ਰਸਮੀ ਭਾਸ਼ਣਾਂ ਤੋਂ ਵੱਖਰੇ ਰੰਗ ਵਿੱਚ ਦਿੱਤੇ ਇਸ ਭਾਸ਼ਣ ਵਿੱਚ ਜਿਹੜੇ ਖਾਸ ਨੁਕਤੇ ਉਨ੍ਹਾਂ ਨੇ ਛੋਹੇਉਨ੍ਹਾਂ ਦੀ ਚਰਚਾ ...
(19 ਅਗਸਤ 2024)

 

ਅਸੀਂ ਇਸ ਹਫਤੇ ਭਾਰਤ ਦਾ ਇੱਕ ਹੋਰ ਆਜ਼ਾਦੀ ਦਿਵਸ ਮਨਾਇਆ ਜਾਂਦਾ ਵੇਖਿਆ ਹੈਇਹ ਗੱਲ ਆਪਣੀ ਥਾਂ ਹੈ ਕਿ ਅਜੇ ਤਕ ਕਈ ਲੋਕ ਇਸ ਦੇਸ਼ ਨੂੰ ਆਜ਼ਾਦ ਹੋਇਆ ਨਹੀਂ ਮੰਨਦੇ ਅਤੇ ਪਿੰਡਾਂ ਵਿੱਚ ਕਈ ਬਜ਼ੁਰਗ ਮਿਲਦੇ ਹਨ, ਜਿਹੜੇ ਕਹਿ ਦਿੰਦੇ ਹਨ ਕਿ ਇਸ ਨਾਲੋਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਇੱਦਾਂ ਦੀਆਂ ਗੱਲਾਂ ਉਨ੍ਹਾਂ ਸਿੱਧੜ ਲੋਕਾਂ ਦੀ ਆਪੋ-ਆਪਣੀ ਸੋਚ ਜਾਂ ਰਾਜਨੀਤਕ ਕਾਰਨਾਂ ਕਰ ਕੇ ਬਣੀ-ਬਣਾਈ ਧਾਰਨਾ ਦਾ ਪ੍ਰਗਟਾਵਾ ਹੋਣਗੀਆਂ, ਭਾਰਤ ਨੂੰ ਅੰਗਰੇਜ਼ਾਂ ਦੇ ਜਾਣ ਵੇਲੇ ਅਜ਼ਾਦੀ ਮਿਲ ਗਈ ਹੋਣਾ ਇੱਕ ਇਤਿਹਾਸਕ ਸਚਾਈ ਹੈਕਹਿਣ ਵਜੋਂ ਭਾਰਤੀ ਪਾਰਲੀਮੈਂਟ ਦੀ ਇੱਕ ਮੈਂਬਰ ਕੁੜੀ ਇਹ ਵੀ ਕਹਿੰਦੀ ਹੈ ਕਿ ਅਸਲੀ ਆਜ਼ਾਦੀ ਉਸ ਦਿਨ ਨਸੀਬ ਹੋਈ ਸੀ, ਜਿਸ ਦਿਨ ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀਕਿਹੜਾ ਕਿਸੇ ਨੇੂ ਰੋਕ ਦੇਣਾ ਹੈ ਇੱਦਾਂ ਕਈ ਹੋਰ ਲੋਕ ਆਪੋ-ਆਪਣੀ ਗੱਲ ਕਹਿ ਦਿੰਦੇ ਹਨਆਮ ਬੰਦੇ ਨੂੰ ਇੱਦਾਂ ਦੀਆਂ ਗੱਲਾਂ ਨਾਲ ਮਤਲਬ ਨਹੀਂ, ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਨਾਲ ਮਤਲਬ ਹੈਦੇਸ਼ ਦੇ ਗਰੀਬੀ ਮਾਰੇ ਲੋਕਾਂ ਦੀ ਇਹ ਆਸ ਲੰਮਾ ਸਮਾਂ ਰਾਜ ਕਰਦੀ ਰਹੀ ਕਾਂਗਰਸ ਪਾਰਟੀ ਵੀ ਪੂਰੀ ਨਹੀਂ ਸੀ ਕਰ ਸਕੀ ਅਤੇ ਉਸ ਦੀ ਥਾਂ ਲੈਣ ਵਾਲੀਆਂ ਧਿਰਾਂ ਵਿੱਚੋਂ ਅਜੋਕੀ ਮੁੱਖ ਧਿਰ ਭਾਜਪਾ ਵੀ ਆਸ ਪੂਰੀ ਨਹੀਂ ਕਰ ਸਕੀ ਇਸਦੇ ਬਾਵਜੂਦ ਭਾਰਤ ਦੇ ਲੋਕ ਹਰ ਸਾਲ ਇਸ ਦਿਨ ਨੂੰ ਉਡੀਕਦੇ ਹਨ, ਪਰ ਇਹ ਦਿਨ ਕੋਈ ਕ੍ਰਿਸ਼ਮਾ ਵਿਖਾਉਣ ਵਾਲਾ ਕਦੇ ਵੀ ਨਹੀਂ ਬਣ ਸਕਿਆ ਅਤੇ ਇਸ ਵਾਰੀ ਫਿਰ ਰਸਮ ਪੂਰਤੀ ਜਿਹੀ ਕਰ ਕੇ ਖਹਿੜਾ ਛੁਡਾ ਗਿਆ ਜਾਪਦਾ ਹੈ

ਜਿਹੜੀ ਵੱਖਰੀ ਗੱਲ ਇਸ ਵਾਰੀ ਹੋਈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਲ ਕਿਲ੍ਹੇ ਦੀ ਦੀਵਾਰ ਤੋਂ ਖੜੋ ਕੇ ਦਿੱਤੇ ਭਾਸ਼ਣ ਦਾ ਵੱਖਰਾਪਣ ਸੀ, ਜਿਹੜਾ ਕੋਈ ਆਸ ਬੰਨ੍ਹਾਉਣ ਵਾਲਾ ਹੋਣ ਦੀ ਥਾਂ ਉਲਟਾ ਆਮ ਲੋਕਾਂ ਨੂੰ ਭੁਚਲਾਵੇ ਦੇਣ ਵਾਲਾ ਲਗਦਾ ਸੀਰਸਮੀ ਭਾਸ਼ਣਾਂ ਤੋਂ ਵੱਖਰੇ ਰੰਗ ਵਿੱਚ ਦਿੱਤੇ ਇਸ ਭਾਸ਼ਣ ਵਿੱਚ ਜਿਹੜੇ ਖਾਸ ਨੁਕਤੇ ਉਨ੍ਹਾਂ ਨੇ ਛੋਹੇ, ਉਨ੍ਹਾਂ ਦੀ ਚਰਚਾ ਮੀਡੀਏ ਵਿੱਚ ਵੀ ਹੋਈ ਹੈ ਤੇ ਰਾਜਨੀਤਕ ਅਤੇ ਸਮਾਜੀ ਪਿੜ ਵਿੱਚ ਵੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਮੁੱਦਾ ਫਿਰ ਉਹੀ ਛੋਹਿਆ, ਜਿਹੜਾ ਪਹਿਲਾਂ ਅਟਲ ਬਿਹਾਰੀ ਵਾਜਪਾਈ ਤੇ ਉਨ੍ਹਾਂ ਦੇ ਸਾਥੀ ਹੋਰਨਾਂ ਲੀਡਰਾਂ ਲਈ ਮਨ-ਭਾਉਂਦਾ ਮੁੱਦਾ ਹੋਇਆ ਕਰਦਾ ਸੀ ਤੇ ਫਿਰ ਮੌਕਾ ਮੁਨਾਸਬ ਵੇਖਦੇ ਸਾਰ ਨਰਿੰਦਰ ਮੋਦੀ ਪਿਛਲੇ ਦਸਾਂ ਸਾਲਾਂ ਤੋਂ ਚੁੱਕਦੇ ਰਹੇ ਸਨਇਹ ਮੁੱਦਾ ਭਾਰਤੀ ਰਾਜਨੀਤੀ ਵਿੱਚ ਪਰਵਾਰਵਾਦੀ ਪਹੁੰਚ ਤੇ ਰਿਵਾਇਤ ਬਾਰੇ ਸੀਲੋਕਤੰਤਰੀ ਪੱਖੋਂ ਵੇਖਿਆ ਜਾਵੇ ਤਾਂ ਇਹ ਗੱਲ ਹਰ ਕੋਈ ਕਹੇਗਾ ਕਿ ਸਿਆਸੀ ਖੇਤਰ ਨਾਲ ਜੁੜੇ ਤੇ ਰਾਜ ਸੁਖ ਮਾਣਦੇ ਆਏ ਪਰਿਵਾਰਾਂ ਦੇ ਲੋਕ ਹੀ ਵਾਰ-ਵਾਰ ਅੱਗੇ ਨਹੀਂ ਆਉਣੇ ਚਾਹੀਦੇ, ਪਿਤਾ-ਪੁਰਖੀ ਪਹੁੰਚ ਦੀ ਥਾਂ ਉਨ੍ਹਾਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ, ਜਿਹੜੇ ਸਮਾਜ-ਸੇਵਾ ਅਤੇ ਆਪਣੀ ਮਿਹਨਤ ਦੇ ਸਦਕਾ ਲੋਕਾਂ ਵਿੱਚ ਸਤਿਕਾਰ ਵਾਲੀ ਥਾਂ ਬਣਾ ਸਕਦੇ ਹੋਣਅਮਲ ਵਿੱਚ ਇੱਦਾਂ ਨਹੀਂ ਹੁੰਦਾ ਅਤੇ ਇਹ ਰੋਗ ਰਾਜਨੀਤਕ ਪੱਖੋਂ ਸਿਰਫ ਉਨ੍ਹਾਂ ਪਾਰਟੀਆਂ ਤਕ ਸੀਮਤ ਨਹੀਂ, ਜਿਨ੍ਹਾਂ ਨੂੰ ਨਰਿੰਦਰ ਮੋਦੀ ਸਾਹਿਬ ਨਿਸ਼ਾਨੇ ਉੱਤੇ ਰੱਖ ਲੈਂਦੇ ਹਨ ਇੱਦਾਂ ਦੇ ਬਹੁਤ ਸਾਰੇ ਲੋਕ ਭਾਜਪਾ ਵਿੱਚ ਵੀ ਬੈਠੇ ਹਨ, ਜਿਹੜੇ ਪਰਵਾਰਵਾਦ ਦਾ ਪ੍ਰਤੀਕ ਹਨਮਿਸਾਲ ਵਜੋਂ ਗਵਾਲੀਅਰ ਰਾਜ ਘਰਾਣੇ ਦੀ ਮਹਾਰਾਣੀ ਵਿਜੇ ਰਾਜੇ ਸਿੰਧੀਆ ਕਿਸੇ ਸਮੇਂ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਤੇ ਹੋਰ ਆਗੂਆਂ ਨਾਲ ਮਿਲ ਕੇ ਭਾਜਪਾ ਦਾ ਮੁੱਢ ਬੰਨ੍ਹਣ ਵਾਲਿਆਂ ਵਿੱਚੋਂ ਸੀਉਹ ਪਾਰਲੀਮੈਂਟ ਮੈਂਬਰ ਵੀ ਕੁਝ ਵਾਰ ਬਣਦੀ ਰਹੀਉਸ ਦੇ ਪੁੱਤਰ ਮਾਧਵ ਰਾਓ ਸਿੰਧੀਆ ਨੂੰ ਕੇਂਦਰ ਦਾ ਮੰਤਰੀ ਰਾਜੀਵ ਗਾਂਧੀ ਨੇ ਬਣਾਇਆ, ਪਰ ਧੀ ਨੂੰ ਮਹਾਰਾਣੀ ਦੇ ਜਿਉਂਦੇ ਜੀਅ ਅਟਲ ਬਿਹਾਰੀ ਵਾਜਪਾਈ ਸਰਕਾਰ ਵੇਲੇ ਕੇਂਦਰੀ ਮੰਤਰੀ ਭਾਜਪਾ ਨੇ ਬਣਾਇਆ ਸੀਫਿਰ ਉਹ ਰਾਜਸਥਾਨ ਦੀ ਦੋ ਵਾਰੀ ਮੁੱਖ ਮੰਤਰੀ ਬਣੀ ਤੇ ਅੱਗੋਂ ਉਸ ਦਾ ਪੁੱਤਰ ਵੀ ਪਾਰਲੀਮੈਂਟ ਮੈਂਬਰ ਬਣਿਆ ਸੀਵਸੁੰਧਰਾ ਦਾ ਭਤੀਜਾ ਜਿਉਤਿਰਾਦਿੱਤਿਆ ਸਿੰਧੀਆ ਕਾਂਗਰਸ ਦਾ ਆਗੂ ਹੁੰਦਾ ਸੀ, ਉਸ ਨੂੰ ਓਧਰੋਂ ਭਾਜਪਾ ਵਿੱਚ ਨਰਿੰਦਰ ਮੋਦੀ ਸਾਹਿਬ ਦੀ ਟੀਮ ਨੇ ਖਿੱਚ ਕੇ ਲਿਆਂਦਾ ਅਤੇ ਜਿਹੜੇ ਭਾਜਪਾ ਆਗੂ ਨੇ ਉਸ ਨੂੰ ਚੋਣਾਂ ਵਿੱਚ ਹਰਾਇਆ ਸੀ, ਉਸ ਨੂੰ ਪਾਸੇ ਧੱਕ ਕੇ ਉਹੀ ਸੀਟ ਜਿਉਤਿਰਾਦਿੱਤਿਆ ਸਿੰਧੀਆ ਨੂੰ ਮੋਦੀ ਦੀ ਅਗਵਾਈ ਵਿੱਚ ਭਾਜਪਾ ਲੀਡਰਸ਼ਿੱਪ ਨੇ ਦੇ ਦਿੱਤੀ ਹੈਭਾਜਪਾ ਅੰਦਰ ਪਰਵਾਰਵਾਦ ਦੀਆਂ ਇੱਦਾਂ ਦੀਆਂ ਕਈ ਮਿਸਾਲਾਂ ਹਨ, ਪਰ ਨਰਿੰਦਰ ਮੋਦੀ ਨੂੰ ਇਹ ਪਰਵਾਰਵਾਦ ਬਿਲਕੁਲ ਨਹੀਂ ਰੜਕਦਾ

ਦੂਸਰਾ ਮੁੱਦਾ ਉਨ੍ਹਾਂ ਨੇ ਔਰਤਾਂ ਨਾਲ ਜ਼ਿਆਦਤੀਆਂ ਦਾ ਇਸ ਤਰੀਕੇ ਨਾਲ ਉਭਾਰਿਆ ਕਿ ਸਭ ਨੂੰ ਸਪਸ਼ਟ ਦਿਸ ਪਿਆ ਕਿ ਇਸ਼ਾਰਾ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਹੋਈ ਘਟਨਾ ਵੱਲ ਹੈਉਹ ਘਟਨਾ ਹੈ ਵੀ ਅੱਤ ਦੀ ਵਹਿਸ਼ਤ ਤੇ ਬਦਮਾਸ਼ੀ ਦੀ ਪ੍ਰਤੀਕ ਅਤੇ ਉਸ ਦੇ ਖਿਲਾਫ ਇਸ ਦੇਸ਼ ਦੇ ਲੋਕਾਂ ਦਾ ਰੋਹ ਬਿਲਕੁਲ ਜਾਇਜ਼ ਹੈਮਮਤਾ ਬੈਨਰਜੀ ਦੀ ਸਰਕਾਰ ਇਸ ਮੁੱਦੇ ਨੂੰ ਉਸ ਗੰਭੀਰਤਾ ਨਾਲ ਵੇਲੇ ਸਿਰ ਨਹੀਂ ਲੈ ਸਕੀ ਜਾਪਦੀ, ਜਿਸ ਨਾਲ ਲਿਆ ਜਾਣਾ ਬਣਦਾ ਸੀ ਤੇ ਇਸ ਗੱਲ ਲਈ ਸਾਰੇ ਭਾਰਤ ਦੀ ਇੱਕ ਰਾਏ ਹੈ, ਜਿਹੜੀ ਹੋਣੀ ਵੀ ਚਾਹੀਦੀ ਹੈਤਸਵੀਰ ਦਾ ਦੂਸਰਾ ਪੱਖ ਇਹ ਹੈ ਕਿ ਜਦੋਂ ਉੱਤਰ ਪ੍ਰਦੇਸ਼ ਦੇ ਉਨਾਉ ਜ਼ਿਲ੍ਹੇ ਵਿੱਚ ਇਹੋ ਜਿਹੀ ਘਟਨਾ ਵਾਪਰੀ, ਸਾਰੇ ਕਾਂਡ ਦਾ ਮੁੱਖ ਦੋਸ਼ੀ ਭਾਜਪਾ ਦਾ ਆਪਣਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਸੀ, ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਬਾਰੇ ਚੁੱਪ ਰੱਖੀ ਸੀ ਤੇ ਫਿਰ ਉਹ ਮਾਮਲਾ ਅਦਾਲਤ ਦੇ ਹੁਕਮ ਉੱਤੇ ਉੱਤਰ ਪ੍ਰਦੇਸ਼ ਦੀ ਥਾਂ ਦਿੱਲੀ ਤਬਦੀਲ ਹੋਇਆ ਸੀਕਾਂਗਰਸ ਦੇ ਡਾਕਟਰ ਮਨਮੋਹਨ ਸਿੰਘ ਦੇ ਰਾਜ ਵਿੱਚ ਦਿੱਲੀ ਵਿੱਚ ਨਿਰਭੈਆ ਕਾਂਡ ਮਗਰੋਂ ਸਾਰੇ ਦੇਸ਼ ਵਿੱਚ ਜਿੰਨਾ ਹੰਗਾਮਾ ਤੇ ਜਨਤਕ ਰੋਹ ਦਾ ਪ੍ਰਗਟਾਵਾ ਹੋਇਆ ਸੀ, ਉਸ ਦੇ ਬਾਅਦ ਅਗਲੀ ਵਾਰੀ ਉਸੇ ਪੱਧਰ ਦਾ ਰੋਸ ਪ੍ਰਗਟਾਵਾ ਸਾਰੇ ਭਾਰਤ ਵਿੱਚ ਉਸ ਉਨਾਉ ਵਾਲੇ ਕਾਂਡ ਦੇ ਖਿਲਾਫ ਵੇਖਿਆ ਗਿਆਨਿਰਭੈਆ ਕਾਂਡ ਵਾਲੀ ਬਦਨਸੀਬ ਕੁੜੀ ਦੀ ਜਾਨ ਬਚਾਈ ਨਹੀਂ ਸੀ ਜਾ ਸਕੀ ਅਤੇ ਉਨਾਉ ਕਾਂਡ ਵਾਲੀ ਪੀੜਤ ਕੁੜੀ ਦਾ ਹਸ਼ਰ ਵੀ ਇਹੋ ਸੀਕਾਂਗਰਸੀ ਰਾਜ ਸੀ ਜਾਂ ਭਾਜਪਾ ਦਾ, ਬਦਮਾਸ਼ੀ ਦੋਵਾਂ ਦੇ ਰਾਜ-ਪ੍ਰਬੰਧ ਵਿੱਚ ਹੋਈ ਅਤੇ ਬਾਅਦ ਵਿੱਚ ਵੀ ਹੋਣ ਤੋਂ ਕਦੀ ਨਹੀਂ ਰੁਕ ਸਕੀਜਿਹੜੀ ਗੱਲ ਅਪਰਾਧੀਆਂ ਨੂੰ ਸਿਆਸਤ ਅਤੇ ਸਰਕਾਰ ਦੀ ਸਰਪ੍ਰਸਤੀ ਦੇਣ ਵਾਲੀ ਹੈ, ਉਹ ਜਿੰਨੀ ਉਨਾਉ ਕਾਂਡ ਵਿੱਚ ਵੇਖੀ ਗਈ, ਉਹ ਹੋਰ ਵੀ ਵੱਧ ਦੁਖੀ ਕਰਨ ਵਾਲੀ ਸੀਜਿਸ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਅਦਾਲਤ ਨੇ ਉਸ ਜੁਰਮ ਵਾਸਤੇ ਮੁੱਖ ਦੋਸ਼ੀ ਮੰਨਿਆ, ਉਸ ਦੇ ਜੇਲ੍ਹ ਜਾਣ ਮਗਰੋਂ ਉਸ ਹਲਕੇ ਵਿੱਚ ਹੋਈ ਚੋਣ ਵਿੱਚ ਭਾਜਪਾ ਦੇ ਪੋਸਟਰਾਂ ਉੱਤੇ ਉਸ ਅਪਰਾਧੀ ਤੇ ਉਸ ਦੀ ਪਤਨੀ ਦੀ ਫੋਟੋ ਛਪੀ ਦਿਖਾਈ ਦਿੰਦੀ ਸੀ ਇੱਦਾਂ ਦਾ ਘਿਨਾਉਣਾ ਅਪਰਾਧ ਕਰਨ ਵਾਲੇ ਬੰਦੇ ਦੀ ਫੋਟੋ ਵਿਖਾ ਕੇ ਲੋਕਾਂ ਦੀਆਂ ਵੋਟਾਂ ਲੈਣ ਦਾ ਭਾਜਪਾ ਲੀਡਰਸ਼ਿੱਪ ਦਾ ਦਾਅ ਕਿਸੇ ਨੂੰ ਸਮਝ ਨਹੀਂ ਆਇਆਜਦੋਂ ਪ੍ਰਧਾਨ ਮੰਤਰੀ ਦੇਸ਼ ਦੀਆਂ ਹੋਰਨਾਂ ਰਾਜਸੀ ਧਿਰਾਂ ਜਾਂ ਲੀਡਰਾਂ ਵੱਲ ਨਿਸ਼ਾਨਾ ਸੇਧਦੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਕਰਨਾਟਕ ਦੇ ਜਿਸ ਛੋਕਰੇ ਉੱਤੇ ਤਿੰਨ ਹਜ਼ਾਰ ਦੇ ਕਰੀਬ ਔਰਤਾਂ ਅਤੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਨ ਦਾ ਦੋਸ਼ ਸੀ, ਲੋਕ ਸਭਾ ਚੋਣਾਂ ਮੌਕੇ ਉਸ ਦੇ ਹੱਕ ਵਿੱਚ ਵੋਟਾਂ ਲਈ ਅਪੀਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਕਿਉਂ ਗਏ ਸਨ ਤੇ ਇਹੋ ਜਿਹੇ ਵਿਗੜੇ ਛੋਕਰੇ ਦੀ ਗ੍ਰਿਫਤਾਰੀ ਪਿੱਛੋਂ ਉਸ ਦੇ ਬਾਪ ਨੂੰ ਨਵੀਂ ਬਣੀ ਕੇਂਦਰੀ ਸਰਕਾਰ ਦਾ ਮੰਤਰੀ ਲੈਣ ਦੀ ਕੀ ਲੋੜ ਪਈ ਸੀ!

ਤੀਸਰਾ ਨੁਕਤਾ ਉਨ੍ਹਾਂ ਨੇ ਫਿਰ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਇਸ ਨੂੰ ਰਾਜਸੀ ਲੀਡਰਾਂ ਦੀ ਸਰਪ੍ਰਸਤੀ ਦਾ ਚੁੱਕਿਆ ਹੈ ਅਤੇ ਇਹ ਗੱਲ ਲੋਕਾਂ ਦੀ ਚਰਚਾ ਦਾ ਵਿਸ਼ਾ ਵੀ ਹਮੇਸ਼ਾ ਤੋਂ ਹੈ ਇੱਥੇ ਵੀ ਤਸਵੀਰ ਦਾ ਇੱਕ ਹੋਰ ਪੱਖ ਇਸ ਤੋਂ ਐਨ ਉਲਟ ਭਾਜਪਾ ਤੇ ਪ੍ਰਧਾਨ ਮੰਤਰੀ ਦੇ ਵਿਹਾਰ ਤੇ ਪਹੁੰਚ ਦਾ ਉੱਠਦਾ ਹੈਭ੍ਰਿਸ਼ਟਾਚਾਰ ਕਰਨ ਦੀਆਂ ਜਿਹੜੀਆਂ ਵਿਲੱਖਣ ਮਿਸਾਲਾਂ ਪਿਛਲੇ ਵੀਹ ਸਾਲਾਂ ਵਿੱਚ ਨਵੇਂ ਉੱਠੇ ਦੇਸ਼ ਦੇ ਥੈਲੀ ਸ਼ਾਹ ਗੌਤਮ ਅਡਾਨੀ ਅਤੇ ਉਸ ਦੇ ਜੋੜੀਦਾਰਾਂ ਨੇ ਕਾਇਮ ਕਰ ਦਿੱਤੀਆਂ ਹਨ, ਉਨ੍ਹਾਂ ਦੇ ਨਾਲ ਤੁਲਨਾ ਕਰਨ ਵਾਲਾ ਇੱਕ ਵੀ ਹੋਰ ਚੈਪਟਰ ਭਾਰਤ ਦੇਸ਼ ਦੇ ਇਤਿਹਾਸ ਵਿੱਚ ਲੱਭਣਾ ਔਖਾ ਹੈਹਿੰਡਨਬਰਗ ਦੀ ਇੱਕ ਰਿਪੋਰਟ ਪਹਿਲਾਂ ਆਈ ਅਤੇ ਦੂਸਰੀ ਪਿਛਲੇ ਦਿਨੀਂ ਆ ਗਈ ਹੈ, ਪਰ ਇਸ ਨਾਲ ਕੋਈ ਫਰਕ ਨਹੀਂ ਪਿਆ, ਕਿਉਂਕਿ ਜਿਹੜੇ ਕਾਰੋਬਾਰੀ ਉੱਤੇ ਭ੍ਰਿਸ਼ਟਾਚਾਰ ਕਰਨ ਤੇ ਭਾਰਤ ਦੀ ਜਿਸ ਏਜੰਸੀ ਉੱਤੇ ਬਾਜ਼ਾਰ ਵਿੱਚ ਚੌਕਸੀ ਰੱਖਣ ਵਾਲੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਭ੍ਰਿਸ਼ਟਾਚਾਰੀਆਂ ਨਾਲ ਮਿਲ ਕੇ ਇਹ ਖੇਡ ਨਿਰਵਿਘਨ ਚਲਦੀ ਰੱਖਣ ਦਾ ਦੋਸ਼ ਹੈ, ਉਨ੍ਹਾਂ ਦੀ ਪਿੱਠ ਉੱਤੇ ਕਿਹੜੀ ਹਸਤੀ ਹੈ, ਸਾਰੇ ਲੋਕ ਜਾਣਦੇ ਹਨਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਵਿੱਚ ਜਾ ਕੇ ਚੋਣ ਜਲਸਿਆਂ ਵਿੱਚ ਜਿਹੜੇ ਆਗੂ ਉੱਤੇ ਕਈ ਹਜ਼ਾਰ ਕਰੋੜ ਦੇ ਘਪਲੇ ਕਰਨ ਦਾ ਦੋਸ਼ ਲਾਇਆ ਸੀ, ਉਹ ਜਦੋਂ ਇਨ੍ਹਾਂ ਕੋਲ ਪਹੁੰਚ ਗਿਆ ਤਾਂ ਰਾਤੋ-ਰਾਤ ਮਹਾਰਾਸ਼ਟਰ ਵਿੱਚ ਭਾਜਪਾ ਵਾਲੇ ਗਠਜੋੜ ਦੀ ਸਰਕਾਰ ਦਾ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਸੀਇਹੀ ਨਹੀਂ, ਜਿਹੜੇ ਕਈ ਕੇਸ ਉੱਥੇ ਚੱਲ ਰਹੇ ਸਨ, ਉਨ੍ਹਾਂ ਦੀਆਂ ਸਾਰੀਆਂ ਫਾਈਲਾਂ ਵੀ ਠੱਪ ਕਰ ਦਿੱਤੀਆਂ ਸਨ ਤਾਂ ਕਿਸ ਦੇ ਆਸ਼ੀਰਵਾਦ ਨਾਲ ਕੀਤੀਆਂ ਸਨਮੀਡੀਆ ਕੁਝ ਕਹੇ ਜਾਂ ਨਾ ਕਹੇ, ਭਾਰਤ ਤਾਂ ਸਾਰਾ ਇਸਦੀ ਹਕੀਕਤ ਜਾਣਦਾ ਹੈਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਵਿੱਚ ਬਣਾਈ ਗਈ ਆਦਰਸ਼ ਸੋਸਾਈਟੀ ਵਾਲੀ ਇਮਾਰਤ ਦਾ ਮੁੱਦਾ ਚੁੱਕ ਕੇ ਕਿਹਾ ਸੀ ਕਿ ਇੱਕ ਮੁੱਖ ਮੰਤਰੀ ਨੇ ਇਸ ਇਮਾਰਤ ਦਾ ਭ੍ਰਿਸ਼ਟਾਚਾਰ ਕਰਨ ਵੇਲੇ ਕਾਰਗਿਲ ਦੇ ਸ਼ਹੀਦਾਂ ਦਾ ਨਾਂਅ ਵੇਚਦੇ ਵਕਤ ਵੀ ਸ਼ਰਮ ਨਹੀਂ ਕੀਤੀਜਦੋਂ ਉਹੋ ਸਾਬਕਾ ਕਾਂਗਰਸੀ ਮੁੱਖ ਮੰਤਰੀ ਭਾਜਪਾ ਵਿੱਚ ਆ ਗਿਆ ਤਾਂ ਪ੍ਰਧਾਨ ਮੰਤਰੀ ਨੇ ਉਸ ਪਿੱਛੋਂ ਉਸ ਆਗੂ ਦੀ ਕਦੀ ਚਰਚਾ ਹੀ ਨਹੀਂ ਕੀਤੀਇਹੋ ਜਿਹੇ ਮਾਮਲੇ ਇੰਨੇ ਹਨ ਕਿ ਗਿਣਾਏ ਨਹੀਂ ਜਾ ਸਕਦੇ

ਜਦੋਂ ਦੇਸ਼ ਦੇ ਹਾਲਾਤ ਇਸ ਤਰ੍ਹਾਂ ਦੇ ਹੋਣ ਕਿ ਰਾਜ-ਸੁਖ ਮਾਣ ਚੁੱਕੀ ਕੋਈ ਵੀ ਰਾਜਸੀ ਧਿਰ ਭ੍ਰਿਸ਼ਟਾਚਾਰ ਕਰਨ ਵਿੱਚ ਇੱਕ ਦੂਸਰੀ ਦਾ ਰਿਕਾਰਡ ਮਾਤ ਕਰਦੀ ਰਹੀ ਹੋਵੇ ਤੇ ਅੱਜ ਵੀ ਕਰਦੀ ਪਈ ਹੋਵੇ ਤਾਂ ਲਾਲ ਕਿਲ੍ਹੇ ਦੀ ਦੀਵਾਰ ਤੋਂ ਇਨ੍ਹਾਂ ਮੁੱਦਿਆਂ ਦੀ ਇੱਦਾਂ ਦੀ ਚਰਚਾ ਨਾਲ ਕਿਹੜਾ ਇਨ੍ਹਾਂ ਨੂੰ ਠੱਲ੍ਹ ਪੈਣੀ ਹੈ! ਇਨ੍ਹਾਂ ਸਭ ਅਲਾਮਤਾਂ ਨੂੰ ਠੱਲ੍ਹ ਪਾਉਣ ਲਈ ਅਮਲੀ ਕਦਮ ਚੁੱਕਣ ਦੀ ਲੋੜ ਹੈ, ਜਿਨ੍ਹਾਂ ਬਾਰੇ ਜਾਣਦਾ ਹਰ ਕੋਈ ਹੈ, ਪਰ ਕਦਮ ਚੁੱਕਣ ਦੀ ਪਹਿਲ ਅੱਜ ਤਕ ਕੋਈ ਨਹੀਂ ਕਰ ਸਕਿਆਕੀ ਪ੍ਰਧਾਨ ਮੰਤਰੀ ਮੋਦੀ ਇਸ ਭਾਸ਼ਣ ਦੇ ਓਹਲੇ ਉਹੋ ਜਿਹੀ ਪਹਿਲ ਕਰਨ ਦੀ ਤਿਆਰੀ ਕਰਦੇ ਮੰਨ ਲੈਣੇ ਚਾਹੀਦੇ ਹਨ? ਤਜਰਬਾ ਇਸ ਗੱਲ ਦੀ ਸ਼ਾਹਦੀ ਨਹੀਂ ਭਰਦਾਫਿਰ ਆਜ਼ਾਦੀ ਦਿਨ ਵਰਗੇ ਇਤਿਹਾਸਕ ਮੌਕੇ ਪ੍ਰਧਾਨ ਮੰਤਰੀਆਂ ਵੱਲੋਂ ਨਿਭਾਈ ਜਾਂਦੀ ਰਸਮ ਵਾਲੇ ਭਾਸ਼ਣ ਦੌਰਾਨ ਇਹ ਕੁਝ ਕਹਿਣ, ਤੇ ਇੱਕ ਖਾਸ ਕੌੜ ਨਾਲ ਕਹਿਣ ਪਿੱਛੇ ਮੋਦੀ ਦੀ ਭਾਵਨਾ ਕੀ ਹੈ? ਕਿਤੇ ਭਾਰਤ ਦੀ ਰਾਜਨੀਤੀ ਕੋਈ ਨਵਾਂ ਜਲਵਾ ਤਾਂ ਨਹੀਂ ਵਿਖਾਉਣ ਵਾਲੀ?

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5227)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author