GurbachanBhullar7ਅਗਲੇ ਦਿਨ ਮੈਂ ਉਹਦੇ ਨਾਲ ਗਿਆ ਤਾਂ ਘਰ ਵਿੱਚ ਓਪਰੀ ਕਸਰ ਵਾਲੀ ਬਹੂ ਤੋਂ ਬਿਨਾਂ ...
(25 ਮਾਰਚ 2022)
ਮਹਿਮਾਨ: 202.

 

ਸਾਡੇ ਪਿੰਡ ਜਮਨਾ ਦਾਸ ਨਾਂ ਦਾ ਇੱਕ ਵੈਰਾਗੀ ਸਾਧ ਹੁੰਦਾ ਸੀਕੁਛ-ਕੁਛ ਬਜ਼ੁਰਗ ਹੋ ਚੱਲਿਆ ਹੋਣ ਕਾਰਨ ਉਹਦੇ ਹਾਣੀਆਂ ਨੂੰ ਛੱਡ ਕੇ ਸਭ ਲੋਕ ਉਹਨੂੰ ਬਾਬਾ ਆਖਦੇਉਹਦੇ ਬਾਰੇ, ਖਾਸ ਕਰ ਕੇ ਔਰਤਾਂ ਵਿੱਚ, ਇਹ ਮਾਨਤਾ ਸੀ ਕਿ ਉਹ ਪੁੱਛਾਂ ਦਿੰਦਾ ਹੈ, ਭਾਵ ਅਗਲੇ ਦੇ ਜੀਵਨ ਦੀਆਂ ਉਲਝੀਆਂ ਸਮੱਸਿਆਵਾਂ ਵਿੱਚੋਂ ਪੈਦਾ ਹੁੰਦੇ ਸਵਾਲਾਂ ਦੇ ਜਵਾਬ ਦੇ ਦਿੰਦਾ ਹੈ ਤੇ ਉਹਦੇ ਭਵਿੱਖ ਵਿੱਚ ਝਾਕ ਕੇ ਸਾਰਾ ਚੰਗਾ-ਮਾੜਾ ਹਾਲ ਦੱਸ ਦਿੰਦਾ ਹੈਗੱਲ ਹਾਲ ਦੱਸਣ ’ਤੇ ਹੀ ਨਹੀਂ ਸੀ ਮੁੱਕਦੀ, ਉਹ ਨੇੜ-ਭਵਿੱਖ ਵਿੱਚ ਆਉਣ ਵਾਲ਼ੇ ਸੰਕਟਾਂ ਦਾ ਹੱਲ ਵੀ ਦੱਸਦਾ ਸੀਕੁਦਰਤੀ ਸੀ, ਅਣਪੜ੍ਹਤਾ ਦੇ ਉਸ ਜ਼ਮਾਨੇ ਵਿੱਚ ਬਹੁਤ ਸਾਰੇ ਲੋਕ ਉਹਤੋਂ ਭਵਿੱਖ ਵੀ ਪੁੱਛਦੇ ਤੇ ਆਪਣੀਆਂ ਅਜੋਕੀਆਂ ਉਲਝਣਾਂ ਸੁਲਝਾ ਕੇ ਭਵਿੱਖ ਨੂੰ ਚੰਗੇਰਾ ਵੀ ਬਣਵਾਉਣਾ ਚਾਹੁੰਦੇ

ਜਦੋਂ ਮੈਂ ਵਿਦਿਆਰਥੀ ਸੀ, ਉਹਦੀ ਉਮਰ ਸੱਠ ਸਾਲ ਤੋਂ ਵੱਧ ਹੋਵੇਗੀਮੈਥੋਂ ਵੱਡੇ-ਛੋਟੇ ਉਹਦੇ ਦੋ ਪੋਤੇ, ਬਲਦੇਵ ਸਿੰਘ ਤੇ ਬਾਬੂ ਸਿੰਘ ਮੇਰੇ ਹਮਸਕੂਲ ਸਨਉਹਦੀ ਇੱਕ ਗੱਲ ਬੜੀ ਅਜੀਬ ਸੀਉਹਦੇ ਮੂੰਹ ਉੱਤੇ ਕੁਦਰਤੀ ਹੀ ਦਾੜ੍ਹੀ-ਮੁੱਛ ਦਾ ਇੱਕ ਵੀ ਵਾਲ ਨਹੀਂ ਸੀ ਆਇਆਇਸ ਕਰਕੇ ਉਹਦਾ ਚਿਹਰਾ ਬਹੁਤ ਵੱਖਰਾ ਜਿਹਾ ਲਗਦਾਛੋਟੀਆਂ ਅੱਖਾਂ ਤੇ ਅੱਗੇ ਨੂੰ ਵਧੀ ਹੋਈ ਠੋਡੀ ਨਾਲ ਉਹ ਉਮਰੋਂ ਹੋਰ ਵੀ ਵੱਡਾ ਦਿਸਦਾਮੋਢੇ ਉੱਤੇ ਲਟਕਦਾ ਲੰਮਾ ਲੜ ਛੱਡ ਕੇ ਉਹ ਵੱਡਾ ਸਫ਼ੈਦ ਪੱਗੜ ਬੰਨ੍ਹਦਾਸਫ਼ੈਦ ਖੱਦਰ ਦੇ ਲੰਮੇ ਕੁੜਤੇ ਨਾਲ ਉਹਨੇ ਖੱਦਰ ਦੀ ਹੀ ਉੱਚੀ ਜਿਹੀ ਧੋਤੀ ਬੰਨ੍ਹੀ ਹੋਈ ਹੁੰਦੀਸਹਾਰੇ ਵਾਸਤੇ ਤੇ ਪਿੰਡਾਂ ਵਿੱਚ ਗਜੇ ਲਈ ਜਾਂਦਿਆਂ ਕੁੱਤੇ-ਬਿੱਲੇ ਨੂੰ ਭਜਾਉਣ ਵਾਸਤੇ ਉਹ ਹੱਥ ਵਿੱਚ ਕਿਸੇ ਦਰਖਤ ਤੋਂ ਵੱਢੀ ਹੋਈ ਸੋਟੀ ਰੱਖਦਾ

ਸਾਡੇ ਪਰਿਵਾਰ ਨਾਲ ਉਹਦੀ ਖਾਸੀ ਨੇੜਤਾ ਸੀਪਰ ਇਹਦਾ ਕਾਰਨ ਉਹਦਾ ਭਵਿੱਖ-ਦ੍ਰਿਸ਼ਟਾ ਹੋਣਾ ਨਹੀਂ ਸੀਮੇਰੇ ਮਾਤਾ-ਪਿਤਾ ਤੇ ਚਾਚੇ ਪੱਕੇ ਅੰਮ੍ਰਿਤਧਾਰੀ ਹੋਣ ਕਰਕੇ ਅਜਿਹੀਆਂ ਗੱਲਾਂ ਵਿੱਚ ਉੱਕਾ ਹੀ ਕੋਈ ਭਰੋਸਾ ਨਹੀਂ ਸਨ ਰੱਖਦੇਇਸ ਨੇੜਤਾ ਦਾ ਕਾਰਨ ਹੋਰ ਸੀਸਾਡਾ ਘਰ ਫਿਰਨੀ ਉੱਤੇ ਸੀਘਰ ਦੇ ਮੂਹਰੇ ਟੋਭਾ ਸੀਟੋਭੇ ਦੇ ਪਾਣੀ ਨੂੰ ਪਰੇ ਰੱਖਣ ਲਈ ਪੂਰੇ ਘਰ ਅੱਗੇ ਕੱਚਾ ਚੌਂਤਰਾ ਬਣਿਆ ਹੋਇਆ ਸੀਚੌਂਤਰੇ ਉੱਤੇ ਦੋ ਬਹੁਤ ਵੱਡੇ ਪੁਰਾਣੇ ਨਿੰਮ ਸਨ ਇੱਕ ਪਾਸੇ ਕੰਧ ਨਾਲ ਛੋਟਾ ਪੱਕਾ ਥੜ੍ਹਾ ਬਣਿਆ ਹੋਇਆ ਸੀ ਜਿਸਦੇ ਨਾਲ ਇੱਕ ਖੁੰਢ ਪਿਆ ਸੀਅਸੀਂ ਦੋ ਬੈਂਚ ਵੀ ਉੱਥੇ ਰੱਖੇ ਹੋਏ ਸਨ

ਉਸ ਬੇਸੜਕੇ ਜ਼ਮਾਨੇ ਵਿੱਚ ਕੱਚੇ ਚੌਂਤਰੇ ਅਤੇ ਟੋਭੇ ਦੇ ਵਿਚਕਾਰੋਂ ਜਾਂਦਾ ਰਾਹ ਕੋਈ ਇੱਕ ਦਰਜਨ ਪਿੰਡਾਂ ਨੂੰ ਮੰਡੀ ਫੂਲ ਨਾਲ ਜੋੜਦਾ ਸੀਰਾਹੀ ਨਿੰਮਾਂ ਹੇਠ ਦਮ ਲੈਂਦੇ ਤੇ ਪਾਣੀ-ਧਾਣੀ ਪੀਂਦੇਗਰਮੀਆਂ ਵਿੱਚ ਤਾਂ ਮੇਰੇ ਚਾਚਾ ਜੀ ਨਿੰਮ ਹੇਠ ਸਿਰਕੀਆਂ ਦੀ ਛਪਰੀ ਪਾ ਕੇ ਪਿਆਓ ਲਾ ਲੈਂਦੇ ਤੇ ਗਿੱਲੇ ਰੇਤੇ ਉੱਤੇ ਰੱਖੇ ਗਿੱਲੇ ਬੋਰਿਆਂ ਵਿੱਚ ਲਪੇਟੇ ਹੋਏ ਕੋਰੇ ਘੜਿਆਂ ਦਾ ਠੰਢਾ ਜਲ ਰਾਹੀਆਂ-ਪਾਂਧੀਆਂ ਨੂੰ ਛਕਾਉਂਦੇ ਰਹਿੰਦੇ

ਬਾਬਾ ਜਮਨਾ ਵਾਰੀ-ਵਾਰੀ ਚੁਫੇਰੇ ਦੇ ਪਿੰਡਾਂ ਤੋਂ ਆਟੇ ਦਾ ਗਜਾ ਕਰਨ ਜਾਂਦਾਜਦੋਂ ਉਹ ਕਿਸੇ ਇੱਧਰਲੇ ਪਿੰਡ ਜਾਂਦਾ ਤਾਂ ਮੁੜਦਾ ਹੋਇਆ ਨਿੰਮਾਂ ਹੇਠ ਦਮ ਲੈਂਦਾ ਤੇ ਜਲ ਛਕਦਾਉਹ ਬੈਂਚ ਜਾਂ ਥੜ੍ਹੇ ਉੱਤੇ ਨਹੀਂ ਸੀ ਬੈਠਦਾ, ਥੜ੍ਹੇ ਨਾਲ ਪਏ ਖੁੰਢ ਉੱਤੇ ਬੈਠਦਾਉਹਦੀ ਪਿੱਠ ਪਿੱਛੇ ਬੰਨ੍ਹੀ ਹੋਈ ਆਟੇ ਦੀ ਡੱਗੀ ਪੱਕੇ ਥੜ੍ਹੇ ਉੱਤੇ ਟਿਕ ਜਾਂਦੀ ਅਤੇ ਉਹ ਡੱਗੀ ਲਾਹੇ ਬਿਨਾਂ ਉਹਦੇ ਭਾਰ ਤੋਂ ਮੁਕਤ ਹੋ ਕੇ ਬੈਠ ਸਕਦਾਇਉਂ ਬੈਠ ਕੇ ਉਹ ਬਹੁਤ ਖ਼ੁਸ਼ ਹੁੰਦਾ ਤੇ ਕਈ ਵਾਰ ਇਹ ਖੁਸ਼ੀ ਸਾਡੇ ਨਾਲ ਸਾਂਝੀ ਵੀ ਕਰਦਾ, “ਭਾਈ, ਥੜ੍ਹੇ ਕੋਲ ਇਹ ਖੁੰਢ ਤਾਂ, ਰੱਬ ਥੋਡਾ ਭਲਾ ਕਰੇ, ਤੁਸੀਂ ਮੇਰੀ ਖਾਤਰ ਹੀ ਰੱਖਿਆ ਹੈ!”

ਇਹ ਤਾਂ ਹੋਈ ਭੂਮਿਕਾ, ਜਿਹੜੀ ਅਸਲ ਗੱਲ ਮੈਂ ਸੁਣਾਉਣ ਲੱਗਿਆ ਹਾਂ, ਉਹ ਉਸ ਸਮੇਂ ਦੀ ਹੈ ਜਦੋਂ ਮੈਂ ਕਾਲਜ ਦਾ ਇਮਤਿਹਾਨ ਦੇ ਕੇ ਵਿਹਲਾ ਹੋਇਆ ਨਤੀਜਾ ਉਡੀਕ ਰਿਹਾ ਸੀ ਇੱਕ ਦਿਨ ਮੈਂ ਘਰ ਅੱਗੇ ਥੜ੍ਹੇ ਉੱਤੇ ਇਕੱਲਾ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀਬਾਬਾ ਆਇਆ ਅਤੇ ਆਪਣੇ ਪੱਕੇ ਆਸਨ ਉੱਤੇ ਟਿਕ ਗਿਆਮੈਂ ਫਤਿਹ ਬੁਲਾਈ ਤਾਂ ਉਹ ਬੋਲਿਆ, “ਲਿਆ, ਭਾਈ ਬੱਚਿਆ, ਜਲ ਛਕਾ

ਓਕ ਨਾਲ ਪੀ ਕੇ ਗੜਵੀ ਵਿੱਚ ਬਚੇ ਹੋਏ ਪਾਣੀ ਦੇ ਛਿੱਟੇ ਉਹਨੇ ਅੱਖਾਂ ਵਿੱਚ ਮਾਰੇ, ਪੱਗ ਦੇ ਲਟਕਦੇ ਲੰਮੇ ਲੜ ਨਾਲ ਚਿਹਰਾ ਪੂੰਝਿਆ ਤੇ ਸੌਖਾ ਹੋ ਕੇ ਤਸੱਲੀ ਨਾਲ ਬੈਠ ਗਿਆਮੈਂ ਸੋਚਿਆ, ਅੱਜ ਕੋਈ ਤੀਜਾ ਕੋਲ ਨਾ ਹੋਣ ਕਰਕੇ ਬਾਬੇ ਨੂੰ ਉਹ ਸਵਾਲ ਪੁੱਛਣ ਦਾ ਵਧੀਆ ਮੌਕਾ ਹੈ ਜੋ ਚਿਰਾਂ ਤੋਂ ਮਨ ਵਿੱਚ ਅਟਕਿਆ ਹੋਇਆ ਹੈ

ਮੈਂ ਬਾਬੇ ਦੇ ਨੇੜੇ ਸਰਕ ਗਿਆ, “ਬਾਬਾ ਜੀ, ਕਈ ਵਾਰ ਇੱਕ ਗੱਲ ਤੁਹਾਥੋਂ ਪੁੱਛਣੀ ਚਾਹੀ ਹੈ ਇੱਕ ਤਾਂ ਤੁਹਾਥੋਂ ਝਿਜਕ ਆ ਜਾਂਦੀ ਹੈ, ਦੂਜੇ, ਇੱਥੇ ਕੋਈ ਨਾ ਕੋਈ ਹੋਰ ਬੈਠਾ ਹੁੰਦਾ ਹੈਝਿਜਕ ਇਹ ਹੈ ਕਿ ਸਵਾਲ ਤੁਹਾਡੇ ਕੰਮ-ਧੰਦੇ ਤੇ ਰੁਜ਼ਗਾਰ ਬਾਰੇ ਹੈਬਾਬਾ ਜੀ, ਜੇ ਤੁਹਾਨੂੰ ਮੇਰੀ ਸਹੁੰ ਦਾ ਯਕੀਨ ਹੋਵੇ, ਮੈਂ ਵਚਨ ਦਿੰਦਾ ਹਾਂ ਕਿ ਇਹ ਗੱਲ ਕਦੇ ਕਿਸੇ ਤੀਜੇ ਕੋਲ ਨਹੀਂ ਜਾਵੇਗੀਬੱਸ ਪੁੱਛਾਂ ਬਾਰੇ, ਭਵਿੱਖ ਦੱਸਣ ਬਾਰੇ ਮੇਰੀ ਸੱਚ ਜਾਣਨ ਦੀ ਚਾਹਨਾ ਹੈਕੀ ਤੁਸੀਂ ਸੱਚਮੁੱਚ ਲੋਕਾਂ ਦੇ ਭਵਿੱਖ ਦੇਖ ਲੈਂਦੇ ਹੋ?”

ਬਾਬਾ ਦੋ ਪਲ ਚੁੱਪ ਰਿਹਾ ਜਿਵੇਂ ਡੂੰਘੀ ਸੋਚ ਵਿੱਚ ਡੁੱਬ ਗਿਆ ਹੋਵੇਫੇਰ ਬੋਲਿਆ, “ਭਾਈ ਬੱਚਿਆ, ਤੂੰ ਤਾਂ ਮੈਨੂੰ ਬਹੁਤ ਔਖੇ ਇਮਤਿਹਾਨ ਵਿੱਚ ਪਾ ਦਿੱਤਾ!”

ਮੈਂ ਹੱਥ ਜੋੜੇ, “ਨਹੀਂ, ਬਾਬਾ ਜੀ, ਇਉਂ ਨਾ ਕਹੋਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ, ਮਨ ਉੱਤੇ ਬੋਝ ਨਾ ਪਾਓ, ਬਿਲਕੁਲ ਨਾ ਦੱਸੋ

“ਨਹੀਂ ਭਾਈ, ਤੂੰ ਨਿਹਚੇ ਨਾਲ ਗੱਲ ਆਬਦੇ ਤਕ ਰੱਖਣ ਦੀ ਸਹੁੰ ਖਾ ਕੇ ਪੁੱਛਿਆ ਹੈ,” ਬਾਬਾ ਦ੍ਰਿੜ੍ਹਤਾ ਨਾਲ ਬੋਲਿਆ, “ਪਤਾ ਨਹੀਂ ਕਿਉਂ, ਤੇਰੀ ਸਹੁੰ ਉੱਤੇ ਇਤਬਾਰ ਕਰਨ ਨੂੰ ਦਿਲ ਕਰਦਾ ਹੈਕਿਸੇ ਉੱਤੇ ਤਾਂ ਬੰਦੇ ਨੂੰ ਇਤਬਾਰ ਕਰ ਹੀ ਲੈਣਾ ਚਾਹੀਦਾ ਹੈ!”

ਸੱਚੀ ਗੱਲ ਹੈ, ਮੈਂ ਬਾਬੇ ਨੂੰ ਦਿੱਤੀ ਸਹੁੰ ਨਿਭਾਈ ਵੀ ਪੂਰੀਅੱਜ ਇਹ ਕਿੱਸਾ ਪਹਿਲੀ ਵਾਰ ਸੁਣਾਉਣ ਲੱਗਿਆ ਹਾਂ ਜਦੋਂ ਬਾਬੇ ਨੂੰ ਇਸ ਨਾਸਮਾਨ ਮਾਤਲੋਕ ਦੀ ਥਾਂ ਸੁਰਗ ਵਿੱਚ ਰਹਿੰਦੇ ਲੋਕਾਂ ਦਾ ਭਵਿੱਖ ਦੱਸਦਿਆਂ ਅੱਧੀ ਸਦੀ ਤੋਂ ਦਹਾਕਾ ਵੱਧ ਦਾ ਸਮਾਂ ਹੋ ਗਿਆ ਹੈਮੇਰਾ ਖ਼ਿਆਲ ਨਹੀਂ, ਸੁਰਗ ਦੀ ਖਿੜਕੀ ਵਿੱਚੋਂ ਦੇਖ ਰਿਹਾ ਬਾਬਾ ਵੀ ਇਹਨੂੰ ਸਹੁੰ ਤੋੜੀ ਮੰਨੇਗਾ!

ਉਹ ਕਹਿੰਦਾ, “ਬੱਚਿਆ, ਮੈਂ ਤੈਨੂੰ ਇੱਕ ਆਪਬੀਤੀ ਸੁਣਾਉਂਦਾ ਹਾਂਜੋ ਮੈਂ ਦੱਸ ਦਿੱਤਾ, ਬੱਸ ਦੱਸ ਦਿੱਤਾਉਸ ਪਿੱਛੋਂ ਆਪਾਂ ਕੋਈ ਸਵਾਲ-ਜਵਾਬ ਨਹੀਂ ਕਰਾਂਗੇਮੇਰੇ ਦੱਸੇ ਦਾ ਜੋ ਵੀ ਮਤਲਬ ਤੂੰ ਸਮਝੇਂ, ਉਹ ਤੇਰਾ ਕੰਮ ਤੇ ਤੂੰ ਹੀ ਜਾਣ! … ਮੇਰੇ ਦੋ ਭਰਾ ਟੱਲੇਵਾਲ ਪਿੰਡ ਰਹਿੰਦੇ ਨੇਉਹ ਸਾਧਾਂ ਵਾਲਾ ਕੰਮ ਨਹੀਂ ਕਰਦੇ, ਮਤਲਬ, ਪੁੱਛਾਂ ਨਹੀਂ ਦਿੰਦੇ, ਗਜਾ ਕਰਨ ਨਹੀਂ ਜਾਂਦੇਉਹ ਖੇਤੀ ਕਰਦੇ ਨੇਜੱਟ ਨੇ ਪੂਰੇ! ਲੋਕ ਉਹਨਾਂ ਨੂੰ ਮੇਰੇ ਬਾਰੇ ਪੁੱਛਦੇ ਰਹਿੰਦੇ ਨੇ, ਬਾਬਾ ਕਦੋਂ ਆਊ? ਦੋ-ਚਹੁੰ ਮਹੀਨੀਂ ਮੈਂ ਉੱਥੇ ਗੇੜਾ ਮਾਰ ਆਉਂਦਾ ਹਾਂ

ਇੱਕ ਪਲ ਰੁਕ ਕੇ ਉਹਨੇ ਕਹਾਣੀ ਅੱਗੇ ਤੋਰੀ, “ਮੈਂ ਪਿਛਲੇ ਸਾਲ ਗਿਆ ਤਾਂ ਇੱਕ ਤੀਵੀਂ ਆਈਬਹੁਤ ਰੋਈ, ‘ਬਾਬਾ, ਮੇਰੀ ਇੱਕੋ ਨੂੰਹ ਹੈ, ਉਸੇ ਨੂੰ ਓਪਰੀ ਛਾਇਆ ਦੇ ਦੌਰੇ ਪੈਂਦੇ ਨੇਕਿਸੇ ਵੈਦ-ਹਕੀਮ ਤੋਂ ਠੀਕ ਨਹੀਂ ਹੋਈਬੈਠੀ-ਬੈਠੀ ਜਾਂ ਕੰਮ ਕਰਦੀ-ਕਰਦੀ ਘੁਮੇਟਣੀ ਖਾ ਕੇ ਬੇਸੁਰਤ ਡਿਗ ਪੈਂਦੀ ਐਪਾਣੀ ਦੇ ਛਿੱਟੇ ਮਾਰ ਕੇ ਤੇ ਹੱਥ-ਪੈਰ ਮਲ਼ ਕੇ ਮਸਾਂ ਸੁਰਤ ਵਿੱਚ ਲਿਆਈਦੀ ਐ।’ ਮੈਂ ਉਹਤੋਂ ਉਹਦੇ ਟੱਬਰ ਦੇ ਜੀਆਂ ਦੀ ਜਾਣਕਾਰੀ ਲੈ ਲਈ ਤੇ ਕਿਹਾ, ‘ਦਿਨ ਦਾ ਇਹ ਵੇਲਾ ਵਿੱਦਿਆ ਵਿਚਾਰਨ ਵਾਸਤੇ ਠੀਕ ਨਹੀਂ ਹੁੰਦਾ, ਪਹਿਲੇ ਪਹਿਰ ਹੀ ਰੇਖ ਵਿੱਚ ਮੇਖ ਵੱਜਦੀ ਐ।’ ਉਹ ਕਹਿੰਦੀ, ‘ਘਰੇ ਵੀ ਮੈਨੂੰ ਉਹੋ ਵੇਲਾ ਠੀਕ ਰਹੂ, ਬਾਬਾ, ਮੇਰਾ ਮਨੁੱਖ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਤੇ ਕਲੇਸ ਪਾ ਬਹਿੰਦਾ ਐਭਲਕੇ ਉਹ ਤੇ ਵੱਡਾ ਮੁੰਡਾ ਜਦੋਂ ਖੇਤ ਨੂੰ ਤੁਰ ਗਏ, ਮੈਂ ਆ ਕੇ ਤੈਨੂੰ ਲੈ ਜਾਊਂ।’ ਮੈਂ ਹਾਮੀ ਭਰ ਦਿੱਤੀ

ਬਾਬੇ ਨੇ ਸਾਹ ਲਿਆ ਤੇ ਬੋਲਿਆ, “ਅਗਲੇ ਦਿਨ ਮੈਂ ਉਹਦੇ ਨਾਲ ਗਿਆ ਤਾਂ ਘਰ ਵਿੱਚ ਓਪਰੀ ਕਸਰ ਵਾਲੀ ਬਹੂ ਤੋਂ ਬਿਨਾਂ ਬਾਰਾਂ ਚੌਦਾਂ ਸਾਲ ਦੀ ਉਮਰ ਦਾ ਇੱਕ ਮੁੰਡਾ ਤੇ ਉਹਤੋਂ ਛੋਟੀ ਇੱਕ ਕੁੜੀ ਸਨ, ਉਸ ਤੀਵੀਂ ਦੇ ਛੋਟੇ ਬੱਚੇਮੈਂ ਹਿਸਾਬ ਲਾਇਆ, ਬਹੂ ਤੋਂ ਬਿਨਾਂ ਤਿੰਨ ਜਣੇ ਐ ਜੋ ਘਰੋਂ ਭੇਜਣੇ ਪੈਣੇ ਐ! ਟੱਲੇਵਾਲ ਪਿੰਡ ਨਹਿਰ ਦੇ ਨਾਲ ਐਮੈਂ ਸੱਸ ਨੂੰ ਕਿਹਾ, ‘ਤੂੰ ਕਿਸੇ ਭਾਂਡੇ ਵਿੱਚ ਪਹਿਲਾਂ ਕੁਛ ਜਲ ਨਹਿਰ ਦਾ ਪਾ, ਫੇਰ ਉਸ ਵਿੱਚ ਛੀ ਖੂਹਾਂ ਦਾ ਜਲ ਪਾ ਤੇ ਇਹ ਸੱਤ-ਜਲਾ ਬਣਾ ਕੇ ਲੈ ਆ।’ ਮੁੰਡੇ ਨੂੰ ਮੈਂ ਪਿੰਡ ਵਿੱਚ ਜਾਂ ਪਿੰਡ ਦੀਆਂ ਨਿਆਈਆਂ ਵਿੱਚ ਆਮ ਮਿਲਦੇ ਅੱਡ-ਅੱਡ ਕਿਸਮ ਦੇ ਸੱਤ ਬਿਰਛਾਂ ਦੀਆਂ ਛੋਟੀਆਂ-ਛੋਟੀਆਂ ਡਾਹਣੀਆਂ ਲਿਆਉਣ ਲਈ ਕਹਿ ਦਿੱਤਾ, ਬੋਹੜ, ਪਿੱਪਲ, ਨਿੰਮ, ਟਾਹਲੀ, ਕਿੱਕਰ, ਬੇਰੀ, ਤੂਤ ਜਾਂ ਕੋਈ ਹੋਰ… ਤੇ ਕੁੜੀ ਨੂੰ ਗਊਆਂ ਵਾਲ਼ੇ ਸੱਤ ਘਰੀਂ ਜਾ ਕੇ ਉਹਨਾਂ ਦਾ ਥੋੜ੍ਹਾ-ਥੋੜ੍ਹਾ ਗੋਹਾ ਲਿਆਉਣ ਵਾਸਤੇ ਭੇਜ ਦਿੱਤਾਉਹ ਤਿੰਨੇ ਖਾਸੇ ਚਿਰ ਵਾਸਤੇ ਘਰੋਂ ਬਾਹਰ ਹੋ ਗਏਹੁਣ ਪਿੱਛੇ ਰਹਿ ਗਏ ਛਾਇਆ ਵਾਲੀ ਬਹੂ ਤੇ ਮੈਂ, ਇਲਾਜ ਕਰਨ ਵਾਲ਼ਾ ਬਾਬਾ

ਬਾਬੇ ਦੀ ਕਹਾਣੀ ਬੜੀ ਦਿਲਚਸਪ ਸੀ ਮੈਨੂੰ ਉਸ ਵਿੱਚੋਂ ਸੁਜਾਨ ਸਿੰਘ ਤੇ ਵਿਰਕ ਦੀਆਂ ਕਹਾਣੀਆਂ ਵਰਗਾ ਰਸ ਆ ਰਿਹਾ ਸੀਕਹਾਣੀ ਵੀ ਹੁਣ ਬੜੇ ਨਾਜ਼ੁਕ ਮੋੜ ਉੱਤੇ ਅੱਪੜ ਗਈ ਸੀ

ਬਾਬੇ ਨੇ ਕਥਾ ਅੱਗੇ ਤੋਰੀ, “ਮੈਂ ਵਹੁਟੀ ਨੂੰ ਕਿਹਾ, ‘ਦੇਖ ਭਾਈ, ਤੂੰ ਮੇਰੀ ਧੀ ਤੇ ਮੈਂ ਤੇਰਾ ਪਿਓ ਮੈਨੂੰ ਸੱਚ-ਸੱਚ ਦੱਸ, ਤੈਨੂੰ ਕੀ ਦੁੱਖ ਐ? ਜੇ ਭੋਰਾ ਵੀ ਓਹਲਾ ਰੱਖੇਂਗੀ, ਉਪਾਅ ਨਹੀਂ ਹੋਣਾ।’ ਕੁੜੀ ਕਹਿੰਦੀ, ‘ਬਾਬਾ, ਇਹਨਾਂ ਨੇ ਵਿਆਹ ਮਗਰੋਂ ਇੱਕ ਵਾਰੀਂ ਵੀ ਮੈਨੂੰ ਪੇਕੀਂ ਨਹੀਂ ਭੇਜਿਆਮੇਰੇ ਪੇਕਿਆਂ ਨੂੰ ਵੀ ਕਹਿ ਦਿੱਤਾ, ਥੋਡੇ ਟੱਬਰ ਦਾ ਕੋਈ ਜੀਅ ਸਾਡੇ ਘਰ ਨਾ ਆਵੇਜਦੋਂ ਮੈਨੂੰ ਮਾਂ ਤੇ ਭੈਣ-ਭਾਈ ਯਾਦ ਆਉਂਦੇ ਐ, ਮੇਰੇ ਅੰਦਰੋਂ ਵਰੋਲ਼ਾ ਜਿਹਾ ਉੱਠ ਕੇ ਸਿਰ ਨੂੰ ਚੜ੍ਹ ਜਾਂਦਾ ਹੈ ਤੇ ਮੈਨੂੰ ਬੇਸੁਰਤੀ ਦਾ ਦੌਰਾ ਪੈ ਜਾਂਦਾ ਹੈ।’ ਮੈਨੂੰ ਉਹਦੇ ਰੋਗ ਦੀ ਤੰਦ ਹੱਥ ਆਉਂਦੀ ਦਿੱਸੀ

ਬਾਬਾ ਕਹਿੰਦਾ, “ਮੈਂ ਪੁੱਛਿਆ, ‘ਪਰ ਇਹਨਾਂ ਨੇ ਤੇਰੇ ਪੇਕਿਆਂ ਨਾਲੋਂ ਇਉਂ ਨਾਤਾ ਕਿਉਂ ਤੋੜ ਲਿਆ?’ ਉਹਨੇ ਅੰਦਰਲੀ ਗੱਲ ਦੱਸੀ, ‘ਵਿਆਹੀ ਤਾਂ ਮੈਂ ਪੁੰਨ ਦੀ ਸੀ ਪਰ ਮੇਰਾ ਸ਼ਰਾਬੀ ਪਿਓ ਵੈਰੀ ਬਣ ਗਿਆਸਾਡੇ ਸਾਰੇ ਟੱਬਰ ਤੋਂ ਚੋਰੀਉਂ ਇਹਨਾਂ ਤੋਂ ਮੇਰੇ ਪੈਸੇ ਲੈ ਲਏਪਿੰਡ ਦੇ ਜਿਨ੍ਹਾਂ ਲੋਕਾਂ ਨੂੰ ਪਤਾ ਲੱਗਿਆ, ਉਹਨਾਂ ਵਿੱਚੋਂ ਕੁਛ ਭਾਨੀਮਾਰਾਂ ਨੇ ਵਿਆਹ ਵੇਲੇ ਹੀ ਚੁਗਲੀ ਕਰ ਦਿੱਤੀਇਹਨਾਂ ਦੇ ਕੰਨ ਭਰ ਦਿੱਤੇ, ਅਖੇ ਜੇ ਤੁਸੀਂ ਕੁੜੀ ਫੇਰਾ ਪਾਉਣ ਪੇਕੀਂ ਭੇਜੀ, ਇਹਦਾ ਪਿਉ ਫੇਰ ਪੈਸੇ ਮੰਗੂਬੱਸ ਇਹਨਾਂ ਨੇ ਮੈਨੂੰ ਵਿਆਹੀ ਆਈ ਨੂੰ ਹੀ ਇੱਥੇ ਰੱਖ ਲਿਆ, ਪੇਕੀਂ ਫੇਰਾ ਪਾਉਣ ਵੀ ਨਹੀਂ ਭੇਜਿਆ।’ ਇਹ ਸੁਣ ਕੇ ਮੇਰਾ ਹੱਥ ਰੋਗ ਦੀ ਜੜ ਨੂੰ ਪੈ ਗਿਆ!”

ਬਾਬਾ ਉਪਾਅ ਵੱਲ ਤੁਰਿਆ, “ਮੈਂ ਕੁੜੀ ਨੂੰ ਪੁੱਛਿਆ, ‘ਜੇ ਇਹਨਾਂ ਦਾ ਡਰ ਸੱਚਾ ਹੋਇਆ? ਮੰਨ ਲੈ, ਮੈਂ ਤੈਨੂੰ ਪੇਕੀਂ ਭਿਜਵਾ ਦਿਆਂ ਤੇ ਤੇਰਾ ਪਿਉ ਫੇਰ ਪੈਸੇ ਮੰਗ ਲਵੇ?’ ਉਹ ਕਹਿੰਦੀ, ‘ਨਹੀਂ ਬਾਬਾ, ਹੁਣ ਇਹ ਐਵੇਂ ਡਰਦੇ ਐਪਤਾ ਲੱਗੇ ਤੋਂ ਸਾਰੇ ਟੱਬਰ ਨੇ ਤੇ ਰਿਸ਼ਤੇਦਾਰਾਂ ਨੇ ਮੇਰੇ ਪਿਓ ਨੂੰ ਬਹੁਤ ਲਾਹਨਤਾਂ ਪਾਈਆਂਨਾਲੇ ਹੁਣ ਇਹ ਮੇਰਾ ਆਬਦਾ ਘਰ ਐ, ਜੇ ਮੇਰਾ ਪਿਓ ਨਾ ਵੀ ਭੇਜੂ, ਮੈਂ ਆਪੇ ਗਠੜੀ ਚੱਕ ਕੇ ਆ ਜਾਊਂ।’ ਉਹਦੇ ਮੂੰਹੋਂ ਇਹ ਸੁਣ ਕੇ ਮੇਰੀ ਤਸੱਲੀ ਹੋ ਗਈਜੇ ਮੈਂ ਇਹਨੂੰ ਪੇਕੀਂ ਭਿਜਵਾ ਦਿਆਂ, ਕੋਈ ਡਰ ਵਾਲੀ ਗੱਲ ਨਹੀਂ!”

ਬਾਬੇ ਨੇ ਦੱਸਿਆ, “ਬੱਚਿਆ, ਉਹ ਤਿੰਨੇ ਆਏ ਤਾਂ ਮੈਂ ਕੁੜੀ ਦਾ ਲਿਆਂਦਾ ਸੱਤ ਗਊਆਂ ਦਾ ਗੋਹਾ ਮਾਂ ਦੇ ਲਿਆਂਦੇ ਸੱਤ-ਜਲੇ ਵਿੱਚ ਘੋਲ਼ ਕੇ ਗਊ-ਗੋਬਰੀ ਬਣਾ ਲਈਬਰਾਂਡੇ ਵਿੱਚ ਕੁਛ ਥਾਂ ਉੱਤੇ ਗਊ-ਗੋਬਰੀ ਦਾ ਪੋਚਾ ਫੇਰ ਦਿੱਤਾਬਾਕੀ ਗਊ-ਗੋਬਰੀ ਵਿੱਚ ਮੁੰਡੇ ਦੀਆਂ ਲਿਆਂਦੀਆਂ ਸੱਤ ਬਿਰਛਾਂ ਦੀਆਂ ਡਾਹਣੀਆਂ ਡੋਬ ਡੋਬ ਕੇ ਸਾਰੇ ਘਰ ਵਿੱਚ ਛਿੱਟਾ ਦੇ ਦਿੱਤਾਪੋਚੇ ਵਾਲੀ ਥਾਂ ਧੂਫ਼ ਧੁਖਾ ਕੇ ਤੇ ਬਹੂ ਨੂੰ ਬਹਾ ਕੇ ਉਹਦੇ ਉੱਤੇ ਵੀ ਗਊ-ਗੋਬਰੀ ਦੇ ਛਿੱਟੇ ਮਾਰ ਦਿੱਤੇ ਨਾਲੋ-ਨਾਲ ਮੂੰਹ ਵਿੱਚ ਮੰਤਰ ਤਾਂ ਪੜ੍ਹਨੇ ਹੀ ਹੋਏ

ਬਾਬਾ ਮੁਸਕਰਾਇਆ, “ਹੁਣ ਭਲਾ ਓਪਰੀ ਕਸਰ ਨੇ ਘਰ ਵਿੱਚ ਕਿੱਥੇ ਰਹਿਣਾ ਸੀ! ਮੈਂ ਸੱਸ ਨੂੰ ਕਿਹਾ, ‘ਬਹੂ ਨੌਂ ਦਿਨ ਕੰਨਿਆ ਬਣ ਕੇ ਰਹੇ… … ਇਹਨੂੰ ਨੌਂ ਦਿਨ ਪੇਕੀਂ ਭੇਜ ਦਿਓ।’ ਸੱਸ ਨੇ ਸਿਰ ਮਾਰਿਆ, ‘ਨਾ ਬਾਬਾ ਨਾ, ਹੋਰ ਜੋ ਮਰਜ਼ੀ ਕਰਵਾ ਲੈ, ਮੈਂ ਇਹਨੂੰ ਪੇਕੀਂ ਨਹੀਂ ਭੇਜਣਾਇਹਦੇ ਪਿਓ ਨੇ ਵਿਆਹ ਤੋਂ ਪਹਿਲਾਂ ਪੈਸੇ ਗਿਣ ਕੇ ਧਰਾ ਲਏ ਸੀ, ਉਹਨੇ ਲਾਲਚੀ ਸ਼ਰਾਬੀ ਨੇ ਹੁਣ ਫੇਰ ਮੰਗ ਲੈਣੇ ਐ… … ਮੈਂ ਇਉਂ ਕਰੂੰ, ਇਹਨੂੰ ਕੰਨਿਆ ਬਣਾਉਣ ਵਾਸਤੇ ਇਹਦਾ ਮੰਜਾ ਆਪਣੇ ਮੰਜੇ ਦੇ ਨਾਲ ਜੋੜ ਕੇ ਡਾਹ ਲਿਆ ਕਰੂੰ।’ ਮੈਂ ਕਿਹਾ, ‘ਤੂੰ ਇਹਦਾ ਮੰਜਾ ਤਾਂ ਨਾਲ ਜੋੜ ਕੇ ਡਾਹ ਲਵੇਂਗੀ ਪਰ ਇੱਥੇ ਹਰ ਕੋਈ ਇਹਨੂੰ ਬਹੂ-ਬਹੂ ਤਾਂ ਕਹਿੰਦਾ ਹੀ ਰਹੂ!’ ਤੇ ਮੈਂ ਹਿੱਕ ਥਾਪੜੀ, ‘ਇਹ ਜ਼ਿੰਮੇਵਾਰੀ ਮੇਰੀਇਹਦੇ ਪੇਕੇ ਪਿੰਡ ਦੀ ਪੰਚਾਇਤ ਮੇਰੀ ਬਹੁਤ ਮੰਨਦੀ ਐਜੇ ਇਹਦਾ ਪਿਓ ਵਾਪਸ ਭੇਜਣ ਤੋਂ ਆਨਾਕਾਨੀ ਕਰੂ, ਮੈਂ ਪੰਚਾਇਤ ਜੋੜ ਕੇ ਕੁੜੀ ਨੂੰ ਲਿਆ ਤੇਰੇ ਹਵਾਲੇ ਕਰੂੰ।’ ਸੱਸ ਮੇਰੀ ਜ਼ਾਮਨੀ ਤੇ ਮੰਨ ਗਈ

ਬਾਬੇ ਨੇ ਕਹਾਣੀ ਮੁਕਾਈ, “ਲਓ ਜੀ, ਮੈਂ ਕਈ ਮਹੀਨਿਆਂ ਮਗਰੋਂ ਫੇਰ ਟੱਲੇਵਾਲ਼ ਗਿਆਸੁਨੇਹਾ ਸੁਣ ਕੇ ਸੱਸ ਭੱਜੀ ਆਈਬਾਗੋਬਾਗਮੇਰੇ ਪੈਰਾਂ ਤੋਂ ਨਾ ਉੱਠੇ! ਕਹਿੰਦੀ, ‘ਬਾਬਾ, ਤੇਰੀ ਕਿਰਪਾ ਨਾਲ ਅਸੀਂ ਵਸਦਿਆਂ ਵਿੱਚ ਹੋ ਗਏਬਹੂ ਨੂੰ ਤੇਰੇ ਹਥੌਲ਼ੇ ਤੋਂ ਮਗਰੋਂ ਉਸੇ ਦਿਨ ਤੋਂ ਦੌਰਾ ਨਹੀਂ ਪਿਆਨਾਲੇ ਇਹਦੇ ਪੇਕਿਆਂ ਨਾਲ ਸਾਡਾ ਆਉਣ-ਜਾਣ ਹੋ ਗਿਆਸਾਰਾ ਟੱਬਰ ਚੰਗਾ ਐ, ਬੱਸ ਇੱਕ ਇਹਦਾ ਪਿਓ ਮਾੜਾ ਨਿਕਲਿਆਉਹਦੀ ਹੁਣ ਘਰ ਵਿੱਚ ਸੁਣਦਾ ਕੋਈ ਨਹੀਂ।’ ਫੇਰ ਮੇਰੇ ਕੰਨ ਕੋਲ ਮੂੰਹ ਕਰ ਕੇ ਕਹਿੰਦੀ, ‘ਬਾਬਾ, ਨਾਲੇ ਸੁੱਖ ਨਾਲ ਬਹੂ ਨੂੰ ਹੁਣ ਨਿੱਕਾ-ਨਿਆਣਾ ਹੋਣ ਵਾਲਾ ਐ!’ ਅਗਲੇ ਦਿਨ ਦੀ ਮੇਰੀ ਰੋਟੀ ਵਰਜ ਗਈ

ਬਾਬੇ ਜਮਨੇ ਨੇ ਜਾਣ ਵਾਸਤੇ ਖੜ੍ਹੇ ਹੁੰਦਿਆਂ ਸੋਟੀ ਚੁੱਕੀ ਤੇ ਕਹਿੰਦਾ, “ਅਗਲੇ ਦਿਨ ਘਰ ਗਏ ਦੇ ਸਾਰਾ ਟੱਬਰ ਮੁੜ-ਮੁੜ ਮੇਰੇ ਪੈਰੀਂ ਹੱਥ ਲਾਵੇ! ਖੀਰ-ਕੜਾਹ ਨਾਲ ਭੋਜਨ ਛਕਾਇਆ” ਭਾਰੀ ਡੱਗੀ ਸੰਭਾਲ ਕੇ ਖੜ੍ਹਾ ਹੁੰਦਾ ਬਾਬਾ ਬੋਲਿਆ, “ਨਾਲੇ ਬੱਚਿਆਂ, ਪੰਜ-ਕਾਪੜੀ ਉੱਤੇ ਰੱਖ ਕੇ ਇਕੋਤਰ ਸੌ ਰੁਪਇਆ ਦਿੱਤਾ! ਤੁਰਨ ਲੱਗੇ ਨੇ ਉਹਨੇ ਇਸ਼ਾਰੇ ਨਾਲ ਮੇਰੀ ਸਹੁੰ ਚੇਤੇ ਕਰਵਾਈ, “ਲੈ ਭਾਈ ਬੱਚਾ, ਹੁਣ ਮੈਂ ਚਲਦਾ ਹਾਂਤੂੰ ਗੱਲ ਪੁੱਛੀ ਤੇ ਮੈਂ ਗੱਲ ਦੱਸੀਬੱਸ ਗੱਲ ਇੱਥੇ ਹੀ ਮੁੱਕ-ਮੁਕਾ ਗਈ!”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3458)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 11 42502364)
Email: (bhullargs@gmail.com)

More articles from this author