“ਹੁਣ ਅਜਿਹੀ ਇਕ ਹੋਰ ਬਹਿਸ ਭਖੀ ਹੋਈ ਹੈ ...”
(ਜੂਨ 20, 2016)
ਕੁਝ ਲੋਕਾਂ ਦਾ ਮੱਤ ਹੈ, ਨਾਂ ਵਿਚ ਕੀ ਪਿਆ ਹੈ! ਉਹ ਕਹਿੰਦੇ ਹਨ, ਜੇ ਕਿਸੇ ਮੋਹਨ ਸਿੰਘ ਦਾ ਨਾਂ ਸੋਹਨ ਸਿੰਘ ਹੁੰਦਾ, ਇਸ ਨਾਲ ਕੁਝ ਨਹੀਂ ਸੀ ਬਦਲਣਾ। ਕੁਝ ਹੋਰ ਆਖਦੇ ਹਨ, ਨਾਂ ਵਿਚ ਬਹੁਤ ਕੁਝ ਹੁੰਦਾ ਹੈ। ਉਹ ਸੰਬੰਧਿਤ ਬੰਦੇ ਦੀ ਮਾਇਕ-ਸਮਾਜਕ ਹਾਲਤ ਦਾ ਖੁਲਾਸਾ ਕਰ ਦੇਣ ਵਾਲੇ ਇੱਕੋ ਨਾਂ ਦੇ ਤਿੰਨ ਰੂਪਾਂ ਦੀ ਮਿਸਾਲ ਦਿੰਦੇ ਹਨ, “ਪਰਸੂ, ਪਰਸਾ, ਪਰਸ ਰਾਮ, ਮਾਇਆ ਤੇਰੇ ਤੀਨ ਨਾਮ!” ਇਸ ਬਹਿਸ ਨੂੰ ਸਾਹਿਤਕ ਰੰਗਤ ਨਾਟ-ਸਮਰਾਟ ਸ਼ੇਕਸਪੀਅਰ ਦੇ ਨਾਟਕ ‘ਰੋਮੀਓ-ਜੂਲੀਅਟ’ ਦੀ ਨਾਇਕਾ ਜੂਲੀਅਟ ਨੇ ਦਿੱਤੀ ਸੀ। ਰੋਮੀਓ ਦੇ ਘਰਾਣੇ ਦਾ ਪਤਾ ਲੱਗੇ ਤੋਂ ਉਹ ਆਖਦੀ ਹੈ, “ਕੀ ਫ਼ਰਕ ਪੈਂਦਾ ਹੈ ਜੇ ਰੋਮੀਓ ਸਾਡੇ ਘਰਾਣੇ ਦੇ ਸ਼ਰੀਕ ਘਰਾਣੇ ਮੌਂਟੇਗ ਵਿੱਚੋਂ ਹੈ, ਭਾਵ ਉਹਦੇ ਨਾਂ ਨਾਲ ਮੌਂਟੇਗ ਜੁੜਿਆ ਹੋਇਆ ਹੈ? ਨਾਂ ਵਿਚ ਕੀ ਪਿਆ ਹੈ? ਜਿਸ ਨੂੰ ਅਸੀਂ ਗੁਲਾਬ ਆਖਦੇ ਹਾਂ, ਉਹਦਾ ਨਾਂ ਕੁਝ ਵੀ ਹੋਰ ਰੱਖ ਦੇਈਏ, ਉਹ ਤਦ ਵੀ ਏਨੀ ਹੀ ਮਿੱਠੀ-ਪਿਆਰੀ ਖ਼ੁਸ਼ਬੂ ਦੇਵੇਗਾ!” ਜੂਲੀਅਟ ਤੋਂ ਬਹੁਤ ਮਗਰੋਂ ਅਜੋਕੇ ਕਵੀ ਗੁਲਜ਼ਾਰ ਨੇ ਇਕ ਗੀਤ “ਨਾਮ ਗੁੰਮ ਜਾਏਗਾ” ਲਿਖ ਕੇ ਨਾਂ ਵਿਚ ਕੁਝ ਹੋਣ ਜਾਂ ਨਾ ਹੋਣ ਦੀ ਬਹਿਸ ਹੀ ਮੁਕਾ ਦਿੱਤੀ। ਗਿਆਨ ਦੇ ਖੇਤਰ ਵਿਚ ਅਜਿਹੀਆਂ ਬਹਿਸਾਂ ਕੋਈ ਅਲੋਕਾਰ ਗੱਲ ਨਹੀਂ। ਮੱਧਕਾਲ ਦੇ ਸੰਤ-ਮਹਾਂਕਵੀ ਕਬੀਰ ਜੀ ਵਰਜਦੇ ਹਨ, ਜਾਤ ਨਾ ਪੂਛੋ ਸਾਧ ਕੀ। ਅਜੋਕੇ ਸਮੇਂ ਦੇ ਮਸ਼ਹੂਰ ਨਾਟਕਕਾਰ ਵਿਜੈ ਤੇਂਦੂਲਕਰ ਆਖਦੇ ਹਨ, ਜਾਤ ਹੀ ਪੂਛੋ ਸਾਧ ਕੀ!
ਅਸਲ ਵਿਚ ਨਾਂ ਬਾਰੇ ਵੱਡੇ ਲੋਕ, ਮਾਇਆਧਾਰੀ ਲੋਕ, ਸੱਤਾਧਾਰੀ ਲੋਕ, ਜੂਲੀਅਟ ਦੇ ਰੋਮੀਓ ਵਾਂਗ ਘਰਾਣਿਆਂ ਵਾਲੇ ਲੋਕ ਬਹੁਤੇ ਚੌਕਸ ਰਹਿੰਦੇ ਹਨ। ਲੁਧਿਆਣੇ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਪੰਜਾਬ ਦੇ ਉਪ ਮੁੱਖ ਮੰਤਰੀ, ਨੌਜਵਾਨ ਦਿਲਾਂ ਦੀ ਧੜਕਣ ਤੇ ਪੰਜਾਬ ਦੇ ਭਵਿੱਖ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇੱਕ ਪ੍ਰੈੱਸ ਕਾਨਫ਼ਰੰਸ ਸਮੇਂ ਇੱਕ ਪੱਤਰਕਾਰ ਸਵਾਲ ਕਰਦਿਆਂ ‘ਸੁਖਬੀਰ ਜੀ’ ਆਖਣ ਦੀ ਗੁਸਤਾਖ਼ੀ ਕਰ ਬੈਠਾ। ਸੁਖਬੀਰ ਜੀ ਤਾਂ ਚੁੱਪ ਰਹੇ ਕਿਉਂਕਿ ਵੱਡੇ ਬੰਦੇ ਆਪਣੀਆਂ ਭਾਵਨਾਵਾਂ ਆਪ ਦੱਸਦੇ ਚੰਗੇ ਨਹੀਂ ਲਗਦੇ। ਉਹਨਾਂ ਨੇ ਅਣਬੋਲੀਆਂ ਭਾਵਨਾਵਾਂ ਸਮਝ ਕੇ ਦੂਜਿਆਂ ਨੂੰ ਦੱਸਣ ਵਾਲੇ ਗੁਣੀ-ਗਿਆਨੀ ਰੱਖੇ ਹੋਏ ਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨਸੀਹਤ ਦਿੱਤੀ ਕਿ ਉਹ ‘ਸੁਖਬੀਰ ਜੀ’ ਨਹੀਂ, ‘ਸੁਖਬੀਰ ਸਰ’ ਆਖੇ। ਉਹਨਾਂ ਦੀ ਅਣਬੋਲੀ ਭਾਵਨਾ ਨੂੰ ਸਮਝ ਕੇ ਉਜਾਗਰ ਕਰਨ ਦੀ ਗਰੇਵਾਲ ਸਰ ਦੀ ਸਮਰੱਥਾ ਦੇਖ ਕੇ ਸੁਖਬੀਰ ਸਰ ਵੀ ਮੁਸਕਰਾ ਪਏ। ਗਰੇਵਾਲ ਸਰ ਨੇ ਇਸ ਨਸੀਹਤ ਦਾ ਆਧਾਰ ਵੀ ਦੱਸਿਆ ਕਿ ਸੁਖਬੀਰ ਜੀ ਕਹਿਣਾ ‘ਪਰਸਨਲ’ ਦਾ, ਆਪਣੇਪਨ ਦਾ ਪ੍ਰਭਾਵ ਦਿੰਦਾ ਹੈ। ਮੈਂ ਉਹਨਾਂ ਦੀ ਇਸ ਦਲੀਲ ਨਾਲ ਸੌ ਫ਼ੀਸਦੀ ਸਹਿਮਤ ਹਾਂ। ਸੁਖਬੀਰ ਸਰ ਲੁਧਿਆਣੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ। ਜੇ ਸਾਡਾ ਸਮਾਜ ਵੱਡੇ ਲੋਕਾਂ ਵਾਸਤੇ ਜੀ ਤੋਂ ਸਰ ਤੱਕ ਦਾ ਵਿਕਾਸ ਹੀ ਨਹੀਂ ਕਰੇਗਾ, ਹੋਰ ਵਿਕਾਸ ਸੁਆਹ ਹੋਣਾ ਹੈ! ਮੇਰਾ ਖ਼ਿਆਲ ਹੈ, ਇਹ ਪੱਤਰਕਾਰ ਸਾਡੇ ਅਤੀਤ ਤੋਂ ਅਨਜਾਣ ਹੋਵੇਗਾ। ਹੁਣ ਕਾਨੂੰਨ ਬਣ ਰਹੀ ਸਾਡੀ ਪ੍ਰੰਪਰਾ ਨੇ, ਇਤਿਹਾਸ ਬਣ ਰਹੇ ਸਾਡੇ ਮਿਥਿਹਾਸ ਨੇ ਅਤੇ ਸੰਵਿਧਾਨ ਬਣ ਰਹੇ ਸਾਡੇ ਪੁਰਾਤਨ ਗ੍ਰੰਥਾਂ ਨੇ ਰਾਜਾ ਭੋਜ ਤੇ ਗੰਗੂ ਤੇਲੀ ਦੇ ਹਵਾਲੇ ਨਾਲ ਇਹ ਗੱਲ ਬਹੁਤ ਪਹਿਲਾਂ ਤੋਂ ਬਹੁਤ ਚੰਗੀ ਤਰ੍ਹਾਂ ਸਮਝਾਈ ਹੋਈ ਹੈ।
ਹੁਣ ਅਜਿਹੀ ਇਕ ਹੋਰ ਬਹਿਸ ਭਖੀ ਹੋਈ ਹੈ। ਕੁਦਰਤ ਦੀ ਖੇਡ ਹੈ, ਕੁਝ ਬੰਦੇ ਕਿਸੇ ਅੰਗ ਦੇ ਪੱਖੋਂ ਹੀਣੇ ਜੰਮਦੇ ਹਨ ਜਾਂ ਮਗਰੋਂ ਕਿਸੇ ਕਾਰਨ ਕੋਈ ਅੰਗ ਗੁਆ ਬੈਠਦੇ ਹਨ। ਮੁੱਦਤਾਂ ਤੋਂ ਅਸੀਂ ਅਜਿਹੇ ਲੋਕਾਂ ਵਾਸਤੇ ਸ਼ਬਦ ਅੰਗਹੀਣ ਜਾਂ ਹਿੰਦੀ ਵਿਚ ਵਿਕਲਾਂਗ ਸੁਣਦੇ-ਵਰਤਦੇ ਆਏ ਹਾਂ। ਭਾਸ਼ਾ ਦੇ ਨਾਂ-ਬਦਲੂ ਪੱਖ ਦੇ ਸ਼ੌਕੀਨ ਤੇ ਗਿਆਨੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਆਪਣੀ ਇਕ ‘ਮਨ ਕੀ ਬਾਤ’ ਵਿਚ ਸਲਾਹ ਦਿੱਤੀ ਕਿ ਨਾਂਹਮੁਖ ਪ੍ਰਭਾਵ ਵਾਲੇ ਵਿਕਲਾਂਗਜਨ ਦੀ ਥਾਂ ਅੰਗਹੀਣਾਂ ਨੂੰ ਹਾਂਮੁਖ ਦਿਵਿਆਂਗਜਨ ਕਿਹਾ ਜਾਵੇ, ਭਾਵ ਦੈਵੀ ਸਮਰੱਥਾਵਾਂ ਵਾਲੇ ਮਨੁੱਖ, ਕਿਉਂਕਿ ਇਹ ਲੋਕ “ਵਧੀਕ ਬਲ ਤੇ ਦੈਵੀ ਸ਼ਕਤੀ ਦੇ ਸੁਆਮੀ” ਹੁੰਦੇ ਹਨ! ਕੁਦਰਤੀ ਸੀ ਕਿ ਮੋਦੀ ਜੀ ਦੀ ਇੱਛਾ ਦਾ ਇਸ਼ਾਰਾ ਸਮਝ ਕੇ ਸਰਕਾਰ ਇਕਦਮ ਪੂਰਤੀ ਵਿਚ ਜੁਟ ਜਾਂਦੀ। ਭਾਰਤ ਸਰਕਾਰ ਦਾ ਇਕ ‘ਸਮਾਜਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ’ ਹੈ ਜਿਸ ਅਧੀਨ ‘ਵਿਕਲਾਂਗਜਨ ਸਸ਼ਕਤੀਕਰਨ ਵਿਭਾਗ’ ਆਉਂਦਾ ਹੈ। ਕੈਬਨਿਟ ਸੈਕਰੈਟਰੀਏਟ ਨੇ ਚੁਸਤੀ-ਫੁਰਤੀ ਦਿਖਾਉਂਦਿਆਂ, ਅੰਗਹੀਣਾਂ ਦੇ ਅਧਿਕਾਰਾਂ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਸਖ਼ਤ ਇਤਰਾਜ਼ਾਂ ਦੇ ਬਾਵਜੂਦ, ਉਹਦਾ ਨਾਂ ਬਦਲ ਕੇ ‘ਦਿਵਿਆਂਗਜਨ ਸਸ਼ਕਤੀਕਰਨ ਵਿਭਾਗ’ ਕਰ ਦਿੱਤਾ। ਇੰਨਾ ਹੀ ਨਹੀਂ, ਵਿਭਾਗ ਦੇ ਮੂਲ ਅੰਗਰੇਜ਼ੀ ਨਾਂ ਨਾਲ ਵੀ ਬਰੈਕਟ ਵਿਚ ਸ਼ਬਦ ‘ਦਿਵਿਆਂਗਜਨ’ ਜੋੜ ਦਿੱਤਾ ਗਿਆ ਤਾਂ ਜੋ “ਸਨਦ ਰਹੇ ਔਰ ਬਾਵਕਤ ਜ਼ਰੂਰਤ ਕਾਮ ਆਏ!”
ਅੰਗਹੀਣਾਂ ਦੀ ਸਹਾਇਕ, ਖ਼ੁਦ ਪੋਲੀਓ-ਪੀੜਤ ਆਭਾ ਖੇਤਰਪਾਲ ਨੇ ਸੂਚਨਾ ਅਧਿਕਾਰ ਅਧੀਨ ਮੰਤਰਾਲੇ ਨੂੰ ਇਸ ਤਬਦੀਲੀ ਸੰਬੰਧੀ ਕੀਤੇ ਗਏ ਸਲਾਹ-ਮਸ਼ਵਰੇ ਬਾਰੇ ਪੁੱਛਿਆ। ਮੰਤਰਾਲੇ ਨੇ ਅੰਗਹੀਣਾਂ ਲਈ ਕੰਮ ਕਰ ਰਹੀਆਂ ਕੁਝ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਨੇਤਰਹੀਣਾਂ, ਬੋਲ਼ਿਆਂ, ਮਾਨਸਿਕ ਰੋਗੀਆਂ ਤੇ ਹੋਰ ਅੰਗਹੀਣਤਾਵਾਂ ਨਾਲ ਸੰਬੰਧਿਤ ਛੇ ਸੰਸਥਾਵਾਂ ਦੀ ਸੂਚੀ ਦੇ ਦਿੱਤੀ। ਉਹਨਾਂ ਛੇ ਦੀਆਂ ਛੇ ਸੰਸਥਾਵਾਂ ਨੇ ਮੰਤਰਾਲੇ ਦੇ ਕਿਸੇ ਵੀ ਚਿੱਠੀ-ਪੱਤਰ ਤੋਂ ਜਾਂ ਸਲਾਹ-ਮਸ਼ਵਰੇ ਦੇ ਹੋਰ ਕਿਸੇ ਵੀ ਕਦਮ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਦੇਸ ਭਰ ਵਿੱਚੋਂ ਅਨੇਕ ਸੰਸਥਾਵਾਂ ਨੇ ਮੰਤਰਾਲੇ ਨੂੰ ਇਹ ‘ਸਰਪਰਸਤਾਨਾ’ ਨਾਂ ਰੱਖੇ ਜਾਣ ਵਿਰੁੱਧ ਲਿਖਤੀ ਰੋਸ ਭੇਜਿਆ। ਚੇਤੇ ਰਹੇ, ਸੰਯੁਕਤ ਰਾਸ਼ਟਰ ਨੇ ਅਨੇਕ ਦੇਸਾਂ ਨਾਲ ਸ਼ਾਹ-ਮਸ਼ਵਰੇ ਮਗਰੋਂ ‘ਸਰੀਰਕ ਅਸਮਰੱਥਾ ਵਾਲਾ ਵਿਅਕਤੀ’ ਕਹਿਣਾ ਠੀਕ ਸਮਝਿਆ ਸੀ। ਸੰਸਥਾਵਾਂ ਦਾ ਕਹਿਣਾ ਹੈ ਕਿ ਸਰੀਰਕ ਅਸਮਰੱਥਾਵਾਂ ਵਾਲੇ ਵਿਅਕਤੀਆਂ ਵਾਸਤੇ ਸ਼ਬਦ ਦਿਵਿਆਂਗ ਬੇਮਾਅਨੀ ਅਤੇ ਥੋਥਾ ਹੈ ਕਿਉਂਕਿ ਇਸ ਨਾਲ ਉਹਨਾਂ ਵੱਲ ਰਵਈਏ ਵਿਚ ਉੱਕਾ ਹੀ ਕੋਈ ਫ਼ਰਕ ਨਹੀਂ ਆਉਂਦਾ। ‘ਨੈਸ਼ਨਲ ਐਸੋਸੀਏਸ਼ਨ ਆਫ਼ ਦਿ ਡੈੱਫ਼’ ਦੇ ਸਕੱਤਰ ਏ. ਐਸ. ਨਾਰਾਇਨਣ ਦੀ ਦਲੀਲ ਹੈ, “ਜੇ ਅੰਗਹੀਣਾਂ ਨੂੰ ਤਰਸ ਦੇ ਪਾਤਰ ਸਮਝਣਾ ਤੇ ਹਾਸ਼ੀਏ ਤੋਂ ਬਾਹਰ ਰੱਖਣਾ ਜਾਰੀ ਰਹਿੰਦਾ ਹੈ, ਅਖੌਤੀ ਹਾਂਮੁਖ ਸ਼ਬਦਾਂ ਦਾ ਕੋਈ ਅਰਥ ਨਹੀਂ। ... ਇਹ ਮੰਨੋ ਕਿ ਅਸੀਂ ਅੰਗਹੀਣ ਹਾਂ!” ਇਸ ਖੇਤਰ ਦੇ ਸਮਾਜ-ਸੇਵਕ ਡਾ. ਸਤੇਂਦਰ ਸਿੰਘ ਦਾ ਵਿਚਾਰ ਹੈ ਕਿ ਗਾਂਧੀ ਜੀ ਨੇ ਜਦੋਂ ‘ਹਰੀਜਨ’ ਕਹਿਣਾ ਸ਼ੁਰੂ ਕੀਤਾ, ਸੰਬੰਧਿਤ ਭਾਈਚਾਰੇ ਨੇ ਉਸ ਸ਼ਬਦ ਨੂੰ ਅਸਲੀਅਤ ਦੇ ਉਲਟ ਤੇ ਅਰਥਹੀਣ ਆਖ ਕੇ ਰੱਦ ਕਰ ਦਿੱਤਾ। ਉਹਨੇ ਇਹ ਨੁਕਤਾ ਵੀ ਸਪਸ਼ਟ ਕੀਤਾ ਕਿ ਭਾਰਤ ‘ਸਰੀਰਕ ਅਸਮਰੱਥਾਵਾਂ ਵਾਲੇ ਵਿਅਕਤੀਆਂ ਦੇ ਅਧਿਕਾਰਾਂ ਦੀ ਸੰਯੁਕਤ ਰਾਸ਼ਟਰ ਕਨਵੈਨਸ਼ਨ’ ਦੇ ਮੋਢੀ ਦਸਖ਼ਤੀਆਂ ਵਿੱਚੋਂ ਹੋਣ ਸਦਕਾ ਇਸ ਨਾਂ ਦਾ ਪਾਬੰਦ ਹੈ।
ਸਮਾਜਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਦਾ ਉਪਦੇਸ਼ ਹੈ, “ਭਾਰਤ ਵਿਚ ਅਜਿਹੇ ਲੋਕਾਂ ਨੂੰ ਐਨ ਸ਼ੁਰੂ ਤੋਂ ਹੀ ਦਿਵਿਆਂਗ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਸਰੀਰ ਵਿਸ਼ੇਸ਼ ਹੁੰਦੇ ਹਨ। ਸਾਡੇ ਸਭਿਆਚਾਰ ਵਿਚ ਅੱਠ ਹੀਣਤਾਵਾਂ ਵਾਲੇ ਰਿਸ਼ੀ ਅਸ਼ਟਵਕਰ ਅਤੇ ਨੇਤਰਹੀਣ ਗਾਇਕ ਸੂਰਦਾਸ ਵਰਗੇ ਅਨੇਕ ਗੁਣਵੰਤ ਲੋਕ ਹੋਏ ਹਨ।”
ਗੱਲ ‘ਬੁਰੇ’ ਵਿਕਲਾਂਗ ਦੀ ਥਾਂ ‘ਚੰਗਾ’ ਦਿਵਿਆਂਗ ਲਿਆਉਣ ਦੀ ਨਹੀਂ, ਅਸਲ ਸਮੱਸਿਆ ਇਹ ਹੈ ਕਿ ਮੰਤਰਾਲਿਆਂ ਨੇ ਸਭ ‘ਬੁਰੇ’ ਸ਼ਬਦਾਂ ਦੀ ਥਾਂ ‘ਚੰਗੇ’ ਸ਼ਬਦ ਲੱਭਣ ਵਾਸਤੇ ‘ਵਿਪਰੀਤਾਰਥੀ ਸ਼ਬਦਕੋਸ਼’ ਵਾਚਣੇ ਸ਼ੁਰੂ ਕੀਤੇ ਹੋਏ ਹਨ। ਮੁਸਲਮਾਨ ਭਾਈਚਾਰੇ ਨੂੰ ਚੰਗੇ ਤੇ ਬੁਰੇ ਮੁਸਲਮਾਨਾਂ ਦੇ ਦੋ ਖਾਨਿਆਂ ਵਿਚ ਵੰਡਣ ਲਈ ਬੁਰੇ ਮੁਸਲਮਾਨ ਔਰੰਗਜ਼ੇਬ ਦੇ ਨਾਂ ਵਾਲੀ ਸੜਕ ਨੂੰ ਚੰਗੇ ਮੁਸਲਮਾਨ ਸਵਰਗੀ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦਾ ਨਾਂ ਦੇ ਦਿੱਤਾ ਗਿਆ ਹੈ। ਦੋ ਜਨਮ-ਤਾਰੀਖ਼ਾਂ ਵਾਲੇ ਸੈਨਾਪਤੀ ਤੋਂ ਸੰਘ-ਭਗਤ ਮੰਤਰੀ ਬਣੇ ਵੀ. ਕੇ. ਸਿੰਘ ਦੀ ਭਾਰਤੀ ਧਰਮਾਂ ਨੂੰ ਬੁਰਿਆਂ ਤੇ ਚੰਗਿਆਂ ਵਿਚ ਵੰਡਣ ਦੀ ਸ਼ੁਰਲੀ ਚੱਲ ਨਿਕਲੀ। ਹੁਣ ਦਿੱਲੀ ਦੀ ਸੜਕ ਤੋਂ ਤੇ ਅੰਤ ਨੂੰ ਇਤਿਹਾਸ ਵਿੱਚੋਂ ਬੁਰੇ ਧਰਮ ਦੇ ਅਕਬਰ ਦਾ ਨਾਂ ਮੇਸ ਕੇ ਚੰਗੇ ਧਰਮ ਦੇ ਰਾਣਾ ਪਰਤਾਪ ਦਾ ਨਾਂ ਲਿਖੇ ਜਾਣ ਦੀ ਜ਼ੋਰਦਾਰ ਮੰਗ ਹੋ ਰਹੀ ਹੈ। ਪੁਰਾਣੇ ਬਾਦਸ਼ਾਹਾਂ ਦੇ ਨਾਂਵਾਂ ਨਾਲ ਕੁਝ ਕੌਮਾਂਤਰੀ ਗਿਣਤੀਆਂ-ਮਿਣਤੀਆਂ ਦੇ ਆਧਾਰ ਉੱਤੇ ਲਾਏ ਜਾਂਦੇ ਵਿਸ਼ੇਸ਼ਣ ‘ਮਹਾਨ’ ਨੂੰ ਤਾਂ ਇਤਿਹਾਸ ਦੀਆਂ ਪੁਸਤਕਾਂ ਵਿੱਚੋਂ ਅਕਬਰ ਦੇ ਨਾਂ ਨਾਲੋਂ ਲਾਹ ਕੇ ਰਾਣਾ ਪਰਤਾਪ ਦੇ ਨਾਂ ਨਾਲ ਚੇਪ ਵੀ ਦਿੱਤਾ ਗਿਆ ਹੈ।
‘ਹਮਲਾਵਰ’ ਸ਼ਬਦ ਨੂੰ ਵੀ ਨਵੇਂ ਅਰਥ ਦਿੱਤੇ ਜਾ ਰਹੇ ਹਨ। ਪਿੱਛਾ ਪੂਰੀ ਤਰ੍ਹਾਂ ਤਿਆਗ ਕੇ ਤਾਂ ਹਮਲਾਵਰ ਬਾਬਰ ਨੇ ਹੀ ਹਿੰਦੁਸਤਾਨ ਨੂੰ ਆਪਣਾ ਦੇਸ ਬਣਾ ਲਿਆ ਸੀ ਪਰ ਹੁਣ ਤਿੰਨ ਪੀੜ੍ਹੀਆਂ ਪਾਰ ਕਰ ਚੁੱਕਿਆ ਅਕਬਰ ਤਾਂ ਕੀ, ਛੇ ਪੀੜ੍ਹੀਆਂ ਪਾਰ ਕਰਨ ਵਾਲਾ ਔਰੰਗਜ਼ੇਬ ਵੀ ਹਮਲਾਵਰ ਹੀ ਹੋ ਗਿਆ ਹੈ। ਕੀ ਹੁਣ ਇਤਿਹਾਸ ਦੀਆਂ ਪੁਸਤਕਾਂ ਵਿਚ ਮੁਸਲਮਾਨਾਂ ਅਤੇ ਅੰਗਰੇਜ਼ਾਂ ਦੇ ਰਾਜ ਵਾਲ਼ੀਆਂ ਸਦੀਆਂ ਬਾਰੇ ਇਹ ਪੜ੍ਹਾਇਆ ਜਾਵੇਗਾ ਕਿ ਉਸ ਸਮੇਂ ਭਾਰਤ ਖਾਲੀ ਗੱਦੀ ਨਾਲ ਬੇਰਾਜਾ ਹੀ ਹੁੰਦਾ ਸੀ? ਅੱਠਵੀਂ ਜਮਾਤ ਦੀ ਪਾਠ-ਪੁਸਤਕ ਵਿੱਚੋਂ ਨਹਿਰੂ ਦਾ ਨਾਂ ਸੁਤੰਤਰਤਾ-ਸੰਗਰਾਮੀਏ ਵਜੋਂ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਵਜੋਂ ਵੀ ਮੇਸਦਿਆਂ 1947 ਤੋਂ 1964 ਦਾ ਸਮਾਂ ਪ੍ਰਧਾਨ ਮੰਤਰੀ ਤੋਂ ਵਿਰਵਾ ਰੱਖ ਕੇ ਤੇ ਇਉਂ 1964 ਵਿਚ ਬਣੇ ਸ਼ਾਸਤਰੀ ਜੀ ਨੂੰ ਆਜ਼ਾਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਾ ਕੇ ਰਾਹ ਤਾਂ ਦਿਖਾ ਹੀ ਦਿੱਤਾ ਗਿਆ ਹੈ। ਦਿੱਲੀ ਵਿਚ ਅਕਬਰ ਰੋਡ ਮੇਸ ਕੇ ਰਾਣਾ ਪਰਤਾਪ ਰੋਡ ਲਿਖਣਾ ਕੋਈ ਔਖਾ ਨਹੀਂ। ਬੱਸ ਇਕ ਡੱਬੀ ਰੰਗ ਤੇ ਇਕ ਬੁਰਸ਼ ਚਾਹੀਦਾ ਹੈ। ਹੋਰ ‘ਹਮਲਾਵਰਾਂ’ ਦੇ ਸੜਕੀ ਨਾਂ ਵੀ ਉਸੇ ਡੱਬੀ-ਬੁਰਸ਼ ਨਾਲ ਬਦਲੇ ਜਾ ਸਕਦੇ ਹਨ। ਪਰ ਕਈ ਛੋਟੀਆਂ ਛੋਟੀਆਂ ਹੋਰ ਸਮੱਸਿਆਵਾਂ ਹਨ।
ਇਕ ਤਾਂ ਅਕਬਰ ਬੜਾ ਚਤੁਰ-ਚਲਾਕ ਸੀ। ਉਹ ਹਿੰਦੂ-ਮੁਸਲਮਾਨ ਵਿਚ ਕੋਈ ਫ਼ਰਕ ਨਹੀਂ ਸੀ ਕਰਦਾ। ਉਹਨੇ ਹਿੰਦੂ ਰਾਜਪੂਤ ਯੋਧਾਬਾਈ ਨਾਲ ਵਿਆਹ ਤਾਂ ਕਰਵਾਇਆ ਹੀ, ਕੱਟੜਤਾ ਦੇ ਉਸ ਜ਼ਮਾਨੇ ਵਿਚ ਉਹਨੂੰ ਹਿੰਦੂ ਤੋਂ ਮੁਸਲਮਾਨ ਬਣਨ ਲਈ ਵੀ ਨਹੀਂ ਕਿਹਾ। ਉਹ ਮਹਾਰਾਣੀ ਯੋਧਾਬਾਈ ਨੂੰ ਰਾਜ-ਮਹਿਲ ਵਿਚ ਹਿੰਦੂ ਤਿਉਹਾਰ ਸਿਰਫ਼ ਮਨਾਉਣ ਹੀ ਨਹੀਂ ਸੀ ਦਿੰਦਾ, ਸਗੋਂ ਆਪ ਵੀ ਬੜੇ ਉਤਸ਼ਾਹ ਨਾਲ ਉਹਨਾਂ ਵਿਚ ਸ਼ਾਮਲ ਹੁੰਦਾ ਸੀ। ਉਹਨੇ ਰਾਜ-ਗੱਦੀ ਵੀ ਯੋਧਾਬਾਈ ਦੀ ਕੁੱਖੋਂ ਜੰਮੇ ਸਲੀਮ ਨੂੰ ਹੀ ਦਿੱਤੀ ਅਤੇ ਅਨੇਕ ਹਿੰਦੂ ਵੱਡੇ ਵੱਡੇ ਅਹੁਦਿਆਂ ਉੱਤੇ ਲਾਏ। ਰਾਣਾ ਪਰਤਾਪ ਨੂੰ ਹਰਾਉਣ ਵਾਲ਼ੀ ਉਹਦੀ ਫ਼ੌਜ ਦਾ ਸਿਪਾਹਸਾਲਾਰ ਵੀ ਇਕ ਰਾਜਪੂਤ, ਰਾਜਾ ਮਾਨ ਸਿੰਘ ਸੀ। ਦਿੱਲੀ ਵਿਚ ਉਹਦੇ ਨਾਂ ਦੀ ਵੀ ਇਕ ਸੜਕ ਹੈ। ਇਹੋ ਨਹੀਂ, ਟੋਡਰ ਮੱਲ, ਬੀਰਬਲ ਤੇ ਭਗਵਾਨ ਦਾਸ ਜਿਹੇ ਉਹਦੇ ਅਹਿਲਕਾਰਾਂ ਦੇ ਨਾਂਵਾਂ ਦੀਆਂ ਵੀ ਸੜਕਾਂ ਹਨ। ਹਮਲਾਵਰ ਅਕਬਰ ਦੇ ਚਾਕਰ ਹੋਣ ਕਾਰਨ ਇਹ ਸਭ ਹਿੰਦੂ ਮਹਾਂਪੁਰਸ਼ ਵੀ ਗ਼ੱਦਾਰ ਹੋਏ। ਸੜਕਾਂ ਤੋਂ ਇਹਨਾਂ ਸਭਨਾਂ ਦੇ ਨਾਂ ਵੀ ਬਦਲਣੇ ਪੈਣਗੇ। ਫੇਰ ਮਸਲਾ ਇਕੱਲੀ ਦਿੱਲੀ ਦਾ ਨਹੀਂ। ਜੇ 181 ਸਾਲ ਰਾਜ ਕਰਨ ਵਾਲੇ ਸਿਰਫ਼ ਛੇ ਵੱਡੇ ਮੁਗਲਾਂ ਨੂੰ ਹੀ ਲਈਏ, ਦੇਸ ਵਿਚ 704 ਪਿੰਡ-ਸ਼ਹਿਰ ਉਹਨਾਂ ਦੇ ਨਾਂ ਵਾਲੇ ਹਨ। ਇਹਨਾਂ ਵਿੱਚੋਂ 396 ਅਜਿਹੇ ਹਨ ਜਿਨ੍ਹਾਂ ਦੀ ਵਸੋਂ ਇਕ ਲੱਖ ਤੋਂ ਵੱਧ ਹੈ। ਇਹਨਾਂ 704 ਵਿੱਚੋਂ ਬਾਬਰ ਦੇ ਨਾਂ ਵਾਲੇ 61, ਹਮਾਯੂੰ ਦੇ 11, ਅਕਬਰ ਦੇ 251, ਜਹਾਂਗੀਰ ਦੇ 141, ਸ਼ਾਹ ਜਹਾਨ ਦੇ 63 ਅਤੇ ਔਰੰਗਜ਼ੇਬ ਦੇ ਨਾਂ ਵਾਲੇ 177 ਪਿੰਡ-ਸ਼ਹਿਰ ਹਨ। ਬਾਰਾਂ ਤਾਂ ਮੋਦੀ ਜੀ ਦੇ ਗੁਜਰਾਤ ਵਿਚ ਹੀ ਹਨ। ਸਤਾਈ ਆਪਣੇ ਪੰਜਾਬ ਵਿਚ ਅਤੇ ਅਠੱਤੀ ਆਪਣੇ ਗੁਆਂਢੀ ਹਰਿਆਣੇ ਵਿਚ ਹਨ।
ਦੂਜੀ ਗੱਲ, ਕੋਈ ਨਾਂ ਬਦਲੇ ਜਾਣ ਸਮੇਂ ਆਮ ਲੋਕ ਵੀ ਪੋਥੀਆਂ ਫਰੋਲਣ ਲਗਦੇ ਹਨ। ਹੁਣ ਵੱਡਾ ਆਧੁਨਿਕ ਸ਼ਹਿਰ ਬਣ ਚੁੱਕੇ ਗੁੜਗਾਉਂ ਦਾ ਇਹ ਨਾਂ ਕਿਸੇ ਸਮੇਂ ਗੁੜ ਪੈਦਾ ਕਰਨ ਵਾਲੇ ਪਿੰਡਾਂ ਦਾ ਕੇਂਦਰ ਹੋਣ ਸਦਕਾ ਪਿਆ ਸੀ। ਪਿਛਲੇ ਦਿਨੀਂ ਇਹ ਇਤਿਹਾਸਕ ਤੇ ਅਰਥਪੂਰਨ ਨਾਂ ਇਹ ਆਖ ਕੇ ਗੁਰੂਗ੍ਰਾਮ ਕਰ ਦਿੱਤਾ ਗਿਆ ਕਿ ਮਹਾਂਭਾਰਤ ਕਾਲ ਵਿਚ ਇਹ ਗੁਰੂ ਦਰੋਣਾਚਾਰੀਆ ਦਾ ਗ੍ਰਾਮ ਹੁੰਦਾ ਸੀ। ਲੋਕ ਕਹਿੰਦੇ, ਇਕ ਤਾਂ ਸਾਡੇ ਹਰਿਆਣੇ ਵਿਚ ਗ੍ਰਾਮ ਹੀ ਨਹੀਂ ਹੁੰਦਾ, ਗਾਉਂ ਹੁੰਦਾ ਹੈ। ਪਰ ਜੇ ਗੁੜਗਾਉਂ ਦਾ ਨਾਂ ਮਹਾਂਭਾਰਤ ਦੇ ਹਵਾਲੇ ਨਾਲ ਹੀ ਬਦਲਣਾ ਹੈ ਤਾਂ ਜਾਤਪਾਤੀ ਭੇਦਭਾਵ ਕਰਨ ਵਾਲੇ ਗੁਰੂ ਦੀ ਥਾਂ ਉਹਦੇ ਅਨਿਆਂ ਤੇ ਅੱਤਿਆਚਾਰ ਦਾ ਸ਼ਿਕਾਰ ਹੋਏ ਆਦਿਵਾਸੀ ਸ਼ਿਸ਼ ਦੀ ਯਾਦ ਵਿਚ ਏਕਲੱਵਿਆਗ੍ਰਾਮ ਰੱਖਿਆ ਜਾਣਾ ਚਾਹੀਦਾ ਹੈ।
ਆਖ਼ਰੀ ਗੱਲ, ਪੰਜਾਬ ਦੇ ਮਸੌਲ ਅਤੇ ਦੇਸ ਵਿਚ ਹੋਰ ਕਈ ਥਾਂਈਂ ਹੋ ਰਹੀ ਖੁਦਾਈ ਇਸ ਭੂਗੋਲਿਕ ਖੇਤਰ ਦੇ ਮਨੁੱਖੀ ਵਸੇਬੇ ਦੇ ਇਤਿਹਾਸ ਨੂੰ ਬਹੁਤ ਪਿੱਛੇ, ਹਜ਼ਾਰਾਂ ਸਾਲ ਪਿੱਛੇ ਲਿਜਾ ਰਹੀ ਹੈ। ਭਗਵਾਨ ਨਾ ਕਰੇ, ਜੇ ਭਲਕੇ ਇਹ ਸਿੱਧ ਹੋ ਜਾਵੇ ਕਿ ਇੱਥੇ ਤਾਂ ਉਸ ਸਮੇਂ ਭੀਲ, ਗੱਦੀ, ਭੋਤ, ਗੁੱਜਰ, ਮੁੰਡੇ, ਕੋਲ, ਆਦਿ ਵਸਦੇ ਸਨ, ਆਰੀਏ ਤਾਂ ਬਹੁਤ ਮਗਰੋਂ ਕਿਤੋਂ ਬਾਹਰੋਂ ਆ ਟਪਕੇ ਅਤੇ ਉਹਨਾਂ ਮੂਲਵਾਸੀਆਂ ਦੇ ਘਰ-ਕੁੱਲੇ ਤੇ ਜੰਗਲ-ਬੇਲੇ ਸਾੜ-ਫ਼ੂਕ ਕੇ ਚੌਧਰੀ ਬਣ ਬੈਠੇ! ਉਸ ਸੂਰਤ ਵਿਚ ਅਸੀਂ ਜੋ ਸਭ ਆਰੀਆਂ ਦੀ ਮਿੱਸੀ ਔਲਾਦ ਹਾਂ, ਆਰੀਆਂ ਦੇ ਬਾਹਰੋਂ ਆਏ ਹੋਣ ਦੇ ਸਿਧਾਂਤ ਦਾ ਜਿਉਂਦਾ-ਜਾਗਦਾ ਸਬੂਤ ਬਣ ਜਾਵਾਂਗੇ। ਇਸ ਨਾਲ ‘ਭਗਤਾਂ’ ਦਾ ਭਾਰਤ ਦੇ ਮੂਲਵਾਸੀ ਹੋਣ ਦਾ ਸਾਰਾ ਅਡੰਬਰ ਢਹਿ ਕੇ ਢੇਰੀ ਹੋ ਜਾਵੇਗਾ!
ਇਹਨਾਂ ਸਭ ਗੱਲਾਂ ਨੂੰ ਦੇਖਦਿਆਂ ਮੈਂ ਨਾਂ ਬਾਰੇ ਜੂਲੀਅਟ ਦੀ ਭਖਾਈ ਬਹਿਸ ਦਾ ਨਿਬੇੜਾ ਇਕ ਅੰਗਹੀਣ ਮਿੱਤਰ ਤੋਂ ਕਰਾਉਣਾ ਹੀ ਠੀਕ ਸਮਝਿਆ। ਫੋਨ ਮਿਲਾ ਕੇ ਮੈਂ ਪੁੱਛਿਆ, “ਵਿਕਲਾਂਗ ਭਾਈ, ਦਿਵਿਆਂਗੀ ਸੰਜੀਵਨੀ ਪੀਤੀ ਤੋਂ ਕੁਝ ਫ਼ਾਇਦਾ ਹੋਇਆ?” ਉਹ ਅਕੇਵੇਂ ਨਾਲ ਬੋਲਿਆ, “ਸੰਜੀਵਨੀ ਦੇ ਫ਼ਾਇਦੇ ਦਾ ਤਾਂ ਪਤਾ ਨਹੀਂ, ਜੀਭ ਉੱਤੇ ਮਿਰਚਾਂ ਜ਼ਰੂਰ ਲੜੀਆਂ!” ਮੇਰੇ ਮੂੰਹੋਂ ਸੁਤੇਸਿਧ ਹੀ ਦੱਬੇ ਮੁਰਦੇ ਪੁੱਟਣ ਵਾਲਿਆਂ ਵਾਸਤੇ ਅਰਦਾਸ ਨਿਕਲਣ ਲੱਗੀ, “ਸਭ ਕੋ ਸਨਮਤੀ ਦੇ ਭਗਵਾਨ!” ਅਚਾਨਕ ਮੇਰੇ ਮਨ ਵਿਚ ਇਕ ਸ਼ੰਕਾ ਜਿਹਾ, ਇਕ ਭੈ ਜਿਹਾ ਜਾਗਿਆ। ਮਾਮਲਾ ਇਹ ਹੈ ਕਿ ਕਿਸੇ ਸੰਸਕਾਰੀ ਹਿੰਦੂ ਦਾ ਲਿਖਿਆ ਸਮਝਣ ਵਾਲੇ ਬਹੁਤੇ ਲੋਕਾਂ ਦੀ ਸੋਚ ਦੇ ਉਲਟ ਭਗਵਾਨ ਦੀ ਮਹਿਮਾ ਨਾਲ ਸਾਗਰ-ਛਲਕਦਾ ਇਹ ਭਜਨ 1970 ਦੀ ਫ਼ਿਲਮ ‘ਨਯਾ ਰਾਸਤਾ’ ਵਾਸਤੇ ਤਿੰਨ ਅਜਿਹੇ ਮਹਾਨ ਮਨੁੱਖਾਂ ਦੀ ਸਾਂਝੀ ਸਾਧਨਾ ਦਾ ਫਲ ਹੈ ਜੋ ਉਸ ਸਮੇਂ ਤਾਂ ਮਾਣ-ਮੱਤੇ ਹਿੰਦੁਸਤਾਨੀ ਸਨ ਪਰ ਅੱਜ ਦੀ ਨਵੀਂ ਭਾਸ਼ਾ ਅਤੇ ਸ਼ਬਦਾਵਲੀ ਅਨੁਸਾਰ ਪਾਕਿਸਤਾਨ ਭੇਜੇ ਜਾਣ ਦੇ ਹੱਕਦਾਰ ਮਹਿਜ਼ ਮੁਸਲਮਾਨ ਹਨ, ਲੇਖਕ ਸਾਹਿਰ, ਗਾਇਕ ਮੁਹੰਮਦ ਰਫ਼ੀ ਤੇ ਫ਼ਿਲਮ-ਨਿਰਦੇਸ਼ਕ ਖ਼ਾਲਿਦ ਅਖ਼ਤਰ! ਇਸ ਤੋਂ ਵੀ ਮਾੜੀ ਗੱਲ, ਇਸ ਅਰਦਾਸ ਵਿਚ ਅੱਲ੍ਹਾ ਨੂੰ ਈਸ਼ਵਰ ਦੇ ਬਰਾਬਰ ਰੱਖਿਆ ਗਿਆ ਹੈ, “ਈਸ਼ਵਰ ਅੱਲ੍ਹਾ ਤੇਰੇ ਨਾਮ, ਸਭ ਕੋ ਸਨਮਤੀ ਦੇ ਭਗਵਾਨ!” ਮੈਂ ਇਕਦਮ ਸਾਵਧਾਨ ਹੋ ਗਿਆ ਅਤੇ ਸੋਚ ਸੋਚ ਕੇ ਅੰਤ ਨੂੰ ਮੈਂ ਇਹ ਭਜਨ ਗਾਉਣਾ ਛੱਡ ਕੇ ਉਹੋ ਪੁਰਾਣੀ ਕਾਮਨਾ ਕੀਤੀ, “ਸ਼੍ਰੀ ਰਾਮ ਜੀ ਭਲੀ ਕਰਨ!”
*****
(325)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)