JatinderPannu7ਰਾਜਸਥਾਨ ਦੇ ਇੱਕ ਚੋਣ ਜਲਸੇ ਵਿੱਚ ਜੋ ਕੁਝ ਇੱਕ ਸਿਆਸੀ ਲੀਡਰ ਨੇ ਆਖਿਆ ਅਤੇ ਬਾਕੀਆਂ ਨੇ ਤਾੜੀਆਂ ਮਾਰ ਕੇ ਸ਼ਾਬਾਸ਼ ...
(7 ਨਵੰਬਰ 2023)


ਭਾਰਤ ਦੀ ਕੇਂਦਰੀ ਸੱਤਾ ਦਾ ਸੈਮੀ-ਫਾਈਨਲ ਕਹੀਆਂ ਜਾਂਦੀਆਂ ਪੰਜ ਰਾਜਾਂ ਦੀਆਂ ਚੋਣਾਂ ਲਈ ਸਰਗਰਮੀ ਜਦੋਂ ਸਿਖਰਾਂ ਉੱਤੇ ਹੈ
, ਉਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਦਿੱਤੀ ਸਿੱਧੀ ਬਹਿਸ ਦੀ ਚੁਣੌਤੀ ਨੇ ਇੱਥੇ ਰਾਜਨੀਤਕ ਬਹਿਸ ਲਈ ਨਵਾਂ ਮੁੱਦਾ ਖੜ੍ਹਾ ਕਰ ਦਿੱਤਾ ਸੀਵਿਰੋਧੀ ਧਿਰ ਦੇ ਆਗੂ ਕਦੀ ਇਸ ਸਿੱਧੀ ਬਹਿਸ ਦੀ ਹਾਂ ਕਰਦੇ ਅਤੇ ਕਦੀ ਸ਼ਰਤਾਂ ਲਾਉਣ ਦੇ ਬਾਅਦ ਪਾਸਾ ਵੱਟਦੇ ਰਹੇ ਤੇ ਅਖੀਰਲੇ ਦਿਨ ਇਸ ਤੋਂ ਕਿਨਾਰਾ ਕਰ ਗਏ, ਪਰ ਮੁੱਖ ਮੰਤਰੀ ਨੇ ਇਹ ਮੌਕਾ ਹੱਥੋਂ ਨਹੀਂ ਜਾਣ ਦਿੱਤਾਉਸ ਨੇ ਇੱਕ-ਤਰਫਾ ਬਹਿਸ ਬਹਾਨੇ ਭਾਸ਼ਣ ਦੇ ਦੌਰਾਨ ਆਪਣਾ ਪੱਖ ਲੋਕਾਂ ਮੂਹਰੇ ਰੱਖਿਆ ਅਤੇ ਦੂਸਰਿਆਂ ਦੀਆਂ ਪਿਛਲੀਆਂ ਸਰਕਾਰਾਂ ਦਾ ਕਾਲਾ-ਚਿੱਟਾ ਹਰ ਇੱਕ ਨੁਕਤਾ ਵੀ ਲੋਕਾਂ ਸਾਹਮਣੇ ਰੱਖਣ ਤੋਂ ਕੋਈ ਨਹੀਂ ਰਹਿਣ ਦਿੱਤਾਜਿਹੜੇ ਵਿਰੋਧੀ ਆਗੂ ਉੱਥੇ ਨਹੀਂ ਸਨ ਗਏ, ਉਨ੍ਹਾਂ ਇਸ ਬਾਰੇ ਉਸੇ ਸ਼ਾਮ ਜਾਂ ਅਗਲੇ ਦਿਨਾਂ ਵਿੱਚ ਆਪਣਾ ਪੱਖ ਪ੍ਰੈੱਸ ਕਾਨਫਰੰਸਾਂ ਜਾਂ ਬਿਆਨਾਂ ਰਾਹੀਂ ਪੇਸ਼ ਕਰ ਲਿਆਇਸ ਬਹਿਸ ਦੌਰਾਨ ਫਿਰ ਜਿੱਤਿਆ ਕੌਣ ਤੇ ਹਾਰਿਆ ਕੌਣ, ਇਸ ਵੇਲੇ ਅਸੀਂ ਇਸ ਚਰਚਾ ਵਿੱਚ ਨਹੀਂ ਪੈ ਰਹੇ, ਇਸਦੀ ਥਾਂ ਭਾਰਤ ਦੇ ਕੌਮੀ ਪਿੜ ਵਿੱਚ ਜਿੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਦੇ ਵਹਿਣ ਨੂੰ ਵੱਧ ਨੀਝ ਨਾਲ ਵੇਖ ਰਹੇ ਹਾਂ

ਆਮ ਪ੍ਰਭਾਵ ਹੈ ਕਿ ਭਾਰਤ ਦਾ ਕੌਮੀ ਮੀਡੀਆ ਭਾਰਤੀ ਜਨਤਾ ਪਾਰਟੀ ਜਾਂ ਉਸ ਨਾਲ ਜੁੜੇ ਹੋਏ ਵੱਡੇ ਕਾਰਪੋਰੇਟ ਘਰਾਣਿਆਂ ਦੇ ਕੰਟਰੋਲ ਵਿੱਚ ਹੋਣ ਕਾਰਨ ਇੱਕ-ਤਰਫਾ ਪ੍ਰਚਾਰ ਵਰਗੀਆਂ ਖਬਰਾਂ ਅਤੇ ਬਹਿਸਾਂ ਵਿਖਾ-ਵਿਖਾ ਕੇ ਆਪਣੀ ਭਰੋਸੇਯੋਗਤਾ ਵੀ ਗੁਆਈ ਫਿਰਦਾ ਹੈ ਅਤੇ ਦਰਸ਼ਕਾਂ ਦਾ ਘੇਰਾ ਵੀ ਇਸਦੀ ਥਾਂ ਭਾਰਤ ਵਿੱਚ ਸੋਸ਼ਲ ਮੀਡੀਆ ਦੇ ਵੱਧ ਚਰਚਿਤ ਹੋ ਜਾਣ ਦੀ ਗੱਲ ਕੋਈ ਵੀ ਰੱਦ ਨਹੀਂ ਕਰਦਾ ਅਤੇ ਸੋਸ਼ਲ ਮੀਡੀਆ ਵਿੱਚ ਸਰਕਾਰ ਦੇ ਪ੍ਰਚਾਰ ਦੇ ਐਨ ਉਲਟ ਇੰਨਾ ਕੁਝ ਪੇਸ਼ ਹੋਈ ਜਾਂਦਾ ਹੈ ਕਿ ਉਸ ਦੀ ਮਾਰ ਵੀ ਢਿੱਲੀ ਨਹੀਂਇਸ ਨਾਲ ਚੋਣ ਜੰਗ ਵਿੱਚ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ ਤੇ ਪੰਜਾਂ ਰਾਜਾਂ ਦੀਆਂ ਚੋਣਾਂ ਵਿੱਚ ਲੜਾਈ ਲੀਡਰਾਂ ਤੋਂ ਵੱਧ ਮੀਡੀਆ ਚੈਨਲਾਂ ਦੀ ਬਣੀ ਜਾਂਦੀ ਹੈਜਿਹੜੇ ਵੱਡੇ ਘਰਾਣੇ ਕਦੀ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਤੇ ਫਿਰ ਪ੍ਰਧਾਨ ਮੰਤਰੀ ਵਜੋਂ ਕਾਮਯਾਬੀ ਦੇ ਅਜੋਕੇ ਪੜਾਅ ਤਕ ਪਹੁੰਚਾਉਣ ਵਾਸਤੇ ਮਦਦਗਾਰ ਸਮਝੇ ਜਾਂਦੇ ਸਨ, ਉਨ੍ਹਾਂ ਵਿੱਚੋਂ ਕਈ ਇਸ ਵੇਲੇ ਪੈਰ ਪਿੱਛੇ ਖਿੱਚ ਰਹੇ ਜਾਪਦੇ ਹਨ ਇਸਦੇ ਉਲਟ ਕਾਂਗਰਸ ਵਾਲੀ ਧਿਰ ਪਹਿਲਾਂ ਨਾਲੋਂ ਕੁਝ ਉੱਠਦੀ ਤਾਂ ਜਾਪਦੀ ਹੈ, ਪਰ ਅਜੇ ਵੀ ਉਸ ਪੱਧਰ ਤਕ ਪਹੁੰਚਣ ਦੀ ਗੱਲ ਦਿਖਾਈ ਨਹੀਂ ਦਿੰਦੀ, ਜਦੋਂ ਉਸ ਬਾਰੇ ਕਿਹਾ ਜਾਵੇ ਕਿ ਚੋਣਾਂ ਵਿੱਚ ਤਖਤਾ ਪਲਟ ਸਕਦੀ ਹੈਇਸ ਨਾਲ ਟੱਕਰ ਲਈ ਜਿਹੜਾ ਇੰਡੀਆ ਗੱਠਜੋੜ ਬਣਾਇਆ ਗਿਆ ਸੀ, ਉਸ ਵਿੱਚ ਪੰਜ ਰਾਜਾਂ ਦੀਆਂ ਚੋਣਾਂ ਲਈ ਸੀਟਾਂ ਵੰਡਣ ਵਿੱਚ ਇੰਨੀ ਖਹਿਬਾਜ਼ੀ ਹੋਈ ਕਿ ਸਰਕਾਰ ਪੱਖੀ ਮੀਡੀਏ ਨੂੰ ਇਹ ਕਹਿਣਾ ਸੌਖਾ ਹੋ ਗਿਆ ਕਿ ਇਹ ਗੱਠਜੋੜ ਗੇਅਰ ਵਿੱਚ ਪੈਣ ਤੋਂ ਵੀ ਪਹਿਲਾਂ ਖਿਲਰਨ ਲੱਗ ਪਿਆ ਹੈਅਸਲ ਵਿੱਚ ਇਹੋ ਜਿਹੀ ਕੋਈ ਗੱਲ ਹਾਲ ਦੀ ਘੜੀ ਨਹੀਂਸੀਟਾਂ ਦੀ ਵੰਡ-ਵੰਡਾਈ ਲਈ ਇੱਕੋ ਪਾਰਟੀ ਵਿੱਚ ਵੀ ਰੇੜਕੇ ਪੈ ਜਾਇਆ ਕਰਦੇ ਹਨ, ਅਸਲ ਮੁੱਦਾ ਅਗਲੇ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ਦਾ ਹੋਵੇਗਾ

ਚੋਣਾਂ ਨੇੜੇ ਅਸੀਂ ਇੱਕ ਜਾਂ ਦੂਸਰੀ ਪਾਰਟੀ ’ਤੇ ਇੱਕ ਜਾਂ ਦੂਸਰੀ ਧਿਰ ਦੇ ਪੱਖ ਜਾਂ ਵਿਰੋਧ ਵਿੱਚ ਖੁਦ ਕਿਸੇ ਤਰ੍ਹਾਂ ਦੀ ਕਿਆਫੇਬਾਜ਼ੀ ਕਰਨ ਦੀ ਥਾਂ ਉਹ ਗੱਲ ਕਹਿਣੀ ਚਾਹੁੰਦੇ ਹਾਂ, ਜਿਹੜੀ ਆਮ ਲੋਕ ਮੂੰਹੋਂ-ਮੂੰਹ ਕਹਿੰਦੇ ਹਨ ਅਤੇ ਇਸ ਦੇਸ਼ ਦੇ ਸਾਰੇ ਲੀਡਰ ਵੀ ਜਾਣਦੇ ਹਨ ਕਿ ਉੁਨ੍ਹਾਂ ਬਾਰੇ ਭਾਰਤੀ ਲੋਕਾਂ ਦੀ ਕੀ ਰਾਏ ਹੈ! ਇਹ ਕੋਈ ਕਹਿਣ ਦੀ ਗੱਲ ਨਹੀਂ ਰਹਿ ਗਈ ਕਿ ਆਮ ਲੋਕਾਂ ਦੀ ਨਜ਼ਰ ਵਿੱਚ ਅੱਜਕੱਲ੍ਹ ਕਿਸੇ ਦਾ ਸਿਆਸੀ ਆਗੂ ਹੋਣਾ ਹੀ ਭਰੋਸੇਯੋਗਤਾ ਦੇ ਪੱਖੋਂ ਸੱਖਣਾ ਹੋਣ ਦਾ ਪਹਿਲਾਂ ਸੰਕੇਤ ਸਮਝਿਆ ਜਾਣ ਲੱਗਦਾ ਹੈਕੋਈ ਇੱਕ ਵੀ ਪਾਰਟੀ ਇਸ ਤਰ੍ਹਾਂ ਦੀ ਨਹੀਂ, ਜਿਸ ਨੇ ਕਦੀ ਕੋਈ ਬੇਅਸੂਲੇ ਸਮਝੌਤੇ ਨਾ ਕੀਤੇ ਅਤੇ ਤੋੜੇ ਹੋਣ ’ਤੇ ਜਿਨ੍ਹਾਂ ਆਗੂਆਂ ਨੂੰ ਕੱਲ੍ਹ ਤਕ ਗੰਦਗੀ ਦੇ ਢੇਰਾਂ ਜਿੰਨੀ ਸੜ੍ਹਿਆਂਦ ਛੱਡਦੇ ਆਖਿਆ ਹੋਵੇ, ਉਨ੍ਹਾਂ ਨੂੰ ਆਪਣੇ ਨਾਲ ਜੋੜਿਆ ਅਤੇ ਵੱਡੇ ਅਹੁਦੇ ਅਤੇ ਵਜ਼ੀਰੀਆਂ ਦੇ ਗੱਫੇ ਨਾ ਬਖਸ਼ੇ ਹੋਣਇਸ ਵਕਤ ਇਹ ਦੋਸ਼ ਭਾਜਪਾ ਉੱਤੇ ਸਭ ਤੋਂ ਵੱਧ ਲੱਗਦਾ ਹੈ, ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਇਤਿਹਾਸ ਉੱਤੇ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਲੰਮਾ ਸਮਾਂ ਕੇਂਦਰ ਤੇ ਰਾਜਾਂ ਵਿਚਲੀਆਂ ਸਰਕਾਰਾਂ ਚਲਾਉਂਦੀ ਰਹੀ ਕਾਂਗਰਸ ਪਾਰਟੀ ਇਸ ਵਰਤਾਰੇ ਦੀ ਮੋਢੀ ਮੰਨੀ ਜਾ ਸਕਦੀ ਹੈਜਿਨ੍ਹਾਂ ਲੋਕਾਂ ਨੂੰ ਉਹ ਦੇਸ਼-ਧ੍ਰੋਹੀ ਤੇ ਗੱਦਾਰ ਕਹਿੰਦੀ ਹੁੰਦੀ ਸੀ, ਬਾਅਦ ਵਿੱਚ ਉਨ੍ਹਾਂ ਦੇ ਨਾਲ ਹੀ ਸਾਂਝ ਪਾ ਲੈਂਦੀ ਸੀ ਅਤੇ ਕੁਝ ਥਾਂਈਂ ਉਨ੍ਹਾਂ ਨੂੰ ਰਾਜਾਂ ਦੇ ਮੁੱਖ ਮੰਤਰੀ ਬਣਾ ਚੁੱਕੀ ਸੀਇਹੋ ਕੁਝ ਭਾਜਪਾ ਵਾਲੇ ਅੱਜਕੱਲ੍ਹ ਕਰਦੇ ਹਨਵਿਰੋਧੀ ਗੱਠਜੋੜ ਦੇ ਨਾਲ ਹੋਵੇ ਤਾਂ ਐੱਨ ਸੀ ਪੀ ਵਾਲੇ ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ ਇੰਨਾ ਮਾੜਾ ਗਿਣਿਆ ਜਾਂਦਾ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੇ ਕਿਰਦਾਰ ਬਾਰੇ ਟਿੱਪਣੀਆਂ ਦੀ ਲੜੀ ਬੰਨ੍ਹੀ ਜਾਂਦਾ ਸੀ, ਪਰ ਕੁਝ ਚਿਰ ਪਿੱਛੋਂ ਉਹੀ ਅਜੀਤ ਪਵਾਰ ਜਦੋਂ ਭਾਜਪਾ ਨਾਲ ਆ ਗਿਆ ਤਾਂ ਭਾਜਪਾ ਨੇ ਉਸ ਰਾਜ ਦਾ ਡਿਪਟੀ ਮੁੱਖ ਮੰਤਰੀ ਵੀ ਬਣਾ ਦਿੱਤਾ ਸੀ ਅਤੇ ਉਸ ਦੇ ਪਿਛਲੇ ਪਿਛਲੇ ਸਾਰੇ ਕੇਸ ਵੀ ਰੱਦ ਕਰਵਾ ਦਿੱਤੇ ਸਨ

ਤਾਮਿਲ ਨਾਡੂ ਦਾ ਕਿੱਸਾ ਭਾਰਤ ਦੇ ਲੋਕਾਂ ਦੇ ਚੇਤੇ ਵਿੱਚ ਨਹੀਂ ਰਿਹਾ ਹੋਣਾ ਉੱਥੇ ਦੋ ਲੀਡਰਾਂ ਕਰੁਣਾਨਿਧੀ ਤੇ ਉਸ ਦੀ ਕੱਟੜ ਵਿਰੋਧੀ ਜੈਲਲਿਤਾ ਦਾ ਆਪੋ ਵਿੱਚ ਪੱਕਾ ਆਢਾ ਲੱਗਾ ਹੁੰਦਾ ਸੀਦੋਵਾਂ ਉੱਤੇ ਭ੍ਰਿਸ਼ਟਾਚਾਰ ਦੇ ਕੇਸ ਬਣਦੇ ਤੇ ਗ੍ਰਿਫਤਾਰੀਆਂ ਹੁੰਦੀਆਂ ਰਹਿੰਦੀਆਂ ਸਨ ਅਤੇ ਜਾਣਕਾਰ ਆਖਦੇ ਸਨ ਕਿ ਦੋਵਾਂ ਵਿੱਚੋਂ ਕਿਸੇ ਉੱਤੇ ਵੀ ਲੱਗਦੇ ਇਹ ਦੋਸ਼ ਅਸਲੋਂ ਝੂਠੇ ਨਹੀਂਉਨ੍ਹਾਂ ਦੋਵਾਂ ਆਗੂਆਂ ਨਾਲ ਭਾਰਤ ਦੀ ਹਰ ਪਾਰਟੀ ਨੇ ਕਦੇ ਉਸ ਪਾਸੇ ਅਤੇ ਕਦੀ ਇਸ ਪਾਸੇ ਵੱਲੋਂ ਗੱਠਜੋੜ ਕਰ-ਕਰ ਕੇ ਚੋਣਾਂ ਲੜੀਆਂ, ਕਦੀ ਜਿੱਤੀਆਂ ਤੇ ਕਦੀ ਹਾਰੀਆਂ ਸਨਫਰਕ ਸਿਰਫ ਇਹ ਹੈ ਕਿ ਜਿਹੜੇ ਪਾਸੇ ਕਾਂਗਰਸ ਹੁੰਦੀ ਸੀ, ਭਾਜਪਾ ਉਸ ਦੇ ਉਲਟ ਪਾਸੇ ਖੜੋਣ ਲਈ ਦੂਸਰੀ ਧਿਰ ਨਾਲ ਗੱਠਜੋੜ ਬਣਾ ਲੈਂਦੀ ਅਤੇ ਪੰਜ ਸਾਲ ਬਾਅਦ ਅਗਲੀ ਚੋਣ ਮੌਕੇ ਕਾਂਗਰਸ ਵਾਲੇ ਪਾਸੇ ਭਾਜਪਾ ਅਤੇ ਭਾਜਪਾ ਵਾਲੇ ਪਾਸੇ ਕਾਂਗਰਸ ਖੜ੍ਹੀ ਦਿਸਦੀ ਸੀਤਾਮਿਲ ਰਾਜਨੀਤੀ ਦੀਆਂ ਦੋਵੇਂ ਧਿਰਾਂ ਕਦੇ ਕਿਸੇ ਦੀਆਂ ਪੱਕੀਆਂ ਸਾਥੀ ਨਹੀਂ ਰਹੀਆਂ, ਪਰ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਇੱਦਾਂ ਨਹੀਂ ਸੀ ਕਰਦੀ ਹੁੰਦੀ, ਉਹ ਦਹਾਕਿਆਂ ਬੱਧੀ ਭਾਜਪਾ ਦੀ ਪੱਕੀ ਸਹਿਯੋਗੀ ਰਹੀ ਤੇ ਕਾਂਗਰਸ ਅਤੇ ਹੋਰ ਸੈਕੂਲਰ ਧਿਰਾਂ ਦੇ ਖਿਲਾਫ ਭਾਜਪਾ ਤੋਂ ਵੱਧ ਭੜਕਾਹਟ ਖਿਲਾਰਦੀ ਹੁੰਦੀ ਸੀਰਾਜ ਦੇ ਮੁੱਖ ਮੰਤਰੀ ਦੀ ਕੁਰਸੀ ਦਾ ਝਗੜਾ ਪੈ ਗਿਆ ਤਾਂ ਸ਼ਿਵ ਸੈਨਾ ਲੀਡਰਸ਼ਿੱਪ ਨੇ ਭਾਜਪਾ ਨਾਲੋਂ ਸਾਂਝ ਤੋੜੀ ਅਤੇ ਕਾਂਗਰਸ ਅਤੇ ਐੱਨ ਸੀ ਪੀ ਪਾਰਟੀ ਨਾਲ ਜੋੜ ਕੇ ਸਰਕਾਰ ਬਣਾ ਲਈਜਿਹੜੇ ਭਾਜਪਾਈ ਆਗੂ ਕਦੇ ਸ਼ਿਵ ਸੈਨਾ ਵਾਲਿਆਂ ਦੇ ਗਲਤ ਕੰਮਾਂ ਦੀ ਹਰ ਪੱਖੋਂ ਢਾਲ ਬਣ-ਬਣ ਕੇ ਉਨ੍ਹਾਂ ਦਾ ਬਚਾ ਕਰਦੇ ਹੁੰਦੇ ਸਨ, ਬਦਲੇ ਹਾਲਾਤ ਵਿੱਚ ਉਹ ਸ਼ਿਵ ਸੈਨਾ ਆਗੂਆਂ ਨੂੰ ਕੇਂਦਰ ਦੀਆਂ ਏਜੰਸੀਆਂ ਤੋਂ ਗ੍ਰਿਫਤਾਰ ਕਰਾਉਣ ਦੇ ਰਾਹ ਪੈ ਗਏਕੁਰਸੀ ਦੀ ਲੜਾਈ ਇਸ ਵਕਤ ਉਨ੍ਹਾਂ ਦੋ ਧਿਰਾਂ ਵਿਚਾਲੇ ਜਿਸ ਪੜਾਅ ਉੱਤੇ ਪਹੁੰਚ ਗਈ ਹੈ, ਸੁਣਿਆ ਜਾਂਦਾ ਹੈ ਕਿ ਇਹ ਕਦੀ ਵੀ ਦੋਬਾਰਾ ਇਕੱਠੇ ਨਹੀਂ ਹੋ ਸਕਦੇ, ਪਰ ਅਸੀਂ ਇਸ ਗੱਲ ਨੂੰ ਭੁਲਾ ਦਿੰਦੇ ਹਾਂ ਕਿ ਐੱਨ ਸੀ ਪੀ ਵਾਲਿਆਂ ਨੂੰ ਵੀ ਸ਼ਿਵ ਸੈਨਾ ਦਾ ਪੱਕਾ ਵਿਰੋਧੀ ਕਿਹਾ ਜਾਂਦਾ ਸੀ, ਉਹ ਇੰਨਾ ਵਲਾਵਾਂ ਪਾ ਕੇ ਸ਼ਿਵ ਸੈਨਾ ਨਾਲ ਜੁੜ ਗਏ ਹਨ ਤਾਂ ਭਲਕੇ ਕੌਣ ਕਿਸ ਪਾਸੇ ਜੁੜ ਜਾਵੇਗਾ, ਇਸਦੀ ਗਾਰੰਟੀ ਨਹੀਂਖੱਬੇ ਪੱਖੀਆਂ ਦੇ ਰਾਜ ਵੇਲੇ ਜਿਹੜੀ ਮਮਤਾ ਬੈਨਰਜੀ ਪੱਛਮੀ ਬੰਗਾਲ ਵਿੱਚ ਸਿਰਫ ਕਾਮਰੇਡਾਂ ਤੋਂ ਸੱਤਾ ਖੋਹਣ ਲਈ ਹਰ ਮਾੜੇ-ਚੰਗੇ ਤੱਤ ਨਾਲ ਸਾਂਝ ਪਾਉਣ ਲਈ ਤਿਆਰ ਹੁੰਦੀ ਸੀ, ਅੱਜ ਆਪਣੀ ਕੁਰਸੀ ਨੂੰ ਖਤਰਾ ਵੇਖ ਕੇ ਕਾਂਗਰਸ ਅਤੇ ਕਮਿਊਨਿਸਟਾਂ ਨੂੰ ਸਾਂਝੇ ਮੋਰਚੇ ਲਈ ਸੱਦੇ ਦੇਈ ਜਾਂਦੀ ਹੈਇਹੋ ਤਾਂ ਰਾਜਨੀਤੀ ਹੈ, ਅਤੇ ਖਾਸ ਤੌਰ ਉੱਤੇ ਇਹੀ ਭਾਰਤੀ ਰਾਜਨੀਤੀ ਹੈ

ਇੱਦਾਂ ਦੀ ਰਾਜਨੀਤੀ ਨੇ ਭਾਰਤ ਦੇਸ਼ ਨੂੰ ਉਸ ਮੋੜ ਉੱਤੇ ਪੁਚਾ ਦਿੱਤਾ ਹੈ, ਜਿੱਥੋਂ ਮੋੜਾ ਕੱਟਣਾ ਇਸ ਦੇਸ਼ ਦੇ ਲਈ ਅਸੰਭਵ ਨਹੀਂ ਤਾਂ ਫਿਰ ਵੀ ਇੰਨਾ ਔਖਾ ਜਾਪਦਾ ਹੈ ਕਿ ਬਹੁਤੇ ਲੋਕਾਂ ਨੂੰ ਮੋੜੇ ਦੀ ਆਸ ਨਹੀਂਕਿਸੇ ਸਮੇਂ ਜਿਹੜੇ ਦੇਸ਼ ਵਿੱਚ ‘ਈਸ਼ਵਰ ਅੱਲਾ ਤੇਰੋ ਨਾਮ, ਸਭ ਕੋ ਸੁਮੱਤੀ ਦੇ ਭਗਵਾਨ’ ਦੇ ਬੋਲ ਗੂੰਜਦੇ ਹੁੰਦੇ ਸਨ, ਉਸ ਦੇਸ਼ ਵਿੱਚ ਅੱਜ ਰਾਮ ਦਾ ਨਾਂਅ ਜਪਣ ਵਾਲਾ ਕੋਈ ਆਗੂ ਉੱਠ ਕੇ ਦੂਸਰੇ ਧਰਮਾਂ ਦੇ ਧਰਮ-ਅਸਥਾਨਾਂ ਨੂੰ ਨਾਸੂਰ ਆਖਦਾ ਹੈ ਤੇ ਜੜ੍ਹੋਂ ਪੁੱਟਣ ਦਾ ਭਾਸ਼ਣ ਕਰਦਾ ਹੈ ਤੇ ਵੱਡੇ ਅਹੁਦਿਆਂ ਵਾਲੇ ਲੋਕ ਮੰਚ ਉੱਤੇ ਬੈਠੇ ਤਾੜੀਆਂ ਮਾਰਦੇ ਹਨਰਾਜਸਥਾਨ ਦੇ ਇੱਕ ਚੋਣ ਜਲਸੇ ਵਿੱਚ ਜੋ ਕੁਝ ਇੱਕ ਸਿਆਸੀ ਲੀਡਰ ਨੇ ਆਖਿਆ ਅਤੇ ਬਾਕੀਆਂ ਨੇ ਤਾੜੀਆਂ ਮਾਰ ਕੇ ਸ਼ਾਬਾਸ਼ ਦਿੱਤੀ ਹੈ, ਉਹ ਭਵਿੱਖ ਦੀ ਭਾਰਤੀ ਰਾਜਨੀਤੀ ਦਾ ਇੱਕ ਗੁੱਝਾ ਸੰਕੇਤ ਸਮਝਣਾ ਚਾਹੀਦਾ ਹੈਇਹ ਰਾਜਨੀਤਕ ਸੰਕੇਤ ਦੇਣ ਦਾ ਮਾਹੌਲ ਰਾਤ-ਰਾਤ ਨਹੀਂ ਬਣ ਗਿਆ, ਦੇਸ਼ ਨੂੰ ਆਜ਼ਾਦੀ ਮਿਲਣ ਦੇ ਦਿਨ ਤੋਂ ਕੁਰਸੀਆਂ ਖਾਤਰ ਵੱਖੋ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਉਕਸਾਉਣ ਦੀ ਰਾਜਨੀਤੀ ਦੇ ਕੱਢੇ ਹੋਏ ਸਿੱਟਿਆਂ ਵਿੱਚੋਂ ਇੱਕ ਹੈ, ਪਰ ਇੱਕੋ-ਇੱਕ ਨਹੀਂ ਇੱਦਾਂ ਦਾ ਹਰ ਕੋਈ ਭਾਸ਼ਣ ਭਵਿੱਖ ਲਈ ਇੱਕ ਇਸ ਤਰ੍ਹਾਂ ਦਾ ਸੰਕੇਤ ਹੁੰਦਾ ਹੈ, ਜਿਸ ਨੂੰ ਸਮਝਣ ਵਾਲਿਆਂ ਦੀ ਰਾਤ ਦੀ ਨੀਂਦ ਉੱਡ ਸਕਦੀ ਹੈ, ਪਰ ਜਿਨ੍ਹਾਂ ਨੇ ਆਪਣੀ ਅੱਖ ਸੱਤਾ ਦੇ ਸਿੰਘਾਸਨ ਉੱਤੇ ਟਿਕਾਈ ਹੁੰਦੀ ਹੈ, ਉਨ੍ਹਾਂ ਨੂੰ ਇਸਦਾ ਕਿਸੇ ਵੀ ਤਰ੍ਹਾਂ ਦਾ ਫਿਕਰ ਨਹੀਂ ਹੁੰਦਾ, ਸਗੋਂ ਸੱਤਾ ਪ੍ਰਾਪਤ ਹੋਣ ਦਾ ਸੁਪਨਾ ਸਾਕਾਰ ਹੁੰਦਾ ਜਾਪਦਾ ਹੈ‘ਕਰਦੇ ਆਗੂ, ਭਰਦੇ ਲੋਕ’ ਦਾ ਮੁਹਾਵਰਾ ਕੋਈ ਸਦੀਆਂ ਪੁਰਾਣਾ ਨਹੀਂ, ਸਾਡੇ ਸਮਿਆਂ ਵਿੱਚ ਹੀ ਕਿਸੇ ਨੇ ਸਹਿਜ-ਸੁਭਾਅ ਘੜਿਆ ਜਾਪਦਾ ਹੈ, ਜਿਹੜਾ ਅਜੋਕੇ ਸਮੇਂ ਅਤੇ ਭਵਿੱਖ ਦੇ ਭਾਰਤ ਦੇ ਨਸੀਬੇ ਦਾ ਆਪਣੇ-ਆਪ ਵਿੱਚ ਇੱਕ ਥੀਸਿਸ ਹੈ, ਉਹ ਥੀਸਿਸ, ਜਿਹੜਾ ਦੇਸ਼ ਦੀ ਜਿਸ ਜਨਤਾ ਨੂੰ ਭੁਗਤਣਾ ਪੈ ਸਕਦਾ ਹੈ, ਉਸ ਵਿਚਾਰੀ ਭੋਲੀ-ਭਾਲੀ ਭਾਰਤੀਅਤਾ ਨੂੰ ਇਸਦਾ ਪਤਾ ਹੀ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4456)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author