JatinderPannu7ਪੱਤਰਕਾਰੀ ਜਗਤ ਦੇ ਕਈ ਧਨੰਤਰਾਂ ਨਾਲ ਹੋਈ ਸਾਡੀ ਨਿੱਜੀ ਪੱਧਰ ਦੀ ਗੱਲਬਾਤ ਦਾ ਨਿਚੋੜ ਇਹੋ ਹੈ ...
(13 ਫਰਵਰੀ 2022)
ਇਸ ਸਮੇਂ ਮਹਿਮਾਨ: 569.


ਪੰਜਾਬ ਦੀ ਪਹਿਲੀ ਚੋਣ ਮੁਹਿੰਮ ਅਸੀਂ ਉਸ ਵੇਲੇ ਵੇਖੀ ਸੀ, ਜਦੋਂ ਸਕੂਲ ਪੜ੍ਹਦੇ ਸਾਂ ਅਤੇ ਪੜ੍ਹਾਉਣ ਵਾਲਿਆਂ ਦੀ ਅੱਖ ਬਚਾ ਕੇ ਉਸ ‘ਕੁਰਬਾਨੀ ਵਾਲੇ’ ਸੰਤ ਫਤਹਿ ਸਿੰਘ ਦੇ ‘ਦਰਸ਼ਨ’ ਕਰਨ ਗਏ ਸਾਂ, ਜਿਸ ਬਾਰੇ ਸੁਣਦੇ ਸਾਂ ਕਿ ਉਹ ਸਿੱਖ ਪੰਥ ਲਈ ਤਿੰਨ ਵਾਰੀ ਮਰਨ-ਵਰਤ ਰੱਖ ਚੁੱਕਾ ਹੈਇਹ ਗੱਲ ਚੋਖਾ ਚਿਰ ਬਾਅਦ ਸਾਨੂੰ ਸਮਝ ਪਈ ਕਿ ਮਰਨਾ ਹੋਵੇ ਤਾਂ ‘ਤਿੰਨ ਮਰਨ-ਵਰਤ’ ਨਹੀਂ ਰੱਖਣੇ ਪੈਂਦੇ, ਜਿਹੜਾ ਬੰਦਾ ਇਸ ਤਰ੍ਹਾਂ ਮੁੜ-ਮੁੜ ‘ਮਰਨ-ਵਰਤ’ ਰੱਖਦਾ ਰਹਿੰਦਾ ਹੋਵੇ, ਉਹ ਮਰਦਾ ਨਹੀਂ ਹੁੰਦਾ, ਐਵੇਂ ਫੋਕੇ ਖੇਖਣ ਕਰਦਾ ਹੁੰਦਾ ਹੈਇਹ ਗੱਲ ਆਪਣੀ ਥਾਂ, ਪਰ ਉਸ ਦੇ ‘ਦਰਸ਼ਨ’ ਦੇ ਬਹਾਨੇ ਉਸ ਪਹਿਲੀ ਚੋਣ ਮੁਹਿੰਮ ਤੋਂ ਬਾਅਦ ਇਸ ਵਕਤ ਅਸੀਂ ਬਾਰ੍ਹਵੀਂ ਚੋਣ ਮੁਹਿੰਮ ਚੱਲਦੀ ਵੇਖ ਰਹੇ ਹਾਂਏਨੇ ਸਮੇਂ ਵਿੱਚ ਚੋਣਾਂ ਦੀਆਂ ਮੁਹਿੰਮਾਂ ਦਾ ਸਿਆਸੀ ਰੰਗ ਵੀ ਚੋਖਾ ਬਦਲ ਗਿਆ, ਚੋਣ ਮੁਹਿੰਮ ਚਲਾਉਂਦੀਆਂ ਰਾਜਸੀ ਪਾਰਟੀਆਂ ਵੀ ਬਦਲ ਗਈਆਂ ਅਤੇ ਮੁੱਦੇ ਵੀ ਏਨੇ ਬਦਲ ਗਏ ਕਿ ਯਕੀਨ ਕਰਨਾ ਔਖਾ ਜਾਪਦਾ ਹੈ

ਉਸ ਵਕਤ ਚੋਣ ਲੜਦੀਆਂ ਸਿਆਸੀ ਧਿਰਾਂ ਵਿੱਚ ਰਿਪਬਲੀਕਨ ਪਾਰਟੀ ਵੀ ਹੁੰਦੀ ਸੀ, ਜਿਹੜੀ ਚੋਣ ਮੈਦਾਨ ਤੋਂ ਛੇਤੀ ਬਾਹਰ ਹੋ ਗਈ ਤੇ ਕਮਿਊਨਿਸਟਾਂ ਦੀਆਂ ਦੋ ਵੱਡੀਆਂ ਧਿਰਾਂ ਵੀ ਚੋਖਾ ਪ੍ਰਭਾਵ ਰੱਖਦੀਆਂ ਸਨਇੱਕ ਮੌਕੇ ਜਦੋਂ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਪੰਜਾਬ ਦੀ ਕਮਾਨ ਸਾਂਭੀ ਸੀ, ਉਦੋਂ ਇੱਕ ਕਮਿਊਨਿਸਟ ਪਾਰਟੀ ਦੇ ਦਸ ਵਿਧਾਇਕ ਅਤੇ ਦੂਸਰੀ ਦਾ ਇੱਕ ਭਾਵੇਂ ਵੱਖੋ-ਵੱਖ ਬੈਠਦੇ ਸਨ, ਮਿਲਾ ਕੇ ਗਿਆਰਾਂ ਹੁੰਦੇ ਸਨਜਿਹੜੀ ਧਿਰ ਦੇ ਦਸ ਵਿਧਾਇਕ ਸਨ, ਉਸ ਨੂੰ ਇਹ ਮਿਹਣਾ ਮਾਰਿਆ ਜਾਂਦਾ ਸੀ ਕਿ ਇਹ ਕਾਂਗਰਸ ਦੀ ਮਦਦ ਨਾਲ ਜਿਤਾਏ ਹਨ, ਆਪਣੇ ਸਿਰ ਜਿੱਤਣ ਜੋਗੀ ਨਹੀਂਅਗਲੀ ਵਾਰੀ ਫਿਰ ਕਾਂਗਰਸ ਨਾਲ ਜੁੜ ਕੇ ਉਸ ਪਾਰਟੀ ਦੇ ਸੱਤ ਜਿੱਤ ਗਏ ਤੇ ਦੂਸਰੀ ਦੇ ਅਕਾਲੀਆਂ ਨਾਲ ਮਿਲ ਕੇ ਅੱਠ ਜਿੱਤਣ ਨਾਲ ਪੰਦਰਾਂ ਹੋ ਗਏ, ਪਰ ਮਿਹਣਾ ਉਹੋ ਵੱਜਦਾ ਰਿਹਾਉਸ ਤੋਂ ਅਗਲੀ ਵਾਰੀ ਦੋਵਾਂ ਦੀ ਅਕਾਲੀ ਦਲ ਨਾਲ ਚੋਣ ਸਾਂਝ ਵਿੱਚ ਪਹਿਲੀ ਧਿਰ ਦੇ ਨੌਂ ਤੇ ਦੂਸਰੀ ਦੇ ਪੰਜ ਜਿੱਤਣ ਵਿੱਚ ਕਾਮਯਾਬ ਹੋ ਗਏ, ਪਰ ਪੰਜ ਸਾਲ ਪਿੱਛੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਪਿੱਛੋਂ ਹੋਈਆਂ ਚੋਣਾਂ ਵਿੱਚ ਪਹਿਲੀ ਪਾਰਟੀ ਦਾ ਇੱਕ ਵਿਧਾਇਕ ਰਹਿ ਗਿਆ ਤੇ ਦੂਸਰੀ ਇੱਕ ਤੋਂ ਵੀ ਵਾਂਝੀ ਹੋ ਗਈਉਸ ਤੋਂ ਬਾਅਦ ਇਨ੍ਹਾਂ ਦੋਵਾਂ ਕਮਿਊਨਿਸਟ ਧਿਰਾਂ ਦੀ ਹਾਲਤ ਵਿਗੜਦੀ ਗਈ ਅਤੇ ਹੌਲੀ-ਹੌਲੀ ਇਹ ਹਾਲ ਹੋ ਗਿਆ ਕਿ ਅੱਜਕੱਲ੍ਹ ਦੋਵਾਂ ਦਾ ਪੰਜਾਬ ਦੀ ਵਿਧਾਨ ਸਭਾ ਵਿੱਚ ਖਾਤਾ ਖਾਲੀ ਹੈਉਨ੍ਹਾਂ ਦੀ ਥਾਂ ਨਵੀਂਆਂ ਸਿਆਸੀ ਧਿਰਾਂ ਉੱਠਣ ਲੱਗ ਪਈਆਂ ਹਨ

ਨਵੀਂਆਂ ਧਿਰਾਂ ਵਿੱਚੋਂ ਦਸ ਸਾਲ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਪੀਪਲਜ਼ ਪਾਰਟੀ ਵੀ ਬਣੀ ਸੀ, ਜਿਹੜੀ ਸੌ ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਤੋਂ ਤੁਰੀ ਅਤੇ ਨਤੀਜੇ ਵਿੱਚ ਇੱਕ ਵੀ ਸੀਟ ਜਿੱਤਣ ਜੋਗੀ ਨਹੀਂ ਸੀ ਨਿਕਲੀਉਸ ਪਾਰਟੀ ਦਾ ਮੁਖੀ ਬਾਅਦ ਵਿੱਚ ਕਾਂਗਰਸ ਵਿੱਚ ਜਾ ਰਲਿਆ ਤੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਖਜ਼ਾਨਾ ਮੰਤਰੀ ਰਹਿ ਚੁੱਕਾ ਉਹੀ ਆਗੂ ਫਿਰ ਕਾਂਗਰਸ ਦਾ ਖਜ਼ਾਨਾ ਮੰਤਰੀ ਵੀ ਬਣ ਗਿਆਪੰਜ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀ ਪਹਿਲੀ ਚੋਣ ਲੜੀ ਤਾਂ ਉਸ ਦੇ ਆਗੂ ਵੀ ਮਨਪ੍ਰੀਤ ਸਿੰਘ ਬਾਦਲ ਵਾਂਗ ਸੌ ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਕਰਦੇ ਸਨ ਤੇ ਉਨ੍ਹਾਂ ਦੇ ਵਿਰੋਧੀ ਆਗੂ ਵੀ ਉਨ੍ਹਾਂ ਦੀ ਸਰਕਾਰ ਬਣ ਜਾਣ ਜਾਂ ਅੱਧੇ ਸੈਂਕੜੇ ਦੇ ਨੇੜੇ ਸੀਟਾਂ ਜਿੱਤ ਜਾਣ ਤਕ ਮੰਨੀ ਬੈਠੇ ਸਨਨਤੀਜੇ ਵਿੱਚ ਉਹ ਮਸਾਂ ਵੀਹ ਸੀਟਾਂ ਤੀਕਰ ਸਿਮਟ ਗਈ ਤੇ ਫਿਰ ਪਾਟਕ ਦਾ ਸ਼ਿਕਾਰ ਹੋ ਗਈ ਸੀਕਾਂਗਰਸ ਵਿੱਚੋਂ ਆਏ ਇੱਕ ਬੰਦੇ ਦਾ ਪਾਇਆ ਪਾਟਕ ਇਸ ਪਾਰਟੀ ਦੀ ਹਾਲਤ ਵਿਗਾੜਨ ਲਈ ਰਾਜਸੀ ਸਦਾਚਾਰ ਦੀ ਨੀਵਾਣ ਦੀਆਂ ਆਖਰੀ ਹੱਦਾਂ ਛੋਹਣ ਤਕ ਗਿਆ, ਪਰ ਕਿਸੇ ਤਰ੍ਹਾਂ ਇਹ ਪਾਰਟੀ ਆਪਣਾ ਭੋਗ ਪੈਣ ਤੋਂ ਬਚਾ ਕੇ ਅੱਜ ਇੱਕ ਵਾਰੀ ਫਿਰ ਚੋਣ ਮੈਦਾਨ ਵਿੱਚ ਖੜ੍ਹੀ ਹੈ

ਇੱਥੇ ਆ ਕੇ ਅਸੀਂ ਇਸ ਵਕਤ ਹੋ ਰਹੀਆਂ ਚੋਣਾਂ ਦੀ ਚਰਚਾ ਕਰਨਾ ਚਾਹੁੰਦੇ ਹਾਂਅਸੀਂ ਕਦੇ ਵੀ ਸਿਆਸਤ ਦੇ ਜੋਤਿਸ਼ੀ ਬਣਨ ਦਾ ਭਰਮ ਨਹੀਂ ਰੱਖਿਆ, ਪਰ ਹਾਲਾਤ ਕਈ ਵਾਰੀ ਕੁਝ ਇੱਦਾਂ ਦੇ ਮੋੜ ਕੱਟਣ ਲੱਗਦੇ ਹਨ ਕਿ ਤਜਰਬੇ ਦੇ ਆਧਾਰ ਉੱਤੇ ਕੁਝ ਸੰਕੇਤ ਸਮਝ ਆਉਣ ਲੱਗਦੇ ਹਨਇੱਦਾਂ ਦੇ ਸੰਕੇਤ ਇਸ ਵਕਤ ਵੀ ਚੋਣ ਮੁਹਿੰਮ ਦੀ ਗਰਮਾ-ਗਰਮੀ ਦੇ ਵਿਚਾਲਿਉਂ ਉੱਠਦੇ ਮਹਿਸੂਸ ਹੁੰਦੇ ਹਨਇਸ ਵਾਰੀ ਜਦੋਂ ਚੋਣਾਂ ਦੀ ਮੁਹਿੰਮ ਸ਼ੁਰੂ ਹੋਈ ਸੀ ਤਾਂ ਉਸ ਵਕਤ ਜਿਹੜਾ ਰੌਂ ਭਾਸ਼ਣਾਂ ਦੀ ਕੁੜੱਤਣ ਦਾ ਨਜ਼ਰ ਪੈਂਦਾ ਸੀ, ਉਸ ਦੀ ਕੁੜੱਤਣ ਤਾਂ ਅਜੇ ਵੀ ਹੈ ਅਤੇ ਪਹਿਲਾਂ ਨਾਲੋਂ ਸਗੋਂ ਵਧ ਗਈ ਹੈ, ਪਰ ਉਸ ਦਾ ਰੁਖ ਬਦਲਿਆ ਜਾਪਣ ਲੱਗ ਪਿਆ ਹੈਕਾਂਗਰਸ ਪਾਰਟੀ ਦੇ ਆਗੂਆਂ ਵਿੱਚ ‘ਮੈਂ ਵੱਡਾ ਆਗੂ’ ਵਾਲੀ ਜੰਗ ਇਸ ਹੱਦ ਤਕ ਚਲੀ ਗਈ ਹੈ ਕਿ ਉਹ ਆਪਣੇ ਇਸ ਕੁਪੱਤ ਕਾਰਨ ਹੋਰ ਕੁਝ ਵੇਖਣਾ ਹੀ ਨਹੀਂ ਚਾਹੁੰਦੇਹਾਲਤ ਇਹ ਹੈ ਕਿ ਵੱਡੇ ਲੀਡਰਾਂ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਲਈ ਛਿੜੀ ਜੰਗ ਵਿੱਚ ਉਨ੍ਹਾਂ ਲੀਡਰਾਂ ਦੇ ਪਰਿਵਾਰ ਦੇ ਜੀਅ ਵੀ ਆਪੋ-ਆਪਣਾ ਰਾਗ ਅਲਾਪਣ ਲੱਗੇ ਹਨ ਅਤੇ ਚੋਣਾਂ ਜਿੱਤਣ ਵੱਲ ਧਿਆਨ ਘੱਟ ਤੇ ਆਪਸੀ ਖਹਿਬੜ ਵਿੱਚ ਵੱਧ ਲੱਗਾ ਪਿਆ ਹੈਇਸਦੇ ਲੀਡਰ ਜਿੱਤਣਾ ਹੀ ਨਹੀਂ ਚਾਹੁੰਦੇ ਤਾਂ ਲੋਕ ਕਿਉਂ ਜਿਤਾਉਣਗੇ!

ਆਮ ਆਦਮੀ ਪਾਰਟੀ ਸਾਰਾ ਤਾਣ ਲਾਈ ਜਾਂਦੀ ਹੈ, ਉਸ ਦੇ ਹੱਕ ਦੀ ਲਹਿਰ ਚੱਲਣ ਦੇ ਚਰਚੇ ਵੀ ਕਈ ਲੋਕ ਕਰਦੇ ਹਨ ਅਤੇ ਲੋਕਾਂ ਵਿੱਚ ਇਹ ਪ੍ਰਭਾਵ ਵੀ ਮਿਲਦਾ ਹੈ, ਪਰ ਕਿਰਿਆ ਦੇ ਉਲਟ ਪ੍ਰਤੀਕਿਰਿਆ ਦੀ ਧਾਰਨਾ ਕਿਸੇ ਨੂੰ ਯਾਦ ਨਹੀਂਮੁਹਿੰਮ ਵਿੱਚ ਰੁੱਝੀ ਹੋਈ ਆਮ ਆਦਮੀ ਪਾਰਟੀ ਆਸੇ-ਪਾਸੇ ਦੇ ਉਨ੍ਹਾਂ ਵਰਤਾਰਿਆਂ ਬਾਰੇ ਸੋਚਣ ਦੀ ਵਿਹਲ ਨਹੀਂ ਕੱਢਦੀ, ਜਾਂ ਉਸ ਨੂੰ ਸਮਝ ਨਹੀਂ ਪੈਂਦੀ, ਜਿਹੜੇ ਅੰਦਰੋਂ-ਅੰਦਰ ਆਪਣੀ ਛਾਪ ਛੱਡਣ ਲੱਗੇ ਹਨ

ਪਿਛਲੇਰੇ ਹਫਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਬਿਮਾਰ ਪਏ ਤਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕੀਤਾ ਸੀਉਸ ਫੋਨ ਤੋਂ ਪਹਿਲੇ ਦਿਨ ਤਕ ਭਾਜਪਾ ਵਿਰੁੱਧ ਅਕਾਲੀ ਲੀਡਰਾਂ ਦੇ ਬੋਲ ਬਹੁਤ ਕੁੜੱਤਣ ਵਾਲੇ ਸਨ, ਪਰ ਉਸ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਦੀ ਬੋਲੀ ਵਿੱਚ ਵਾਹਵਾ ਫਰਕ ਕਈ ਲੋਕਾਂ ਨੇ ਨੋਟ ਕੀਤਾ ਹੈਦੂਸਰੀ ਗੱਲ ਕਿ ਪਹਿਲੇ ਸਮੇਂ ਵਿੱਚ ਭਾਰਤੀ ਜਨ ਸੰਘ ਅਤੇ ਫਿਰ ਉਹੀ ਆਗੂ ਭਾਰਤੀ ਜਨਤਾ ਪਾਰਟੀ ਬਣਨ ਦੇ ਬਾਅਦ ਵੀ ਪੰਜਾਬ ਅਤੇ ਸਿੱਖਾਂ ਦੇ ਮਸਲਿਆਂ ਨੂੰ ਟਾਲਣ ਜਾਂ ਹਿੰਦੂਤਵ ਦੀ ਝੰਡਾ-ਬਰਦਾਰੀ ਕਰਦਿਆਂ ਘੱਟ-ਗਿਣਤੀਆਂ ਵੱਲ ਸੰਭਲ ਕੇ ਨਹੀਂ ਸਨ ਬੋਲਿਆ ਕਰਦੇ, ਉਹੀ ਭਾਜਪਾ ਲੀਡਰ ਇਸ ਵਾਰੀ ਸਾਰਾ ਜ਼ੋਰ ਇਹ ਦੱਸਣ ਉੱਤੇ ਲਾ ਰਹੇ ਹਨ ਕਿ ਉਹ ਸਿੱਖੀ ਅਤੇ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਹਨਭਾਜਪਾ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦੇ ਹਿਤਾਂ ਦੇ ਪਹਿਰੇਦਾਰ ਵਜੋਂ ਪੇਸ਼ ਕਰਨ ਲਈ ਉਚੇਚੀ ਲਿਖੀ ਇੱਕ ਕਿਤਾਬ ਵੀ ਉਹ ਵੰਡਦੇ ਹਨ ਅਤੇ ਭਾਸ਼ਣਾਂ ਵਿੱਚ ਵੀ ਦੱਸਣਾ ਨਹੀਂ ਭੁੱਲਦੇ ਕਿ ਕਾਂਗਰਸ ਰਾਜ ਵਿੱਚ ਸਿੱਖਾਂ ਨਾਲ ਧੱਕੇ ਹੋਏ ਸਨ, ਨਰਿੰਦਰ ਮੋਦੀ ਨੇ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਹਨਪਿਛਲੇ ਸਾਲ ਵਿੱਚ ਕਈ ਸਿੱਖ ਆਗੂ ਅੱਗੜ-ਪਿੱਛੜ ਜਦੋਂ ਭਾਜਪਾ ਦੇ ਨਾਲ ਜੁੜਨ ਲੱਗੇ ਤਾਂ ਕਈ ਲੋਕਾਂ ਨੂੰ ਇਹ ਹਾਸੋਹੀਣੀ ਜਿਹੀ ਗੱਲ ਜਾਪਦੀ ਸੀ, ਅਸੀਂ ਉਦੋਂ ਵੀ ਕਿਹਾ ਸੀ ਕਿ ਭਾਜਪਾ ਵੱਲ ਸਿੱਖ ਚਿਹਰਿਆਂ ਦੀ ਦੌੜ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਨਕਸ਼ਾ ਬਦਲਣ ਤਕ ਜਾ ਸਕਦੀ ਹੈਉਸ ਦਾ ਅਸਰ ਅੱਜ ਦਿਖਾਈ ਦਿੰਦਾ ਹੈ ਅਤੇ ਇਹੋ ਅਸਰ ਚੋਣਾਂ ਪਿੱਛੋਂ ਓਹੋ ਜਿਹੇ ਨਤੀਜੇ ਪੇਸ਼ ਕਰ ਸਕਦਾ ਹੈ, ਜਿਨ੍ਹਾਂ ਦੀ ਇਸ ਵਕਤ ਗੱਲ ਵੀ ਕਰੀਏ ਤਾਂ ਬਹੁਤ ਸਾਰੇ ਸੱਜਣ ਮਜ਼ਾਕ ਉਡਾਉਂਦੇ ਹਨਇਹ ਨਤੀਜੇ ਵੋਟ ਮਸ਼ੀਨਾਂ ਵਿੱਚੋਂ ਵੀ ਨਿਕਲ ਸਕਦੇ ਹਨ ਅਤੇ ਮਸ਼ੀਨਾਂ ਦੇ ਫਤਵੇ ਤੋਂ ਬਾਅਦ ਸਰਕਾਰ ਬਣਾਉਣ ਦੀ ਪ੍ਰਕਿਰਿਆ ਦੇ ਰੂਪ ਵਿੱਚ ਵੀ ਸਾਹਮਣੇ ਆ ਸਕਦੇ ਹਨ, ਜਿਸਦੇ ਸਾਫ ਸੰਕੇਤ ਦਿਸਣ ਲੱਗੇ ਹਨ

ਅਸੀਂ ਇਹ ਨਹੀਂ ਕਹਿੰਦੇ ਕਿ ਇਹੀ ਹੋਵੇਗਾ, ਜਿੱਦਾਂ ਸੰਕੇਤ ਅਸੀਂ ਕੀਤਾ ਹੈ, ਪਰ ਪੱਤਰਕਾਰੀ ਜਗਤ ਦੇ ਕਈ ਧਨੰਤਰਾਂ ਨਾਲ ਹੋਈ ਸਾਡੀ ਨਿੱਜੀ ਪੱਧਰ ਦੀ ਗੱਲਬਾਤ ਦਾ ਨਿਚੋੜ ਇਹੋ ਹੈ, ਜੋ ਅਸੀਂ ਪਾਠਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈਇਸ ਸੰਭਾਵਨਾ ਵਿੱਚ ਵਾਧਾ ਕਰਨ ਵਾਲਾ ਇੱਕ ਹੋਰ ਪੱਖ ਸਿਰਸੇ ਦੇ ਡੇਰੇ ਵਾਲਾ ਵੀ ਹੈ, ਜਿਸਦੀ ਚਰਚਾ ਅਸੀਂ ਨਹੀਂ ਕਰ ਰਹੇ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਕਿਸ ਪਾਸੇ ਵਗਣਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3359)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author