JatinderPannu7“... ਤਾਂ ਫਿਰ ਉਹ ਸੋਚ ਲੈਣ ਕਿ ਡੂਬੇਗੀ ਕਿਸ਼ਤੀ ਤੋਂ ਡੂਬੇਂਗੇ ਸਾਰੇਨਾ ਤੁਮ ਹੀ ਬਚੋਗੇਨਾ ਸਾਥੀ ਤੁਮਾਰੇ ...
(16 ਜਨਵਰੀ 2024)
ਇਸ ਸਮੇਂ ਪਾਠਕ: 875.


ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਵੱਲੋਂ ਆਪਣੇ ਲੋਕਾਂ ਲਈ ਚਲਾਇਆ ਜਾਂਦਾ ਸੁਣੀਂਦਾ ਭਾਰਤ ਦਾ ਲੋਕਤੰਤਰ ਇੱਕ ਹੋਰ ਚੋਣ ਲਈ ਤਿਆਰ ਖੜ੍ਹਾ ਹੈ
ਬਣਦੀ ਮਿਆਦ ਦੇ ਹਿਸਾਬ ਨਾਲ ਭਾਵੇਂ ਇਹ ਲੋਕ ਸਭਾ ਮਈ ਤਕ ਚਲਦੀ ਰਹਿਣੀ ਹੈ, ਪਰ ਦਿੱਲੀ ਤੋਂ ਆਉਂਦੇ ਅਵਾੜੇ ਇਹ ਦੱਸ ਰਹੇ ਹਨ ਕਿ ਚੋਣ ਪ੍ਰੋਗਰਾਮ ਦਾ ਐਲਾਨ ਫਰਵਰੀ ਦੇ ਦੂਸਰੇ ਹਫਤੇ ਕਰਨ ਵਾਸਤੇ ਤਿਆਰੀ ਚੱਲ ਰਹੀ ਹੈਇਸ ਨੂੰ ਕੁਝ ਲੋਕ ਕੁਝ ਖਾਸ ਜੋਤਸ਼ੀਆਂ ਵੱਲੋਂ ਦੱਸੇ ਗਏ ਸ਼ੁਭ ਮਹੂਰਤ ਨਾਲ ਵੀ ਜੋੜਦੇ ਹਨ, ਪਰ ਬਹੁਤੇ ਸੱਜਣਾਂ ਦੀ ਰਾਏ ਇਹ ਹੈ ਕਿ ਸੰਪੂਰਨ ਉਸਾਰੀ ਤੋਂ ਪਹਿਲਾਂ ਜਿਵੇਂ ਅਯੁੱਧਿਆ ਵਿਚਲੇ ਰਾਮ ਜਨਮ ਭੂਮੀ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਅਗੇਤਾ ਰੱਖਿਆ ਗਿਆ ਹੈ, ਉਸ ਦਾ ਸਾਰਾ ਮਤਲਬ ਹੀ ਇਹ ਹੈ ਕਿ ਚੋਣਾਂ ਲਈ ਆਮ ਲੋਕਾਂ ਨੂੰ ਮਾਨਸਿਕ ਤੌਰ ਉੱਤੇ ਅਗੇਤਾ ਤਿਆਰ ਕਰ ਲੈਣਾ ਹੈਇਸ ਪਿੱਛੋਂ ਅਗਲੇ ਬੱਜਟ ਲਈ ਜਿਵੇਂ ਪਾਰਲੀਮੈਂਟ ਦਾ ਸਮਾਗਮ ਅਗੇਤਾ ਸੱਦਿਆ ਹੈ, ਉਸ ਤੋਂ ਵੀ ਇਹੋ ਜਾਪਦਾ ਹੈ ਕਿ ਬੱਜਟ ਪਾਸ ਹੁੰਦੇ ਸਾਰ ਚੋਣ ਕਮਿਸ਼ਨ ਨਵੀਂ ਚੋਣ ਕਰਾਉਣ ਦਾ ਐਲਾਨ ਕਰ ਦੇਵੇਗਾ, ਸਗੋਂ ਠੀਕ ਕਿਹਾ ਜਾਵੇ ਤਾਂ ਉਸ ਨੂੰ ਐਲਾਨ ਕਰਨ ਦੀ ਸਾਰੀ ਤਿਆਰੀ ਅਗੇਤੀ ਕਰ ਛੱਡਣ ਲਈ ਕਿਹਾ ਜਾ ਚੁੱਕਾ ਹੋਵੇਗਾ ਇੱਦਾਂ ਹੋ ਵੀ ਸਕਦਾ ਹੈ ਅਤੇ ਨਹੀਂ ਵੀ, ਪਰ ਸੰਭਾਵਨਾ ਇਹੋ ਹੈ ਕਿ ਇਸ ਕਿਆਫੇ ਮੁਤਾਬਕ ਅਜੋਕੀ ਸਰਕਾਰ ਬਾਕੀ ਸਿਆਸੀ ਧਿਰਾਂ ਨੂੰ ਅਵੇਸਲਾ ਰੱਖ ਕੇ ਅਚਾਨਕ ਇਸ ਕਿਸਮ ਦਾ ਕਦਮ ਚੁੱਕ ਸਕਦੀ ਹੈਚੋਣਾਂ ਦੇ ਮਾਹਰਾਂ ਵਿੱਚੋਂ ਬਹੁਤ ਸਾਰਿਆਂ ਦੀ ਇਹੋ ਜਿਹੇ ਕਿਆਫੇ ਨਾਲ ਲਗਭਗ ਸਹਿਮਤੀ ਹੈ

ਇਸ ਮੌਕੇ ਜਦੋਂ ਇਹ ਗੱਲੀ ਮੰਨੀ ਜਾਂਦੀ ਹੈ ਕਿ ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਅਗਲੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਉਲੀਕਿਆ ਗਿਆ ਹੈ ਤਾਂ ਵੱਧ ਜ਼ੋਰ ਨਾਲ ਇਹ ਮੁੱਦਾ ਪ੍ਰਚਾਰਨ ਲਈ ਸਾਰੀ ਸਰਕਾਰ ਝੋਕਣ ਦਾ ਮੁੱਖ ਮਕਸਦ ਚੋਣਾਂ ਹੀ ਹੈਦੂਸਰੀ ਗੱਲ ਇਹ ਉੱਭਰਦੀ ਹੈ ਕਿ ਇਸ ਵਿੱਚ ਮਰਯਾਦਾ ਦਾ ਉਲੰਘਣ ਹੋ ਰਿਹਾ ਹੈਹਿੰਦੂ ਧਰਮ ਵਿੱਚ ਜਗਤ ਗੁਰੂ ਸ਼ੰਕਰਾਚਾਰੀਆ ਦਾ ਬਹੁਤ ਵੱਡਾ ਸਤਿਕਾਰ ਮੰਨਿਆ ਜਾਂਦਾ ਹੈ ਅਤੇ ਜਿਵੇਂ ਸਿੱਖ ਪੰਥ ਵਿੱਚ ਪੰਜ ਤਖਤਾਂ ਦੀ ਮਾਨਤਾ ਤੇ ਉਨ੍ਹਾਂ ਦੇ ਜਥੇਦਾਰ ਸਾਹਿਬਾਨ ਦਾ ਸਤਿਕਾਰ ਹੈ, ਹਿੰਦੂ ਧਰਮ ਵਿੱਚ ਓਦਾਂ ਦੇ ਮਾਣ-ਸਤਿਕਾਰ ਦੀ ਹਸਤੀ ਸ਼ੰਕਰਾਚਾਰੀਆ ਨੂੰ ਮੰਨਿਆ ਜਾਂਦਾ ਹੈਇਸ ਵਾਰ ਜਦੋਂ ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਨ ਲਈ ਪ੍ਰੋਗਰਾਮ ਬਣਿਆ ਤਾਂ ਸਾਰੇ ਸ਼ੰਕਰਾਚਾਰੀਆ ਨੂੰ ਪਛਾੜ ਕੇ ਉਨ੍ਹਾਂ ਵਾਂਗ ਰਸਮਾਂ ਨਿਭਾਉਣ ਲਈ ਹੋਰ ਪੁਜਾਰੀ ਖੜ੍ਹੇ ਕੀਤੇ ਜਾਣ ਲੱਗ ਪਏ ਹਨ ਅਤੇ ਜਜ਼ਮਾਨ ਦੀ ਭੂਮਿਕਾ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਭਾਈ ਜਾਣ ਦਾ ਫੈਸਲਾ ਕੀਤਾ ਗਿਆ ਹੈਹਿੰਦੂ ਧਰਮ ਦੇ ਅਜੋਕੇ ਚਾਰੇ ਪ੍ਰਵਾਨਤ ਸ਼ੰਕਰਾਚਾਰੀਆ ਇਸ ਸਮਾਗਮ ਦੌਰਾਨ ਉੱਥੇ ਜਾਣੋਂ ਇਨਕਾਰੀ ਹੋ ਗਏ ਹਨ, ਕਿਉਂਕਿ ਉਹ ਮੰਨਦੇ ਹਨ ਕਿ ਧਾਰਮਿਕ ਰਹੁ-ਰੀਤਾਂ ਨੂੰ ਅੱਖੋਂ ਪਰੋਖਾ ਕਰ ਕੇ ਸਿਰਫ ਰਾਜਨੀਤਕ ਲੋੜ ਮੁਤਾਬਕ ਨਿਯੁਕਤੀਆਂ ਕੀਤੀਆਂ ਗਈਆਂ ਹਨ ਤੇ ਜ਼ਿੰਮੇਵਾਰੀ ਨਿਭਾਈਆਂ ਜਾ ਰਹੀਆਂ ਹਨਇਸ ਸਭ ਕੁਝ ਪਿੱਛੋਂ ਵਿਰੋਧ ਕਰਨ ਵਾਲੇ ਇਹ ਕਹਿਣ ਤਕ ਚਲੇ ਜਾਂਦੇ ਹਨ ਕਿ ਸ਼ੰਕਰਾਚਾਰੀਆ ਦੀ ਨਾਰਾਜ਼ਗੀ ਦੇ ਕਾਰਨ ਹਿੰਦੂ ਭਾਈਚਾਰਾ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਨਾਲ ਨਾਰਾਜ਼ ਹੋ ਸਕਦਾ ਹੈ ਤੇ ਚੋਣਾਂ ਵਿੱਚ ਇਸਦਾ ਵਿਰੋਧ ਕਰ ਸਕਦਾ ਹੈ ਇਹੋ ਜਿਹੀ ਖਿਆਲੀ ਉਡਾਰੀ ਦਾ ਕੋਈ ਹਕੀਕੀ ਆਧਾਰ ਨਹੀਂ ਲੱਭਦਾ, ਸਗੋਂ ਇਸਦੇ ਉਲਟ ਅੱਜਕੱਲ੍ਹ ਭਾਰਤ ਦੇ ਲੋਕਾਂ ਦਾ ਵੱਡਾ ਹਿੱਸਾ ਰਾਜਨੀਤੀ ਨੂੰ ਵੱਧ ਪਹਿਲ ਦੇਣ ਲੱਗਾ ਹੈ ਤੇ ਧਾਰਮਿਕ ਅਵੱਗਿਆ ਨੂੰ ਵਕਤੀ ਤੌਰ ਉੱਤੇ ਨਜ਼ਰ ਅੰਦਾਜ਼ ਕਰ ਦਿੰਦਾ ਹੈਜਿਹੜੀ ਇਹ ਭਾਵਨਾ ਹਰ ਪਾਸੇ ਪ੍ਰਚਾਰੀ ਜਾ ਰਹੀ ਹੈ ਕਿ ਇਸ ਪਾਰਟੀ ਨਾਲ ਅੱਠ ਸੌ ਸਾਲਾਂ ਪਿੱਛੋਂ ਦੇਸ਼ ਵਿੱਚ ਹਿੰਦੂ ਧਰਮ ਦੀ ਚੜ੍ਹਤ ਹੋਈ ਹੈ, ਉਹ ਉਸ ਭਾਈਚਾਰੇ ਦੇ ਲੋਕਾਂ ਨੂੰ ਪ੍ਰਭਾਵਤ ਕਰਦੀ ਹੈ ਅਤੇ ਇਸ ਉੱਤੇ ਜ਼ੋਰ ਵਧਾਉਣ ਲਈ ਝੂਠ ਦਾ ਸਹਾਰਾ ਵੀ ਲਿਆ ਜਾ ਰਿਹਾ ਹੈਮਿਸਾਲ ਵਜੋਂ ਇਹ ਕਿਹਾ ਜਾਂਦਾ ਸੀ ਕਿ ਬਾਬਰ ਆਇਆ ਸੀ ਤਾਂ ਭਗਵਾਨ ਰਾਮ ਦੀ ਜਨਮ ਭੂਮੀ ਦਾ ਮੰਦਰ ਢਾਹ ਕੇ ਉਸ ਥਾਂ ਬਾਬਰੀ ਮਸਜਿਦ ਬਣਾਈ ਗਈ ਸੀਬੀਤੇ ਦਿਨੀਂ ਹਿੰਦੂਤਵ ਨਾਲ ਜੁੜੇ ਹੋਏ ਇੱਕ ਪ੍ਰਚਾਰਕ ਨੇ ਤੇਜ਼-ਤਰਾਰ ਤੇ ਜਜ਼ਬਾਤੀ ਕਰਨ ਵਾਲਾ ਭਾਸ਼ਣ ਦਿੰਦਿਆਂ ਇਹ ਗੱਲ ਕਹਿ ਦਿੱਤੀ ਕਿ ਇਸ ਦੇਸ਼ ਵਿੱਚ ਰਾਮ ਭਗਵਾਨ ਦੇ ਜਨਮ ਸਥਾਨ ਦਾ ਕਬਜ਼ਾ ਛੁਡਾਉਣ ਲਈ ਇੱਕ ਹਜ਼ਾਰ ਸਾਲ ਤਕ ਸੰਘਰਸ਼ ਕਰਨਾ ਪਿਆ ਤੇ ਕੁਰਬਾਨੀਆਂ ਦੇਣੀਆਂ ਪਈਆਂ ਹਨਬਾਬਰ ਨੂੰ ਭਾਰਤ ਦਾ ਬਾਦਸ਼ਾਹ 1526 ਤੋਂ ਮੰਨਿਆ ਜਾਂਦਾ ਹੈਇਸ ਤਰ੍ਹਾਂ ਬਾਬਰ ਨੂੰ ਇੱਥੇ ਆਏ ਨੂੰ ਹਾਲੇ ਪੰਜ ਸੌ ਸਾਲ ਪੂਰੇ ਨਹੀਂ ਹੋਏ, ਬਾਬਰੀ ਮਸਜਿਦ 1528 ਵਿੱਚ ਬਣਾਈ ਗਈ ਦੱਸਦੇ ਹਨਜੇ ਉਹ ਮਸਜਿਦ ਬਣਾਈ ਨੂੰ ਹਾਲੇ ਪੰਜ ਸੌ ਸਾਲ ਪੂਰੇ ਨਹੀਂ ਹੋਏ ਤਾਂ ਇੱਕ ਹਜ਼ਾਰ ਸਾਲ ਕੁਰਬਾਨੀਆਂ ਕਿਸ ਲਈ ਦਿੱਤੀਆਂ ਸਨ! ਸਾਫ ਹੈ ਕਿ ਭਾਸ਼ਣ ਵਿੱਚ ਹਰ ਗੱਲ ਵਧਾ-ਚੜ੍ਹਾ ਕੇ ਅਤੇ ਝੂਠ ਦੇ ਪਲੇਥਣ ਲਾ ਕੇ ਪਰੋਸੀ ਜਾਂਦੀ ਹੈ, ਪਰ ਸ਼ਰਧਾ ਦੀ ਪੱਟੀ ਜਿਹੜੇ ਲੋਕਾਂ ਦੇ ਅੱਖਾਂ ਉੱਤੇ ਚੜ੍ਹੀ ਹੋਈ ਹੈ, ਉਹ ਲੋਕ ਇਹ ਕੁਝ ਨਹੀਂ ਸੋਚ ਸਕਦੇ, ਹਰ ਗੱਲ ਮੰਨ ਲੈਂਦੇ ਹਨਅਗਲੇ ਦਿਨੀਂ ਜਦੋਂ ਲੋਕ ਸਭਾ ਚੋਣ ਹੋਈ ਤਾਂ ਲੋਕਾਂ ਨੇ ਇਸ ਸਰਕਾਰ ਦੇ ਘਪਲੇ ਨਹੀਂ ਵੇਖਣੇ, ਅਡਾਨੀ ਜਾਂ ਉਸੇ ਵੰਨਗੀ ਵਾਲੇ ਹੋਰ ਠੱਗਾਂ-ਚੋਰਾਂ ਦਾ ਚੇਤਾ ਨਹੀਂ ਕਰਨਾ, ਸਗੋਂ ਰਾਮ ਮੰਦਰ ਦੀ ਸ਼ਰਧਾ ਉਦੋਂ ਕਈ ਕਿਸਮ ਦਾ ਅਸਰ ਪਾ ਸਕਦੀ ਹੈ

ਦੂਸਰਾ ਪੱਖ ਇਸ ਵਰਤਾਰੇ ਦਾ ਚੋਣਾਂ ਵਿੱਚ ਸਾਹਮਣਾ ਕਰਨ ਵਾਲੀਆਂ ਧਿਰਾਂ ਦਾ ਹੈਉਨ੍ਹਾਂ ਦੀ ਪਹਿਲੀ ਮਜਬੂਰੀ ਤਾਂ ਸਭ ਤੋਂ ਵੱਡੀ ਇਹੋ ਹੈ ਕਿ ਜੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸੱਦੇ ਉੱਤੇ ਚਲੇ ਜਾਣ ਤਾਂ ਸਵਾਲ ਉੱਠਣਗੇ ਕਿ ਬਾਬਰੀ ਮਸਜਿਦ ਢਾਹੇ ਬਿਨਾਂ ਮੰਦਰ ਨਹੀਂ ਸੀ ਬਣਨਾ ਤੇ ਤੁਸੀਂ ਇਸ ਨੂੰ ਢਾਹੁਣ ਦਾ ਵਿਰੋਧ ਕਿਉਂ ਕੀਤਾ ਸੀ ਤੇ ਫਿਰ ਉਸੇ ਜਗ੍ਹਾ ਉੱਤੇ ਬਾਬਰੀ ਮਸਜਿਦ ਦੁਬਾਰਾ ਬਣਵਾਉਣ ਦੇ ਨਾਅਰੇ ਕਿਉਂ ਮਾਰੇ ਸੀ? ਜੇ ਉਹ ਉੱਥੇ ਨਾ ਜਾਣ ਤਾਂ ਉਨ੍ਹਾਂ ਵਿਰੁੱਧ ਰਾਮ ਭਗਵਾਨ ਦਾ ਵਿਰੋਧ ਕਰਨ ਦਾ ਨਵਾਂ ਦੋਸ਼ ਲੱਗੇਗਾਇਸ ਹਾਲਤ ਵਿੱਚ ਲੋਕਾਂ ਵਿੱਚ ਜਾਣਾ ਅਤੇ ਆਪਣੀ ਗੱਲ ਭਾਰਤ ਦੇ ਲੋਕਾਂ ਨੂੰ ਸਮਝਾਉਣਾ ਸੌਖਾ ਕੰਮ ਨਹੀਂ ਹੋਣਾਫਿਰ ਵੀ ਜੇ ਉਹ ਆਪਸੀ ਸਾਂਝ ਨਾਲ ਰਾਜਨੀਤਕ ਚਲਿੱਤਰ ਬੇਪਰਦ ਕਰਨ ਲਈ ਤੁਰਦੇ ਹਨ ਤਾਂ ਇਸਦਾ ਅਸਰ ਲੋਕ ਇਸ ਲਈ ਮੰਨ ਸਕਦੇ ਹਨ ਕਿ ਦੇਸ਼ ਦੀ ਜਨਤਾ ਮੂਹਰੇ ਜਦੋਂ ਵੀ ਕਦੇ ਕੇਂਦਰ ਵਿੱਚ ਰਾਜ ਕਰਦੀ ਧਿਰ ਦਾ ਕੋਈ ਯੋਗ ਬਦਲ ਪੇਸ਼ ਕੀਤਾ ਜਾਂਦਾ ਰਿਹਾ ਹੈ, ਲੋਕਾਂ ਨੇ ਉਸ ਬਦਲ ਲਈ ਹੁੰਗਾਰਾ ਭਰਿਆ ਹੈਐਮਰਜੈਂਸੀ ਪਿੱਛੋਂ ਇੱਕਮੁੱਠ ਹੋਈ ਵਿਰੋਧੀ ਧਿਰ ਨੂੰ ਲੋਕਾਂ ਨੇ ਰਾਜ ਬਖਸ਼ਿਆ ਸੀ, ਪਰ ਉਨ੍ਹਾਂ ਸਾਰਿਆਂ ਤੋਂ ਚਲਾਇਆ ਨਹੀਂ ਸੀ ਗਿਆ ਅਤੇ ਆਪਸੀ ਵਿਰੋਧਾਂ ਦੇ ਬੋਝ ਹੇਠਾਂ ਦੱਬੇ ਗਏ ਸਨਰਾਜੀਵ ਗਾਂਧੀ ਦੇ ਰਾਜ ਦੀ ਬਦਨਾਮੀ ਪਿੱਛੋਂ ਰਾਜਾ ਵੀ ਪੀ ਸਿੰਘ ਦੀ ਅਗਵਾਈ ਵਿੱਚ ਫਿਰ ਇੱਕਮੁੱਠ ਬਦਲ ਪੇਸ਼ ਕਰਨ ਦੀ ਅੱਧ-ਪਚੱਧ ਕੋਸ਼ਿਸ਼ ਵੀ ਹੋਈ ਤਾਂ ਲੋਕਾਂ ਨੇ ਹੁੰਗਾਰਾ ਦਿੱਤਾ ਸੀ, ਪਰ ਆਪਸੀ ਵਿਰੋਧਾਂ ਨੇ ਉਨ੍ਹਾਂ ਨੂੰ ਵੀ ਚੱਲਣ ਨਹੀਂ ਦਿੱਤਾਉਸ ਮਗਰੋਂ ਨਰਸਿਮਹਾ ਰਾਉ ਦੇ ਭ੍ਰਿਸ਼ਟਾਚਾਰੀ ਰਾਜ ਪਿੱਛੋਂ ਦੋ ਥਾਂ ਵੰਡਵੀਂ ਸਾਂਝੀ ਧਿਰ ਵੀ ਪੇਸ਼ ਹੋਈ ਤਾਂ ਲੋਕਾਂ ਨੇ ਇੱਕ ਪਾਸੇ ਭਾਜਪਾ ਤੇ ਦੂਸਰੇ ਪਾਸੇ ਹੋਰ ਸਾਰੇ ਦਲਾਂ ਦੇ ਪੱਖ ਵਿੱਚ ਹੁੰਗਾਰਾ ਭਰਿਆ ਸੀਤਜਰਬਾ ਫਿਰ ਵੀ ਕਾਮਯਾਬ ਨਹੀਂ ਸੀ ਹੋਇਆ

ਇਸ ਵਾਰ ਫਿਰ ਦੇਸ਼ ਦੇ ਲੋਕ ਕੇਂਦਰ ਵਿੱਚ ਰਾਜ ਕਰਦੀ ਧਿਰ ਦਾ ਬਦਲ ਚਾਹੁੰਦੇ ਹਨ, ਪਰ ਜਿਹੜੀਆਂ ਧਿਰਾਂ ਤੋਂ ਆਸ ਰੱਖਦੇ ਹਨ, ਉਨ੍ਹਾਂ ਦੀ ਅਜੇ ਤਕ ਆਪੋ ਵਿੱਚ ਸੁਰ ਨਹੀਂ ਮਿਲਦੀ‘ਇੰਡੀਆ’ ਨਾਂਅ ਦਾ ਗਠਜੋੜ ਬਣਾ ਲਿਆ, ਪਰ ਅੱਗੋਂ ਵੱਖ-ਵੱਖ ਰਾਜਾਂ ਵਿੱਚ ਸੀਟਾਂ ਦੀ ਵੰਡ ਲਈ ਹਰ ਕੋਈ ਧਿਰ ਵੱਡਾ ਗੱਫਾ ਚਾਹੁੰਦੀ ਹੈਕਈ ਲੋਕਾਂ ਦੀ ਰਾਏ ਹੈ ਕਿ ਇਨ੍ਹਾਂ ਧਿਰਾਂ ਵਿੱਚ ਇਸ ਵੇਲੇ ਕੇਂਦਰ ਵਿੱਚ ਰਾਜ ਕਰਦੀ ਧਿਰ ਦੇ ਏਜੰਟ ਇੱਕਸੁਰਤਾ ਦੀ ਗੱਲ ਕਿਸੇ ਸਿਰੇ ਨਹੀਂ ਲੱਗਣ ਦਿੰਦੇਇਹ ਵੀ ਹੋ ਸਕਦਾ ਹੈ ਕਿ ਜਿਹੜੇ ਨੇਤਾ ਇਸ ਵਕਤ ਹੋਰਨਾਂ ਤੋਂ ਵੱਖਰਾ ਸਟੈਂਡ ਲੈ ਕੇ ਬਣਦੀ ਖੇਡ ਵਿਗਾੜਨ ਤੁਰੇ ਨਜ਼ਰ ਪੈਂਦੇ ਹਨ, ਜਿਸ ਦਿਨ ਅਗਲੀਆਂ ਚੋਣਾਂ ਦਾ ਐਲਾਨ ਹੋਇਆ, ਪੱਛਮੀ ਬੰਗਾਲ ਵਾਲੇ ਸੁਵੇਂਦੂ ਅਧਿਕਾਰੀ ਵਾਂਗ ਉਸੇ ਸ਼ਾਮ ਉਹ ਭਾਜਪਾ ਵਿੱਚ ਰਲਣ ਦਾ ਐਲਾਨ ਕਰਦੇ ਸੁਣੇ ਜਾਣਸੁਵੇਂਦੂ ਅਧਿਕਾਰੀ ਨੂੰ ਮਮਤਾ ਬੈਨਰਜੀ ਦੇ ਬਸਤਾ-ਚੁੱਕ ਵਜੋਂ ਵਿਧਾਨ ਸਭਾ ਲਈ ਸਾਰੀ ਚੋਣ ਮੁਹਿੰਮ ਦਾ ਇੰਚਾਰਜ ਬਣਾਇਆ ਤਾਂ ਹਰ ਅਸੈਂਬਲੀ ਹਲਕੇ ਲਈ ਚੋਣ ਅਧਿਕਾਰੀ ਦੀ ਨਿਯੁਕਤੀ ਉਸੇ ਨੇ ਇਹ ਕਹਿ ਕੇ ਕਰਵਾਈ ਸੀ ਕਿ ਇਹ ਬੰਦਾ ਮਮਤਾ ਬੈਨਰਜੀ ਦਾ ਵਫਾਦਾਰ ਹੈ, ਪਰ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦੇ ਸਾਰ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਜਾ ਰਲਿਆ ਸੀਮਮਤਾ ਬੈਨਰਜੀ ਨੇ ਜਿਹੜੇ ਹਲਕੇ ਤੋਂ ਚੋਣ ਲੜਨੀ ਸੀ, ਉੱਥੋਂ ਦਾ ਰਿਟਰਨਿੰਗ ਅਫਸਰ ਵੀ ਸੁਵੇਂਦੂ ਅਧਿਕਾਰੀ ਨੇ ਇਹ ਸੋਚ ਕੇ ਪਹਿਲਾਂ ਹੀ ਆਪਣੀ ਮਰਜ਼ੀ ਦਾ ਲਵਾ ਲਿਆ ਸੀ ਕਿ ਮਮਤਾ ਮੁਕਾਬਲੇ ਚੋਣ ਲੜਨ ਵੇਲੇ ਉਸ ਨੂੰ ਮੁਸ਼ਕਲ ਨਾ ਆਵੇਇਸ ਵਕਤ ‘ਇੰਡੀਆ’ ਗਠਜੋੜ ਵਿੱਚ ਲੋਹੇ ਦੀ ਲੱਠ ਬਣ ਕੇ ਹਰ ਮਾਮਲੇ ਵਿੱਚ ਅੜਿੱਕਾ ਪਾਉਣ ਵਾਲਾ ਕਿਹੜਾ ਸੱਜਣ ਭਾਜਪਾ ਨਾਲ ਜਾਣ ਲਈ ਉੱਥੋਂ ਅਗੇਤੀ ਗਾਰੰਟੀ ਲੈ ਚੁੱਕਾ ਹੈ, ਇਸ ਬਾਰੇ ਕੋਈ ਵੱਡੇ ਤੋਂ ਵੱਡਾ ਮਾਹਰ ਵੀ ਨਹੀਂ ਦੱਸ ਸਕਦਾ

ਭਾਰਤ ਦੇਸ਼ ਦੇ ਹਾਲਾਤ ਦੁਨੀਆ ਸਾਹਮਣੇ ਇਸ ਤਰ੍ਹਾਂ ਪੇਸ਼ ਕੀਤੇ ਜਾ ਰਹੇ ਹਨ, ਜਿਵੇਂ ਇੱਥੇ ਆਮ ਲੋਕਾਂ ਦੀ ਕੋਈ ਔਕੜ ਹੀ ਨਹੀਂ ਅਤੇ ਦੇਸ਼ ਛਾਲਾਂ ਮਾਰ ਕੇ ਅੱਗੇ ਵਧਦਾ ਪਿਆ ਹੈ, ਪਰ ਅੰਦਰੂਨੀ ਹਾਲਾਤ ਦੇਸ਼ ਨੂੰ ਸੰਸਾਰ ਦੀ ਰੈਂਕਿੰਗ ਵਿੱਚ ਪੁਲਾੜ ਤੇ ਕੁਝ ਹੋਰ ਖੇਤਰਾਂ ਤੋਂ ਸਿਵਾ ਮੂਹਰਲੀ ਕਤਾਰ ਵਿੱਚ ਨਹੀਂ ਖੜੋਣ ਦਿੰਦੇਰਾਜ ਸਰਕਾਰਾਂ ਦਾ ਕਰਜ਼ਾ ਵਧੀ ਜਾਣ ਦੀ ਗੱਲ ਅਸੀਂ ਨਿੱਤ ਦਿਨ ਸੁਣਦੇ ਰਹਿੰਦੇ ਹਾਂ, ਬੀਤੇ ਦਿਨੀਂ ਭਾਰਤੀ ਰਿਜ਼ਰਵ ਬੈਂਕ ਨੇ ਅੰਕੜੇ ਪੇਸ਼ ਕਰ ਕੇ ਹੈਰਾਨ ਕਰ ਦਿੱਤਾ ਕਿ ਦੇਸ਼ ਦੀ ਸਰਕਾਰ ਨੇ ਇੰਨਾ ਰਿਕਾਰਡ ਤੋੜ ਕਰਜ਼ਾ ਚੜ੍ਹਾਇਆ ਹੋਇਆ ਹੈ ਕਿ ਅਗਲੇ ਕਈ ਸਾਲਾਂ ਤਕ ਹਰ ਸਾਲ ਕਰਜ਼ੇ ਦੀਆਂ ਕਿਸ਼ਤਾਂ ਨਹੀਂ, ਬਿਆਜੂ ਕਿਸ਼ਤਾਂ ਦੇਣੀਆਂ ਵੀ ਮੁਸ਼ਕਲ ਹੋਣਗੀਆਂਵੋਟਰਾਂ ਦੇ ਮਨਾਂ ਵਿੱਚ ਕੀ ਹੈ, ਇਹ ਇੰਨਾ ਅਗੇਤਾ ਨਹੀਂ ਕਿਹਾ ਜਾ ਸਕਦਾ, ਪਰ ਵੋਟਿੰਗ ਮਸ਼ੀਨਾਂ ਬਾਰੇ ਕਈ ਵਾਰ ਜਿੱਦਾਂ ਪਹਿਲਾਂ ਦੋਸ਼ ਲੱਗਦੇ ਰਹੇ, ਇਸ ਵਾਰੀ ਉਹੋ ਦੋਸ਼ ਸਿਆਸੀ ਪਾਰਟੀਆਂ ਨਾਲੋਂ ਵੱਧ ਇਹੋ ਜਿਹੀ ਮਸ਼ੀਨਰੀ ਦੇ ਦੁਨੀਆ ਭਰ ਵਿੱਚ ਪ੍ਰਸਿੱਧ ਮਾਹਰ ਲਾ ਰਹੇ ਹਨਜਿਸ ਚੋਣ ਕਮਿਸ਼ਨ ਨੇ ਚੋਣਾਂ ਦੀ ਕਮਾਂਡ ਸੰਭਾਲਣੀ ਹੈ, ਉਸ ਦਾ ਮੁਖੀ ਤੇ ਬਾਕੀ ਸਾਰੇ ਮੈਂਬਰ ਚੁਣਨ ਬਾਰੇ ਸੁਪਰੀਮ ਕੋਰਟ ਵੱਲੋਂ ਦਿੱਤਾ ਸੁਝਾਅ ਨਾ ਰੱਦ ਕੀਤਾ ਸੀ ਤੇ ਨਾ ਮੰਨਿਆ, ਸਗੋਂ ਸਰਕਾਰ ਨੇ ਪਾਰਲੀਮੈਂਟ ਤੋਂ ਬਿੱਲ ਪਾਸ ਕਰਵਾ ਕੇ ਉਸ ਕਮਿਸ਼ਨ ਦੀ ਚੋਣ-ਵਿਧੀ ਪ੍ਰਧਾਨ ਮੰਤਰੀ ਦੀ ਮਰਜ਼ੀ ਦੇ ਪਾਵੇ ਨਾਲ ਬੰਨ੍ਹ ਦਿੱਤੀ ਹੈਉਸ ਚੋਣ ਵਿਰੁੱਧ ਜਾਂ ਉਹ ਬਿੱਲ ਪਾਸ ਹੋਣ ਪਿੱਛੋਂ ਵੋਟਿੰਗ ਮਸ਼ੀਨਾਂ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਨੂੰ ਜਿਵੇਂ ਅਣਗੌਲਿਆ ਕੀਤਾ ਜਾਣ ਲੱਗ ਪਿਆ ਹੈ, ਉਸ ਨੇ ਲੋਕਾਂ ਦੇ ਮਨ ਵਿਚਲਾ ਸ਼ੱਕ ਹੋਰ ਵਧਾ ਦਿੱਤਾ ਹੈਇਹੋ ਜਿਹੇ ਹਾਲਾਤ ਵਿੱਚ ਜਦੋਂ ਭਾਰਤ ਦੇਸ਼ ਆਪਣੇ ਲੋਕਤੰਤਰ ਲਈ ਲੋਕਾਂ ਦਾ ਇੱਕ ਹੋਰ ਫਤਵਾ ਲੈਣ ਵਾਲਾ ਹੈ ਤਾਂ ਚਿੰਤਾ ਦੇ ਬੱਦਲ ਚੋਖੇ ਗਹਿਰੇ ਹੋ ਰਹੇ ਹਨ

ਅਜੋਕੇ ਹਾਲਤ ਵਿੱਚ ਮੁੜ-ਮੁੜ ਯਾਦ ਆਉਂਦਾ ਹੈ ਕਿ ਕਦੀ ਸਾਹਿਰ ਲੁਧਿਆਣਵੀ ਨੇ ਲਿਖਿਆ ਸੀ:

ਯੇ ਕੂਚੇ, ਯੇ ਨੀਲਾਮ ਘਰ ਦਿਲਕਸ਼ੀ ਕੇ,
ਯੇ ਲੁਟਤੇ ਹੂਏ ਕਾਰਵਾਂ ਜ਼ਿੰਦਗੀ ਕੇ,
ਕਹਾਂ ਹੈਂ, ਕਹਾਂ ਹੈਂ ਮੁਹਾਫਿਜ਼ ਖੁਦੀ ਕੇ,
ਕਹਾਂ ਹੈਂ, ਕਹਾਂ ਹੈਂ, ਕਹਾਂ ਹੈਂ … … … … 

ਅਤੇ ਫਿਰ ਅੰਤ ਵਿੱਚ ਇਹ ਵੀ ਕਹਿ ਛੱਡਿਆ ਸੀ:

ਜ਼ਰਾ ਇਸ ਮੁਲਕ ਕੇ ਰਹਿਬਰੋਂ ਕੋ ਬੁਲਾਉ,
ਯੇ ਕੂਚੇ, ਯੇ ਗਲੀਆਂ, ਯੇ ਮੰਜ਼ਰ ਦਿਖਾਉ,
ਜਿਨਹੇਂ ਨਾਜ਼ ਹੈ ਹਿੰਦ ਪਰ ਉਨ ਕੋ ਲਾਉ,
ਜਿਨਹੇਂ ਨਾਜ਼ ਹੈ ਹਿੰਦ ਪੇ, ਵੋ ਕਹਾਂ ਹੈਂ
ਕਹਾਂ ਹੈਂ, ਕਹਾਂ ਹੈਂ, ਕਹਾਂ ਹੈਂ … … ... ...

ਜਿਸ ਕਿਸੇ ਦੇ ਇਹ ਗੱਲ ਪੱਲੇ ਪੈਂਦੀ ਹੋਵੇ, ਜੇ ਉਹ ਪਹੁੰਚ ਰੱਖਦਾ ਹੋਵੇ ਤਾਂ ਉਸ ਨੂੰ ਉਨ੍ਹਾਂ ਆਗੂਆਂ ਤਕ ਸੁਨੇਹਾ ਪਹੁੰਚਾਉਣਾ ਚਾਹੀਦਾ ਹੈ, ਜਿਹੜੇ ਅੜੀਆਂ ਕਰੀ ਜਾਂਦੇ ਹਨ ਅਤੇ ਇਹ ਗੱਲ ਅੱਖੋਂ ਪਰੋਖੀ ਕਰਦੇ ਹਨ ਕਿ ਉਨ੍ਹਾਂ ਦਾ ਵਿਹਾਰ ਇਸ ਦੇਸ਼ ਦਾ ਕਿੰਨਾ ਨੁਕਸਾਨ ਕਰੇਗਾ! ਉਨ੍ਹਾਂ ਲਈ ‘ਮੈਂ’ ਵੱਡੀ ਜਾਂ ‘ਮੇਰੀ ਪਾਰਟੀ ਵੱਡੀ’ ਵਾਲਾ ਮੁੱਦਾ ਇੰਨਾ ਵੱਡਾ ਬਣ ਗਿਆ ਤਾਂ ਫਿਰ ਉਹ ਸੋਚ ਲੈਣ ਕਿ ‘ਡੂਬੇਗੀ ਕਿਸ਼ਤੀ ਤੋਂ ਡੂਬੇਂਗੇ ਸਾਰੇ, ਨਾ ਤੁਮ ਹੀ ਬਚੋਗੇ, ਨਾ ਸਾਥੀ ਤੁਮਾਰੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4634)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author