JatinderPannu7ਹਾਲਾਤ ਜਿਹੜੇ ਪਾਸੇ ਨੂੰ ਜਾ ਰਹੇ ਹਨਇਸ ਚੋਣ ਦੇ ਬਾਅਦ ਪੰਜਾਬ ਦੀ ਰਾਜਨੀਤੀ ਦਾ ਰੰਗ ਹੀ ਨਹੀਂ ...”
(6 ਫਰਵਰੀ 2022)


ਆਪਣੇ ਪਾਠਕਾਂ ਨਾਲ ਸਾਂਝ ਪਾਉਣ ਵਾਲੀ ਇਹ ਲਿਖਤ ਲਿਖਣ ਤਕ ਪੰਜਾਬ ਦੇ ਲੋਕਾਂ ਦੇ ਪ੍ਰਤੀਨਿਧ ਬਣਨ ਦੇ ਚਾਹਵਾਨਾਂ ਦੀਆਂ ਨਾਮਜ਼ਦਗੀਆਂ ਦਾ ਕੰਮ ਪੂਰਾ ਹੋ ਚੁੱਕਾ ਹੈ
ਜਿਨ੍ਹਾਂ ਦੇ ਕਾਗਜ਼ ਰੱਦ ਹੋਣ ਵਾਲੇ ਸਨ, ਹੋ ਗਏ ਤੇ ਜਿਸ ਕਿਸੇ ਨੇ ਇੱਕ ਜਾਂ ਦੂਸਰੀ ਧਿਰ ਨਾਲ ਸੈਨਤ ਮਿਲਾ ਕੇ ਕਾਗਜ਼ ਵਾਪਸ ਲੈਣੇ ਸਨ, ਉਹ ਇਹ ਕੰਮ ਕਰ ਚੁੱਕਾ ਹੈਇਸਦੇ ਬਾਅਦ ਵੀ ਕੁਝ ਉਮੀਦਵਾਰਾਂ ਨੇ ਦਲਬਦਲੀ ਕਰਨੀ ਅਤੇ ਇੱਕ ਜਾਂ ਦੂਸਰੀ ਪਾਰਟੀ ਜਾਂ ਉਮੀਦਵਾਰ ਦੀ ਹਿਮਾਇਤ ਦਾ ਪਾਖੰਡ ਕਰ ਕੇ ਚੋਣ ਮੈਦਾਨ ਤੋਂ ਹਟਣ ਦਾ ਐਲਾਨ ਕਰਨਾ ਹੈਇਹ ਕੰਮ ਚੋਣਾਂ ਵਾਲੇ ਦਿਨ ਤਕ ਹੁੰਦਾ ਰਹਿਣਾ ਹੈ ਤੇ ਇੱਦਾਂ ਦੀ ਖੇਡ ਖੇਡਣ ਲਈ ਕੁਝ ਇਹੋ ਜਿਹੇ ਗੈਰ-ਗੰਭੀਰ ਉਮੀਦਵਾਰ ਮੈਦਾਨ ਵਿੱਚ ਹਨ, ਜਿਹੜੇ ਵਿਧਾਨ ਸਭਾ ਤੇ ਪਾਰਲੀਮੈਂਟ ਸਮੇਤ ਹਰ ਚੋਣ ਲੜਨ ਲਈ ਕਾਗਜ਼ ਭਰਦੇ ਅਤੇ ਚੁੱਕਦੇ ਹਨਕਈ ਵਾਰੀ ਚੋਣ ਲੜ ਰਿਹਾ ਉਮੀਦਵਾਰ ਉਨ੍ਹਾਂ ਨੂੰ ਇਸ ਕੰਮ ਲਈ ਚਾਰ ਪੈਸੇ ਦੇ ਕੇ ਹਿਮਾਇਤ ਕਰਵਾ ਲੈਂਦਾ ਹੈ ਤੇ ਕਈ ਵਾਰੀ ਜੇ ਕੋਈ ਇੱਦਾਂ ਦੀ ਗੱਲ ਕਹਿਣ ਵਾਲਾ ਨਾ ਆਵੇ ਤਾਂ ਚੋਣਾਂ ਤੋਂ ਚਾਰ ਕੁ ਦਿਨ ਪਹਿਲਾਂ ਉਹ ਖੁਦ ਜਾ ਕੇ ਹਿਮਾਇਤ ਕਰਨ ਵਾਲੀ ਪੇਸ਼ਕਸ਼ ਕਰ ਕੇ ਫੋਟੋ ਖਿੱਚਵਾ ਲੈਂਦੇ ਹਨਇਸ ਵਿੱਚ ਵੀ ਕੋਈ ਖਾਸ ਰਾਜ਼ ਹੁੰਦਾ ਹੈਜਲੰਧਰ ਵਿੱਚ ਇੱਕ ਤਾਕਤ ਦਾ ਬਾਦਸ਼ਾਹ ਅਖਵਾਉਣ ਵਾਲਾ ਜਾਅਲੀ ਡਾਕਟਰ ਲਗਭਗ ਹਰ ਚੋਣ ਵਿੱਚ ਇੱਦਾਂ ਖੜ੍ਹਾ ਹੁੰਦਾ ਹੈ, ਪਰ ਕਿਸੇ ਨੂੰ ਵੋਟਾਂ ਦੀ ਬੇਨਤੀ ਕਰਨ ਨਹੀਂ ਜਾਂਦਾ। ਵੋਟਿੰਗ ਦੇ ਦਿਨ ਨੇੜੇ ਜਾ ਕੇ ਕਿਸੇ ਦੀ ਹਿਮਾਇਤ ਕਰ ਕੇ ਉਸ ਦੀ ਪਾਰਟੀ ਦੇ ਵੱਡੇ ਆਗੂ ਨਾਲ ਫੋਟੋ ਖਿਚਵਾ ਲਿਆਉਂਦਾ ਅਤੇ ਆਪਣੇ ਕਲਿਨਿਕ ਵਿੱਚ ਲਾ ਲੈਂਦਾ ਹੈਉਸ ਨੇ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਜ਼ੁਰਗ ਨਾਲ ਫੋਟੋ ਖਿਚਵਾਈ ਤੇ ਫਿਰ ਆਪਣੇ ਗ੍ਰਾਹਕਾਂ ਨੂੰ ਕਈ ਸਾਲ ਕਹਿੰਦਾ ਰਿਹਾ ਸੀ ਕਿ ਮੁੱਖ ਮੰਤਰੀ ਹੁੰਦਿਆਂ ਵੀ ਇਨ੍ਹਾਂ ਲਈ ਤਾਕਤ ਦੀ ਦਵਾਈ ਹਰ ਹਫਤੇ ਮੈਂ ਦੇਣ ਜਾਇਆ ਕਰਦਾ ਸਾਂਸਾਬਕਾ ਮੁੱਖ ਮੰਤਰੀ ਇਹ ਗੱਲ ਕਦੀ ਨਹੀਂ ਸੀ ਜਾਣ ਸਕਿਆ ਕਿ ਉਸ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ ਕਿਸ ਕਿਸਮ ਦੀ ਦਵਾਈ ਵਿਕ ਰਹੀ ਸੀ

ਗੈਰ-ਗੰਭੀਰ ਉਮੀਦਵਾਰਾਂ ਦੀ ਗੱਲ ਛੱਡ ਕੇ ਅਸੀਂ ਗੰਭੀਰ ਸਥਿਤੀ ਦੀ ਗੱਲ ਕਰੀਏ ਤਾਂ ਇਸ ਵਾਰੀ ਪੰਜਾਬ ਦੇ ਲੋਕਾਂ ਨੂੰ ਜੋ ਕੁਝ ਦਿਸਦਾ ਹੈ, ਉਹ ਸਿਰਫ ਸਾਹਮਣੇ ਲਟਕੀ ਤਸਵੀਰ ਹੈ, ਜਦ ਕਿ ਪਰਦੇ ਦੇ ਓਹਲੇ ਬੜਾ ਕੁਝ ਇਹੋ ਜਿਹਾ ਹੋ ਰਿਹਾ ਹੈ, ਜਿਸਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈਕਿਸਾਨਾਂ ਦੇ ਸੰਘਰਸ਼ ਦੀ ਸਵਾ ਸਾਲ ਤੋਂ ਵੱਧ ਸਮਾਂ ਅਗਵਾਈ ਕਰ ਕੇ ਆਏ ਕਿਸਾਨ ਆਗੂਆਂ ਦੇ ਇੱਕ ਹਿੱਸੇ ਨੇ ਚੋਣਾਂ ਲੜਨ ਦਾ ਮਨ ਬਣਾਇਆ ਤਾਂ ਉਮੀਦਵਾਰ ਵਜੋਂ ਇਹੋ ਜਿਹੇ ਕੁਝ ਲੋਕ ਵੀ ਉਨ੍ਹਾਂ ਦੀ ਟਿਕਟ ਲੈਣ ਵਿੱਚ ਸਫਲ ਹੋ ਗਏ ਹਨ, ਜਿਹੜੇ ਦਿੱਲੀ ਦੀ ਫਿਰਨੀ ਉੱਤੇ ਦਿਖਾਈ ਹੀ ਕਦੇ ਨਹੀਂ ਸੀ ਦਿੱਤੇਜਿਹੜੇ ਲੀਡਰ ਦਿੱਲੀ ਵਿੱਚ ਸਾਂਝੇ ਮੰਚ ਤੋਂ ਇੱਕੋ ਜਿਹੀ ਸੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਕਰਦੇ ਸਨ, ਚੋਣ ਦੇ ਵਕਤ ਪੰਜਾਬ ਵਿੱਚ ਉਹ ਵੱਖੋ-ਵੱਖ ਸਿਆਸੀ ਧਿਰਾਂ ਦੇ ਨਾਲ ਸਿੱਧੇ ਜੁੜੇ ਹੋਏ ਜਾਂ ਅਸਿੱਧੀ ਸਾਂਝ ਨਿਭਾਉਂਦੇ ਨਜ਼ਰ ਪੈਂਦੇ ਹਨਬਲਬੀਰ ਸਿੰਘ ਰਾਜੇਵਾਲ ਵਰਗੇ ਕੁਝ ਨੇਤਾ ਇਨ੍ਹਾਂ ਚੋਣਾਂ ਵਿੱਚ ਦਿਲੋਂ ਸੰਘਰਸ਼ ਕਰਦੇ ਜਾਪਦੇ ਹਨ, ਪਰ ਉਨ੍ਹਾਂ ਲਈ ਕਿਸੇ ਹੋਰ ਤੋਂ ਵੱਧ ਖਤਰਾ ਆਪਣੇ ਪੁਰਾਣੇ ਦੋਸਤਾਂ ਵੱਲੋਂ ਗੁੱਝੀ ਮਾਰ ਪੈਣ ਦਾ ਹੈਫਿਰ ਵੀ ਕਈ ਲੋਕਾਂ ਦੀ ਹਮਦਰਦੀ ਉਨ੍ਹਾਂ ਨਾਲ ਕਹੀ ਜਾਂਦੀ ਹੈ

ਕਾਂਗਰਸ ਪਾਰਟੀ ਆਪਣੇ ਕੋੜਮਾ-ਕਲੇਸ਼ ਤੋਂ ਨਿਕਲਣ ਵਿੱਚ ਇੰਨੀ ਦੇਰ ਕਰ ਚੁੱਕੀ ਹੈ ਕਿ ਅਗਲੇ ਦਿਨਾਂ ਵਿੱਚ ਉਹ ਇਸ ਅਜਾਈਂ ਗੰਵਾਏ ਸਮੇਂ ਦੀ ਭਰਪਾਈ ਕਰਨ ਜੋਗੀ ਨਹੀਂ ਜਾਪਦੀਉਸ ਦੇ ਆਪਣੇ ਬਾਗੀਆਂ ਨੇ ਕਈ ਹਲਕੇ ਇਸ ਪਾਰਟੀ ਦੇ ਵਿਰੋਧੀਆਂ ਦੀ ਝੋਲੀ ਪਾਉਣ ਦੀ ਸਹੁੰ ਖਾਧੀ ਜਾਪਦੀ ਹੈ ਅਤੇ ਇਨ੍ਹਾਂ ਬਾਗੀਆਂ ਵਿੱਚ ਮੁੱਖ ਮੰਤਰੀ ਦਾ ਆਪਣਾ ਸਕਾ ਭਰਾ ਵੀ ਸ਼ਾਮਲ ਹੈ, ਜਿਹੜਾ ਬੱਸੀ ਪਠਾਣਾਂ ਤੋਂ ਲੱਤ ਅੜਾਈ ਬੈਠਾ ਹੈਕੁਝ ਸੀਟਾਂ ਕਾਂਗਰਸੀ ਬਾਗੀਆਂ ਵੱਲੋਂ ਜਿੱਤਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈਅਕਾਲੀ ਦਲ ਵਿੱਚ ਇਹੋ ਜਿਹੀ ਬਿਮਾਰੀ ਕੁਝ ਘੱਟ ਹੈਜਿਹੜਾ ਕੋਈ ਉਲਝਣ ਵਧਾਉਣ ਲੱਗਦਾ ਹੈ, ਬਿਨਾ ਕਿਸੇ ਕਮੇਟੀ ਦੀ ਮੀਟਿੰਗ ਕਰਨ ਤੋਂ ਸੁਖਬੀਰ ਸਿੰਘ ਬਾਦਲ ਖੁਦ ਹੀ ਉਸ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੰਦਾ ਹੈ ਤੇ ਇਹੋ ਜਿਹੇ ਲੋਕਾਂ ਲਈ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੇ ਦਰਵਾਜ਼ੇ ਰਾਤ-ਦਿਨ ਖੋਲ੍ਹੀ ਰੱਖੇ ਅਤੇ ਕਈ ਲੋਕਾਂ ਨੂੰ ਟਿਕਟਾਂ ਨਾਲ ਨਿਵਾਜ਼ਿਆ ਹੈਉਨ੍ਹਾਂ ਵਿੱਚੋਂ ਵੀ ਕੁਝ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ ਜਤਾਈ ਜਾ ਰਹੀ ਹੈਭਾਜਪਾ ਦਾ ਆਪਣਾ ਕੋਈ ਵਿਰਲਾ-ਵਾਂਝਾ ਬਾਗੀ ਹੋਇਆ ਹੈ ਤੇ ਅਗਲੇ ਪਾਸੇ ਕਿਸੇ ਨੇ ਉਸ ਆਗੂ ਨਾਲ ਖਾਸ ਮੋਹ ਨਹੀਂ ਜਿਤਾਇਆ, ਉਹ ਰੋਂਦਾ ਰਹਿ ਗਿਆ ਹੈਮਦਨ ਮੋਹਨ ਮਿੱਤਲ ਵਰਗੇ ਲਈ ਅਕਾਲੀ ਦਲ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ, ਪਰ ਉਸ ਨੂੰ ਜਾਂ ਉਸ ਦੇ ਪੁੱਤਰ ਨੂੰ ਸਿਰਫ ਅਕਾਲੀ ਦਲ ਕੋਲੋਂ ਸਿਰੋਪਾ ਹੀ ਮਿਲਿਆ ਹੈ, ਚੋਣ ਲੜਨ ਲਈ ਜਿਸ ਟਿਕਟ ਦੀ ਝਾਕ ਸੀ, ਉਹ ਨਹੀਂ ਮਿਲ ਸਕੀ

ਆਮ ਆਦਮੀ ਪਾਰਟੀ ਇਸ ਵਹਿਮ ਦੀ ਸ਼ਿਕਾਰ ਹੋਈ ਪਈ ਹੈ ਕਿ ਉਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਲਈ ਲੱਖਾਂ ਪੰਜਾਬੀਆਂ ਨੇ ਫੋਨ ਨੰਬਰ ਉੱਤੇ ਕਲਿੱਕ ਕੀਤੀ ਸੀ ਅਤੇ ਇਸ ਲਈ ਅਸੀਂ ਜਿੱਤ ਹੀ ਜਾਣਾ ਹੈਇਸ ਵਹਿਮ ਦੀ ਮਾਰ ਕਾਰਨ ਉਨ੍ਹਾਂ ਦੇ ਕੁਝ ਉਮੀਦਵਾਰ ਬੇਰੀ ਹੇਠ ਮੂੰਹ ਖੋਲ੍ਹ ਕੇ ਪਏ ਅਮਲੀ ਵਾਂਗ ਵਿਹਾਰ ਕਰਦੇ ਹਨ ਕਿ ਜਦੋਂ ਬੇਰ ਡਿੱਗੇਗਾ ਤਾਂ ਮੇਰੇ ਹੀ ਮੂੰਹ ਵਿੱਚ ਡਿੱਗੇਗਾਉਹ ਵੀਹ ਫਰਵਰੀ ਦੇ ਦਿਨ ਵੋਟਾਂ ਪੈਣ ਵੇਲੇ ਮਾਰ ਖਾ ਸਕਦੇ ਹਨਮਾਰਚ ਦੀ ਉਡੀਕ ਕੀਤੇ ਬਿਨਾਂ ਹੀ ਕਈ ਕਾਹਲੇ ਸੱਜਣ ਆਪਣੇ ਵਾਸਤੇ ਵਜ਼ੀਰੀ ਦਾ ਜੁਗਾੜ ਕਰਨ ਦੀ ਖੇਡ ਵਿੱਚ ਰੁੱਝੇ ਸੁਣੇ ਜਾ ਰਹੇ ਹਨਇਹ ਵੱਡੀ ਖਾਹਿਸ਼ ਉਨ੍ਹਾਂ ਦੀ ਪਿਛਲੀ ਕੀਤੀ-ਕੱਤਰੀ ਖੂਹ ਵਿੱਚ ਵੀ ਪਾ ਸਕਦੀ ਹੈ

ਅਕਾਲੀ ਦਲ ਪਿਛਲੇ ਸਾਲ ਦੇ ਪਹਿਲੇ ਨੌਂ ਮਹੀਨਿਆਂ ਤਕ ਸਾਰਿਆਂ ਤੋਂ ਵੱਧ ਅਣਚਾਹੀ ਧਿਰ ਬਣਿਆ ਪਿਆ ਸੀ, ਪਰ ਉਸ ਦੇ ਬਾਅਦ ਉਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਸਿਆਸੀ ਖੇਤਰ ਵਿੱਚ ਆਪਣੀ ਹੋਂਦ ਦਾ ਸਵਾਲ ਬਣਾ ਕੇ ਜਿਹੜੀ ਸਰਗਰਮੀ ਕੀਤੀ ਹੈ, ਉਸ ਨੇ ਪਾਰਟੀ ਦੀ ਹਾਲਤ ਕਾਫੀ ਸੁਧਾਰੀ ਹੈਅਜੇ ਇਸ ਪਾਰਟੀ ਦੀ ਪੰਜਾਬ ਪੱਧਰ ਦੀ ਜਿੱਤ ਦੀ ਭਵਿੱਖਬਾਣੀ ਕਰਨੀ ਔਖੀ ਹੈ, ਪਰ ਪਹਿਲਾਂ ਵਾਂਗ ਅਸਲੋਂ ਨਿਤਾਣੀ ਵੀ ਇਹ ਪਾਰਟੀ ਨਹੀਂ ਕਹੀ ਜਾ ਸਕਦੀਜਿਸ ਮਾਲਵੇ ਵਿੱਚ ਇਸ ਨੂੰ ਬਾਹਲੀ ਮਾਰ ਪੈਣ ਦੇ ਸੰਕੇਤ ਸਨ, ਉਸ ਪਾਸਿਉਂ ਦੂਸਰੀਆਂ ਧਿਰਾਂ ਦੇ ਆਗੂ ਟੁੱਟ ਕੇ ਜਦੋਂ ਇਸ ਪਾਰਟੀ ਵਿੱਚ ਜੁੜਨ ਲੱਗੇ ਹਨ ਤਾਂ ਇਸਦਾ ਕੋਈ ਕਾਰਨ ਹੈਪਾਰਟੀ ਦੀ ਚੋਣ ਕਮਾਨ ਇਸ ਵਕਤ ਸੁਖਬੀਰ ਸਿੰਘ ਬਾਦਲ ਦੇ ਹੱਥ ਨਹੀਂ, ਪਾਰਟੀ ਦੇ ਸਰਪ੍ਰਸਤ ਤੇ ਪੰਜਾਂ ਵਾਰੀਆਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਆ ਸੰਭਾਲੀ ਹੈਉਸ ਨੇ ਕਿਹਾ ਹੈ ਕਿ ਆਪਣੇ ਲਈ ਨਹੀਂ, ਪਾਰਟੀ ਲਈ ਖੇਚਲ ਕਰ ਰਿਹਾ ਹਾਂਉਹ ਕਈ ਪੱਤਣਾਂ ਦਾ ਤਾਰੂ ਬਾਬਾ ਇਸ ਵੇਲੇ ਪੰਜਾਬ ਭਰ ਵਿੱਚ ਪੁਰਾਣੇ ਸੰਪਰਕਾਂ ਅਤੇ ਸੁਖਬੀਰ ਸਿੰਘ ਨਾਲ ਨਾਰਾਜ਼ ਹੋਏ ਆਗੂਆਂ ਨੂੰ ਫੋਨ ਕਰ ਕੇ ਪੁਰਾਣੀ ਸਾਂਝ ਦਾ ਵਾਸਤਾ ਦਿੰਦਾ ਹੈ ਤਾਂ ਇਸਦਾ ਅਸਰ ਵੀ ਪੈਂਦਾ ਜਾਪਦਾ ਹੈ

ਸਭ ਤੋਂ ਹੈਰਾਨੀ ਵਾਲੀ ਸਰਗਰਮੀ ਭਾਜਪਾ ਦੀ ਹੈਉਸ ਦੀ ਸਾਰੀ ਸਿਖਰਲੀ ਲੀਡਰਸ਼ਿੱਪ ਇਸ ਵਕਤ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਜੰਗ ਵਾਂਗ ਲੜਨ ਦੇ ਇਰਾਦੇ ਨਾਲ ਲੈ ਰਹੀ ਹੈ ਅਤੇ ਜ਼ਾਹਰਾ ਤੌਰ ਉੱਤੇ ਬਾਹਲੀ ਭਾਜੜ ਵਿਖਾਏ ਬਿਨਾਂ ਉਹ ਆਪਣੇ ਕਈ ਰਾਜਾਂ ਦੇ ਕਾਡਰ ਨੂੰ ਪੰਜਾਬ ਵਿੱਚ ਠੇਲ੍ਹ ਕੇ ਅੰਦਰੋਂ-ਅੰਦਰ ਇੱਦਾਂ ਦੀ ਯੋਜਨਾ ਤਹਿਤ ਕੰਮ ਕਰ ਰਹੇ ਹਨ ਕਿ ਜਿਨ੍ਹਾਂ ਨੂੰ ਇਸਦੀ ਜਾਣਕਾਰੀ ਹੈ, ਉਹ ਹੈਰਾਨ ਹੋ ਰਹੇ ਹਨਭਾਜਪਾ ਨਾਲ ਨੇੜਿਉਂ ਜੁੜੇ ਲੋਕ ਇਹ ਸਾਫ ਕਹਿੰਦੇ ਹਨ ਕਿ ਇਸ ਵਾਰੀ ਸਰਕਾਰ ਸਾਡੀ ਬਣਨੀ ਹੈ ਤੇ ਉਨ੍ਹਾਂ ਦੀ ਮੀਸਣੀ ਮੁਸਕਣੀ ਦੱਸਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਖੁਲਾਸਾ ਨਹੀਂ ਕਰਨਗੇ, ਪਰ ਇਹ ਗੱਲ ਫਿਰ ਵੀ ਬਾਹਰ ਆ ਗਈ ਹੈ ਕਿ ਕਿਸੇ ਵੀ ਪਾਰਟੀ ਵਿੱਚੋਂ ਜਿਹੜੇ ਲੋਕ ਬਾਗੀ ਹੋ ਕੇ ਖੜ੍ਹੇ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਦਾ ਖਰਚਾ ਭਾਜਪਾ ਦੇ ਰਹੀ ਹੈਉਹ ਲੋਕ ਭਾਜਪਾ ਨਾਲ ਅੰਦਰਖਾਤੇ ਦੀ ਇਸ ਸਾਂਝ ਹੇਠ ਚੋਣ ਲੜ ਰਹੇ ਹਨ ਕਿ ਚੋਣਾਂ ਦੌਰਾਨ ਭਾਜਪਾ ਦਾ ਨਾਂਅ ਲਿਆ ਤਾਂ ਮਹਿੰਗਾ ਪੈਣ ਦਾ ਡਰ ਹੈ, ਚੋਣ ਜਿੱਤਦੇ ਸਾਰ ਉਹ ਭਾਜਪਾ ਦੇ ਨਾਲ ਜਾ ਜੁੜਨਗੇਹੋਰ ਤਾਂ ਹੋਰ, ਕਾਂਗਰਸ ਅਤੇ ਅਕਾਲੀ ਦਲ ਦੇ ਕਈ ਉਮੀਦਵਾਰ ਵੀ ਚੋਣਾਂ ਵਿੱਚ ਭਾਜਪਾ ਦੇ ਖਿਲਾਫ ਬੋਲਦੇ ਸੁਣੇ ਜਾ ਰਹੇ ਹਨ, ਪਰ ਉਨ੍ਹਾਂ ਦੀ ਤਾਰ ਅੰਦਰੋਂ ਭਾਜਪਾ ਨਾਲ ਜੁੜੀ ਹੋਣ ਦੇ ਸੰਕੇਤ ਥੋੜ੍ਹੀ ਜਿਹੀ ਕੋਸ਼ਿਸ਼ ਕਰਨ ਨਾਲ ਹੀ ਦਿਖਾਈ ਦੇ ਜਾਂਦੇ ਹਨਉਹ ਧਿਰ ਭਲਕ ਨੂੰ ਕਿਹੜਾ ਦਾਅ ਕਿੱਥੇ ਵਰਤਦੀ ਹੈ, ਇਹ ਤਾਂ ਪਤਾ ਨਹੀਂ, ਪਰ ਇੱਕ ਗੱਲ ਪੱਕੀ ਹੈ ਕਿ ਉਹ ਭੁਆਟਣੀ ਦੇਣ ਦੇ ਰੌਂ ਵਿੱਚ ਹੈ

ਅਜੇ ਉਹ ਵਕਤ ਨਹੀਂ ਆਇਆ, ਜਦੋਂ ਇੱਕ ਜਾਂ ਦੂਸਰੀ ਪਾਰਟੀ ਜਾਂ ਉਮੀਦਵਾਰ ਦੇ ਜਿੱਤਣ ਜਾਂ ਹਾਰਨ ਬਾਰੇ ਕੋਈ ਗੱਲ ਕਹੀ ਜਾ ਸਕੇ, ਪਰ ਇੰਨੀ ਗੱਲ ਅੱਜ ਵੀ ਕਹੀ ਜਾ ਰਹੀ ਹੈ ਕਿ ਪੰਜਾਬ ਦੀਆਂ ਇਨ੍ਹਾਂ ਚੋਣਾਂ ਵਿੱਚ ਹੋਰ ਕੁਝ ਹੋਵੇ ਜਾਂ ਨਾ, ਭਾਜਪਾ ਪੰਜਾਬ ਵਿੱਚ ਪਹਿਲਾਂ ਨਾਲੋਂ ਵੱਧ ਜਕੜ ਜਮਾਈ ਹੋਈ ਵੇਖਣਾ ਚਾਹੁੰਦੀ ਹੈਬਾਕੀ ਪਾਰਟੀਆਂ ਦੇ ਲੀਡਰਾਂ ਵਿੱਚੋਂ ਕਿੰਨਿਆਂ ਨੂੰ ਇਸਦਾ ਪਤਾ ਹੈ ਤੇ ਕਿੰਨਿਆਂ ਨੂੰ ਨਹੀਂ, ਕਹਿ ਸਕਣਾ ਔਖਾ ਹੈਹਾਲਾਤ ਜਿਹੜੇ ਪਾਸੇ ਨੂੰ ਜਾ ਰਹੇ ਹਨ, ਇਸ ਚੋਣ ਦੇ ਬਾਅਦ ਪੰਜਾਬ ਦੀ ਰਾਜਨੀਤੀ ਦਾ ਰੰਗ ਹੀ ਨਹੀਂ, ਸਮਾਜੀ ਹਾਲਾਤ ਵੀ ਅਸਲੋਂ ਬਦਲਣ ਵਾਲੇ ਪਾਸੇ ਨੂੰ ਜਾ ਸਕਦੇ ਹਨਉਸ ਵਕਤ ਰੰਗ ਕਿੱਦਾਂ ਦਾ ਹੋਵੇਗਾ, ਪਤਾ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3339)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author