“ਭਾਰਤ ਦੀ ਸਭ ਤੋਂ ਵੱਡੀ ਧਰਮ-ਨਿਰਪੱਖ ਧਿਰ ਹੋਣ ਦਾ ਦਾਅਵਾ ਕਰਦੀ ਕਾਂਗਰਸ ਪਾਰਟੀ ...”
(11 ਦਸੰਬਰ 2023)
ਇਸ ਸਮੇਂ ਪਾਠਕ: 305.
ਦਸੰਬਰ ਚੜ੍ਹਦੇ ਸਾਰ ਨਿਕਲੇ ਪੰਜ ਰਾਜਾਂ ਦੇ ਚੋਣ ਨਤੀਜਿਆਂ ਵਿੱਚ ਤਿੰਨ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਜਿੱਤਣ ਵਿੱਚ ਕਾਮਯਾਬ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਮੱਧ ਪ੍ਰਦੇਸ਼ ਉਸ ਕੋਲ ਪਹਿਲਾਂ ਸੀ, ਛੱਤੀਸਗੜ੍ਹ ਅਤੇ ਰਾਜਸਥਾਨ ਉਸ ਨੇ ਕਾਂਗਰਸ ਪਾਰਟੀ ਤੋਂ ਹੋਰ ਖੋਹ ਲਏ ਹਨ। ਕਾਂਗਰਸ ਪਾਰਟੀ ਦੀ ਲੀਡਰਸ਼ਿੱਪ ਦੇ ਡਿਗਦੇ ਦਿਲ ਨੂੰ ਠੁੰਮ੍ਹਣਾ ਦੇਣ ਲਈ ਦੱਖਣੀ ਰਾਜ ਤੇਲੰਗਾਨਾ ਵਿੱਚ ਮਿਲੀ ਜਿੱਤ ਕਿੰਨੀ ਅਸਰਦਾਰ ਹੈ, ਪਤਾ ਨਹੀਂ, ਪਰ ਇਸ ਨਾਲ ਦੇਸ਼ ਵਿੱਚ ਜਿਹੜਾ ਮਾਹੌਲ ਅਗਲੀਆਂ ਪਾਰਲੀਮੈਂਟ ਚੋਣਾਂ ਦੇ ਮੁਕਾਬਲੇ ਤੋਂ ਪਹਿਲਾਂ ਬਣ ਗਿਆ ਹੈ, ਉਹ ਧਰਮ-ਨਿਰਪੱਖ ਧਿਰਾਂ ਦੇ ਕਈ ਸਮਰਥਕਾਂ ਨੂੰ ਮਾਨਸਿਕ ਸੱਟ ਮਾਰਨ ਵਾਲਾ ਮੰਨਿਆ ਗਿਆ ਹੈ। ਪੰਜਵੇਂ ਰਾਜ ਮੀਜ਼ੋਰਮ ਵਿੱਚ ਕੌਣ ਜਿੱਤਿਆ ਅਤੇ ਕੌਣ ਹਾਰਿਆ ਹੈ, ਇਸ ਨਾਲ ਬਾਕੀ ਦੇਸ਼ ਦੇ ਲੋਕਾਂ ਨੂੰ ਖਾਸ ਫਰਕ ਨਹੀਂ ਪੈਣਾ। ਆਸਾਮ ਤੋਂ ਪਰੇ ‘ਸੈਵਨ ਸਿਸਟਰਜ਼’ ਆਖੇ ਜਾਂਦੇ ਸੱਤਾਂ ਰਾਜਾਂ ਵਿੱਚ ਇੱਕ ਤਾਂ ਪਾਰਲੀਮੈਂਟ ਦੀਆਂ ਸੀਟਾਂ ਘੱਟ ਹਨ, ਜਿਹੜੀਆਂ ਦੇਸ਼ ਦੀ ਸੱਤਾ ਲਈ ਸੰਘਰਸ਼ ਦੇ ਮੌਕੇ ਅਸਰ ਪਾ ਸਕਦੀਆਂ ਹੋਣ ਅਤੇ ਦੂਸਰਾ ਉਨ੍ਹਾਂ ਰਾਜਾਂ ਦੀ ਰਾਜਨੀਤੀ ਵਿੱਚ ਕੌਮੀ ਪਾਰਟੀਆਂ ਦਾ ਬਹੁਤਾ ਬੋਲਬਾਲਾ ਵੀ ਕਦੇ ਦਿਖਾਈ ਨਹੀਂ ਦਿੱਤਾ। ਬਹੁਤਾ ਕਰ ਕੇ ਸਥਾਨਕ ਪਾਰਟੀਆਂ ਵਿਚਾਲੇ ਸੰਘਰਸ਼ ਹੁੰਦਾ ਰਹਿੰਦਾ ਹੈ। ਉਨ੍ਹਾਂ ਵਿੱਚੋਂ ਜਿਹੜੀ ਕੋਈ ਧਿਰ ਕਦੀ ਕਿਸੇ ਕੌਮੀ ਪਾਰਟੀ ਨਾਲ ਖੁਦ ਜੁੜਦੀ ਹੈ ਜਾਂ ਉਸ ਵਿੱਚੋਂ ਟੁੱਟੇ ਕੁਝ ਬੰਦੇ ਜੁੜਦੇ ਹਨ, ਅਗਲੀ ਵਾਰ ਵੀ ਉਹ ਕੌਮੀ ਰਾਜਨੀਤੀ ਦਾ ਹਿੱਸਾ ਬਣੇ ਰਹਿਣਗੇ ਜਾਂ ਖੇਤਰੀ ਪਾਰਟੀ ਵਿੱਚ ਮੁੜ ਆਉਣਗੇ ਜਾਂ ਕੋਈ ਨਵੀਂ ਪਾਰਟੀ ਬਣਾ ਲੈਣਗੇ, ਇਸ ਬਾਰੇ ਕਦੀ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਨ੍ਹਾਂ ਦੀਆਂ ਆਪਣੀਆਂ ਖੇਤਰੀ ਲੋੜਾਂ ਹਨ। ਭਾਰਤ ਦੀ ਵਾਗਡੋਰ ਆਪਣੇ ਹੱਥੀਂ ਰੱਖਣ ਜਾਂ ਕਿਸੇ ਦੂਸਰੇ ਤੋਂ ਖੋਹਣ ਦੀ ਲੜਾਈ ਵਾਲੇ ਰਾਜਾਂ ਵਿੱਚੋਂ ਚਹੁੰ ਦਾ ਨਤੀਜਾ ਧਰਮ-ਨਿਰੱਪਖਤਾ ਦਾ ਦਾਅਵਾ ਕਰਦੀਆਂ ਧਿਰਾਂ ਲਈ ਨਾ ਸਿਰਫ ਚੰਗਾ ਨਹੀਂ ਸੀ ਆਇਆ, ਸਗੋਂ ਉਨ੍ਹਾਂ ਦੇ ਰਾਜਨੀਤਕ ਪੈਂਤੜਿਆਂ ਦੇ ਅਸਫਲ ਰਹਿਣ ਦੀ ਲਗਾਤਾਰਤਾ ਦਾ ਇੱਕ ਹੋਰ ਸ਼ਰਮਿੰਦਗੀ ਭਰਪੂਰ ਸਰਟੀਫਿਕੇਟ ਵੀ ਪੇਸ਼ ਕਰਨ ਵਾਲਾ ਹੈ।
ਸਭ ਨੂੰ ਪਤਾ ਹੈ ਕਿ ਪਿਛਲੇ ਸਮੇਂ ਵਿੱਚ ਧਰਮ-ਨਿਰਪੱਖ ਧਿਰਾਂ ਨੇ ‘ਇੰਡੀਆ’ ਨਾਂਅ ਦਾ ਗੱਠਜੋੜ ਜਦੋਂ ਭਾਰਤ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀ ਤਾਂ ਇਹ ਵਾਅਦਾ ਕੀਤਾ ਸੀ ਕਿ ਦੇਸ਼ ਦੇ ਭਲੇ ਭਵਿੱਖ ਲਈ ਇਸ ਗੱਠਜੋੜ ਦੇ ਨੇਤਾ ਅੱਗੇ ਤੋਂ ਆਪੋ ਵਿੱਚ ਤਾਲਮੇਲ ਕਰ ਕੇ ਚੱਲਣਗੇ। ਵਾਅਦੇ ਕਰਨੇ ਹੋਰ ਗੱਲ ਅਤੇ ਉਨ੍ਹਾਂ ਉੱਤੇ ਪਹਿਰੇਦਾਰੀ ਦਾ ਅਮਲ ਹੋਰ ਹੋਣ ਵਾਲਾ ਬੀਤੇ ਸਮੇਂ ਦਾ ਤਜਰਬਾ ਉਨ੍ਹਾਂ ਨੇ ਇਸ ਵਾਰ ਵੀ ਦੇਸ਼ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀ। ਹੁਣ ਨਤੀਜੇ ਵਜੋਂ ਸਾਰੀਆਂ ਧਿਰਾਂ ਸੱਟ ਖਾ ਕੇ ਇੱਕ ਦੂਸਰੀ ਨੂੰ ਕੋਸਣ ਜੋਗੀਆਂ ਰਹਿ ਗਈਆਂ ਹਨ। ਵਿਧਾਨ ਸਭਾ ਚੋਣਾਂ ਵਾਸਤੇ ਇਨ੍ਹਾਂ ਪੰਜਾਂ ਰਾਜਾਂ ਵਿੱਚੋਂ ਕਿਸੇ ਵਿੱਚ ਵੀ ਇਨ੍ਹਾਂ ਦਾ ਤਾਲਮੇਲ ਨਹੀਂ ਬਣਿਆ ਤੇ ਇਹ ਸਭ ਧਿਰਾਂ ਇੱਕ-ਦੂਸਰੇ ਦੀ ਮੁਸ਼ਕਲ ਵਧਾਉਣ ਲੱਗੀਆਂ ਰਹੀਆਂ ਸਨ। ਕਾਂਗਰਸ ਪਾਰਟੀ ਲਗਾਤਾਰ ਇਸ ਯਤਨ ਵਿੱਚ ਰਹੀ ਕਿ ਕਿਸੇ ਤਰ੍ਹਾਂ ਪਹਿਲਾਂ ਤੋਂ ਆਪਣੇ ਕਬਜ਼ੇ ਵਾਲੇ ਰਾਜਸਥਾਨ ਅਤੇ ਛੱਤੀਸਗੜ੍ਹ ਬਚਾ ਕੇ ਘੱਟੋ-ਘੱਟ ਇੱਕ ਹੋਰ ਮੱਧ ਪ੍ਰਦੇਸ਼ ਜਾਂ ਤੇਲੰਗਾਨਾ ਦਾ ਰਾਜ ਜੋੜ ਕੇ ਆਪਣੇ ਆਪ ਨੂੰ ਬਾਕੀਆਂ ਤੋਂ ਤਕੜੀ ਸਾਬਤ ਕਰ ਸਕੇ ਤੇ ਇਸ ਵਡੱਪਣ ਦੇ ਸਹਾਰੇ ਆਪਣੇ ਉਸ ‘ਰਾਜਕੁਮਾਰ’ ਰਾਹੁਲ ਗਾਂਧੀ ਲਈ ਸਾਰੀਆਂ ਧਿਰਾਂ ਦੀ ਅਗਵਾਈ ਦਾ ਹੱਕ ਮੰਨਵਾ ਸਕੇ, ਜਿਹੜਾ ਕਦੀ ਕਿਸੇ ਮੋਰਚੇ ਉੱਤੇ ਸਫਲ ਨਹੀਂ ਹੋਇਆ। ਇਸਦੇ ਉਲਟ ਬਾਕੀ ਪਾਰਟੀਆਂ ਨੂੰ ਇਹ ਚਿੰਤਾ ਬਣੀ ਰਹੀ ਕਿ ਕਾਂਗਰਸ ਇੰਨੀ ਵੱਡੀ ਵੀ ਨਾ ਹੋ ਜਾਵੇ ਕਿ ਸਾਨੂੰ ਟਿੱਚ ਜਾਨਣ ਲੱਗ ਪਏ ਅਤੇ ਲੋਕ ਸਭਾ ਲਈ ਸੀਟਾਂ ਦੀ ਵੰਡ ਵਿੱਚ ਗੱਠਜੋੜ ਦੀ ਆਗੂ ਮੰਨਣੀ ਪੈ ਜਾਵੇ। ਦੋਵਾਂ ਧਿਰਾਂ ਵਿੱਚ ਇਹੋ ਜਿਹੀ ਖਿੱਚੋਤਾਣ ਪਹਿਲਾਂ ਇਨ੍ਹਾਂ ਰਾਜਾਂ ਵਿੱਚ ਕਿਸੇ ਤਾਲਮੇਲ ਦੀਆਂ ਜੜ੍ਹਾਂ ਟੁੱਕਣ ਵਾਲੀ ਸਾਬਤ ਹੋਈ ਤੇ ਫਿਰ ਇੱਕ-ਦੂਸਰੇ ਦੇ ਮੁਕਾਬਲੇ ਚਲਾਈ ਗਈ ਚੋਣ ਮੁਹਿੰਮ ਵਿੱਚ ਭਾਜਪਾ ਨਾਲੋਂ ਵੱਧ ਆਪਸੀ ਦੂਸ਼ਣਬਾਜ਼ੀ ਕਰਨ ਤਕ ਲੈ ਗਈ।
ਉਂਜ ਇਹ ਕੋਈ ਇਨ੍ਹਾਂ ਧਰਮ-ਨਿਰਪੱਖ ਅਖਵਾਉਂਦੀਆਂ ਧਿਰਾਂ ਦਾ ਨਵਾਂ ਤਜਰਬਾ ਨਹੀਂ, ਦੇਸ਼ ਆਜ਼ਾਦ ਹੋਣ ਦੇ ਦਿਨਾਂ ਤੋਂ ਧਰਮ-ਨਿਰਪੱਖ ਧਿਰਾਂ ਦੀ ਦੂਸਰਿਆਂ ਨੂੰ ਪਾਸੇ ਧੱਕ ਕੇ ਖੁਦ ਰਾਜ ਸਾਂਭਣ ਦੀ ਲੜਾਈ ਹੀ ਅਜੋਕੇ ਪੜਾਅ ਤਕ ਲਿਆਈ ਹੈ। ਅੱਜ ਜਦੋਂ ਭਾਜਪਾ ਜਾਂ ਉਸ ਨਾਲ ਜੁੜੇ ਹੋਏ ਲੋਕ ਇੰਦਰਾ ਗਾਂਧੀ ਤੋਂ ਪਿੱਛੋਂ ਜਵਾਹਰ ਲਾਲ ਨਹਿਰੂ ਤੇ ਫਿਰ ਮਹਾਤਮਾ ਗਾਂਧੀ ਬਾਰੇ ਊਜਾਂ ਲਾਈ ਜਾਂਦੇ ਹਨ ਤਾਂ ਧਰਮ-ਨਿਰਪੱਖ ਧਿਰਾਂ ਨੂੰ ਮਿਰਚਾਂ ਲੱਗਦੀਆਂ ਹਨ, ਪਰ ਭਾਜਪਾ ਬਣਨ ਤੋਂ ਪਹਿਲਾਂ ਜਦੋਂ ਅਜੇ ਜਨ ਸੰਘ ਹੁੰਦੀ ਸੀ, ਇਨ੍ਹਾਂ ਧਰਮ-ਨਿਰਪੱਖ ਧਿਰਾਂ ਦੇ ਆਗੂ ਖੁਦ ਨਹਿਰੂ ਤੇ ਗਾਂਧੀ ਦੇ ਕਿਰਦਾਰਾਂ ਵਿੱਚ ਨੁਕਸ ਕੱਢਣ ਦਾ ਕੰਮ ਕਰਿਆ ਕਰਦੇ ਸਨ। ਫਿਰ ਇੰਦਰਾ ਗਾਂਧੀ ਦੇ ਉਭਾਰ ਮਗਰੋਂ ਇਨ੍ਹਾਂ ਧਰਮ-ਨਿਰਪੱਖ ਧਿਰਾਂ ਨੇ ਉਸ ਅੰਦਰ ਉੱਭਰੀਆਂ ਤਾਨਾਸ਼ਾਹੀ ਤੇ ਪਰਿਵਾਰਵਾਦ ਦੀਆਂ ਰੁਚੀਆਂ ਦੀ ਵਿਰੋਧਤਾ ਦੇ ਨਾਂਅ ਉੱਤੇ ਭਾਜਪਾ ਦੇ ਪਹਿਲੇ ਰੂਪ ਜਨ ਸੰਘ ਨਾਲ ਸਮਝੌਤੇ ਕੀਤੇ ਤੇ ਉਨ੍ਹਾਂ ਦੀਆਂ ਜੜ੍ਹਾਂ ਇਸ ਧਰਮ-ਨਿਰਪੱਖ ਦੇਸ਼ ਦੇ ਉਸ ਸਮਾਜ ਵਿੱਚ ਲਾਉਣ ਦਾ ਕੰਮ ਕੀਤਾ ਸੀ, ਜਿਹੜਾ ਉਦੋਂ ਤਕ ਆਪਣੀ ਵਿਰਾਸਤ ਤੋਂ ਨਹੀਂ ਸੀ ਥਿੜਕਿਆ। ਪੱਛਮੀ ਬੰਗਾਲ ਵਿੱਚ ਜਨ ਸੰਘ ਕਿੱਥੇ ਸੀ, ਕਾਂਗਰਸ ਅਤੇ ਖੱਬੇ ਪੱਖੀਆਂ ਵਿੱਚ ਸੱਤਾ ਦੀ ਖਿੱਚੋਤਾਣ ਸੀ ਤੇ ਕੇਰਲਾ ਵਿੱਚ ਵੀ ਇਹੋ ਹਾਲਤ ਸੀ। ਕਾਂਗਰਸ ਵਿਰੋਧ ਦੇ ਨਾਂਅ ਉੱਤੇ ਉਦੋਂ ਜਨ ਸੰਘ ਨਾਲ ਨਾਲ ਗੱਠਜੋੜ ਬਣਾ ਕੇ ਜਿਹੜੇ ਵੀ ਰਾਜਾਂ ਵਿੱਚ ਸਰਕਾਰਾਂ ਬਣਾਈਆਂ ਗਈਆਂ, ਉਨ੍ਹਾਂ ਦਾ ਰਾਜਨੀਤਕ ਨਕਸ਼ਾ ਉਸ ਪਿੱਛੋਂ ਲਗਾਤਾਰ ਨਵਾਂ ਰੰਗ ਲੈਂਦਾ ਗਿਆ ਸੀ। ਕਾਂਗਰਸ ਤੇ ਰਾਜੀਵ ਗਾਂਧੀ ਦੇ ਵਿਰੋਧ ਵਿੱਚ ਸੱਤਾ ਲਈ ਲੜ ਰਹੀਆਂ ਧਰਮ-ਨਿਰਪੱਖ ਧਿਰਾਂ ਨਵੀਂ ਉੱਭਰਦੀ ਭਾਜਪਾ ਨਾਲ ਹਰ ਥਾਂ ਸਿੱਧੇ ਜਾਂ ਅਸਿੱਧੇ ਤਾਲਮੇਲ ਲਈ ਤਿਆਰ ਹੋਣ ਲੱਗ ਪਈਆਂ ਅਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਪਹਿਲਾਂ ਸ਼ਾਹਬਾਨੋ ਕੇਸ ਵਿੱਚ ਥਿੜਕੀ ਤੇ ਫਿਰ ਬਾਬਰੀ ਮਸਜਿਦ ਦਾ ਤਾਲਾ ਖੋਲ੍ਹਣ ਤੁਰ ਪਈ ਸੀ। ਨਰਸਿਮਹਾ ਰਾਉ ਵਰਗਾ ਮੌਕਾਪ੍ਰਸਤ ਆਗੂ ਕਾਂਗਰਸ ਨੇ ਪ੍ਰਧਾਨ ਮੰਤਰੀ ਬਣਾ ਲਿਆ ਤਾਂ ਉਸ ਨੇ ਬਾਬਰੀ ਮਸਜਿਦ ਢਾਹੁਣ ਤੁਰੀ ਹੋਈ ਭਾਜਪਾ ਨਾਲ ਅੰਦਰਖਾਤੇ ਜਿਹੜੀ ਸਾਂਝ ਨਿਭਾਈ, ਕਾਂਗਰਸ ਦੇ ਵੀ ਜੜ੍ਹੀਂ ਬਹਿ ਗਈ ਅਤੇ ਇਸ ਦੇਸ਼ ਵਿੱਚ ਬਚੀ-ਖੁਚੀ ਧਰਮ-ਨਿਰਪੱਖਤਾ ਦੇ ਵੀ। ਉਦੋਂ ਕਾਂਗਰਸ ਨੂੰ ਹਟਾ ਕੇ ਬਣੀਆਂ ਦੇਵਗੌੜਾ ਅਤੇ ਗੁਜਰਾਲ ਸਰਕਾਰਾਂ ਵੀ ਅਗਲੀ ਨੀਵਾਣ ਤਕ ਲਿਜਾਣ ਵਾਲੀਆਂ ਹੀ ਸਾਬਤ ਹੋਈਆਂ ਸਨ।
ਹਾਲਾਤ ਦਾ ਮਜ਼ਾਕ ਵੇਖੋ ਕਿ ਐੱਚ ਡੀ ਦੇਵਗੌੜਾ ਪ੍ਰਧਾਨ ਮੰਤਰੀ ਤਾਂ ਭਾਜਪਾ ਦੇ ਵਿਰੋਧ ਵਿੱਚ ਕਾਂਗਰਸ ਦੀ ਮਦਦ ਨਾਲ ਬਣਿਆ, ਪਰ ਜਦੋਂ ਗੱਦੀ ਖੁੱਸ ਗਈ ਤਾਂ ਥੋੜ੍ਹਾ ਸਮਾਂ ਬਾਅਦ ਉਸੇ ਭਾਜਪਾ ਦੀ ਮਦਦ ਨਾਲ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣ ਤੁਰ ਪਿਆ ਸੀ। ਪਹਿਲਾ ਪੰਜਾਬੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੀ ਉਸ ਅਹੁਦੇ ਤਕ ਇਨ੍ਹਾਂ ਧਰਮ-ਨਿਰਪੱਖ ਧਿਰਾਂ ਦੇ ਆਗੂ ਵਜੋਂ ਪਹੁੰਚਿਆ ਸੀ, ਪਰ ਗੱਦੀ ਖੁੱਸਦੇ ਸਾਰ ਆਪਣੀ ਪਾਰਲੀਮੈਂਟ ਸੀਟ ਬਚਾਉਣ ਲਈ ਭਾਜਪਾ ਦੀ ਸਾਂਝ ਵਾਲੇ ਗੱਠਜੋੜ ਦੀ ਮਦਦ ਦਾ ਮੁਥਾਜ ਬਣਨ ਤੁਰ ਪਿਆ ਸੀ ਤੇ ਭਾਜਪਾ ਵਾਲੇ ਉਸ ਦੀ ਮਦਦ ਕਰਨ ਦੇ ਵਕਤ ਉਸ ਦੀ ਧਰਮ-ਨਿਰਪੱਖਤਾ ਦੀਆਂ ਗੱਲਾਂ ਕਰਦੇ ਵੱਖੀਆਂ ਥਾਣੀਂ ਹੱਸਦੇ ਹੁੰਦੇ ਸਨ। ਪੱਛਮੀ ਬੰਗਾਲ ਵਿੱਚ ਸੱਤਾ ਦਾ ਸੁਖ ਮਾਣਨ ਲਈ ਮਮਤਾ ਬੈਨਰਜੀ ਨੇ ਪਹਿਲਾਂ ਕਾਂਗਰਸ ਛੱਡੀ ਅਤੇ ਫਿਰ ਖੱਬੇ-ਪੱਖੀਆਂ ਨਾਲ ਲੜਨ ਲਈ ਭਾਜਪਾ ਨਾਲ ਸਾਂਝ ਪਾ ਕੇ ਚੋਣਾਂ ਲੜੀਆਂ ਸਨ ਤੇ ਉਨ੍ਹਾਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਬਣੀ ਸੀ। ਜਨਤਾ ਦਲ ਯੁਨਾਈਟਿਡ ਵਾਲੇ ਨਿਤੀਸ਼ ਕੁਮਾਰ ਨੇ ਕਿੰਨੀ ਵਾਰੀ ਭਾਜਪਾ ਨਾਲ ਸੱਤਾ ਖਾਤਰ ਸਾਂਝ ਪਾਈ ਤੇ ਕਿੰਨੀ ਵਾਰ ਆਪਣੇ ਹਿਤਾਂ ਖਾਤਰ ਧਰਮ-ਨਿਰਪੱਖਤਾ ਨੂੰ ਦਾਅ ਉੱਤੇ ਲਾਇਆ ਸੀ, ਇਹ ਗਿਣਤੀ ਕਰਦਾ ਬੰਦਾ ਥੱਕ ਸਕਦਾ ਹੈ। ਉੜੀਸਾ ਦੇ ਨਵੀਨ ਪਟਨਾਇਕ ਨੇ ਧਰਮ-ਨਿਰਪੱਖਤਾ ਦੀਆਂ ਗੱਲਾਂ ਤੋਂ ਸੱਤਾ ਲਈ ਮੁਢਲੇ ਕਦਮ ਚੁੱਕੇ ਅਤੇ ਅਗਲੇ ਕਦਮ ਉਸ ਨੂੰ ਸੱਤਾ ਦੇ ਲਈ ਭਾਜਪਾ ਨਾਲ ਸਾਂਝ ਪਾਉਣ ਤਕ ਲੈ ਗਏ ਸਨ। ਪੈਰ ਪੱਕੇ ਹੋ ਗਏ ਤਾਂ ਭਾਜਪਾ ਨਾਲੋਂ ਸਾਂਝ ਤੋੜ ਲਈ, ਪਰ ਜਦੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਚੜ੍ਹਤ ਹੁੰਦੀ ਵੇਖੀ ਤਾਂ ਉਸ ਨਾਲ ਅੱਖ ਮਿਲਾ ਕੇ ਤਾਲਮੇਲ ਦਾ ਉਹ ਰਾਹ ਕੱਢ ਲਿਆ, ਜਿਸਦਾ ਲਾਭ ਬਾਕੀ ਭਾਰਤ ਵਿੱਚ ਭਾਜਪਾ ਨੂੰ ਹੋਣਾ ਸੀ। ਆਂਧਰਾ ਪ੍ਰਦੇਸ਼ ਹੋਵੇ ਜਾਂ ਤਾਮਿਲ ਨਾਡੂ, ਹਰ ਰਾਜ ਵਿੱਚ ਸੱਤਾ ਪ੍ਰਾਪਤੀ ਦੀ ਖੇਡ ਵਿੱਚ ਖੇਤਰੀ ਪਾਰਟੀਆਂ ਕਦੀ ਖੱਬੇ-ਪੱਖੀਆਂ ਨਾਲ ਤੇ ਕਦੀ ਭਾਜਪਾ ਨਾਲ ਜੁੜਦੀਆਂ ਰਹੀਆਂ ਅਤੇ ਇਸਦਾ ਲਾਭ ਵੀ ਅਸਲੀ ਅਰਥਾਂ ਵਿੱਚ ਸਭ ਤੋਂ ਵੱਧ ਜਥੇਬੰਦ ਕਾਡਰ ਵਾਲੀ ਭਾਜਪਾ ਨੂੰ ਹੁੰਦਾ ਰਿਹਾ। ਜੰਮੂ-ਕਸ਼ਮੀਰ ਵਿੱਚ ਅੱਜ ਕੱਖੋਂ ਹੌਲੇ ਹਾਲਾਤ ਵਿੱਚ ਪਹੁੰਚੀਆਂ ਦੋਵਾਂ ਸਥਾਨਕ ਧਿਰਾਂ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਨੇ ਕੇਂਦਰ ਦੀ ਵਜ਼ੀਰੀ ਲਈ ਭਾਜਪਾ ਨਾਲ ਵਾਰੀ-ਵਾਰੀ ਸਾਂਝ ਪਾਈ ਅਤੇ ਠਿੱਬੀਆਂ ਖਾਣ ਮਗਰੋਂ ਪਿੱਛੇ ਹਟਣ ਦੇ ਬਾਅਦ ਵੀ ਸੱਤਾ ਖਾਤਰ ਅੱਖ-ਮਟੱਕੇ ਕਰਦੀਆਂ ਰਹੀਆਂ ਸਨ ਤੇ ਨਤੀਜੇ ਅੱਜ ਵੀ ਭੁਗਤ ਰਹੀਆਂ ਹਨ।
ਭਾਰਤ ਦੀ ਸਭ ਤੋਂ ਵੱਡੀ ਧਰਮ-ਨਿਰਪੱਖ ਧਿਰ ਹੋਣ ਦਾ ਦਾਅਵਾ ਕਰਦੀ ਕਾਂਗਰਸ ਪਾਰਟੀ, ਧਰਮ-ਨਿਰਪੱਖ ਤਾਂ ਉਹ ਸਭ ਤੋਂ ਵੱਡੀ ਹੋਵੇ ਜਾਂ ਨਾ, ਧਰਮ-ਨਿਰਪੱਖ ਧਿਰਾਂ ਵਿੱਚੋਂ ਸਭਨਾਂ ਤੋਂ ਵੱਡੀ ਜ਼ਰੂਰ ਹੈ, ਦੇ ਲੀਡਰਾਂ ਦਾ ਕਿਰਦਾਰ ਵੀ ਲਗਾਤਾਰ ਮੌਕਾਪ੍ਰਸਤੀ ਵਾਲਾ ਰਿਹਾ। ਜਿਹੜੇ ਆਗੂ ਕਾਂਗਰਸ ਵਿੱਚ ਬੈਠ ਕੇ ਭਾਜਪਾ ਦਾ ਵਿਰੋਧ ਕਰਦੇ ਸਨ, ਸਮਾਂ ਪਾ ਕੇ ਭਾਜਪਾ ਵਿੱਚ ਚਲੇ ਜਾਣ ਵਿੱਚ ਉਨ੍ਹਾਂ ਨੇ ਕੋਈ ਝਿਜਕ ਨਹੀਂ ਵਿਖਾਈ ਅਤੇ ਕਈਆਂ ਨੇ ਵੱਖਰੀ ਪਾਰਟੀ ਬਣਾ ਕੇ ਭਾਜਪਾ ਨਾਲ ਸਾਂਝ ਦਾ ਰਾਹ ਵੀ ਬਣਾ ਲਿਆ ਸੀ। ਅੱਗੋਂ ਇਸ ਕੰਮ ਵਿੱਚ ਭਾਜਪਾ ਖੁੱਲ੍ਹ ਦਿੱਲੀ ਨਾਲ ਚੱਲੀ ਹੈ। ਜਿਸ ਕਿਸੇ ਧਰਮ-ਨਿਰਪੱਖ ਅਕਸ ਵਾਲੇ ਆਗੂ ਨੇ ਮੋੜਾ ਕੱਟਿਆ ਤੇ ਉਨ੍ਹਾਂ ਦੇ ਦਰਵਾਜ਼ੇ ਪਹੁੰਚ ਗਿਆ, ਉਸ ਨੂੰ ਨਾਲ ਜੋੜਨ ਪਿੱਛੋਂ ਬਣਦਾ ਮਾਣ ਇਸ ਲਈ ਦਿੱਤਾ ਕਿ ਹੋਰਨਾਂ ਨੂੰ ਇੱਥੇ ਆਉਣ ਨੂੰ ਲਲਚਾਇਆ ਜਾ ਸਕੇ ਅਤੇ ਪਤਾ ਨਹੀਂ ਕਿੱਥੋਂ ਦੇ ਵਰਕੇ ਫੋਲ ਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਕਾਂਗਰਸ ਵਿੱਚ ਹੁੰਦਿਆਂ ਵੀ ਇਹ ਸਾਡਾ ਬੰਦਾ ਹੁੰਦਾ ਸੀ। ਉੱਤਰ ਪ੍ਰਦੇਸ਼ ਵਿੱਚ ਜਿਹੜੇ ਜਗਦੰਬਿਕਾ ਪਾਲ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਕੇਂਦਰ ਦੀ ਕਾਂਗਰਸੀ ਸਰਕਾਰ ਨੇ ਗਵਰਨਰ ਨੂੰ ਉਕਸਾ ਕੇ ਭਾਜਪਾ ਦੀ ਸਰਕਾਰ ਉਲਟਾਈ ਤੇ ਹਾਈ ਕੋਰਟ ਦੇ ਹੁਕਮ ਉੱਤੇ ਭਾਜਪਾ ਸਰਕਾਰ ਬਹਾਲ ਕਰਨੀ ਪਈ ਸੀ, ਉਹ ਬੰਦਾ ਵੀ ਭਾਜਪਾ ਵਿੱਚ ਜਾ ਵੜਿਆ। ਅੱਗੋਂ ਭਾਜਪਾ ਨੇ ਇੱਕ ਲਿਸਟ ਕੱਢ ਕੇ ਵਿਖਾ ਦਿੱਤੀ ਕਿ ਕਾਂਗਰਸੀ ਹੁੰਦਿਆਂ ਵੀ ਇਸਦਾ ਨਾਂਅ ਬਾਬਰੀ ਮਸਜਿਦ ਢਾਹੁਣ ਲਈ ਤਿਆਰ ਕਾਰ-ਸੇਵਕਾਂ ਦੀ ਸੂਚੀ ਵਿੱਚ ਫਲਾਣੇ ਨੰਬਰ ਉੱਤੇ ਦਰਜ ਕੀਤਾ ਦੱਸਦਾ ਹੈ ਕਿ ਉਦੋਂ ਵੀ ਇਹ ਅੰਦਰੋਂ ਭਾਜਪਾ ਦਾ ਵਫਦਾਰ ਹੋਇਆ ਕਰਦਾ ਸੀ। ਬਠਿੰਡੇ ਦਾ ਕਮਿਊਨਿਸਟ ਆਗੂ ਮੱਖਣ ਸਿੰਘ ਜਦੋਂ ਅਕਾਲੀ ਦਲ ਵਿੱਚ ਰਲਿਆ ਤਾਂ ਉਸ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਬੈਠ ਕੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਸ ਨੂੰ ਬੜੇ ਚਿਰ ਪਿੱਛੋਂ ਪਤਾ ਲੱਗਾ ਹੈ ਕਿ ਅਸਲੀ ਕਮਿਊਨਿਸਟ ਅਤੇ ਅਸਲੀ ਇਨਕਲਾਬੀ ਪਾਰਟੀ ਅਕਾਲੀ ਦਲ ਹੀ ਹੈ। ਅੱਜਕੱਲ੍ਹ ਉਹਦੇ ਵਰਗੇ ਕਈ ਪੁਰਾਣੇ ਧਰਮ-ਨਿਰਪੱਖ ਆਗੂ ਭਾਜਪਾ ਬਾਰੇ ਇੱਦਾਂ ਦੀਆਂ ਗੱਲਾਂ ਕਹੀ ਜਾਂਦੇ ਹਨ।
ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਇਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਵੱਖਰਾ ਆਜ਼ਾਦ ਦੇਸ਼ ਬਣਾ ਦਿੱਤਾ ਗਿਆ ਸੀ, ਉਸ ਵੇਲੇ ਧਰਮ-ਨਿਰਪੱਖ ਆਗੂਆਂ ਨੂੰ ਬਹੁਤ ਕਸ਼ਟ ਸਹਾਰਨੇ ਪਏ ਸਨ, ਪਰ ਉਹ ਥਿੜਕਦੇ ਨਹੀਂ ਸੀ ਵੇਖੇ ਗਏ। ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਦਿੱਲੀ ਦੀ ਜਾਮਾ ਮਸਜਿਦ ਵਿੱਚ ਵੜਨੋਂ ਰੋਕ ਦਿੱਤਾ ਗਿਆ ਅਤੇ ਹਿੰਦੂਵਾਦੀਆਂ ਦਾ ਏਜੰਟ ਆਖਿਆ ਗਿਆ, ਪਰ ਉਹ ਪੈਂਤੜੇ ਉੱਤੇ ਕਾਇਮ ਰਿਹਾ ਸੀ। ਪਾਕਿਸਤਾਨ ਬਣਨ ਪਿੱਛੋਂ ਜਿਹੜੇ ਮੁਸਲਮਾਨ ਭਾਰਤ ਵਿੱਚ ਰਹਿ ਗਏ ਸਨ, ਉਹ ਖੁਦ ਆ ਕੇ ਉਸੇ ਆਜ਼ਾਦ ਨੂੰ ਫਿਰ ਜਾਮਾ ਮਸਜਿਦ ਲੈ ਕੇ ਗਏ ਸਨ ਤੇ ਉੱਥੇ ਉਸ ਨੇ ਵੰਗਾਰ ਕੇ ਕਿਹਾ ਸੀ ਕਿ ਅੱਜ ਤੁਸੀਂ ਗਲੇਡੂ ਸੁੱਟਦੇ ਹੋ, ਫੈਸਲੇ ਦੀ ਘੜੀ ਬੋਲਣ ਤੋਂ ਝਿਜਕ ਕੇ ਇੰਨਾ ਜ਼ਿਆਦਾ ਨੁਕਸਾਨ ਕਰ ਬੈਠੇ ਹੋ ਕਿ ਤੁਹਾਡੀਆਂ ਪੀੜ੍ਹੀਆਂ ਨੂੰ ਭੁਗਤਣਾ ਪੈ ਸਕਦਾ ਹੈ। ਇਹ ਸੱਚ ਸਾਬਤ ਹੋਇਆ ਸੀ, ਪਰ ਉਸ ਦੇ ਬਾਅਦ ਵੀ ਉਨ੍ਹਾਂ ਦੇ ਆਗੂ ਸਿਆਸਤ ਦੇ ਮੈਦਾਨ ਵਿੱਚ ਇੱਦਾਂ ਦੀ ਤਿਲਕਣਬਾਜ਼ੀ ਵਿਖਾਉਂਦੇ ਰਹੇ ਕਿ ਅੱਜ ਉਹ ਖੁਦ ਕਿਸੇ ਖਾਤੇ ਵਿੱਚ ਨਹੀਂ, ਭਾਜਪਾ ਲੀਡਰਾਂ ਪਿੱਛੇ ਤੁਰਨ ਜੋਗੇ ਰਹਿ ਗਏ ਹਨ। ਸ਼ਾਹਨਵਾਜ਼ ਹੁਸੈਨ ਤੇ ਮੁਖਤਾਰ ਅੱਬਾਸ ਨੱਕਵੀ ਵਰਗੇ ਲੀਡਰ ਅੱਜ ਕਿਤੇ ਰੜਕਦੇ ਨਹੀਂ, ਜਿਹੜੇ ਭਾਜਪਾ ਨੂੰ ਭਾਰਤ ਦੀ ਆਤਮਾ ਅਤੇ ਘੱਟ-ਗਿਣਤੀਆਂ ਦੇ ਲੋਕਾਂ ਲਈ ਭਵਿੱਖ ਦੀ ਆਸ ਦੀ ਕਿਰਨ ਦੱਸਦੇ ਹੁੰਦੇ ਸਨ। ਕਾਂਗਰਸ ਵਿੱਚ ਰਹਿੰਦਿਆਂ ਧਰਮ-ਨਿਰਪੱਖਤਾ ਪੜ੍ਹਾਉਣ ਲਈ ਕਿਤਾਬਾਂ ਲਿਖਣ ਵਾਲੇ ਐੱਮ ਜੇ ਅਕਬਰ ਵਰਗੇ ਲੋਕ ਫਿਰ ਕੇਂਦਰ ਦੀ ਇੱਕ ਵਜ਼ੀਰੀ ਲੈਣ ਲਈ ਭਾਜਪਾ ਵਿੱਚ ਜਾ ਵੜੇ ਸਨ, ਪਰ ਅੱਜ ਉਹ ਕੱਖੋਂ ਹੌਲੇ ਹੋਏ ਸਿਆਸਤ ਦੇ ਅਣਗੌਲੇ ਖੂੰਜੇ ਵਿੱਚ ਪਏ ਹੋਏ ਰੜਕਦੇ ਨਹੀਂ। ਧਰਮ-ਨਿਰਪੱਖ ਅਖਵਾਉਂਦੇ ਜਿਹੜੇ ਆਗੂਆਂ ਨੇ ਅੱਧੋਗਤੀ ਵਾਲੀ ਹਾਲਾਤ ਪੈਦਾ ਕੀਤੀ ਹੈ, ਉਨ੍ਹਾਂ ਨੂੰ ਆਪਣੀ ਬੁੱਕਲ ਵਿੱਚ ਝਾਤੀ ਮਾਰਨ ਦੀ ਲੋੜ ਹੈ।
ਅਗਲੇ ਸਾਲ ਦੀਆਂ ਚੋਣਾਂ ਵਿੱਚ ਬਹੁਤਾ ਸਮਾਂ ਨਹੀਂ ਰਹਿੰਦਾ। ਉਸ ਲਈ ਗੱਠਜੋੜ ਬਣਾਉਣ ਦੀ ਕਸਰਤ ਫਿਰ ਸ਼ੁਰੂ ਕਰ ਦਿੱਤੀ ਗਈ ਹੈ, ਪਰ ਅਜੇ ਵੀ ਕਾਂਗਰਸੀ ਆਗੂਆਂ ਵਿੱਚ ਆਪਣੇ ‘ਰਾਜਕੁਮਾਰ’ ਨੂੰ ਭਾਰਤ ਦਾ ਆਗੂ ਬਣਾਉਣ ਦੀ ਉਹ ਭਾਵਨਾ ਘਟੀ ਨਹੀਂ, ਜਿਹੜੀ ਪਹਿਲਾਂ ਨੁਕਸਾਨ ਕਰਾਉਂਦੀ ਰਹੀ ਹੈ। ਰਾਹੁਲ ਗਾਂਧੀ ਅਗਵਾਈ ਕਰਨ ਜੋਗਾ ਨਹੀਂ ਤਾਂ ਪਾਰਟੀ ਕਿਸੇ ਹੋਰ ਨੂੰ ਅੱਗੇ ਲਾਵੇ ਜਾਂ ਨਾ ਲਾਵੇ, ਲਾਵੇ ਤਾਂ ਮਲਿਕਾਰਜੁਨ ਖੜਗੇ ਵਾਂਗ ਐਵੇਂ ਕਾਗਜ਼ੀ ਪ੍ਰਧਾਨਗੀ ਤਕ ਸੀਮਤ ਰੱਖੇ ਜਾਂ ਨਾ ਰੱਖੇ, ਇਹ ਮਜਬੂਰੀ ਉਸ ਪਾਰਟੀ ਦੀ ਹੈ, ਬਾਕੀ ਪਾਰਟੀਆਂ ਦੀ ਇਹੋ ਜਿਹੀ ਮਜਬੂਰੀ ਨਹੀਂ। ਉਹ ਕਾਂਗਰਸ ਪਾਰਟੀ ਦੀ ਅਜੇ ਵੀ ਆਪਣੇ ਆਗੂ ਖਾਤਰ ਸਾਰੇ ਭਾਰਤ ਦਾ ਭਵਿੱਖ ਕੁਰਬਾਨ ਕਰਨ ਦੀ ਨੀਤੀ ਤੋਂ ਉੱਪਰ ਉੱਠ ਕੇ ਯਤਨ ਕਰ ਸਕਦੀਆਂ ਹਨ ਤੇ ਉਨ੍ਹਾਂ ਨੂੰ ਕਰਨਾ ਵੀ ਚਾਹੀਦਾ ਹੈ। ਭਾਰਤ ਦੇਸ਼ ਜਿਸ ਮੋੜ ਉੱਤੇ ਅੱਜ ਪਹੁੰਚ ਚੁੱਕਾ ਹੈ, ਉੱਥੇ ਧੜਿਆਂ ਬਾਰੇ ਸੋਚਣ ਵਾਲਾ ਵਕਤ ਨਹੀਂ ਬਚਿਆ ਜਾਪਦਾ, ਦੇਸ਼ ਲਈ ਸੋਚਣਾ ਪਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4538)
(ਸਰੋਕਾਰ ਨਾਲ ਸੰਪਰਕ ਲਈ: (