“ਉਂਜ ਇਹ ਪਹਿਲੀ ਵਾਰ ਨਹੀਂ, ਜਦੋਂ ਦੇਸ਼ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਲਈ ...”
(6 ਫਰਵਰੀ 2023)
ਇਸ ਸਮੇਂ ਪਾਠਕ: 277.
ਭਾਰਤ ਦੇਸ਼ ਦੀ ਆਰਥਿਕਤਾ ਇੱਕ ਹੋਰ ਹਲੂਣਾ ਖਾ ਗਈ ਹੈ। ਹਮੇਸ਼ਾ ਵਾਂਗ ਆਰਥਿਕਤਾ ਨੂੰ ਇਹ ਹਲੂਣਾ ਦੇਸ਼ ਦੀ ਸਰਕਾਰ ਚਲਾਉਣ ਵਾਲਿਆਂ ਦੇ ਨੇੜੂਆਂ ਨੇ ਮਾਰਿਆ ਹੈ। ਸਰਕਾਰ ਜਿਵੇਂ ਅੱਗੇ ਹਰ ਵਾਰੀ ਘਪਲੇਬਾਜ਼ਾਂ ਦੇ ਪੱਖ ਵਿੱਚ ਖੜ੍ਹੀ ਹੁੰਦੀ ਸੀ, ਇਸ ਵਾਰੀ ਵੀ ਉਸ ਨੇ ਘਪਲੇਬਾਜ਼ਾਂ ਨਾਲ ਲਿਹਾਜ਼ ਦੀ ਰੀਤ ਨਹੀਂ ਟੁੱਟਣ ਦਿੱਤੀ। ਸਾਰੀ ਦੁਨੀਆਂ ਅੰਦਰ ਖੇਹ ਉੱਡਣ ਦੇ ਬਾਵਜੂਦ ਭਾਰਤ ਦੀ ਸਰਕਾਰ ਗੌਤਮ ਅਡਾਨੀ ਦੇ ਨਾਲ ਡਟ ਕੇ ਖੜ੍ਹੀ ਰਹੀ। ਸੰਸਾਰ ਦੇ ਸਰਮਾਏਦਾਰਾਂ ਦੀ ਸੂਚੀ ਵਿੱਚ ਤੀਸਰੇ ਨੰਬਰ ਉੱਤੇ ਲਿਖਿਆ ਜਾ ਚੁੱਕਾ ਗੌਤਮ ਅਡਾਨੀ ਵੱਡੇ ਝਟਕੇ ਪਿੱਛੋਂ ਸਤਾਈਵੇਂ ਥਾਂ ਆ ਗਿਆ। ਭਾਰਤ ਦੀ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਅਡਾਨੀ ਦੇ ਕਾਰੋਬਾਰ ਬਾਰੇ ਸੱਚ ਦੱਸਣ ਲਈ ਹੁਕਮ ਭੇਜ ਦਿੱਤਾ। ਜਿਹੜੇ ਬੈਂਕਾਂ ਨੇ ਪਹਿਲਾਂ ਕਿਹਾ ਸੀ ਕਿ ਸਾਡੇ ਲਈ ਚਿੰਤਾ ਵਾਲੀ ਗੱਲ ਨਹੀਂ, ਉਨ੍ਹਾਂ ਦੇ ਹਜ਼ਾਰਾਂ ਕਰੋੜ ਦੇ ਕਰਜ਼ੇ ਦਿੱਤੇ ਨਿਕਲੇ। ਲੋਕਾਂ ਦੀ ਜਾਨ ਇਹ ਸੋਚ-ਸੋਚ ਕੇ ਨਿਕਲਦੀ ਜਾਪਣ ਲੱਗੀ ਕਿ ਜੇ ਇਸ ਸਰਮਾਏਦਾਰ ਨਾਲ ਭਾਰਤ ਦੇ ਬੈਂਕ ਵੀ ਡੁੱਬ ਗਏ, ਫਿਰ ਬੈਂਕਾਂ ਵਿੱਚ ਪਏ ਉਨ੍ਹਾਂ ਦੀ ਔਖੇ ਹੋ ਕੇ ਕੀਤੀ ਬੱਚਤ ਦੇ ਪੈਸਿਆਂ ਦਾ ਕੀ ਬਣੇਗਾ? ਭਾਰਤ ਸਰਕਾਰ ਦੇ ਕੰਟਰੋਲ ਹੇਠਲੇ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਵਿੱਚ ਦੇਸ਼ ਦੇ ਲੱਖਾਂ ਲੋਕਾਂ ਦੇ ਬੀਮੇ ਦੀਆਂ ਪਾਲਸੀਆਂ ਹਨ। ਉਸ ਕਾਰਪੋਰੇਸ਼ਨ ਦਾ ਪੈਸਾ ਵੀ ਅਡਾਨੀ ਦੀਆਂ ਕੰਪਨੀਆਂ ਵਿੱਚ ਲਾਇਆ ਹੋਣ ਕਰ ਕੇ ਡੁੱਬਦਾ ਜਾਪਦਾ ਹੈ। ਲੋਕਾਂ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਉਸ ਪੈਸੇ ਤੇ ਉਨ੍ਹਾਂ ਦੀਆਂ ਜੀਵਨ ਬੀਮਾ ਪਾਲਸੀਆਂ ਦਾ ਕੀ ਬਣੇਗਾ? ਜਵਾਬ ਦੇਣ ਵਾਲਾ ਕੋਈ ਨਹੀਂ।
ਉਂਜ ਇਹ ਪਹਿਲੀ ਵਾਰ ਨਹੀਂ, ਜਦੋਂ ਦੇਸ਼ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਲਈ ਕਿਸੇ ਹੇਰਾਫੇਰੀਆਂ ਦੇ ਮਾਹਰ ਕਾਰੋਬਾਰੀ ਦੇ ਕਾਰਨ ਡੁੱਬਣ ਦੀ ਸਥਿਤੀ ਪੈਦਾ ਹੋਣ ਲੱਗੀ ਹੋਵੇ। ਪਹਿਲਾਂ ਵੀ ਇੱਦਾਂ ਦੇ ਮੌਕੇ ਆਉਂਦੇ ਰਹੇ ਹਨ ਅਤੇ ਜਦੋਂ ਵੀ ਆਉਂਦੇ ਸਨ, ਦੇਸ਼ ਦੀ ਸਰਕਾਰ ਇਸਦੀ ਜਵਾਬਦੇਹ ਮੰਨੀ ਜਾਂਦੀ ਸੀ। ਇਸ ਵਾਰੀ ਸਰਕਾਰ ਇਸ ਲਈ ਚੁੱਪ ਵੱਟੀ ਬੈਠੀ ਹੈ ਕਿ ਜਿਸ ਕਾਰੋਬਾਰੀ ਦੇ ਕਾਰਨ ਪੂਰਾ ਮੁਲਕ ਦੁਨੀਆ ਭਰ ਵਿੱਚ ਬਦਨਾਮੀ ਦਾ ਸਾਹਮਣਾ ਕਰਦਾ ਪਿਆ ਹੈ, ਉਹ ਬੰਦਾ ਗੁਜਰਾਤ ਤੋਂ ਦਿੱਲੀ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਇਆ ਸੀ। ਗੁਜਰਾਤ ਦੇ ਦੰਗਿਆਂ ਮਗਰੋਂ ਭਾਰਤ ਦੇ ਸਾਰੇ ਸਨਅਤਕਾਰ ਜਦੋਂ ਇਹ ਕਹਿੰਦੇ ਸਨ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਵਿਹਾਰ ਕਾਰਨ ਉਸ ਰਾਜ ਵਿੱਚ ਹੋਰ ਪੂੰਜੀ ਲਾਉਣ ਨੂੰ ਜੀਅ ਨਹੀਂ ਕਰਦਾ, ਓਦੋਂ ਗੌਤਮ ਅਡਾਨੀ ਨੇ ਨਰਿੰਦਰ ਮੋਦੀ ਦਾ ਪੱਖ ਪੂਰਿਆ ਅਤੇ ਬਾਕੀ ਸਭਨਾਂ ਤੋਂ ਵੱਖਰੀ ਬੋਲੀ ਬੋਲਣ ਕਾਰਨ ਮੋਦੀ ਸਾਹਿਬ ਦੀ ਨੇੜਤਾ ਹਾਸਲ ਕਰ ਗਿਆ ਸੀ। ਬਾਅਦ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਆਪਣੇ ਦੇਸ਼ ਦੇ ਅੰਦਰ ਹੀ ਨਹੀਂ, ਦੁਨੀਆ ਭਰ ਵਿੱਚ ਜਿਹੜੇ ਵੀ ਦੇਸ਼ ਦੇ ਦੌਰੇ ਲਈ ਜਾਂਦੇ ਸਨ, ਗੌਤਮ ਅਡਾਨੀ ਨਾਲ ਜਾਂਦਾ ਸੀ ਤੇ ਦੇਸ਼ ਨੂੰ ਕੁਝ ਹਾਸਲ ਹੁੰਦਾ ਜਾਂ ਨਾ, ਅਡਾਨੀ ਦੇ ਦੋ-ਚਾਰ ਪ੍ਰਾਜੈਕਟ ਹੋਰ ਲਾਉਣ ਦਾ ਰਾਹ ਖੁੱਲ੍ਹਦਾ ਦਿਸ ਪੈਂਦਾ ਸੀ। ਆਸਟਰੇਲੀਆ ਵਿੱਚ ਅਡਾਨੀ ਦਾ ਪ੍ਰਾਜੈਕਟ ਲਵਾਉਣ ਲਈ ਓਥੋਂ ਦੀ ਸਰਕਾਰ ਭਾਰਤ ਸਰਕਾਰ ਦੇ ਦਬਾਅ ਹੇਠ ਆਪਣੇ ਦੇਸ਼ ਦੇ ਲੋਕਾਂ ਅਤੇ ਅਦਾਲਤਾਂ ਨੂੰ ਵੀ ਅਣਗੌਲੇ ਕਰਨ ਲੱਗ ਪਈ ਸੀ ਤੇ ਬਾਅਦ ਵਿੱਚ ਇੱਦਾਂ ਕਈ ਹੋਰ ਦੇਸ਼ਾਂ ਵਿੱਚ ਵੀ ਹੁੰਦਾ ਵੇਖਿਆ ਗਿਆ ਸੀ। ਇਸ ਸਰਕਾਰੀ ਸਰਪ੍ਰਸਤੀ ਦੇ ਨਾਲ ਉਹ ਬੰਦਾ ਬੀਤੇ ਸਤਾਈ ਜਨਵਰੀ ਨੂੰ ਸੰਸਾਰ ਦਾ ਤੀਸਰਾ ਸਭ ਤੋਂ ਵੱਡਾ ਪੂੰਜੀਪਤੀ ਬਣਨ ਵਿੱਚ ਸਫਲ ਹੋ ਗਿਆ ਸੀ।
ਜਿਹੜਾ ਬੰਦਾ ਸਤਾਈ ਜਨਵਰੀ ਨੂੰ ਸੰਸਾਰ ਦਾ ਤੀਸਰਾ ਸਭ ਤੋਂ ਵੱਡਾ ਪੂੰਜੀਪਤੀ ਸੀ, ਉਹ ਸਿਰਫ ਛੇ ਦਿਨ ਪਿੱਛੋਂ ਬਾਈਵੇਂ ਨੰਬਰ ਉੱਤੇ ਜਾ ਡਿੱਗਾ ਤੇ ਉਸ ਦੀ ਕੁੱਲ ਪੂੰਜੀ ਵੀ ਇੱਕ ਸੌ ਪੰਜਾਹ ਬਿਲੀਅਨ ਡਾਲਰ ਤੋਂ ਡਿਗਦੀ ਹੋਈ ਛੇਵੇਂ ਦਿਨ ਤਕ ਮਸਾਂ ਪਜਵੰਜਾ ਬਿਲੀਅਨ ਡਾਲਰ ਰਹਿ ਗਈ। ਇਸ ਵੱਡੇ ਝਟਕੇ ਦਾ ਕਾਰਨ ਹਿੰਡਨਬਰਗ ਰਿਸਰਚ ਦੀ ਉਹ ਰਿਪੋਰਟ ਬਣੀ, ਜਿਸ ਵਿੱਚ ਲਿਖਿਆ ਸੀ ਕਿ ਅਡਾਨੀ ਗਰੁੱਪ ਦਾ ਸਾਰਾ ਕਾਰੋਬਾਰ ਸ਼ੱਕੀ ਹੈ ਤੇ ਉਸ ਰਿਪੋਰਟ ਦੇ ਆਉਂਦੇ ਸਾਰ ਬਾਜ਼ਾਰ ਦੀਆਂ ਸੰਸਾਰ ਭਰ ਦੀਆਂ ਸੰਸਥਾਵਾਂ ਨੇ ਅਡਾਨੀ ਗਰੁੱਪ ਦੇ ਬਾਂਡ ਅਤੇ ਹੋਰ ਸਾਰੇ ਪੱਤਰ ਲੈਣ ਤੋਂ ਇਨਕਾਰ ਕਰਨਾ ਆਰੰਭ ਕਰ ਦਿੱਤਾ ਸੀ। ਹਰ ਦੇਸ਼ ਦੇ ਜਾਇਜ਼-ਨਾਜਾਇਜ਼ ਦੇ ਲੈਣ-ਵਾਲੇ ਅੱਡਿਆਂ ਵਜੋਂ ਜਾਣੇ ਜਾਂਦੇ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਜਦੋਂ ਆਪਣੀ ਆਰਥਿਕਤਾ ਛੋਟੀ ਹੋਣ ਦੇ ਬਾਵਜੂਦ ਅਡਾਨੀ ਵੱਲੋਂ ਅੱਖ ਫੇਰ ਲਈ ਤਾਂ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਕਿ ਇਹ ਬੰਦਾ ਇਹੋ ਜਿਹੇ ਕਾਰੋਬਾਰਾਂ ਤੇ ਝਕਾਨੀਆਂ ਦੇਣ ਵਾਲੇ ਪ੍ਰਸਿੱਧ ਦੇਸ਼ਾਂ ਵਿੱਚ ਵੀ ਕਲੰਕੀ ਗਿਣਿਆ ਜਾ ਰਿਹਾ ਹੈ, ਇਸ ਲਈ ਇਸ ਵੱਲ ਲਿਹਾਜ਼ਦਾਰੀ ਛੱਡ ਦੇਣੀ ਚਾਹੀਦੀ ਹੈ। ਇੱਦਾਂ ਕਰਨ ਦੀ ਥਾਂ ਭਾਰਤ ਦੇ ਲੋਕਾਂ ਨੂੰ ਸਰਕਾਰੀ ਅਦਾਰਿਆਂ ਤੋਂ ਇਹ ਸਫਾਈਆਂ ਮਿਲਣ ਲੱਗ ਪਈਆਂ ਕਿ ਇਸ ਨਾਲ ਲੈਣ-ਦੇਣ ਵਿੱਚ ਗਲਤ ਕੁਝ ਨਹੀਂ ਹੋਇਆ ਅਤੇ ਇਹ ਸਿਰਫ ਚਾਰ ਦਿਨਾਂ ਦਾ ਰੌਲਾ ਹੈ ਜਾਂ ਫਿਰ ਇਹ ਕਿ ਅਡਾਨੀ ਦੀ ਔਕੜ ਉਸ ਦੀ ਨਿੱਜੀ ਹੈ, ਭਾਰਤ ਸਰਕਾਰ ਦਾ ਉਸ ਨਾਲ ਕੋਈ ਵਾਹ-ਵਾਸਤਾ ਨਹੀਂ। ਜਿਹੜੀ ਸਰਕਾਰ ਉਸ ਨੂੰ ਹਵਾਈ ਅੱਡਿਆਂ ਸਮੇਤ ਭਾਰਤ ਦੇ ਸਾਰੇ ਵੱਡੇ ਪ੍ਰਾਜੈਕਟ ਸੌਂਪਣ ਲੱਗੀ ਹੋਈ ਸੀ ਤੇ ਦੂਸਰੇ ਦੇਸ਼ਾਂ ਦੇ ਪ੍ਰਾਜੈਕਟ ਵੀ ਖੁਦ ਸਰਪ੍ਰਸਤੀ ਕਰ ਕੇ ਦਿਵਾਉਂਦੀ ਸੀ, ਉਸ ਦਾ ਅਡਾਨੀ ਨਾਲ ਸੰਬੰਧ ਕਿੱਦਾਂ ਨਹੀਂ ਰਹਿ ਗਿਆ, ਇਹ ਗੱਲ ਸਮਝਣੀ ਆਮ ਲੋਕਾਂ ਲਈ ਔਖੀ ਸੀ।
ਖੁਦ ਗੌਤਮ ਅਡਾਨੀ ਨੇ ਆਪਣੇ ਸਿਰ ਪਈ ਬਿਪਤਾ ਦਾ ਸਾਹਮਣਾ ਕਰਨ ਦੀ ਥਾਂ ਦੇਸ਼-ਭਗਤੀ ਦੀ ਛਤਰੀ ਤਾਨਣ ਦਾ ਦਾਅ ਖੇਡਣ ਦਾ ਯਤਨ ਕੀਤਾ। ਉਸ ਨੇ ਕਿਹਾ ਕਿ ਹਿੰਡਨਬਰਗ ਰਿਸਰਚ ਅਤੇ ਸੰਸਾਰ ਪੱਧਰ ਦੇ ਹੋਰ ਅਦਾਰਿਆਂ ਦਾ ਉਸ ਦੇ ਖਿਲਾਫ ਬੋਲਿਆ ਹਰ ਸ਼ਬਦ ਅਸਲ ਵਿੱਚ ਭਾਰਤ ਉੱਤੇ ਹਮਲਾ ਹੈ। ਇੱਕ ਬੰਦਾ ਭਾਰਤ ਦੇਸ਼ ਦਾ ਪ੍ਰਤੀਕ ਬਣਨ ਦਾ ਦੰਭ ਕਰ ਕੇ ਬਚਣਾ ਚਾਹੁੰਦਾ ਸੀ ਤਾਂ ਸਰਕਾਰ ਚਲਾ ਰਹੀ ਪਾਰਟੀ ਦੇ ਪਿੱਛੇ ਖੜ੍ਹੀਆਂ ਖਾਸ ਕਿਸਮ ਦੀਆਂ ਸੰਸਥਾਵਾਂ ਉਸ ਦੇ ਪੱਖ ਵਿੱਚ ਬੋਲਣ ਲੱਗ ਪਈਆਂ। ਦੂਸਰੇ ਪਾਸੇ ਦੇਸ਼ ਦੀ ਵਿਰੋਧੀ ਧਿਰ ਵੀ ਅਤੇ ਮੀਡੀਏ ਦਾ ਹਕੀਕਤਾਂ ਪਛਾਣਨ ਵਾਲਾ ਹਿੱਸਾ ਵੀ ਇਹ ਪੁੱਛਣ ਲੱਗ ਪਿਆ ਕਿ ਜਿਨ੍ਹਾਂ ਨੇ ਭਾਰਤ ਉੱਤੇ ਹਮਲਾ ਕਰਨਾ ਸੀ, ਉਨ੍ਹਾਂ ਨੇ ਟਾਟਾ ਜਾਂ ਬਿਰਲਾ ਜਾਂ ਕਿਸੇ ਹੋਰ ਭਾਰਤੀ ਕਾਰਪੋਰੇਸ਼ਨ ਦੇ ਮਾਮਲਿਆਂ ਵਿੱਚ ਇੱਦਾਂ ਰਿਪੋਰਟ ਕਦੇ ਪੇਸ਼ ਕਿਉਂ ਨਹੀਂ ਕੀਤੀ? ਪਹਿਲਾਂ ਇੱਕ ਵਾਰ ਇਹੋ ਜਿਹੀ ਰਿਪੋਰਟ ਆਈ ਸੀ ਤਾਂ ਉਹ ਵਿਜੇ ਮਾਲਿਆ ਅਤੇ ਉਸ ਦੀ ਕਿੰਗਫਿਸ਼ਰ ਕਾਰਪੋਰੇਸ਼ਨ ਬਾਰੇ ਸੀ, ਜਿਸ ਨਾਲ ਜਦੋਂ ਦਸ ਸਾਲ ਪਹਿਲਾਂ ਵਿਜੇ ਮਾਲਿਆ ਦਾ ਜਲੂਸ ਨਿਕਲਣ ਲੱਗਾ ਸੀ ਤਾਂ ਉਸ ਨੇ ਵੀ ਰਿਪੋਰਟਾਂ ਦਾ ਖੰਡਨ ਕੀਤਾ ਸੀ ਤੇ ਬਾਅਦ ਵਿੱਚ ਉਹ ਰਿਪੋਰਟਾਂ ਸਹੀ ਸਾਬਤ ਹੋਈਆਂ ਸਨ। ਓਦੋਂ ਦਾ ਭਾਰਤ ਤੋਂ ਭੱਜਿਆ ਵਿਜੇ ਮਾਲਿਆ ਅੱਜ ਤਕ ਭਾਰਤ ਦੀ ਸਰਕਾਰ ਵਾਪਸ ਭਾਰਤ ਵਿੱਚ ਨਹੀਂ ਲਿਆ ਸਕੀ। ਕੁਝ ਲੋਕ ਕਹਿੰਦੇ ਹਨ ਕਿ ਅਗਲੀ ਵਾਰੀ ਅਡਾਨੀ ਦੇ ਭੱਜਣ ਦੀ ਹੋ ਸਕਦੀ ਹੈ, ਇਸ ਲਈ ਭਾਰਤ ਸਰਕਾਰ ਨੂੰ ਉਸ ਦਾ ਪਾਸਪੋਰਟ ਜ਼ਬਤ ਕਰ ਲੈਣਾ ਚਾਹੀਦਾ ਹੈ ਪਰ ਸਰਕਾਰ ਇਸ ਲਈ ਤਿਆਰ ਨਹੀਂ ਹੋ ਸਕੀ। ਮਾਲਿਆ ਵਰਗਾ ਇੱਕ ਹੋਰ ਤਿਕੜਮਬਾਜ਼ ਨੀਰਵ ਮੋਦੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਦੇਸ਼ਾਂ ਦੇ ਹਰ ਦੌਰੇ ਦੌਰਾਨ ਵੇਖਿਆ ਜਾਂਦਾ ਸੀ। ਬਾਅਦ ਵਿੱਚ ਵੱਡੀਆਂ ਠੱਗੀਆਂ ਮਾਰ ਕੇ ਉਹ ਭਾਰਤ ਤੋਂ ਭੱਜ ਕੇ ਇੰਗਲੈਂਡ ਵਿੱਚ ਜਾ ਬੈਠਾ ਸੀ ਤੇ ਅੱਜ ਤਕ ਵਾਪਸ ਨਹੀਂ ਲਿਆਂਦਾ ਜਾ ਸਕਿਆ। ਲਲਿਤ ਮੋਦੀ ਅਤੇ ਮੇਹੁਲ ਚੌਕਸੀ ਬਾਰੇ ਵੀ ਕਿਸੇ ਨੂੰ ਭੁੱਲਾ ਹੋਇਆ ਨਹੀਂ ਕਿ ਉਹ ਕਿਸ ਤਰ੍ਹਾਂ ਇਸ ਦੇਸ਼ ਤੋਂ ਦੌਲਤ ਨੂੰ ਹੂੰਝਾ ਮਾਰ ਕੇ ਖਿਸਕ ਗਏ ਸਨ।
ਨਰਿੰਦਰ ਮੋਦੀ ਸਰਕਾਰ ਭਾਰਤ ਦੀ ਆਜ਼ਾਦੀ ਦੇ ਪੰਝੱਤਰ ਸਾਲ ਹੋਣ ਪਿੱਛੋਂ ਸ਼ੁਰੂ ਹੋਏ ਛੇਹੱਤਰਵੇਂ ਸਾਲ ਨੂੰ ਦੇਸ਼ ਦਾ ‘ਅੰਮ੍ਰਿਤ ਮਹਾਉਤਸਵ’ ਕਹਿੰਦੀ ਹੈ ਤੇ ਨੌਜਵਾਨ ਪੀੜ੍ਹੀ ਨੂੰ ਪ੍ਰਧਾਨ ਮੰਤਰੀ ਨੇ ਖੁਦ ‘ਅੰਮ੍ਰਿਤ ਪੀੜ੍ਹੀ’ ਵਜੋਂ ਵਡਿਆ ਕੇ ਖੁਸ਼ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਦੇਸ਼ ਦੀ ‘ਅੰਮ੍ਰਿਤ ਪੀੜ੍ਹੀ’ ਕਿਹਾ ਜਾ ਰਿਹਾ ਹੈ, ਉਹ ਉੱਭਰਦੀ ਉਮਰ ਦੇ ਬੱਚੇ ਅਡਾਨੀ ਵਰਗਿਆਂ ਦੇ ਦਾਅ ਨੰਗੇ ਹੋਣ ਪਿੱਛੋਂ ਆਪਣੇ ਭਵਿੱਖ ਦੀ ਉਡਾਣ ਲਈ ਸਬਕ ਕਿੱਦਾਂ ਦਾ ਸਿੱਖਣਗੇ? ਉਹ ਸ਼ਾਇਦ ਇਹ ਵੀ ਸਿੱਖ ਲੈਣਗੇ ਕਿ ਦਾਅ ਲਾਉਣ ਦੀ ਹਿੰਮਤ ਕਰੋ, ਭਾਰਤ ਦੀ ਆਰਥਿਕਤਾ ਜਿਸ ਪ੍ਰਬੰਧ ਹੇਠ ਚਲਾਈ ਜਾਂਦੀ ਹੈ, ਉਸ ਵਿੱਚ ਇੰਨੇ ਚੋਰ-ਮਘੋਰੇ ਹਨ ਕਿ ਕਾਨੂੰਨ ਤੁਹਾਡਾ ਕੱਖ ਵਿਗਾੜ ਨਹੀਂ ਸਕਦਾ। ਨਾਲ ਉਹ ‘ਅੰਮ੍ਰਿਤ ਪੀੜ੍ਹੀ’ ਇਹ ਵੀ ਸਿੱਖ ਸਕਦੀ ਹੈ ਕਿ ਜੇ ਕਦੀ ਤੁਹਾਡੇ ਵਿੱਚੋਂ ਕਿਸੇ ਦੀ ਕੀਤੀ ਹੋਈ ਕੋਈ ਚੋਰੀ ਫੜੀ ਜਾਵੇ ਤਾਂ ਬਹੁਤ ਸੌਖਾ ਫਾਰਮੂਲਾ ਇਹ ਹੈ ਕਿ ਤੁਸੀਂ ਆਪਣੀ ਬੇਇੱਜ਼ਤੀ ਨੂੰ ‘ਭਾਰਤ ਮਾਤਾ’ ਦੀ ਬੇਇੱਜ਼ਤੀ ਦਾ ਫੱਟਾ ਟੰਗ ਕੇ ਆਪਣਾ ਬਚਾ ਕਰ ਸਕਦੇ ਹੋ ਅਤੇ ਦੇਸ਼ ਦੀ ਆਰਥਿਕਤਾ ਉੱਤੇ ਤੁਹਾਡਾ ਕਲੰਕ ਦੇਸ਼-ਭਗਤੀ ਦਾ ਤਮਗਾ ਸਮਝਿਆ ਜਾਵੇਗਾ। ਭਾਰਤ ਦੇ ਲੋਕਤੰਤਰ ਨੇ ਇਹ ਵੀ ਦਿਨ ਵੇਖਣੇ ਸਨ, ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਦੇਸ਼ਭਗਤਾਂ ਨੇ ਇਹ ਕਦੀ ਸੋਚਿਆ ਵੀ ਨਹੀਂ ਹੋਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3780)
(ਸਰੋਕਾਰ ਨਾਲ ਸੰਪਰਕ ਲਈ: