GurbachanBhullar7ਜਦੋਂ ਬੇਦੀ ਸਾਹਿਬ ਆਪਣੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਲੇਖਾ-ਜੋਖਾ ਕਰਦੇ ਹਨ ...
(ਅਪਰੈਲ 18, 2016)


ਬੇਦੀ ਜੀ ਗਰਮੀਆਂ ਦੇ ਇਕ ਸਿਖਰ ਦੁਪਹਿਰੇ ਮੁੜ੍ਹਕੋ-ਮੁੜ੍ਹਕੀ ਹੋਏ ਘਰ ਪਰਤੇ ਤਾਂ ਸਿਰ ਤੋਂ ਪੱਗ ਲਾਹ ਕੇ ਸੋਫੇ ਉੱਤੇ ਸੁਟਦਿਆਂ ਅਤੇ ਵਾਲਾਂ ਵਿਚ ਉਂਗਲਾਂ ਫੇਰ ਕੇ ਹਵਾ ਲੁਆਉਂਦਿਆਂ ਉਡੀਕ ਵਿਚ ਬੈਠੇ ਹੋਏ ਮਿੱਤਰ ਨੂੰ ਬੋਲੇ
, “ਵੈਸੇ ਤਾਂ ਬੰਦੇ ਨੂੰ ਦੂਜੇ ਦੀ ਪੱਗ ਲਾਹ ਕੇ ਸੁਆਦ ਆਉਂਦਾ ਹੈ, ਪਰ ਕਦੇ-ਕਦੇ ਆਪਣੀ ਪੱਗ ਆਪ ਲਾਹ ਕੇ ਵੀ ਬੜਾ ਸੁਆਦ ਆਉਂਦਾ ਹੈ।ਤੇ ਉਹ ਆਪਣੀ ਪੱਗ ਕਦੀ-ਕਦੀ ਹੀ ਨਹੀਂ, ਸਗੋਂ ਅਕਸਰ ਲਾਹੁੰਦੇ ਰਹਿੰਦੇ ਸਨ। ਜੇ ਉਹਨਾਂ ਨੂੰ ਪਾਤਰ ਬਣਾ ਕੇ ਉਹ ਅਨੇਕ ਲੋਕਾਂ ਦੀਆਂ ਢਕੀਆਂ ਜੱਗ-ਜ਼ਾਹਿਰ ਕਰਦੇ ਸਨ ਤਾਂ ਉਹ ਆਪਣੀਆਂ ਕਿਉਂ ਨਾ ਕਰਨ!

ਆਪਣੀ ਸਾਰੀ ਜ਼ਿੰਦਗੀ ਦੀ ਕਰਨੀ-ਕਮਾਈ ਦਾ ਨਿਚੋੜ ਉਹ ਬੜੀ ਬੇਕਿਰਕੀ ਨਾਲ ਇਹਨਾਂ ਕੁਝ ਸ਼ਬਦਾਂ ਵਿਚ ਪੇਸ਼ ਕਰ ਦਿੰਦੇ ਹਨ: “ਅੱਜ ਤਾਈਂ ਮੈਂ ਇਕ ਵਹੁਟੀ ਦੀ ਜ਼ਿੰਦਗੀ ਬਰਬਾਦ ਕਰਨ ਅਤੇ ਕੁਝ ਬੱਚਿਆਂ ਦਾ ਭਵਿੱਖ ਨਸ਼ਟ ਕਰਨ ਤੋਂ ਇਲਾਵਾ ਜੇ ਹੋਰ ਕੋਈ ਕੰਮ ਸਿਰੇ ਚਾੜ੍ਹਿਆ ਹੈ ਤਾਂ ਬੱਸ ਇਹ ਸਫ਼ੇ ਕਾਲੇ ਕਰਨ ਦਾ।ਜਾਂ “ਫੇਰ ਥੋੜ੍ਹਾ ਜਿਹਾ ਇਸ਼ਕ ... ਵਹੁਟੀ ਵਿਚ ਦਿਲਚਸਪੀ ਦੀ ਸਮਾਪਤੀ, ਵਹੁਟੀ ਵਲੋਂ ਮੁਹੱਬਤ ਦਾ ਅੰਤ ... ਕਾਰਨ? ਅਧੇੜ ਉਮਰ ਦਾ ਸ਼ੁਦਾਅ ... ਜੇਠੇ ਮੁੰਡੇ ਵਲੋਂ ਮੈਨੂੰ ਕਾਰੋਬਾਰੀ ਤੌਰ ਉੱਤੇ ਅਨਾੜੀ ਸਮਝਿਆ ਜਾਣਾ ਤੇ ਮੇਰੇ ਵਲੋਂ ਉਹਨੂੰ ਪੈਸੇ ਦਾ ਪੀਰ ਤੇ ਗ਼ੈਰ-ਜ਼ਿੰਮੇਵਾਰ ਸਮਝਿਆ ਜਾਣਾ। ... ਕੀ ਗੱਲ ਬਣੀ?”

ਭਾਸ਼ਾਈ ਸੰਜਮ ਅਤੇ ਸੰਖੇਪਤਾ ਦਾ ਕਮਾਲ ਦਿਖਾਉਂਦਿਆਂ ਬੇਦੀ ਜੀ ਨੇ ਇਹਨਾਂ ਤਿੰਨ-ਚਾਰ ਸਤਰਾਂ ਵਿਚ ਜੋ ਕੁਝ ਕਿਹਾ ਹੈ, ਉਹ ਅਸਲ ਵਿਚ ਉਹਨਾਂ ਦੇ ਪੂਰੇ ਜੀਵਨ ਉੱਤੇ ਫੈਲੇ ਹੋਏ ਸੱਚ ਦਾ ਨਿਚੋੜ ਹੈ, ਜਿਸ ਨੇ ਅਮੁੱਕ ਲੰਮੇ ਕੰਡਿਆਲੇ ਦੁਖਾਂਤ ਦਾ ਰੂਪ ਧਾਰ ਲਿਆ। ਇਸ ਕਥਨ ਦੇ ਇਕ-ਇਕ ਵਾਕੰਸ਼ ਪਿੱਛੇ ਇਕ ਪੂਰੀ ਦੀ ਪੂਰੀ ਕਸ਼ਟਦਾਇਕ ਕਹਾਣੀ ਹੈ। ਅਸਲ ਵਿਚ ਇਸ਼ਕ, ਵਹੁਟੀ ਅਤੇ ਅਧੇੜ ਉੁਮਰਬਾਰੇ ਕਥਨ ਨੂੰ ਉਹਨਾਂ ਨੇ, ਪਤਾ ਨਹੀਂ ਕੀ ਸੋਚ ਕੇ ਅਤੇ ਕਿਉਂ, ਉਲਟੀ ਤਰਤੀਬ ਵਿਚ ਲਿਖਿਆ ਹੈ। ਸੱਚ ਇਹ ਹੈ ਕਿ ਪਹਿਲਾਂ ਪਤਨੀ ਵਲੋਂ ਮੁਹੱਬਤਦਾ ਐਲਾਨੀਆ ਅੰਤ ਕਰ ਦਿੱਤਾ ਗਿਆ। ਇਸਦਾ ਇਕੋ-ਇਕ ਕਾਰਨ ਅਧੇੜ ਉਮਰ ਦਾ ਸ਼ੁਦਾ ਨਹੀਂ ਸੀ। ਕਾਰਨ ਹੋਰ ਵੀ ਸਨ ਅਤੇ ਉਹ ਸਨ ਵੀ ਕਈ ਤੇ ਸਨ ਵੀ ਵਧੀਕ ਮਹੱਤਵਪੂਰਨ। ਸ਼ਾਇਦ ਉਹਨਾਂ ਦਾ ਜ਼ਿਕਰ ਕਰਨਾ ਬੇਦੀ ਜੀ ਲਈ ਕੁ੍ਝ ਵਧੇਰੇ ਹੀ ਕਸ਼ਟਦਾਇਕ ਹੋਣ ਕਰਕੇ ਅਸੰਭਵ ਹੋ ਗਿਆ ਹੋਵੇ।

ਪਹਿਨ-ਪੱਚਰ ਕੇ ਬਣਦੇ-ਫ਼ਬਦੇ ਤਾਂ ਬੇਦੀ ਜੀ ਵੀ ਬਹੁਤ ਸਨ ਪਰ ਉਹਨਾਂ ਦੀ ਪਤਨੀ ਕੁਝ ਬਹੁਤੀ ਹੀ ਖ਼ੂਬਸੂਰਤ ਸੀ। ਇਹਦੇ ਨਾਲ ਹੀ ਉਹ ਸੁੰਦਰਤਾ ਅਤੇ ਸੂਝ ਦੀ ਅਮੇਲਤਾ ਬਾਰੇ ਪ੍ਰੰਪਰਾਗਤ ਕਹਾਵਤ ਦਾ ਸਾਕਾਰ ਰੂਪ ਸੀ। ਉਹ ਵਿੱਦਿਆ ਤੋਂ ਤਾਂ ਕੋਰੀ ਹੈ ਹੀ ਸੀ, ਆਮ ਸਮਝ ਤੋਂ ਵੀ ਸੱਖਣੀ ਸੀ। ਉਹਦੀ ਸਾਧਾਰਨਤਾ ਉਸ ਮਾਹੌਲ ਨੂੰ ਸਮਝਣ ਤੋਂ ਬਿਲਕੁਲ ਅਸਮਰਥ ਸੀ ਜਿਸ ਵਿਚ ਬੇਦੀ ਇਕ ਫ਼ਿਲਮ ਨਿਰਮਾਤਾ, ਨਿਰਦੇਸ਼ਕ, ਪਟਕਥਾ-ਲੇਖਕ ਅਤੇ ਸੰਵਾਦ-ਲੇਖਕ ਵਜੋਂ ਵਿਚਰ ਰਹੇ ਸਨ। ਸ਼ੱਕ ਦੀ ਸਿਉਂਕ ਉਹਦੇ ਚੈਨ ਨੂੰ ਚੱਟਦੀ ਰਹਿੰਦੀ ਅਤੇ ਉਹ ਬੇਚੈਨ ਹੋ ਕੇ ਬੇਦੀ ਦਾ ਚੈਨ ਹਰਾਮ ਕਰਦੀ ਰਹਿੰਦੀ। ਬੇਦੀ ਦੀ ਸ਼ਖ਼ਸੀਅਤ ਉਹਨਾਂ ਦੀ ਬੌਧਿਕਤਾ ਕਾਰਨ ਸਾਧਾਰਨ ਸਤਹ ਤੋਂ ਜਿੰਨੀ ਉੱਚੀ ਸੀ, ਉਹਦੀ ਓਨੀ ਹੀ ਨੀਵੀਂ ਸੀ। ਇਉਂ ਉਹ ਦੋਵੇਂ ਸਾਰੀ ਉਮਰ ਦੋ ਵੱਖਰੇ-ਵੱਖਰੇ ਟਿਕਾਣਿਆਂ ਉੱਤੇ ਖਲੋਤੇ ਰਹੇ, ਉਹ ਇਕ ਉੱਚੇ ਚੌਂਤਰੇ ਉੱਤੇ ਅਤੇ ਉਹ ਇਕ ਨੀਵੇਂ ਟੋਏ ਵਿਚ। ਆਖ਼ਰ ਉਹ ਸਥਿਤੀ ਬਣ ਗਈ ਜਿਸਨੂੰ ਬੇਦੀ ਨੇ ਵਹੁਟੀ ਵਲੋਂ ਮੁਹੱਬਤ ਦਾ ਅੰਤਕਿਹਾ ਹੈ। ਮਾਨਸਿਕ ਦੂਰੀ ਪਹਿਲਾਂ ਤੋਂ ਹੀ ਸੀ, ਹੁਣ ਪਤਨੀ ਨੇ ਉਸੇ ਘਰ ਵਿਚ ਰਹਿੰਦਿਆਂ ਸਥਾਈ ਸਰੀਰਕ ਦੂਰੀ ਸਿਰਜ ਲਈ। ਪ੍ਰਤੀਕਰਮ ਉਹ ਹੋਇਆ ਜਿਸਨੂੰ ਉਹਨਾਂ ਨੇ ਵਹੁਟੀ ਵਿਚ ਦਿਲਚਸਪੀ ਦੀ ਸਮਾਪਤੀਆਖਿਆ ਹੈਇਸ ਸਾਰੇ ਰੋਲ-ਘਚੋਲੇ ਵਿਚ ਅਧੇੜ ਉਮਰ ਦੇ ਸ਼ੁਦਾਅ ਨੂੰ ਸਹਾਰਾ ਮਿਲਿਆ ਤਾਂ ਬੇਦੀ ਵਰਗੇ ਤਿਹੁ ਦੇ ਤਿਹਾਏ ਅਤੇ ਭਾਵੁਕ ਵਿਅਕਤੀ ਦਾ ਵੇਲ ਵਾਂਗ ਉਸ ਸਹਾਰੇ ਵੱਲ ਉੱਲਰ ਪੈਣਾ ਸੁਭਾਵਿਕ ਸੀ ਜਿਸਨੂੰ ਉਹ ਥੋੜ੍ਹਾ ਜਿਹਾ ਇਸ਼ਕਆਖਦੇ ਹਨ।

ਉਹ ਬੇਹੱਦ ਰੁਝੇਵਿਆਂ-ਭਰੇ ਫਿਲਮੀ ਜੀਵਨ ਵਿਚ ਘਰੋਂ ਬਾਹਰ ਰਹਿੰਦੇ ਅਤੇ ਘਰੇ ਬੈਠਿਆਂ ਪਤਨੀ ਦਾ ਇਕ ਮੁੱਖ ਰੁਝੇਵਾਂ ਬੱਚਿਆਂ ਨੂੰ ਪਿਉ ਦੇ ਵਿਰੁੱਧ ਚੁੱਕਦੇ ਰਹਿਣਾ ਹੁੰਦਾ। ਇਹਤੋਂ ਵੀ ਅੱਗੇ ਵਧ ਕੇ, ਜਦੋਂ ਕਦੀ ਕੋਈ ਰਿਸ਼ਤੇਦਾਰ ਆਉਂਦਾ ਜਾਂ ਉਹ ਕਿਸੇ ਰਿਸ਼ਤੇਦਾਰ ਦੇ ਜਾਂਦੀ, ਇਸ ਨਿੰਦਿਆ-ਪੁਰਾਣ ਦਾ ਪਾਠ ਕਰਨਾ ਉਹ ਕਦੀ ਨਾ ਭੁੱਲਦੀ। ਕੁਝ-ਕੁਝ ਸਮਝਦਾਰ ਛੋਟਾ ਪੁੱਤਰ, ਜੋ ਪੜ੍ਹਾਈ-ਸਿਖਲਾਈ ਲਈ ਜਰਮਨੀ ਗਿਆ ਸੀ ਅਤੇ ਉੱਥੋਂ ਦੀ ਲੜਕੀ ਨਾਲ ਵਿਆਹਿਆ ਹੋਇਆ ਸੀ, ਰਹਿਣ ਲਈ ਬੰਬਈ ਆਇਆ, ਪਰ ਘਰ ਦਾ ਮਾਹੌਲ ਦੇਖ ਕੇ ਜਰਮਨੀ ਪਰਤ ਗਿਆ। ਇਕ ਵੱਡੇ ਪੁੱਤਰ ਨਰਿੰਦਰ ਬੇਦੀ ਦੀ ਪਤਨੀ ਤੋਂ ਇਲਾਵਾ ਟੱਬਰ ਦੇ ਜੀਅ ਬੇਦੀ ਦੀ ਮਾਇਕ ਕਮਾਈ ਅਤੇ ਨਾਂ ਅਤੇ ਪ੍ਰਸਿੱਧੀ ਦੀ ਕਮਾਈ ਰੱਜ-ਰੱਜ ਖਾਂਦੇ ਅਤੇ ਉਹਨਾਂ ਦੀ ਰੱਜ-ਰੱਜ ਨਿੰਦਿਆ ਕਰਦੇ। ਨੂੰਹ ਉਹਨਾਂ ਦੀ ਵਡੱਤਣ ਨੂੰ ਸਮਝਦੀ, ਉਹਨਾਂ ਦੀ ਇੱਜ਼ਤ ਕਰਦੀ ਅਤੇ ਉਹਨਾਂ ਦਾ ਖਿਆਲ ਰੱਖਦੀ। ਇਸੇ ਨੂੰਹ ਨੇ ਉਹਨਾਂ ਨੂੰ ਬਿਮਾਰੀ ਦੀ ਹਾਲਤ ਵਿਚ ਸਾਂਭਿਆ। ਪਰ ਇਸ ਆਦਰ ਅਤੇ ਹਮਦਰਦੀ ਦਾ ਉਹਨੂੰ ਭਾਰੀ ਮੁੱਲ ਚੁਕਾਉਣਾ ਪਿਆ। ਸੱਸ ਤੁਹਮਤਾਂ ਲਾਉਂਦੀ। ਦੂਜੇ ਉਹਦੇ ਨਾਲ ਸੁਰ ਮਿਲਾਉਂਦੇ। ਨੂੰਹ ਰੋਂਦੀ ਕਿ ਮੇਰੇ ਪਿਤਾ-ਸਮਾਨ ਹਨ। ਬੇਦੀ ਰੋਂਦੇ ਕਿ ਇਕ ਬੱਸ ਇਹ ਧੀ-ਸਮਾਨ ਨੂੰਹ ਉਹਨਾਂ ਦੀ ਕਦਰ ਕਰਦੀ ਹੈ ਅਤੇ ਉਹਨੂੰ ਕੇਹੀਆਂ ਊਜਾਂ ਦਾ ਸਾਹਮਣਾ ਕਰਨਾ ਪੈਂਦਾ ਹੈ!

ਜਦੋਂ ਬੇਦੀ ਸਾਹਿਬ ਆਪਣੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਲੇਖਾ-ਜੋਖਾ ਕਰਦੇ ਹਨ, ਉਹਨਾਂ ਨੂੰ ਨਾਂਹ-ਪੱਖੀ ਪਲੜਾ ਝੁਕਦਾ ਦਿਸਦਾ ਹੈ। ਸ਼ਾਇਦ ਆਪਣੀ ਹੋਂਦ ਦੀ ਇਸੇ ਨਿਰਾਰਥਕਤਾ ਦੀ ਚੁਭਨ ਮਹਿਸੂਸ ਕਰ ਕੇ ਉਹ ਆਖਦੇ ਹਨ ਕਿ ਕੌਣਅਤੇ ਕੀਵਰਗੇ ਸਵਾਲ ਮੇਰੇ ਉੱਤੇ ਨਹੀਂ ਢੁਕਦੇ, ਸਗੋਂ ਮੈਨੂੰ ਤਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਮੈਂ ਕਿਉਂਹਾਂ।

ਜਿੱਥੋਂ ਤੱਕ ਇਸ਼ਕ ਦਾ ਸੰਬੰਧ ਹੈ, ਉਹ ਕਹਿੰਦੇ ਹਨ, “ਮੇਰੇ ਸਾਹਮਣੇ ਕੋਈ ਮਾਸ਼ੂਕ ਨਹੀਂ ਸੀ। ਤੇ ਜੇ ਸੀ ਤਾਂ ਮੈਨੂੰ ਬੱਚਾ ਸਮਝ ਕੇ ਟਾਲ ਜਾਂਦੀ ਸੀ। ਜੇ ਕਦੀ ਭੁੱਲ-ਭੁਲੇਖੇ ਉਹ ਮੇਰੇ ਕੋਲ ਅਟਕ ਜਾਂਦੀ ਤਾਂ ਮੇਰੀ ਘਰਵਾਲੀ ਜੁੱਤੀ ਫੜ ਲੈਂਦੀ।ਉਹ ਇਹ ਵੀ ਕਹਿੰਦੇ ਹਨ ਕਿ “ਮੈਂ ਸਿਆਣਾ ਹੋਣ ਕਰਕੇ ਕਿਸੇ ਔਰਤ ਨੂੰ ਪਿਆਰ ਨਹੀਂ ਕਰਦਾ ਅਤੇ ਔਰਤ ਬੇਵਕੂਫ ਹੋਣ ਕਰਕੇ ਮੈਨੂੰ ਪਿਆਰ ਨਹੀਂ ਕਰਦੀ।ਪਰ ਸੰਸਾਰ ਵਿਚ ਬੀ-ਨਾਸ ਤਾਂ ਕਿਸੇ ਚੀਜ਼ ਦਾ ਵੀ ਨਹੀਂ ਹੁੰਦਾ। ਆਖ਼ਰ ਇਕ ਮੁਟਿਆਰ ਆਈ ਜੋ ਬੇਵਕੂਫ਼ ਨਹੀਂ ਸੀ। ਉਹ ਸਾਹਿਤ ਦੀ ਪਾਰਖੀ ਪਾਠਕ ਸੀ, ਕਲਾ ਦੀ ਉਦਾਰ ਕਦਰਦਾਨ ਸੀ ਅਤੇ ਉਹਨੇ ਪੀ-ਐਚ. ਡੀ. ਕੀਤੀ ਹੋਈ ਸੀ। ਤੇ ਉਸਨੂੰ ਮਿਲਦਿਆਂ ਹੀ ਇਹਨਾਂ ਦੀ ਸਿਆਣਪ ਧਰੀ-ਧਰਾਈ ਰਹਿ ਗਈ ਕਿਉਂਕਿ ਇਹਨਾਂ ਨੂੰ ਯਾਦ ਆ ਗਿਆ ਕਿ ਸਾਡੇ ਧਰਮ-ਗਰੰਥਾਂ ਵਿਚ ਜਦੋਂ ਮੇਨਿਕਾ ਦੇ ਡੁਲਾਇਆਂ ਮਹਾਂਰਿਸ਼ੀ ਵਿਸ਼ਵਮਿੱਤਰ ਦਾ ਡੋਲਣਾ ਬੁਰਾ ਨਹੀਂ ਸਮਝਿਆ ਗਿਆ ਸਗੋਂ ਇਕ ਕੁਦਰਤੀ ਵਰਤਾਰੇ ਵਜੋਂ ਲਿਆ ਗਿਆ ਹੈ, ਤਾਂ ਇਸ ਨਾਜ਼ਕ ਘੜੀ ਉਹਨਾਂ ਦਾ ਡੋਲਣਾ ਕਿਵੇਂ ਵੀ ਅਨੁਚਿਤ ਨਹੀਂ ਸਮਝਿਆ ਜਾ ਸਕਦਾ।

ਕੁੜੀ ਨੇ ਇਕ ਲੇਖਕ ਅਤੇ ਫਿਲਮਕਾਰ ਵਜੋਂ ਇਹਨਾਂ ਦੀ ਤਾਰੀਫ਼ ਕੀਤੀ, ਇਹ ਕੋਈ ਸਬੂਤ ਮੰਗੇ ਬਿਨਾਂ ਸਹਿਮਤ ਹੋ ਗਏ। ਕੁੜੀ ਨੇ ਆਪਣੀ ਅਭਿਨੈ-ਨਿਪੁੰਨਤਾ ਦੱਸੀ, ਇਹ ਹੁਣ ਵੀ ਕੋਈ ਸਬੂਤ ਮੰਗੇ ਬਿਨਾਂ ਸਹਿਮਤ ਹੋ ਗਏ। ਫੇਰ ਜਦੋਂ ਕੁੜੀ ਨੇ ਆਪਣੀਆਂ ਬਹੁਪੱਖੀ ਯੋਗਤਾਵਾਂ ਸਦਕਾ ਇਹਨਾਂ ਵਰਗੇ ਯੋਗ ਵਿਅਕਤੀ ਨੂੰ ਪਿਆਰ ਕਰਨ ਦਾ ਆਪਣਾ ਅਧਿਕਾਰ ਜਤਾਇਆ ਤਾਂ ਸ਼ਬਦਾਂ ਨੇ ਭਾਸ਼ਾ ਦੇ ਉਸਤਾਦ ਦਾ ਸਾਥ ਛੱਡ ਦਿੱਤਾ ਅਤੇ ਫੇਰ, ਜਿਵੇਂ ਆਪਣੀ ਅਸਹਿਮਤੀ ਪ੍ਰਗਟਾਉਣ ਲਈ, ਇਹ ਬੜੀ ਮੁਸ਼ਕਲ ਨਾਲ ਇੰਨਾ ਕਹਿ ਸਕੇ, “ਪਰ ... ਪਰ ... ਤੂੰ ਤਾਂ ਅਜੇ ਬੱਚੀ ਹੈਂ!

ਸਥਿਤੀ ਦਾ ਵਿਅੰਗ ਦੇਖੋ ਕਿ ਕਿੱਥੇ ਤਾਂ ਮਾਸ਼ੂਕ ਬੇਦੀ ਸਾਹਿਬ ਨੂੰ ਬੱਚਾ ਸਮਝ ਕੇ ਟਾਲ ਜਾਂਦੀਆਂ ਸਨ, ਕਿੱਥੇ ਹੁਣ ਮਾਸ਼ੂਕ ਬਣੇ ਬੇਦੀ ਸਾਹਿਬ ਆਪਣੀ ਆਸ਼ਕ ਨੂੰ ਬੱਚੀ ਆਖ ਕੇ ਟਾਲ ਰਹੇ ਸਨ। ਪਰ ਕੁੜੀ, ਜੋ ਬੇਵਕੂਫ਼ ਨਹੀਂ ਸੀ, ਝੱਟ ਤਾੜ ਗਈ ਕਿ ਜਨਾਬ, ਜਿਨ੍ਹਾਂ ਨੇ ਉਹਨਾਂ ਦੇ ਪਹਿਲੇ ਕਥਨਾਂ ਦਾ ਕੋਈ ਸਬੂਤ ਨਹੀਂ ਸੀ ਮੰਗਿਆ, ਹੁਣ ਉਹਦੀ ਜਵਾਨੀ ਦਾ ਸਰਟੀਫ਼ੀਕੇਟ ਮੰਗ ਰਹੇ ਹਨ।

ਹਾਲਤ ਮੀਰ ਵਾਲੀ ਹੋ ਗਈ:

ਵੁਹ ਆਏ ਮਹਿਫ਼ਲ ਮੇਂ, ਇਤਨਾ ਤੋ ਮੀਰ ਨੇ ਦੇਖਾ,
ਉਸ ਕੇ ਬਾਅਦ ਚਿਰਾਗ਼ੋਂ ਮੇਂ ਰੌਸ਼ਨੀ ਨਾ ਰਹੀ!

ਹੋਸ਼ ਦੇ ਚਿਰਾਗ਼ ਦੁਬਾਰਾ ਜਗੇ ਤਾਂ ਪਿਆਰ-ਭਰਿਆ ਦਿਲ ਕਦੀ ਨਾ ਤੋੜਨ ਵਾਲੀ ਪੰਜਾਬੀ ਪ੍ਰੰਪਰਾ ਚੇਤੇ ਆ ਗਈ। ... ਤੇ ਭਗਵਾਨ ਜਾਣੇ, ਇਸ ਮਾਮਲੇ ਬਾਰੇ ਕੌਣ ਬੇਈਮਾਨ ਸ੍ਰੀਮਤੀ ਬੇਦੀ ਕੋਲ ਕੂੜ-ਕੁਫ਼ਰ ਤੋਲ ਕੇ, ਝੂਠੀਆਂ-ਸੱਚੀਆਂ ਲਾ-ਬੁਝਾ ਕੇ ਇਹਨਾਂ ਦੇ ਦਫ਼ਤਰ ਛਾਪਾ ਤੱਕ ਮਰਵਾ ਦਿੰਦਾ ਸੀ ਅਤੇ ਘਰਵਾਲੀ ਦੇ ਹੱਥ ਵਿਚ ਜੁੱਤੀ ਹੋਣ ਬਾਰੇ ਬੇਦੀ ਸਾਹਿਬ ਦੀ ਸ਼ਿਕਾਇਤ ਸੱਚੀ ਹੋ ਜਾਂਦੀ ਸੀ।

*****

(259)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author