JatinderPannu7ਆਪਣੇ ਆਪ ਨੂੰ ਧਰਮ-ਨਿਰਪੱਖ ਕਹਿਣਾ ਅਤੇ ਫਿਰਕੂ ਮੁੱਦਿਆਂ ਦੀ ਚੋਭ ਲਾ ਕੇ ਵੋਟਾਂ ਬਟੋਰਨ ਦੀ ਚਾਲਾਕੀ ...
(5 ਦਸੰਬਰ 2024)

 

ਭਖਦੀ ਪਈ ਫਿਰਕਾਪ੍ਰਸਤੀ ਦੇ ਉਬਾਲਿਆਂ ਦੌਰਾਨ ਜੇ ਕਿਸੇ ਨੇ ਵਕਤ ਦੀ ਅੱਖ ਵਿੱਚ ਅੱਖ ਪਾਈ ਤੇ ਇਸ ਦੇਸ਼ ਦੇ ਲੋਕਾਂ ਵਿੱਚ ਆਪਣੇ ਵਕਤ ਹੱਦੋਂ ਵੱਧ ਹਰਮਨ ਪਿਆਰੇ ਹੋਏ ਟੀ ਵੀ ਸੀਰੀਅਲ ਮਹਾਭਾਰਤ ਦੇ ਡਾਇਲਾਗ ਲਿਖਣ ਦਾ ਜ਼ਿੰਮਾ ਚੁਣੌਤੀ ਸਮਝ ਕੇ ਚੁੱਕਿਆ ਤੇ ਨਿਭਾਇਆ ਸੀ, ਉਸ ਵਿਅਕਤੀ ਦਾ ਨਾਂਅ ਸੀ ਰਾਹੀ ਮਾਸੂਮ ਰਜ਼ਾਉਸ ਨੇ ਭਾਰਤ ਦੇ ਕਿਸ-ਕਿਸ ਖੇਤਰ ਵਿੱਚ ਕੀ ਕੀ ਯੋਗਦਾਨ ਦਿੱਤਾ, ਕਿਹੜੀ ਫਿਲਮ ਤੇ ਕਿਹੜੇ ਟੀ ਵੀ ਸੀਰੀਅਲ ਵਾਸਤੇ ਕਿੱਦਾਂ ਦੀ ਮਦਦ ਕੀਤੀ, ਇਹ ਕਹਾਣੀ ਬਹੁਤ ਲੰਮੀ ਹੈ ਤੇ ਇਸਦਾ ਇੱਕ ਖਾਸ ਸੱਚ ਇਹ ਵੀ ਹੈ ਕਿ ਉਸ ਨੇ ਕਦੀ ਕਿਸੇ ਤੋਂ ਪੈਸਿਆਂ ਦੀ ਮੰਗ ਨਹੀਂ ਸੀ ਕੀਤੀ, ਜੋ ਕੁਝ ਕਿਸੇ ਨੇ ਦੇ ਦਿੱਤਾ, ਲੈ ਲਿਆ ਕਰਦਾ ਸੀਟੀ ਵੀ ਸੀਰੀਅਲ ਮਹਾਭਾਰਤ ਲਈ ਡਾਇਲਾਗ ਲਿਖਣ ਵਾਸਤੇ ਉਸ ਨੂੰ ਕਿਹਾ ਗਿਆ ਤਾਂ ਉਸ ਨੇ ਵਕਤ ਦੀ ਕਮੀ ਕਾਰਨ ਇਨਕਾਰ ਕਰ ਦਿੱਤਾ, ਪਰ ਇਸ ਮਗਰੋਂ ਜਦੋਂ ਹਜ਼ਾਰਾਂ ਚਿੱਠੀਆਂ ਸੀਰੀਅਲ ਦੇ ਪ੍ਰੋਡਿਊਸਰ ਕੋਲ ਗਈਆਂ ਕਿ ਕੀ ਸਾਰੇ ਹਿੰਦੂ ਮਰ ਗਏ, ਤੁਸੀਂ ਇੱਕ ਮੁਸਲਿਮ ਤੋਂ ਇਸਦੇ ਡਾਇਲਾਗ ਲਿਖਾਉਣਾ ਚਾਹੁੰਦੇ ਹੋ ਤਾਂ ਰਾਹੀ ਨੇ ਖੁਦ ਜਾ ਕੇ ਇਹ ਕੰਮ ਕਰਨ ਦੀ ਪੇਸ਼ਕਸ਼ ਕਰ ਦਿੱਤੀਉਹ ਖੁਦ ਨੂੰ ਗੰਗਾ ਮਈਆ ਦਾ ਪੁੱਤਰ ਮੰਨਦਾ ਸੀ ਤੇ ਇਸ ਕੰਮ ਵਿੱਚ ਉਸ ਦੇ ਮੁਸਲਮਾਨ ਹੋਣ ਦੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਜਵਾਬ ਦੇਣ ਲਈ ਮੋਰਚਾ ਮੱਲਿਆ ਸੀ ਅਤੇ ਅੱਜ ਤਕ ਉਸ ਸੀਰੀਅਲ ਦੇ ਨਾਲ ਰਾਹੀ ਮਾਸੂਮ ਰਜ਼ਾ ਦਾ ਨਾਂਅ ਹਰ ਮੋੜ ਉੱਤੇ ਚਰਚਾ ਦਾ ਕੇਂਦਰ ਬਾਕਾਇਦਾ ਬਣਦਾ ਆ ਰਿਹਾ ਹੈਉਸ ਪ੍ਰਸਿੱਧ ਲੇਖਕ ਨੇ ਹੀ ਇੱਕ ਵਾਰ ਭਾਰਤ ਵਿੱਚ ਵਧੀ ਜਾ ਰਹੀ ਫਿਰਕਾਪ੍ਰਸਤੀ ਬਾਰੇ ਉਸ ਵਕਤ ਦੇ ਪ੍ਰਸਿੱਧ ਲੇਖਕ ਤੇ ਆਪਣੇ ਮਿੱਤਰ ਕਮਲੇਸ਼ਵਰ ਨੂੰ ਚਿੱਠੀ ਵਿੱਚ ਲਿਖਿਆ ਸੀ: ‘ਯਾਰ ਕਮਲੇਸ਼ਵਰ ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ’ ਉਸ ਖਾਸ ਦੌਰ ਵਿੱਚ ਹਰ ਪਾਸੇ ਚਰਚਾ ਦਾ ਕੇਂਦਰ ਬਣੀ ਉਹ ਚਿੱਠੀ ਅੱਜ ਦੇ ਹਾਲਾਤ ਵਿੱਚ ਵੀ ਸੰਵੇਦਨਸ਼ੀਲ ਭਾਰਤੀ ਲੋਕਾਂ ਦੀ ਨੀਂਦ ਉਡਾ ਸਕਦੀ ਹੈ, ਉਨ੍ਹਾਂ ਸਾਰੇ ਭਲੇ ਲੋਕਾਂ ਦੀ, ਜਿਹੜੇ ਭਾਰਤ ਨਾਲੋਂ ਵੱਧ ਭਾਰਤ ਦੀ ਏਕਤਾ ਵਿੱਚ ਅਨੇਕਤਾ ਨੂੰ ਪਿਆਰ ਕਰਦੇ ਹਨ

ਜਦੋਂ ਭਾਰਤ ਦੇ ਆਮ ਲੋਕ ਇੰਨੇ ਕੀਲੇ ਗਏ ਕਿ ਵਿਆਹ ਵਾਲਾ ਲਾੜਾ ਵੀ ਮਹਾਭਾਰਤ ਦੀ ਉਸ ਦਿਨ ਦੀ ਕਿਸ਼ਤ ਵੇਖ ਕੇ ਘੋੜੀ ਚੜ੍ਹਨ ਦੀ ਜ਼ਿਦ ਕਰਦਾ ਹੁੰਦਾ ਸੀ ਅਤੇ ਇਸ ਕਾਰਨ ਲੋਕ ਮਹੂਰਤ ਲੰਘ ਜਾਣ ਦੀ ਪ੍ਰਵਾਹ ਵੀ ਨਹੀਂ ਸਨ ਕਰਦੇ, ਉਦੋਂ ਇਸੇ ਦੇਸ਼ ਵਿੱਚ ਫਿਰਕਾਪ੍ਰਸਤੀ ਦਾ ਇੱਕ ਨਵਾਂ ਉਬਾਲਾ ਉੱਠਣ ਲੱਗ ਪਿਆਇੱਕ ਖਾਸ ਧਰਮ ਦੇ ਨਾਂਅ ਉੱਤੇ ਰਾਜਨੀਤੀ ਕਰ ਕੇ ਪਾਰਲੀਮੈਂਟ ਅਤੇ ਲਾਲ ਕਿਲ੍ਹੇ ਤਕ ਪਹੁੰਚਣ ਦੀ ਖੇਡ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਕੰਮ ਲਈ ਇੱਕ ਨੇਤਾ ਰਾਮ-ਰੱਥ ਲੈ ਕੇ ਦੇਸ਼ ਦੀ ਯਾਤਰਾ ਕਰਨ ਨਿਕਲ ਤੁਰਿਆ ਸੀਉਹ ਰੱਥ-ਯਾਤਰਾ ਜਿਸ ਵੀ ਪਾਸੇ ਤੋਂ ਲੰਘਦੀ ਗਈ, ਮਾਹੌਲ ਵਿੱਚ ਇੱਕ ਖਾਸ ਤਰ੍ਹਾਂ ਦਾ ਵੰਡ-ਪਾਊ ਮਾਹੌਲ ਬਣਦਾ ਗਿਆ ਸੀ ਤੇ ਇਸ ਮਾਹੌਲ ਦੇ ਅਸਰ ਹੇਠ ਉਹ ਪਾਰਟੀ ਪਿਛਲੀ ਵਾਰੀ ਦੀਆਂ ਸਿਰਫ ਦੋ ਸੀਟਾਂ ਤੋਂ ਇੱਕੋ ਛੜੱਪੇ ਵਿੱਚ ਵਧ ਕੇ ਦੇਸ਼ ਦੀ ਪਾਰਲੀਮੈਂਟ ਅੰਦਰ ਰਾਜ-ਸੱਤਾ ਦਾ ਨਿਬੇੜਾ ਕਰਨ ਵਾਲੀ ਲੋਕ ਸਭਾ ਦੀਆਂ ਛਿਆਸੀ ਸੀਟਾਂ ਜਿੱਤਣ ਵਿੱਚ ਸਫਲ ਹੋ ਗਈਭਾਰਤ ਦੀ ਜਿਸ ਰਾਜਸੀ ਧਿਰ ਨੇ ਇਹ ਫਾਰਮੂਲਾ ਇੱਕ ਵਾਰੀ ਅਜ਼ਮਾਇਆ ਅਤੇ ਆਪਣੇ ਹੱਕ ਵਿੱਚ ਇਹੋ ਜਿਹੇ ਨਤੀਜੇ ਨਿਕਲੇ ਵੇਖ ਲਏ, ਉਹ ਅੱਗੋਂ ਭਵਿੱਖ ਦੀ ਰਾਜਨੀਤੀ ਲਈ ਇਸ ਨੂੰ ਲੁਕਮਾਨ ਹਕੀਮ ਦਾ ਨੁਸਖਾ ਮੰਨ ਤੁਰੀ ਸੀ ਮੁਢਲਾ ਨਿਸ਼ਾਨਾ ਬੇਸ਼ਕ ਬਾਬਰੀ ਮਸਜਿਦ ਢਾਹੁਣ ਅਤੇ ਉਸ ਦੀ ਥਾਂ ਭਗਵਾਨ ਰਾਮ ਦਾ ਮੰਦਰ ਬਣਾਉਣ ਦਾ ਸੀ, ਫਿਰ ਇਹ ਨਿਸ਼ਾਨਾ ਸੀਮਤ ਨਾ ਰਹਿ ਕੇ ਸਾਰੇ ਦੇਸ਼ ਦੀ ਇੱਕ ਖਾਸ ਧਾਰਮਿਕ ਘੱਟ-ਗਿਣਤੀ ਨੂੰ ਖੂੰਜੇ ਲਾਉਣ ਤਕ ਪਹੁੰਚ ਗਿਆ ਸੀਅੱਜ ਭਾਰਤ ਦੀ ਹਰ ਨੁੱਕਰ ਅਤੇ ਹਰ ਰਾਜ ਵਿੱਚ ਜਿੱਦਾਂ ਦਾ ਮਾਹੌਲ ਬਣਦਾ ਵੇਖ ਰਹੇ ਹਾਂ, ਇਸਦੀ ਸ਼ੁਰੂਆਤ ਉਦੋਂ ਹੋਈ ਸੀ

ਪੱਤਰਕਾਰੀ ਖੇਤਰ ਨਾਲ ਜੁੜੇ ਅਸੀਂ ਲੋਕ ਉਦੋਂ ਇਹ ਬਹਿਸਾਂ ਹੁੰਦੀਆਂ ਅਤੇ ਇਹ ਕਿਹਾ ਜਾਂਦਾ ਬੜੀ ਵਾਰ ਸੁਣਦੇ ਰਹੇ ਸਾਂ ਕਿ ਇਹ ਇੱਕ ਵਕਤੀ ਉਬਾਲਾ ਹੈ ਅਤੇ ਭਾਰਤ ਦੇ ਲੋਕਾਂ ਨੇ ਇੱਦਾਂ ਦੀ ਰਾਜਨੀਤੀ ਨੂੰ ਸਥਾਈ ਜੜ੍ਹਾਂ ਜਮਾਉਣ ਦੀ ਖੁੱਲ੍ਹ ਕਦੇ ਨਹੀਂ ਦੇਣੀ ਇੱਦਾਂ ਕਹਿਣ ਵਾਲੇ ਗਲਤ ਸਾਬਤ ਹੋਏ ਅਤੇ ਰਾਜਸੀ ਸੱਤਾ ਦੀ ਪ੍ਰਾਪਤੀ ਲਈ ਧਾਰਮਿਕ ਮੁੱਦਿਆਂ ਨੂੰ ਵਰਤਣ ਦੀ ਉਹ ਖੇਡ ਫਿਰ ਬੰਦ ਨਹੀਂ ਹੋ ਸਕੀਪਹਿਲਾਂ ਕਾਂਗਰਸ ਆਪਣਾ ਰਾਜ ਕਾਇਮ ਰੱਖਣ ਲਈ ਫਿਰਕਾਪ੍ਰਸਤੀ ਨੂੰ ਵਰਤਣ ਲੱਗੀ ਰਹੀ ਤਾਂ ਕੁਝ ਲੋਕ ਕਹਿੰਦੇ ਸਨ ਕਿ ਖੇਡ ਖਤਰਨਾਕ ਹੈ, ਪਰ ਕਾਂਗਰਸੀ ਰਾਜਨੀਤੀ ਇੰਨੀ ਚੁਸਤ ਹੈ ਕਿ ਫਿਰਕਾਪ੍ਰਸਤੀ ਦਾ ਉਬਾਲਾ ਸੀਮਤ ਰੱਖ ਸਕਦੀ ਹੈਚੁਸਤੀ ਦੀ ਇਸ ਰਾਜਨੀਤੀ ਨਾਲ ਅਸੀਂ ਲੋਕ ਕਦੇ ਸਹਿਮਤ ਨਹੀਂ ਸਾਂ ਹੋਏ ਅਤੇ ਬੜੀ ਵਾਰ ਖੁੱਲ੍ਹ ਕੇ ਕਿਹਾ ਸੀ ਕਿ ਅੱਗ ਨੂੰ ਹੱਦਾਂ ਵਿੱਚ ਰੱਖਣ ਦੇ ਯਤਨ ਸਦਾ ਕਾਮਯਾਬ ਨਹੀਂ ਹੋ ਸਕਦੇ, ਕਿਸੇ ਦਿਨ ਹੱਦੋਂ ਵਧ ਕੇ ਕਾਬੂ ਤੋਂ ਬਾਹਰ ਹੋ ਗਈ ਤਾਂ ਜਿਹੜੇ ਆਗੂ ਅੱਜ ਇਸ ਨਾਲ ਖੇਡਣ ਨੂੰ ਰਾਜਨੀਤਕ ਚੁਸਤੀ ਸਮਝਦੇ ਹਨ, ਕਿਸੇ ਦਿਨ ਉਹੀ ਆਗੂ ਅੱਖਾਂ ਵਿੱਚ ਘਸੁੰਨ ਦੇ ਕੇ ਰੋਇਆ ਕਰਨਗੇਚੁਸਤੀ ਦੀ ਇਹੋ ਰਾਜਨੀਤੀ ਆਖਰ ਨੂੰ ਆਮ ਲੋਕਾਂ ਦੇ ਨਾਲ ਉਦੋਂ ਦੀ ਕਾਂਗਰਸ ਲੀਡਰਸ਼ਿੱਪ ਦੇ ਮੋਹਰੀ ਪਰਿਵਾਰ ਨੂੰ ਭੁਗਤਣੀ ਪਈ ਸੀ

ਆਪਣੇ ਆਪ ਨੂੰ ਧਰਮ-ਨਿਰਪੱਖ ਕਹਿਣਾ ਅਤੇ ਫਿਰਕੂ ਮੁੱਦਿਆਂ ਦੀ ਚੋਭ ਲਾ ਕੇ ਵੋਟਾਂ ਬਟੋਰਨ ਦੀ ਚਾਲਾਕੀ ਵੀ ਕਰਨਾ ਫਿਰ ਭਾਰਤ ਦੀ ਰਾਜਨੀਤੀ ਵਿੱਚ ਇੱਕ ਇਹੋ ਜਿਹੀ ਧਿਰ ਦੀ ਉਠਾਣ ਲਈ ਸਬੱਬ ਬਣਿਆ ਸੀ, ਜਿਸਦੇ ਆਗੂਆਂ ਨੇ ਅੱਗ ਨੂੰ ਸੀਮਤ ਹੱਦਾਂ ਵਿੱਚ ਰੱਖਣ ਦੀ ਲੋੜ ਬਾਰੇ ਸੋਚਣਾ ਛੱਡ ਦਿੱਤਾ ਸੀਉਨ੍ਹਾਂ ਦੀ ਅਣਕਹੀ ਰਾਜਨੀਤਕ ਚਾਲਾਕੀ ਦਾ ਧੁਰਾ ਇਹੋ ਸੀ ਕਿ ਜਿੰਨੀ ਜ਼ਿਆਦਾ ਫਿਰਕਾਪ੍ਰਸਤੀ ਭੜਕੇਗੀ, ਓਨੀ ਜ਼ਿਆਦਾ ਉਨ੍ਹਾਂ ਦੀ ਰਾਜਨੀਤੀ ਚਮਕੇਗੀ ਤੇ ਦੇਸ਼ ਦੀ ਸੱਤਾ ਉੱਤੇ ਕਬਜ਼ਾ ਕਰਨ ਅਤੇ ਫਿਰ ਕਬਜ਼ਾ ਕਾਇਮ ਰੱਖਣ ਵਾਸਤੇ ਮਦਦਗਾਰ ਹੋਵੇਗੀ ਇਸੇ ਕਾਰਨ ਉਸ ਰਾਜਸੀ ਧਿਰ ਨੇ ਅੱਗ ਉਗਲੱਛਣ ਵਾਲੇ ਉਹ ਲੋਕ ਅੱਗੇ ਚੁੱਕ ਲਿਆਂਦੇ, ਜਿਹੜੇ ਉਦੋਂ ਤਕ ਆਸ਼ਰਮਾਂ ਤੇ ਡੇਰਿਆਂ ਅੰਦਰ ਆਪਣੇ ਮਨ ਦੀਆਂ ਭਾਵਨਾਵਾਂ ਦਾ ਛੱਟਾ ਦੇ ਕੇ ਮਾਨਸਿਕ ਤਸੱਲੀ ਕਰਦੇ ਰਹੇ ਸਨਲੋਕ ਸਭਾ ਵਿੱਚ ਇੱਕ ਖਾਸ ਰੰਗ ਦੇ ਚੋਲਿਆਂ ਵਾਲੇ ਲੋਕਾਂ ਦੇ ਭਾਸ਼ਣ ਇੰਨੇ ਭਾਰੂ ਹੋਣ ਲੱਗ ਪਏ ਕਿ ਬਾਕੀਆਂ ਵਿੱਚੋਂ ਜੇ ਕੋਈ ਉਨ੍ਹਾਂ ਦੀ ਕਾਟ ਕਰਨ ਲਈ ਕੁਝ ਬੋਲਦਾ ਵੀ ਤਾਂ ਅੱਜਕੱਲ੍ਹ ਹੂਟਿੰਗ ਕਹੀ ਜਾਂਦੀ ਬੇਹੂਦਾ ਖੱਪ ਨਾਲ ਨੁੱਕਰੇ ਲਾਉਣ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਤੇ ਨਾਲ ਗਲੀਆਂ-ਬਾਜ਼ਾਰਾਂ ਵਿੱਚ ਵੀ ਹੰਗਾਮੇ ਹੋਣ ਲੱਗ ਪੈਂਦੇ ਸਨਨਤੀਜਾ ਇਹ ਨਿਕਲਿਆ ਕਿ ਅੱਜ ਇੱਕ ਜਾਂ ਦੂਸਰੇ ਧਰਮ ਦੇ ਨਾਂਅ ਉੱਤੇ ਜੋ ਮਰਜ਼ੀ ਤੇ ਜਿੰਨਾ ਮਰਜ਼ੀ ਭੜਕਾਊ ਊਟ-ਪਟਾਂਗ ਕਹੀ ਜਾਉ, ਪਰ ਇਸਦਾ ਵਿਰੋਧ ਕਰਨ ਲਈ ਕਿਸੇ ਨੇ ਜ਼ਬਾਨ ਵੀ ਖੋਲ੍ਹੀ ਤਾਂ ਹੋਸ਼ ਦੀ ਗੱਲ ਕਰਨ ਵਾਲੇ ਬੰਦੇ ਨੂੰ ਸਿੱਟੇ ਭੁਗਤਣੇ ਪੈ ਜਾਂਦੇ ਹਨਧਰਮ-ਨਿਰਪੱਖ ਹੋਣ ਦੇ ਦਾਅਵੇ ਕਰਦੀਆਂ ਹਸਤੀਆਂ ਨੂੰ ਮਹਾਰਾਸ਼ਟਰ ਤੇ ਹੋਰਨਾਂ ਥਾਵਾਂ ਉੱਤੇ ਕਤਲ ਵੀ ਕੀਤਾ ਗਿਆ ਤੇ ਇਨ੍ਹਾਂ ਕਤਲਾਂ ਲਈ ਜਨੂੰਨ ਦੀ ਜੜ੍ਹ ਆਪਣੇ ਸਿਰਾਂ ਵਿੱਚ ਸੰਭਾਲੀ ਬੈਠੇ ਗੈਂਗਸਟਰਾਂ ਦੀ ਵਰਤੋਂ ਵੀ ਧਰਮ ਦੇ ਨਾਂਅ ਉੱਤੇ ਕੀਤੀ ਜਾਂਦੀ ਰਹੀ ਹੈ

ਅਫਸੋਸਨਾਕ ਗੱਲ ਇਹ ਹੈ ਕਿ ਜਦੋਂ ਇਨ੍ਹਾਂ ਉਬਾਲਿਆਂ ਦੀ ਅਜੇ ਸ਼ੁਰੂਆਤ ਹੁੰਦੀ ਪਈ ਸੀ, ਜਿਹੜੀਆਂ ਧਿਰਾਂ ਨੂੰ ਇਸਦੀ ਸਮਝ ਸੀ ਤੇ ਰੋਕ ਸਕਣ ਵਾਲੀ ਲਾਮਬੰਦੀ ਵੀ ਕਰ ਸਕਦੀਆਂ ਸਨ, ਉਨ੍ਹਾਂ ਨੇ ਆਪਸੀ ਮੱਤਭੇਦਾਂ ਕਾਰਨ ਨਾ ਤਾਂ ਇਕੱਠੇ ਹੋਣ ਦਾ ਕੋਈ ਸਾਰਥਿਕ ਯਤਨ ਕੀਤਾ ਅਤੇ ਨਾ ਵਕਤ ਵੱਲੋਂ ਸਿਰ ਪਾਈ ਜ਼ਿਮੇਂਵਾਰੀ ਨਿਭਾਈ ਸੀਕਦੇ ਇਸ ਦੇਸ਼ ਵਿੱਚ ਧਰਮ-ਨਿਰਪੱਖਤਾ ਨੂੰ ਸਮਾਜ ਦਾ ਗਹਿਣਾ ਕਿਹਾ ਜਾਂਦਾ ਸੀ ਤੇ ਇਸਦੇ ਖਿਲਾਫ ਬੋਲਣ ਲਈ ਕਦੀ ਕੋਈ ਸੋਚ ਤਕ ਨਹੀਂ ਸੀ ਸਕਦਾ, ਅੱਜ ਇਹ ਹਾਲਤ ਹੋ ਗਈ ਹੈ ਕਿ ਧਰਮ-ਨਿਰਪੱਖਤਾ ਨੂੰ ਗੈਰ-ਜ਼ਰੂਰੀ ਸ਼ਬਦ ਕਿਹਾ ਜਾਂਦਾ ਅਤੇ ਇਸ ਦੇਸ਼ ਦੀ ਸਰਬ ਉੱਚ ਅਦਾਲਤ, ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਂਦੀ ਹੈਬੀਤੇ ਹਫਤੇ ਸੁਪਰੀਮ ਕੋਰਟ ਨੇ ਇਸ ਮੁੱਦੇ ਦਾ ਨਿਬੇੜਾ ਇੱਕ ਵਾਰੀ ਠੀਕ ਤਰ੍ਹਾਂ ਕਰ ਦਿੱਤਾ ਹੈ ਕਿ ਭਾਵੇਂ ਐਮਰਜੈਂਸੀ ਦੀਆਂ ਜ਼ਿਆਦਤੀਆਂ ਦੇ ਦੌਰ ਦੌਰਾਨ ਹੀ ਸੰਵਿਧਾਨ ਦੀ ਭੂਮਿਕਾ ਵਿੱਚ ਇਹ ਸ਼ਬਦ ਸ਼ਾਮਲ ਕੀਤਾ ਗਿਆ ਸੀ, ਧਰਮ-ਨਿਰਪੱਖਤਾ ਦਾ ਸੰਕਲਪ ਇਸ ਦੇਸ਼ ਦੀ ਨੀਂਹ ਦੀ ਇੱਟ ਮੰਨਣਾ ਚਾਹੀਦਾ ਹੈ, ਇਹ ਸੰਵਿਧਾਨ ਵਿੱਚੋਂ ਕੱਟਿਆ ਨਹੀਂ ਜਾ ਸਕਦਾਸੁਪਰੀਮ ਕੋਰਟ ਦੇ ਜਿਨ੍ਹਾਂ ਜੱਜਾਂ ਨੇ ਇਹ ਫੈਸਲਾ ਦਿੱਤਾ ਹੈ, ਉਨ੍ਹਾਂ ਨੇ ਬਹੁਤ ਵੱਡੀ ਦਲੇਰੀ ਵਿਖਾਈ ਤੇ ਸ਼ੁਕਰ ਹੈ ਕਿ ਇਹ ਫੈਸਲਾ ਇਹੋ ਜਿਹੇ ਜੱਜਾਂ ਵਾਲੇ ਬੈਂਚ ਕੋਲ ਸੀ, ਜਿਨ੍ਹਾਂ ਨੂੰ ਭਾਰਤ ਦੇ ਭਵਿੱਖ ਅੱਗੇ ਟੋਏ ਪੁੱਟੇ ਜਾਂਦੇ ਦਿਸ ਪਏ ਹੋਣਗੇਜੱਜ ਕੋਈ ਵੀ ਹੋਵੇ, ਫੈਸਲਾ ਇਸ ਦੇਸ਼ ਦੇ ਸੰਵਿਧਾਨ ਤੇ ਸੰਤੁਲਿਤ ਸੋਚਣੀ ਨਾਲ ਲਵੇ ਤਾਂ ਉਸ ਵਿੱਚ ਕੋਈ ਵਿੰਗ ਨਹੀਂ ਲੱਭ ਸਕਦਾ, ਪਰ ਹਾਲਾਤ ਜਿੱਧਰ ਜਾ ਰਹੇ ਹਨ, ਇਹੋ ਜਿਹੇ ਮਾਮਲੇ ਨਿਬੇੜਨ ਲਈ ਇਹੋ ਜਿਹੇ ਜੱਜ ਮਿਲ ਸਕਣੇ ਔਖੇ ਹੁੰਦੇ ਜਾਂਦੇ ਹਨਪਤਾ ਨਹੀਂ ਅਗਲੇ ਸਮਿਆਂ ਵਿੱਚ ਸੰਵਿਧਾਨ ਦੀ ਇਹੋ ਜਿਹੇ ਪਹਿਰੇਦਾਰੀ ਕਰਨ ਵਾਲੇ ਜੱਜ ਸਾਨੂੰ ਮਿਲ ਵੀ ਸਕਣਗੇ ਜਾਂ ਨਹੀਂ

ਅਸੀਂ ਲੋਕਾਂ ਨੇ ਭਾਰਤ ਦੇ ਪਿਛਲੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਦਾ ਤਜਰਬਾ ਵੇਖਿਆ ਹੋਇਆ ਹੈਉਸ ਦੇ ਨਿਆਂ ਕਰਨ ਦੀ ਬੜੀ ਸ਼ੋਭਾ ਹੁੰਦੀ ਰਹੀ, ਪਰ ਇਸ ਪਦਵੀ ਤੋਂ ਆਪਣੀ ਸੇਵਾ ਮੁਕਤੀ ਤੋਂ ਪਹਿਲਾਂ ਉਹ ਬਹੁਤ ਸਾਰੇ ਵਿਵਾਦਾਂ ਵਿੱਚ ਘਿਰ ਗਏ ਸਨ ਤਾਂ ਅਯੁੱਧਿਆ ਵਿੱਚ ਰਾਮ ਮੰਦਰ ਤੇ ਬਾਬਰੀ ਮਸਜਿਦ ਦੇ ਅਹਿਮ ਕੇਸ ਦੇ ਫੈਸਲੇ ਲਈ ਭਗਵਾਨ ਤੋਂ ਜਾ ਕੇ ਪ੍ਰੇਰਨਾ ਮੰਗਣ ਤੇ ਉਸ ਨਾਲ ਇਸ ਕੇਸ ਦਾ ਨਿਬੇੜਾ ਕਰਨ ਵਾਲਾ ਵਿਵਾਦ ਛੇੜ ਲਿਆ ਸੀਇਹ ਸਵਾਲ ਚਰਚਾ ਦਾ ਵਿਸ਼ਾ ਬਣਨ ਤੋਂ ਨਹੀਂ ਸੀ ਰਹਿ ਸਕਿਆ ਕਿ ਜੇ ਜਸਟਿਸ ਚੰਦਰਚੂੜ ਦੀ ਜਗ੍ਹਾ ਕੋਈ ਕਿਸੇ ਹੋਰ ਸੋਚ ਤੇ ਅਕੀਦੇ ਵਾਲਾ ਜੱਜ ਉਸੇ ਕੇਸ ਦੇ ਮਾਰਗ-ਦਰਸ਼ਨ ਲਈ ਭਗਵਾਨ ਦੇ ਆਪਣੀ ਪਸੰਦ ਵਾਲੇ ਰੂਪ ਅੱਗੇ ਇਹੋ ਬੇਨਤੀ ਲੈ ਕੇ ਚਲਾ ਜਾਂਦਾ ਤਾਂ ਉਸ ਦਾ ਭਗਵਾਨ ਕੋਈ ਹੋਰ ਫੈਸਲਾ ਵੀ ਕਰਵਾ ਸਕਦਾ ਸੀਸਵਾਲ ਇਹ ਪੁੱਛਿਆ ਜਾਣ ਲੱਗਾ ਸੀ ਕਿ ਅਦਾਲਤ ਦੇ ਫੈਸਲੇ ਸੰਵਿਧਾਨ ਪੜ੍ਹ ਕੇ ਹੋਇਆ ਕਰਨਗੇ ਜਾਂ ਇੱਕ ਖਾਸ ਧਰਮ ਵਾਲੇ ਭਗਵਾਨ ਵੱਲੋਂ ਦਿੱਤੀ-ਅਣਦਿੱਤੀ, ਪਰ ਬਹੁਤ ਪ੍ਰਚਾਰੀ ਗਈ ਸੇਧ ਮੁਤਾਬਕ ਹੋਇਆ ਕਰਨਗੇ! ਜਿਹੜੀ ਧਿਰ ਨੇ ਚਾਲੀ ਕੁ ਸਾਲ ਪਹਿਲਾਂ ਇੱਕ ਰੱਥ ਚਲਾਇਆ ਅਤੇ ਫਿਰ ਉਸ ਰੱਥ ਦੀ ਕਮਾਈ ਨਾਲ ਦੇਸ਼ ਦੀ ਸੱਤਾ ਹਾਸਲ ਕਰਨ ਦਾ ਫਾਰਮੂਲਾ ਪਰਖ ਲਿਆ ਸੀ, ਉਨ੍ਹਾਂ ਨੇ ਆਪਣੀ ਸੋਚ ਅਯੁੱਧਿਆ ਦੀ ਬਾਬਰੀ ਮਸਜਿਦ ਢਾਹੁਣ ਤਕ ਸੀਮਤ ਨਹੀਂ ਰੱਖੀਮਸਜਿਦ ਨੂੰ ਢਾਹੁਣ ਦੇ ਵਕਤ ਹੀ ਦੋ ਸਾਧਵੀਆਂ ਨੇ ‘ਤੀਨ ਨਹੀਂ, ਅਬ ਤੀਸ ਹਜ਼ਾਰ’ ਦਾ ਨਾਅਰਾ ਦੇ ਕੇ ਭਾਰਤ ਵਿੱਚ ਦੂਸਰੀ ਵੱਡੀ ਧਾਰਮਿਕ ਘੱਟ-ਗਿਣਤੀ ਦੇ ਖਿਲਾਫ ਸੰਘਰਸ਼ ਦੀ ਲਗਾਤਾਰਤਾ ਦਾ ਐਲਾਨ ਕਰ ਦਿੱਤਾ ਸੀਜਦੋਂ ਜਸਟਿਸ ਚੰਦਰਚੂੜ ਦੇ ਬੈਂਚ ਵੱਲੋਂ ਅਯੁੱਧਿਆ ਵਾਲੇ ਕੇਸ ਦਾ ਫੈਸਲਾ ਆਇਆ, ਉਸ ਨੂੰ ਆਪਣੀ ਇੱਕ ਹੋਰ ਜਿੱਤ ਮੰਨ ਕੇ ਇਸ ਰਾਜਨੀਤੀ ਵਾਲੀ ਧਿਰ ਨੇ ਮਥੁਰਾ, ਵਾਰਾਣਸੀ ਤੇ ਉਸ ਤੋਂ ਬਾਅਦ ਕਈ ਹੋਰ ਥਾਵਾਂ ਉੱਤੇ ਇੱਦਾਂ ਦੇ ਵਿਵਾਦ ਛੇੜਨੇ ਅਤੇ ਹਰ ਵਿਵਾਦ ਨੂੰ ਅਦਾਲਤ ਵਿੱਚ ਸਰਵੇਖਣ ਦੀ ਮੰਗ ਨਾਲ ਨਵੇਂ ਨਿਸ਼ਾਨੇ ਮਿਥਣੇ ਆਰੰਭ ਕਰ ਦਿੱਤੇ ਤੇ ਕੋਈ ਰੋਕਣ ਵਾਲਾ ਨਹੀਂ ਦਿਸਦਾ

ਇਹੋ ਜਿਹੇ ਹਾਲਾਤ ਵਿੱਚ ਪਿਛਲੇ ਹਫਤੇ ਧਰਮ-ਨਿਰਪੱਖਤਾ ਬਾਰੇ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਦਿੱਤਾ ਗਿਆ ਤਾਜ਼ਾ ਫੈਸਲਾ ਭਾਰਤ ਦੇ ਭਵਿੱਖ ਦਾ ਭਲਾ ਸੋਚਣ ਵਾਲੀਆਂ ਧਿਰਾਂ ਦਾ ਹੌਸਲਾ ਬੰਨ੍ਹਾਉਣ ਵਾਲਾ ਕਿਹਾ ਜਾ ਸਕਦਾ ਹੈ, ਪਰ ਦੇਸ਼ ਦੇ ਮਾਹੌਲ ਵਿੱਚ ਜਿਹੜਾ ਵਿਗਾੜ ਪੈ ਚੁੱਕਾ ਹੈ, ਉਸ ਅੱਗੇ ਇਹ ਇੱਕ ਛੋਟਾ ਜਿਹਾ ਫੈਸਲਾ ਹੈਜਿੱਡਾ ਵੱਡਾ ਵਿਗਾੜ ਪੈ ਚੁੱਕਾ ਹੈ, ਉਸ ਦੇ ਹੁੰਦਿਆਂ ਰਾਹੀ ਮਾਸੂਮ ਰਜ਼ਾ ਵੱਲੋਂ ਕਮਲੇਸ਼ਵਰ ਨੂੰ ਲਿਖੇ ਸ਼ਬਦ ਯਾਦ ਫਿਰ ਆਉਂਦੇ ਹਨ, “ਯਾਰ ਕਮਲੇਸ਼ਵਰ, ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ” ਭਾਰਤ ਉਸ ਦਿਨ ਦੀ ਉਡੀਕ ਕਰ ਸਕਦਾ ਹੈ, ਪਰ ਸਿਰਫ ਉਡੀਕ ਨਾਲ ਮੌਸਮ ਨਹੀਂ ਬਦਲ ਜਾਣਾਮੌਸਮ ਬਦਲਣ ਦਾ ਦਿਨ ਲਿਆਉਣ ਲਈ ਯਤਨ ਵੀ ਆਖਰ ਕਿਸੇ ਨਾ ਕਿਸੇ ਨੂੰ ਕਰਨੇ ਪੈਣਗੇਕਹਿ ਤਾਂ ਦਿੰਦੇ ਹਾਂ ਕਿ ਕਿਸੇ ਨਾ ਕਿਸੇ ਨੂੰ ਇਹ ਕੁਝ ਕਰਨਾ ਪਊਗਾ, ਪਰ ਕਰਨ ਵਾਲਾ ਕੌਣ ਹੋ ਸਕਦਾ ਹੈ, ਉਸ ਦੇ ਨਾਲ ਕੌਣ-ਕੌਣ ਖੜੋ ਸਕਦੇ ਹਨ, ਇਸਦਾ ਹਾਲੇ ਝੌਲਾ ਨਹੀਂ ਪੈਂਦਾਆਪਣੀ ਤਸੱਲੀ ਲਈ ਵਾਰ-ਵਾਰ ਕਹੀ ਜਾਂਦੀ ਗੱਲ ਇੱਕ ਵਾਰ ਫਿਰ ਦੁਹਰਾ ਸਕਦੇ ਹਾਂ ਕਿ ਉਹ ਦਿਨ ਆਊਗਾ ਜ਼ਰੂਰ, ਇੱਕ ਵਾਰ ਹੋਰ ਕਹਿ ਦੇਣ ਤੋਂ ਸਾਨੂੰ ਕੋਈ ਹਰਜ਼ ਨਹੀਂ, ਪਰ ਇਹੋ ਜਿਹੀ ਕੋਈ ਧਿਰ ਪਹਿਲ ਤਾਂ ਕਰੇਕੌਣ ਕਰੇਗਾ ਇਹ ਪਹਿਲ!

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5503)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author