅਸੀਂ ਹੈਰਾਨ ਰਹਿ ਗਏ ਕਿ ਅੱਛਾ, ਇਹ ਕਹਾਣੀ ਇਉਂ ਹੈ! ਇਸਦੇ ਇਹ ਅਰਥ ਨਿਕਲਦੇ ਹਨ! ਕਹਾਣੀ ਪੜ੍ਹਨ ਦਾ ਅਸਲ ਸੁਆਦ ਹੀ ਹੁਣ ਆਇਆ ਹੈ, ਜਿਵੇਂ ਪਹਿਲੀ ਵਾਰ ਪੜ੍ਹੀ ਹੋਵੇ

ਸਭ ਤੋਂ ਅਹਿਮ ਤੇ ਦਿਲਚਸਪ ਟਿੱਪਣੀ ਸੂਝਵਾਨ ਪਾਠਕ (ਹੁਣ ਸਵਰਗੀ) ਸਾਥੀ ਦਰਸ਼ਨ ਸਿੰਘ ਹੌਲਦਾਰ, ਜਲੰਧਰ, ਨੇ ਕੀਤੀਉਹ ਮੇਰੀ ਨਿਰਖ-ਪਰਖ ਪੜ੍ਹ ਕੇ ਹਰ ਵਾਰ ਬਿਨਾਂ-ਨਾਗਾ ਚਿੱਠੀ ਲਿਖਦੇ ਸਨਉਹਨਾਂ ਨੇ ਕਿਹਾ, “ਮੈਂ ਸਾਰੀ ਉਮਰ ਪਾਰਟੀ-ਸਕੂਲਾਂ ਵਿਚ ਸ਼ਾਮਲ ਹੁੰਦਾ ਰਿਹਾ ਹਾਂ… ਜੇ ਸਾਨੂੰ ਉਹਨਾਂ ਵਿਚ ਸਾਹਿਤ ਅਤੇ ਜੀਵਨ ਨੂੰ ਇੰਜ ਸਮਝਣਾ ਸਿਖਾਇਆ ਜਾਂਦਾ, ਸ਼ਾਇਦ ਪਾਰਟੀ ਦੀ ਤੇ ਦੇਸ ਦੀ ਹਾਲਤ ਅੱਜ ਵਾਲੀ ਨਾ ਹੁੰਦੀ!”

ਇੱਥੇ ਇਕ ਹੋਰ ਗੱਲ ਕਰਨੀ ਵੀ ਠੀਕ ਰਹੇਗੀਜ਼ਰੂਰੀ ਨਹੀਂ ਕਿ ਚਰਚਿਤ ਕਹਾਣੀ ਚੰਗੀ ਕਹਾਣੀ ਵੀ ਹੋਵੇਕਹਾਣੀ ਦੇ ਮਿਆਰ ਤੋਂ ਇਲਾਵਾ ਵੀ ਚਰਚਾ ਦੇ ਕਈ ਵੱਖਰੇ ਕਾਰਨ ਹੋ ਸਕਦੇ ਹਨਕੁਝ ਕਹਾਣੀਕਾਰਾਂ ਦੀਆਂ ਚਰਚਿਤ ਕਹਾਣੀਆਂ ਵਿਚ ਵੱਡੀਆਂ ਘਾਟਾਂ ਦਿਸੀਆਂ ਤਾਂ ਉਹ ਛੱਡਣੀਆਂ ਪਈਆਂਸਿਰਫ਼ ਇਕ ਮਿਸਾਲ ਵਜੋਂ, ਨੌਰੰਗ ਸਿੰਘ ਦੀ ਕਹਾਣੀ ‘ਮੁਰਕੀਆਂ’ ਦਾ ਜ਼ਿਕਰ ਮੈਂ ਬਹੁਤ ਪਹਿਲਾਂ ਤੋਂ ਸੁਣਦਾ ਆਇਆ ਸੀਹੁਣ ਪੜ੍ਹੀ ਤਾਂ ਅਜੀਬ ਅਹਿਸਾਸ ਹੋਇਆ16 ਤੇ 14 ਸਾਲ ਦੇ ਦੋ ਨਾਲਾਇਕ ਮੁੰਡਿਆਂ ਦੀ ਮਾਂ ਮਰ ਗਈਕਹਾਣੀਕਾਰ ਲਿਖਦਾ ਹੈ, “ਦੋਹਾਂ ਭਰਾਵਾਂ ਨੜੋਇਆ ਤਿਆਰ ਕੀਤਾਕੋਈ ਉਹਨਾਂ ਦੀ ਸਹਾਇਤਾ ਨੂੰ ਨਾ ਪਹੁੰਚਿਆਉਹਨਾਂ ਆਪੀਂ ਕਬਰ ਪੁੱਟੀ… ਕੋਈ ਦਿਲਬਰੀ ਲਈ ਉਹਨਾਂ ਕੋਲ ਨਾ ਬੈਠਾ, ਨਾ ਹੀ ਪਿੰਡ ਵਿਚ ਕਿਸੇ ਨੂੰ ਉਹਨਾਂ ਦੀ ਮਾਂ ਦਾ ਗ਼ਮ ਸੀ” ਕੀ ਕਿਸੇ ਵੀ ਪਿੰਡ ਵਿਚ, ਖਾਸ ਕਰ ਕੇ ਉਸ ਜ਼ਮਾਨੇ ਦੇ ਪਿੰਡ ਵਿਚ ਇਹ ਘਟਨਾ ਸੰਭਵ ਹੈ? ਜਿਸ ਸਮਾਜ ਵਿਚ ਮੋਏ ਬੰਦੇ ਦੀ ਮਿੱਟੀ ਸਮੇਟਣਾ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ, ਕੀ ਦੋ ਮੁੰਡਿਆਂ ਦੀ ਨਾਲਾਇਕੀ ਕਾਰਨ ਸਾਰਾ ਪਿੰਡ ਉਹਨਾਂ ਦੀ ਮੋਈ ਮਾਂ ਦੀ ਮਿੱਟੀ ਉਹਨਾਂ ਆਸਰੇ ਹੀ ਛੱਡ ਦੇਵੇਗਾ? ਉਹਨਾਂ ਦੋਵਾਂ ਨੂੰ ਦੋ ਹੋਰ ਬੰਦੇ ਤਾਂ ਅਰਥੀ ਚੁੱਕਣ ਲਈ ਹੀ ਚਾਹੀਦੇ ਹਨ! ਮੈਨੂੰ ਇਹ ਕਹਾਣੀ ਛੱਡਣੀ ਪਈਕੁਝ ਹੋਰ ਕਹਾਣੀਆਂ ਨਾਲ ਵੀ ਇਹੋ ਅਨੁਭਵ ਹੋਇਆ

ਲੇਖਕਾਂ-ਪਾਠਕਾਂ ਦੇ ਦਿਲ-ਵਧਾਊ ਹੁੰਗਾਰੇ ਨੇ ਮੈਨੂੰ ਇਹ ਜਤਨ ਜਾਰੀ ਰੱਖਣ ਦਾ ਹੌਸਲਾ ਦਿੱਤਾ1895 ਵਿਚ ਜਨਮੇ ਗੁਰਬਖ਼ਸ਼ ਸਿੰਘ ਤੋਂ ਸ਼ੁਰੂ ਕਰ ਕੇ ਅੱਧੀ ਸਦੀ ਦੀ ਯਾਤਰਾ ਕਰਦਿਆਂ ਜਦੋਂ ਮੈਂ 1945 ਵਿਚ ਜਨਮੇ ਵਰਿਆਮ ਸਿੰਘ ਸੰਧੂ ਤੱਕ ਪਹੁੰਚਿਆ ਤਾਂ ਪੱਚੀ ਕਹਾਣੀਆਂ ਦੀ ਸ਼ਬਦ-ਸ਼ਬਦ ਵੀ ਤੇ ਸ਼ਬਦਾਂ ਦੇ ਵਿਚਕਾਰੋਂ ਵੀ ਪਾਠਕੀ ਪੜ੍ਹਤ ਮੇਰਾ ਹਾਸਲ ਬਣ ਚੁੱਕੀ ਸੀਮੁਸ਼ਕਿਲ ਇਹ ਸੀ ਕਿ ਪੰਜਾਬੀ ਕਹਾਣੀਕਾਰਾਂ ਦੀ ਸੂਚੀ ਬਹੁਤ ਲੰਮੀ ਹੈਇੱਥੋਂ ਤੱਕ ਕਿ 1895-1945 ਦੇ ਇਸ ਸਮੇਂ ਵਿਚ ਹੀ ਅਨੇਕ ਹੋਰ ਕਹਾਣੀਕਾਰ ਆ ਜਾਂਦੇ ਹਨਉਹਨਾਂ ਸਭ ਨੂੰ ਸ਼ਾਮਲ ਕਰਨਾ ਸੰਭਵ ਨਹੀਂ ਸੀਜੇ ਮੈਂ ਅਜਿਹੇ ਪਾਕਿਸਤਾਨੀ ਪੰਜਾਬੀ ਲੇਖਕ ਤੇ ਪਰਦੇਸੀਂ ਵਸੇ ਪੰਜਾਬੀ ਲੇਖਕ ਵੀ ਸ਼ਾਮਲ ਕਰਦਾ, ਜੋ ਲਏ ਜਾਣੇ ਜ਼ਰੂਰੀ ਸਨ, ਸੂਚੀ ਹੋਰ ਵੀ ਲੰਮੀ ਹੋ ਜਾਂਦੀਆਪਣੀ ਸਮਰੱਥਾ ਤੇ ਪੁਸਤਕ ਦੀ ਆਕਾਰੀ ਸੀਮਾ ਦਾ ਖ਼ਿਆਲ ਕਰਦਿਆਂ ਕਿਤੇ ਤਾਂ ਬੱਸ ਕਰਨਾ ਹੀ ਪੈਣੀ ਸੀ! ਆਖ਼ਰ ਇਹਨਾਂ 25 ਕਹਾਣੀਆਂ ਦੀ ਆਪਣੀ ਪਾਠਕੀ ਪੜ੍ਹਤ ਮੈਂ ਆਰਸੀ ਪਬਲਿਸ਼ਰਜ਼, ਦਿੱਲੀ ਵਲੋਂ ਪ੍ਰਕਾਸ਼ਿਤ ਪੁਸਤਕ ‘ਕੀ ਕਹੇ ਕਹਾਣੀ’ ਰਾਹੀਂ ਪਾਠਕਾਂ ਨਾਲ ਸਾਂਝੀ ਕਰ ਦਿੱਤੀ

*****

(1328)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author