JatinderPannu7ਅੱਜ ਗੱਲ ਇੰਨੀ ਅੱਗੇ ਵਧ ਚੁੱਕੀ ਹੈ ਕਿ ਪਹਿਲਿਆਂ ਦੇ ਨਾਲ ਭਵਿੱਖ ਵਿੱਚ ਅੱਗੇ ਆਉਣ ਵਾਲੇ ਵੀ ਸੁੱਕੇ ਨਹੀਂ ਛੱਡੇ ਜਾਂਦੇ ...
(21 ਨਵੰਬਰ 2023)
ਇਸ ਸਮੇਂ ਪਾਠਕ: 250.


ਬਹੁਤੀ ਸਮਝ ਦਾ ਦਾਅਵਾ ਕਰਨ ਜੋਗਾ ਤਾਂ ਇਨ੍ਹਾਂ ਸਤਰਾਂ ਦਾ ਲੇਖਕ ਉਮਰ ਦਾ ਸੱਤਵਾਂ ਦਹਾਕਾ ਟੱਪਣ ਲਾਗੇ ਵੀ ਨਹੀਂ ਹੋਇਆ
, ਪਰ ਮੁੱਛ-ਫੁੱਟ ਕੱਚੀ ਉਮਰ ਦੇ ਵਕਤ ਦੀ ਇੱਕ ਗੱਲ ਕਈ ਵਾਰ ਯਾਦ ਆਉਂਦੀ ਹੈਉਨ੍ਹੀਂ ਦਿਨੀਂ ਇੱਕ ਵਾਰੀ ਇੱਕ ਵਿਦਿਆਰਥੀ ਜਥੇਬੰਦੀ ਨੇ ਸਾਡੇ ਵਰਗੇ ਜਵਾਕਾਂ ਲਈ ਇੱਕ ਸਟਡੀ ਸਰਕਲ ਲਾਇਆ ਤੇ ਉਸ ਵਿੱਚ ਇੱਕ ਘੱਟ ਪੜ੍ਹੇ ਅਤੇ ਵੱਧ ਗੁੜ੍ਹੇ ਆਗੂ ਨੇ ਸਾਨੂੰ ਸਮਾਜ ਦੇ ਵਰਤਾਰੇ ਬਾਰੇ ਸਮਝਾਉਣ ਦਾ ਯਤਨ ਕੀਤਾ ਸੀਉਹ ਜਦੋਂ ਸਾਰਾ ਕੁਝ ਦੱਸ ਚੁੱਕਾ ਤਾਂ ਭਾਰਤ ਦੇ ਭਵਿੱਖ ਲਈ ਕਮਿਊਨਿਸਟ ਯੁਗ ਬਾਰੇ ਦੱਸਦੇ ਹੋਏ ਕਹਿਣ ਲੱਗਾ ਕਿ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤਬਦੀਲੀ ਸੌਖੀ ਨਹੀਂ ਆਉਂਦੀ, ਹਰ ਨਵਾਂ ਪ੍ਰਬੰਧ ਪਹਿਲੇ ਦੀ ਕਬਰ ਉੱਤੇ ਪੈਰ ਰੱਖਣ ਪਿੱਛੋਂ ਕਾਮਯਾਬ ਹੁੰਦਾ ਹੈਉਸ ਨੇ ਦੱਸਿਆ ਸੀ ਕਿ ਜਦੋਂ ਗੁਲਾਮਾਂ ਦੇ ਯੁਗ ਦਾ ਅੰਤ ਹੋਇਆ ਸੀ ਤਾਂ ਉਸ ਦੀ ਥਾਂ ਆਏ ਜਗੀਰੂ ਪ੍ਰਬੰਧ ਨੇ ਗੁਲਾਮਦਾਰੀ ਦੇ ਮੋਹਰੀਆਂ ਨੂੰ ਖੂੰਜੇ ਲਾ ਦਿੱਤਾ ਸੀ, ਕਈ ਤਾਂ ਮਾਰੇ ਵੀ ਗਏ ਸਨ ਤੇ ਜਦੋਂ ਜਗੀਰੂ ਯੁਗ ਦੀ ਥਾਂ ਪੂੰਜੀਪਤੀ ਯੁਗ ਆਇਆ ਤਾਂ ਉਨ੍ਹਾਂ ਨੇ ਇਹੋ ਕੁਝ ਜਗੀਰਦਾਰਾਂ ਅਤੇ ਨਵਾਬਾਂ ਨਾਲ ਕੀਤਾ ਸੀਅਸਲ ਵਿੱਚ ਇਹ ਇੱਕ ਲੋੜ ਸੀਜਦੋਂ ਵੀ ਕੋਈ ਨਵਾਂ ਆਉਂਦਾ ਹੈ, ਉਹ ਪਹਿਲੇ ਨੂੰ ਰੱਦ ਕੀਤੇ ਅਤੇ ਤਹਿਸ-ਨਹਿਸ ਕੀਤੇ ਬਿਨਾਂ ਅੱਗੇ ਨਹੀਂ ਵਧ ਸਕਦਾਸਟੋਵ ਚੁੱਲ੍ਹੇ ਦੀ ਕਬਰ ਉੱਤੇ ਜੰਮਿਆ ਸੀ, ਹੀਟਰ ਨੇ ਸਟੋਵ ਦੇ ਸਿਵਿਆਂ ਦੇ ਸੇਕ ਨਾਲ ਗਰਮ ਹੋਣਾ ਹੈ, ਉਸੇ ਤਰ੍ਹਾਂ ਕਦੇ ਕੋਈ ਨਵਾਂ ਪ੍ਰਬੰਧ ਇੱਦਾਂ ਕੀਤੇ ਬਗੈਰ ਸਫਲ ਨਹੀਂ ਹੋ ਸਕਿਆਅਸੀਂ ਅੱਖਾਂ ਟੱਡ-ਟੱਡ ਵੇਖਦੇ ਸਾਂ

ਉਸ ਤੋਂ ਅੱਧੀ ਸਦੀ ਬਾਅਦ ਅੱਜ ਇਹ ਕੁਝ ਹੁੰਦਾ ਅਸੀਂ ਖੁਦ ਵੇਖਦੇ ਹਾਂਜਿਹੜਾ ਵੀ ਕੋਈ ਸਿੰਘਾਸਨ ਦੇ ਵੱਲ ਆਉਂਦਾ ਹੈ, ਸਿੰਘਾਸਨ ਕਿਸੇ ਵੱਡੇ-ਛੋਟੇ ਰਾਜ ਦਾ ਹੋਵੇ ਤੇ ਭਾਵੇਂ ਉਹ ਭਾਰਤ ਦੀ ਕੇਂਦਰ ਸਰਕਾਰ ਦਾ, ਦੇਸ਼ ਦੇ ਅਸਲੀ ਮਾਲਕ ਲੋਕਾਂ ਵੱਲ ਫਰਜ਼ ਚੇਤਾ ਕਰਨ ਦਾ ਕੰਮ ਪਿੱਛੇ ਪਾ ਕੇ ਪਹਿਲਾ ਜ਼ੋਰ ਇਹ ਦੱਸਣ ਉੱਤੇ ਲਾਉਂਦਾ ਹੈ ਕਿ ਉਸ ਨਾਲੋਂ ਪਹਿਲਾਂ ਅੱਜ ਤਕ ਜਿਹੜੇ ਵੀ ਗੱਦੀ-ਨਸ਼ੀਨ ਹੋਏ ਹਨ, ਸਭ ਸਿਰੇ ਦੇ ਨਿਕੰਮੇ ਸਨਉਸ ਦੇ ਕਹਿਣ ਦੇ ਢੰਗ ਤੋਂ ਜਾਪਦਾ ਹੈ ਕਿ ਕੁਦਰਤ ਨੇ ਅਕਲ ਦਾ ਡੱਬਾ ਕਿਸੇ ਫ੍ਰਿੱਜ ਵਿੱਚ ਲਾ ਕੇ ਰੱਖਿਆ ਸੀ ਕਿ ਜਦੋਂ ਇਹ ਆਗੂ ਸੰਸਾਰ ਵੱਲ ਨੂੰ ਜਾਵੇਗਾ, ਇਹ ਕੀਮਤੀ ਚੀਜ਼ ਸਿਰਫ ਇਸੇ ਨੂੰ ਦੇਣੀ ਹੈ, ਕੋਈ ਨਿਕੰਮਾ ਬੰਦਾ ਨਾ ਲੈ ਜਾਂਦਾ ਹੋਵੇਕੁਦਰਤ ਦੀ ਇਹ ਦਾਤ ਮਿਲਣ ਦੇ ਵਹਿਮ ਨਾਲ ਡੰਗੇ ਹੋਏ ਇਹ ਸਿਆਸੀ ਆਗੂ ਅੱਗੇ ਆਉਂਦੇ ਸਾਰ ਹਰ ਗੱਲ ਇੱਥੋਂ ਸ਼ੁਰੂ ਕਰਦੇ ਹਨ ਕਿ ਜਦੋਂ ਤਕ ਮੈਂ ਨਹੀਂ ਆ ਗਿਆ, ਦੇਸ਼ ਦੇ ਕਿਸੇ ਹਾਕਮ ਨੂੰ ਆਹ ਕੰਮ ਕਰਨ ਦਾ ਚੇਤਾ ਨਹੀਂ ਆਇਆ ਇੱਦਾਂ ਕਰਦੇ ਵਕਤ ਇਹ ਆਗੂ ਕਈ ਵਾਰੀ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਬੇਇੱਜ਼ਤੀ ਵੀ ਨਾਲ ਹੀ ਕਰ ਛੱਡਦੇ ਹਨ, ਜਿਨ੍ਹਾਂ ਦੀ ਛਤਰਛਾਇਆ ਹੇਠ ਇਨ੍ਹਾਂ ਨੇ ਸਿਆਸਤ ਦਾ ਗੁੱਲੀ-ਡੰਡਾ ਖੇਡਣਾ ਸਿੱਖਿਆ ਹੁੰਦਾ ਹੈ ਅਤੇ ਕਈ ਵਾਰੀ ਖੁਦ ਆਪਣਾ ਜਲੂਸ ਵੀ ਕੱਢ ਬੈਠਦੇ ਹਨ

ਭਾਰਤ ਦੇ ਕਿਸੇ ਵੀ ਕੇਂਦਰੀ ਹਾਕਮ ਜਾਂ ਕਿਸੇ ਵੀ ਰਾਜ ਦੇ ਮੁੱਖ ਮੰਤਰੀ ਬਾਰੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਉਹ ਬੋਲਣ ਵੇਲੇ ਇੰਜ ਕਰੀ ਜਾਂਦਾ ਹੈਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਦਾਂ ਕਰਦੇ ਹਨ ਅਤੇ ਅਜੇ ਉਨ੍ਹਾਂ ਦੇ ਰਾਜ ਦਾ ਸਿਰਫ ਡੇਢ ਸਾਲ ਲੰਘਿਆ ਹੋਣ ਕਾਰਨ ਇਹ ਗੱਲ ਬਹੁਤੀ ਚੁਭਦੀ ਨਹੀਂ, ਪਰ ਅਸੀਂ ਉਹ ਆਗੂ ਵੀ ਇਸ ਰਾਜ ਨੂੰ ਚਲਾਉਂਦੇ ਵੇਖੇ ਹਨ, ਜਿਹੜੇ ਆਪਣੀ ਸਰਕਾਰ ਦੇ ਪੰਜਵੇਂ ਸਾਲ ਵਿੱਚ ਵੀ ਆਪਣੇ ਤੋਂ ਪਹਿਲਿਆਂ ਨੂੰ ਭੰਡਣ ਦਾ ਕੰਮ ਕਰੀ ਜਾਂਦੇ ਸਨ, ਆਪ ਭਾਵੇਂ ਆਮ ਲੋਕਾਂ ਦੀ ਨਜ਼ਰ ਵਿੱਚ ਪਹਿਲਿਆਂ ਨਾਲੋਂ ਵੀ ਨਿਕੰਮੇ ਸਮਝੇ ਜਾਂਦੇ ਸਨਭਗਵੰਤ ਮਾਨ ਨੂੰ ਇਸ ਮਾਮਲੇ ਵਿੱਚ ਸੁਚੇਤ ਰਹਿਣ ਦੀ ਲੋੜ ਹੈਆਪਣੀ ਕਾਰ ਖਰੀਦ ਨਾ ਸਕਣ ਜੋਗੇ ਬੰਦੇ ਵੱਲੋਂ ਕਿਸੇ ਹੋਰ ਦੀ ਕਾਰ ਉੱਤੇ ਝਰੀਟਾਂ ਮਾਰਨ ਦੀ ਬਹੁਤ ਵਾਰੀ ਕਹੀ ਜਾ ਚੁੱਕੀ ਕਹਾਣੀ ਵਾਂਗ ਬਾਕੀ ਦੀਆਂ ਗੱਲਾਂ ਵੀ ਆਮ ਲੋਕਾਂ ਦੇ ਯਾਦ ਰਹਿਣ ਲੱਗ ਪੈਣਗੀਆਂਉਹ ਖੁਦ ਕਹਿੰਦੇ ਹੁੰਦੇ ਸਨ ਕਿ ਲਾਲ ਕਿਲੇ ਤੋਂ ਵਾਰ-ਵਾਰ ਸੁਣਾਏ ਗਏ ਇੱਕੋ ਕਿਸਮ ਦੇ ਭਾਸ਼ਣ ਤਾਂ ਸਮਾਂ ਪਾ ਕੇ ਉਸ ਕਿਲੇ ਦੇ ਕਾਂਵਾਂ ਨੂੰ ਵੀ ਯਾਦ ਹੋ ਗਏ ਹਨਜਿਹੜੇ ਟੋਟਕੇ ਖੁਦ ਉਨ੍ਹਾਂ ਨੇ ਬਹੁਤ ਵਾਰੀ ਲੋਕਾਂ ਨੂੰ ਸੁਣਾਏ ਹਨ, ਉਹ ਵੀ ਲੋਕਾਂ ਨੂੰ ਯਾਦ ਰਹਿ ਜਾਂਦੇ ਹਨਉਨ੍ਹਾਂ ਨੂੰ ਆਪਣੇ ਭਾਸ਼ਣਾਂ ਦੀ ਸਮੱਗਰੀ ਤੇ ਉਨ੍ਹਾਂ ਨਾਲ ਜੁੜੀਆਂ ਮਿਸਾਲਾਂ ਵਿੱਚ ਤਬਦੀਲੀ ਕਰਨੀ ਤੇ ਲੋਕਾਂ ਨੂੰ ਕੁਝ ਨਵਾਂ ਦੱਸਣ ਦੀ ਕੋਸ਼ਿਸ਼ ਕਰ ਵੇਖਣੀ ਚਾਹੀਦੀ ਹੈਪੰਜਾਬ ਦੇ ਲੋਕ ਭਾਰਤ ਦੇ ਬਾਕੀ ਰਾਜਾਂ ਦੇ ਲੋਕਾਂ ਨਾਲੋਂ ਕੁਝ ਵੱਧ ਗੱਲਾਂ ਯਾਦ ਰੱਖਦੇ ਹਨ, ਇਹ ਵੀ ਯਾਦ ਰੱਖਣਾ ਚਾਹੀਦਾ ਹੈ

ਜਿਹੜੀ ਗੱਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਕਹੀ ਹੈ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਹੋ ਗੱਲ ਇਸ ਤੋਂ ਕਈ ਗੁਣਾਂ ਵੱਧ ਸਾਰੇ ਦੇਸ਼ ਵਿੱਚ ਕਹੀ ਜਾਂਦੀ ਹੈਫਰਕ ਇੱਥੇ ਦੋ ਗੱਲਾਂ ਦਾ ਹੈਪਹਿਲੀ ਇਹ ਕਿ ਭਗਵੰਤ ਮਾਨ ਦੇ ਭਾਸ਼ਣ ਤੇ ਉਨ੍ਹਾਂ ਵਿਚਲੀਆਂ ਮਿਸਾਲਾਂ ਚਰਚਾ ਵਿੱਚ ਹਨ, ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣਾਂ ਦੀ ਸਮੱਗਰੀ ਦੇ ਗੁਣਾਂ-ਦੋਸ਼ਾਂ ਬਾਰੇ ਨਿੱਤ ਨਵੇਂ ਦਿਨ ਵੀਡੀਓ ਕਲਿੱਪ ਵੀ ਵਾਇਰਲ ਹੁੰਦੇ ਹਨ, ਜਿਨ੍ਹਾਂ ਵਿੱਚ ਕਦੇ-ਕਦੇ ਉਹ ਅੰਗਰੇਜ਼ੀ ਬੋਲਣ ਵੇਲੇ ਸ਼ਬਦਾਂ ਜਾਂ ਬੋਲਣ ਦੇ ਲਹਿਜ਼ੇ ਦੀ ਗਲਤੀ ਕਰ ਬੈਠਦੇ ਹਨਦੂਸਰੀ ਚਰਚਿਤ ਗੱਲ ਭਾਰਤ ਵਰਗੇ ਦੇਸ਼ ਦੀ ਅਗਵਾਈ ਕਰਨ ਦੇ ਆਪਣੇ ਸਾਲ ਚੇਤੇ ਨਾ ਰੱਖਣ ਵਾਲੀ ਹੈਹਾਲੇ ਪਿਛਲੇ ਹਫਤੇ ਨਰਿੰਦਰ ਮੋਦੀ ਨੇ ਇੱਕ ਥਾਂ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਕੰਮ ਪਿਛਲੇ ਪੰਝੱਤਰ ਸਾਲਾਂ ਵਿੱਚ ਨਹੀਂ ਕੀਤਾ ਗਿਆ, ਉਹ ਮੈਂ ਕਰਦਾ ਹਾਂ ਇਸਦੇ ਅਗਲੇ ਦਿਨ ਚਰਚਾ ਇਸ ਗੱਲ ਦੀ ਛਿੜ ਗਈ ਕਿ ਪੰਝੱਤਰ ਸਾਲਾਂ ਵਿੱਚ ਰਾਜ ਕੌਣ ਕਰਦਾ ਸੀ ਤੇ ਫਿਰ ਚਰਚਾ ਅੱਜ ਦੇ ਪ੍ਰਧਾਨ ਮੰਤਰੀ ਤਕ ਵੀ ਆ ਪੁੱਜੀਪੰਝੱਤਰਾਂ ਵਿੱਚੋਂ ਪਚਵੰਜਾ ਸਾਲ ਦੇ ਕਰੀਬ ਕਾਂਗਰਸ ਪਾਰਟੀ ਨੇ ਰਾਜ ਕੀਤਾ ਸੀ, ਸੱਤ ਸਾਲਾਂ ਦੇ ਨੇੜੇ ਇੱਧਰ-ਉੱਧਰ ਦੀਆਂ ਭਾਨਮਤੀ ਦੇ ਕੁਨਬੇ ਵਰਗੀਆਂ ਧਿਰਾਂ ਦਾ ਰਾਜ ਰਿਹਾ ਸੀ, ਪਰ ਛਿਹੱਤਰਵਾਂ ਚੱਲਦਾ ਸਾਲ ਜੋੜ ਕੇ ਇਸ ਵਿੱਚੋਂ ਪੰਦਰਾਂ ਸਾਲ ਤੋਂ ਵੱਧ ਪ੍ਰਧਾਨ ਮੰਤਰੀ ਦੀ ਪਾਰਟੀ ਭਾਜਪਾ ਦਾ ਰਾਜ ਸੀਗੱਲ ਇਸ ਨਾਲੋਂ ਹੋਰ ਅੱਗੇ ਵਧ ਗਈ ਅਤੇ ਇੱਕ ਯੂ-ਟਿਊਬਰ ਨੇ ਇਹ ਚਰਚਾ ਚਲਾ ਦਿੱਤੀ ਕਿ ਨਰਿੰਦਰ ਮੋਦੀ ਜਦੋਂ ਕਹਿੰਦੇ ਹਨ ਕਿ ਪੰਝੱਤਰ ਸਾਲਾਂ ਵਿੱਚ ਕੁਝ ਨਹੀਂ ਕੀਤਾ ਗਿਆ ਤਾਂ ਉਹ ਆਪਣੇ ਵਡੇਰੇ ਅਟਲ ਬਿਹਾਰੀ ਵਾਜਪਾਈ ਦੀ ਭੰਡੀ ਤਾਂ ਕਰਦੇ ਹਨ, ਨਾਲ ਹੀ ਖੁਦ ਆਪਣੇ ਸਾਢੇ ਨੌਂ ਸਾਲ ਕੋਈ ਕੰਮ ਨਾ ਹੋਇਆ ਹੋਣ ਦਾ ਇਕਬਾਲ ਖੜ੍ਹੇ ਪੈਰ ਕਰੀ ਜਾਂਦੇ ਹਨ

ਅਸਲ ਗੱਲ ਇੱਥੋਂ ਤਕ ਨਹੀਂ ਕਿ ਉਹ ਆਪਣੇ ਤੋਂ ਪਹਿਲਾਂ ਰਾਜ ਕਰਦੇ ਰਹੇ ਆਪਣੇ ਰਾਜਸੀ ਵਿਰੋਧੀਆਂ ਦੇ ਬਾਰੇ ਕੁਝ ਵੀ ਕਹਿ ਕੇ ਉਨ੍ਹਾਂ ਨੂੰ ਲੋਕਾਂ ਦੀ ਨਜ਼ਰ ਵਿੱਚ ਊਣਾ ਤੇ ਖੁਦ ਨੂੰ ਉੱਚਾ ਕਰਨਾ ਚਾਹੁੰਦੇ ਹੋਣਗੇਉਹ ਹਰ ਕੋਈ ਗੱਲ ਰੱਦ ਕਰਨ ਦੀ ਇਸ ਦੇਸ਼ ਦੇ ਲੋਕਾਂ ਦੀ ਸੋਚ ਮੁਤਾਬਕ ਚੱਲਣਾ ਚਾਹੁੰਦੇ ਹਨਬਿਲਕੁਲ ਸੱਚ ਹੈ ਕਿ ਅੱਜ ਭਾਰਤ ਦੇ ਲੋਕ ਕਿਸੇ ਵੀ ਆਗੂ ਦੀ ਗੱਲ ਦਾ ਇੰਨ-ਬਿੰਨ ਭਰੋਸਾ ਕਰਨ ਨੂੰ ਤਿਆਰ ਨਹੀਂਬੀਤੇ ਸਮਿਆਂ ਵਿੱਚ ਭਾਰਤੀ ਲੀਡਰਾਂ ਨੇ ਹਰ ਦੂਸਰੇ ਆਗੂ ਦੀ ਭੰਡੀ ਕਰਦਿਆਂ ਇਹੋ ਜਿਹਾ ਮਾਹੌਲ ਬਣਾ ਧਰਿਆ ਹੈ ਕਿ ਕਿਸੇ ਆਗੂ ਦੇ ਬਾਰੇ ਕੋਈ ਵੀ ਪੁੱਠੀ-ਸਿੱਧੀ ਗੱਲ ਕਹਿ ਦਿੱਤੀ ਜਾਵੇ ਤਾਂ ਲੋਕ ਉਸ ਨੂੰ ਮੰਨਣ ਲਈ ਝੱਟ ਤਿਆਰ ਹੁੰਦੇ ਹਨਸਮਾਜ ਵਿੱਚ ਇਹ ਧਾਰਨਾ ਬਣ ਚੁੱਕੀ ਹੈ ਕਿ ਆਗੂ ਹੋਣ ਦਾ ਅਰਥ ਅਗਵਾਈ ਕਰਨ ਵਾਲਾ ਬੰਦਾ ਨਹੀਂ ਰਿਹਾ, ਸਗੋਂ ਇਸਦੀ ਥਾਂ ਆਗੂ ਦਾ ਮਤਲਬ ਅੱਖੀਂ ਘੱਟਾ ਪਾਉਣ ਵਾਲਾ ਸਾਜ਼ਿਸ਼ੀ ਕਿਰਦਾਰ ਹੋ ਗਿਆ ਹੈਇਹ ਕਿਸੇ ਵੀ ਸਮਾਜ ਲਈ ਅੱਤ ਦੀ ਸ਼ਰਮਨਾਕ ਸਥਿਤੀ ਹੋ ਸਕਦੀ ਹੈ ਕਿ ਲੋਕਾਂ ਨੂੰ ਆਪਣੇ ਲੀਡਰ ਉੱਤੇ ਨਹੀਂ, ਲੀਡਰਾਂ ਦੀ ਸਮੁੱਚੀ ਧਾੜ ਉੱਤੇ ਕੋਈ ਭਰੋਸਾ ਨਾ ਰਹੇ ਅਤੇ ਉਹ ਹਰ ਕਿਸੇ ਨੂੰ ਸੱਚਾ ਸਾਬਤ ਹੋਣ ਦੀ ਉਡੀਕ ਕੀਤੇ ਬਿਨਾਂ ਚੋਰ ਮੰਨ ਲੈਣ ਨੂੰ ਤਿਆਰ ਬੈਠੇ ਹੋਣਸਮਾਜ ਦੀ ਇਹੋ ਜਿਹੀ ਮਾਨਸਿਕਤਾ ਕਿਸੇ ਬਾਹਰਲੇ ਬੰਦੇ ਨੇ ਪੈਦਾ ਨਹੀਂ ਕੀਤੀ, ਖੁਦ ਭਾਰਤੀ ਲੀਡਰਾਂ ਨੇ ਹੀ ਬਣਾਈ ਹੈਉਹ ਇੱਕ ਦੂਸਰੇ ਦੀ ਨੀਤੀ ਦੀ ਆਲੋਚਨਾ ਜਾਂ ਨਿੰਦਾ ਨਹੀਂ ਕਰਦੇ, ਉਨ੍ਹਾਂ ਦੇ ਕਿਰਦਾਰ ਅਤੇ ਨੀਤ ਦੇ ਖੋਟ ਦਾ ਮੁੱਦਾ ਬਣਾਉਂਦੇ ਹਨਜਾਪਾਨ ਤੋਂ ਲੈ ਕੇ ਅਮਰੀਕਾ ਤਕ ਹਰ ਦੇਸ਼ ਵਿੱਚ ਘੱਟ ਜਾਂ ਵੱਧ ਇੱਦਾਂ ਦੇ ਆਗੂ ਹਨ, ਪਰ ਉੱਥੇ ਕਿਸੇ ਆਗੂ ਦੇ ਨਿੱਜ ਬਾਰੇ ਟਿੱਪਣੀ ਕਰਨ ਦੀ ਥਾਂ ਉਸ ਦੀਆਂ ਰਾਜਸੀ ਨੀਤੀਆਂ ਦੀ ਚੀਰ-ਪਾੜ ਸਮਾਜ ਮੂਹਰੇ ਰੱਖੀ ਜਾਂਦੀ ਹੈਭਾਰਤ ਵਿੱਚ ਲੀਡਰਾਂ ਦੇ ਨਿੱਜ ਬਾਰੇ ਟਿੱਪਣੀਆਂ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਬਾਰੇ ਇਖਲਾਕੀ ਮਿਆਰ ਤੋਂ ਗਿਰੀਆਂ ਗੱਲਾਂ ਕੀਤੀਆਂ ਅਤੇ ਪ੍ਰਚਾਰੀਆਂ ਜਾਂਦੀਆਂ ਹਨ ਅਤੇ ਫਿਰ ਅੱਗੋਂ ਆਈਆਂ ਟਿੱਪਣੀਆਂ ਵੀ ਸਹਾਰੀਆਂ ਜਾਂਦੀਆਂ ਹਨ

ਨਤੀਜਾ ਇਹ ਹੁੰਦਾ ਹੈ ਕਿ ਸਮਾਜ ਵਿੱਚ ਇੱਦਾਂ ਦੀ ਚਰਚਾ ਸੁਣਨ ਦੀ ਇੱਕ ਖਾਸ ਮਾਨਸਿਕਤਾ ਪੈਦਾ ਹੋ ਜਾਂਦੀ ਹੈ ਤੇ ਫਿਰ ਸਮਾਜ ਆਪਣੇ ਆਪ ਵਿੱਚ ਸਮਾਜ ਵਜੋਂ ਜਿਹੜੇ ਫਰਜ਼ਾਂ ਨੂੰ ਨਿਭਾਉਣ ਦਾ ਜ਼ਿੰਮੇਵਾਰ ਸਮਝਿਆ ਜਾਂਦਾ ਹੈ, ਉਨ੍ਹਾਂ ਫਰਜ਼ਾਂ ਨੂੰ ਭੁੱਲ ਬੈਠਦਾ ਹੈਰਾਜ ਕਰਨ ਵਾਲਾ ਹਰ ਆਗੂ ਇਸ ਕੰਮ ਵਿੱਚ ਸਭ ਤੋਂ ਵੱਧ ਹਮਲਾ ਆਪਣੇ ਤੋਂ ਪਹਿਲਾਂ ਦੇ ਰਾਜ-ਕਰਤਿਆਂ ਉੱਤੇ ਕਰਦਾ ਹੈ, ਪਰ ਜਿਸ ਕਿਸੇ ਆਗੂ ਦੇ ਕੱਲ੍ਹ ਨੂੰ ਅੱਗੇ ਆਉਣ ਦੀ ਮਾੜੀ ਜਿਹੀ ਝਲਕ ਜਾਪਦੀ ਹੈ, ਉਸ ਨੂੰ ਵੀ ਮਾਰ ਹੇਠ ਰੱਖ ਲੈਂਦਾ ਹੈਸਾਨੂੰ ਦੱਸਿਆ ਗਿਆ ਸੀ ਕਿ ਭਵਿੱਖ ਦਾ ਮੋਹਰੀ ਬਣਨ ਵਾਲਾ ਹਰ ਪ੍ਰਬੰਧ ਆਪਣੇ ਤੋਂ ਪਹਿਲੇ ਪ੍ਰਬੰਧ ਤੇ ਪ੍ਰਬੰਧਕਾਂ ਦੀ ਕਬਰ ਉੱਤੇ ਪੈਰ ਰੱਖਣ ਨੂੰ ਕਾਮਯਾਬੀ ਦਾ ਲੁਕਮਾਨੀ ਨੁਸਖਾ ਮੰਨਦਾ ਹੈ, ਅੱਜ ਗੱਲ ਇੰਨੀ ਅੱਗੇ ਵਧ ਚੁੱਕੀ ਹੈ ਕਿ ਪਹਿਲਿਆਂ ਦੇ ਨਾਲ ਭਵਿੱਖ ਵਿੱਚ ਅੱਗੇ ਆਉਣ ਵਾਲੇ ਵੀ ਸੁੱਕੇ ਨਹੀਂ ਛੱਡੇ ਜਾਂਦੇ ਇਸਦਾ ਖਮਿਆਜ਼ਾ ਅੱਜ ਭਾਰਤ ਦੇ ਆਮ ਲੋਕ ਭੁਗਤਦੇ ਹਨ, ਭਵਿੱਖ ਵਿੱਚ ਸਮੁੱਚਾ ਭਾਰਤ ਭੁਗਤੇਗਾਉਸ ਵੇਲੇ ਸੰਸਾਰ ਭਰ ਦੇ ਸਾਹਮਣੇ ਜਿਹੜੀ ਨਮੋਸ਼ੀ ਵਾਲੀ ਸਥਿਤੀ ਹੋਵੇਗੀ, ਉਸ ਲਈ ਅਜੋਕੇ ਆਗੂ ਦੋਸ਼ੀ ਮੰਨੇ ਜਾਣਗੇਅਹਿਸਾਸ ਇਸ ਗੱਲ ਦਾ ਹੋਣਾ ਚਾਹੀਦਾ ਹੈ, ਪਰ ਅਜੋਕੇ ਆਗੂ ਇਸ ਸੋਚ ਨਾਲ ਖੁਸ਼ ਜਾਪਦੇ ਹਨ ਕਿ ਕੱਲ੍ਹ ਕਿਸ ਨੇ ਵੇਖਿਆ ਹੈ, ਉਸ ਵੇਲੇ ਅਸੀਂ ਇੱਥੇ ਹੋਣਾ ਨਹੀਂਆਪ ਮਰੇ ਜੱਗ ਪਰਲੋ ਦੇ ਮੁਹਾਵਰੇ ਵਾਂਗ ਉਹ ਸਿਰਫ ਅੱਜ ਵਿੱਚ ਜਿਊਣਾ ਚਾਹੁੰਦੇ ਹਨ ਤੇ ਇਹੀ ਸਭ ਤੋਂ ਵੱਡੀ ਬਦਕਿਸਮਤੀ ਸਮਝੀ ਜਾ ਸਕਦੀ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4493)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author