JatinderPannu7ਜਿਹੜਾ ਕੋਈ ਆਗੂ ਕਦੀ ਫੌਜ ਦੀ ਇਸ ਸਰਦਾਰੀ ਨੂੰ ਚੁਣੌਤੀ ਦੇਣ ਦੀ ਮਾੜੀ-ਮੋਟੀ ਵਿਚਾਰ ...
(17 ਅਪਰੈਲ 2022)

 

ਜਦੋਂ ਤੋਂ ਭਾਰਤ ਨੂੰ ਅੰਗਰੇਜ਼ੀ ਰਾਜ ਤੋਂ ਆਜ਼ਾਦੀ ਮਿਲੀ ’ਤੇ ਇੱਕ ਦਿਨ ਪਹਿਲਾਂ ਪਾਕਿਸਤਾਨ ਨਾਂਅ ਦੇ ਨਵੇਂ ਦੇਸ਼ ਦਾ ਜਨਮ ਹੋਇਆ, ਓਦੋਂ ਤੋਂ ਭਾਰਤ ਨਾਲ ਦੁਵੱਲੇ ਸੰਬੰਧ ਕੁੜੱਤਣ ਭਰਪੂਰ ਰਹੇ ਹਨਕਦੇ-ਕਦੇ ਦੋਵੇਂ ਦੇਸ਼ਾਂ ਦੇ ਹਾਕਮ ਵਕਤੀ ਤੌਰ ਉੱਤੇ ਕੁਝ ਇੱਦਾਂ ਵਿਖਾਲਾ ਕਰਦੇ ਰਹੇ ਕਿ ਲੋਕਾਂ ਨੂੰ ਸੰਬੰਧਾਂ ਵਿੱਚ ਪੱਕੇ ਸੁਧਾਰ ਦੀ ਆਸ ਬੱਝਣ ਲੱਗ ਜਾਂਦੀ ਸੀ, ਪਰ ਥੋੜ੍ਹੇ ਦਿਨਾਂ ਪਿੱਛੋਂ ਗੱਡੀ ਫਿਰ ਉਸੇ ਲੀਹ ਉੱਤੇ ਚੱਲ ਪੈਂਦੀ ਸੀ ਇਸਦੀ ਜੜ੍ਹ ਇਹ ਕਾਰਨ ਸੀ ਕਿ ਪਾਕਿਸਤਾਨ ਬਣਿਆ ਹੀ ਇਸ ਧਾਰਨਾ ਉੱਤੇ ਸੀ ਕਿ ਭਾਰਤ ਵਿਚਲੇ ਮੁਸਲਮਾਨਾਂ ਨੂੰ ਇਸ ਲਈ ਵੱਖਰਾ ਦੇਸ਼ ਚਾਹੀਦਾ ਹੈ ਕਿ ਜੇ ਵੱਖ ਨਾ ਹੋਏ ਤਾਂ ਉਨ੍ਹਾਂ ਦੀ ਹੋਂਦ ਨੂੰ ਖਤਰਾ ਹੋ ਸਕਦਾ ਹੈਵੱਖਰੇ ਪਾਕਿਸਤਾਨ ਦੇ ਮੋਢੀ ਮੁਹੰਮਦ ਅਲੀ ਜਿਨਾਹ ਦੇ ਜਾਣਕਾਰ ਕਈ ਵਾਰ ਲਿਖ ਚੁੱਕੇ ਹਨ ਕਿ ਉਹ ਪੱਕਾ ਮੁਸਲਮਾਨ ਵੀ ਕਿਹਾ ਜਾਣ ਯੋਗ ਨਹੀਂ ਸੀ, ਕਈ ਕੰਮ ਅਜਿਹੇ ਵੀ ਕਰ ਲੈਂਦਾ ਸੀ, ਜਿਹੜੇ ਇਸਲਾਮ ਵਿੱਚ ਵਰਜਿਤ ਸਨ, ਪਰ ਮੁਸਲਮਾਨਾਂ ਲਈ ਇਹੋ ਗੱਲ ਕਾਫੀ ਸੀ ਕਿ ਉਹ ਵੱਖਰਾ ਦੇਸ਼ ਬਣਾ ਕੇ ਦੇ ਗਿਆ, ਇਸ ਲਈ ਉਹ ਇਸ ਦੇਸ਼ ਦੇ ਲੋਕਾਂ ਲਈ ਖਾਸ ਬਣ ਗਿਆ ਸੀਉਸ ਨੇ ਕਿਉਂਕਿ ਵੱਖਰਾ ਦੇਸ਼ ਬਣਾਇਆ ਸੀ, ਵੱਖਰਾ ਦੇਸ਼ ਬਣਦੇ ਸਾਰ ਉਸ ਨੇ ਅੰਗਰੇਜ਼ੀ ਹਾਕਮਾਂ ਨਾਲ ਅੱਖ ਮਿਲੀ ਹੋਣ ਕਰ ਕੇ ਆਪਣੇ ਦੇਸ਼ ਦਾ ਇਲਾਕਾ ਹੋਰ ਵਧਾਉਣ ਲਈ ਕਸ਼ਮੀਰ ਰਿਆਸਤ ਵਿੱਚ ਕਬਾਇਲੀ ਲੋਕਾਂ ਦੇ ਭੇਸ ਵਿੱਚ ਆਪਣੀ ਫੌਜ ਦੀ ਘੁਸਪੈਠ ਕਰਵਾ ਕੇ ਦੁਵੱਲੇ ਸੰਬੰਧਾਂ ਵਿੱਚ ਕੁੜੱਤਣ ਦਾ ਪਹਿਲਾ ਬੀਜ ਬੀਜਿਆ ਸੀ, ਜਿਹੜਾ ਅੱਜ ਤਕ ਫਲਦਾ ਪਿਆ ਹੈ

ਬਾਅਦ ਦੇ ਸਮੇਂ ਦੌਰਾਨ ਜਦੋਂ ਭਾਰਤ ਕਈ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਇੱਕ ਸੰਵਿਧਾਨ ਬਣਾਉਣ ਪਿੱਛੋਂ ਲੋਕਤੰਤਰ ਦੀ ਲੀਹੇ ਪੈ ਤੁਰਿਆ, ਪਾਕਿਸਤਾਨ ਆਪਣੇ ਮੁਢਲੇ ਦਿਨਾਂ ਵੇਲੇ ਹੀ ਲੋਕਤੰਤਰ ਦੀ ਲੀਹ ਚੜ੍ਹਨ ਤੋਂ ਪਾਸਾ ਵੱਟ ਕੇ ਫੌਜੀ ਜਰਨੈਲਾਂ ਦੀ ਤਾਨਾਸ਼ਾਹੀ ਦਾ ਮੁਥਾਜ ਬਣਨ ਤੁਰ ਪਿਆ ਸੀਇਸ ਖੇਡ ਦਾ ਮੁੱਢ ਸਾਲ 1953 ਵਿੱਚ ਸੰਵਿਧਾਨ ਘੜਨੀ ਅਸੈਂਬਲੀ ਵਿੱਚ ਬਹੁਮਤ ਵਾਲੇ ਖਵਾਜ਼ਾ ਨਜ਼ੀਮੁਦੀਨ ਨੂੰ ਮੌਕੇ ਦੇ ਗਵਰਨਰ ਜਨਰਲ ਗੁਲਾਮ ਮੁਹੰਮਦ ਵੱਲੋਂ ਫੌਜ ਦੀ ਹੱਲਾਸ਼ੇਰੀ ਨਾਲ ਬਰਖਾਸਤ ਕਰਨ ਦੇ ਨਾਲ ਬੱਝਾ ਸੀਫਿਰ 1955 ਵਿੱਚ ਗਵਰਨਰ ਜਨਰਲ ਬਣੇ ਇਸਕੰਦਰ ਅਲੀ ਮਿਰਜ਼ਾ ਨੇ ਅਗਲੇ ਸਾਲ ਬਾਕਾਇਦਾ ਰਾਸ਼ਟਰਪਤੀ ਬਣਨ ਤੋਂ ਦੋ ਸਾਲ ਪਿੱਛੋਂ 1958 ਵਿੱਚ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰ ਕੇ ਪਹਿਲੀ ਵਾਰ ਬਾਕਾਇਦਾ ਫੌਜੀ ਹਕੂਮਤ ਨੂੰ ਵਾਗ ਫੜਾਈ ਸੀਸਾਲ 1970 ਤਕ ਉਸ ਦੇਸ਼ ਵਿੱਚ ਕਦੀ ਸਿੱਧੀ ਚੋਣ ਨਹੀਂ ਸੀ ਹੋ ਸਕੀ, ਓਦੋਂ ਵੀ ਪਹਿਲੀ ਚੋਣ ਐਵੇਂ ਵਿਖਾਵਾ ਸੀ ਅਤੇ ਇਸ ਪਹਿਲੀ ਚੋਣ ਵਿੱਚ ਅਵਾਮੀ ਲੀਗ ਦੀ ਜਿੱਤ ਹੋਣ ਪਿੱਛੋਂ ਇਸਦੇ ਆਗੂ ਸ਼ੇਖ ਮੁਜੀਬੁਰ ਰਹਿਮਾਨ ਨੂੰ ਪ੍ਰਧਾਨ ਮੰਤਰੀ ਨਹੀਂ ਸੀ ਬਣਨ ਦਿੱਤਾ ਗਿਆ ਤੇ ਨਤੀਜੇ ਵਜੋਂ ਤਿੱਖੇ ਟਕਰਾਅ ਕਾਰਨ ਇਸ ਦੇਸ਼ ਦਾ ਪੂਰਬੀ ਹਿੱਸਾ ਟੁੱਟ ਕੇ ਬੰਗਲਾ ਦੇਸ਼ ਪੈਦਾ ਹੋ ਗਿਆ ਸੀ

ਭਾਰਤ ਨਾਲ ਪਾਕਿਸਤਾਨ ਦੇ ਸੰਬੰਧਾਂ ਵਿੱਚ ਦੋਸਤੀ ਤੇ ਕੁੜੱਤਣ ਦਾ ਅਗਲਾ ਦੌਰ ਇਸ ਜੰਗ ਪਿੱਛੋਂ ਨਵੇਂ ਸਿਰਿਉਂ ਚੱਲਿਆ ਸੀਆਪਣੇ ਅਠਾਨਵੇਂ ਹਜ਼ਾਰ ਫੌਜੀ ਕੈਦੀ ਛੁਡਾਉਣ ਲਈ ਓਦੋਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਨੇ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਗੱਲਬਾਤ ਦੇ ਗੇੜ ਚਲਾਏ ਤੇ ਸ਼ਿਮਲਾ ਸਮਝੌਤਾ ਲਿਖਣ ਨਾਲ ਦੋਸਤੀ ਦਾ ਮੁੱਢ ਬੱਝਣ ਦੀ ਸੁਰ ਚੁੱਕੀ ਸੀ, ਪਰ ਅਗਲੇ ਸਾਲ ਭਾਰਤ ਨੂੰ ਬੰਗਲਾ ਦੇਸ਼ ਦਾ ਜਵਾਬ ਦੇਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨਭੁੱਟੋ ਦਾ ਤਖਤਾ ਪਲਟ ਕੇ ਉਸ ਨੂੰ ਫਾਂਸੀ ਟੰਗ ਦੇਣ ਵਾਲਾ ਜਨਰਲ ਜ਼ਿਆ ਉਲ ਹੱਕ ਇਸੇ ਤਰ੍ਹਾਂ ਕਦੀ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਦੋਸਤੀ ਦੀਆਂ ਮੀਟਿੰਗਾਂ ਕਰਨ ਅਤੇ ਕਦੀ ਬੰਗਲਾ ਦੇਸ਼ ਦਾ ਬਦਲਾ ਲੈਣ ਦੇ ਦਬਾਕੜੇ ਛੱਡਦਾ ਰਿਹਾ ਸੀ, ਪਰ ਉਸ ਦੀ ਮੌਤ ਮਗਰੋਂ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਬੇਨਜ਼ੀਰ ਭੁੱਟੋ ਤੋਂ ਲੋਕਾਂ ਨੂੰ ਆਸ ਸੀ ਕਿ ਉਹ ਭਾਰਤ ਨਾਲ ਸੰਬੰਧ ਜ਼ਰੂਰ ਸੁਧਾਰੇਗੀਹੋਇਆ ਇਸਦੇ ਉਲਟ ਇਹ ਕਿ ਬੇਨਜ਼ੀਰ ਆਪਣੀ ਗੱਦੀ ਪੱਕੀ ਕਰਨ ਲਈ ਕੱਟੜਪੰਥੀਆਂ ਅਤੇ ਫੌਜੀ ਜਰਨੈਲਾਂ ਦੇ ਦਬਾਅ ਹੇਠ ਭਾਰਤ ਕੋਲੋਂ ਸਮੁੱਚਾ ਕਸ਼ਮੀਰ ਖੋਹਣ ਦੇ ਨਾਅਰੇ ਲਾਉਣ ਦੇ ਰਾਹ ਪੈ ਗਈ ਸੀਬਾਅਦ ਵਿੱਚ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣਿਆ ਤਾਂ ਭਾਰਤੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨਾਲ ਗੱਲਬਾਤ ਦਾ ਨਵਾਂ ਗੇੜ ਚੱਲ ਪਿਆਨਵਾਜ਼ ਸ਼ਰੀਫ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਜਾਤੀ ਉਮਰਾ ਦਾ ਜੰਮ-ਪਲ ਸੀ ਅਤੇ ਇੰਦਰ ਕੁਮਾਰ ਗੁਜਰਾਲ ਪਾਕਿਸਤਾਨ ਵਿਚਲੇ ਜੇਹਲਮ ਜ਼ਿਲ੍ਹੇ ਦੇ ਪਿੰਡ ਪਰੀ ਦਰਵੇਜ਼ਾ ਵਿੱਚ ਪੈਦਾ ਹੋਇਆ ਹੋਣ ਕਰ ਕੇ ਦੁਵੱਲੇ ਸੰਬੰਧ ਸੁਧਾਰਨ ਦੀਆਂ ਬਹੁਤ ਆਸਾਂ ਹੋਣ ਲੱਗੀਆਂ ਸਨ, ਪਰ ਗੱਲ ਸਿਰੇ ਓਦੋਂ ਵੀ ਨਹੀਂ ਸੀ ਚੜ੍ਹ ਸਕੀ ਅਤੇ ਅਟਲ ਬਿਹਾਰੀ ਵਾਜਪਾਈ ਦੇ ਯਤਨ ਵੀ ਸਿਰੇ ਨਹੀਂ ਸਨ ਚੜ੍ਹ ਸਕੇਪਾਕਿਸਤਾਨੀ ਫੌਜ ਦੇ ਮੁਖੀ ਪਰਵੇਜ਼ ਮੁਸ਼ੱਰਫ ਨੇ ਬੰਗਲਾ ਦੇਸ਼ ਦਾ ਬਦਲਾ ਲੈਣ ਦੇ ਨਾਂਅ ਉੱਤੇ ਆਪਣੀ ਫੌਜ ਦੀ ਲਾਮਬੰਦੀ ਕਰਵਾ ਕੇ ਨਵਾਜ਼ ਸ਼ਰੀਫ ਨੂੰ ਦੱਸੇ ਬਗੈਰ ਕਾਰਗਿਲ ਦੀ ਜੰਗ ਲਾ ਦਿੱਤੀ ਅਤੇ ਸੰਬੰਧ ਸੁਧਰਨ ਦੀ ਥਾਂ ਹੋਰ ਵਿਗਾੜ ਦਿੱਤੇ ਸਨ

ਆਪਣੀ ਪੂਰੀ ਚੜ੍ਹਤ ਦੇ ਦੌਰ ਵਿੱਚ ਜਨਰਲ ਮੁਸ਼ੱਰਫ ਨੇ ਅਟਲ ਬਿਹਾਰੀ ਵਾਜਪਾਈ ਨਾਲ ਸੰਬੰਧ ਸੁਧਾਰਨ ਬਾਰੇ ਗੱਲ ਇੱਦਾਂ ਸ਼ੁਰੂ ਕੀਤੀ, ਜਿਵੇਂ ਸਿਰੇ ਚਾੜ੍ਹਨ ਦਾ ਮਨ ਬਣਾ ਚੁੱਕਾ ਹੋਵੇ, ਪਰ ਅੰਤ ਨੂੰ ਲਿਖਿਆ ਪਿਆ ਸਾਂਝਾ ਐਲਾਨਨਾਮਾ ਆਗਰੇ ਵਿੱਚ ਛੱਡ ਕੇ ਪਾਕਿਸਤਾਨ ਨੂੰ ਵਾਪਸੀ ਉਡਾਰੀ ਮਾਰ ਗਿਆ ਸੀਓਦੋਂ ਬਾਅਦ ਨਵਾਜ਼ ਸ਼ਰੀਫ ਤੇ ਆਸਿਫ ਅਲੀ ਜ਼ਰਦਾਰੀ ਦੇ ਵੇਲੇ ਵੀ ਥੋੜ੍ਹੀ-ਜਿਹੀ ਹਿਲਜੁਲ ਹੋਈ, ਪਰ ਗੱਲ ਅੱਗੇ ਨਹੀਂ ਵਧੀਇਮਰਾਨ ਖਾਨ ਦੇ ਆਉਣ ਨਾਲ ਸੰਬੰਧ ਸੁਧਰਨ ਦੀ ਆਸ ਸੀ, ਪਰ ਉਸ ਦੇ ਸਹੁੰ ਚੁੱਕ ਸਮਾਗਮ ਵਿੱਚ ਉਸ ਦਾ ਯਾਰ ਨਵਜੋਤ ਸਿੰਘ ਸਿੱਧੂ ਅਚਾਨਕ ਜਿਸ ਤਰ੍ਹਾਂ ਚਰਚਾ ਦਾ ਕੇਂਦਰ ਬਣ ਗਿਆ ਤੇ ਉਹ ਹਰ ਗੱਲ ਵਿੱਚ ’ਮੈਂ ਆਹ ਕੀਤਾ’ ਕਹਿਣ ਲੱਗ ਪਿਆ ਤਾਂ ਉਸ ਦੇ ਵਿਰੋਧੀ ਇਸ ਸਾਂਝ ਪ੍ਰਕਿਰਿਆ ਦੀਆਂ ਤੰਦਾਂ ਟੁੱਕਣ ਲੱਗ ਪਏਪ੍ਰਧਾਨ ਮੰਤਰੀ ਵਜੋਂ ਮਿਆਦ ਪੂਰੀ ਕੀਤੇ ਬਿਨਾਂ ਉਸ ਦੀ ਕੁਰਸੀ ਖੁੱਸ ਜਾਣ ਪਿੱਛੋਂ ਫਿਰ ਨਵਾਜ਼ ਸ਼ਰੀਫ ਦਾ ਭਰਾ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦਾ ਪ੍ਰਧਾਨ ਮਤਰੀ ਬਣ ਜਾਣ ਨਾਲ ਕੁਝ ਲੋਕਾਂ ਨੂੰ ਇੱਕ ਵਾਰ ਫਿਰ ਉਹੋ ਸੰਬੰਧ ਸੁਧਰਨ ਦੀ ਝਾਕ ਹੋ ਗਈ ਸੁਣੀ ਜਾ ਰਹੀ ਹੈ, ਪਰ ਤਜਰਬਾ ਦੱਸਦਾ ਹੈ ਕਿ ਆਸ ਜਿੰਨੀ ਮਰਜ਼ੀ ਕੋਈ ਲਾਉਂਦਾ ਰਹੇ, ਪਾਕਿਸਤਾਨ ਨਾਲ ਸੰਬੰਧਾਂ ਵਿੱਚ ਸੁਧਾਰ ਕੋਈ ਨਹੀਂ ਹੋ ਸਕਣਾ

ਸਾਡੇ ਇਹ ਕਹਿਣ ਦਾ ਅਰਥ ਇਹ ਨਹੀਂ ਕਿ ਅਸੀਂ ਦੋਵਾਂ ਦੇਸ਼ਾਂ ਵਿੱਚ ਸਾਂਝ ਨਹੀਂ ਚਾਹੁੰਦੇ, ਸਗੋਂ ਅਸੀਂ ਯੂਰਪੀ ਦੇਸ਼ਾਂ ਦੇ ਲੋਕਾਂ ਵਰਗੀ ਸਾਂਝ ਚਾਹੁੰਦੇ ਹਾਂ, ਜਿੱਥੇ ਇੱਕ ਦੂਸਰੇ ਦੇਸ਼ ਵਿੱਚ ਸਹਿਜ ਭਾਅ ਨਾਲ ਆਉਣ-ਜਾਣ ਹੋ ਸਕਦਾ ਹੈਔਕੜ ਅਸਲ ਵਿੱਚ ਇਹ ਹੈ ਕਿ ਓਥੋਂ ਦੀ ਰਾਜਨੀਤੀ ਦੇ ਰਥਵਾਨਾਂ ਨੇ ਪਿਛਲੇ ਸਤੱਤਰ ਸਾਲਾਂ ਦੌਰਾਨ ਆਪਣੇ ਲੋਕਾਂ ਨੂੰ ਇਹ ਹੀ ਸਬਕ ਪੜ੍ਹਾਇਆ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਹੜੱਪ ਕਰ ਜਾਣਾ ਹੈਭਾਰਤ ਦੀ ਇੱਦਾਂ ਦੀ ਸੋਚ ਨਹੀਂਕਈ ਸਾਲ ਪਹਿਲਾਂ ਜਦੋਂ ਮਣੀ ਸ਼ੰਕਰ ਅਈਅਰ ਪਾਕਿਸਤਾਨ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਸੀ ਤਾਂ ਇੱਕ ਸੈਮੀਨਾਰ ਵਿੱਚ ਇਹੋ ਸਵਾਲ ਉਸ ਨੂੰ ਪੁੱਛਿਆ ਗਿਆ ਸੀ ਕਿ ਤੁਹਾਡਾ ਦੇਸ਼ ਪਾਕਿਸਤਾਨ ਨੂੰ ਹੜੱਪ ਜਾਣਾ ਚਾਹੁੰਦਾ ਹੈਉਸ ਦਾ ਜਵਾਬ ਓਦੋਂ ਵੀ ਦਲੀਲ ਪੂਰਨ ਸੀ ਤੇ ਅੱਜ ਵੀ ਢੁਕਵਾਂ ਹੈਮਣੀ ਸ਼ੰਕਰ ਨੇ ਕਿਹਾ ਸੀ ਕਿ ਸਾਡੇ ਭਾਰਤ ਦੇ ਢਾਈ ਦਰਜਨ ਰਾਜਾਂ ਵਿੱਚੋਂ ਚਾਰ-ਪੰਜ ਰਾਜਾਂ ਵਿੱਚ ਬਦ-ਅਮਨੀ ਹੈ ਤੇ ਅਸੀਂ ਉਨ੍ਹਾਂ ਦੀ ਬਦ-ਅਮਨੀ ਸੰਭਾਲਣ ਵਿੱਚ ਔਖ ਮਹਿਸੂਸ ਕਰਦੇ ਹਾਂਜੇ ਪਾਕਿਸਤਾਨ ਸਾਡੇ ਵਿੱਚ ਮਿਲਾ ਦਿੱਤਾ ਜਾਵੇ ਤਾਂ ਇਸਦੇ ਪੰਜ ਰਾਜਾਂ ਵਿੱਚੋਂ ਇੱਕ ਵੀ ਸ਼ਾਂਤ ਨਹੀਂਜਿਹੜਾ ਭਾਰਤ ਆਪਣੇ ਪਹਿਲੇ ਚਾਰ-ਪੰਜ ਰਾਜਾਂ ਵਿੱਚ ਚੱਲਦੀ ਬਦ-ਅਮਨੀ ਸੰਭਾਲਣ ਵਿੱਚ ਔਖ ਮਹਿਸੂਸ ਕਰਦਾ ਹੈ, ਉਹ ਤੁਹਾਡੇ ਵਾਲੇ ਪੰਜ ਹੋਰ ਮਿਲਾ ਕੇ ਮੁਸੀਬਤ ਵਿੱਚ ਵਾਧਾ ਕਰਨ ਦੀ ਬੇਵਕੂਫੀ ਕਦੇ ਨਹੀਂ ਕਰੇਗਾਸਾਡੇ ਢਾਈ ਦਰਜਨ ਰਾਜਾਂ ਦੇ ਲੋਕਾਂ ਦੀ ਕਮਾਈ ਪਹਿਲਾਂ ਇਨ੍ਹਾਂ ਚਾਰ-ਪੰਜ ਰਾਜਾਂ ਨੂੰ ਸੰਭਾਲਣ ਉੱਤੇ ਲਗਦੀ ਹੈ, ਫਿਰ ਤੁਹਾਡੇ ਵਾਲੇ ਪੰਜ ਰਾਜਾਂ ਵਿੱਚ ਵੀ ਫੌਜਾਂ ਲਾਉਣੀਆਂ ਅਤੇ ਉਨ੍ਹਾਂ ਦਾ ਖਰਚਾ ਆਪਣੇ ਸਿਰ ਲੈਣਾ ਪਵੇਗਾ ਇੱਦਾਂ ਦੀ ਬੇਵਕੂਫੀ ਅਸੀਂ ਨਹੀਂ ਸੋਚਾਂਗੇਉਸ ਦੀ ਇਸ ਦਲੀਲ ਉੱਤੇ ਪਾਕਿਸਤਾਨੀ ਮੀਡੀਆ ਕਈ ਦਿਨ ਵੱਖ-ਵੱਖ ਪੱਖਾਂ ਤੋਂ ਚਰਚਾ ਕਰਦਾ ਰਿਹਾ ਸੀ

ਹਾਲਾਤ ਵਿੱਚ ਉਸ ਦੇ ਬਾਅਦ ਕਿਸੇ ਤਰ੍ਹਾਂ ਦਾ ਸੁਖਾਵਾਂ ਮੋੜ ਭਾਰਤ ਵਿੱਚ ਨਹੀਂ ਆਇਆ ਚਾਰ ਰਾਜਾਂ ਦੀ ਹਾਲਤ ਸੁਧਰੇ ਤਾਂ ਪੰਜ ਹੋਰਨਾਂ ਦੀ ਵਿਗੜ ਜਾਂਦੀ ਹੈ ਅਤੇ ਨਾ ਪਾਕਿਸਤਾਨ ਦੇ ਹਾਲਾਤ ਸੁਧਰੇ ਹਨਜਿਹੜੀ ਦਲੀਲ ਮਣੀ ਸ਼ੰਕਰ ਅਈਅਰ ਨੇ ਓਦੋਂ ਦਿੱਤੀ ਸੀ, ਭਾਰਤ ਦੀ ਨੀਤੀ ਦਾ ਹਿੱਸਾ ਅੱਜ ਵੀ ਉਹੀ ਹੋ ਸਕਦੀ ਹੈਪਾਕਿਸਤਾਨ ਵਿੱਚ ਵੀ ਸਥਿਤੀ ਨਾ ਸਿਰਫ ਅਮਨ-ਕਾਨੂੰਨ ਖਰਾਬ ਹੋਣ ਪੱਖੋਂ ਓਦੋਂ ਵਾਲੀ ਜਾਂ ਉਸ ਤੋਂ ਵੱਧ ਖਰਾਬ ਹੋ ਚੁੱਕੀ ਹੈ, ਸਗੋਂ ਓਥੇ ਫੌਜੀ ਜਕੜ ਵੀ ਉਸ ਦੇਸ਼ ਦੀ ਨਬਜ਼ ਉੱਤੇ ਓਦੋਂ ਵਾਂਗ ਪੱਕੀ ਹੈ ਅਤੇ ਇਹ ਧਾਰਨਾ ਕਾਇਮ ਹੈ ਕਿ ਉਸ ਦੇਸ਼ ਨੂੰ ਭਾਰਤ ਵੱਲੋਂ ਹੜੱਪੇ ਜਾਣ ਤੋਂ ਬਚਾਉਣਾ ਹੈ ਤਾਂ ਫੌਜ ਦੀ ਸਰਦਾਰੀ ਨੂੰ ਚੈਲਿੰਜ ਨਾ ਕਰੋਜਿਹੜਾ ਕੋਈ ਆਗੂ ਕਦੀ ਫੌਜ ਦੀ ਇਸ ਸਰਦਾਰੀ ਨੂੰ ਚੁਣੌਤੀ ਦੇਣ ਦੀ ਮਾੜੀ-ਮੋਟੀ ਵਿਚਾਰ ਕਰਨ ਲੱਗਦਾ ਹੈ, ਉਸ ਦੀ ਕੁਰਸੀ ਦੇ ਪਾਵੇ ਕੱਟੇ ਜਾਂਦੇ ਹਨ ਤੇ ਅਗਲੇ ਹਫਤੇ ਸੜਕ ਸਵਾਰ ਹੋਣਾ ਪੈ ਜਾਂਦਾ ਹੈਇਸ ਕਰ ਕੇ ਪ੍ਰਧਾਨ ਮੰਤਰੀ ਓਥੇ ਜਿਹੜਾ ਵੀ ਬਣ ਜਾਵੇ, ਜਿਹੜੀਆਂ ਧਾਰਨਾਵਾਂ ਨਾਲ ਓਥੋਂ ਦੀ ਫੌਜੀ ਕਮਾਂਡ ਚੱਲਦੀ ਹੈ ਤੇ ਜਿਵੇਂ ਓਥੇ ਰਾਜਨੀਤੀ ਅੱਜ ਤਕ ਵੀ ਫੌਜੀ ਕਮਾਂਡ ਦੀ ਅਧੀਨਗੀ ਹੇਠ ਚੱਲਦੀ ਹੈ, ਭਾਰਤ-ਪਾਕਿ ਸੰਬੰਧਾਂ ਵਿੱਚ ਸੁਧਾਰ ਦੀ ਵੱਡੀ ਇੱਛਾ ਦੇ ਬਾਵਜੂਦ ਵੱਡੇ ਸੁਪਨੇ ਨਹੀਂ ਲਏ ਜਾ ਸਕਦੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3510)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author