JatinderPannu7ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਬਾਰੇ ਤੇ ਮੰਤਰੀਆਂ ਵਿੱਚੋਂ ਕੁਝ ਦੇ ਪਰਿਵਾਰਾਂ ਦੇ ਮੈਂਬਰਾਂ ਬਾਰੇ ਗੱਲਾਂ ...
(29 ਮਈ 2022)
ਮਹਿਮਾਨ: 123.


ਇੱਕ ਪੁਰਾਣੀ ਕਹਾਣੀ ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਸੁਣੀ ਹੋਈ ਹੈ ਕਿ ਇੱਕ ਕਲਾਕਾਰ ਨੇ ਤਸਵੀਰ ਬਣਾ ਕੇ ਚੌਕ ਵਿੱਚ ਰੱਖ ਦਿੱਤੀ ਅਤੇ ਨਾਲ ਇੱਕ ਪੈੱਨ ਰੱਖ ਕੇ ਕੋਲ ਤਖਤੀ ਗੱਡ ਦਿੱਤੀ ਕਿ ਇਸ ਵਿੱਚ ਜਿੱਥੇ ਕੋਈ ਨੁਕਸ ਦੇਖਦੇ ਹੋ
, ਉਸ ਥਾਂ ਨਿਸ਼ਾਨੀ ਲਾ ਦਿਉਅਗਲੇ ਦਿਨ ਤਕ ਉਹ ਸਾਰੀ ਤਸਵੀਰ ਲੋਕਾਂ ਨੇ ਨਿਸ਼ਾਨੀਆਂ ਲਾ-ਲਾ ਕੇ ਭਰ ਦਿੱਤੀ ਤੇ ਇੰਜ ਜਾਪਦਾ ਸੀ ਕਿ ਲੋਕਾਂ ਦੀ ਸਮਝ ਵਿੱਚ ਉਸ ਕਲਾਕਾਰ ਨੂੰ ਤਸਵੀਰ ਬਣਾਉਣੀ ਹੀ ਨਹੀਂ ਆਉਂਦੀਉਸ ਕਲਾਕਾਰ ਨੇ ਅਗਲੇ ਦਿਨ ਉਸੇ ਤਸਵੀਰ ਦੇ ਨਾਲ ਦੀ ਤਸਵੀਰ ਉਸੇ ਥਾਂ ਰੱਖ ਕੇ ਨਾਲ ਪੈੱਨ ਦੀ ਬਜਾਏ ਬੁਰਸ਼ ਅਤੇ ਹੋਰ ਸਾਮਾਨ ਰੱਖਿਆ ਅਤੇ ਤਖਤੀ ਲਾ ਦਿੱਤੀ ਕਿ ਜਿੱਥੇ ਕੋਈ ਨੁਕਸ ਦਿਸਦਾ ਹੈ, ਠੀਕ ਕਰਨ ਦੀ ਕ੍ਰਿਪਾ ਕਰੋਅਗਲੇ ਦਿਨ ਤਕ ਲੋਕ ਆਈ ਗਏ, ਵੇਖ ਕੇ ਅੱਗੇ ਲੰਘਦੇ ਗਏ, ਕਿਸੇ ਨੇ ਵੀ ਠੀਕ ਕਰਨ ਦੀ ਹਿੰਮਤ ਨਹੀਂ ਸੀ ਵਿਖਾਈ, ਕਿਉਂਕਿ ਤਸਵੀਰ ਦੇ ਨੁਕਸ ਕੱਢਣਾ ਹੀ ਸੌਖਾ ਸੀ, ਉਸ ਦੇ ਨੁਕਸ ਦੂਰ ਕਰਨਾ ਨੁਕਸ ਦੱਸਣ ਵਰਗਾ ਸੁਖਾਲਾ ਕੰਮ ਨਹੀਂ ਸੀ

ਭਾਰਤ ਅਤੇ ਇਸ ਵਿੱਚ ਸਾਡੇ ਪੰਜਾਬ ਦੇ ਰਾਜ ਪ੍ਰਬੰਧ ਵਿਚਲੇ ਨੁਕਸ ਦੱਸਣਾ ਵੀ ਸੌਖਾ ਹੋ ਸਕਦਾ ਹੈ ਅਤੇ ਸਾਡੇ ਵਿੱਚੋਂ ਹਰ ਕੋਈ ਪੰਜ ਨੁਕਸ ਪੁੱਛੇ ਜਾਣ ਉੱਤੇ ਪੈਂਤੀ ਗਿਣਾ ਸਕਦਾ ਹੋਵੇਗਾ, ਇਨ੍ਹਾਂ ਨੁਕਸਾਂ ਨੂੰ ਠੀਕ ਕਰਨਾ ਔਖਾ ਹੈ ਤੇ ਠੀਕ ਕਰਨ ਦੇ ਨਾਂਅ ਉੱਤੇ ਕੁਝ ਕਰ ਕੇ ਵਿਖਾਉਣਾ ਹੋਰ ਔਖਾ ਹੈਸਿਰਫ ਔਖਾ ਕਹਿਣ ਦੀ ਥਾਂ ਬਹੁਤ ਸਾਰੇ ਸੱਜਣਾਂ ਨੂੰ ਇਹ ਕਹਿਣ ਵਿੱਚ ਝਿਜਕ ਨਹੀਂ ਹੋਵੇਗੀ ਕਿ ਇਹ ਕੰਮ ਤਾਂ ਹੋਣ ਵਾਲਾ ਹੀ ਨਹੀਂ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਸਨ, ਉਹ ਕਿਹਾ ਕਰਦੇ ਸਨ ਕਿ ਲੀਡਰ ਦੀ ਨੀਤ ਠੀਕ ਚਾਹੀਦੀ ਹੈ, ਸਮਾਜ ਨੂੰ ਠੀਕ ਕਰਨਾ ਔਖਾ ਨਹੀਂਉਹ ਇਹ ਸੋਚਦੇ ਸਨ ਕਿ ਆਗੂ ਦਾ ਠੀਕ ਹੋਣਾ ਹੀ ਸਾਰਾ ਕੁਝ ਠੀਕ ਕਰ ਦੇਵੇਗਾ, ਪਰ ਅਸੀਂ ਉਸ ਵੇਲੇ ਵੀ ਕਹਿੰਦੇ ਸਾਂ ਕਿ ਜਿਹੜੇ ਸਮਾਜ ਵਿੱਚ ਭ੍ਰਿਸ਼ਟਾਚਾਰ ਘਰ-ਘਰ ਅਤੇ ਨਸ-ਨਸ ਵਿੱਚ ਵੜਿਆ ਪਿਆ ਹੋਵੇ, ਉਸ ਦੇਸ਼ ਵਿੱਚ ਇਹ ਇੰਨਾ ਸੌਖਾ ਕੰਮ ਨਹੀਂ ਮੰਨਿਆ ਜਾ ਸਕਦਾਇਹ ਗੱਲ ਅਸੀਂ ਅੱਜ ਵੀ ਕਹਿ ਸਕਦੇ ਹਾਂ

ਸਾਡੇ ਵਿੱਚੋਂ ਬਹੁਤ ਸਾਰਿਆਂ ਦੀ ਇਹ ਆਮ ਧਾਰਨਾ ਹੈ ਕਿ ਆਗੂ ਤੇ ਅਫਸਰ ਗਲਤ ਹੋ ਸਕਦੇ ਹਨ, ਸਮਾਜ ਦੀ ਨੀਂਹ ਮੰਨੇ ਜਾਂਦੇ ਆਮ ਲੋਕ ਗਲਤ ਨਹੀਂ ਹੁੰਦੇਪਿਛਲੇ ਸਮੇਂ ਵਿੱਚ ਸਾਡੀਆਂ ਅੱਖਾਂ ਅੱਗੇ ਇਹ ਕੁਝ ਵੀ ਹੋਇਆ ਕਿ ਭ੍ਰਿਸ਼ਟ ਲੀਡਰਾਂ ਨੇ ਆਮ ਲੋਕਾਂ ਨੂੰ ਗਲਤ ਲੀਹੇ ਪਾ ਕੇ ਪੰਜੀ-ਦੁੱਕੀ ਦੇ ਭ੍ਰਿਸ਼ਟਾਚਾਰ ਵਿੱਚ ਇੱਦਾਂ ਫਸਾ ਦਿੱਤਾ ਕਿ ਗਲਤ ਕੰਮਾਂ ਦੇ ਖਿਲਾਫ ਬੋਲਣ ਅਤੇ ਕੁਝ ਕਰਨ ਵਾਲਾ ਹਰ ਵਿਅਕਤੀ ਜਾਂ ਤਾਂ ਚੋਣਵੀਆਂ ਮੱਛੀਆਂ ਫੜੇ, ਜਾਂ ਫਿਰ ਸਮਾਜ ਦੇ ਆਮ ਲੋਕਾਂ ਨਾਲ ਆਢਾ ਲਾਉਣ ਲੱਗਾ ਰਹੇਗਾਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਪੰਜਾਬ ਦੀ ਵਾਗ ਫੜਨ ਵੇਲੇ ਵੀ ਕਹੀ ਸੀਕਾਰਨ ਇਹ ਸੀ ਕਿ ਉਸ ਨੇ ਆਉਂਦੇ ਸਾਰ ਪਿਛਲੀ ਬਾਦਲ ਸਰਕਾਰ ਦੇ ਵੇਲੇ ਸਮਾਜ-ਭਲਾਈ ਸਕੀਮ ਵਾਲੀਆਂ ਬੁਢਾਪਾ, ਵਿਧਵਾ ਅਤੇ ਹੋਰ ਪੈਨਸ਼ਨਾਂ ਅਤੇ ਸ਼ਗਮ ਸਕੀਮ ਦੇ ਫੰਡਾਂ ਦੀ ਵਰਤੋਂ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਸੀਪਹਿਲੇ ਝਟਕੇ ਵਿੱਚ ਹੀ ਇਹ ਗੱਲ ਬਾਹਰ ਆ ਗਈ ਕਿ ਪੰਜਾਬ ਵਿੱਚ ਵੀਹ ਹਜ਼ਾਰ ਤੋਂ ਵੱਧ ਲੋਕਾਂ ਨੂੰ ਇਹ ਪੈਨਸ਼ਨਾਂ ਗਲਤ ਮਿਲੀ ਜਾ ਰਹੀਆਂ ਸਨਜਵਾਨ ਮੁੰਡਿਆਂ ਨੇ ਬੁਢਾਪਾ ਪੈਨਸ਼ਨ ਲਈ ਵੱਡੀ ਉਮਰ ਦੇ ਸਰਟੀਫਿਕੇਟ ਡਾਕਟਰਾਂ ਤੋਂ ਬਣਵਾਏ ਸਨ ਤਾਂ ਜਾਂਚ ਵਿੱਚ ਉਹ ਸਾਰੇ ਡਾਕਟਰ ਤੇ ਪਿੰਡ ਦੇ ਲੰਬੜਦਾਰ ਸਮੇਤ ਕਈ ਲੋਕ ਫਸਣੇ ਸਨਕੁਆਰੀਆਂ ਕੁੜੀਆਂ ਦੀ ਵਿਧਵਾ ਪੈਨਸ਼ਨ ਦੇ ਕੇਸਾਂ ਵਿੱਚ ਵੀ ਇਹੋ ਕੁਝ ਹੋਇਆ ਸੀ ਅਤੇ ਸ਼ਗਨ ਸਕੀਮ ਦੇ ਚੈੱਕਾਂ ਵਿੱਚ ਹੋਰ ਵੀ ਕਮਾਲ ਹੋ ਗਈ ਸੀਫਰੀਦਕੋਟ ਵਿੱਚ ਇੱਕ ਅਕਾਲੀ ਕੌਂਸਲਰ ਨੇ ਆਪਣੀ ਮਾਂ ਨੂੰ ਉਨ੍ਹਾਂ ਦੋ ਧੀਆਂ ਦੇ ਵਿਆਹ ਦੇ ਚੈੱਕ ਦਿਵਾ ਲਏ ਸਨ, ਜਿਹੜੀਆਂ ਕਦੀ ਜੰਮੀਆਂ ਹੀ ਨਹੀਂ ਸਨ ਤੇ ਜਦੋਂ ਇਸਦੀ ਜਾਂਚ ਹੋਈ ਤਾਂ ਉਨ੍ਹਾਂ ਦੇ ਅਣਹੋਏ ਵਿਆਹਾਂ ਦੀ ਤਸਦੀਕ ਉਸ ਨੇ ਦੂਸਰੇ ਕੌਂਸਲਰ ਤੋਂ ਕਰਵਾਈ ਨਿਕਲੀ ਸੀ ਇੱਦਾਂ ਹਰ ਕੇਸ ਵਿੱਚ ਇੱਕ ਲਾਭ-ਪਾਤਰੀ ਦੇ ਨਾਲ ਤਸਦੀਕ ਕਰਨ ਵਾਲੇ ਦਸ-ਬਾਰਾਂ ਜਣੇ ਫਸ ਸਕਦੇ ਸਨ ਅਤੇ ਇੱਕ ਜਣਾ ਛੱਡ ਦਿੱਤਾ ਤਾਂ ਬਾਕੀ ਇਸਦੀ ਦੁਹਾਈ ਪਾਉਂਦੇ ਸਨਪੰਜਾਬ ਭਰ ਵਿੱਚੋਂ ਅੱਧੇ ਲੱਖ ਦੇ ਕਰੀਬ ਨਾਜਾਇਜ਼ ਲਾਭ ਹਾਸਲ ਕਰਨ ਵਾਲੇ ਅਤੇ ਉਨ੍ਹਾਂ ਨਾਲ ਤਸਦੀਕ ਕਰਨ ਵਾਲੇ ਲੋਕ ਫੜੇ ਜਾਂਦੇ ਤਾਂ ਲੱਖ ਤੋਂ ਵੱਧ ਲੋਕਾਂ ਨੂੰ ਜੇਲ੍ਹਾਂ ਵਿੱਚ ਰੱਖਣਾ ਤੇ ਫਿਰ ਉਨ੍ਹਾਂ ਦੇ ਕੇਸ ਦਾ ਅੰਤਲਾ ਫੈਸਲਾ ਹੋਣ ਤਕ ਮੁਫਤ ਦੀਆਂ ਰੋਟੀਆਂ ਦੇਣਾ ਕਿਸੇ ਸਰਕਾਰ ਦੇ ਵੱਸ ਦਾ ਨਹੀਂ ਸੀ ਇਸਦੇ ਨਾਲ ਪਿੰਡ-ਪਿੰਡ ਨਵੀਂ ਸਰਕਾਰ ਦੇ ਖਿਲਾਫ ਇੱਕ ਮੁਹਿੰਮਬਾਜ਼ਾਂ ਦੀ ਨਵੀਂ ਧਿਰ ਵੀ ਖੜ੍ਹੀ ਹੋ ਜਾਣੀ ਸੀ, ਜਿਸ ਤੋਂ ਬਚਣ ਲਈ ਕਾਂਗਰਸੀਆਂ ਨੇ ਫਾਰਮੂਲਾ ਲੱਭ ਲਿਆ ਕਿ ਕਿਸੇ ਨੂੰ ਫੜਨ ਦੀ ਲੋੜ ਨਹੀਂ, ਜਿਹੜਾ ਕਮਾਈ ਦਾ ਰਾਹ ਅਕਾਲੀਆਂ ਨੇ ਵਰਤਿਆ ਹੋਇਆ ਸੀ, ਉਹੀ ਰਾਹ ਕਾਂਗਰਸ ਦੇ ਉੱਪਰੋਂ ਲੈ ਕੇ ਹੇਠਾਂ ਪਿੰਡ ਪੱਧਰ ਤਕ ਦੇ ਆਗੂ ਵੀ ਵਰਤਣ ਲੱਗ ਪਏ

ਅਗਲੇ ਵੀਹ ਸਾਲ ਇਨ੍ਹਾਂ ਦੋਵਾਂ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਹਰ ਪਾਸੇ ਆਮ ਲੋਕਾਂ ਨੂੰ ਪੰਜੀ-ਦੁੱਕੀ ਵਾਲਾ ਦਾਅ ਲਾਉਣ ਦਾ ਇਹੋ ਜਿਹਾ ਚਸਕਾ ਲਾਇਆ ਕਿ ‘ਚੋਰੀ ਲੱਖ ਦੀ ਵੀ ਤੇ ਕੱਖ ਦੀ ਵੀ’ ਦੇ ਅਖਾਣ ਵਾਂਗ ਅਕਾਲੀ ਅਤੇ ਕਾਂਗਰਸੀ ਵਰਕਰ ਆਮ ਲੋਕਾਂ ਨੂੰ ਉਨ੍ਹਾਂ ਦੀ ਕਮੀ ਦਿਖਾ ਕੇ ਮਗਰ ਲਾ ਤੁਰਦੇ ਹਨਨਹਿਰ ਦੇ ਪਾਣੀ ਦੀ ਚੋਰੀ ਦਾ ਕਿਸੇ ਸਾਧਾਰਨ ਕਿਸਾਨ ਦਾ ਕਦੇ-ਕਦਾਈਂ ਦਾ ਮਾਮਲਾ ਚਰਚਾ ਵਿੱਚ ਆ ਜਾਂਦਾ ਹੈ ਅਤੇ ਪਹਿਲਾਂ ਕਾਂਗਰਸੀ ਮੰਤਰੀ ਅਤੇ ਫਿਰ ਅਕਾਲੀ ਦਲ ਦੀ ਸਰਕਾਰ ਵੇਲੇ ਚੇਅਰਮੈਨ ਰਹਿ ਚੁੱਕੇ ਲੀਡਰ ਦਾ ਪਰਿਵਾਰ ਨਹਿਰ ਵਿੱਚ ਪੱਕੇ ਮੋਘੇ ਜੜ ਕੇ ਸਾਰਾ ਪਾਣੀ ਖਿੱਚੀ ਜਾਂਦਾ ਹੋਵੇ, ਟੇਲ ਉੱਤੇ ਕਦੇ ਪਾਣੀ ਨਾ ਪਹੁੰਚਣ ਦੇਵੇ, ਅਣਗੌਲਿਆ ਰਹਿ ਜਾਂਦਾ ਸੀਨਵੀਂ ਸਰਕਾਰ ਆਪਣੇ ਤੌਰ ’ਤੇ ਮੁੱਢ ਵਿੱਚ ਕੁਝ ਕਦਮ ਚੁੱਕਣ ਲੱਗੀ ਹੈ, ਇਸਦੇ ਹੇਠਲੇ ਅਫਸਰਾਂ ਨੇ ਪਾਣੀ ਦੀ ਚੋਰੀ, ਘਰਾਂ ਦੇ ਬਿਜਲੀ ਮੀਟਰ ਆਦਿ ਦੇ ਮਾਮਲਿਆਂ ਵਿੱਚ ਆਮ ਲੋਕਾਂ ਉੱਤੇ ਕੌੜੀ ਅੱਖ ਦੀ ਝਲਕ ਦੇਣੀ ਸ਼ੁਰੂ ਕਰ ਦਿੱਤੀ, ਪਰ ਜਿਹੜੇ ਵੱਡੇ ਲੀਡਰਾਂ ਵੱਲ ਲੱਖਾਂ ਰੁਪਏ ਦੇ ਬਕਾਏ ਹਨ, ਕਰੋੜਾਂ ਦੀ ਚੋਰੀ ਕਰੀ ਜਾਂਦੇ ਹਨ, ਹੇਠਲੇ ਅਧਿਕਾਰੀ ਉਨ੍ਹਾਂ ਵੱਲ ਇਸ ਲਈ ਝਾਕਦੇ ਤਕ ਨਹੀਂ ਕਿ ਕੱਲ੍ਹ ਤਕ ਉਨ੍ਹਾਂ ਨਾਲ ਮਿਲ ਕੇ ਖਾਂਦੇ ਰਹੇ ਸਨ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੀ ਇਸ ਰਿਸ਼ਤੇਦਾਰੀ ਲਈ ਝਾਕ ਹਾਲੇ ਮੁੱਕੀ ਨਹੀਂਉਹ ਸਰਕਾਰ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਅਤੇ ਰਾਤ-ਦਿਨ ਉਨ੍ਹਾਂ ਨਾਲ ਲਗਾਤਾਰ ਸਾਂਝ ਰੱਖੀ ਜਾ ਰਹੇ ਹਨ, ਜਿਨ੍ਹਾਂ ਨਾਲ ਸਾਲਾਂ-ਬੱਧੀ ਖਾਣ-ਪੀਣ ਅਤੇ ਕਮਾਉਣ ਦਾ ਗੱਠਜੋੜ ਬਣਿਆ ਹੋਇਆ ਹੈ

ਪੰਜਾਬ ਦੀ ਨਵੀਂ ਸਰਕਾਰ ਦੇ ਮੁੱਖ ਮੰਤਰੀ ਨੇ ਆਪਣੇ ਇੱਕ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਦਾ ਇਕਬਾਲ ਕਰ ਲੈਣ ਦੇ ਬਾਅਦ ਮੰਤਰੀਪੁਣੇ ਤੋਂ ਕੱਢਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਹੈ, ਪਰ ਇਸਦੀ ਪਹਿਲੇ ਦਿਨ ਜਿਹੜੇ ਲੋਕਾਂ ਨੇ ਸ਼ਲਾਘਾ ਕਰਨ ਦੀ ਹਿੰਮਤ ਵਿਖਾਈ, ਉਸ ਤੋਂ ਅਗਲੇ ਦਿਨ ਇਸ ਉੱਤੇ ਕਿੰਤੂ ਕਰਨ ਲੱਗੇ ਸਨਉਹ ਇਹ ਕਹਿਣ ਲੱਗੇ ਹਨ ਕਿ ਇਹ ਸੰਗਰੂਰ ਦੀ ਸੀਟ ਜਿੱਤਣ ਲਈ ਰਚਿਆ ਡਰਾਮਾ ਹੈ, ਪਰ ਇੱਦਾਂ ਦਾ ਡਰਾਮਾ ਆਪਣੀ ਸਰਕਾਰ ਹੁੰਦਿਆਂ ਤੋਂ ਕਾਂਗਰਸੀ ਜਾਂ ਅਕਾਲੀ ਕਿਉਂ ਨਹੀਂ ਕਰ ਸਕੇ, ਇਸ ਬਾਰੇ ਉਹ ਕਦੇ ਨਹੀਂ ਬੋਲਦੇਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਵੇਲੇ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਮਾਅਰਕਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਉਰਫ ਰਵੀ ਸਿੱਧੂ ਦੀ ਗ੍ਰਿਫਤਾਰੀ ਵਾਲਾ ਮਾਰਿਆ ਤੇ ਹਰ ਪਾਸੇ ਭੱਲ ਬਣਾ ਲਈ ਸੀ, ਪਰ ਇਸਦੀ ਭੱਲ ਦੋ ਮਹੀਨੇ ਵੀ ਕਾਇਮ ਨਾ ਰਹਿ ਸਕੀਜਦੋਂ ਰਵੀ ਸਿੱਧੂ ਵਾਲੇ ਬੈਂਕ ਲਾਕਰ ਖੋਲ੍ਹੇ ਤਾਂ ਉਨ੍ਹਾਂ ਵਿੱਚੋਂ ਨਿਕਲੇ ਨੋਟਾਂ ਨਾਲ ਬੈਂਕ ਬਰਾਂਚ ਦੇ ਫਰਸ਼ ਦਰੀ ਵਾਂਗ ਢਕੇ ਗਏ ਸਨ, ਪਰ ਅਗਲੇ ਦਿਨ ਪਤਾ ਲੱਗਾ ਕਿ ਸਾਰੇ ਪੈਸੇ ਸਰਕਾਰੀ ਖਜ਼ਾਨੇ ਵਿੱਚ ਪੁੱਜਣ ਦੀ ਥਾਂ ਅੱਧ-ਪਚੱਧੇ ਇਸ ਕੇਸ ਵਿੱਚ ਪਾਏ ਗਏ ਅਤੇ ਬਾਕੀਆਂ ਲਈ ਬਾਂਦਰ-ਵੰਡ ਦੇ ਕਾਰਨ ਝਗੜਾ ਪੈ ਗਿਆ ਸੀ

ਇਸ ਵਕਤ ਆਮ ਲੋਕਾਂ ਵਿੱਚ ਨਵੀਂ ਬਣੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਪਹਿਲਾ ਪ੍ਰਭਾਵ ਕੁਝ ਚੰਗਾ ਜਾਪਦਾ ਹੈ, ਪਰ ਇਹ ਪ੍ਰਭਾਵ ਕਦੇ ਵੀ ਸਥਾਈ ਨਹੀਂ ਹੁੰਦਾਜੇ ਇਹ ਪ੍ਰਭਾਵ ਕਾਇਮ ਰੱਖਣਾ ਹੈ ਤਾਂ ਅਗਲੇ ਦਿਨਾਂ ਵਿੱਚ ਮੰਤਰੀ ਅਹੁਦੇ ਤੋਂ ਹਟਾਏ ਗਏ ਵਿਜੇ ਸਿੰਗਲਾ ਵਾਂਗ ਕੁਝ ਹੋਰ ਬੱਦੂ ਬੰਦੇ ਪਕੜਨੇ ਅਤੇ ਲੋਕਾਂ ਨੂੰ ਦੱਸਣਾ ਹੋਵੇਗਾ ਕਿ ਚੁਣ ਕੇ ਇੱਕੋ ਸ਼ਿਕਾਰ ਨਹੀਂ ਫੁੰਡਿਆ, ਭ੍ਰਿਸ਼ਟਾਚਾਰ ਨੂੰ ਹੂੰਝਣ ਦਾ ਆਗਾਜ਼ ਹੀ ਕੀਤਾ ਹੈਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਬਾਰੇ ਤੇ ਮੰਤਰੀਆਂ ਵਿੱਚੋਂ ਕੁਝ ਦੇ ਪਰਿਵਾਰਾਂ ਦੇ ਮੈਂਬਰਾਂ ਬਾਰੇ ਗੱਲਾਂ ਸੁਣਨ ਲੱਗ ਪਈਆਂ ਹਨ ਤਾਂ ਉਨ੍ਹਾਂ ਬਾਰੇ ਕੁਝ ਕਰ ਕੇ ਵਿਖਾਉਣਾ ਪਵੇਗਾ, ਨਹੀਂ ਤਾਂ ਇਹ ਪ੍ਰਭਾਵ ਕੱਚੇ ਰੰਗ ਵਾਂਗ ਲੱਥ ਜਾਵੇਗਾਸੰਗਰੂਰ ਹਲਕੇ ਦੀ ਉਪ ਚੋਣ ਹੋਣ ਵਾਲੀ ਹੈ, ਪਰ ਇਹ ਪੰਜਾਬ ਦੀ ਸਰਕਾਰ ਦਾ ਇੱਕੋ-ਇੱਕ ਟੈੱਸਟ ਨਹੀਂ, ਟੈੱਸਟਾਂ ਦੀ ਲੜੀ ਦਾ ਮੁੱਢ ਮੰਨ ਕੇ ਚੱਲਣਾ ਪਵੇਗਾ, ਲੋਕ ਪੈਰ-ਪੈਰ ਉੱਤੇ ਸਰਕਾਰ ਦੇ ਵਿਹਾਰ ਨੂੰ ਪਰਖਣਗੇਅਗਲੀਆਂ ਲੋਕ ਸਭਾਂ ਚੋਣਾਂ ਹੋਣ ਨੂੰ ਦੋ ਸਾਲ ਤੋਂ ਘੱਟ ਸਮਾਂ ਬਾਕੀ ਰਹਿ ਗਿਆ ਹੈ, ਅਸਲੀ ਟੈੱਸਟ ਉਸ ਵੇਲੇ ਹੋਵੇਗਾਸਰਕਾਰ ਬਣਾਉਣ ਤੋਂ ਮਸਾਂ ਦੋ ਸਾਲ ਪਿੱਛੋਂ ਅਕਾਲੀ-ਭਾਜਪਾ ਸਰਕਾਰ ਵੀ ਪਾਰਲੀਮੈਂਟ ਚੋਣਾਂ ਵਿੱਚ ਹਾਰ ਗਈ ਸੀ ਤੇ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲਦੀ ਕਾਂਗਰਸ ਪਾਰਟੀ ਨਾਲ ਵੀ ਦੋ ਸਾਲ ਦੀ ਸਰਕਾਰ ਚੱਲਣ ਪਿੱਛੋਂ ਇਹੋ ਵਾਪਰਿਆ ਸੀਭਗਵੰਤ ਮਾਨ ਦੀ ਅਗਵਾਈ ਹੇਠ ਚੱਲਦੀ ਆਮ ਆਦਮੀ ਪਾਰਟੀ ਨੇ ਇੱਦਾਂ ਦਾ ਝਟਕਾ ਨਹੀਂ ਖਾਣਾ ਤਾਂ ਉਸ ਨੂੰ ਸੰਭਲ ਕੇ ਚੱਲਣਾ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3595)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author