“ਪਿੱਛੋਂ ਜਦੋਂ ਇੰਦਰਾ ਗਾਂਧੀ ਵਾਲਾ ਨਵਾਂ ਦੌਰ ਆਇਆ ਤਾਂ ਧਰਮ ਨਿਰਪੱਖਤਾ ਨੂੰ ਹਰ ਡਾਵਾਂਡੋਲਤਾ ਤੋਂ ...”
(24 ਮਾਰਚ 2025)
ਭਵਿੱਖ ਵਿੱਚ ਭਾਰਤ ਦੀ ਰਾਜਨੀਤੀ ਦੋ-ਧਰੁਵੀ ਚਲਦੀ ਹੈ, ਜਾਂ ਤਿੰਨ ਜਾਂ ਚਾਰ ਧਰੁਵੀ, ਜਿੰਨੀਆਂ ਵੀ ਕਿਸਮਾਂ ਦੇ ਵਿਰੋਧੀ ਧੜਿਆਂ ਅਤੇ ਧਿਰਾਂ ਵਿਚਾਲੇ ਟਕਰਾਅ ਦਾ ਰੂਪ ਧਾਰਦੀ ਰਹੇ, ਇਸ ਲੜਾਈ ਵਿੱਚ ਇੱਕ ਧਿਰ ਨੱਕ ਦੀ ਸੇਧ ਵਿੱਚ ਚੱਲ ਰਹੀ ਸਾਫ ਦਿਸਦੀ ਹੈ ਤੇ ਬਾਕੀ ਧਿਰਾਂ ਦਾ ਆਪਣਾ ਕੋਈ ਭਵਿੱਖ ਦਾ ਮਾਰਗ ਹੀ ਸਪਸ਼ਟ ਨਹੀਂ। ਸਿਰਫ ਇੰਨੀ ਗੱਲ ਨਾਲ ਕੋਈ ਜੰਗ ਨਹੀਂ ਲੜੀ ਜਾ ਸਕਦੀ ਕਿ ਅਸੀਂ ਫਲਾਣੀ ਧਿਰ ਨੂੰ ਪਸੰਦ ਨਹੀਂ ਕਰਦੇ ਜਾਂ ਫਿਰ ਉਸ ਦੀ ਰਾਜਨੀਤੀ ਤੇ ਪੈਂਤੜਿਆਂ ਨਾਲ ਸਾਡਾ ਵਿਰੋਧ ਹੈ। ਉਸਦੇ ਵਿਰੋਧ ਦੀ ਜਵਾਬੀ ਪੈਂਤੜੇਬਾਜ਼ੀ ਕਰਨ ਵੇਲੇ ਇਹ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਕਿ ਇੱਦਾਂ ਕਰਨ ਵਾਲਿਆਂ ਦੇ ਪੈਂਤੜੇ ਨੂੰ ਦੂਜੀ ਧਿਰ ਨਾ ਵਰਤ ਜਾਵੇ। ਇਸ ਵਕਤ ਭਾਰਤ ਵਿੱਚ ਵਿਰੋਧ ਦੀ ਧਿਰ ਦੀਆਂ ਪਾਰਟੀਆਂ ਇਸੇ ਗੱਲ ਵਿੱਚ ਇੱਕ ਪਿੱਛੋਂ ਦੂਸਰੀ ਗਲਤੀ ਕਰੀ ਜਾਂਦੀਆਂ ਹਨ ਤੇ ਫਿਰ ਉਸ ਗਲਤੀ ਨੂੰ ਗਲਤੀ ਵੀ ਨਹੀਂ ਮੰਨਦੀਆਂ, ਸਗੋਂ ਉਸ ਨੂੰ ਰਾਜਨੀਤੀ ਦਾ ਬ੍ਰਹਮ ਅਸਤਰ ਸਮਝ ਕੇ ਵਰਤਣ ਦੇ ਚੱਕਰ ਵਿੱਚ ਕੇਂਦਰ ਦੀ ਸੱਤਾਧਾਰੀ ਧਿਰ ਦਾ ਸਿਆਸੀ ਅਤੇ ਸਮਾਜੀ ਲਾਭ ਹੋਣ ਦੇ ਹਾਲਾਤ ਬਣਾ ਦਿੰਦੀਆਂ ਹਨ। ਇਸਦੀ ਸਭ ਤੋਂ ਵੱਡੀ ਮਿਸਾਲ ਇਸ ਵਕਤ ਹਿੰਦੂ-ਮੁਸਲਿਮ ਮੁੱਦੇ ਉੱਤੇ ਹੁੰਦੀ ਉਹ ਕਤਾਰਬੰਦੀ ਹੈ, ਜਿਹੜੀ ਬਣਨ ਤੋਂ ਵਿਰੋਧੀ ਧਿਰ ਨੂੰ ਬਚਣਾ ਚਾਹੀਦਾ ਸੀ।
ਇਹ ਗੱਲਾਂ ਬਹੁਤ ਪੁਰਾਣੀਆਂ ਹੋ ਗਈਆਂ ਕਿ ਭਾਜਪਾ ਅਤੇ ਉਸਦੇ ਪਿੱਛੇ ਖੜ੍ਹੀ ਆਰ ਐੱਸ ਐੱਸ ਵਾਲੀ ਸਮੁੱਚੀ ਜਥੇਬੰਦੀ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਨੂੰ ਇੱਕ ਧਰਮ ਦਾ ਰਾਜ ਬਣਾਉਣ ਦੇ ਇਰਾਦੇ ਉੱਤੇ ਚੱਲ ਰਹੀਆਂ ਹਨ। ਇੱਦਾਂ ਦੀ ਗੱਲ ਪਿਛਲੀ ਪੌਣੀ ਸਦੀ ਤੋਂ ਵੱਧ ਸਮੇਂ ਤੋਂ ਜਿਹੜੇ ਭਾਰਤੀ ਲੋਕ ਸੁਣਦੇ ਆਏ ਹਨ ਅਤੇ ਇਹ ਗੱਲ ਕਹਿਣ ਵਾਲਿਆਂ ਤੋਂ ਆਪਣੀ ਸੋਚ ਆਮ ਲੋਕਾਂ ਤਕ ਪਹੁੰਚਾਈ ਨਹੀਂ ਜਾ ਸਕੀ, ਉਹ ਮੌਜੂਦਾ ਹਾਲਾਤ ਵਿੱਚ ਵੀ ਅੱਕੀਂ-ਪਲਾਹੀਂ ਹੱਥ ਮਾਰਨ ਦੇ ਨਾਲ ਨਾ ਕਿਸੇ ਸਿਰੇ ਖੁਦ ਲੱਗ ਸਕਦੇ ਹਨ ਤੇ ਨਾ ਇਸ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਲਾ ਸਕਦੇ ਹਨ। ਜਿਹੜੇ ਹੋਰ ਦੇਸ਼ਾਂ ਦੀ ਵਾਗ ਕਿਸੇ ਵਕਤ ਬਹੁਤ ਵੱਡੇ ਧਰਮ ਨਿਰਪੱਖ ਆਗੂਆਂ ਅਤੇ ਪਾਰਟੀਆਂ ਦੇ ਹੱਥ ਹੁੰਦੀ ਸੀ, ਉਹ ਵੀ ਪੈਂਤੜਿਆਂ ਦੀ ਗਲਤੀ ਕਾਰਨ ਆਪਣੀ ਧਰਮ-ਨਿਰਪੱਖਤਾ ਦੀ ਲੀਹ ਉੱਤੇ ਚੱਲਦੇ ਨਹੀਂ ਸਨ ਰਹਿ ਸਕੇ ਅਤੇ ਭਾਰਤ ਵਿੱਚ ਜਿਹੜੇ ਰਾਜ ਵਿੱਚ ਇਹੋ ਜਿਹੀ ਸੋਚ ਵਾਲੇ ਲੋਕਾਂ ਦੇ ਰਾਜ ਨੂੰ ਮਿਸਾਲ ਮੰਨਿਆ ਜਾਂਦਾ ਸੀ, ਉੱਥੇ ਪੈਰ ਟਿਕੇ ਨਹੀਂ ਰੱਖ ਸਕੇ। ਹਾਲਾਤ ਨੇ ਇੱਦਾਂ ਪਲਟਾ ਖਾਧਾ ਕਿ ਉਹ ਆਪਣੇ ਦਬਦਬੇ ਜਾਂ ਜਨਤਕ ਅਧਾਰ ਵਾਲੇ ਰਾਜ ਵਿੱਚ ਇਸ ਵੇਲੇ ਵਿਧਾਨ ਸਭਾ ਦੇ ਅੰਦਰ ਆਪਣਾ ਦੀਵਾ ਜਗਦਾ ਰੱਖਣ ਜੋਗੇ ਨਹੀਂ ਰਹਿ ਗਏ। ਲੋਕ ਕਿਸੇ ਦੇ ਗੁਲਾਮ ਨਹੀਂ ਹੁੰਦੇ, ਆਪਣੇ ਹਿਤਾਂ ਅਤੇ ਹਿਤਾਂ ਨਾਲੋਂ ਵੱਧ ਆਪਣੇ ਮਨਾਂ ਵਿੱਚ ਜਨਮ-ਵੇਲੇ ਤੋਂ ਸਾਂਭੀ ਹੋਈ ਆਪਣੇ ਧਰਮ ਨੂੰ ਸਮਰਪਤ ਹੋਣ ਵਾਲੀ ਸੋਚ ਨਾਲ ਵੱਧ ਬੱਝੇ ਹੁੰਦੇ ਹਨ। ਉਨ੍ਹਾਂ ਨੂੰ ਉਸ ਮਾਨਸਿਕਤਾ ਵਿੱਚੋਂ ਕੱਢਣ ਲਈ ਜ਼ੋਰ ਲਾਉਣ ਦੀ ਥਾਂ ਅਜਿਹੇ ਪਦਾਰਥਕ ਹਾਲਾਤ ਅਤੇ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲਾ ਅਜਿਹਾ ਸਮਾਜ ਦੇਣ ਦੀ ਲੋੜ ਹੁੰਦੀ ਹੈ ਕਿ ਉਹ ਆਪਣੀ ਧਰਮ ਨਾਲ ਜੁੜੀ ਹੋਈ ਸੋਚ ਨੂੰ ਵੱਖ ਰੱਖ ਕੇ ਜੀਵਨ ਲੋੜਾਂ ਪੂਰੀਆਂ ਕਰ ਸਕਣ ਵਾਲੀ ਰਾਜਨੀਤਕ ਧਿਰ ਦੀ ਚੋਣ ਕਰ ਸਕਣ। ਅੱਜ ਵਾਲੇ ਹਾਲਾਤ ਵਿੱਚ ਭਾਰਤ ਵਿੱਚ ਇੱਦਾਂ ਦੀ ਸਥਿਤੀ ਨਹੀਂ, ਪਰ ਕਦੇ ਇਹ ਹੁੰਦੀ ਸੀ, ਜਿਹੜੀ ਸਾਂਭੀ ਨਹੀਂ ਜਾ ਸਕੀ ਤੇ ਹੌਲੀ-ਹੌਲੀ ਨਿੱਘਰਦੇ ਹਾਲਾਤ ਨੇ ਉਨ੍ਹਾਂ ਧਿਰਾਂ ਨੂੰ ਰਾਜਨੀਤਕ ਮੁਕਾਬਲੇ ਦੀ ਦੌੜ ਤੋਂ ਇੱਕ ਤਰ੍ਹਾਂ ਬਾਹਰ ਕੀਤਾ ਪਿਆ ਜਾਪਦਾ ਹੈ।
ਜਿਹੜੇ ਹਾਲਾਤ ਵਿੱਚ ਅੱਜ ਭਾਰਤ ਦੇਸ਼ ਫਸਿਆ ਪਿਆ ਹੈ ਅਤੇ ਇਸ ਔਖ ਵਿੱਚੋਂ ਨਿਕਲਣ ਦੀ ਮੁਹਰੈਲ ਬਣਨ ਲਈ ਜਿੱਦਾਂ ਵਿਰੋਧ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਨੂੰ ਅੱਗੇ ਲਾਉਣ ਦੇ ਯਤਨ ਹੋ ਰਹੇ ਹਨ, ਗਲਤ ਬੇਸ਼ਕ ਉਹ ਨਾ ਹੋਣ, ਪਰ ਕਾਂਗਰਸ ਪਾਰਟੀ ਦੀ ਸਾਫ ਸੋਚਣੀ ਤੋਂ ਬਿਨਾਂ ਛੜੱਪੇਬਾਜ਼ੀ ਉਨ੍ਹਾਂ ਦੇ ਪੈਰ ਜਕੜ ਲੈਂਦੀ ਹੈ। ਕਿਸੇ ਵਕਤ ਦੇਸ਼ ਵਿੱਚ ਚੋਣਾਂ ਨੇੜੇ ਆਈਆਂ ਵੇਖ ਕੇ ਇਸ ਪਾਰਟੀ ਦੇ ਆਗੂ ਅਤੇ ਅਚਾਨਕ ਉਪਜੇ ਹਾਲਾਤ ਵਿੱਚ ਪ੍ਰਧਾਨ ਮੰਤਰੀ ਬਣ ਚੁੱਕੇ ਰਾਜੀਵ ਗਾਂਧੀ ਨੇ ਅੱਗੜ-ਪਿੱਛੜ ਦੋ ਗਲਤੀਆਂ ਕਰ ਦਿੱਤੀਆਂ ਸਨ। ਪਹਿਲਾਂ ਸ਼ਾਹਬਾਨੋ ਕੇਸ ਵਿੱਚ ਸੁਪਰੀਮ ਕੋਰਟ ਦਾ ਉਹ ਫੈਸਲਾ ਪਾਰਲੀਮੈਂਟ ਵਿੱਚ ਕਾਨੂੰਨ ਸੋਧ ਕੇ ਬਦਲ ਦਿੱਤਾ, ਜਿਹੜਾ ਗਲਤ ਨਹੀਂ ਸੀ, ਪਰ ਮੁਸਲਿਮ ਸਮਾਜ ਵਿਚਲੇ ਕੱਟੜਪੰਥੀਆਂ ਨੂੰ ਪ੍ਰਵਾਨ ਨਹੀਂ ਸੀ। ਉਸ ਵਕਤ ਕਾਂਗਰਸ ਪਾਰਟੀ ਅਤੇ ਦੇਸ਼ ਦੀ ਸਰਕਾਰ ਨੇ ਉਸ ਫੈਸਲੇ ਨੂੰ ਬਦਲਿਆ ਨਾ ਹੁੰਦਾ ਤਾਂ ਇੱਕ ਪਾਸੇ ਮੁਸਲਿਮ ਸਮਾਜ ਵਿੱਚ ਨਿੱਗਰ ਅੱਗੇ-ਵਧੂ ਸੋਚ ਵਾਲੀ ਚੁੱਪ ਬੈਠੀ ਧਿਰ ਸਭ ਦਬਾਅ ਪਛਾੜ ਕੇ ਬਾਕੀ ਦੇਸ਼ ਦੇ ਨਾਲ ਕਦਮ ਮਿਲਾ ਕੇ ਚੱਲਣ ਦਾ ਹੌਸਲਾ ਕਰ ਸਕਦੀ ਸੀ, ਪਰ ਇਹ ਹੋਣ ਨਹੀਂ ਦਿੱਤਾ ਗਿਆ। ਫਿਰ ਜਦੋਂ ਵੇਖਿਆ ਕਿ ਮੁਸਲਿਮ ਕੱਟੜਪੰਥੀਆਂ ਨੂੰ ਉਤਸ਼ਾਹਿਤ ਕਰਨ ਦੇ ਇਸ ਅਮਲ ਦਾ ਹਿੰਦੂ ਸਮਾਜ ਦੇ ਬਹੁਤ ਵੱਡੇ ਹਿੱਸੇ ਉੱਤੇ ਉਲਟ ਅਸਰ ਪੈਂਦਾ ਪਿਆ ਹੈ ਤਾਂ ਉਨ੍ਹਾਂ ਨੂੰ ਖੁਸ਼ ਕਰਨ ਲਈ ਬਾਬਰੀ ਮਸਜਿਦ ਦੇ ਮੁਕੱਦਮੇ ਕਾਰਨ ਬੰਦ ਪਏ ਉਸ ਰਾਮ ਮੰਦਰ ਦਾ ਤਾਲਾ ਖੁੱਲ੍ਹਵਾ ਦਿੱਤਾ ਗਿਆ, ਜਿਹੜਾ ਉੱਦੋਂ ਤਕ ਵਿਵਾਦ ਦਾ ਮੁੱਦਾ ਸੀ। ਰਾਜੀਵ ਗਾਂਧੀ ਜਦੋਂ ਉੱਥੇ ਪੂਜਾ ਕਰਨ ਦੇ ਬਾਅਦ ਦੇਸ਼ ਵਿੱਚ ਲੋਕ ਸਭਾ ਲਈ ਚੋਣ ਮੁਹਿੰਮ ਵਾਸਤੇ ਚੱਲਿਆ ਅਤੇ ਉੱਥੇ ਕੀਤੀ ਗਈ ਪੂਜਾ ਨੂੰ ਉਸ ਨੇ ਅਤੇ ਉਸ ਦੀ ਪਾਰਟੀ ਨੇ ਬਹੁਤ ਸ਼ਲਾਘਾਯੋਗ ਕਦਮ ਦੱਸਿਆ ਤਾਂ ਉਨ੍ਹਾਂ ਤੋਂ ਵੱਧ ‘ਸ਼ਲਾਘਾ ਯੋਗ’ ਕੰਮ ਕਰਨ ਵਾਲਿਆਂ ਨੇ ਆਪਣੀ ਰਾਜਸੀ ਸੋਚ ਸਿਰੇ ਚਾੜ੍ਹਨ ਲਈ ਸਾਰੇ ਦੇਸ਼ ਵਿੱਚ ਰੱਥ-ਯਾਤਰਾ ਚਲਾ ਲਈ ਸੀ। ਨਤੀਜਾ ਸਭ ਨੂੰ ਪਤਾ ਹੈ।
ਅੱਜਕੱਲ੍ਹ ਇਹੋ ਗਲਤੀ ਕਾਂਗਰਸ ਪਾਰਟੀ ਫਿਰ ਕਰਦੀ ਪਈ ਹੈ। ਜਿਨ੍ਹਾਂ ਦਿਨਾਂ ਵਿੱਚ ਸਾਰੇ ਦੇਸ਼ ਵਿੱਚ ਭਾਜਪਾ ਦੀ ਸਾਰੀ ਫੋਰਸ ਕਾਂਗਰਸ ਪਾਰਟੀ ਉੱਤੇ ਦੋਸ਼ ਲਾ ਰਹੀ ਹੈ ਕਿ ਇਹ ਘੱਟ-ਗਿਣਤੀਆਂ ਤੇ ਉਨ੍ਹਾਂ ਦੇ ਨਾਂਅ ਉੱਤੇ, ਖਾਸ ਕਰ ਕੇ ਮੁਸਲਿਮ ਸਮਾਜ ਰਿਝਾਉਣ ਲੱਗੀ ਹੋਈ ਹੈ, ਇਸ ਨੂੰ ਸੰਭਲ ਕੇ ਚੱਲਣਾ ਚਾਹੀਦਾ ਸੀ। ਹੋਇਆ ਉਲਟਾ ਕਿ ਇਸ ਪਾਰਟੀ ਦੀ ਕਰਨਾਟਕ ਸਰਕਾਰ ਨੇ ਘੱਟ ਗਿਣਤੀ ਭਾਈਚਾਰੇ ਨੂੰ ਰਿਜ਼ਰਵੇਸ਼ਨ ਦੇਣ ਦਾ ਫੈਸਲਾ ਲੈ ਲਿਆ ਹੈ। ਇਹੋ ਕੁਝ ਪਹਿਲਾਂ ਇੱਕ ਵਾਰ ਕਾਂਗਰਸ ਲੀਡਰਸ਼ਿੱਪ ਆਂਧਰਾ ਪ੍ਰਦੇਸ਼ ਵਿੱਚ ਕਰ ਕੇ ਉਸਦੇ ਨਤੀਜੇ ਭੁਗਤ ਚੁੱਕੀ ਹੈ ਤੇ ਉਸ ਨੂੰ ਯਾਦ ਨਹੀਂ ਰਹਿੰਦਾ ਕਿ ਇੱਦਾਂ ਜਦੋਂ ਇੱਕ ਖਾਸ ਭਾਈਚਾਰੇ ਵਾਸਤੇ ਕੋਈ ਛੋਟ ਦਿੱਤੀ ਜਾਂਦੀ ਹੈ ਤਾਂ ਦੂਸਰੇ ਭਾਈਚਾਰੇ ਦਾ ਨਾਂਅ ਲੈ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਵੀ ਆਪਣੀ ਕਤਾਰਬੰਦੀ ਕਰਨ ਲਈ ਮੌਕਾ ਮਿਲ ਜਾਂਦਾ ਹੈ। ਕਿਸੇ ਹੋਰ ਧਰਮ ਨਾਲ ਜੁੜੇ ਲੋਕਾਂ ਲਈ ਜਦੋਂ ਧਰਮ ਦੇ ਅਧਾਰ ਉੱਤੇ ਇਸੇ ਬਰਾਬਰ ਛੋਟ ਨਹੀਂ ਦਿੱਤੀ ਜਾਂਦੀ ਅਤੇ ਧਰਮਾਂ ਦੇ ਨਾਂਅ ਉੱਤੇ ਇਹੋ ਜਿਹੀ ਛੋਟ ਦੇਣ ਦੀ ਲੀਹ ਪਾਈ ਵੀ ਸਭ ਨੂੰ ਪਤਾ ਹੈ ਕਿ ਗਲਤ ਸਿੱਟੇ ਕੱਢਦੀ ਹੈ ਤਾਂ ਕਰਨਾਟਕ ਜਾਂ ਕਿਸੇ ਹੋਰ ਰਾਜ ਵਿੱਚ ਵੀ ਇੱਦਾਂ ਨਹੀਂ ਸੀ ਕੀਤਾ ਜਾਣਾ ਚਾਹੀਦਾ। ਕਰਨਾਟਕ ਪਹਿਲਾਂ ਕਾਂਗਰਸ ਦੀਆਂ ਗਲਤੀਆਂ ਕਾਰਨ ਭਾਜਪਾ ਦੇ ਕਬਜ਼ੇ ਵਿੱਚ ਗਿਆ ਦੱਖਣ ਦਾ ਪਹਿਲਾ ਰਾਜ ਮੰਨਿਆ ਜਾਂਦਾ ਹੈ, ਇਸ ਵਿੱਚ ਭਾਜਪਾ ਵਾਲੀ ਸਰਕਾਰ ਬਣਨ ਤਕ ਦੱਖਣ ਦੇ ਕਿਸੇ ਵੀ ਰਾਜ ਵਿੱਚ ਭਾਜਪਾ ਦੇ ਪੈਰ ਨਹੀਂ ਸਨ ਲੱਗ ਰਹੇ ਅਤੇ ਅੱਜ ਉਹ ਕੇਰਲਾ ਤਕ ਪਹੁੰਚਣ ਦੀ ਦੌੜ ਵਿੱਚ ਹੈ।
ਹਾਲਾਤ ਵੇਖੋ ਕਿੱਧਰ ਜਾ ਰਹੇ ਹਨ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਇਹ ਕਹੇ ਕਿ ਉਹ ਜੈਵਿਕ ਜਨਮ ਨਾਲ ਦੁਨੀਆ ਵਿੱਚ ਨਹੀਂ ਆਇਆ, ਉਸ ਨੂੰ ਈਸ਼ਵਰ ਨੇ ਕਿਸੇ ਖਾਸ ਉਦੇਸ਼ ਲਈ ਭੇਜਿਆ ਹੈ ਤਾਂ ਧਰਮ ਨਿਰਪੱਖ ਧਿਰ ਦੇ ਆਗੂ ਜੋ ਮਰਜ਼ੀ ਕਹੀ ਜਾਣ, ਆਮ ਹਿੰਦੂ ਲੋਕਾਂ ਉੱਤੇ ਮੋਦੀ ਦੀ ਗੱਲ ਅਸਰ ਪਾਉਂਦੀ ਦਿਸ ਪੈਂਦੀ ਹੈ। ਲੋਕ ਸਭਾ ਚੋਣਾਂ ਮੌਕੇ ਭਾਰਤ ਦੇ ਬਹੁ-ਗਿਣਤੀ ਲੋਕਾਂ ਵਾਲੇ ਇਸ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਕਸਾਉਣ ਲਈ ਮੋਦੀ ਇਹ ਕਹਿ ਰਹੇ ਹੋਣ ਕਿ ਬਾਕੀ ਧਰਮਾਂ ਨੂੰ ਸਹੂਲਤਾਂ ਦੇ ਕੇ ਪਤਿਆਇਆ ਜਾਂਦਾ ਹੈ ਤਾਂ ਉਸ ਵਕਤ ਉਨ੍ਹਾਂ ਨਾਲ ਵਿਰੋਧ ਵਾਲੀਆਂ ਸਾਰੀਆਂ ਧਿਰਾਂ ਅਤੇ ਧੜਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਉੱਤੇ ਇਹ ਊਜ ਨਾ ਲਾਈ ਜਾ ਸਕੇ। ਇਸ ਸਮਝਦਾਰੀ ਦੀ ਬਜਾਏ ਪਹਿਲਾਂ ਹੀ ਰਾਜਨੀਤੀ ਦੀਆਂ ਘੁੰਮਣਘੇਰੀਆਂ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਕਾਂਗਰਸ ਪਾਰਟੀ ਲੀਡਰਸ਼ਿੱਪ ਦੀ ਇਹ ਸੋਚ ਬਣ ਜਾਂਦੀ ਹੈ ਕਿ ਘੱਟ-ਗਿਣਤੀ ਦੀਆਂ ਵੋਟਾਂ ਰਿਜ਼ਰਵ ਕਰ ਲਈਆਂ ਜਾਣ। ਇੱਦਾਂ ਦੀ ਨੀਤੀ ਲੈ ਡੁੱਬੇਗੀ।
ਇਹ ਗੱਲ ਇਸ ਕਰ ਕੇ ਵੀ ਕਹੀ ਜਾ ਸਕਦੀ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਮਸਜਿਦ-ਮੰਦਰ ਵਿਵਾਦ ਜਿਸ ਤੇਜ਼ੀ ਨਾਲ ਵਧੇ ਜਾਂ ਵਧਾਏ ਗਏ ਹਨ, ਉਨ੍ਹਾਂ ਨਾਲ ਇਹ ਪਾੜਾ ਹੋਰ ਵਧ ਚੁੱਕਾ ਹੈ। ਅੱਗੋਂ ਜਦੋਂ ਔਰੰਗਜ਼ੇਬ ਦਾ ਮੁੱਦਾ ਚੁੱਕ ਕੇ ਰਾਜਨੀਤੀ ਕੀਤੀ ਜਾਣ ਲੱਗ ਪਈ ਹੈ ਤਾਂ ਇਸ ਨੇ ਵੀ ਧਾਰਮਿਕ ਰੰਗਣ ਨਾਲ ਲੋਕਾਂ ਨੂੰ ਵੰਡਣ ਦਾ ਕੰਮ ਕਰਨਾ ਹੈ। ਮੁਸਲਿਮ ਸਮਾਜ ਦਾ ਇੱਕ ਹਿੱਸਾ ਪਤਾ ਨਹੀਂ ਕਿਉਂ ਇਤਿਹਾਸ ਵਿੱਚ ਬੇਰਹਿਮ ਮੰਨੇ ਜਾਂਦੇ ਮੁਗਲ ਬਾਦਸ਼ਾਹ ਦੇ ਪੱਖ ਵਿੱਚ ਖੜ੍ਹਾ ਹੋਣ ਲੱਗ ਪਿਆ ਅਤੇ ਸੰਬੰਧਤ ਰਾਜ ਮਹਾਰਾਸ਼ਟਰ ਦੀ ਸਰਕਾਰ ਨੂੰ ਚਲਾ ਰਹੀਆਂ ਦੋਵੇਂ ਪਾਰਟੀਆਂ, ਭਾਜਪਾ ਅਤੇ ਏਕਨਾਥ ਸ਼ਿੰਦੇ ਵਾਲੀ ਸ਼ਿਵ ਸੈਨਾ ਦੇ ਲੋਕ ਔਰੰਗਜ਼ੇਬ ਦੀ ਕਬਰ ਪੁੱਟਣ ਦਾ ਨਾਅਰਾ ਨਹੀਂ, ਦਬਕਾ ਤਕ ਮਾਰਦੀਆਂ ਪਈਆਂ ਹਨ। ਜਿਹੜੀ ਕਬਰ ਪਿਛਲੀਆਂ ਸਵਾ ਤਿੰਨ ਸਦੀਆਂ ਤੋਂ ਕਦੇ ਕਿਸੇ ਵਿਵਾਦ ਦਾ ਮੁੱਦਾ ਨਹੀਂ ਸੀ ਬਣੀ, ਉਹ ਅਚਾਨਕ ਬਣੀ ਨਹੀਂ, ਬਣਾਈ ਜਾਣ ਲੱਗ ਪਈ ਅਤੇ ਇਸ ਮੁੱਦੇ ਉੱਤੇ ਮਹਾਰਾਸ਼ਟਰ ਦੀ ਰਾਜਨੀਤੀ ਦਾ ਧਰੁਵੀਕਰਨ ਹੁੰਦਾ ਪਿਆ ਹੈ। ਇਸ ਤੋਂ ਪਹਿਲਾਂ ਜਦੋਂ ਭਾਜਪਾ ਨੇ ਕਰਨਾਟਕਾ ਦੇ ਹਿੰਦੂਆਂ ਵਿੱਚ ਆਪਣੀ ਪਹੁੰਚ ਦਾ ਰਾਹ ਪਹਿਲਾਂ ਨਾਲੋਂ ਮੋਕਲਾ ਕਰਨਾ ਸੀ ਤਾਂ ਜਿਹੜਾ ਟੀਪੂ ਸੁਲਤਾਨ ਉੱਦੋਂ ਤਕ ਵਿਵਾਦ ਦਾ ਮੁੱਦਾ ਬਣਨ ਦੀ ਨੌਬਤ ਕਦੇ ਨਹੀਂ ਸੀ ਆਈ, ਉਹ ਉਸ ਵੇਲੇ ਉੱਥੇ ਹੁੰਦਾ ਵੇਖਿਆ ਗਿਆ ਸੀ। ਭਾਰਤ ਦੇ ਲੋਕ ਰੋਟੀ ਨਾ ਮਿਲਣ ਤਾਂ ਭੁੱਖੇ ਪੇਟ ਦਿਨ ਕੱਟ ਕੇ ਸਾਰ ਸਕਦੇ ਹਨ, ਪਰ ਧਰਮ ਦੇ ਖਿਲਾਫ ਹੁੰਦੀ ਕਿਸੇ ਗੱਲ ਬਾਰੇ ਸੁਣ ਲੈਣ ਤਾਂ ਬਰਦਾਸ਼ਤ ਨਹੀਂ ਕਰਦੇ। ਇਸ ਗੱਲ ਨੂੰ ਜਿਹੜੀਆਂ ਧਿਰਾਂ ਜਾਣਦੀਆਂ ਤੇ ਹਰ ਸਿਆਸੀ ਮੋਰਚੇ ਉੱਤੇ ਵਰਤਦੀਆਂ ਹਨ, ਜੇ ਉਨ੍ਹਾਂ ਦੇ ਮੁਕਾਬਲੇ ਉੱਥੇ ਇੱਦਾਂ ਇੱਕ ਖਾਸ ਘੱਟ-ਗਿਣਤੀ ਲਈ ਛੋਟਾਂ ਦਾ ਛੱਟਾ ਦੇਣਾ ਹੈ ਤਾਂ ਉਹ ਇਸ ਨੂੰ ਵਰਤਣਗੀਆਂ ਹੀ।
ਜਿਸ ਦਿਨ ਭਾਰਤ ਨੂੰ ਆਜ਼ਾਦੀ ਮਿਲੀ ਅਤੇ ਇਸ ਦੇਸ਼ ਦੀ ਕਮਾਨ ਕਾਂਗਰਸ ਦੇ ਹੱਥ ਆਈ ਸੀ, ਕਾਂਗਰਸ ਪਾਰਟੀ ਉਸ ਵਕਤ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਆਗੂ ਦੀ ਕਮਾਂਡ ਹੇਠ ਸੀ, ਜਿਹੜਾ ਬਚਨਾਂ ਅਤੇ ਅਮਲਾਂ ਦੋਵਾਂ ਦੇ ਪੱਖ ਤੋਂ ਆਪਣੀ ਧਰਮ ਨਿਰਪੱਖਤਾ ਨੂੰ ਹਰ ਕਿਸਮ ਦੀ ਲਾਗ ਤੋਂ ਬਚਾ ਕੇ ਰੱਖਦਾ ਸੀ। ਪਿੱਛੋਂ ਜਦੋਂ ਇੰਦਰਾ ਗਾਂਧੀ ਵਾਲਾ ਨਵਾਂ ਦੌਰ ਆਇਆ ਤਾਂ ਧਰਮ ਨਿਰਪੱਖਤਾ ਨੂੰ ਹਰ ਡਾਵਾਂਡੋਲਤਾ ਤੋਂ ਬਚਾ ਕੇ ਚੱਲਣ ਦੀ ਥਾਂ ਹਰ ਧਰਮ ਦੇ ਲੋਕਾਂ ਦੀ ਆਸਥਾ ਨੂੰ ਵਰਤ ਕੇ ਵੋਟਾਂ ਲੈਣ ਦੀ ਇਹੋ ਜਿਹੀ ਖੇਡ ਖੇਡੀ ਜਾਣ ਲੱਗ ਪਈ ਸੀ, ਜਿਸ ਨੇ ਦੇਸ਼ ਨੂੰ ਇਤਿਹਾਸ ਦੇ ਉਸ ਮੋੜ ਉੱਤੇ ਲਿਆ ਖੜ੍ਹਾ ਕੀਤਾ ਹੈ ਕਿ ਅੱਗੇ ਸਿਰਫ ਨਿਵਾਣ ਨਜ਼ਰ ਆਉਂਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਅਜੇ ਤਕ ਵੀ ਇਤਿਹਾਸ ਦੀਆਂ ਬੱਜਰ ਗਲਤੀਆਂ ਅਤੇ ਉਨ੍ਹਾਂ ਦੇ ਸਿੱਟਿਆਂ ਤੋਂ ਸਿੱਖ ਕੇ ਅੱਗੇ ਵਧਣ ਦੀ ਥਾਂ ਉਸੇ ਕਿਸਮ ਦੀਆਂ ਗਲਤੀਆਂ ਕਰਨ ਦਾ ਸਿਲਸਿਲਾ ਜਾਰੀ ਹੈ। ਦੇਸ਼ ਅਤੇ ਧਰਮ ਨਿਰਪੱਖਤਾ ਬਚਾਉਣੀ ਹੈ ਤਾਂ ਥੋੜ੍ਹ-ਚਿਰੇ ਸਿਆਸੀ ਲਾਭ ਸੋਚ ਕੇ ਇੱਕ ਜਾਂ ਦੂਸਰੇ ਧਾਰਮਿਕ ਭਾਈਚਾਰੇ ਕੋਲ ਉਸਦੇ ਹਿਤੈਸ਼ੀ ਬਣ ਕੇ ਵਿਖਾਉਣ ਤੋਂ ਬਚਣਾ ਹੋਵੇਗਾ। ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਜਿਨ੍ਹਾਂ ਨੂੰ ਇਹ ਸੋਚ ’ਤੇ ਚੱਲਣਾ ਚਾਹੀਦਾ ਹੈ, ਉਹੀ ਇਸ ਤੋਂ ਉਲਟ ਰਾਹ ਚੱਲਦੇ ਪਏ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (