“ਜਦੋਂ ਤਕ ਲੋਕ ਸੋਨੇ ਅਤੇ ਉਹਦੀ ਚਮਕ ਵਰਗੀ ਚਮਕ ਮਾਰਦੇ ਨਕਲੀ ਮਾਲ ਵਾਂਗ ਭਾਰਤ ਦੀ ...”
(5 ਨਵੰਬਰ 2025)
ਇੱਕ ਨਵੰਬਰ ਨੂੰ ਇੱਕ ਵਾਰੀ ਫਿਰ ਉਹ ਦਿਨ ਲੰਘ ਗਿਆ ਹੈ, ਜਿਸ ਨਾਲ ਪੰਜਾਬ ਦੀ ਇਤਿਹਾਸਕ ਵਿਰਾਸਤ ਦੇ ਕੁਝ ਪ੍ਰਮੁੱਖ ਕਾਂਡ ਜੁੜੇ ਹੋਏ ਹਨ। ਇਹੋ ਦਿਨ ਤਾਂ ਸੀ, ਜਦੋਂ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੰਘਰਸ਼ ਵਿੱਢਣ ਲਈ ਗਦਰ ਦੀ ਗੂੰਜ ਗੁੰਜਾਈ ਸੀ ਤੇ ਇਹੋ ਦਿਨ ਪੰਜਾਬ ਦੀ ਕਈ ਵਾਰ ਵੰਡ ਕੀਤੇ ਜਾਣ ਤੇ ਅਜੋਕੇ ਪੰਜਾਬ ਦਾ ਨਕਸ਼ਾ ਉਲੀਕੇ ਜਾਣ ਦਾ ਗਵਾਹ ਬਣਿਆ ਸੀ। ਉਂਜ ਇਹੋ ਦਿਨ ਦਿੱਲੀ ਵਿੱਚ ਵਾਪਰੇ ਉਸ ਕਹਿਰ ਲਈ ਵੀ ਚੇਤੇ ਵਿੱਚ ਉੱਕਰਿਆ ਰਹੇਗਾ, ਜਿਹੜਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਣ ਮਗਰੋਂ ਇਸ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਦਿਨ ਵਾਪਰਦਾ ਰਿਹਾ ਤੇ ਤਿੰਨ ਹਜ਼ਾਰ ਤੋਂ ਵੱਧ ਸਿੱਖ ਮਾਰ ਦਿੱਤੇ ਗਏ ਸਨ। ਇੱਦਾਂ ਦੇ ਕਈ ਪੱਖ ਇਸ ਦਿਨ ਨਾਲ ਜੁੜੇ ਹੋਏ ਹਨ ਅਤੇ ਜਦੋਂ ਇਹ ਦਿਨ ਆਉਂਦਾ ਹੈ, ਹਰ ਕੋਈ ਆਪਣੀ ਸੋਚ ਮੁਤਾਬਿਕ ਇਸ ਦਿਨ ਮੌਕੇ ਖੁਸ਼ੀ ਜਾਂ ਗਮੀ ਅਤੇ ਗੁੱਸੇ ਨਾਲ ਭਰੀ ਹੋਈ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ। ਭਾਰਤ ਲੋਕਤੰਤਰੀ ਲੀਹ ਉੱਤੇ ਚੱਲਦਾ ਹੋਣ ਕਾਰਨ ਇੱਥੇ ਕਾਤਲ ਤੇ ਮਕਤੂਲ (ਜਿਸਦਾ ਕਤਲ ਕੀਤਾ ਗਿਆ ਹੈ) ਦੋਵਾਂ ਦੇ ਪੱਖ ਵਿੱਚ ਹਰ ਕਿਸੇ ਨੂੰ ਹਰ ਗੱਲ ਕਹਿਣ ਦਾ ਹੱਕ ਰਹਿੰਦਾ ਹੈ ਅਤੇ ਲਗਦੀ ਵਾਹ ਦੂਸਰਿਆਂ ਬਾਰੇ ਮੰਦੇ-ਚੰਗੇ ਬੋਲ ਬੋਲਣ ਦਾ ਹੱਕ ਵੀ।
ਇਸ ਵਾਰੀ ਇੱਕ ਪਾਸੇ ਜਲੰਧਰ ਵਿੱਚ ਗਦਰ ਪਾਰਟੀ ਵਾਲੇ ਦੇਸ਼ਭਗਤ ਬਾਬਿਆਂ ਦਾ ਦਿਨ ਮਨਾਇਆ ਜਾ ਰਿਹਾ ਸੀ, ਜਿਸ ਵਿੱਚ ਉਸ ਵੇਲੇ ਦੇ ਉਨ੍ਹਾਂ ਹਾਲਾਤ ਦਾ ਵਰਣਨ ਕੀਤਾ ਜਾ ਰਿਹਾ ਸੀ, ਜਿਨ੍ਹਾਂ ਕਾਰਨ ਇਸ ਲਹਿਰ ਦਾ ਮੁੱਢ ਬੱਝਾ ਸੀ। ਮੋਹਰੀ ਉਹ ਬਾਬੇ ਬਣੇ ਸਨ, ਜਿਹੜੇ ਬਾਬੇ ਪਿੱਛੋਂ ਬਣ ਗਏ, ਘਰਾਂ ਤੋਂ ਰੁਜ਼ਗਾਰ ਕਮਾਉਣ ਲਈ ਪੱਛਮੀ ਦੇਸ਼ਾਂ ਵੱਲ ਜਵਾਨੀ ਵੇਲੇ ਗਏ ਅਤੇ ਜੜ੍ਹਾਂ ਜਮਾਉਣ ਲਈ ਆਪਣੀਆਂ ਜਵਾਨੀਆਂ ਗਾਲ ਚੁੱਕਣ ਪਿੱਛੋਂ ਵੀ ਉਸ ਦੇਸ਼ ਦੇ ਨਾਗਰਿਕਾਂ ਦੇ ਬਰਾਬਰ ਦੇ ਇਨਸਾਨ ਨਹੀਂ ਸੀ ਮੰਨੇ ਜਾਂਦੇ, ਦੁਕਾਨਾਂ ਅੱਗੇ ਲਿਖੇ ਬੋਰਡ ਭਾਰਤੀਆਂ ਨੂੰ ਇਹ ਕਹਿ ਕੇ ਚਿੜਾਉਂਦੇ ਸਨ ਕਿ ‘ਇੰਡੀਅਨਜ਼ ਐਂਡ ਡੌਗਜ਼ ਆਰ ਨਾਟ ਅਲਾਊਡ।’ ਉਦੋਂ ਉਨ੍ਹਾਂ ਚਿਤਵਿਆ ਸੀ ਕਿ ਆਪਣਾ ਦੇਸ਼ ਆਜ਼ਾਦ ਕਰਾਏ ਬਗੈਰ ਦੁਨੀਆ ਦੀ ਕਿਸੇ ਵੀ ਨੁੱਕਰ ਵਿੱਚ ਉਨ੍ਹਾਂ ਨੂੰ ਇਨਸਾਨੀ ਬਰਾਬਰੀ ਵਾਲੇ ਰੁਤਬੇ ਦੀ ਹੱਕਦਾਰੀ ਦੇ ਲਾਇਕ ਨਹੀਂ ਮੰਨਿਆ ਜਾ ਸਕਣਾ। ਇਸੇ ਲਈ ਔਖ ਨਾਲ ਜਮਾਏ ਅੱਡੇ ਛੱਡ ਕੇ ਜਾਨਾਂ ਦਾ ਖਤਰਾ ਸਹੇੜ ਕੇ ਵਤਨ ਵੱਲ ਵਾਪਸ ਕਾਫਲੇ ਬੰਨ੍ਹ ਕੇ ਤੁਰ ਪਏ। ਉਨ੍ਹਾਂ ਵਿੱਚੋਂ ਕਿੰਨੇ ਜਣੇ ਫਾਂਸੀਆਂ ਉੱਤੇ ਟੰਗ ਦਿੱਤੇ ਗਏ ਸਨ, ਕਿੰਨੇ ਜੇਲ੍ਹਾਂ ਦੀ ਸਖਤੀ ਝੱਲਦੇ ਹੋਏ ਉਮਰ ਦਾ ਪੰਧ ਮੁਕਾ ਕੇ ਵੀ ਵਤਨ ਦੀ ਸੁੱਖ ਮੰਗਦੇ ਤੁਰ ਗਏ! ਅਸੀਂ ਸਾਰੇ ਦੇਣਦਾਰ ਹਾਂ ਉਨ੍ਹਾਂ ਮਹਾਨ ਲੋਕਾਂ ਦੇ।
ਦੂਸਰਾ ਮਾਮਲਾ ਕੈਲੰਡਰ ਪੱਖੋਂ ਭਾਵੇਂ ਬਾਕੀ ਸਭ ਤੋਂ ਬਾਅਦ ਦਾ ਮੰਨ ਲਈਏ, ਦਿੱਲੀ ਵਿੱਚ ਮਾਰੇ ਗਏ ਸਿੱਖਾਂ ਦੇ ਬਹਾਨੇ ਸਿਆਸਤ ਹੋਣਾ ਉਸ ਨੂੰ ਪਹਿਲੇ ਥਾਂ ਲਿਆ ਰੱਖਦਾ ਹੈ। ਇਸ ਵਿੱਚ ਸ਼ੱਕ ਨਹੀਂ ਕਿ ਇੰਦਰਾ ਗਾਂਧੀ ਦਾ ਕਤਲ ਹੋਣ ਮਗਰੋਂ ਕਾਂਗਰਸੀ ਲੀਡਰਾਂ ਨੇ ਸਿੱਖਾਂ ਵਿਰੁੱਧ ਦਿੱਲੀ ਦੇ ਲੋਕਾਂ ਨੂੰ ਉਕਸਾਇਆ ਅਤੇ ਬੇਤਹਾਸ਼ਾ ਕਤਲੇਆਮ ਪਿੱਛੋਂ ਪ੍ਰਧਾਨ ਮੰਤਰੀ ਬਣ ਚੁੱਕੇ ਰਾਜੀਵ ਗਾਂਧੀ ਨੇ ਇਸ ਕਤਲੇਆਮ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਣ ਦਾ ਯਤਨ ਕੀਤਾ ਸੀ ਕਿ ‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ।’ ਉਸਦੇ ਇਸ ਬਿਆਨ ਦੇ ਬੋਝ ਤੋਂ ਕਾਂਗਰਸ ਪਾਰਟੀ ਕਦੇ ਵੀ ਮੁਕਤ ਨਹੀਂ ਹੋ ਸਕੇਗੀ, ਪਰ ਬਾਕੀ ਰਾਜਸੀ ਧਿਰਾਂ ਨੇ ਵੀ ਇਸ ਮਾਮਲੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਵਿਖਾਈ, ਦਿੱਲੀ ਦੇ ਗਲੀਆਂ-ਬਾਜ਼ਾਰਾਂ ਵਿੱਚ ਹੋਏ ਇਸ ਖੂਨ-ਖਰਾਬੇ ਨੂੰ ਆਪੋ ਆਪਣੇ ਰਾਜਸੀ ਹਿਤਾਂ ਲਈ ਵਰਤਿਆ ਹੈ। ਕਾਂਗਰਸ ਵਿਰੋਧੀ ਹਰ ਪਾਰਟੀ ਅੱਜ ਇਹ ਕਹਿੰਦੀ ਹੈ ਕਿ ਇਸ ਖੂਨ-ਖਰਾਬੇ ਦਾ ਕਲੰਕ ਕਾਂਗਰਸ ਦੇ ਸਿਰ ਹੈ ਅਤੇ ਉਹ ਗਲਤ ਨਹੀਂ ਕਹਿ ਰਹੀ ਹੁੰਦੀ, ਪਰ ਅਗਲੀ ਗੱਲ ਵੀ ਉਹ ਕਹਿੰਦੇ ਹਨ ਕਿ ਕਾਂਗਰਸ ਨੇ ਪੀੜਿਤਾਂ ਲਈ ਇਨਸਾਫ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਹ ਠੀਕ ਕਹਿੰਦੇ ਹੋ ਸਕਦੇ ਹਨ, ਪਰ ਇਹ ਗੱਲ ਉਹ ਛੁਪਾ ਜਾਂਦੇ ਹਨ ਕਿ ਜੇ ਕਾਂਗਰਸ ਨੇ ਪੀੜਿਤਾਂ ਲਈ ਇਨਸਾਫ ਅਤੇ ਮੁੜ ਵਸੇਬੇ ਦੀ ਖਾਸ ਕੋਸ਼ਿਸ਼ ਨਹੀਂ ਕੀਤੀ ਤਾਂ ਕਾਂਗਰਸ ਦੇ ਵਿਰੋਧੀਆਂ ਨੇ ਵੀ ਗੱਲਾਂ ਹੀ ਕੀਤੀਆਂ ਹਨ, ਲਾਰੇ ਲਾਏ ਹਨ ਅਤੇ ਵਾਅਦੇ ਹੀ ਕੀਤੇ ਹਨ, ਅਮਲ ਵਿੱਚ ਉਨ੍ਹਾਂ ਵੀ ਕੁਝ ਖਾਸ ਨਹੀਂ ਕੀਤਾ। ਪੀੜਿਤ ਲੋਕਾਂ ਦੀ ਮਦਦ ਲਈ ਜਿੰਨੇ ਐਲਾਨ ਆਉਂਦੇ ਰਹੇ ਹਨ, ਜੇ ਉਨ੍ਹਾਂ ਸਭ ਐਲਾਨਾਂ ਉੱਤੇ ਅਮਲ ਕੀਤਾ ਹੁੰਦਾ ਤਾਂ ਪੀੜਿਤ ਪਰਿਵਾਰਾਂ ਨੂੰ ਅੱਜ ਤਕ ਦਿੱਲੀ ਦੀਆਂ ਸੜਕਾਂ ਉੱਤੇ ਇਨਸਾਫ ਮੰਗਣ ਲਈ ਕੂਕਦੇ ਅਸੀਂ ਨਾ ਦੇਖਦੇ। ਉਹ ਤਾਂ ਅੱਜ ਵੀ ਕਹਿੰਦੇ ਹਨ ਕਿ ਨਾ ਕਤਲਾਂ ਦਾ ਨਿਆਂ ਮਿਲਿਆ, ਨਾ ਹੋਏ ਨੁਕਸਾਨ ਦੀ ਕਦੇ ਭਰਪਾਈ ਹੋਈ। ਅੱਖਾਂ ਪੁੰਝਾਉਣ ਵਾਸਤੇ ਕਦੇ-ਕਦਾਈਂ ਛੋਟੀ-ਮੋਟੀ ਗਰਾਂਟ ਜਾਂ ਰਿਆਇਤ ਦੇ ਛੱਡਣਾ ਇਨਸਾਫ ਕਰਨਾ ਜਾਂ ਨੁਕਸਾਨ ਦੀ ਭਰਪਾਈ ਕਰਨਾ ਨਹੀਂ ਹੁੰਦਾ।
ਇਹ ਕੁਝ ਸਿਰਫ ਸਿੱਖਾਂ ਦੇ ਕੇਸ ਵਿੱਚ ਜਾਂ ਦਿੱਲੀ ਦੇ ਕਤਲੇਆਮ ਦੇ ਸੰਬੰਧ ਵਿੱਚ ਨਹੀਂ ਹੁੰਦਾ ਰਿਹਾ, ਭਾਰਤ ਦੀ ਕਿਸੇ ਵੀ ਨੁੱਕਰ ਵਿੱਚ ਕਿਸੇ ਕਮਜ਼ੋਰ ਧਿਰ ਉੱਤੇ ਭਾਰੂ ਧਿਰ ਦੇ ਜਨੂੰਨੀਆਂ ਵੱਲੋਂ ਕੀਤੇ ਗਏ ਕਿਸੇ ਵੀ ਹਮਲੇ ਅਤੇ ਕਿਸੇ ਵੀ ਕਤਲੇਆਮ ਦੇ ਮਾਮਲੇ ਵਿੱਚ ਇਨਸਾਫ ਨਹੀਂ ਮਿਲ ਸਕਿਆ। ਗੁਜਰਾਤ ਦੀ ਗੱਲ ਤਾਂ ਹਰ ਕੋਈ ਕਹੀ ਜਾਂਦਾ ਹੈ, ਇਸ ਤੋਂ ਇਲਾਵਾ ਕਿੱਥੇ ਕੀ ਹੁੰਦਾ ਰਿਹਾ, ਸਾਰਾ ਕੁਝ ਰਿਕਾਰਡਾਂ ਵਿੱਚ ਦੱਬਿਆ ਲੱਭਣਾ ਪੈਂਦਾ ਹੈ। ਦੇਸ਼ ਆਜ਼ਾਦ ਹੋਏ ਨੂੰ ਮਸਾਂ ਪੰਦਰਾਂ ਸਾਲ ਹੁੰਦੇ ਪਏ ਸਨ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਬਹੁ-ਗਿਣਤੀ ਧਰਮ ਦੇ ਜਨੂੰਨੀਆਂ ਨੇ ਦੇਸ਼ ਦੀ ਸਭ ਤੋਂ ਵੱਡੀ ਘੱਟ-ਗਿਣਤੀ ਵਾਲਿਆਂ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਫਿਰ ਮੁੰਬਈ, ਭਿਵੰਡੀ ਜਾਂ ਅਲੀਗੜ੍ਹ ਅਤੇ ਜਮਸ਼ੇਦਪੁਰ ਦੇ ਦੰਗਿਆਂ ਦੀਆਂ ਕਹਾਣੀਆਂ ਵੀ ਆਜ਼ਾਦ ਭਾਰਤ ਦੇ ਇਤਿਹਾਸ ਦੇ ਕਲੰਕਤ ਕਾਂਡ ਹਨ, ਜਿਨ੍ਹਾਂ ਵਿੱਚ ਮਾਰੇ ਗਏ ਜਾਂ ਉਜਾੜੇ ਗਏ ਲੋਕਾਂ ਦੇ ਵਾਰਸ ਪੀੜ੍ਹੀ-ਦਰ-ਪੀੜ੍ਹੀ ਉਸ ਦਰਦ ਦੀ ਟੀਸ ਸਹਾਰਦੇ ਅਤੇ ਵਕਤ ਦੀਆਂ ਚੋਭਾਂ ਖਾਈ ਜਾਂਦੇ ਹਨ। ਬਹੁਤ ਸਾਰੇ ਇਹੋ ਜਿਹੇ ਲੋਕ ਹਨ, ਜਿਹੜੇ ਸਾਹਮਣੇ ਖੜ੍ਹੇ ਕਾਤਲ ਨੂੰ ਦੇਖ ਕੇ ਵੀ ਕਾਤਲ ਕਹਿਣ ਤੋਂ ਇਸ ਕਰ ਕੇ ਝਿਜਕ ਜਾਂਦੇ ਹਨ ਕਿ ਪਰਿਵਾਰ ਦੇ ਪਹਿਲੇ ਜਿਹੜੇ ਲੋਕ ਮਾਰੇ ਗਏ ਸਨ, ਉਹ ਮਾਰੇ ਜਾਣ ਪਿੱਛੋਂ ਕਾਤਲ ਵੱਲ ਕੀਤੀ ਉਂਗਲ ਕਿਧਰੇ ਬਾਕੀ ਪਰਿਵਾਰ ਲਈ ਮੁਸੀਬਤ ਪੈਦਾ ਨਾ ਕਰ ਦੇਵੇ। ਅੱਖੀਂ ਦੇਖ ਕੇ ਮੱਖੀ ਖਾਧੀ ਨਾ ਜਾਣ ਦੀ ਗੱਲ ਤਾਂ ਕਰਨੀ ਸੌਖੀ ਹੈ, ਸਾਹਮਣੇ ਖੜ੍ਹਾ ਪਰਿਵਾਰ ਦੇ ਜੀਆਂ ਦਾ ਕਾਤਲ ਦੇਖ ਕੇ ਕਾਤਲ ਕਹਿਣ ਦੀ ਹਿੰਮਤ ਨਾ ਕਰਨਾ ਕੋਈ ਬੁਜ਼ਦਿਲੀ ਨਹੀਂ, ਬਾਕੀ ਬਚਦੇ ਪਰਿਵਾਰ ਨੂੰ ਉਨ੍ਹਾਂ ਪੁਰਾਣੀਆਂ ਗਿਰਝਾਂ ਦੇ ਕਹਿਰ ਤੋਂ ਬਚਾਈ ਰੱਖਣ ਵਾਲਾ ਹੀਲਾ ਸਮਝਣਾ ਚਾਹੀਦਾ ਹੈ। ਦੇਸ਼ ਆਜ਼ਾਦ ਹੁੰਦੇ ਹੋਏ ਵੀ ਬੁੱਲ੍ਹ ਸੀਤੇ ਹੋਏ ਹਨ, ਮੂੰਹ ਖੋਲ੍ਹਣਾ ਔਖਾ ਜਾਪਦਾ ਹੈ।
ਰਾਜਨੀਤੀ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਜਿਸ ਚਾਲ ਨਾਲ ਚੱਲਣਾ ਚਾਹੁੰਦੀ ਹੈ, ਆਗੂ ਦੀ ਸੋਚ ਨਾਲੋਂ ਵੱਧ ਆਗੂ ਦੀ ਰਾਜਸੀ ਖਾਹਿਸ਼ ਮੁਤਾਬਿਕ ਆਪਣਾ ਰਸਤਾ ਬਣਾ ਲੈਂਦੀ ਹੈ ਅਤੇ ਅਸੀਂ ਲੋਕ ਇਹ ਚਰਚਾ ਕਰ ਛੱਡਦੇ ਹਾਂ ਕਿ ਫਲਾਣਾ ਆਗੂ ਲੋਕਾਂ ਦਾ ਚਹੇਤਾ ਹੋਣ ਕਾਰਨ ਸੱਤਾ ਸੰਭਾਲਣ ਵਿੱਚ ਕਾਮਯਾਬ ਹੋ ਗਿਆ ਹੈ। ਹਕੀਕਤ ਦਾ ਸਾਨੂੰ ਕਿਹੜਾ ਪਤਾ ਨਹੀਂ ਕਿ ਅਸਲੀਅਤ ਤੋਂ ਬਾਈਪਾਸ ਲੰਘ ਕੇ ਲੋਕਾਂ ਨੂੰ ਇਹੋ ਜਿਹੇ ਮਿੱਠੇ ਲਾਰੇ ਅਤੇ ਸੁਹਾਵਣੇ ਸੁਪਨੇ ਪਰੋਸੇ ਜਾਂਦੇ ਹਨ ਕਿ ਉਨ੍ਹਾਂ ਨੂੰ ਬਾਕੀ ਸਭ ਕੁਝ ਊਣਾ-ਪੌਣਾ ਜਾਪਣ ਲਗਦਾ ਹੈ। ਇੱਕ ਵੱਡੇ ਵਿਅੰਗਕਾਰ ਦਾ ਦੋ ਹਿੱਸਿਆਂ ਦਾ ਇੱਕ ਕਾਰਟੂਨ ਸਕੈੱਚ ਮੀਡੀਏ ਨੇ ਛਾਪਿਆ ਹੈ। ਪਹਿਲੇ ਹਿੱਸੇ ਵਿੱਚ ਮਰਿਆ ਪਿਆ ਇੱਕ ਆਦਮੀ ਰੇਡੀਓ ਤੋਂ ਇੱਕ ਸਿਆਸੀ ਪਾਰਟੀ ਦਾ ਚੁਟਕਲਿਆਂ ਵਰਗਾ ਮੈਨੀਫੈਸਟੋ ਸੁਣ ਕੇ ਹੱਸਦਾ ਹੋਇਆ ਉੱਠ ਪੈਂਦਾ ਹੈ, ਪਰ ਦੂਜੀ ਪਾਰਟੀ ਦਾ ਉਸ ਨਾਲੋਂ ਵੱਧ ਚੁਟਕਲਿਆਂ ਵਰਗਾ ਮੈਨੀਫੈਸਟੋ ਸੁਣ ਕੇ ਇੰਨਾ ਹੱਸਦਾ ਹੈ ਕਿ ਉਹ ਫਿਰ ਮਰ ਜਾਂਦਾ ਹੈ। ਹਰ ਚੋਣ ਮੌਕੇ ਸੱਤਾ ਲਈ ਦੌੜਨ ਵਾਲੀ ਹਰ ਪਾਰਟੀ ਇੱਦਾਂ ਦੇ ਮੈਨੀਫੈਸਟੋ ਪੇਸ਼ ਕਰਦੀ ਹੈ ਕਿ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੂੰ ਹੱਸਣਾ ਚਾਹੀਦਾ ਹੈ ਕਿ ਰੋਣਾ ਚਾਹੀਦਾ ਹੈ ਅਤੇ ਜਦੋਂ ਇਹੋ ਜਿਹੀ ਹਾਲਤ ਬਣ ਜਾਂਦੀ ਹੈ, ਫਿਰ ਉਹ ਅਕਲ ਦੇ ਘੋੜੇ ਦੁੜਾਉਣ ਦੀ ਬਜਾਏ ‘ਜਿਸ ਲਾਈ ਗੱਲੀਂ, ਉਸੇ ਨਾਲ ਤੁਰ ਚੱਲੀ’ ਦੇ ਮੁਹਾਵਰੇ ਮੁਤਾਬਿਕ ਜਿਹੜਾ ਲਾਰਿਆਂ ਦੇ ਗੱਫੇ ਵੱਧ ਵੰਡਦਾ ਜਾਪਦਾ ਹੈ, ਉਹ ਉਸੇ ਦੀ ਖਾਹਿਸ਼ ਪੂਰਤੀ ਵਾਲੇ ਚੋਣ ਨਿਸ਼ਾਨ ਦਾ ਬਟਨ ਦੱਬਣ ਲਈ ਤੁਰ ਪੈਂਦੇ ਹਨ। ਨਤੀਜਾ ਫਿਰ ਇਹ ਨਿਕਲਦਾ ਹੈ ਕਿ ਰੇਗਿਸਤਾਨ ਵਿੱਚ ਜਿਵੇਂ ਦੂਰ ਪਾਣੀ ਦੀ ਝਲਕ ਦੇਖ ਕੇ ਕੋਈ ਮਿਰਗ ਉੱਧਰ ਨੂੰ ਦੌੜਦਾ ਹੈ, ਉੱਥੇ ਜਾ ਕੇ ਪਤਾ ਲਗਦਾ ਹੈ ਕਿ ਪਾਣੀ ਨਹੀਂ, ਐਵੇਂ ਰੇਤ ਚਮਕਾਂ ਮਾਰਦੀ ਸੀ, ਫਿਰ ਰੇਤ ਦੀ ਇੱਕ ਨਵੀਂ ਟਿੱਬੀ ਦੇਖ ਕੇ ਉਸ ਵੱਲ ਦੌੜ ਪੈਂਦਾ ਹੈ, ਉਹੋ ਹਾਲਤ ਭਾਰਤ ਦੇ ਲੋਕਾਂ ਦੀ ਹੋਈ ਰਹਿੰਦੀ ਹੈ।
ਕਮਾਲ ਦੀ ਨਵੇਕਲੀ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਵੱਡੇ ਅਤੇ ਮਹਿੰਗੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਇਹ ਦੱਸਣ ਦਾ ਅਮਲ ਚੱਲ ਪਿਆ ਹੈ ਕਿ ਸਿਰਫ ਇਸ ਵਕਤ ਦੀ ਸਰਕਾਰ ਤੁਹਾਡੇ ਲਈ ਕੁਝ ਕਰਦੀ ਪਈ ਹੈ, ਨਾ ਪਿਛਲਿਆਂ ਵਿੱਚੋਂ ਕਿਸੇ ਨੇ ਕੁਝ ਕੀਤਾ ਸੀ ਤੇ ਨਾ ਭਵਿੱਖ ਵਿੱਚ ਕਿਸੇ ਨੇ ਕੁਝ ਕਰ ਸਕਣਾ ਹੈ। ਅਮਲ ਵਿੱਚ ਲੋਕਾਂ ਪੱਲੇ ਜਦੋਂ ਕੁਝ ਨਹੀਂ ਪੈਂਦਾ ਤਾਂ ਅਵਾਜ਼ਾਰ ਹੋਏ ਉਨ੍ਹਾਂ ਦੇ ਮਨ ਕਿਸੇ ਹੋਰ ਇੱਦਾਂ ਦੇ ਨੇਤਾ ਮਗਰ ਲੱਗਣ ਦੀ ਸੋਚਣ ਲਗਦੇ ਹਨ, ਜਿਹੜਾ ਪਾਣੀ ਲੱਭਣ ਦੀ ਝਲਕ ਵਿਖਾ ਕੇ ਤਪਦੇ ਮਾਰੂਥਲ ਵਿੱਚ ਦੌੜਾਂ ਲਾਉਂਦੇ ਹਿਰਨ ਦਾ ਰਹਿੰਦਾ ਸਾਹ ਵੀ ਸੁਕਾ ਦਿੰਦਾ ਹੈ। ਜੇ ਇੱਕ ਵਾਰੀ ਸੰਪੂਰਨ ਇਨਕਲਾਬ ਦਾ ਨਾਅਰਾ ਦੇਣ ਵਾਲਾ ਜੈ ਪ੍ਰਕਾਸ਼ ਨਾਰਾਇਣ ਭਾਰਤ ਦੇ ਲੋਕਾਂ ਦਾ ‘ਲੋਕ ਨਾਇਕ’ ਬਣ ਜਾਂਦਾ ਹੈ ਤਾਂ ਦੂਸਰੀ ਵਾਰੀ ਰਾਲੇਗਣ ਸਿੱਧੀ ਪਿੰਡ ਦਾ ਬਾਬੂਰਾਉ ਹਜ਼ਾਰੇ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਨਾਅਰੇ ਨਾਲ ਭਾਰਤੀ ਲੋਕਾਂ ਦਾ ਅੰਨ੍ਹਾ ਬਾਪੂ ਬਣ ਜਾਂਦਾ ਹੈ ਤੇ ਸੁੱਤੇ ਪਏ ਲੋਕ ਜਗਾ ਕੇ ਆਪ ਫਿਰ ਰਾਲੇਗਣ ਸਿੱਧੀ ਦੇ ਆਸ਼ਰਮ ਵਿੱਚ ਜਾ ਬਹਿੰਦਾ ਹੈ। ਉਹ ਫਿਰ ਕਦੀ ਇਹ ਦੇਖਣ ਨਹੀਂ ਆਇਆ ਕਿ ਜਿਹੜੇ ਲੋਕਾਂ ਨੂੰ ਉਸਨੇ ਇੱਕ ਸੁਪਨਾ ਵਿਖਾਇਆ ਸੀ, ਲੋਕ-ਸ਼ਕਤੀ ਦੀ ਝਲਕ ਦਿਖਾ ਕੇ ਦੇਸ਼ ਦੀ ਪਾਰਲੀਮੈਂਟ ਨੂੰ ਅੱਧੀ ਰਾਤ ਤਕ ਬੈਠੇ ਰਹਿਣ ਅਤੇ ਮਤਾ ਪਾਸ ਕਰ ਕੇ ਉੱਠਣ ਲਈ ਮਜਬੂਰ ਕਰ ਦਿੱਤਾ ਸੀ, ਬਾਅਦ ਵਿੱਚ ਉਸ ਮਤੇ ਉੱਤੇ ਅਮਲ ਹੋਇਆ ਕਿ ਨਹੀਂ! ਉਹ ਸੋਚਦਾ ਹੈ ਕਿ ਇਤਿਹਾਸ ਦੇ ਇੱਕ ਮੋੜ ਦੀ ਲੋੜ ਸੀ ਕਿ ਵਿਨੋਬਾ ਭਾਵੇ, ਜੈ ਪ੍ਰਕਾਸ਼ ਨਾਰਾਇਣ ਅਤੇ ਹੋਰਨਾਂ ਵਾਂਗ ਇੱਕ ਬਾਪੂ ਹੋਰ ਅੱਗੇ ਆਵੇ ਅਤੇ ਇੰਨੀ ਜ਼ਿੰਮੇਵਾਰੀ ਉਹ ਪੂਰੀ ਨਿਭਾ ਚੁੱਕਾ ਹੈ, ਅਗਲਾ ਕੰਮ ਲੋਕ ਜਾਣਨ ਅਤੇ ਦੇਸ਼ ਦੀ ਸਰਕਾਰ ਜਾਣੇ, ਉਸਦੀ ਕੋਈ ਜ਼ਿੰਮੇਵਾਰੀ ਨਹੀਂ।
ਸਿਆਸੀ ਮਹਾਰਥੀਆਂ ਦੀ ਲੋੜ ਪੂਰੀ ਕਰਨ ਪਿੱਛੋਂ ਆਪਣੇ ਕਾਰੋਬਾਰੀ ਹਿਤਾਂ ਲਈ ਸਰਕਾਰਾਂ ਨੂੰ ਵਰਤਣ ਵਾਲੇ ਰਾਮਦੇਵ ਵਰਗੇ ਯੋਗੀ ਵੇਸ ਵਾਲੇ ਬੰਦੇ ਵੀ ਮੀਡੀਏ ਦੇ ਇੱਕ ਵਰਗ ਦੀ ਮਦਦ ਨਾਲ ਭਾਰਤ ਦੀ ਜਨਤਾ ਵਿੱਚ ਇੱਦਾਂ ਦਾ ਉਬਾਲਾ ਲਿਆ ਦਿੰਦੇ ਹਨ। ਪਹਿਲਾਂ ਧਰਨਾ ਦੇਣ ਅਤੇ ਫਿਰ ਜਾਨ ਬਚਾ ਕੇ ਭੱਜ ਜਾਣ ਮਗਰੋਂ ਮਰਨ ਵਰਤ ਰੱਖਣ ਵਰਗਾ ਨਾਟਕ ਉਸਨੇ ਇੰਨੀ ਸਫਲਤਾ ਨਾਲ ਕੀਤਾ ਕਿ ਲੋਕ ਅੱਸ਼-ਅੱਸ਼ ਕਰ ਉੱਠੇ ਸਨ, ਪਰ ਜਦੋਂ ਉਸ ਵੱਲੋਂ ਕੀਤੇ ਨਾਟਕ ਦੇ ਅਸਰ ਬਾਰੇ ਪੁੱਛਿਆ ਗਿਆ ਤਾਂ ਪੁੱਛਣ ਵਾਲੇ ਨੂੰ ਗਾਲ੍ਹਾਂ ਵਰਗੀ ਭਾਸ਼ਾ ਵਿੱਚ ਜਵਾਬ ਦਿੰਦਾ ਸੁਣਾਈ ਦਿੰਦਾ ਸੀ। ਇਸ ਦੇਸ਼ ਦੀ ਖੁਸ਼ਕਿਸਮਤੀ ਹੈ ਕਿ ਲੋਕਾਂ ਨੇ ਮੁਹਾਵਰਾ ਇਹ ਸੁਣ ਰੱਖਿਆ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਪਰ ਜਦੋਂ ਕੋਈ ਢੌਂਗ ਰਚ ਕੇ ਸੋਨੇ ਵਰਗੀ ਚਮਕ ਦਿਖਾਉਂਦਾ ਹੈ ਤਾਂ ਇਹ ਮੁਹਾਵਰਾ ਭੁੱਲ ਕੇ ਉਸ ਪਿੱਛੇ ਤੁਰ ਪੈਂਦੇ ਹਨ ਅਤੇ ਪੱਥਰ ਚੱਟ ਕੇ ਮੱਛੀ ਦੇ ਮੁੜਨ ਵਾਂਗ ਉਸਦਾ ਮੁਲੰਮਾ ਲੱਥ ਜਾਣ ਤਕ ਨਾਲ ਜੁੜੇ ਰਹਿੰਦੇ ਹਨ। ਜਦੋਂ ਤਕ ਲੋਕ ਸੋਨੇ ਅਤੇ ਉਹਦੀ ਚਮਕ ਵਰਗੀ ਚਮਕ ਮਾਰਦੇ ਨਕਲੀ ਮਾਲ ਵਾਂਗ ਭਾਰਤ ਦੀ ਰਾਜਨੀਤੀ ਵਿਚਲੇ ਨਕਲੀ ਲੋਕ-ਹਿਤੈਸ਼ੀਆਂ ਨੂੰ ਪਛਾਣਨ ਦਾ ਹੁਨਰ ਨਹੀਂ ਸਿੱਖਣਗੇ, ਉਹ ਇਸੇ ਤਰ੍ਹਾਂ ਲੁੱਟੇ ਜਾਂਦੇ ਰਹਿਣਗੇ। ਪਤਾ ਨਹੀਂ ਕਦੋਂ ਤਕ ਹੁੰਦਾ ਰਹੇਗਾ ਇਸ ਤਰ੍ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (