JatinderPannu7ਭਾਰਤ ਦੇ ਲੋਕਾਂ ਨੂੰ ਇਸ ਵਕਤ ਜੋ ਕੁਝ ਪਤਾ ਲੱਗਣਾ ਚਾਹੀਦਾ ਹੈਉਹ ਉਨ੍ਹਾਂ ਨੂੰ ਪਤਾ ਨਹੀਂ ਲਗਦਾਕਿਉਂਕਿ ਦੇਸ਼ ਦੇ ...
(6 ਮਈ 2024)
ਇਸ ਸਮੇਂ ਪਾਠਕ: 475.


ਇਸ ਤਰ੍ਹਾਂ ਦੇ ਮੌਕੇ ਇਨਸਾਨੀ ਜ਼ਿੰਦਗੀ ਵਿੱਚ ਵੀ ਤੇ ਸਮਾਜ ਸਾਹਮਣੇ ਵੀ ਬੜੇ ਘੱਟ ਆਇਆ ਕਰਦੇ ਹਨ
, ਜਦੋਂ ਇੱਕੋ ਵੇਲੇ ਕੋਈ ਤੁਫਾਨ ਉੱਠਦਾ ਵੀ ਜਾਪਦਾ ਹੈ ਅਤੇ ਆਸ ਦੀ ਕੋਈ ਕਿਰਨ ਵੀ ਕਿਸੇ ਪਾਸਿਉਂ ਉੱਠਦੀ ਹੋਣ ਦਾ ਝਾਕਾ ਪੈਣ ਲਗਦਾ ਹੈਭਾਰਤ ਦੇਸ਼ ਅਤੇ ਭਾਰਤੀ ਲੋਕ ਵੀ ਇਸ ਵੇਲੇ ਉਸ ਮੋੜ ਉੱਤੇ ਖੜ੍ਹੇ ਜਾਪਦੇ ਹਨਪਾਰਲੀਮੈਂਟ ਦੀ ਇਸ ਵਾਰ ਦੀ ਚੋਣ ਜਿਸ ਪੜਾਅ ਉੱਤੇ ਪਹੁੰਚ ਚੁੱਕੀ ਹੈ, ਲੋਕਾਂ ਨੂੰ ਇੱਕੋ ਵਕਤ ਇਹ ਵੀ ਸੁਣਾਈ ਦਿੰਦਾ ਹੈ ਕਿ ਇਸ ਚੋਣ ਤੋਂ ਬਾਅਦ ਹੋਰ ਕੋਈ ਚੋਣ ਹੋਣ ਦੀ ਆਸ ਸ਼ਾਇਦ ਨਾ ਰਹੇ ਅਤੇ ਇਹ ਗੱਲ ਵੀ ਕਹੀ ਜਾਣ ਲੱਗ ਪਈ ਹੈ ਕਿ ਇਸ ਦੇਸ਼ ਦੇ ਲੋਕ ਆਪਣੀ ਕਿਸਮਤ ਅੱਗੇ ਇੱਦਾਂ ਦਾ ਸਵਾਲੀਆ ਨਿਸ਼ਾਨ ਕਦੇ ਨਹੀਂ ਲੱਗਣ ਦੇਣਗੇਇੱਕੋ ਵਕਤ ਇਹ ਵੀ ਸੁਣਦਾ ਹੈ ਕਿ ਜਿੰਨੇ ਮਰਜ਼ੀ ਅੜਿੱਕੇ ਲੱਗਦੇ ਦਿਸਦੇ ਹੋਣ, ‘ਅਬ ਕੀ ਬਾਰ, ਤੀਨ ਸੌ ਸੱਤਰ ਪਾਰ’ ਦਾ ਨਾਅਰਾ ਲਾਉਣ ਪਿੱਛੋਂ ‘ਅਬ ਕੀ ਬਾਰ, ਚਾਰ ਸੌ ਪਾਰ’ ਸੀਟਾਂ ਨਾ ਵੀ ਕਰ ਸਕੀ ਤਾਂ ਭਾਜਪਾ ਸਾਢੇ ਤਿੰਨ ਸੌ ਸੀਟਾਂ ਜ਼ਰੂਰ ਲੈ ਜਾਵੇਗੀ ਅਤੇ ਫਿਰ ਉਹ ਮਨ-ਆਈਆਂ ਕਰੇਗੀ ਤੇ ਇਹ ਵੀ ਕਿ ਉਸ ਦੀ ਮੁਹਿੰਮ ਦੀ ਫੂਕ ਨਿਕਲਦੀ ਪਈ ਹੈਆਮ ਲੋਕਾਂ ਦੇ ਮੂਡ ਦਾ ਹਾਲੇ ਵੀ ਕੋਈ ਪੱਕਾ ਪਤਾ ਨਹੀਂ ਲੱਗ ਰਿਹਾ, ਸਭ ਕਿਆਫੇ ਹਨ ਤੇ ਇਸ ਤਰ੍ਹਾਂ ਦੇ ਕਿਆਫਿਆਂ ਕਾਰਨ ਭਾਰਤ ਦੇ ਲੋਕਾਂ ਸਾਹਮਣੇ ਇੱਕੋ ਵਕਤ ਕਿਸੇ ਉੱਠਦੇ ਪਏ ਵੱਡੇ ਤੁਫਾਨ ਦਾ ਖੌਫ ਵੀ ਸਿਰ ਚੁੱਕਦਾ ਦਿਸਦਾ ਹੈ ਤੇ ਇਸ ਤੁਫਾਨ ਦਾ ਰਾਹ ਰੋਕਣ ਦੇ ਲਈ ਭਾਰਤ ਦੇ ਲੋਕਾਂ ਦੀ ਸੋਚ ਵਿੱਚ ਅਚਾਨਕ ਤਬਦੀਲੀ ਹੋਣ ਦੇ ਕੁਝ ਸੰਕੇਤ ਵੀ ਨੋਟ ਕੀਤੇ ਜਾਣ ਲੱਗੇ ਹਨ

ਕਿਸੇ ਇੱਕ ਜਾਂ ਦੂਸਰੇ ਕਿਸਮ ਦੇ ਸੰਕੇਤਾਂ ਦੀ ਗੱਲ ਉੱਤੇ ਅਸੀਂ ਜ਼ੋਰ ਨਹੀਂ ਦੇਣਾ ਚਾਹੁੰਦੇ, ਸਗੋਂ ਹਾਲਾਤ ਦੇ ਉਸ ਵਹਿਣ ਦੀ ਗੱਲ ਕਰਨੀ ਠੀਕ ਸਮਝਦੇ ਹਾਂ, ਜਿਸ ਤੋਂ ਇਹ ਦੋਵੇਂ ਕਿਸਮਾਂ ਦੇ ਅਰਥ ਕੱਢੇ ਜਾ ਰਹੇ ਹਨਪਹਿਲੀ ਗੱਲ ਇਹ ਕਿ ਇਸ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਲੀਡਰਸ਼ਿੱਪ ਜਾਂ ਸਟਾਰ ਪ੍ਰਚਾਰਕਾਂ ਵਿੱਚੋਂ ਮੋਦੀ ਦੇ ਨੇੜੇ ਸਮਝੇ ਜਾਣ ਵਾਲਿਆਂ ਦੀ ਬੋਲ-ਬਾਣੀ ਅਚਾਨਕ ਬਦਲਦੀ ਜਾਪਣ ਲੱਗੀ ਹੈਉਨ੍ਹਾਂ ਨੇ ਆਪਣੇ ਰਾਜ ਵਿੱਚ ਕੀਤੇ ਗਏ ਵਿਕਾਸ ਦੇ ਦਾਅਵਿਆਂ ਦੀ ਚਰਚਾ ਸ਼ੁਰੂ ਕੀਤੀ ਤਾਂ ਇਸ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆਇਸ ਨਾਲ ਸ਼ਾਇਦ ਉਨ੍ਹਾਂ ਨੂੰ ਇਹ ਸਮਝ ਪੈ ਗਈ ਹੋਵੇਗੀ ਕਿ ਵਾਜਪਾਈ-ਅਡਵਾਨੀ ਅਤੇ ਪ੍ਰਮੋਦ ਮਹਾਜਨ ਦੇ ਪ੍ਰਚਾਰ ਦੌਰ ਸਮੇਂ ਜੇ ‘ਇੰਡੀਆ ਸ਼ਾਈਨਿੰਗ’ (ਭਾਰਤ ਉਦੈ ਜਾਂ ਚਮਕਦਾ ਭਾਰਤ) ਤੇ ਉਸ ਨਾਅਰੇ ਦੇ ਨਾਲੋ-ਨਾਲ ‘ਫੀਲ ਗੁੱਡ’ (ਬੜਾ ਵਧੀਆ ਮਹਿਸੂਸ ਹੁੰਦਾ ਹੈ) ਵਾਲੇ ਨਾਅਰੇ ਨਹੀਂ ਸੀ ਚੱਲ ਸਕੇ ਤਾਂ ਵਿਕਾਸ ਦੇ ਇਹ ਨਾਅਰੇ ਵੀ ਨਹੀਂ ਚੱਲਣੇਕਾਰਨ ਇਸਦਾ ਇਹੋ ਹੈ ਕਿ ਇਨ੍ਹਾਂ ਨਾਅਰਿਆਂ ਵਿੱਚ ਉਸ ਦੌਰ ਵਿੱਚ ਵੀ ਕਚਿਆਈ ਸੀ, ਓਨਾ ਕੰਮ ਕੀਤਾ ਨਹੀਂ ਸੀ, ਜਿੰਨਾ ਪ੍ਰਚਾਰਿਆ ਗਿਆ ਸੀ ਤੇ ਲੋਕ ਸਚਾਈ ਜਾਣਦੇ ਸਨ, ਇੱਦਾਂ ਹੀ ਵਿਕਾਸ ਦੇ ਅਜੋਕੇ ਦਾਅਵਿਆਂ ਦੀ ਕਚਿਆਈ ਵੀ ਭਾਰਤ ਦੇ ਲੋਕਾਂ ਤੋਂ ਲੁਕੀ ਨਹੀਂ ਅਤੇ ਉਹ ਇੱਦਾਂ ਦੇ ਪ੍ਰਚਾਰ ਦਾ ਹੁੰਗਾਰਾ ਨਹੀਂ ਭਰਦੇ ਜਾਪਦੇ ਇੱਥੇ ਦਾਅਵਾ ਕੀਤਾ ਗਿਆ ਸੀ ਕਿ ਉੱਜਵਲਾ ਯੋਜਨਾ ਅਧੀਨ ਹਰ ਘਰ ਵਿੱਚ ਗੈਸ ਪੁਚਾ ਦਿੱਤੀ ਹੈਫਿਰ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਸਿਖਰ ਉੱਤੇ ਪੁੱਜੇ ਨੌਜਵਾਨਾਂ ਵਿੱਚੋਂ ਇੱਕ ਜਣਾ ਇਹ ਕਹਿੰਦਾ ਸੁਣ ਗਿਆ ਕਿ ਉਸ ਦੀ ਮਾਂ ਅੱਜ ਤਕ ਵੀ ਚੁੱਲ੍ਹੇ ਵਿੱਚ ਫੂਕਾਂ ਮਾਰਦੀ ਹੈਕੇਂਦਰ ਸਰਕਾਰ ਨੇ ਦਾਅਵਾ ਕੀਤਾ ਕਿ ਬੇਘਰਿਆਂ ਨੂੰ ਘਰ ਦੇ ਦਿੱਤੇ ਹਨ ਤੇ ਬੰਗਾਲ ਦੀ ਜਿਹੜੀ ਔਰਤ ਦੀ ਫੋਟੋ ਇਸ ਦਾਅਵੇ ਨਾਲ ਮੀਡੀਏ ਵਿੱਚ ਛਪਵਾਈ ਸੀ, ਧੋਬੀ ਘਾਟ ਉੱਤੇ ਲੋਕਾਂ ਦੇ ਕੱਪੜੇ ਧੋਣ ਵਾਲੀ ਉਹ ਬੀਬੀ ਕਹਿੰਦੀ ਸੁਣ ਗਈ ਕਿ ਉਸ ਦਾ ਪਰਿਵਾਰ ਇੱਕੋ ਕਮਰੇ ਦੇ ਪੁਰਾਣੇ ਘਰ ਵਿੱਚ ਰਹਿੰਦਾ ਹੈ, ਉਨ੍ਹਾਂ ਤਕ ਸਕੀਮ ਨਹੀਂ ਪੁੱਜੀਪ੍ਰਧਾਨ ਮੰਤਰੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਰਾਜ ਆਉਣ ਤਕ ਕਈ ਪਿੰਡਾਂ ਤਕ ਬਿਜਲੀ ਨਹੀਂ ਸੀ ਪਹੁੰਚੀ ਅਤੇ ਉਨ੍ਹਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉੱਥੇ ਬਿਜਲੀ ਪਹੁੰਚਾਉਣ ਦਾ ਹੁਕਮ ਦਿੱਤਾ ਹੈ। ਪਰ ਦੱਸੇ ਗਏ ਪਿੰਡ ਨੂੰ ਗਏ ਮੀਡੀਆ ਵਾਲਿਆਂ ਨੇ ਵਿਖਾ ਦਿੱਤਾ ਕਿ ਉਸ ਪਿੰਡ ਵਿੱਚ ਅਜੇ ਵੀ ਬਿਜਲੀ ਦੇ ਖੰਭੇ ਤਾਂ ਲਾਏ ਹਨ, ਉਨ੍ਹਾਂ ਉੱਤੇ ਤਾਰ ਕਿਸੇ ਨਹੀਂ ਪਾਈਕੇਂਦਰ ਸਰਕਾਰ ਦੇ ਦਾਅਵਿਆਂ ਦੇ ਇਸ ਕੱਚੇਪਣ ਨਾਲ ਜਦੋਂ ਆਮ ਲੋਕ ਪਤਿਆਏ ਨਹੀਂ ਜਾ ਸਕੇ ਤਾਂ ਧਰਮ ਦਾ ਪੱਤਾ ਵਰਤਿਆ ਜਾਣ ਲੱਗਾ ਹੈ

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੇ ਪਹਿਲਾਂ ਇਹ ਭਾਸ਼ਣ ਕੀਤੇ ਕਿ ਉਨ੍ਹਾਂ ਦੀ ਵਿਰੋਧੀ ਧਿਰ ਜੇ ਜਿੱਤ ਗਈ ਤਾਂ ਉਹ ਪੰਜ-ਪੰਜ ਬੱਚੇ ਪੈਦਾ ਕਰਨ ਵਾਲਿਆਂ ਨੂੰ ਹਰ ਕਿਸੇ ਗੱਲ ਵਿੱਚ ਪਹਿਲ ਦੇਵੇਗੀ ਤੇ ਦੂਸਰੇ ਲੋਕਾਂ ਦੀ ਜਾਇਦਾਦ ਝਪਟ ਕੇ ਇੱਦਾਂ ਦੇ ਲੋਕਾਂ ਨੂੰ ਵੰਡ ਦੇਵੇਗੀਫਿਰ ਇਹ ਕਹਿ ਦਿੱਤਾ ਕਿ ਵਿਰੋਧੀ ਧਿਰ ਜਿੱਤੀ ਤਾਂ ਲੋਕਾਂ ਦੇ ਘਰਾਂ ਅੰਦਰ ਪਿਆ ਸੋਨਾ ਕਢਵਾ ਕੇ ਅੱਧਾ ਸਰਕਾਰੀ ਖਜ਼ਾਨੇ ਵਿੱਚ ਪਾ ਦੇਵੇਗੀ ਅਤੇ ਸਾਡੀਆਂ ਮਾਂਵਾਂ-ਭੈਣਾਂ ਦੇ ਮੰਗਲ-ਸੂਤਰ ਵੀ ਨਹੀਂ ਬਖਸ਼ੇਗੀਏਦੂੰ ਹੋਰ ਅੱਗੇ ਵਧ ਕੇ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਇਹ ਦਲਿਤਾਂ ਦੀ ਰਿਜ਼ਰਵੇਸ਼ਨ ਖੋਹ ਕੇ ਮੁਸਲਿਮ ਭਾਈਚਾਰੇ ਨੂੰ ਦੇ ਦੇਣਗੇ ਇਸਦੇ ਬਾਅਦ ਉਨ੍ਹਾਂ ਨੇ ਜੋ ਕੁਝ ਕਿਹਾ, ਉਹ ਦੱਸਣਾ ਔਖਾ ਅਤੇ ਹੱਦਾਂ ਪਾਰ ਕਰਨ ਵਾਲਾ ਸੀ

ਭਾਰਤ ਦੇ ਲੋਕਾਂ ਨੂੰ ਇਸ ਵਕਤ ਜੋ ਕੁਝ ਪਤਾ ਲੱਗਣਾ ਚਾਹੀਦਾ ਹੈ, ਉਹ ਉਨ੍ਹਾਂ ਨੂੰ ਪਤਾ ਨਹੀਂ ਲਗਦਾ, ਕਿਉਂਕਿ ਦੇਸ਼ ਦੇ ਕੌਮੀ ਪੱਧਰ ਦੇ ਲਗਭਗ ਸਾਰੇ ਮੀਡੀਆ ਚੈਨਲ ਓਨਾ ਹੀ ਦਿਖਾਉਂਦੇ ਹਨ, ਜਿੰਨਾ ਦਿਖਾਉਣ ਨੂੰ ਕਿਹਾ ਜਾਂਦਾ ਹੈ, ਉਸ ਤੋਂ ਵੱਧ ਕੁਝ ਦਿਖਾਉਣ ਦੀ ਉਹ ਕੋਸ਼ਿਸ਼ ਨਹੀਂ ਕਰਦੇ ਇੱਦਾਂ ਕਰਨਾ ਉਨ੍ਹਾਂ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ, ਇਸ ਲਈ ਖਤਰੇ ਤੋਂ ਬਚਦੇ ਰਹਿੰਦੇ ਹਨ ਤੇ ਇਹ ਗੱਲ ਵੀ ਸਭ ਨੂੰ ਪਤਾ ਹੈ ਕਿ ਦੇਸ਼ ਦੇ ਬਹੁਤੇ ਕੌਮੀ ਮੀਡੀਆ ਚੈਨਲ ਦੋ ਵੱਡੇ ਮੀਡੀਆ ਘਰਾਣਿਆਂ ਨੇ ਖਰੀਦ ਲਏ ਹਨ ਅਤੇ ਦੋਵੇਂ ਵੱਡੇ ਘਰਾਣੇ ਇਸ ਵੇਲੇ ਦੀ ਸਰਕਾਰ ਦੇ ਨਾਲ ਹਨਆਮ ਲੋਕਾਂ ਦਾ ਕੋਈ ਵਿਕਾਸ ਨਹੀਂ ਵੀ ਹੁੰਦਾ ਤਾਂ ਕੋਈ ਫਿਕਰ ਨਹੀਂ, ਉਨ੍ਹਾਂ ਦੋ ਵੱਡੇ ਘਰਾਣਿਆਂ ਲਈ ਹਰ ਸਰਕਾਰੀ ਵਿਭਾਗ ਤੇ ਹਰ ਅਧਿਕਾਰੀ ਹਰ ਵੇਲੇ ਹਾਜ਼ਰ ਹੁੰਦਾ ਹੈਉਨ੍ਹਾਂ ਦੋਵਾਂ ਘਰਾਣਿਆਂ ਦੇ ਮਾਲਕ ਦੇਸ਼ ਦੇ ਲੋਕਾਂ ਦੀ ਸੇਵਾ ਲਈ ਸਮਾਜੀ ਸੰਸਥਾਵਾਂ ਚਲਾਉਣ ਵਾਸਤੇ ਨਹੀਂ ਸੀ ਆਏ, ਉਨ੍ਹਾਂ ਦਾ ਮੰਤਵ ਲਾਭ ਕਮਾਉਣਾ ਹੈ ਤੇ ਇਸ ਕੰਮ ਵਿੱਚ ਕੋਈ ਵੀ ਅੜਿੱਕਾ ਨਾ ਪੈਣ ਦੇਣ ਵਾਲੀ ਧਿਰ ਦੀ ਮਦਦ ਕਰਨਾ ਉਨ੍ਹਾਂ ਦੀ ਆਪਣੀ ਲੋੜ ਹੈਰਹੀ ਗੱਲ ਇਸ ਵੇਲੇ ਸੰਸਾਰ ਪੱਧਰ ਉੱਤੇ ਦੇਸ਼ ਦੇ ਅਕਸ ਦੀ, ਉਹ ਅਕਸ ਭਾਰਤੀ ਲੋਕਾਂ ਨੂੰ ਪਤਾ ਬੇਸ਼ਕ ਨਾ ਹੋਵੇ, ਬਾਕੀ ਸੰਸਾਰ ਦੇ ਲੋਕਾਂ ਨੂੰ ਸਾਰਾ ਪਤਾ ਹੈ

ਮਈ ਦੇ ਪਹਿਲੇ ਹਫਤੇ ਪ੍ਰੈੱਸ ਦੀ ਆਜ਼ਾਦੀ ਦਾ ਸੰਸਾਰ ਪੱਧਰੀ ਦਿਨ ਸੀ, ਉਸ ਦਿਨ ਦੁਨੀਆ ਦੇ ਦੇਸ਼ਾਂ ਦੀ ਪ੍ਰੈੱਸ ਦੀ ਆਜ਼ਾਦੀ ਦਾ ਪੱਧਰ ਅਤੇ ਬਾਕੀ ਦੇਸ਼ਾਂ ਮੁਕਾਬਲੇ ਇਸਦੀ ਰੈਂਕਿੰਗ ਪਤਾ ਲੱਗੀ ਹੈਇੱਕ ਸੌ ਅੱਸੀ ਦੇਸ਼ਾਂ ਦੀ ਲਿਸਟ ਵਿੱਚ ਭਾਰਤ ਇੱਕ ਸੌ ਇਕਾਹਠ ਨੰਬਰ ਉੱਤੇ ਹੈ, ਪਰ ਪਾਕਿਸਤਾਨ ਵਰਗੇ ਦੇਸ਼ ਦਾ ਦਰਜਾ ਇੱਕ ਸੌ ਪੰਜਾਹ, ਅਰਥਾਤ ਭਾਰਤ ਤੋਂ ਗਿਆਰਾਂ ਨੰਬਰ ਉੱਤੇ ਦਿਸਦਾ ਹੈਉਸ ਤੋਂ ਪਹਿਲਾਂ ਸੰਸਾਰ ਵਿੱਚ ਭੁੱਖ ਦੇ ਅੰਕੜਿਆਂ ਦੀ ਰਿਪੋਰਟ ਆਈ ਤਾਂ ਭੁੱਖ ਹੰਢਾ ਰਹੇ ਇੱਕ ਸੌ ਇੱਕੀ ਦੇਸ਼ਾਂ ਵਾਲੀ ਇਸ ਸੂਚੀ ਵਿੱਚ ਭਾਰਤ ਦਾ ਨਾਂਅ ਇੱਕ ਸੌ ਸੱਤ ਨੰਬਰ ਉੱਤੇ ਸੀ, ਜਦੋਂ ਕਿ ਆਰਥਿਕਤਾ ਦੀ ਜਿੱਲ੍ਹਣ ਵਿੱਚ ਫਸਿਆ ਹੋਣ ਦੇ ਬਾਵਜੂਦ ਪਾਕਿਸਤਾਨ ਦਾ ਨਾਂਅ ਭਾਰਤ ਤੋਂ ਪੰਜ ਪੁਆਇੰਟ ਉੱਤੇ ਇੱਕ ਸੌ ਦੋ ਉੱਤੇ ਦਰਜ ਸੀਬਹੁਤ ਸਾਰੇ ਹੋਰ ਕੰਮਾਂ ਵਿੱਚ ਭਾਰਤ ਪਛੜੇ ਹੋਣ ਦਾ ਪ੍ਰਭਾਵ ਦਿੰਦਾ ਹੈ ਅਤੇ ਸੰਸਾਰ ਪੱਧਰ ਦੀਆਂ ਸੰਸਥਾਵਾਂ ਆਪਣੀ ਦਰਜਾਬੰਦੀ ਵਿੱਚ ਇਸਦਾ ਜ਼ਿਕਰ ਕਰਦੀਆਂ ਹਨ, ਪਰ ਅਸੀਂ ਇਸ ਬਾਰੇ ਹੋਰ ਕੁਝ ਇਸ ਕਰ ਕੇ ਨਹੀਂ ਕਹਿਣਾ ਚਾਹੁੰਦੇ ਕਿ ਇਨ੍ਹਾਂ ਸਭ ਦਰਜਾਬੰਦੀਆਂ ਨੂੰ ਭਾਰਤ ਦੀ ਸਰਕਾਰ ਦੇ ਮੰਤਰੀ ਕਦੇ ਮੰਨਦੇ ਹੀ ਨਹੀਂ, ਇਸਦਾ ਮਜ਼ਾਕ ਉਡਾਉਂਦੇ ਅਤੇ ਆਪਣੀ ਸਰਕਾਰ ਹੇਠ ਤਰੱਕੀ ਹੋਣ ਦੇ ਦਾਅਵੇ ਕਰਨ ਲੱਗੇ ਰਹਿੰਦੇ ਹਨ

ਸਮਾਜ ਕਿੱਦਾਂ ਚੱਲਦਾ ਹੈ ਤੇ ਸਿਆਸਤ ਕਿੱਦਾਂ ਚਲਦੀ ਹੈ, ਉਸ ਦੇ ਦੋ ਪੱਖ ਲੋਕਾਂ ਸਾਹਮਣੇ ਆਉਂਦੇ ਪਏ ਹਨਇੱਕ ਪੱਖ ਪੱਛਮੀ ਬੰਗਾਲ ਦੇ ਚੌਵੀ ਪਰਗਨਾ ਜ਼ਿਲ੍ਹੇ ਦੇ ਪਿੰਡ ਸੰਦੇਸ਼ਖਾਲੀ ਦਾ ਹੈ, ਜਿੱਥੇ ਸਿਆਸੀ ਸਰਪ੍ਰਸਤੀ ਵਾਲਾ ਇੱਕ ਗੁੰਡਾ ਆਮ ਲੋਕਾਂ ਵਿਰੁੱਧ ਹਰ ਕਿਸਮ ਦੀ ਗੁੰਡਾਗਰਦੀ ਕਰਦਾ ਰਿਹਾ ਅਤੇ ਦੁਖੀ ਹੋਏ ਲੋਕ ਉਸ ਵਿਰੁੱਧ ਬੋਲਣ ਦੀ ਜੁਰਅਤ ਨਹੀਂ ਸਨ ਕਰ ਸਕੇਫਿਰ ਉਸ ਗੁੰਡਾਗਰਦੀ ਦਾ ਜਲੂਸ ਨਿਕਲਿਆ, ਉਸ ਦੀ ਗ੍ਰਿਫਤਾਰੀ ਹੋਈ ਤੇ ਉੱਥੋਂ ਵਾਲੀ ਸਰਕਾਰ ਚਲਾ ਰਹੀ ਤ੍ਰਿਣਮੂਲ ਕਾਂਗਰਸ ਦੇ ਅਕਸ ਦਾ ਮਾੜਾ ਪੱਖ ਵੀ ਲੋਕਾਂ ਸਾਹਮਣੇ ਆ ਗਿਆਜਿੰਨੇ ਮਾੜੇ ਕੰਮ ਉੱਥੇ ਹੋਏ ਹਨ ਅਤੇ ਜਿੱਦਾਂ ਉਸ ਗੁੰਡੇ ਦੀ ਸਰਪ੍ਰਸਤੀ ਕੀਤੀ ਗਈ, ਉਸ ਬਾਰੇ ਕਿਸੇ ਤਰ੍ਹਾਂ ਦਾ ਲਿਹਾਜੂਪਣ ਕਿਸੇ ਨੂੰ ਨਹੀਂ ਵਿਖਾਉਣਾ ਚਾਹੀਦਾਕੇਂਦਰ ਸਰਕਾਰ ਚਲਾਉਣ ਵਾਲਿਆਂ ਨੇ ਇਸ ਮੁੱਦੇ ਉੱਤੇ ਉਸ ਸਰਕਾਰ ਨੂੰ ਜਿੰਨੀ ਬੇਰਹਿਮੀ ਨਾਲ ਭੰਡਿਆ ਹੈ, ਉਸ ਨੂੰ ਗਲਤ ਨਹੀਂ ਕਿਹਾ ਜਾ ਸਕਦਾਦੂਸਰਾ ਪੱਖ ਹੈ ਕਿ ਉੱਤਰ ਪੂਰਬ ਦੇ ਰਾਜ ਮਨੀਪੁਰ ਵਿੱਚ ਪਿਛਲੇ ਸਾਲ ਜਿਹੜੀ ਹਿੰਸਾ ਹੋਈ ਤੇ ਉੱਥੇ ਕਮਜ਼ੋਰ ਧਿਰ ਦੀਆਂ ਔਰਤਾਂ ਨਾਲ ਜੋ ਕੁਝ ਵਾਪਰਿਆ, ਉਸ ਦੀ ਚਰਚਾ ਬੰਦ ਹੋ ਗਈ ਜਾਪਦੀ ਹੈਪਹਿਲਾਂ ਜਦੋਂ ਉੱਥੇ ਹਿੰਸਾ ਹੋਈ ਤਾਂ ਦੋ ਮਹੀਨੇ ਉਸ ਦੀ ਖਬਰ ਵੀ ਬਾਕੀ ਭਾਰਤੀ ਰਾਜਾਂ ਦੇ ਲੋਕਾਂ ਨੂੰ ਨਹੀਂ ਸੀ ਮਿਲੀ, ਪਰ ਆਦੀਵਾਸੀ ਔਰਤਾਂ ਨੂੰ ਨੰਗੀ ਹਾਲਤ ਵਿੱਚ ਘੁਮਾਏ ਜਾਣ ਅਤੇ ਕੈਮਰਿਆਂ ਮੋਹਰੇ ਉਨ੍ਹਾਂ ਦੇ ਨੰਗੇ ਸਰੀਰਾਂ ਨਾਲ ਛੇੜ-ਛਾੜ ਦੀਆਂ ਵੀਡੀਓ ਜਦੋਂ ਵਾਇਰਲ ਹੋਈਆਂ ਤਾਂ ਸਰਕਾਰ ਨਾਲੋਂ ਪਹਿਲਾਂ ਦੇਸ਼ ਦੀ ਸੁਪਰੀਮ ਕੋਰਟ ਨੇ ਇਸਦਾ ਨੋਟਿਸ ਲਿਆ ਸੀਇਸ ਮਗਰੋਂ ਕੇਂਦਰ ਸਰਕਾਰ ਦੇ ਮੁਖੀ ਦਾ ਇੱਕ ਬਿਆਨ ਆਇਆ, ਪਰ ਸਿਰਫ ਬਿਆਨ ਹੀ ਸੀ, ਖਾਸ ਕੁਝ ਕੀਤਾ ਨਹੀਂ ਗਿਆ ਤੇ ਜਬਰ ਦਾ ਸ਼ਿਕਾਰ ਭਾਈਚਾਰੇ ਦੇ ਲੋਕ ਅੱਜ ਤਕ ਕੈਂਪਾਂ ਵਿੱਚ ਬੈਠੇ ਨਰਕ ਦੀ ਜ਼ਿੰਦਗੀ ਭੁਗਤ ਰਹੇ ਹਨਪਿਛਲੇ ਦਿਨੀਂ ਸੀ ਬੀ ਆਈ ਰਿਪੋਰਟ ਆਈ ਤਾਂ ਭੇਦ ਖੁੱਲ੍ਹਾ ਕਿ ਜਿਹੜੀਆਂ ਔਰਤਾਂ ਨਾਲ ਇਹ ਕੁਝ ਕੀਤਾ ਗਿਆ, ਉਹ ਪੁਲਿਸ ਕੋਲ ਸੁਰੱਖਿਆ ਮੰਗਣ ਗਈਆਂ ਸਨ ਅਤੇ ਅੱਗੋਂ ਪੁਲਿਸ ਵਾਲਿਆਂ ਹੀ ਉਨ੍ਹਾਂ ਵਿਚਾਰੀਆਂ ਨੂੰ ਦੋਸ਼ੀਆਂ ਦੇ ਹਵਾਲੇ ਕਰ ਦਿੱਤਾ ਸੀਸਰਕਾਰ ਮਨੀਪੁਰ ਰਾਜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੀ ਪਾਰਟੀ ਦੀ ਹੈ, ਪਰ ਉਨ੍ਹਾਂ ਨੂੰ ਇਸ ਹਿੰਸਾ ਬਾਰੇ ਕੁਝ ਬੋਲਣ ਦੀ ਲੋੜ ਹੀ ਨਹੀਂ ਜਾਪਦੀ ਇੱਦਾਂ ਦੇ ਹੋਰ ਕਈ ਮਾਮਲੇ ’ਤੇ ਮਿਸਾਲਾਂ ਵੀ ਮੌਜੂਦ ਹਨ, ਪਰ ਭਾਰਤ ਦਾ ਕੌਮੀ ਮੀਡੀਆ ਇਸ ਤਰ੍ਹਾਂ ਦੇ ਸਾਰੇ ਮੁੱਦਿਆਂ ਬਾਰੇ ਚੁੱਪ ਜਿਹਾ ਰਹਿ ਕੇ ਸੰਤੁਸ਼ਟ ਹੈ

ਜਦੋਂ ਦੇਸ਼ ਦਾ ਕੌਮੀ ਮੀਡੀਆ ਚੁੱਪ ਰਹਿ ਕੇ ਸੰਤੁਸ਼ਟ ਹੈ, ਕਿਉਂਕਿ ਉਹ ਹੁਕਮਾਂ ਦੀ ਇੱਕ ਲਛਮਣ-ਰੇਖਾ ਟੱਪਣ ਦੀ ਜੁਰਅਤ ਨਹੀਂ ਕਰ ਸਕਦਾ, ਆਮ ਲੋਕਾਂ ਨੂੰ ਉਦੋਂ ਵੀ ਸੂਚਨਾ ਤੋਂ ਵਾਂਝੇ ਨਹੀਂ ਰੱਖਿਆ ਜਾ ਸਕਦਾਸੋਸ਼ਲ ਮੀਡੀਆ ਦਾ ਯੁਗ ਹੈ ਅਤੇ ਜਿਹੜੀ ਗੱਲ ਸਰਕਾਰਾਂ ਜਾਂ ਸਰਕਾਰਾਂ ਦੇ ਪੱਖ ਵਿੱਚ ਭੁਗਤਣ ਵਾਲਾ ਜਾਂ ਸਰਕਾਰ ਨਾਲ ਮਿਲੇ ਹੋਏ ਕੁਝ ਚੋਣਵੇਂ ਘਰਾਣਿਆਂ ਦੀ ਮਾਲਕੀ ਵਾਲਾ ਮੀਡੀਆ ਲੁਕਾਉਂਦਾ ਪਿਆ ਹੈ, ਉਹ ਸੱਚ ਸੋਸ਼ਲ ਮੀਡੀਆ ਆਮ ਲੋਕਾਂ ਨੂੰ ਨਾਲੋਂ-ਨਾਲੋਂ ਦੱਸੀ ਜਾ ਰਿਹਾ ਹੈਇੱਕ ਦੌਰ ਇਹੋ ਜਿਹਾ ਆਇਆ ਸੀ, ਜਦੋਂ ਸਰਕਾਰੀ ਕੰਟਰੋਲ ਵਾਲੇ ਦੂਰਦਰਸ਼ਨ ਤੋਂ ਲੋਕਾਂ ਨੇ ਪਾਸਾ ਮੋੜਿਆ ਤੇ ਪ੍ਰਾਈਵੇਟ ਚੈਨਲਾਂ ਵੱਲ ਵੇਖਣ ਲੱਗੇ ਸਨ, ਕਿਉਂਕਿ ਇਹ ਚੈਨਲ ਇਹੋ ਜਿਹਾ ਕੁਝ ਵਿਖਾ ਸਕਦੇ ਸਨ, ਜਿਹੜਾ ਸਰਕਾਰੀ ਚੈਨਲ ਨਹੀਂ ਸੀ ਵਿਖਾਉਂਦੇਅੱਜ ਓਦਾਂ ਦਾ ਇੱਕ ਹੋਰ ਪੜਾਅ ਆ ਗਿਆ ਜਾਪਦਾ ਹੈ, ਜਿਹੜਾ ਆਮ ਲੋਕਾਂ ਨੂੰ ਸਰਕਾਰੀ ਚੈਨਲਾਂ ਦੇ ਨਾਲ ਪ੍ਰਾਈਵੇਟ ਮੀਡੀਆ ਚੈਨਲਾਂ ਤੋਂ ਵੀ ਹਟਣ ਤੇ ਸੋਸ਼ਲ ਮੀਡੀਆ ਉੱਤੇ ਵੱਧ ਇਤਬਾਰ ਕਰਨ ਲਈ ਪ੍ਰੇਰਤ ਕਰਦਾ ਹੈਸੋਸ਼ਲ ਮੀਡੀਆ ਵੀ ਸਾਰਾ ਇੱਕੋ ਜਿਹਾ ਨਹੀਂ, ਸਰਕਾਰਾਂ ਦੇ ਪੱਖ ਅਤੇ ਆਪਣੇ ਵਿਸ਼ੇਸ਼ ਹਿਤਾਂ ਨੂੰ ਅੱਗੇ ਰੱਖ ਕੇ ਚੱਲਣ ਵਾਲੇ ਬਹੁਤ ਸਾਰੇ ਲੋਕ ਵੀ ਇਸ ਵਿੱਚ ਸਰਗਰਮ ਹਨ, ਪਰ ਬਹੁਤਾ ਚਿਰ ਉਨ੍ਹਾਂ ਦੇ ਬਾਰੇ ਚਰਚਾ ਨਹੀਂ ਰਹਿੰਦੀ, ਹੌਲੀ-ਹੌਲੀ ਆਮ ਲੋਕ ਜਦੋਂ ਉਨ੍ਹਾਂ ਨੂੰ ਵੇਖਣ ਤੋਂ ਹਟਣ ਲੱਗਦੇ ਹਨ ਤਾਂ ਉਨ੍ਹਾਂ ਚੈਨਲਾਂ ਦੇ ਮਾਲਕ ਇੱਕ ਚੈਨਲ ਬੰਦ ਕਰ ਕੇ ਝਟਪਟ ਨਵੇਂ ਨਾਂਅ ਵਾਲਾ ਇੱਕ ਹੋਰ ਚੈਨਲ ਲੋਕਾਂ ਅੱਗੇ ਪਰੋਸ ਦਿੰਦੇ ਹਨ

ਇੰਨੇ ਕੁਝ ਦੇ ਬਾਵਜੂਦ ਸਰਕਾਰ ਚਲਾ ਰਹੇ ਗਠਜੋੜ ਅਤੇ ਇਸਦੀ ਅਗਵਾਈ ਕਰਦੀ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਜਿਹੋ ਜਿਹੀ ਲਹਿਰ ਉਹ ਬਣਾਉਣਾ ਚਾਹੁੰਦੇ ਸਨ, ਉਹ ਬਣਦੀ ਨਹੀਂ ਜਾਪਦੀਉਲਟਾ ਇਸ ਗਠਜੋੜ ਵਿਰੁੱਧ ਲੜਨ ਵਾਲੀ ਧਿਰ, ਆਪਣੀਆਂ ਸੌ ਕਮੀਆਂ ਤੇ ਆਪਸੀ ਖਹਿਬੜਾਂ ਦੇ ਬਾਵਜੂਦ ਆਪੋ-ਆਪਣੇ ਰਾਜਾਂ ਵਿੱਚ ਮੁਕਾਬਲੇ ਦੇ ਪੱਖੋਂ ਉਭਾਰ ਦੇ ਸੰਕੇਤ ਦੇਣ ਲੱਗੀ ਹੈਆਮ ਲੋਕਾਂ ਵਿੱਚ ਪੈਂਦੇ ਇਸ ਪ੍ਰਭਾਵ ਮਗਰੋਂ ਰਾਜ ਕਰਦੇ ਗਠਜੋੜ ਦੇ ਅਗਵਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਟੀਮ ਦੇ ਹੋਰ ਲੀਡਰ ਇੱਕਦਮ ਫਿਰਕੂ ਪੱਤਾ ਇਤਿਹਾਸ ਦੇ ਕਿਸੇ ਵੀ ਹੋਰ ਦੌਰ ਤੋਂ ਵੱਧ ਉਕਸਾਊ ਢੰਗ ਨਾਲ ਵਰਤਦੇ ਦਿਸਣ ਲੱਗੇ ਹਨਇਸ ਤਰ੍ਹਾਂ ਕਰਨ ਪਿੱਛੇ ਬਿਨਾਂ ਸ਼ੱਕ ਉਨ੍ਹਾਂ ਦਾ ਮਕਸਦ ਇੱਕ ਹੋਰ ਚੋਣ ਜਿੱਤ ਸਕਣਾ ’ਤੇ ਇੱਕ ਵਾਰੀ ਹੋਰ ਰਾਜ ਕਰਨ ਦਾ ਸੁਪਨਾ ਪੂਰਾ ਕਰਨਾ ਹੋਵੇ, ਪਰ ਇਸ ਨਾਲ ਉਹ ਇਸ ਦੇਸ਼ ਨੂੰ ਕਿਸੇ ਅੰਨ੍ਹੀ ਗਲ਼ੀ ਵਿੱਚ ਵੀ ਫਸਾ ਸਕਦੇ ਹਨ, ਜਿੱਥੋਂ ਨਿਕਲਣਾ ਫਿਰ ਸੌਖਾ ਨਹੀਂ ਰਹਿ ਜਾਣਾ

 *   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4941)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author