“ਪਿਛਲੇ ਦਿਨੀਂ ਕੁਝ ਭਾਜਪਾ ਲੀਡਰਾਂ ਨਾਲ ਨਿੱਜੀ ਪੱਧਰ ਦੀਆਂ ਗੱਲਾਂ ਦੌਰਾਨ ਉਨ੍ਹਾਂ ਨੂੰ ਜਦੋਂ ...”
(1 ਅਗਸਤ 2025)
ਅਗਲੇ ਦਿਨ ਪੰਜਾਬ ਦੀ ਭਵਿੱਖ ਦੀ ਰਾਜਨੀਤੀ ਲਈ ਬੜੇ ਫੈਸਲਾਕੁਨ ਸਾਬਤ ਹੋ ਸਕਦੇ ਹਨ। ਬੀਤੇ ਹਫਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਆਪਣੇ ਇੱਕ ਬਿਆਨ ਨਾਲ ਇਸਦਾ ਸੰਕੇਤ ਪੰਜਾਬ ਦੇ ਲੋਕਾਂ ਨੂੰ ਕਾਫੀ ਹੱਦ ਤਕ ਪੁਚਾ ਚੁੱਕੇ ਹਨ, ਜਦੋਂ ਉਨ੍ਹਾਂ ਸਪਸ਼ਟ ਕਹਿ ਦਿੱਤਾ ਸੀ ਕਿ ਅਗਲੀਆਂ ਚੋਣਾਂ ਲਈ ਅਕਾਲੀ ਦਲ ਨਾਲ ਭਾਜਪਾ ਇੱਕ ਵਾਰ ਫਿਰ ਚੋਣ ਗੱਠਜੋੜ ਕਰ ਸਕਦੀ ਹੈ। ਇਸੇ ਹਫਤੇ ਇਸ ਪਾਰਟੀ ਨੇ ਪੰਜਾਬ ਵਾਸਤੇ ਇੱਕ ਕਾਰਜਕਾਰੀ ਪ੍ਰਧਾਨ ਬਣਾਇਆ ਅਤੇ ਉਸਦੀ ਤਾਜਪੋਸ਼ੀ ਵੀ ਕਰ ਦਿੱਤੀ ਤਾਂ ਫਿਰ ਉਸ ਪ੍ਰਧਾਨ ਦਾ ਬਿਆਨ ਆ ਗਿਆ ਕਿ ਭਾਜਪਾ ਦਾ ਅਗਲੀਆਂ ਚੋਣਾਂ ਵਿੱਚ ਅਕਾਲੀਆਂ ਨਾਲ ਗੱਠਜੋੜ ਕਰਨ ਦਾ ਕੋਈ ਖਿਆਲ ਨਹੀਂ। ਬਹੁਤ ਸਾਰੇ ਪੱਤਰਕਾਰਾਂ ਅਤੇ ਰਾਜਸੀ ਆਗੂਆਂ ਦੇ ਬਿਆਨ ਆਏ ਹਨ ਕਿ ਭਾਜਪਾ ਦਾ ਪ੍ਰਧਾਨ ਤੇ ਨਵਾਂ ਬਣਾਇਆ ਕਾਰਜਕਾਰੀ ਪ੍ਰਧਾਨ ਇੱਕ ਦੂਸਰੇ ਦੇ ਉਲਟ ਬਿਆਨ ਦਾਗੀ ਜਾਂਦੇ ਹਨ ਅਤੇ ਇਸ ਤੋਂ ਲਗਦਾ ਹੈ ਕਿ ਅਕਾਲੀ ਦਲ ਨਾਲ ਸਮਝੌਤਾ ਕਰਨ ਜਾਂ ਨਾ ਕਰਨ ਦੇ ਮੁੱਦੇ ਉੱਤੇ ਪਾਰਟੀ ਅੰਦਰ ਕਾਫੀ ਗਹਿਰੇ ਮੱਤਭੇਦ ਹੋ ਸਕਦੇ ਹਨ। ਬਹੁਤ ਸਾਰੇ ਲੋਕਾਂ ਨੂੰ ਜਿਹੜੇ ਮੱਤਭੇਦ ਇਸ ਵਿੱਚੋਂ ਨਜ਼ਰੀਂ ਪਏ ਹਨ, ਉਹ ਉਨ੍ਹਾਂ ਦਾ ਕਾਰਨ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਟਕਸਾਲੀ ਭਾਜਪਾਈ ਹੋਣ ਅਤੇ ਸੁਨੀਲ ਜਾਖੜ ਦੇ ਕਾਂਗਰਸੀ ਪਿਛੋਕੜ ਦੀ ਜੜ੍ਹ ਵਿੱਚੋਂ ਲੱਭਦੇ ਹਨ ਅਤੇ ਇਸ ਹੱਦ ਤਕ ਚਲੇ ਜਾਂਦੇ ਹਨ ਕਿ ਅਸਲ ਵਿੱਚ ਸੁਨੀਲ ਜਾਖੜ ਦੇ ਖਿਲਾਫ ਪਾਰਟੀ ਵਿੱਚ ਕੋਈ ਕਤਾਰਬੰਦੀ ਹੁੰਦੀ ਪਈ ਹੈ, ਜਿਸਦੀ ਝਲਕ ਬਿਆਨਾਂ ਵਿੱਚੋਂ ਮਿਲਦੀ ਹੋ ਸਕਦੀ ਹੈ।
ਅਸਲ ਵਿੱਚ ਇੱਦਾਂ ਦੀ ਕਿਸੇ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਅਤੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਦੌਰ ਦੀ ਅਜੋਕੀ ਭਾਰਤੀ ਜਨਤਾ ਪਾਰਟੀ ਵਿੱਚ ਕਿਸੇ ਵੀ ਲੀਡਰ ਦੀ ਇਹ ਜੁਰਅਤ ਨਹੀਂ ਕਿ ਕਿਸੇ ਹੋਰ ਪਾਰਟੀ ਵਿੱਚੋਂ ਇਸ ਪਾਰਟੀ ਵਿੱਚ ਨਵੇਂ ਆਏ ਆਗੂ ਦੇ ਪਿਛੋਕੜ ਕਾਰਨ ਉਸਦਾ ਵਿਰੋਧ ਕਰ ਸਕਣ। ਭਾਜਪਾ ਦੇ ਕਈ ਸੂਬਿਆਂ ਦੇ ਮੋਹਰੀ ਅਜੋਕੇ ਆਗੂ ਇੱਕ ਜਾਂ ਦੂਸਰੀ ਪਾਰਟੀ ਵਿੱਚੋਂ ਅਤੇ ਬਹੁਤ ਸਾਰੇ ਭਾਜਪਾ ਦੇ ਤਿੱਖੇ ਵਿਰੋਧ ਵਾਲੀ ਧਿਰ ਵਿੱਚੋਂ ਆਏ ਹੋਏ ਅਤੇ ਕਈ ਕੇਂਦਰੀ ਮੰਤਰੀ ਵੀ ਇਹੋ ਜਿਹੇ ਲੋਕ ਬਣੇ ਹੋਏ ਹਨ ਤੇ ਕਈ ਤਾਂ ਸਿੱਧਾ ਨਰਿੰਦਰ ਮੋਦੀ ਦੇ ਵਿਰੁੱਧ ਕਿਸੇ ਸਮੇਂ ਬਾਕੀਆਂ ਤੋਂ ਅੱਗੇ ਹੋ ਕੇ ਝੰਡਾ ਚੁੱਕਦੇ ਰਹੇ ਸਨ। ਗੁਜਰਾਤ ਦੇ ਦੰਗਿਆਂ ਪਿੱਛੋਂ ਹਿਮਾਚਲ ਪ੍ਰਦੇਸ਼ ਵਿੱਚ ਛੁੱਟੀ ਕੱਟਣ ਗਏ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਮਿਲਣ ਗਈ ਟੀ ਵੀ ਸੀਰੀਅਲ ਦੀ ਅਦਾਕਾਰਾ ਅਤੇ ਭਾਜਪਾ ਵਿੱਚ ਨਵੀਂ ਆਈ ਇੱਕ ਆਗੂ ਨੇ ਕਿਹਾ ਸੀ ਕਿ ਦੰਗਿਆਂ ਕਾਰਨ ਨਰਿੰਦਰ ਮੋਦੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਜੇ ਉਸਨੇ ਨਾ ਦਿੱਤਾ ਤਾਂ ਮੈਂ ਉਸ ਖਿਲਾਫ ਮਰਨ ਵਰਤ ਅਰੰਭ ਕਰ ਦਿਆਂਗੀ। ਦਿਨ ਦੋ ਨਹੀਂ ਸਨ ਨਿਕਲੇ ਅਤੇ ਸ਼ੂਟਿੰਗ ਚਲਦੀ ਰੋਕ ਕੇ ਵੱਖਰੇ ਕੈਮਰੇ ਉੱਤੇ ਉਸਦਾ ਅਫਸੋਸ ਪ੍ਰਗਟ ਕਰਨ ਦਾ ਬਿਆਨ ਲੈਣ ਪਿੱਛੋਂ ਜਾਰੀ ਕੀਤਾ ਗਿਆ ਅਤੇ ਅਗਲੇਰੇ ਦਿਨ ਨਰਿੰਦਰ ਮੋਦੀ ਨੂੰ ਜਦੋਂ ਉਹ ਸਫਾਈ ਦੇਣ ਗਈ ਤਾਂ ਉਸ ਪਿੱਛੋਂ ਕੇਂਦਰ ਦੀ ਮੰਤਰੀ ਬਣਨ ਤਕ ਉਹ ਭਾਜਪਾ ਦੀ ਨਵੀਂ ਟੀਮ ਦੀ ਮੋਹਰੀ ਮੈਂਬਰ ਵੀ ਬਣ ਚੁੱਕੀ ਸੀ। ਸਮੇਂ ਦੀ ਮਾਰ ਨਾਲ ਬੇਸ਼ਕ ਅੱਜ ਉਹ ਆਪਣਾ ਉਦੋਂ ਵਾਲਾ ਮੋਹਰੀ ਰੁਤਬਾ ਗਵਾ ਚੁੱਕੀ ਹੈ, ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਉਹਦੇ ਵਰਗੇ ਹੋਰ ਵੀ ਕਈ ਨਰਿੰਦਰ ਮੋਦੀ ਦੇ ਪੱਕੇ ਵਿਰੋਧੀ ਇਸ ਵਕਤ ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਵਿੱਚ ਮੌਜੂਦ ਹਨ ਅਤੇ ਕਈ ਹੋਰ ਇੱਧਰ ਤੁਰੇ ਆ ਰਹੇ ਹਨ।
ਭਾਜਪਾ ਦੇ ਪੁਰਾਣੇ ਕੁਝ ਆਗੂਆਂ ਨੇ ਸ਼ੁਰੂ ਵਿੱਚ ਪੰਜਾਬ ਵਿੱਚ ਸੁਨੀਲ ਜਾਖੜ ਨਾਲ ਸਹਿਯੋਗ ਤੋਂ ਪਾਸਾ ਵੱਟਿਆ ਤਾਂ ਜਾਖੜ ਨੇ ਅਸਤੀਫਾ ਦੇ ਦਿੱਤਾ ਸੀ, ਪਰ ਉਸਦੇ ਪਰਿਵਾਰ ਵਿੱਚ ਇੱਕ ਵਿਆਹ ਵੇਲੇ ਮੋਦੀ ਸਾਹਿਬ ਜਿੱਦਾਂ ਅਚਾਨਕ ਆਣ ਪਹੁੰਚੇ ਸਨ, ਉਸਨੇ ਬਾਕੀ ਸਭ ਨੂੰ ਵੀ ਉਸ ਪਿੱਛੇ ਕਤਾਰਬੰਦ ਹੋਣ ਦਾ ਇਸ਼ਾਰਾ ਕਰ ਦਿੱਤਾ ਸੀ। ਉਸਦੇ ਬਾਅਦ ਅਸ਼ਵਨੀ ਸ਼ਰਮਾ ਨੂੰ ਨਾਲ ਲਾਇਆ ਗਿਆ ਤਾਂ ਇਸਦਾ ਉਹ ਮਤਲਬ ਨਹੀਂ, ਜਿਹੜਾ ਕਾਹਲੇ ਟਿਪਣੀਕਾਰ ਕੱਢਦੇ ਹਨ। ਇਸ ਪਾਰਟੀ ਦੀ ਸ਼ੁਰੂ ਤੋਂ ਇਸ ਤਰ੍ਹਾਂ ਦੀ ਨੀਤੀ ਰਹੀ ਹੈ ਕਿ ਜੋ ਕਰਨਾ ਹੈ, ਉਹ ਸਿਰਫ ਪਾਰਟੀ ਦੀ ਸਥਾਪਤੀ ਦੇ ਵਕਤ ਅਪਣਾਏ ਗਏ ਦਸਤਾਵੇਜ਼ਾਂ ਵਿੱਚ ਰਹੇਗਾ ਜਾਂ ਇਸ ਪਾਰਟੀ ਪਿੱਛੇ ਕੰਧ ਵਾਂਗ ਖੜ੍ਹੀ ਆਰ ਐੱਸ ਐੱਸ ਦੀ ਟੀਮ ਦੇ ਮਾਰਗ ਦਰਸ਼ਕਾਂ ਦੀ ਬੋਲੀ ਤੋਂ ਝਲਕੇਗਾ, ਵਿੱਚ-ਵਿਚਾਲੇ ਕੁਝ ਪਾਰਟੀ ਆਗੂ ਕਦੇ-ਕਦੇ ਉਸ ਲੰਮੇ ਸਮੇਂ ਵਾਲੀ ਸੋਚ ਦੀ ਝਲਕ ਦੇਣ ਲਈ ਕੁਝ ਕਹਿ ਛੱਡਦੇ ਹਨ, ਸਿਆਸੀ ਨਿੱਤ-ਕਿਰਿਆ ਅਤੇ ਰਾਜਸੀ ਗੱਠਜੋੜਾਂ ਵਿੱਚ ਇਸਦੀ ਝਲਕ ਜਾਂ ਅੜਿੱਕਾ ਉਹ ਲੋਕਾਂ ਅੱਗੇ ਪੇਸ਼ ਨਹੀਂ ਹੋਣ ਦਿੰਦੇ। ਭਾਜਪਾ ਨੇ ਬਿਹਾਰ ਵਿੱਚ ਨਿਤੀਸ਼ ਕੁਮਾਰ ਦੇ ਖੰਭ ਕਿਵੇਂ ਕੁਤਰਨੇ ਸਨ ਤੇ ਫਿਰ ਕੁਤਰ ਕੇ ਉਸਦਾ ਕੱਦ ਬੌਣਾ ਵੀ ਕਰ ਦਿੱਤਾ ਸੀ, ਇਹ ਗੱਲ ਕਦੀ ਕਿਸੇ ਭਾਜਪਾ ਆਗੂ ਨੇ ਮੂੰਹੋਂ ਨਹੀਂ ਸੀ ਕਹੀ ਤੇ ਜਦੋਂ ਤਕ ਇਹ ਸਭ ਵਾਪਰ ਨਹੀਂ ਗਿਆ, ਨਿਤੀਸ਼ ਕੁਮਾਰ ਨੂੰ ਇਸਦਾ ਅਹਿਸਾਸ ਵੀ ਨਹੀਂ ਸੀ। ਦਹਾਕਿਆਂ ਦੀ ਸਾਂਝ ਰੱਖਣ ਦੌਰਾਨ ਭਾਜਪਾ ਆਗੂਆਂ ਨੇ ਸ਼ਿਵ ਸੈਨਾ ਆਗੂਆਂ ਨੂੰ ਕਦੇ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਉਨ੍ਹਾਂ ਦੇ ਪੈਰਾਂ ਹੇਠੋਂ ਕਿਸ ਤਰ੍ਹਾਂ ਜ਼ਮੀਨ ਖਿਸਕੀ ਜਾਂਦੀ ਸੀ ਤੇ ਜਦੋਂ ਝਟਕਾ ਦਿੱਤਾ ਤਾਂ ਉਹ ਸੰਭਲ ਨਹੀਂ ਸੀ ਸਕੇ। ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਆਪਣੀ ਅਗੇਤ ਲਈ ਭਾਜਪਾ ਨੂੰ ਆਪਣਾ ਸਾਥੀ ਸਮਝਦੀ ਰਹੀ ਤੇ ਭਾਜਪਾ ਉਸ ਨੂੰ ਰਾਜ ਤੋਂ ਲਾਂਭੇ ਭਾਵੇਂ ਪਿਛਲੀ ਵਾਰ ਨਹੀਂ ਕਰ ਸਕੀ, ਪਰ ਅਗਲੀ ਵਾਰ ਉਸਦਾ ਜਿੱਤਣਾ ਕਈ ਸਵਾਲੀਆ ਨਿਸ਼ਾਨਾਂ ਹੇਠ ਲਿਆਉਣ ਦਾ ਕੰਮ ਉਹ ਕਰ ਚੁੱਕੀ ਹੈ। ਇਸ ਵਿੱਚ ਮਮਤਾ ਬੈਨਰਜੀ ਦੀ ਭੁੱਲ ਸੀ ਕਿ ਉਹ ਆਪਣੇ ਨਾਲ ਲੱਗੇ ਭਾਜਪਾ ਦੇ ਸੰਪਰਕਾਂ ਨੂੰ ਪਛਾਣਨ ਜੋਗੀ ਸਾਬਤ ਨਹੀਂ ਹੋਈ ਤੇ ਆਪਣਾ ਸੱਜਾ ਹੱਥ ਸ਼ੁਵੇਂਦੂ ਅਧਿਕਾਰੀ ਨੂੰ ਮੰਨਦੀ ਰਹੀ, ਜਿਹੜਾ ਭਾਜਪਾ ਦੀ ਸਾਰੀ ਸਿਆਸੀ ਖੇਡ ਦਾ ਕੇਂਦਰੀ ਮੋਹਰਾ ਹੁੰਦਾ ਸੀ। ਫਿਰ ਸ਼ੁਵੇਂਦੂ ਅਧਿਕਾਰੀ ਉਸ ਪਾਰਟੀ ਦਾ ਉਸ ਰਾਜ ਵਿਚਲਾ ਮੁਖੀ ਆਗੂ ਬਣ ਗਿਆ, ਜਿਸ ਬਾਰੇ ਉਹ ਕਈ ਸਾਲ ਮਮਤਾ ਬੈਨਰਜੀ ਦੇ ਸਹਾਇਕ ਵਜੋਂ ਵਿਰੋਧ ਦਾ ਸਾਂਗ ਕਰਦਾ ਰਿਹਾ ਤੇ ਅੰਦਰੋਂ ਹਰ ਗੱਲ ਭਾਜਪਾ ਦੇ ਦਫਤਰੋਂ ਤੈਅ ਨੀਤੀ ਮੁਤਾਬਕ ਕਰਦਾ ਅਤੇ ਕਰਵਾਉਂਦਾ ਆਇਆ ਸੀ।
ਪੰਜਾਬ ਦੀ ਹਾਲਤ ਇਸ ਤੋਂ ਵੱਖ ਨਹੀਂ ਸਮਝਣੀ ਚਾਹੀਦੀ। ਇੱਥੇ ਸੁਨੀਲ ਜਾਖੜ ਜਦੋਂ ਅਕਾਲੀ ਦਲ ਨਾਲ ਜੁੜਨ ਦੀ ਗੱਲ ਕਰਨ ਤਾਂ ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਤੋਂ ਪੁੱਛੇ ਬਿਨਾਂ ਨਹੀਂ ਕਰ ਸਕਦੇ ਤੇ ਅਸ਼ਵਨੀ ਸ਼ਰਮਾ ਵੀ ਅਕਾਲੀ ਦਲ ਨਾਲ ਗੱਠਜੋੜ ਦਾ ਵਿਰੋਧ ਉਤਲੀ ਪ੍ਰਵਾਨਗੀ ਬਿਨਾਂ ਕਦੀ ਨਹੀਂ ਕਰ ਸਕਦੇ। ਅਕਾਲੀ ਲੀਡਰਸ਼ਿੱਪ ਮੌਜੂਦਾ ਹਾਲਾਤ ਵਿੱਚ ਆਪਣੇ ਘਰ ਦੇ ਝੇੜੇ ਨਜਿੱਠਣ ਜੋਗੀ ਨਹੀਂ ਤੇ ਪ੍ਰਧਾਨਗੀ ਨੂੰ ਚੰਬੜਿਆ ਰਹਿਣ ਲਈ ਸੰਘਰਸ਼ ਕਰਦਾ ਪਿਆ ਇਸਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹੋ ਜਿਹੇ ਦਾਅ ਕਦੇ ਸੋਚ ਵੀ ਨਹੀਂ ਸਕਦਾ। ਭਾਜਪਾ ਲੀਡਰਸ਼ਿੱਪ ਦੀ ਸੋਚੀ-ਸਮਝੀ ਨੀਤੀ ਇਹ ਲਗਦੀ ਹੈ ਕਿ ਅਕਾਲੀ ਆਗੂਆਂ ਨੂੰ ਸਮਝੌਤਾ ਹੋਣ ਦਾ ਲਾਲੀਪਾਪ ਵਿਖਾਈ ਜਾਣਾ ਤੇ ਸਪਸ਼ਟ ਗੱਲ ਵੀ ਨਹੀਂ ਕਰਨੀ, ਜਦੋਂ ਤਕ ਅਗਲੀ ਵਿਧਾਨ ਸਭਾ ਚੋਣ ਨੇੜੇ ਨਹੀਂ ਆ ਜਾਂਦੀ। ਅਗਲੇ ਡੇਢ ਸਾਲ ਦੌਰਾਨ ਹਾਲਾਤ ਕਿੱਧਰ ਜਾਣਗੇ, ਅੱਜ ਦੀ ਘੜੀ ਕੋਈ ਕਹਿ ਨਹੀਂ ਸਕਦਾ, ਪਰ ਭਾਜਪਾ ਲੀਡਰਸ਼ਿੱਪ ਸਾਰੇ ਬਦਲਾਂ ਬਾਰੇ ਸੋਚ ਕੇ ਚੱਲ ਰਹੀ ਹੈ ਅਤੇ ਫਿਰ ਸਮਝੌਤਾ ਹੋਣ ਜਾਂ ਨਾ ਹੋਣ ਦੀ ਹਾਲਤ ਵਿੱਚ ਕਦੋਂ ਕੀ ਕਰਨਾ ਹੈ, ਇਸ ਬਾਰੇ ਵੀ ਸਪਸ਼ਟ ਹੈ।
ਭਾਜਪਾ ਨਾਲ ਜਿਹੜਾ ਪਿਛਲਾ ਗੱਠਜੋੜ ਕਿਸਾਨ ਮੋਰਚੇ ਦੇ ਦਬਾਅ ਹੇਠ ਅਕਾਲੀ ਦਲ ਨੂੰ ਤੋੜਨਾ ਪੈ ਗਿਆ ਸੀ, ਉਸ ਤੋਂ ਪਹਿਲਾਂ ਦੇ ਹਾਲਾਤ ਬਹੁਤੇ ਲੋਕਾਂ ਨੂੰ ਯਾਦ ਨਹੀਂ। ਲੰਮੇ ਸਮੇਂ ਦੀ ਬਦਅਮਨੀ ਤੋਂ ਬਾਅਦ ਪੰਜਾਬ ਮਸਾਂ ਅਮਨ ਦੇ ਰਾਹ ਉੱਤੇ ਮੁੜਿਆ ਸੀ। ਐਮਰਜੈਂਸੀ ਪਿੱਛੋਂ ਜਿੱਦਾਂ ਦੀ ਸਾਂਝ ਅਕਾਲੀ ਦਲ ਅਤੇ ਉਦੋਂ ਵਾਲੀ ਜਨ ਸੰਘ ਤੋੜਨ ਦੇ ਬਾਅਦ ਬਣੀ ਜਨਤਾ ਪਾਰਟੀ ਵਿੱਚ ਭਾਰੂ ਹੋ ਚੁੱਕੇ ਅਜੋਕੀ ਭਾਜਪਾਈ ਟੀਮ ਨਾਲ ਬਣਾਈ ਗਈ ਸੀ, ਉਸ ਵਾਸਤੇ ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਨੇ ਅੰਦਰਖਾਤੇ ਗੱਲ ਕਾਫੀ ਪਹਿਲਾਂ ਚਲਾ ਲਈ ਸੀ। ਬਾਰਾਂ ਸਾਲ ਹਿੰਦੂਤਵ ਦੇ ਵਿਰੋਧ ਵਾਲੀ ਲਾਈਨ ਉੱਤੇ ਚਲਦੀ ਰਹੀ ਅਕਾਲੀ ਲੀਡਰਸ਼ਿੱਪ ਵਿੱਚ ਭਾਜਪਾ ਨਾਲ ਸਾਂਝ ਬਾਰੇ ਕਾਫੀ ਕਸ਼ਮਕਸ਼ ਸੀ ਕਿ ਪੰਜਾਬ ਦੇ ਲੋਕ ਇਸ ਤੋਂ ਭੜਕ ਨਾ ਪੈਣ, ਇਸ ਲਈ ਲੋਕ ਸਭਾ ਚੋਣਾਂ ਵੇਲੇ ਉਨ੍ਹਾਂ ਨੇ ਪਹਿਲਾਂ ਭਾਜਪਾ ਨਾਲ ਸਮਝੌਤਾ ਨਹੀਂ ਸੀ ਕੀਤਾ, ਇਸਦੀ ਥਾਂ ਬਹੁਜਨ ਸਮਾਜ ਪਾਰਟੀ ਨਾਲ ਕੀਤਾ ਅਤੇ ਉਸ ਨੂੰ ਤਿੰਨ ਸੀਟਾਂ ਛੱਡੀਆਂ ਸਨ। ਉਸ ਚੋਣ ਸਮਝੌਤੇ ਨਾਲ ਉਨ੍ਹਾਂ ਨੇ ਭਾਜਪਾ ਲੀਡਰਸ਼ਿੱਪ ਕੋਲ ਆਪਣਾ ਅਧਾਰ ਬਚਿਆ ਰਹਿਣ ਦਾ ਸਬੂਤ ਪੇਸ਼ ਕੀਤਾ ਅਤੇ ਫਿਰ ਦਿੱਲੀ ਵਿੱਚ ਇਸ ਸਮਝੌਤੇ ਬਾਰੇ ਇੱਕ ਬੈਠਕ ਤੈਅ ਕੀਤੀ ਸੀ। ਸਾਰੀ ਅਕਾਲੀ ਲੀਡਰਸ਼ਿੱਪ ਇਕੱਠੀ ਬੈਠੀ ਪ੍ਰਕਾਸ਼ ਸਿੰਘ ਬਾਦਲ ਦੀ ਉਡੀਕ ਕਰਦੀ ਪਈ ਸੀ ਕਿ ਉਹ ਆਵੇ ਤਾਂ ਮੀਟਿੰਗ ਸ਼ੁਰੂ ਕਰੀਏ ਤੇ ਬਾਦਲ ਸਾਹਿਬ ਨੇ ਆਉਂਦੇ ਸਾਰ ਮੀਟਿੰਗ ਸ਼ੁਰੂ ਕਰਨ ਲਈ ਸਮਾਂ ਦਿੱਤੇ ਬਿਨਾਂ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਭਾਜਪਾ ਨਾਲ ਗੱਠਜੋੜ ਕਰ ਆਏ ਹਨ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਤੇਈ ਸੀਟਾਂ ਛੱਡਣ ਤੇ ਚੁਰਾਨਵੇਂ ਆਪ ਲੜਨ ਵਾਲਾ ਸੌਦਾ ਸਿਰੇ ਚੜ੍ਹ ਗਿਆ ਹੈ। ਬਾਕੀਆਂ ਵਿੱਚੋਂ ਇੱਕ ਵੀ ਆਗੂ ਇਸ ਸਮਝੌਤੇ ਬਾਰੇ ਕੋਈ ਕਿੰਤੂ-ਪ੍ਰੰਤੂ ਕਰਨ ਜੋਗਾ ਨਹੀਂ ਸੀ ਰਹਿ ਗਿਆ ਅਤੇ ਉਸ ਦਿਨ ਕੀਤਾ ਸਮਝੌਤਾ ਫਿਰ ਅਗਲੇ ਚੌਵੀ ਸਾਲ ਚੱਲਦਾ ਰਿਹਾ ਸੀ। ਇਸ ਵਕਤ ਭਾਜਪਾ ਫਿਰ ਕਿਸੇ ਉਹੋ ਜਿਹੇ ਮੌਕੇ ਦੀ ਭਾਲ ਵਿੱਚ ਜਾਪਦੀ ਹੈ।
ਅਕਾਲੀ ਦਲ ਪੰਜਾਬ ਵਿੱਚ ਆਪਣੀਆਂ ਉਲਝਣਾਂ ਵਿੱਚ ਫਸਿਆ ਪਿਆ ਹੈ ਅਤੇ ਉਨ੍ਹਾਂ ਦੇ ਦੋਵਾਂ ਮੁੱਖ ਧੜਿਆਂ ਦੀ ਖਿੱਚੋਤਾਣ ਮੁੱਕਣ ਤਕ ਉਹ ਕਿਸੇ ਹੋਰ ਧਿਰ ਨਾਲ ਕੋਈ ਸੌਦੇਬਾਜ਼ੀ ਕਰਨ ਦੀ ਸਥਿਤੀ ਵਿੱਚ ਨਹੀਂ। ਭਾਜਪਾ ਆਗੂਆਂ ਨੂੰ ਉਨ੍ਹਾਂ ਦੀ ਇਸ ਮਜਬੂਰੀ ਦਾ ਪਤਾ ਹੋਣ ਕਾਰਨ ਉਹ ਸਮਝੌਤਾ ਕਰਨ ਜਾਂ ਨਾ ਕਰਨ ਦੀ ਚੋਹਲਬਾਜ਼ੀ ਦੌਰਾਨ ਅਸਲ ਵਿੱਚ ਦੋਵਾਂ ਧੜਿਆਂ ਦੀ ਲੀਡਰਸ਼ਿੱਪ ਨੂੰ ਆਪਸੀ ਗੱਲ ਕਿਸੇ ਸਿਰੇ ਲਾਏ ਬਗੈਰ ਵੱਖੋ-ਵੱਖ ਇਹ ਗੱਲ ਪੁੱਛਣ ਦੇ ਯਤਨ ਕਰਦੇ ਪਏ ਹਨ ਕਿ ਜੇ ਗੱਲ ਮੁਕਾਉਣੀ ਹੋਵੇ ਤਾਂ ਬਾਕੀਆਂ ਨੂੰ ਛੱਡੋ ਤੇ ਤੁਸੀਂ ਆਪਣੇ ਧੜੇ ਦੀ ਸੀਟਾਂ ਦੀ ਪਸੰਦ ਦੱਸੋ। ਜਿੰਨੀਆਂ ਅਤੇ ਜਿਹੜੀਆਂ ਸੀਟਾਂ ਵੱਖੋ-ਵੱਖ ਧੜੇ ਦੱਸਣ ਨੂੰ ਮੂੰਹ ਖੋਲ੍ਹਣਗੇ, ਭਾਜਪਾ ਲੀਡਰਸ਼ਿੱਪ ਦੂਸਰੇ ਧੜੇ ਤਕ ਆਪਣੇ ਢੰਗ ਨਾਲ ਪਹੁੰਚ ਕਰ ਕੇ ਦੱਸੇਗੀ ਕਿ ਤੁਸੀਂ ਗੱਲ ਮੁਕਾਉਣੀ ਹੈ ਤਾਂ ਮੁਕਾਉ, ਦੂਸਰਾ ਧੜਾ ਆਪਣੀ ਪਸੰਦ ਸਾਨੂੰ ਇਨ੍ਹਾਂ ਸੀਟਾਂ ਬਾਰੇ ਦੱਸ ਚੁੱਕਾ ਹੈ। ਪਿਛਲੀਆਂ ਚੋਣਾਂ ਵੇਲੇ ਅਕਾਲੀ ਆਗੂਆਂ ਵਿੱਚ ਜਿੱਦਾਂ ਇੱਕ-ਇੱਕ ਸੀਟ ਦੇ ਕਈ ਦਾਅਵੇਦਾਰ ਸਨ ਅਤੇ ਕਾਗਜ਼ ਭਰਨ ਤਕ ਖਿੱਚੋਤਾਣ ਚਲਦੀ ਰਹੀ, ਇਸ ਵਾਰੀ ਉਹ ਸਭ ਕੁਝ ਅਗੇਤਾ ਸੰਭਾਲਣ ਦੇ ਆਹਰ ਵਿੱਚ ਲੱਗੇ ਹੋਏ ਹਨ। ਇਹੋ ਜਿਹੇ ਮਾਹੌਲ ਵਿੱਚ ਚਲਾਕ ਜਰਨੈਲ ਦੀ ਨੀਤੀ ਦਾ ਇਹ ਵੀ ਇੱਕ ਪੈਂਤੜਾ ਸਮਝਿਆ ਜਾਂਦਾ ਹੈ ਕਿ ਜਿਸ ਨਾਲ ਗੱਠਜੋੜ ਕਰਨ ਦੀਆਂ ਸੰਭਾਵਨਾਵਾਂ ਵਰਤਣੀਆਂ ਹਨ, ਉਸ ਅੱਗੇ ਭਰਮਾਂ ਅਤੇ ਭੁਲੇਖਿਆਂ ਦੀਆਂ ਇੰਨੀਆਂ ਤੰਦਾਂ ਵਿਛਾ ਦਿੱਤੀਆਂ ਜਾਣ ਕਿ ਉਹ ਫੈਸਲਾ ਕਰਨ ਦੇ ਸਮੇਂ ਤਕ ਜੱਕੋਤੱਕੀ ਵਿੱਚ ਫਸਿਆ ਰਹੇ। ਭਾਜਪਾ ਦੀ ਪੰਜਾਬ ਲੀਡਰਸ਼ਿੱਪ ਆਪਣੇ ਆਪ ਇੰਨੀ ਚੁਸਤ ਹੋ ਸਕਦੀ ਹੈ, ਜਾਂ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਚੋਣ ਨੀਤੀਆਂ ਦੇ ਕੁਝ ਮਾਹਰ ਅਗਵਾਈ ਕਰ ਰਹੇ ਹੋ ਸਕਦੇ ਹਨ, ਪੈਂਤੜਾ ਇਹ ਬੜਾ ਸੋਚਿਆ-ਸਮਝਿਆ ਅਤੇ ਰਾਜਨੀਤੀ ਦੀ ਅਗੇਤ ਦੀ ਸੇਧ ਤੈਅ ਕਰਨ ਦੇ ਸਮਰੱਥ ਮੰਨਿਆ ਜਾ ਰਿਹਾ ਹੈ। ਪਿਛਲੇ ਦਿਨੀਂ ਕੁਝ ਭਾਜਪਾ ਲੀਡਰਾਂ ਨਾਲ ਨਿੱਜੀ ਪੱਧਰ ਦੀਆਂ ਗੱਲਾਂ ਦੌਰਾਨ ਉਨ੍ਹਾਂ ਨੂੰ ਜਦੋਂ ਇਸ ਬਾਰੇ ਟੁੰਬ ਕੇ ਅਸੀਂ ਪੁੱਛਿਆ ਤਾਂ ਉਹ ਆਪ ਨਹੀਂ ਬੋਲੇ, ਉਨ੍ਹਾਂ ਦੀ ਮੁਸਕਰਾਹਟ ਬੋਲਦੀ ਪਈ ਸੀ। ਅਸੀਂ ਜਿੰਨਾ ਇਸ ਗੁੱਝੀ ਮੁਸਕਰਾਹਟ ਨੂੰ ਸਮਝਣ ਦਾ ਯਤਨ ਕੀਤਾ ਅਤੇ ਜਿਨ੍ਹਾਂ ਨਾਲ ਗੱਲ ਕੀਤੀ ਹੈ, ਸਭਨਾਂ ਦੀ ਧਾਰਨਾ ਇਹੀ ਹੈ ਕਿ ਭਾਜਪਾ ਇਸ ਵਕਤ ਅਕਾਲੀਆਂ ਦੇ ਫਸੇ ਹੋਣ ਦਾ ਲਾਹਾ ਅਗੇਤਾ ਲੈ ਲੈਣਾ ਚਾਹੁੰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (