“ਕਬੂਤਰ ਅੱਖਾਂ ਮੀਟ ਵੀ ਲਵੇ ਤਾਂ ਬਿੱਲੀ ਪਿੱਛੇ ਨਹੀਂ ਮੁੜ ਜਾਂਦੀ। ਇਹੀ ਹਾਲਾਤ ਪੰਜਾਬ ...”
(23 ਮਈ 2021)
ਬੇਸ਼ਕ ਸਾਰੇ ਦੇਸ਼ ਦਾ ਧਿਆਨ ਭਾਰਤ ਵਿੱਚ ਕਰੋਨਾ ਵਾਇਰਸ ਦੀ ਮਾਰ ਤੇ ਇਸ ਮਾਰ ਤੋਂ ਨਿਕਲੀ ਬਲੈਕ ਫੰਗਸ ਵਰਗੀ ਅਗਲੀ ਬਿਮਾਰੀ ਨੇ ਮੱਲ ਰੱਖਿਆ ਹੈ, ਉਸ ਤੋਂ ਪਿੱਛੋਂ ਹੁਣ ਵਾਈਟ ਫੰਗਸ ਵੀ ਨਿਕਲ ਆਈ ਹੈ, ਪਰ ਪੰਜਾਬ ਦੇ ਲੋਕਾਂ ਦਾ ਧਿਆਨ ਬਹੁਤਾ ਕਰ ਕੇ ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਦੇ ਅੰਦਰੂਨੀ ਝੇੜੇ ਵੱਲ ਲੱਗਾ ਪਿਆ ਸੀ। ਇਸ ਭੇੜ ਦਾ ਮੁੱਢ ਨਵਜੋਤ ਸਿੰਘ ਸਿੱਧੂ ਦੇ ਟਵੀਟਸ ਅਤੇ ਫੇਸਬੁੱਕ ਪੋਸਟਾਂ ਨਾਲ ਨਹੀਂ ਸੀ ਬੱਝਾ, ਜਿਹੜੇ ਡੇਢ ਸਾਲ ਚੁੱਪ ਰਹਿ ਕੇ ਪਿਛਲੀ ਕਸਰ ਕੱਢਣ ਵਾਸਤੇ ਇਹੋ ਕੁਝ ਸਿੱਧੂ ਬੀਤੇ ਛੇ ਮਹੀਨਿਆਂ ਤੋਂ ਕਰਦਾ ਪਿਆ ਸੀ। ਲੜਾਈ ਕੋਟਕਪੂਰਾ ਕੇਸ ਦੀ ਵਿਸ਼ੇਸ਼ ਜਾਂਚ ਟੀਮ ਦੇ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਉੱਤੇ ਹਾਈ ਕੋਰਟ ਵੱਲੋਂ ਕਾਟਾ ਫੇਰ ਦੇਣ ਨਾਲ ਛਿੜੀ ਸੀ। ਉਸ ਤੋਂ ਦੋ ਦਿਨ ਪਿੱਛੋਂ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੁੱਦੇ ਦੇ ਰੋਸ ਵਜੋਂ ਇਸਤੀਫਾ ਲਿਖ ਕੇ ਫੜਾ ਦਿੱਤਾ ਸੀ। ਅਜੋਕੇ ਟਕਰਾਅ ਦਾ ਅਸਲੀ ਮੁੱਢ ਉਹ ਸੀ। ਅਗਲੀ ਕੜੀ ਉਹ ਸੀ, ਜਦੋਂ ਮੁੱਖ ਮੰਤਰੀ ਦੇ ਇੱਕ ਰਾਜਸੀ ਸਲਾਹਕਾਰ ਨੇ ਅੱਧੀ ਰਾਤ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਨੂੰ ਫੋਨ ਕਰ ਕੇ ਠੋਕ ਦੇਣ ਵਰਗੀ ਭਾਸ਼ਾ ਵਰਤੀ ਤੇ ਦੋ ਦਿਨ ਪਿੱਛੋਂ ਪ੍ਰਗਟ ਸਿੰਘ ਨੇ ਸਾਰਾ ਕੁਝ ਮੀਡੀਏ ਸਾਹਮਣੇ ਰੱਖ ਦਿੱਤਾ ਸੀ।
ਇਸ ਮਗਰੋਂ ਨਵਜੋਤ ਸਿੰਘ ਸਿੱਧੂ ਦੇ ਟਵੀਟ ਲਗਾਤਾਰ ਆਉਣ ਦੇ ਬਾਵਜੂਦ ਪਹਿਲਾਂ ਵਾਂਗ ਵਿਵਾਦ ਦਾ ਕੇਂਦਰ ਉਹ ਨਹੀਂ ਸੀ ਰਿਹਾ, ਵਿਵਾਦ ਦਾ ਅਖਾੜਾ ਚੰਡੀਗੜ੍ਹ ਬਣ ਗਿਆ ਸੀ, ਜਿੱਥੇ ਪੰਜ ਮੰਤਰੀਆਂ ਅਤੇ ਕੁਝ ਵਿਧਾਇਕਾਂ ਨਾਲ ਪਾਰਲੀਮੈਂਟ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਇੱਕ ਬੈਠਕ ਵਿੱਚ ਸ਼ਾਮਲ ਹੋ ਗਿਆ। ਉਹ ਜਾਇਜ਼ ਸਵਾਲ ਉਠਾਉਂਦੇ ਹਨ ਕਿ ਪਿਛਲੇ ਸਵਾ ਚਾਰ ਸਾਲਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤੇ ਹੋਏ ਵਾਅਦਿਆਂ ਮੁਤਾਬਕ, ਤੇ ਖਾਸ ਕਰ ਕੇ ਬਰਗਾੜੀ ਦੇ ਬੇਅਦਬੀ ਕਾਂਡ, ਕੋਟਕਪੂਰਾ ਤੇ ਬਹਿਬਲ ਕਲਾਂ ਦੇ ਗੋਲੀ ਕਾਂਡਾਂ ਅਤੇ ਨਸ਼ੇ ਦੇ ਵਪਾਰੀਆਂ ਦੇ ਵਿਰੁੱਧ ਕਾਰਵਾਈ ਦੇ ਪੱਖੋਂ ਕੁਝ ਨਹੀਂ ਕੀਤਾ। ਇੱਥੋਂ ਹੀ ਇਹ ਗੱਲ ਨਿਕਲ ਆਈ ਕਿ ਸਾਹਮਣੇ ਸਿਰ ਚੁੱਕੀ ਖੜ੍ਹੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਣ ਦੇ ਬਾਵਜੂਦ ਬਾਗੀ ਕਾਂਗਰਸੀ ਆਗੂ ਜਿਸ ਤਰ੍ਹਾਂ ਅੜੇ ਹੋਏ ਹਨ, ਇਸ ਨਾਲ ਕਾਂਗਰਸ ਪਾਰਟੀ ਚੋਣਾਂ ਵਿੱਚ ਕੁੱਦੇਗੀ ਤਾਂ ਸਿਵਾਏ ਕੁੱਟ ਖਾਣ ਤੋਂ ਇਸਦੇ ਪੱਲੇ ਕੁਝ ਨਹੀਂ ਪੈਣਾ। ਇਹ ਗੱਲ ਸ਼ਾਇਦ ਬਾਗੀ ਵੀ ਜਾਣਦੇ ਹਨ। ਫਿਰ ਵੀ ਜੇ ਉਹ ਅੜੇ ਹੋਏ ਹਨ ਤਾਂ ਇਸ ਕਰ ਕੇ ਨਹੀਂ ਕਿ ਉਹ ਕੈਪਟਨ ਕੋਲੋਂ ਗੱਦੀ ਖੋਹਣਾ ਚਾਹੁੰਦੇ ਹਨ, ਸਗੋਂ ਇਹ ਕਹਿ ਰਹੇ ਹਨ ਕਿ ਜੇ ਸਾਡੀ ਸਰਕਾਰ ਇਹੋ ਜਿਹੀ ਹੈ ਤਾਂ ਇਸ ਤੋਂ ਬਗੈਰ ਚੰਗੇ ਹਾਂ। ਲੋਕਾਂ ਕੋਲੋਂ ਮਿਹਣੇ ਲੈਣ ਦੀ ਥਾਂ ਉਨ੍ਹਾਂ ਨੂੰ ਸਾਰੇ ਅਹੁਦਿਆਂ ਦਾ ਸੁਖ ਛੱਡ ਕੇ ਸੜਕ ਸਵਾਰ ਹੋ ਜਾਣਾ ਵੀ ਠੀਕ ਲੱਗਣ ਲੱਗ ਪਿਆ ਹੈ ਤੇ ਇਸ ਗੱਲ ਬਾਰੇ ਉਹ ਸੋਚਣਾ ਹੀ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਪੈਦਾ ਹੋਏ ਖਲਾਅ ਦੌਰਾਨ ਇੱਥੇ ਬੰਗਾਲ ਵਰਗਾ ਵੀ ਕੁਝ ਵਾਪਰ ਸਕਦਾ ਹੈ।
ਜੀ ਹਾਂ, ਸਾਨੂੰ ਇਸਦੇ ਸੰਕੇਤ ਮਿਲਦੇ ਪਏ ਹਨ ਕਿ ਪੰਜਾਬ ਵਿੱਚ ਬੰਗਾਲ ਦੀ ਬਾਜ਼ੀ ਦੁਹਰਾਉਣ ਲਈ ਭਾਜਪਾ ਦੇ ਮੋਹਰੇ ਮੈਦਾਨ ਵਿੱਚ ਨਿਕਲ ਚੁੱਕੇ ਹਨ। ਦੋ ਸਾਲ ਪਹਿਲਾਂ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਚੋਣ ਜਿੱਤਣ ਵਾਲੀ ਇੱਕ ਖਾਸ ਧਿਰ ਨੇ ਜਦੋਂ ਮੋਦੀ ਦੀ ਜੈ-ਜੈਕਾਰ ਦੇ ਨਾਅਰੇ ਲਾਏ ਸਨ, ਜਿਹੋ ਜਿਹੇ ਪਹਿਲਾਂ ਕਦੇ ਨਹੀਂ ਸੀ ਲੱਗੇ। ਉਹ ਸ਼ੁਰੂਆਤ ਸੀ ਅਤੇ ਅਗਲੇ ਪੜਾਅ ਵਿੱਚ ਉਨ੍ਹਾਂ ਦੇ ਮਿੱਤਰ ਪੰਜਾਬ ਵਿੱਚ ਆਪਣੇ ਤੋਂ ਵੱਖਰੀ ਸੋਚ ਵਾਲਿਆਂ ਨੂੰ ‘ਸਮਝਾਉਣੀਆਂ’ ਦੇਣ ਵਾਸਤੇ ਫੋਨ ਕਰਨ ਅਤੇ ਚਾਹ ਦੇ ਕੱਪ ਦੀ ਸਾਂਝ ਪਾਉਣ ਲੱਗੇ ਹਨ। ਇਹੋ ਜਿਹਾ ਕੰਮ ਸਾਡੇ ਮੀਡੀਆ ਖੇਤਰ ਵਿੱਚ ਵੀ ਪੱਤਰਕਾਰਾਂ ਦੇ ਰਾਹੀਂ ਕਰਨ ਦੀ ਥਾਂ ‘ਦਿੱਲੀ ਸੇ ਆਇਆ ਪੱਤਰਕਾਰ’ ਕਹਿ ਕੇ ਆਉਣ ਵਾਲੇ ਉਹ ਸਿਧਾਂਤਕਾਰ ਦਿਸਦੇ ਸੱਜਣ ਕਰਨ ਨਿਕਲੇ ਹਨ, ਜਿਨ੍ਹਾਂ ਦੀ ਸੰਸਕ੍ਰਿਤ ਵਾਂਗ ਔਖੀ ਹਿੰਦੀ ਸੁਣ ਕੇ ਅਸਲੀ ਚੈਨਲ ਸਮਝ ਆ ਜਾਂਦਾ ਹੈ। ਪੱਤਰਕਾਰੀ ਭੇਸ ਵਿੱਚ ਨਿਕਲੇ ਇਹ ਲੋਕ ਮੀਡੀਆ ਖੇਤਰ ਵਿੱਚ ਜਿਵੇਂ ਸਰਗਰਮ ਹਨ, ਉੱਦਾਂ ਦੇ ਕੁਝ ਲੋਕ ਧਰਮ-ਖੇਤਰ ਵਿੱਚ ਸਰਗਰਮ ਹਨ ਤੇ ਉਨ੍ਹਾਂ ਦੀ ਮੁੱਢਲੀ ਪਹੁੰਚ ਉਨ੍ਹਾਂ ‘ਲੋੜਵੰਦ’ ਸਿੱਖਾਂ ਤਕ ਹੈ, ਜਿਹੜੇ ਕਿਸੇ ਧਾਰਮਿਕ ਅਸਥਾਨ ਦੇ ਪਿੰਡ ਪੱਧਰ ਦੇ ਗ੍ਰੰਥੀ ਜਾਂ ਕਥਾ ਵਾਚਕ ਹਨ ਅਤੇ ਸਵੇਰੇ-ਸ਼ਾਮ ਆਮ ਲੋਕਾਂ ਵਿੱਚ ਰਹਿ ਕੇ ਨਰਿੰਦਰ ਮੋਦੀ ਦੇ ਏਨੇ ਗੁਣ ਗਿਣਾਈ ਜਾਂਦੇ ਹਨ ਕਿ ਇੱਕ-ਦੋ ਦਿਨਾਂ ਤਕ ਸੁਣਨ ਵਾਲਾ ਖੁਦ ਉਨ੍ਹਾਂ ਵੱਲੋਂ ਪੜ੍ਹਾਇਆ ਅੱਗੇ ਪੜ੍ਹਾਉਣ ਲੱਗਦਾ ਹੈ। ਮਾਲਵੇ ਦੇ ਇੱਕ ਪਿੰਡ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਵਾਲੇ ਬਾਬੇ ਲਈ ਗੁਰਦੁਆਰੇ ਵਿੱਚ ਅਰਦਾਸ ਕਰਨ ਵਾਲਾ ਨਿਹੰਗ ਵੀ ਇਸੇ ਕਿਸਮ ਦਾ ਨਵਾਂ ਲੱਭਿਆ ਕਾਰਿੰਦਾ ਹੋ ਸਕਦਾ ਹੈ, ਜਿਹੜਾ ਪੰਜਾਬ ਵਿੱਚ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਬਣਾਉਣ ਦੇ ਵਾਸਤੇ ਨਰਿੰਦਰ ਮੋਦੀ ਉੱਤੇ ਮਹਾਰਾਜ ਦੀ ਕ੍ਰਿਪਾ ਦੀ ਮੰਗ ਕਰਦਾ ਸੁਣਾਈ ਦਿੰਦਾ ਹੈ। ਉਹੀ ਨਹੀਂ, ਕੁਝ ਬੜੇ ਪੜ੍ਹੇ-ਲਿਖੇ ਸੱਜਣ ਵੀ ਇੱਦਾਂ ਦੇ ਕੰਮ ਵਿੱਚ ਮਿਥੀ ਹੋਈ ਨੌਕਰੀ ਕਰਨ ਵਾਂਗ ਦਸਵੇਂ ਗੁਰੂ ਸਾਹਿਬ ਦੀ ਤਸਵੀਰ ਲਾ ਕੇ ਨਰਿੰਦਰ ਮੋਦੀ ਦੀ ਨੇਕ ਬੰਦੇ ਤੇ ਪਹਾੜਾਂ ਵਿੱਚ ਜਾ ਕੇ ਤਪ ਕਰਨ ਵਾਲੇ ਸਾਧੂ ਵਿਅਕਤੀ ਵਾਲੀ ਤਸਵੀਰ ਉਭਾਰਨ ਦੀਆਂ ਵੀਡੀਓ ਕਲਿੱਪਾਂ ਬਹੁਤ ਚੁਸਤੀ ਨਾਲ ਆਮ ਲੋਕਾਂ ਤਕ ਭੇਜ ਰਹੇ ਹਨ, ਜਿਨ੍ਹਾਂ ਦਾ ਆਮ ਲੋਕਾਂ ਉੱਤੇ ਕੁਝ ਨਾ ਕੁਝ ਅਸਰ ਪੈ ਰਿਹਾ ਹੈ। ਸਿੱਖ ਸਮਾਜ ਵਿੱਚ ਕਈ ਲੋਕ ਕਿਸੇ ਵੀ ਪਾਰਟੀ ਤੋਂ ਕੋਈ ਆਸ ਨਾ ਰਹਿਣ ਕਾਰਨ ਉਨ੍ਹਾਂ ਦੇ ਦੱਸੇ ਰਾਹ ਵੱਲ ਝੁਕ ਸਕਦੇ ਹਨ।
ਸਭ ਤੋਂ ਵੱਡੀ ਇਹ ਗੱਲ ਜ਼ੋਰ ਨਾਲ ਕਹੀ ਜਾਂਦੀ ਹੈ ਕਿ ਨਰਿੰਦਰ ਮੋਦੀ ਦੀ ਸਮਰੱਥਾ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਪੰਜ ਸਾਲ ਪਹਿਲਾਂ ਤਿੰਨ ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਉਸ ਨੇ ਇਸ ਵਾਰੀ ਸਤੱਤਰ ਸੀਟਾਂ ਜਿਤਾ ਕੇ ਮੁੱਖ ਵਿਰੋਧੀ ਧਿਰ ਬਣਾ ਦਿੱਤਾ ਅਤੇ ਕਾਂਗਰਸ ਤੇ ਖੱਬੇ ਪੱਖੀ ਜੜ੍ਹੋਂ ਪੁੱਟ ਦਿੱਤੇ ਹਨ। ਜਿਸ ਤਰੀਕੇ ਨਾਲ ਇਹ ਪ੍ਰਚਾਰ ਤੇ ਇਹ ਪਹੁੰਚ ਕੀਤੀ ਜਾ ਰਹੀ ਹੈ, ਸਿੱਖਾਂ ਦੀਆਂ ਨਾਮ-ਦਾਨ ਤਕ ਸੀਮਤ ਰਹਿੰਦੀਆਂ ਕੁਝ ਸੰਪਰਦਾਵਾਂ ਦੇ ਸੰਤਾਂ ਰਾਹੀਂ ਪੰਜਾਬ ਤੇ ਸਿੱਖਾਂ ਲਈ ਨਰਿੰਦਰ ਮੋਦੀ ਦੀ ਸ਼ੁਭ ਭਾਵਨਾ ਦਾ ਪੜੁੱਲ ਬੰਨ੍ਹਣ ਦਾ ਕੰਮ ਹੋ ਰਿਹਾ ਹੈ, ਉਸ ਮਗਰੋਂ ਕਿਸੇ ਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਦੇ ਰਾਜਸੀ ਨਕਸ਼ੇ ਦਾ ਭੁਲੇਖਾ ਨਹੀਂ ਰਹਿਣਾ ਚਾਹੀਦਾ। ਸਾਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਅੱਧੀ-ਅੱਧੀ ਸਦੀ ਤਕ ਧਨਵੰਤਰੀ ਗਿਣੇ ਜਾਂਦੇ ਰਹੇ ਵੱਡੇ ਪ੍ਰਭਾਵ ਵਾਲੇ ਲੇਖਕ ਤੇ ਸਮਾਜ ਸੇਵੀ ਇਹੋ ਜਿਹੀ ਕੋਈ ਸਰਗਰਮੀ ਚੱਲ ਰਹੀ ਮੰਨਦੇ ਵੀ ਹਨ ਤਾਂ ਗੱਲ ਇੱਥੇ ਮੁਕਾ ਦਿੰਦੇ ਹਨ ਕਿ ਪੰਜਾਬ ਕੋਈ ਪੱਛਮੀ ਬੰਗਾਲ ਨਹੀਂ, ਇੱਥੇ ਜਿਹੜਾ ਮਰਜ਼ੀ ਆ ਕੇ ਆਪਣੇ ਦਾਅ ਅਜ਼ਮਾ ਲਵੇ, ਉਸ ਦੇ ਪੈਰ ਨਹੀਂ ਲੱਗਣੇ। ਐਨ ਇਹੋ ਵਿਚਾਰ ਉਨ੍ਹਾਂ ਸੱਜਣਾਂ ਦੇ ਮੂੰਹੋਂ ਕਦੇ ਪੱਛਮੀ ਬੰਗਾਲ ਬਾਰੇ ਸੁਣਨ ਨੂੰ ਮਿਲਿਆ ਕਰਦੇ ਸਨ, ਬਾਅਦ ਵਿੱਚ ਹਾਲਤ ਬਦਲਦੇ ਗਏ ਤਾਂ ਉਹ ਆਪਣੀ ਸੋਚਣੀ ਠੀਕ ਨਾ ਹੋਣ ਬਾਰੇ ਮੰਨਣ ਦੀ ਥਾਂ ਇਹ ਦਲੀਲ ਦੇਣ ਲੱਗ ਪਏ ਸਨ ਕਿ ਕਿਸੇ ਦੇ ਪੈਰ ਤਾਂ ਨਹੀਂ ਸੀ ਲੱਗਣੇ, ਉੱਥੇ ਪ੍ਰਸਥਿਤੀਆਂ ਬਦਲ ਗਈਆਂ ਸਨ। ਹਾਲਾਤ ਦਾ ਵਹਿਣ ਅੱਜ ਵਾਲਾ ਜਾਰੀ ਰਿਹਾ ਤਾਂ ਉਨ੍ਹਾਂ ਸੱਜਣਾਂ ਨੂੰ ਅਗਲੇ ਸਾਲ ਇਹੋ ਦਲੀਲ ਪੰਜਾਬ ਬਾਰੇ ਵੀ ਦੇਣੀ ਪੈ ਸਕਦੀ ਹੈ, ਕਿਉਂਕਿ ਜਿਹੜੀ ਗੱਲ ਬੰਗਾਲ ਬਾਰੇ ਉਹ ਨਹੀਂ ਸਨ ਮੰਨਦੇ, ਪੰਜਾਬ ਬਾਰੇ ਵੀ ਅੱਜ ਨਹੀਂ ਮੰਨਦੇ। ਕਬੂਤਰ ਅੱਖਾਂ ਮੀਟ ਵੀ ਲਵੇ ਤਾਂ ਬਿੱਲੀ ਪਿੱਛੇ ਨਹੀਂ ਮੁੜ ਜਾਂਦੀ। ਇਹੀ ਹਾਲਾਤ ਪੰਜਾਬ ਦੀ ਰਾਜਨੀਤੀ ਵਿੱਚ ਅੱਜ ਬਣਦੇ ਪਏ ਹਨ ਤੇ ਇਹ ਬਣਦੇ ਵੀ ਏਨੀ ਤੇਜ਼ੀ ਨਾਲ ਪਏ ਹਨ ਕਿ ਇਸ ਸਾਲ ਦੇ ਬਾਕੀ ਰਹਿੰਦੇ ਸਵਾ ਸੱਤ ਮਹੀਨਿਆਂ ਵਿੱਚ ਇਨ੍ਹਾਂ ਅੱਗੇ ਬ੍ਰੇਕ ਲੱਗ ਜਾਵੇਗੀ, ਇਹ ਸੋਚਣਾ ਬਹੁਤ ਔਖਾ ਹੈ।
ਸਾਡੀ ਇੱਕ ਪਿਛਲੀ ਲਿਖਤ ਪਿੱਛੋਂ ਸਾਡੇ ਇੱਕ ਸੱਜਣ ਨੇ ਫੋਨ ਕਰ ਕੇ ਕਿਹਾ ਸੀ ਕਿ ਹਾਲਤ ਏਨੀ ਵਿਗਾੜ ਵਾਲੀ ਵੀ ਹੋਵੇ ਤਾਂ ਤੈਨੂੰ ਇੱਦਾਂ ਪੇਸ਼ ਨਹੀਂ ਕਰਨੀ ਚਾਹੀਦੀ, ਲੋਕਾਂ ਨੂੰ ਇਸਦੇ ਮੁਕਾਬਲੇ ਦਾ ਕੋਈ ਸੁਨੇਹਾ ਦੇਣਾ ਚਾਹੀਦਾ ਹੈ। ਮੈਂ ਅੱਜ ਫਿਰ ਇਹੋ ਜਿਹਾ ਕੋਈ ਸੁਨੇਹਾ ਨਹੀਂ ਦੇ ਰਿਹਾ। ਇਸਦਾ ਕਾਰਨ ਇਹ ਹੈ ਕਿ ਜਿਨ੍ਹਾਂ ਲਈ ਸੁਨੇਹਾ ਦੇਣ ਦੀ ਲੋੜ ਹੈ, ਉਹ ਕਹਿੰਦੇ ਹਨ ਕਿ ਸਾਨੂੰ ਸਭ ਕੁਝ ਪਤਾ ਹੈ। ਸੁੱਤੇ ਨੂੰ ਕੋਈ ਜਗਾ ਸਕਦਾ ਹੈ, ਇੱਦਾਂ ਦੇ ਲੋਕਾਂ ਨੂੰ ਨਹੀਂ। ਇਨ੍ਹਾਂ ਹਾਲਾਤ ਵਿੱਚ ਜਦੋਂ ਪੰਜਾਬ ਦੀ ਇੱਕ ਵੱਡੀ ਪਾਰਟੀ ਦੇ ਅੰਦਰੂਨੀ ਝੇੜੇ ਜਾਂ ਉਸ ਦੇ ਕਿਸੇ ਪੁਰਾਣੇ ਬਦਲ ਤਕ ਸੋਚ ਕੇ ਬੁੱਤਾ ਸਰ ਸਕਦਾ ਹੈ ਤਾਂ ਅਗਲੀ ਗੱਲ ਸੋਚਣ ਦੀ ਲੋੜ ਵੀ ਕਿਸ ਨੂੰ ਹੈ। ਪੰਜਾਬ ਦੀ ਬਦਕਿਸਮਤੀ ਸ਼ਾਇਦ ਇਹ ਵੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2801)
(ਸਰੋਕਾਰ ਨਾਲ ਸੰਪਰਕ ਲਈ: