“ਸਾਹਿਤਕ ਚਰਚਾ ਮੁਕਾ ਕੇ ਅਸੀਂ ਪੰਜਾਬ ਦੀ ਸਮਾਜਕ, ਆਰਥਕ ਤੇ ਰਾਜਨੀਤਕ ਹਾਲਤ ਦੀ ...”
(21 ਅਕਤੂਬਰ 2018)
ਦੇਸੋਂ ਤੂੰ ਪਰਦੇਸੀ ਹੋਇਆ, ਉੱਥੋਂ ਹੋ ਤੁਰਿਆ ਬਿਨਦੇਸੀ!
ਚਿੱਠੀ-ਪੱਤਰ ਲਿਖਣਾ ਹੋਊ, ਦੱਸ ਕੇ ਜਾ ਸਿਰਨਾਵਾਂ!
ਵਧੀਆ ਕਵੀ, ਵਧੀਆ ਮਨੁੱਖ ਤੇ ਯਾਰਾਂ ਦੇ ਯਾਰ ਗੁਰਚਰਨ ਰਾਮਪੁਰੀ ਦੇ ਵਿਛੋੜੇ ਦੀ ਖ਼ਬਰ ਵਿਚ, ਉਹਦੀ ਪੱਕੀ ਆਯੂ ਅਤੇ ਲੰਮੀ ਬੀਮਾਰੀ ਬਾਰੇ ਸਚੇਤ ਹੋਣ ਸਦਕਾ, ਭਾਵੇਂ ਓਨੀ ਅਚਾਨਕਤਾ ਨਹੀਂ ਸੀ, ਫੇਰ ਵੀ ਇਹ ਤਕੜੇ ਧੱਕੇ ਵਾਂਗ ਲੱਗੀ। ਬਹੁਤ ਸਾਲ ਪਹਿਲਾਂ ਉਹ ਦੇਸੋਂ ਪਰਦੇਸ ਚਲਿਆ ਗਿਆ ਤਾਂ ਕੁਦਰਤੀ ਸੀ ਕਿ ਅਗਲੀ, ਕਲਪਿਤ ਪਰਲੋਕ ਦੀ ਯਾਤਰਾ ਉੱਤੇ ਉੱਥੋਂ ਹੀ ਤੁਰਦਾ। ਪਰਦੇਸੀ ਹੋ ਗਏ ਮਿੱਤਰਾਂ ਬਾਰੇ ਦੂਹਰਾ ਦੁਖਾਂਤ ਝੱਲਣਾ ਪੈਂਦਾ ਹੈ। ਨਾ ਅਸੀਂ ਉਹਨਾਂ ਦੇ ਸੱਥਰਾਂ ਉੱਤੇ, ਉੱਥੇ ਜਿਹੋ ਜਿਹੇ ਵੀ ਅਣਵਿਛਿਆਂ ਵਰਗੇ ਵਿਛਦੇ ਹੋਣਗੇ, ਬੈਠਣ ਜਾ ਸਕਦੇ ਹਾਂ ਤੇ ਨਾ ਉਹ ਹੀ ਇੱਧਰਲੇ ਮਿੱਤਰਾਂ ਦੇ ਸੱਥਰ ਉੱਤੇ ਬੈਠਣ ਆ ਸਕਦੇ ਹਨ। ਨੇੜਤਾ ਦੀ ਸੰਭਾਵਨਾ ਨੂੰ ਦਿਨੋ-ਦਿਨ ਸੁਕੇੜ ਕੇ ਦੂਰੋਂ ਅਨੇਕ-ਭਾਂਤੀ ਸੰਪਰਕ ਜੋੜਨ ਵਾਲ਼ੇ ਇਸ ਤਕਨੀਕੀ ਜੁੱਗ ਵਿਚ ਪਰਦੇਸੀ ਸੱਥਰ ਤੱਕ ਹੰਝੂ ਵੀ ਦੂਰੋਂ ਹੀ ਭੇਜਣੇ ਪੈਂਦੇ ਹਨ!
ਗੁਰਚਰਨ ਸੀ ਤਾਂ ਮੈਥੋਂ ਕੁੱਲ ਅੱਠ ਸਾਲ ਵੱਡਾ, ਪਰ ਜਦੋਂ ਮੈਂ ਅਜੇ ਆਪਣੇ ਅੰਦਰ ਕਲਮ ਫੜਨ ਦਾ ਭਰੋਸਾ ਵੀ ਪੈਦਾ ਨਹੀਂ ਸੀ ਕਰ ਸਕਿਆ, ਉਹ ਲਿਖਣ ਹੀ ਨਹੀਂ ਸੀ ਲੱਗ ਪਿਆ, ਉਹਦੇ ਲਿਖੇ ਦੀ ਚੰਗੀ ਚਰਚਾ ਵੀ ਹੋਣ ਲੱਗ ਪਈ ਸੀ। ਦੂਜੀ ਸੰਸਾਰ ਜੰਗ ਦੇ ਬਣਾਏ ਖੰਡਰ ਅਜੇ ਧੁਖ ਹੀ ਰਹੇ ਸਨ ਕਿ ਸਾਮਰਾਜੀ ਤਾਕਤਾਂ ਨੇ ਤੀਜੀ ਸੰਸਾਰ ਜੰਗ ਦੀ ਤਿਆਰੀ ਵਿੱਢ ਦਿੱਤੀ। ਇਹਦੇ ਮੁਕਾਬਲੇ ਲਈ ਦੁਨੀਆ ਭਰ ਵਿਚ ਰੋਹ-ਭਰੀ ਅਮਨ ਲਹਿਰ ਉੱਠ ਖਲੋਤੀ। ਲੇਖਕ, ਰੰਗਕਰਮੀ ਤੇ ਗਾਇਕ ਇਹਦੀ ਵੱਡੀ ਧਿਰ ਬਣੇ ਜਿਨ੍ਹਾਂ ਨੂੰ ਭਾਰਤ ਵਿਚ ਮੰਚ ਇਪਟਾ ਦੇ ਰੂਪ ਵਿਚ ਹਾਸਲ ਹੋਇਆ। ਗੁਰਚਰਨ ਦੀ ਕਲਮ ਦਾ ਵਿਕਾਸ ਤਾਂ ਜਿਵੇਂ ਪੰਜਾਬ ਦੀ ਇਸ ਸਾਹਿਤਕ-ਸਭਿਆਚਾਰਕ ਲਹਿਰ ਦੇ ਅੰਗ ਵਜੋਂ ਹੀ ਹੋਇਆ। ਸੰਤੋਖ ਸਿੰਘ ਧੀਰ, ਗੁਰਚਰਨ ਰਾਮਪੁਰੀ, ਅਜਾਇਬ ਚਿਤਰਕਾਰ ਤੇ ਸੁਰਜੀਤ ਰਾਮਪੁਰੀ ਦੀ ਕਵੀ-ਚੌਂਕੜੀ ਤੋਂ ਇਲਾਵਾ ਤੇਰਾ ਸਿੰਘ ਚੰਨ, ਜੁਗਿੰਦਰ ਬਾਹਰਲਾ, ਸੁਰਿੰਦਰ ਕੌਰ, ਪ੍ਰੋ. ਨਿਰੰਜਨ ਸਿੰਘ, ਅਮਰਜੀਤ ਗੁਰਦਾਸਪੁਰੀ, ਮੱਲ ਸਿੰਘ ਰਾਮਪੁਰੀ, ਗੁਰਚਰਨ ਬੋਪਾਰਾਇ, ਸਵਰਨ ਸਿੰਘ ਤੇ ਹੋਰ ਅਨੇਕ ਲੇਖਕ, ਰੰਗਕਰਮੀ ਤੇ ਗਾਇਕ ਕਵਿਤਾਵਾਂ, ਨਾਟਕ, ਉਪੇਰੇ ਤੇ ਗੀਤ ਲੈ ਨਗਰ-ਨਗਰ ਡਗਰ-ਡਗਰ ਫਿਰ ਕੇ ਪੰਜਾਬੀਆਂ ਤੱਕ ਅਮਨ ਦਾ ਸੁਨੇਹਾ ਪਹੁੰਚਦਾ ਕਰ ਰਹੇ ਸਨ। ਕਿਸੇ ਸੇਵਾਫਲ ਦੀ ਆਸ ਜਾਂ ਇੱਛਾ ਨਹੀਂ, ਉਸ ਜ਼ਮਾਨੇ ਦੀਆਂ ਸਫ਼ਰ-ਸਹੂਲਤਾਂ, ਕਈ ਵਾਰ ਕਿਰਾਇਆ ਵੀ ਪੱਲਿਉਂ ਖਰਚਣਾ ਤੇ ਕਿਰਤੀ-ਕਾਮਿਆਂ ਦੇ ਘਰਾਂ ਦੀ ਰੁੱਖੀ-ਮਿੱਸੀ ਰੋਟੀ! ਇਸੇ ਕਰਕੇ ਤਾਂ ਇਹ ਤੇ ਹੋਰ ਅਜਿਹੇ ਨਾਂ ਪੰਜਾਬ ਦੇ ਲੋਕ-ਹਿਤੈਸ਼ੀ ਸਾਹਿਤਕ-ਸਭਿਆਚਾਰਕ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੇ ਹੋਏ ਮਿਲਦੇ ਹਨ।
ਗੁਰਚਰਨ ਨੂੰ ਮੈਂ ਪਹਿਲਾਂ-ਪਹਿਲ ਇਹਨਾਂ ਅਮਨ-ਕਾਨਫ਼ਰੰਸਾਂ ਵਿਚ ਹੀ ਦੇਖਿਆ-ਸੁਣਿਆ। ਉਸੇ ਦੌਰ ਵਿਚ ਉਹਦੀਆਂ ਤੇ ਕੁਝ ਹੋਰ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਰੂਸ ਵਿਚ ਛਪ ਗਈਆਂ। ਉਸ ਜ਼ਮਾਨੇ ਵਿਚ ਪੰਜਾਬੀ ਅਖ਼ਬਾਰਾਂ-ਰਸਾਲਿਆਂ ਵਿਚ ਇਹ ਬੜੀ ਵੱਡੀ ਖ਼ਬਰ ਬਣੀ। ਉਹਨੀਂ ਦਿਨੀਂ, 1953 ਵਿਚ, ਜਦੋਂ ਉਹਦਾ ਨਾਂ ਪਹਿਲਾਂ ਹੀ ਲੋਕਾਂ ਤੱਕ ਪਹੁੰਚਿਆ ਹੋਇਆ ਸੀ, ਉਹਦਾ ਪਹਿਲਾ ਕਵਿਤਾ-ਸੰਗ੍ਰਹਿ ‘ਕਣਕਾਂ ਦੀ ਖ਼ੁਸ਼ਬੋ’ ਛਪਿਆ। ਉਹ ਉਹਨਾਂ ਸੁਭਾਗੀਆਂ ਪੁਸਤਕਾਂ ਵਿਚ ਸ਼ਾਮਲ ਹੋ ਗਿਆ ਜਿਨ੍ਹਾਂ ਦੀ ਚਰਚਾ ਆਪਣੇ ਲੇਖਕ ਦੀ ਰਚਨਾਕਾਰੀ ਦੀ ਪੁਖ਼ਤਾ ਬੁਨਿਆਦ ਬਣ ਜਾਂਦੀ ਹੈ। ਇਸ ਪੁਸਤਕ ਦੀ ਪ੍ਰਸੰਗਕਤਾ ਤੇ ਮਹੱਤਤਾ ਦੀ ਸੂਹ ਇਹਦੀਆਂ ਕਵਿਤਾਵਾਂ ਦੇ ਨਾਂਵਾਂ ਤੋਂ ਹੀ ਮਿਲ ਜਾਂਦੀ ਹੈ ਜਿਵੇਂ ਰਾਜ ਮਹਿਲ ਦਾ ਹਾਲ, ਦਿੱਲੀ, ਅਮਨ ਦਾ ਗੀਤ, ਪਿਆਰਾਂ ਦੀ ਗਲਵੱਕੜੀ, ਚਾਨਣ ਦੀ ਜੰਞ ਢੁੱਕੇ, ਸੰਘਰਸ਼, ਕਣਕਾਂ ਦੀ ਖ਼ੁਸ਼ਬੋ, ਲੋਕ-ਚੀਨ ਨੂੰ ਸਲਾਮ, ਹਾਕਮ ਕੁਰਸੀ ਬੈਠਿਆ, ਕੋਰੀਆ, ਅਸੀਂ ਜਵਾਨ ਜਗਤ ਦੇ, ਘੁੱਗੀ ਸੋਂਹਦੀ ਫ਼ਰੇਰੇ ’ਤੇ, ਪੰਜਾਬ ਸਾਡਾ, ਬਸੰਤੀ ਰੰਗ ਖਿੜਨਾ ਹੈ, ਹੋਏਗੀ ਨਾ ਲਾਮ, ਬਾਗ਼ੀਆਂ ਦਾ ਗੀਤ, ਆਦਿ।
ਗੁਰਚਰਨ ਨਾਲ ਮੇਰਾ ਵਾਹ ਓਦੋਂ ਪਿਆ ਜਦੋਂ ਉਹ ਕੈਨੇਡਾ ਜਾ ਚੁੱਕਿਆ ਸੀ ਤੇ ਇੱਧਰ ਲੇਖਕ ਵਜੋਂ ਮੇਰੀ ਕੁਝ ਕੁਝ ਪਛਾਣ ਬਣਨ ਲੱਗ ਪਈ ਸੀ। ਉਹ ਚਿੱਠੀਆਂ ਦਾ ਜ਼ਮਾਨਾ ਸੀ। ਇੱਧਰ ਛਪੀ ਹੋਈ ਮੇਰੀ ਕਹਾਣੀ ਪੜ੍ਹ ਕੇ ਉਹਦੀ ਬੜੀ ਪਿਆਰੀ ਪ੍ਰਸ਼ੰਸਾ-ਭਰੀ ਚਿੱਠੀ ਆਈ। ਛੇਤੀ ਹੀ ਸਾਡੀ ਇਹ ਦੁਰੇਡੀ ਲੇਖਕੀ ਪਛਾਣ ਦੋਸਤੀ ਬਣ ਨਿੱਸਰ ਪਈ। ਇਕ ਵਾਰ ਦੇਸ ਆਉਂਦਾ ਹੋਇਆ ਉਹ ਹਵਾਈ ਅੱਡੇ ਤੋਂ ਮੇਰੇ ਘਰ ਆ ਗਿਆ। ਪਹਿਲੀ ਵਾਰ ਆਇਆ ਪਰ ਚਿਰ-ਆਉਂਦਿਆਂ ਵਾਂਗ ਆਇਆ। ਮੇਰੀ ਸਾਥਣ ਦਾ ਨਾਂ ਗੁਰਚਰਨ ਸੁਣ ਕੇ ਬੋਲਿਆ, “ਲਉ, ਇਹ ਤਾਂ ਸਾਡੀ ਕੁੜੀ ਦਾ ਹੀ ਘਰ ਨਿਕਲਿਆ!”
‘ਕਣਕਾਂ ਦੀ ਖ਼ੁਸ਼ਬੋ’ ਤੋਂ ਮਗਰੋਂ ਉਹਦੇ ਛੇ ਕਵਿਤਾ-ਸੰਗ੍ਰਹਿ, ਕੌਲ-ਕਰਾਰ, ਕਿਰਨਾਂ ਦਾ ਆਲ੍ਹਣਾ, ਅੰਨ੍ਹੀ ਗਲ਼ੀ, ਕੰਚਨੀ, ਕਤਲਗਾਹ ਤੇ ਅਗਨਾਰ, ਪ੍ਰਕਾਸ਼ਿਤ ਹੋਏ। 2001 ਵਿਚ ਉਹਨੇ ਇਹ ਸਾਰੀਆਂ ਪੁਸਤਕਾਂ ਉਸੇ ਰੂਪ ਵਿਚ ‘ਅੱਜ ਤੋਂ ਆਰੰਭ ਤਕ’ ਨਾਂ ਹੇਠ ਇੱਕੋ ਜਿਲਦ ਵਿਚ ਸਾਂਭ ਦਿੱਤੀਆਂ। ਆਮ ਰਿਵਾਜ ਦੇ ਉਲਟ ਉਹਨੇ ਅੰਤਲੀ ਪੁਸਤਕ ਸ਼ੁਰੂ ਵਿਚ ਤੇ ਪਹਿਲੀ ਪੁਸਤਕ ਅੰਤ ਵਿਚ ਦਿੱਤੀ। ਉਹਦਾ ਕਹਿਣਾ ਸੀ ਕਿ ਪਾਠਕ ਮੇਰੀ ਕਵਿਤਾ ਦਾ ਵਰਤਮਾਨ ਜਾਣ ਕੇ ਇਹ ਦੇਖੇ ਕਿ ਮੈਂ ਕਿਹੜੇ ਕਿਹੜੇ ਪੰਧ ਮਾਰਨ ਵਾਸਤੇ ਕਿੱਥੋਂ ਤੁਰਿਆ ਸੀ। ਇਸ ਮਗਰੋਂ ਵੀ ਉਹਦੀ ਇਕ ਪੁਸਤਕ ‘ਦੋਹਾਵਲੀ’ ਆਈ ਜਿਸ ਵਿਚ, ਜਿਵੇਂ ਨਾਂ ਤੋਂ ਹੀ ਜ਼ਾਹਿਰ ਹੈ, ਉਹਦੇ ਲਿਖੇ ਹੋਏ ਦੋਹੇ ਸ਼ਾਮਲ ਹਨ।
ਸਮਾਂ ਬਦਲਦਾ ਰਿਹਾ, ਵਾਦ ਆਉਂਦੇ-ਜਾਂਦੇ ਰਹੇ, ਪਰ ਸਾਹਿਤ ਦੀ ਲੋਕ-ਹਿਤੈਸ਼ੀ ਭੂਮਿਕਾ ਦੇ ਉਹਦੇ ਨਿਸਚੇ ਵਿਚ ਕੋਈ ਫ਼ਰਕ ਨਾ ਆਇਆ। ਉਹ ਲਿਖਦਾ ਹੈ, “ਮੈਨੂੰ ਜਾਪਦਾ ਹੈ ਕਿ ਮੈਂ ਆਪਣੇ ਸਮੇਂ ਦੀ ਹੀ ਗੱਲ ਕਰਨ ਜੋਗਾ ਹਾਂ। ਰਹੱਸਵਾਦੀ ਅਧਿਆਤਮਿਕ ਗਗਨ ਮੰਡਲਾਂ ਲਈ ਮੈਂ ਕਦੇ ਆਪਣੇ ਮਨ ਵਿਚ ਧੂਹ ਪੈਂਦੀ ਮਹਿਸੂਸ ਨਹੀਂ ਕੀਤੀ। ਇਹ ਮੰਡਲ ਅਤੇ ਮੈਂ ਇਕ ਦੂਜੇ ਲਈ ਅਜਨਬੀ ਹਾਂ। ਮੈਨੂੰ ਤਾਂ ਸਾਡੀ ਦੁਨੀਆ ਅਤੇ ਇਸਦੇ ਲੋਕਾਂ ਦੀਆਂ ਸਮੱਸਿਆਵਾਂ ਵਿਚ ਹੀ ਦਿਲਚਸਪੀ ਹੈ। … ਕਲਮ ਦੀ ਸਮਰੱਥਾ ਅਤੇ ਸੀਮਾ ਭਾਵੇਂ ਪਰਤੱਖ ਹੈ ਪਰ ਅਸੀਂ ਕਲਮਕਾਰ ਸੱਚ ਦੇ ਵੇਲੇ ਸੱਚ ਸੁਣਾਏ ਬਿਨਾਂ ਆਪਣਾ ਫ਼ਰਜ਼ ਅਦਾ ਨਹੀਂ ਕਰ ਸਕਦੇ।”
ਕਵੀ ਵਜੋਂ ਉਹ ਸ਼ਬਦ ਦੀ ਸ਼ਕਤੀ ਬਾਰੇ ਪੂਰਾ ਸਚੇਤ ਸੀ ਪਰ ਇਹ ਵੀ ਜਾਣਦਾ ਸੀ ਕਿ ਲੋਕ-ਵਿਰੋਧੀ ਤਾਕਤਾਂ ਇਸ ਸ਼ਕਤੀ ਦੀ ਦੁਰਵਰਤੋਂ ਕਰਨ ਤੋਂ ਵੀ ਨਹੀਂ ਰੁਕਦੀਆਂ:
ਸ਼ਬਦ ਮਨੁੱਖੀ ਕਰਾਮਾਤ ਹੈ
ਬੁੱਧ ਵਿਚਾਰ ਵਿਵੇਕ ਵੱਲ ਜਾਂਦੀ
ਸ਼ਾਹਰਾਹ ’ਤੇ ਕੋਹ-ਪੱਥਰ ਹੈ
ਤਨੋਂ ਅਗਾਂਹ ਮਨ ਦੀ ਗੱਲ ਨੂੰ
ਸਾਕਾਰ ਕਰੇਂਦਾ ਜਾਦੂਗਰ ਹੈ।
ਇਕ ਯੁੱਗ ਦੀ ਗੱਲ ਦੂਜੇ ਯੁੱਗ ਦੇ
ਹੱਥ ਫੜਾਉਂਦਾ ਇਕ ਵਿਚੋਲਾ
ਭਲਿਆਂ ਹੱਥ ਜੀਵਨ ਦਾ ਸੇਵਕ
ਦੰਭੀਆਂ ਹੱਥ ਚੰਗਿਆੜਾ
ਸਹਿਜ ਸੁਭਾਅ ਦੀ ਖ਼ਾਤਰ ਚਾਣਨ
ਸੁਰ ਸਿਰ ਖ਼ਾਤਰ ਰਾਗ ਅਨਾਦ ਅਨੰਤ ਅਨੂਠਾ।
ਸ਼ਬਦ ਗੀਤ ਹੈ, ਗਾਲ਼ ਵੀ ਹੈ ਤੇ ਲੋਰੀ ਵੀ
ਸ਼ਬਦ ਅਸਾਡੀ ਸ਼ਕਤੀ ਵੀ, ਕਮਜ਼ੋਰੀ ਵੀ।
ਉਹ ਖ਼ਬਰਦਾਰ ਕਰਦਾ ਹੈ ਕਿ ਮਨੁੱਖਤਾ ਤੇ ਮਨੁੱਖੀ ਪਸੂਤਾ ਵਿਚਕਾਰ ਫਸਵੀਂ ਟੱਕਰ ਵਿਚ ਸ਼ਬਦ ਦਾ ਸ਼ਕਤੀਸ਼ਾਲੀ ਹੋਣਾ ਮਨੁੱਖੀ ਪਸੂਤਾ ਨੂੰ ਹਰਾਉਂਦਾ ਹੈ ਤੇ ਕਮਜ਼ੋਰ ਹੋਣਾ ਮਨੁੱਖੀ ਪਸੂਤਾ ਹੱਥੋਂ ਹਾਰਦਾ ਹੈ।
ਜਦ ਵੀ ਸ਼ਬਦ ਉਜਾਗਰ ਹੋਇਆ
ਹੋਏ ਸਿੰਗ ਅਲੋਪ।
ਜਦੋਂ ਸ਼ਬਦ ਤੋਂ ਬੇਮੁੱਖ ਹੋਏ
ਚੜ੍ਹਿਆ ਪਸੂ ਕਰੋਪ।
ਇਸੇ ਕਰਕੇ ਉਹ ਮਨੁੱਖਤਾ ਦੇ ਮੁਦਈਆਂ ਨੂੰ ਵੰਗਾਰਦਾ ਹੈ:
ਲਾਹ ਆਪਣੇ ਸਿਰ ਤੋਂ ਸਿੰਗਾਂ ਨੂੰ
ਫੇਰ ਸ਼ਬਦ ਨੂੰ ਟੋਲ਼।
ਤੇਰੇ ਅੰਦਰ ਹੀ ਅੰਮ੍ਰਿਤ ਹੈ
ਅਪਣਾ ਅੰਦਰ ਫੋਲ਼!
ਆਪਣੇ ਇਹਨਾਂ ਵਿਚਾਰਾਂ ਤੇ ਵਿਸ਼ਵਾਸਾਂ ਉੱਤੇ ਉਹ ਅੰਤਲੇ ਸਾਹ ਤੱਕ ਅਡੋਲ ਰਿਹਾ। ਉਹਦੀ ਰਚਨਾ ਦਾ ਬਹੁਤ ਵੱਡਾ ਹਿੱਸਾ ਲੋਕ-ਸਮੱਸਿਆਵਾਂ ਨੂੰ ਸਮਰਪਿਤ ਹੈ। ਆਮ ਲੋਕਾਂ ਦੀਆਂ ਸਮਾਜਕ, ਆਰਥਕ, ਰਾਜਨੀਤਕ ਖੱਜਲ-ਖ਼ੁਆਰੀਆਂ ਲਗਾਤਾਰ ਉਹਦੇ ਧਿਆਨ ਦੇ ਕੇਂਦਰ ਵਿਚ ਰਹੀਆਂ ਅਤੇ ਇਹੋ ਉਹਦੀ ਕਵਿਤਾ ਦਾ ਮੁੱਖ ਵਿਸ਼ਾ ਰਹੀਆਂ। ਇਹਦੇ ਨਾਲ਼ ਹੀ ਉਹਨੇ ਪਿਆਰ ਦਾ ਜਜ਼ਬਾ ਆਪਣੀ ਰਚਨਾ ਵਿਚ ਬੜੀ ਨਫ਼ਾਸਤ ਨਾਲ ਪੇਸ਼ ਕੀਤਾ। ਉਹਦੀ ਕਵਿਤਾ ਦਾ ਵੱਡਾ ਗੁਣ ਸਰਲਤਾ ਤੇ ਸਹਿਜਤਾ ਹੈ। ਉਹ ਹਰ ਵਿਚਾਰ ਬਹੁਤ ਹੀ ਸਰਲ ਭਾਸ਼ਾ ਵਿਚ ਪੇਸ਼ ਕਰਨ ਦੇ ਸਮਰੱਥ ਸੀ ਤੇ ਉਸ ਸਰਲਤਾ ਵਿੱਚੋਂ ਖ਼ੂਬਸੂਰਤ ਕਾਵਿਕਤਾ ਤੇ ਭਾਸ਼ਾਈ ਜਲੌਅ ਪੈਦਾ ਕਰਨ ਦਾ ਉਸਤਾਦ ਸੀ। ਮਿਸਾਲ ਵਜੋਂ ਪੰਜਾਬ ਦੇ ਕਾਲ਼ੇ ਦੌਰ ਦੇ ਅੰਮ੍ਰਿਤਸਰ ਤੇ ਦਿੱਲੀ ਦੇ ਘੱਲੂਘਾਰਿਆਂ ਦਾ ਸਾਰਾ ਦਰਦ ਉਹ ਦੋ ਸਤਰਾਂ ਵਿਚ ਭਰ ਦਿੰਦਾ ਹੈ:
ਇਸ ਸ਼ਹਿਰ ਵੀ ਮੈਂ ਮਰਿਆ ਹਾਂ, ਦੂਜੇ ਵੀ,
ਲਾਸ਼ ਮਿਰੀ ਸੜਕੇ ਵੀ ਰੁਲ਼ੀ, ਸਰੋਵਰ ਵੀ।
ਤੇ ਪਿਆਰ ਦੀ ਹਜ਼ੂਰੀ ਵਿਚ ਹੁੰਦਾ ਹੈ ਤਾਂ ਉਹਦਾ ਧੁਰ ਗਹਿਰਾ ਅੰਦਰ ਗਾ ਉੱਠਦਾ ਹੈ:
ਹਿਜਰ ਦੀ ਰਾਤ ਨੀਂਦ ਕਦ ਆਉਂਦੀ,
ਵਸਲ ਦੀ ਰਾਤ ਕੌਣ ਸੌਂਦਾ ਹੈ।
ਤੇਰਾ ਗ਼ਮ ਹੀ ਨਿਭਾਏ ਸਾਥ ਮਿਰਾ,
ਕੌਣ ਦੁੱਖਾਂ ਵਿਚ ਕੋਲ਼ ਆਉਂਦਾ ਹੈ!
ਮੋਰ ਨੱਚਦੇ ਵੀ ਰੋਈ ਜਾਂਦੇ ਨੇ,
ਹੰਸ ਮਰਦੇ ਸਮੇਂ ਵੀ ਗਾਉਂਦਾ ਹੈ।
ਉਹ ਸਾਹਿਤ ਲਈ ਸਭਾਵਾਂ ਦੀ ਅਤੇ ਸਮਾਜ ਲਈ ਸਾਹਿਤ ਦੀ ਲੋੜ ਬਾਰੇ ਮੁੱਢੋਂ ਹੀ ਚੇਤੰਨ ਸੀ। ਉਹਨੇ ਲੇਖਕ ਸਾਥੀਆਂ ਨਾਲ਼ ਮਿਲ ਕੇ 1953 ਵਿਚ ਪੰਜਾਬ ਦੀ ਪਹਿਲੀ ਸਾਹਿਤ ਸਭਾ, ਪੰਜਾਬੀ ਲਿਖਾਰੀ ਸਭਾ ਰਾਮਪੁਰ, ਕਾਇਮ ਕੀਤੀ ਜੋ ਉਸ ਸਮੇਂ ਤੋਂ ਅੱਜ ਤੱਕ ਸਭ ਤੋਂ ਸਰਗਰਮ ਸਾਹਿਤ ਸਭਾ ਮੰਨੀ ਜਾਂਦੀ ਹੈ। ਸਾਹਿਤ ਨੂੰ ਲੋਕਾਂ ਦੇ ਹੱਥਾਂ ਤੱਕ ਪੁਜਦਾ ਕਰਨ ਲਈ ਉਹਨੇ ਕੁਝ ਸਾਲ ਪਹਿਲਾਂ ਚਾਰ ਲੱਖ ਰੁਪਏ ਲਾ ਕੇ ਆਪਣੇ ਜੱਦੀ ਪਿੰਡ ਰਾਮਪੁਰ ਵਿਚ ਪਿਤਾ ਸ੍ਰ. ਮੋਹਨ ਸਿੰਘ ਦੇ ਨਾਂ ਨਾਲ਼ ਲਾਇਬਰੇਰੀ ਬਣਾਈ ਜਿਸ ਨੂੰ ਲਿਖਾਰੀ ਸਭਾ ਦੇ ਸਾਥੀ ਚਲਾ ਰਹੇ ਹਨ। ਕੈਨੇਡਾ ਪਹੁੰਚਿਆ ਤਾਂ ਉਹਨੇ ਪਹਿਲਾ ਕੰਮ ਉੱਥੋਂ ਦੇ ਪੰਜਾਬੀ ਲੇਖਕਾਂ ਨੂੰ ਸੰਗਠਿਤ ਕਰਨ ਦਾ ਕੀਤਾ। 1976 ਵਿਚ ਉਹਨੇ ਕੈਨੇਡਾ ਵਿਚ ਵਸੇ ਏਸ਼ੀਆਈ ਕਵੀਆਂ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਦਾ ਸੰਗ੍ਰਹਿ ‘ਗਰੀਨ ਸਨੋਅ’ ਦੇ ਨਾਂ ਹੇਠ ਛਪਵਾਇਆ।
ਉਹ ਇੱਧਰਲੇ ਹਾਲਾਤ ਨਾਲ਼ ਪੂਰੀ ਤਰ੍ਹਾਂ ਜੁੜਿਆ ਰਹਿਣਾ ਚਾਹੁੰਦਾ ਸੀ। ਉਹਦਾ ਫੋਨ ਮੈਨੂੰ ਕਦੀ ਵੀ ਪੰਜਾਹ-ਸੱਠ ਮਿੰਟ ਤੋਂ ਛੋਟਾ ਨਹੀਂ ਸੀ ਆਇਆ। ਸਾਹਿਤਕ ਚਰਚਾ ਮੁਕਾ ਕੇ ਅਸੀਂ ਪੰਜਾਬ ਦੀ ਸਮਾਜਕ, ਆਰਥਕ ਤੇ ਰਾਜਨੀਤਕ ਹਾਲਤ ਦੀ ਪੁਣਛਾਣ ਕਰਦੇ। ਉਹ ਇੱਧਰਲਾ ਚੱਕਰ ਮਾਰਦਾ ਤਾਂ ਇਕ ਥਾਂ ਟਿਕ ਕੇ ਨਹੀਂ ਸੀ ਬੈਠਦਾ। ਉਹਦੀ ਕੋਸ਼ਿਸ਼ ਲੇਖਕਾਂ, ਰਿਸ਼ਤੇਦਾਰਾਂ ਅਤੇ ਹੋਰ ਆਪਣਿਆਂ ਨਾਲ਼ ਵੱਧ ਤੋਂ ਵੱਧ ਮੇਲ-ਮੁਲਾਕਾਤਾਂ ਨਿਭਾਉਣ ਦੀ ਹੁੰਦੀ। ਉਹਨੇ ਆਪਣੇ ਸਭ ਤੋਂ ਪਿਆਰੇ ਦੋਸਤ ਸੰਤੋਖ ਸਿੰਘ ਧੀਰ ਕੋਲ ਪਹੁੰਚਣਾ ਹੁੰਦਾ ਤਾਂ ਧੀਰ ਜੀ ਦਾ ਫੋਨ ਆਉਂਦਾ, “ਭੁੱਲਰ, ਬੁੱਧਵਾਰ ਨੂੰ ਗੁਰਚਰਨ ਆ ਰਿਹਾ ਹੈ, ਤੂੰ ਮੰਗਲ ਨੂੰ ਹੀ ਆ ਜਾਈਂ।” ਮੈਂ ਆਖਦਾ, “ਧੀਰ ਜੀ, ਉਹ ਮੇਰੇ ਕੋਲ਼ੋਂ ਤਾਂ ਗਿਆ ਹੈ, ਮੈਂ ਕਾਹਦੇ ਲਈ ਆਵਾਂ!” ਉਹ ਹਸਦੇ, “ਵੱਡਿਆਂ ਨਾਲ ਬਹੁਤੀ ਬਹਿਸ ਨਹੀਂ ਕਰਦੇ!” ਤੇ ਫੋਨ ਬੰਦ ਕਰ ਦਿੰਦੇ।
ਇਕ ਦਿਨ ਮਹਿਫ਼ਲ ਸਜੀ ਤੋਂ ਧੀਰ ਜੀ ਕਹਿੰਦੇ, “ਗੁਰਚਰਨ, ਤੇਰੀ ਟਾਈ ਬਹੁਤ ਖ਼ੂਬਸੂਰਤ ਹੈ, ਕੱਲ੍ਹ ਲਾਹ ਦੇਈਂ।” ਗੁਰਚਰਨ ਹੱਸਿਆ, “ਕੱਲ੍ਹ ਕੀਹਨੂੰ ਆਇਆ, ਹੁਣੇ ਲਾਹ ਦਿੰਦਾ ਹਾਂ। ਪਰ ਧੀਰ ਮੇਰੇ ਤਾਂ ਸਾਰੇ ਕੱਪੜੇ ਹੀ ਵਧੀਆ ਨੇ। ਇਹ ਵੀ ਸਾਰੇ ਲਾਹ ਜਾਊਂ, ਮੈਨੂੰ ਜਾਂਦੇ ਨੂੰ ਬੁੱਕਲ ਮਾਰਨ ਨੂੰ ਕੋਈ ਖੇਸ ਦੇ ਦੇਈਂ।” ਧੀਰ ਜੀ ਨੇ ਸਿਰ ਮਾਰਿਆ, “ਓ ਬਾਕੀ ਕੱਪੜੇ ਨਹੀਂ ਮੇਰੇ ਮੇਚ ਆਉਂਦੇ, ਬੱਸ ਤੂੰ ਟਾਈ ਲਾਹ ਜਾਈਂ।” ਗੁਰਚਰਨ ਨੇ ਮੇਰੇ ਨਾਲ਼ ਸ਼ਰਾਰਤੀ ਅੱਖ ਮਿਲਾਈ, “ਵੈਸੇ ਧੀਰ, ਮੇਰੀਆਂ ਕਵਿਤਾਵਾਂ ਵੀ ਤੇਰੀਆਂ ਕਵਿਤਾਵਾਂ ਨਾਲੋਂ ਬਹੁਤ ਖ਼ੂਬਸੂਰਤ ਨੇ!” ਧੀਰ ਜੀ ਨੇ ਗਲਾਸ ਰੱਖਿਆ ਤੇ ਆਪਣੀ ਪਰਚਮੀ ਉਂਗਲ ਉੱਚੀ ਕੀਤੀ, “ਗ਼ਲਤ ਬਾਤ! ਗੁਰਚਰਨ ਰਾਮਪੁਰੀ, ਤੂੰ ਉਮਰੋਂ ਤਾਂ ਮੈਥੋਂ ਛੋਟਾ ਹੈਂ ਹੀ, ਕਵੀ ਹੋਰ ਵੀ ਬਹੁਤਾ ਛੋਟਾ ਹੈਂ!” ਤੇ ਫੇਰ ਮੁਸਕਰਾਏ, “ਚੱਲ, ਗਲਾਸ ਚੱਕ!” ਅਜਿਹੇ ਨਿਰਮਲ-ਚਿੱਤ ਮਨੁੱਖ! ਅਜਿਹੀਆਂ ਪੁਰਖ਼ਲੂਸ ਦੋਸਤੀਆਂ! ਖ਼ੁਸ਼ਕਿਸਮਤ ਹੁੰਦੇ ਹਨ ਮੇਰੇ ਵਰਗੇ ਉਹ ਲੋਕ ਜਿਨ੍ਹਾਂ ਨੂੰ ਅਜਿਹਾ ਸਾਥ ਮਾਣਨ ਦਾ ਅਵਸਰ ਮਿਲਦਾ ਹੈ।
ਸਰੀਰਕ ਅਹੁਰਾਂ ਨੇ ਗੁਰਚਰਨ ਨੂੰ ਕਾਫ਼ੀ ਅਗੇਤਾ ਹੀ ਘੇਰਨਾ ਸ਼ੁਰੂ ਕਰ ਦਿੱਤਾ ਸੀ। ਇਕ ਵਾਰ ਆਇਆ ਤਾਂ ਉਹਦੇ ਮੂੰਹੋਂ ਬਿੰਦੇ-ਝੱਟੇ, “ਓਹੋ… ਹੋਹੋ… ਓਹੋ… ਹੋਹੋ…” ਦਾ ਆਵਾਜ਼ਾ ਆ ਰਿਹਾ ਸੀ। ਉਹਦੀ ਇਕ ਲੱਤ ਨੂੰ ਸਿਆਟਿਕਾ ਦਰਦ ਨੇ ਮੁਸੀਬਤ ਪਾਈ ਹੋਈ ਸੀ। ਮੈਂ ਮਾਹੌਲ ਨੂੰ ਨਰਮ ਕਰਨ ਲਈ ਕਿਹਾ, “ਤੁਹਾਡੀ ਓਹੋ… ਹੋਹੋ… ਓਹੋ… ਹੋਹੋ… ਵੀ ਐਨ ਸੁਰ ਵਿਚ ਹੈ।” ਉਹ ਹੱਸਿਆ, “ਓ ਭਾਈ, ਮੇਰਾ ਤਰੱਨਮ ਤੇ ਸੁਰਤਾਲ ਤਾਂ ਇਪਟਾ ਦੀਆਂ ਸਟੇਜਾਂ ਵੇਲ਼ੇ ਦਾ ਮੰਨਿਆ ਹੋਇਆ ਹੈ। ਮੇਰੀ ਹੂੰਗਰ ਬੇਤਾਲੀ ਕਿਵੇਂ ਹੋ ਸਕਦੀ ਹੈ।”
ਇਕ ਦਿਨ ਪਰਦੇਸੋਂ ਬੋਲਿਆ, “ਡਿੱਗ ਕੇ ਹੱਡੀ ਟੁੱਟ ਗਈ। ਹਸਪਤਾਲੋਂ ਪਾਜ ਲੁਆ ਕੇ ਲਿਆਇਆ ਹਾਂ।” ਉਸ ਪਿੱਛੋਂ “ਬਥੇਰਾ ਧਿਆਨ ਰੱਖਣ ਦੇ ਬਾਵਜੂਦ” ਉਹ ਡਿਗਦਾ ਰਿਹਾ ਤੇ ਹੱਡੀਆਂ ਇੱਕ ਇੱਕ ਕਰ ਕੇ ਟੁੱਟਦੀਆਂ ਰਹੀਆਂ। ਉਹ ਹੱਸਿਆ, “ਹੁਣ ਤਾਂ ਕੋਈ ਹੀ ਹੱਡੀ ਭਾਵੇਂ ਸਾਬਤ ਬਚੀ ਹੋਵੇ। ਹਸਪਤਾਲ ਵਾਲਿਆਂ ਨੇ ਵਾਕਰ ਦੇ ਦਿੱਤਾ ਹੈ।” ਫੇਰ ਵਾਕਰ ਪਹੀਆ-ਕੁਰਸੀ ਵਿਚ ਬਦਲ ਗਿਆ। ਉਹ ਪਰ ਚੜ੍ਹਦੀ ਕਲਾ ਵਿਚ ਹੀ ਰਿਹਾ। ਲੰਮੇ ਫੋਨ ਕਰਦਾ, ਮੇਲ ਕਰਦਾ ਤੇ ਪੜ੍ਹਦਾ। ਮੈਨੂੰ ਆਪਣੀਆਂ ਲਿਖਤਾਂ ਯੂਨੀਕੋਡ ਵਿਚ ਭੇਜਣ ਲਈ ਆਖਦਾ, “ਓ ਭਾਈ, ਇਹ ਸਾਲ਼ੀਆਂ ਮਾਡਰਨ ਚੀਜ਼ਾਂ ਛੇਤੀ ਛੇਤੀ ਆਪਣੇ ਕਾਬੂ ਕਾਹਨੂੰ ਆਉਂਦੀਆਂ ਨੇ! ਮੈਨੂੰ ਕੰਪਿਊਟਰ ਸੂਤ-ਬਾਤ ਹੀ ਆਉਂਦੈ।”
ਅਜਿਹੇ ਲੋਕ ਵੀ ਹੁੰਦੇ ਹਨ ਜੋ ਬੁੱਲ੍ਹਾਂ ਉੱਤੇ ਇਹ ਸ਼ਬਦ ਲੈ ਕੇ ਦੇਸੋਂ ਵਿਦਾਅ ਹੁੰਦੇ ਹਨ:
ਰਹੀਏ ਅਬ ਐਸੀ ਜਗਹ ਚਲ ਕਰ ਜਹਾਂ ਕੋਈ ਨਾ ਹੋ।
ਹਮ-ਸੁਖ਼ਨ ਕੋਈ ਨਾ ਹੋ ਔਰ ਹਮ-ਜ਼ੁਬਾਂ ਕੋਈ ਨਾ ਹੋ!
ਇਹਦੇ ਉਲਟ ਗੁਰਚਰਨ ਸੱਤ ਸਮੁੰਦਰੋਂ ਪਾਰ ਬੈਠਾ ਪੰਜਾਬ ਵੱਲ, ਰਾਮਪੁਰ ਵੱਲ ਨਜ਼ਰਾਂ ਟਿਕਾ ਕੇ ਅੰਤਲੇ ਦਮ ਤੱਕ ਹੌਕਾ ਲੈਂਦਾ ਰਿਹਾ:
ਹਮ ਤੋ ਹੈਂ ਪਰਦੇਸ ਮੇਂ, ਦੇਸ ਮੇਂ ਨਿਕਲਾ ਹੋਗਾ ਚਾਂਦ!
ਪਰਦੇਸ ਵਿਚ ਦਹਾਕੇ ਬੀਤ ਜਾਣ ਦੇ ਬਾਵਜੂਦ ਪੰਜਾਬ ਉਹਦੇ ਨਾਲ਼ ਨਾਲ਼ ਰਿਹਾ ਤੇ ਰਾਮਪੁਰ ਉਹਦੇ ਦਿਲ ਵਿਚ ਰਿਹਾ। ਇਕ ਦਿਨ ਫੋਨ ਆਇਆ ਤਾਂ ਡਾਢਾ ਦੁਖੀ! ਮੌਕੇ ਦੀ ਪੰਜਾਬ ਸਰਕਾਰ ਨੇ ਕੰਮ ਚਲਾਉਣ ਵਾਸਤੇ ਸਰਕਾਰੀ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹਨੂੰ ਰਾਮਪੁਰ ਦੀ ਨਹਿਰੀ ਕੋਠੀ ਵਿਕਾਊ ਕੀਤੀ ਹੋਣ ਦੀ ਸੋਅ ਲੱਗ ਗਈ ਸੀ। ਉਹ ਰੋਣਹਾਕਾ ਹੋਇਆ ਪਿਆ ਸੀ, “ਯਾਰ, ਉਸ ਕੋਠੀ ਦੀ ਤਾਂ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਦੇਣ ਹੀ ਬਹੁਤ ਵੱਡੀ ਹੈ!”
ਉਹਦਾ ਵਿਰਲਾਪ ਖਰਾ ਸੀ। ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀਆਂ ਇਕੱਤਰਤਾਵਾਂ ਉਸ ਕੋਠੀ ਦੀ ਹਰਿਆਲੀ ਵਿਚ ਹੀ ਹੁੰਦੀਆਂ ਰਹੀਆਂ ਸਨ। ਭਾਵੇਂ ਸਾਹਿਤਕ ਸਭਾਵਾਂ ਕਿਸੇ ਨੂੰ ਲੇਖਕ ਤਾਂ ਨਹੀਂ ਬਣਾ ਸਕਦੀਆਂ ਪਰ ਜੇ ਕਿਸੇ ਵਿਚ ਰਚਨਾਤਮਿਕ ਚਿਣਗ ਹੋਵੇ, ਉਹਨੂੰ ਬਲ਼ਦੀ ਲਾਟ ਬਣਾਉਣ ਵਿਚ ਸਹਾਈ ਜ਼ਰੂਰ ਹੋ ਸਕਦੀਆਂ ਹਨ। ਤੇ ਰਾਮਪੁਰ ਪਿੰਡ ਦੇ ਪੌਣ-ਪਾਣੀ ਵਿਚ ਪਤਾ ਨਹੀਂ ਕੀ ਕਰਾਮਾਤ ਸੀ ਤੇ ਅੱਜ ਵੀ ਹੈ ਕਿ ਉੱਥੋਂ ਦੇ ਅਨੇਕ ਨੌਜਵਾਨਾਂ ਨੇ ਇਸ ਚਿਣਗ ਦਾ ਸਬੂਤ ਨਿਰੰਤਰ ਦਿੱਤਾ। ਇਸੇ ਕਰਕੇ ਤਾਂ ਮੇਰੇ ਮਿੱਤਰ ਸੁਰਜੀਤ ਰਾਮਪੁਰੀ ਨੇ ਇਸ ਨਹਿਰ ਦੀ ਉਸਤਤ ਵਿਚ ਲਿਖਿਆ ਸੀ:
ਕੋਈ ਸੁਪਨਾ ਜਾਂ ਨਗ਼ਮਾ, ਗੀਤ, ਕੀ ਹੈ?
ਮੇਰੇ ਪਿੰਡ ਕੋਲ਼ ਜੋ ਵਗਦੀ ਨਦੀ ਹੈ!
ਤੇ ਫੇਰ ਉਹਨੇ ਆਪਣੇ ਪਿੰਡ, ਰਾਮਪੁਰ, ਦੀ ਕਰਾਮਾਤੀ ਕਾਵਿਕ ਸਮਰੱਥਾ ਦੀ ਮਹਿਮਾ ਇਉਂ ਗਾਈ ਸੀ:
ਘੁੰਗਟ ਵਰਗੀਆਂ ਛਾਂਵਾਂ ਮੇਰੇ ਪਿੰਡ ਦੀਆਂ।
ਰੁਮਕਣ ਮਸਤ ਹਵਾਵਾਂ ਮੇਰੇ ਪਿੰਡ ਦੀਆਂ।
ਕੱਚੀਆਂ ਕੰਧਾਂ ਪੱਕੀਆਂ ਪ੍ਰੀਤਾਂ ਦੀ ਬਸਤੀ
ਕਿੰਜ ਗਲ਼ੀਆਂ ਛੱਡ ਜਾਵਾਂ ਮੇਰੇ ਪਿੰਡ ਦੀਆਂ।
ਪੂਰਨ ਵਰਗੇ ਪੁੱਤਰਾਂ ਦੀ ਸੁੱਖ ਮੰਗਦੀਆਂ
ਇੱਛਰਾਂ ਵਰਗੀਆਂ ਮਾਂਵਾਂ ਮੇਰੇ ਪਿੰਡ ਦੀਆਂ।
ਹੁਸਨਾਂ ਦੇ ਹਾਸੇ ਤੇ ਪ੍ਰੀਤਾਂ ਦੇ ਨਗ਼ਮੇ
ਦੋਹਰੀਆਂ ਵਗਣ ਝਨਾਵਾਂ ਮੇਰੇ ਪਿੰਡ ਦੀਆਂ।
ਰੇਸ਼ਮ ਰੇਸ਼ਮ ਪਿੰਡਾ ਕਾਲ਼ੀਆਂ ਰਾਤਾਂ ਦਾ
ਗੋਰੀਆਂ ਗੋਰੀਆਂ ਬਾਂਹਵਾਂ ਮੇਰੇ ਪਿੰਡ ਦੀਆਂ।
ਜਿਹੜਾ ਪਾਣੀ ਪੀਂਦੈ ਸ਼ਾਇਰ ਬਣ ਜਾਂਦੈ
ਕਿੰਨੀਆਂ ਸਖ਼ਤ ਸਜ਼ਾਵਾਂ ਮੇਰੇ ਪਿੰਡ ਦੀਆਂ।
ਪੰਜਾਬ, ਪੰਜਾਬੀ, ਪੰਜਾਬੀਅਤ, ਪੰਜਾਬੀ ਸਾਹਿਤ ਅਤੇ ਸਭਿਆਚਾਰ, ਪਿੰਡ ਰਾਮਪੁਰ, ਉਹਦੇ ਨਾਲ਼ ਖਹਿ ਕੇ ਲੰਘਦੀ ਨਹਿਰ, ਇਸ ਨਹਿਰ ਦੇ ਕੰਢੇ ਨਹਿਰੀ ਕੋਠੀ, ਉਸ ਕੋਠੀ ਵਿਚ ਸਜਦੀਆਂ ਸਾਹਿਤਕ ਮਹਿਫ਼ਲਾਂ! ਅਣਗਿਣਤ ਅਜਿਹੇ ਹਾਸਲਾਂ, ਚੇਤਿਆਂ, ਝੋਰਿਆਂ ਤੇ ਹੇਰਵਿਆਂ ਦੀ ਪੋਟਲੀ ਕੱਛੇ ਮਾਰ ਕੇ ਗੁਰਚਰਨ ਰਾਮਪੁਰੀ ਅਗਲੇ ਬੇਰਾਹ, ਬੇਪੜਾਅ, ਬੇਮੰਜ਼ਿਲ ਰਾਹ ਉੱਤੇ ਤੁਰ ਪਿਆ ਹੈ ਤਾਂ ਪਿੱਛੋਂ ਦਿਲ ਆਵਾਜ਼ ਦਿੰਦਾ ਹੈ:
ਦੇਸੋਂ ਤੂੰ ਪਰਦੇਸੀ ਹੋਇਆ, ਉੱਥੋਂ ਹੋ ਤੁਰਿਆ ਬਿਨਦੇਸੀ!
ਚਿੱਠੀ-ਪੱਤਰ ਲਿਖਣਾ ਹੋਊ, ਦੱਸ ਕੇ ਜਾ ਸਿਰਨਾਵਾਂ!
*****
(1355)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)