JatinderPannu7ਇਸਦੀ ਥਾਂ ਭਾਜਪਾ ਇੱਕ ਹੋਰ ਵੱਡਾ ਮੁੱਦਾ ਚੁੱਕਣ ਦੀ ਤਿਆਰੀ ਵਿੱਚ ਹੈ ਤੇ ਉਹ ਮੁੱਦਾ ਨਵਾਂ ਵੀ ਨਹੀਂ, ਪਿਛਲੇ ਪੈਂਤੀ ...
(19 ਸਤੰਬਰ 2023)


ਭਾਰਤ ਦਾ ਲੋਕਤੰਤਰ ਜਦੋਂ ਅਗਲੀ ਪਾਰਲੀਮੈਂਟ ਚੋਣ ਲਈ ਤਿਆਰ ਹੁੰਦਾ ਪਿਆ ਹੈ
, ਉਦੋਂ ਇੰਨੀ ਕੁ ਗੱਲ ਸਾਫ ਹੋਈ ਕਹਿ ਸਕਦੇ ਹਾਂ ਕਿ ਦੋ ਵੱਡੀਆਂ ਧਿਰਾਂ: ਇੱਕ ਭਾਜਪਾ ਦੀ ਅਗਵਾਈ ਵਾਲੇ ਪੁਰਾਣੇ ਗੱਠਜੋੜ ਅਤੇ ਦੂਸਰਾ ਕਾਂਗਰਸ ਸਮੇਤ ਕਈ ਧਿਰਾਂ ਦੇ ਨਵੇਂ ਗੱਠਜੋੜ ਵਿੱਚ ਹੀ ਮੁੱਖ ਮੁਕਾਬਲਾ ਹੋਣ ਵਾਲਾ ਹੈਇਸ ਸਾਲ ਦੇ ਅਖੀਰਲੇ ਮਹੀਨਿਆਂ ਵਿੱਚ ਪੰਜਾਂ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਜਾਂ ਜਿਵੇਂ ਕਨਸੋਆਂ ਮਿਲਦੀਆਂ ਹਨ, ਅਗਲੇ ਸਾਲ ਲੋਕ ਸਭਾ ਚੋਣਾਂ ਨਾਲ ਜੋੜਨ ਲਈ ਰੋਕ ਲਈਆਂ ਜਾਣਗੀਆਂ, ਇਹ ਗੱਲ ਅਜੇ ਤਕ ਸਪਸ਼ਟ ਨਹੀਂਚੋਣ ਕਮਿਸ਼ਨ ਦੇ ਦਫਤਰ ਤੋਂ ਇਹ ਗੱਲਾਂ ਨਿਕਲ ਰਹੀਆਂ ਹਨ ਕਿ ਲੋਕ ਸਭਾ ਤੇ ਸਾਰੇ ਦੇਸ਼ ਦੀਆਂ ਵਿਧਾਨ ਸਭਾਵਾਂ ਲਈ ਇਕੱਠੀ ਚੋਣ ਵੀ ਕਰਾਈ ਜਾ ਸਕਦੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਅੱਧੇ ਰਾਜਾਂ ਦੀਆਂ ਚੋਣਾਂ ਲੋਕ ਸਭਾ ਨਾਲ ਅਤੇ ਬਾਕੀ ਅੱਧਿਆਂ ਵਾਸਤੇ ਲੋਕ ਸਭਾ ਦੀ ਮਿਆਦ ਅੱਧੀ ਲੰਘਣ ਮੌਕੇ ਚੋਣਾਂ ਕਰਵਾਈਆਂ ਜਾਣ ਵਾਲਾ ਫੈਸਲਾ ਹੋ ਜਾਵੇਕੇਂਦਰ ਸਰਕਾਰ ਦੇ ਆਪਣੇ ਪਾਸੇ ਤੋਂ ਸੰਕੇਤ ਸਪਸ਼ਟ ਨਹੀਂ ਮਿਲਦੇ, ਪਰ ਸਰਕਾਰ ਦੇ ਫੈਸਲਿਆਂ ਉੱਤੇ ਫੁੱਲ ਚੜ੍ਹਾਉਣ ਵਾਸਤੇ ਚੋਣ ਕਮਿਸ਼ਨ ਤੋਂ ਸੰਕੇਤ ਹੋਰ ਤੋਂ ਹੋਰ ਸਪਸ਼ਟ ਮਿਲਦੇ ਪਏ ਹਨਪਿਛਲੇ ਹਫਤੇ ਇਹ ਗੱਲ ਵੀ ਬਾਹਰ ਆ ਗਈ ਹੈ ਕਿ ਚੋਣ ਕਮਿਸ਼ਨ ਨੇ ਸਮੁੱਚੇ ਦੇਸ਼ ਵਿੱਚ ਲੋਕ ਸਭਾ, ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਸਥਾਨਕ ਸੰਸਥਾਵਾਂ: ਨਗਰ ਕਾਰਪੋਰੇਸ਼ਨਾਂ, ਨਗਰ ਕੌਂਸਲਾਂ ਤੇ ਪੰਚਾਇਤਾਂ ਤਕ ਲਈ ਵੋਟਰਾਂ ਦੀ ਇੱਕੋ ਸੂਚੀ ਬਣਾਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ ਇਸਦਾ ਮਤਲਬ ਸਾਫ ਹੈ ਕਿ ਫੈਸਲਾ ਜੋ ਵੀ ਸਰਕਾਰ ਦੇ ਪੱਧਰ ਉੱਤੇ ਹੋ ਜਾਵੇ, ਚੋਣਾਂ ਦਾ ਅਮਲਾ ਇਸ ਤਿਆਰੀ ਵਿੱਚ ਅਗੇਤਾ ਹੀ ਰੁੱਝਣ ਵਾਲੇ ਸੰਕੇਤ ਮਿਲਦੇ ਪਏ ਹਨ ਤਾਂ ਕਿ ਇਸ ਨੂੰ ਲਾਗੂ ਕਰਨ ਵਾਸਤੇ ਕਿਸੇ ਵੀ ਤਰ੍ਹਾਂ ਦੀ ਅੜਚਨ ਨਾ ਆਵੇ

ਚੋਣ ਕਮਿਸ਼ਨ ਕੀ ਕਰਦਾ ਹੈ ਤੇ ਕਿੱਦਾਂ ਦੇ ਪ੍ਰਬੰਧ ਉਸ ਵੇਲੇ ਸਾਹਮਣੇ ਆਉਂਦੇ ਹਨ, ਇਹੋ ਜਿਹੀਆਂ ਗੱਲਾਂ ਵਿੱਚ ਆਮ ਲੋਕ ਬਹੁਤੀ ਦਿਲਚਸਪੀ ਨਹੀਂ ਲਿਆ ਕਰਦੇ, ਉਨ੍ਹਾਂ ਲਈ ਇਹ ਗੱਲ ਵੱਧ ਅਰਥ ਰੱਖਦੀ ਹੈ ਕਿ ਚੋਣਾਂ ਵਿੱਚ ਇਸ ਵਾਰੀ ਮੁੱਖ ਮੁੱਦੇ ਕਿਹੜੇ ਉੱਭਰਨ ਦੀ ਆਸ ਹੈਇਸ ਮਾਮਲੇ ਵਿੱਚ ਨਕਸ਼ਾ ਪਹਿਲਾਂ ਤੋਂ ਕਾਫੀ ਬਦਲਿਆ ਹੋਇਆ ਨਜ਼ਰ ਪੈਂਦਾ ਹੈਉਹ ਵਕਤ ਅੱਜ ਨਹੀਂ ਰਹਿ ਗਿਆ, ਜਦੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦੇ ਵਜੋਂ ਪੇਸ਼ ਕਰ ਕੇ ‘ਨਾ ਖਾਊਂਗਾ, ਨਾ ਖਾਨੇ ਦੂੰਗਾ’ ਵਾਲਾ ਹੋਕਾ ਦਿੱਤਾ ਸੀ ਤੇ ਉਸ ਦੇ ਜਵਾਬ ਵਿੱਚ ਲੋਕ ਹੁੰਗਾਰਾ ਦੇਣ ਨਿਕਲ ਪਏ ਸਨਬਾਅਦ ਵਿੱਚ ਨਰਿੰਦਰ ਮੋਦੀ ਸਰਕਾਰ ਨਾਲ ਜੁੜੇ ਹੋਏ ਲੋਕਾਂ ਦੇ ਆਪਣੇ ਹੀ ਭ੍ਰਿਸ਼ਟਾਚਾਰ ਦੇ ਕਿੱਸੇ ਇੰਨੇ ਸਾਹਮਣੇ ਆ ਗਏ ਹਨ ਕਿ ਸਭ ਤੋਂ ਵੱਧ ਇਮਾਨਦਾਰ ਗਿਣੇ ਜਾਂਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਭ ਤੋਂ ਵੱਧ ਭ੍ਰਿਸ਼ਟਾਚਾਰੀ ਸਰਕਾਰ ਦੇ ਕਿੱਸੇ ਅੱਜ ਵਾਲਿਆਂ ਮੂਹਰੇ ਬੌਣੇ ਹੋ ਗਏ ਹਨਪ੍ਰਧਾਨ ਮੰਤਰੀ ਨਾਲ ਸਭ ਤੋਂ ਵੱਧ ਨੇੜਤਾ ਵਾਲੇ ਗੌਤਮ ਅਡਾਨੀ ਦਾ ਮਾਮਲਾ ਹੀ ਇੱਡਾ ਵੱਡਾ ਹੈ ਕਿ ਉਸ ਦੇ ਮੂਹਰੇ ਸੰਸਾਰ ਭਰ ਦੇ ਇਹੋ ਜਿਹੇ ਮਾਮਲੇ ਨਿਗੂਣੇ ਜਿਹੇ ਜਾਪਦੇ ਹਨਗੁਜਰਾਤ ਸਮੇਤ ਜਿਹੜੇ ਵੀ ਰਾਜ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਉਸ ਦੇ ਭ੍ਰਿਸ਼ਟਾਚਾਰ ਦੇ ਕਿੱਸੇ ਆਪਣੇ ਤੋਂ ਪਹਿਲੇ ਸਾਰਿਆਂ ਦਾ ਰਿਕਾਰਡ ਤੋੜਨ ਵਾਲੇ ਸਾਬਤ ਹੋਏ ਹਨਕਰਨਾਟਕ ਵਿੱਚ ਭਾਜਪਾ ਸਰਕਾਰ ਖੁੱਸਣ ਦਾ ਵੱਡਾ ਕਾਰਨ ਖੁਦਕੁਸ਼ੀ ਕਰਨ ਵਾਲੇ ਇੱਕ ਠੇਕੇਦਾਰ ਦੀ ਚਿੱਠੀ ਬਣੀ ਸੀ, ਜਿਸ ਵਿੱਚ ਲਿਖਿਆ ਸੀ ਕਿ ਉਹ ਹਰ ਸਰਕਾਰ ਦੌਰਾਨ ਕਮਿਸ਼ਨ ਦਿੰਦੇ ਆਏ ਸਨ ਅਤੇ ਅੱਜ ਵੀ ਦਿੰਦੇ ਹਨ, ਪਰ ਜਦੋਂ ਦੀ ਭਾਜਪਾ ਦੇ ਆਗੂਆਂ ਕੋਲ ਵਾਗਡੋਰ ਆਈ ਹੈ, ਕਮਿਸ਼ਨ ਇੰਨਾ ਕੁ ਵਧ ਗਿਆ ਹੈ ਕਿ ਅਸੀਂ ਦੇ ਹੀ ਨਹੀਂ ਸਕਦੇ ਉਦੋਂ ਕਰਨਾਟਕ ਦੇ ਠੇਕੇਦਾਰਾਂ ਦੀ ਐਸੋਸੀਏਸ਼ਨ ਨੇ ਇਸ ਮਾਮਲੇ ਵਿੱਚ ਜਿਹੜੀ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਸੀ ਅਤੇ ਜਿਹੜੀ ਪੜ੍ਹਨ ਜਾਂ ਕੁਝ ਕਰਨ ਦੇ ਲਾਇਕ ਨਹੀਂ ਸੀ ਸਮਝੀ ਗਈ, ਉਹ ਚੋਣਾਂ ਵਿੱਚ ਹਰ ਘਰ ਤਕ ਪਹੁੰਚੀ ਸੀ ਇੱਦਾਂ ਦੇ ਹਾਲਾਤ ਵਿੱਚ ਭਾਜਪਾ ਇਸ ਵਾਰੀ ਭ੍ਰਿਸ਼ਟਾਚਾਰ ਦੇ ਮੁੱਦੇ ਨਾਲ ਚੋਣਾਂ ਵਿੱਚ ਕੁੱਦਣ ਦਾ ਅਰਥ ਜਾਣਦੀ ਹੈਵਿਰੋਧੀ ਧਿਰਾਂ ਦੇ ਆਗੂ ਇਸ ਵਾਰੀ ਇਹ ਮੁੱਦਾ ਚੁੱਕ ਤੁਰੇ ਹਨ ਅਤੇ ਭਾਜਪਾ ਇਸ ਮੁੱਦੇ ਤੋਂ ਪਿੱਛੇ ਹਟਦੀ ਜਾਪਦੀ ਹੈ

ਇਸਦੀ ਬਜਾਏ ਭਾਜਪਾ ਦੀ ਇਸ ਵਾਰੀ ਤਿੰਨ ਗੱਲਾਂ ਉੱਤੇ ਟੇਕ ਜਾਪਦੀ ਹੈ, ਜਿਨ੍ਹਾਂ ਵਿੱਚੋਂ ਪਹਿਲਾ ਦਾਅ ਸਮੁੱਚੇ ਦੇਸ਼ ਵਿੱਚ ਇੱਕੋ ਵਾਰ ਚੋਣਾਂ ਕਰਾਉਣ ਦਾ ਹੈਉਸ ਦੇ ਲੀਡਰ ਸੋਚਦੇ ਹਨ ਕਿ ਨਰਿੰਦਰ ਮੋਦੀ ਜਿੱਡੇ ਅਕਸ ਵਾਲਾ ਕੋਈ ਆਗੂ ਇਸ ਦੇਸ਼ ਵਿੱਚ ਹੋਰ ਨਹੀਂ ਦਿਸਦਾ, ਜਿਸ ਨੂੰ ਵਿਰੋਧੀ ਧਿਰਾਂ ਚੁੱਕ ਕੇ ਚੁਣੌਤੀ ਕਬੂਲਣ ਲਈ ਪੇਸ਼ ਕਰ ਸਕਦੀਆਂ ਹੋਣਜਦੋਂ ਸਾਰੇ ਦੇਸ਼ ਲਈ ਇਕੱਠੀ ਚੋਣ ਕਰਵਾਈ ਗਈ ਤਾਂ ਦੇਸ਼ ਦੀ ਕਮਾਨ ਨਰਿੰਦਰ ਮੋਦੀ ਵਰਗੇ ਲੀਡਰ ਦੇ ਹੱਥ ਵਿੱਚ ਆਮ ਲੋਕਾਂ ਨੂੰ ਵੱਧ ਸੁਰੱਖਿਅਤ ਲੱਗੇਗੀ ਤੇ ਉਹ ਜਦੋਂ ਇਸ ਮੁੱਦੇ ਲਈ ਉਸ ਨੂੰ ਵੋਟ ਪਾਉਣਗੇ ਤਾਂ ਰਾਜ ਵਿੱਚ ਵੀ ਸਰਕਾਰ ਕਿਸ ਦੀ ਬਣਾਉਣੀ ਹੈ, ਉਸ ਦਾ ਬਟਨ ਉਸੇ ਰੌਂ ਵਿੱਚ ਲੱਗੇ ਹੱਥ ਭਾਜਪਾ ਵਾਲਾ ਦੱਬ ਦੇਣਗੇਤਜਰਬਾ ਇਹ ਦੱਸਦਾ ਹੈ ਕਿ ਇੱਦਾਂ ਦਾ ਦਾਅ ਹਰ ਥਾਂ ਨਹੀਂ ਚੱਲਦਾ ਹੁੰਦਾ ਅਤੇ ਲੋਕ ਹਰ ਨਵੇਂ ਤਜਰਬੇ ਨਾਲ ਪਹਿਲਾਂ ਤੋਂ ਵੱਧ ਸਿਆਣੇ ਹੁੰਦੇ ਜਾਣ ਕਾਰਨ ਇਸ ਵਾਰੀ ਭੁਆਟਣੀ ਵੀ ਦੇ ਸਕਦੇ ਹਨਇਸ ਕਾਰਨ ਭਾਜਪਾ ਕੋਈ ਹੋਰ ਵੀ ਮੁੱਦਾ ਭਾਲਦੀ ਹੈ

ਪਿਛਲੇ ਦਿਨੀਂ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੇ ਪੁੱਤਰ ਨੇ ਸਨਾਤਨ ਧਰਮ ਬਾਰੇ ਕੁਝ ਸ਼ਬਦ ਬੋਲੇ ਤਾਂ ਭਾਜਪਾ ਪੱਖੀਆਂ ਨੇ ਸਾਰੇ ਦੇਸ਼ ਵਿੱਚ ਇਹ ਗੱਲ ਚੁੱਕ ਲਈ ਕਿ ਇਹ ਸਨਾਤਨ ਧਰਮ ਉੱਤੇ ਹਮਲਾ ਕੀਤਾ ਗਿਆ ਹੈ ਤੇ ਫਿਰ ਪ੍ਰਧਾਨ ਮੰਤਰੀ ਨੇ ਖੁਦ ਇਹ ਮੁੱਦਾ ਚੁੱਕ ਲਿਆ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵਾਲਾ ਗੱਠਜੋੜ ਭਾਰਤ ਵਿੱਚ ਸਨਾਤਨ ਧਰਮ ਨੂੰ ਢਾਹ ਲਾਉਣਾ ਚਾਹੁੰਦਾ ਹੈਜਿੰਨੀ ਕੁ ਸਾਨੂੰ ਸਮਝ ਪਈ, ਮਾਮਲਾ ਸਨਾਤਨ ਧਰਮ ਦੇ ਵਿਰੋਧ ਦਾ ਨਹੀਂ, ਇਸ ਵਿਚਲੀਆਂ ਉਨ੍ਹਾਂ ਕੁਰੀਤੀਆਂ ਦੇ ਵਿਰੋਧ ਦਾ ਸੀ, ਜਿਨ੍ਹਾਂ ਕਾਰਨ ਹਿੰਦੂ ਸਮਾਜ ਦੇ ਦਲਿਤ ਵਰਗਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦਾ ਅੱਤਿਆਚਾਰ ਸਹਿਣਾ ਪੈਂਦਾ ਹੈ ਬੇਸ਼ਕ ਭਾਜਪਾ ਅਤੇ ਇਸ ਨਾਲ ਜੁੜੀ ਟੀਮ ਨੇ ਇਸ ਨੂੰ ਸਨਾਤਨ ਦੇ ਖਿਲਾਫ ਹਮਲਾ ਬਣਾ ਕੇ ਪੇਸ਼ ਕੀਤਾ, ਪਰ ਇਸਦੀ ਮਾਰ ਜਿਹੜੇ ਅਸਲ ਥਾਂ ਪੈਣੀ ਸੀ, ਭਾਜਪਾ ਦੀ ਪੱਕੀ ਧਿਰ ਸਮਝੇ ਜਾਂਦੇ ਆਰ ਐੱਸ ਐੱਸ ਦੇ ਮੁਖੀ ਨੇ ਉਸ ਮਾਰ ਨੂੰ ਸਮਝਿਆ ਅਤੇ ਪਹਿਲੀ ਵਾਰੀ ਇਹ ਗੱਲ ਕਹੀ ਕਿ ਦਲਿਤ ਭਾਈਚਾਰੇ ਨਾਲ ਛੂਤ-ਛਾਤ ਨਹੀਂ ਹੋਣੀ ਚਾਹੀਦੀ, ਇਨ੍ਹਾਂ ਨੂੰ ਬਰਾਬਰ ਦੇ ਇਨਸਾਨ ਸਮਝਿਆ ਜਾਣਾ ਚਾਹੀਦਾ ਹੈ ਉਸ ਤੋਂ ਪਹਿਲਾਂ ਬਹੁਤ ਵਾਰੀ ਦਲਿਤਾਂ ਨਾਲ ਜ਼ਿਆਦਤੀਆਂ ਹੋਈਆਂ, ਮੱਧ ਪ੍ਰਦੇਸ਼ ਵਿੱਚ ਇੱਕ ਦਲਿਤ ਦੇ ਮੂੰਹ ਉੱਤੇ ਪੇਸ਼ਬ ਵੀ ਕੀਤਾ ਗਿਆ, ਪਰ ਆਰ ਐੱਸ ਐੱਸ ਦਾ ਮੁਖੀ ਨਹੀਂ ਸੀ ਬੋਲਿਆਉਸ ਘਿਨਾਉਣੀ ਘਟਨਾ ਤੋਂ ਕੁਝ ਦਿਨ ਬਾਅਦ ਉਸੇ ਮੱਧ ਪ੍ਰਦੇਸ਼ ਵਿੱਚ ਇੱਕ ਦਲਿਤ ਦੇ ਸਰੀਰ ਉੱਤੇ ਮਨੁੱਖੀ ਮੈਲਾ ਮਲ ਦਿੱਤਾ ਗਿਆ, ਉਦੋਂ ਵੀ ਉਹ ਨਹੀਂ ਬੋਲਿਆਫਿਰ ਜਦੋਂ ਤਾਮਿਲ ਨਾਡੂ ਦੇ ਉਸ ਨੇਤਾ ਦੇ ਬਿਆਨ ਦੀ ਗੂੰਜ ਪਈ ਅਤੇ ਇਹ ਗੱਲ ਦਲਿਤਾਂ ਵਿੱਚ ਵੀ ਜਾਣ ਲੱਗੀ ਤਾਂ ਉਸੇ ਆਰ ਐੱਸ ਐੱਸ ਦਾ ਮੁਖੀ ਛੂਤ-ਛਾਤ ਛੱਡ ਦੇਣ ਦਾ ਉਪਦੇਸ਼ ਦਿੰਦਾ ਸੁਣਿਆ ਗਿਆਇਹ ਮੁੱਦਾ ਇਸ ਵੇਲੇ ਸਾਰੇ ਦੇਸ਼ ਵਿੱਚ ਖਿੱਲਰ ਚੁੱਕਾ ਹੈ

ਵਿਰੋਧੀ ਧਿਰਾਂ ਦੇ ਆਗੂ ਮੁਢਲੇ ਤੌਰ ਉੱਤੇ ਬੇਸ਼ਕ ਤਾਮਿਲ ਨਾਡੂ ਵਾਲੇ ਨੇਤਾ ਦੇ ਬਿਆਨ ਨਾਲ ਸੰਬੰਧ ਨਾ ਹੋਣ ਦੇ ਬਿਆਨ ਦੇ ਚੁੱਕੇ ਸਨ, ਫਿਰ ਉਸ ਪਾਸਿਉਂ ਵੀ ਇਹ ਗੱਲ ਚੱਲਦੀ ਸੁਣਨ ਲੱਗ ਪਈ ਕਿ ਜੇ ਭਾਜਪਾ ਇਹ ਮੁੱਦਾ ਚੁੱਕੇਗੀ ਤਾਂ ਝਿਜਕਣ ਦੀ ਥਾਂ ਇਸ ਮੁੱਦੇ ਉੱਤੇ ਸਿੱਧਾ ਦਲਿਤ ਲੋਕਾਂ ਤਕ ਪਹੁੰਚ ਕੀਤੀ ਜਾਣੀ ਬਣਦੀ ਹੈਇਹ ਗੱਲ ਚਰਚਾ ਵਿੱਚ ਆ ਗਈ ਕਿ ਕਾਂਗਰਸ ਪਾਰਟੀ ਪਹਿਲੇ ਚਾਲੀ-ਪੰਜਾਹ ਸਾਲ ਭਾਰਤ ਦੀ ਰਾਜਨੀਤੀ ਉੱਤੇ ਭਾਰੂ ਹੀ ਇਸ ਲਈ ਰਹਿ ਸਕੀ ਸੀ ਕਿ ਆਜ਼ਾਦੀ ਲਹਿਰ ਦੇ ਦੌਰਾਨ ਉਸ ਦੇ ਆਗੂਆਂ ਨੇ ਅਤੇ ਵਿਸ਼ੇਸ਼ ਕਰ ਕੇ ਖੁਦ ਮਹਾਤਮਾ ਗਾਂਧੀ ਨੇ ਦਲਿਤਾਂ ਲਈ ‘ਹਰੀਜਨ’ (ਰੱਬ ਦੇ ਜੀਅ) ਵਾਲਾ ਸ਼ਬਦ ਵਰਤ ਕੇ ਹਮਦਰਦੀ ਜਤਾਈ ਸੀਉਨ੍ਹਾਂ ਲੋਕਾਂ ਨੂੰ ਬਹੁਤੇ ਹੱਕ ਬੇਸ਼ਕ ਮਿਲਣੇ ਸੰਭਵ ਨਹੀਂ ਸਨ ਹੋ ਸਕੇ, ਪਰ ਜਿੰਨਾ ਕੁਝ ਮਿਲ ਸਕਿਆ ਸੀ, ਉਸ ਦਾ ਸਿਹਰਾ ਕਾਂਗਰਸ ਆਪਣੇ ਸਿਰ ਲੈਂਦੀ ਤਾਂ ਬਾਕੀ ਪਾਰਟੀਆਂ ਲਈ ਇਸ ਨੂੰ ਕੱਟਣਾ ਔਖਾ ਹੁੰਦਾ ਸੀਇਹ ਗੱਲ ਫਿਰ ਚੱਲ ਪਈ ਕਿ ਇਸ ਵਾਰੀ ਦਲਿਤਾਂ ਨੂੰ ਦੋਬਾਰਾ ਇਹ ਅਹਿਸਾਸ ਕਰਾਉਣ ਦੀ ਲੋੜ ਹੈ ਕਿ ਜਿਸ ਸਨਾਤਨ ਧਰਮ ਦੀ ਰਾਖੀ ਦਾ ਦਾਅਵਾ ਕੀਤਾ ਜਾਂਦਾ ਹੈ, ਉਸ ਧਰਮ ਦੇ ਆਗੂ ਲੋਕ ਇਸਦੀ ਦੁਰਵਰਤੋਂ ਦਲਿਤਾਂ ਦੇ ਖਿਲਾਫ ਕਰਦੇ ਹਨ ਅਤੇ ਇਸ ਤਰ੍ਹਾਂ ਦੀ ਦੁਰਵਰਤੋਂ ਹੋਣ ਤੋਂ ਰੋਕਣ ਲਈ ਭਾਜਪਾ ਵਿਰੋਧੀ ਧਿਰ ਦਾ ਏਕਾ ਹੀ ਗਾਰੰਟੀ ਕਰ ਸਕਦਾ ਹੈਇਸ ਵਿੱਚੋਂ ਇਹ ਗੱਲ ਵੀ ਚੱਲੀ ਕਿ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਚੋਣ ਲੜਾਈ ਜਾਵੇ, ਜਿਹੜਾ ਸਵਰਨ ਜਾਤੀਆਂ ਵਿੱਚੋਂ ਨਹੀਂ ਅਤੇ ਉਸ ਦੇ ਨਾਂਅ ਉੱਤੇ ਦਲਿਤ ਭਾਈਚਾਰਾ ਇਸ ਗੱਠਜੋੜ ਦੇ ਹੱਕ ਵਿੱਚ ਤੁਰ ਪਵੇ ਤਾਂ ਸੱਤਾ ਤਬਦੀਲੀ ਦੇ ਮੌਕੇ ਮੌਕੇ ਵਧ ਸਕਦੇ ਹਨ

ਭਾਜਪਾ ਦਾ ਪ੍ਰਚਾਰ ਤੰਤਰ ਇਹ ਸਮਝਦਾ ਹੈ ਕਿ ਕਰਨਾਟਕ ਵਿੱਚ ਬਜਰੰਗ ਬਲੀ ਦਾ ਮੁੱਦਾ ਜਦੋਂ ਉਭਾਰਿਆ ਸੀ ਤੇ ਖੁਦ ਪ੍ਰਧਾਨ ਮੰਤਰੀ ਨੇ ਇਹ ਮੁੱਦਾ ਉਭਾਰਨ ਦੀ ਅਗਵਾਈ ਕੀਤੀ ਤਾਂ ਇਹ ਮੁੱਦਾ ਕੰਮ ਨਹੀਂ ਸੀ ਆਇਆ, ਇਸਦੀ ਥਾਂ ਦੂਸਰੇ ਮੁੱਦਿਆਂ ਨੇ ਲੋਕਾਂ ਦਾ ਧਿਆਨ ਵੱਧ ਖਿੱਚਿਆ ਸੀਇਸ ਲਈ ਉਹ ਇਸ ਵਾਰ ਸਨਾਤਨ ਧਰਮ ਦਾ ਮੁੱਦਾ ਉਠਾ ਕੇ ਇਸ ਨੂੰ ਚੈੱਕ ਕਰਨ ਤਕ ਸੀਮਤ ਹਨ, ਚੋਣ-ਮੁੱਦੇ ਵਜੋਂ ਪੇਸ਼ ਕਰਨ ਦਾ ਜੋਖ਼ਮ ਉਠਾਉਣ ਜਾਂ ਨਾ ਉਠਾਉਣ, ਇੱਦਾਂ ਦੀ ਕੋਈ ਗੱਲ ਹਾਲੇ ਸਿਰੇ ਨਹੀਂ ਲੱਗੀਇੰਦਰਾ ਗਾਂਧੀ ਦੇ ਵਕਤ ਕਾਂਗਰਸ ਪਾਰਟੀ ਕਿਸੇ ਮੁੱਦੇ ਨੂੰ ਚੁੱਕਦੀ ਸੀ ਅਤੇ ਜੇ ਲੋਕਾਂ ਦਾ ਹੁੰਗਾਰਾ ਮਿਲੇ ਤਾਂ ਅੱਗੇ ਵਧਦੀ ਸੀ, ਵਰਨਾ ਪਿੱਛੇ ਹਟ ਜਾਂਦੀ ਹੁੰਦੀ ਸੀ ਉਦੋਂ ਇੱਦਾਂ ਦੇ ਮੁੱਦੇ ਚੁੱਕਣ ਬਾਰੇ ਇੱਕ ਸ਼ਬਦ ‘ਫੀਲਰ’ ਵਰਤਿਆ ਜਾਂਦਾ ਸੀ ਕਿ ਲੋਕਾਂ ਦੀ ਨਬਜ਼ ਟੋਹਣ (ਫੀਲ) ਕਰਨ ਲਈ ਮੁੱਦਾ ਚੁੱਕਿਆ ਸੀ, ਉਸ ਦਾ ਕੁਝ ਉਲਟ ਜਿਹਾ ਪ੍ਰਭਾਵ ‘ਫੀਲ’ ਕੀਤਾ ਤਾਂ ਉਹ ਮੁੱਦਾ ਛੱਡ ਦਿੱਤਾਅੱਜਕੱਲ੍ਹ ਨਰਿੰਦਰ ਮੋਦੀ ਦੀ ਟੀਮ ਓਦਾਂ ਦੇ ‘ਫੀਲਰ’ ਚੁੱਕਣ ਤੇ ਸੁੱਟਣ ਦੇ ਤਜਰਬੇ ਕਰਦੀ ਸਮਝੀ ਜਾਂਦੀ ਹੈ ਅਤੇ ਸਨਾਤਨ ਧਰਮ ਦਾ ਮੁੱਦਾ ਇਸੇ ਪਰਖ ਲਈ ਚੁੱਕਿਆ ਗਿਆ ਸੀਜਿਹੜਾ ਪ੍ਰਭਾਵ ਮਹਿਸੂਸ ਕੀਤਾ ਗਿਆ ਹੈ, ਇਸਦੇ ਬਾਅਦ ਭਾਜਪਾ ਇਸ ਮੁੱਦੇ ਨੂੰ ਛੱਡਣ ਬਾਰੇ ਵੀ ਸੋਚ ਸਕਦੀ ਹੈ

ਇਸਦੀ ਥਾਂ ਭਾਜਪਾ ਇੱਕ ਹੋਰ ਵੱਡਾ ਮੁੱਦਾ ਚੁੱਕਣ ਦੀ ਤਿਆਰੀ ਵਿੱਚ ਹੈ ਤੇ ਉਹ ਮੁੱਦਾ ਨਵਾਂ ਵੀ ਨਹੀਂ, ਪਿਛਲੇ ਪੈਂਤੀ ਸਾਲਾਂ ਤੋਂ ਵਾਰ-ਵਾਰ ਸਾਹਮਣੇ ਆ ਚੁੱਕਾ ਰਾਮ-ਮੰਦਰ ਦਾ ਮੁੱਦਾ ਹੈਕੁਝ ਲੋਕ ਕਹਿੰਦੇ ਹਨ ਕਿ ਸਰਕਾਰ ਚਲੰਤ ਸਾਲ ਮੁੱਕਣ ਤੋਂ ਪਹਿਲਾਂ ਦਸੰਬਰ ਵਿੱਚ ਲੋਕ ਸਭਾ ਅਤੇ ਕੁਝ ਰਾਜਾਂ ਦੀਆਂ ਚੋਣਾਂ ਇਕੱਠੀਆਂ ਕਰਵਾ ਸਕਦੀ ਹੈ ਤੇ ਇਸ ਲਈ ਤਿਆਰੀਆਂ ਹਨਸਾਡੀ ਸਮਝ ਹੈ ਕਿ ਇੱਦਾਂ ਬਿਲਕੁਲ ਨਹੀਂ ਹੋਣਾਭਾਜਪਾ ਲੀਡਰਸ਼ਿੱਪ ਅਗਲਾ ਸਾਲ ਚੜ੍ਹਦੇ ਸਾਰ ਰਾਮ ਮੰਦਰ ਆਮ ਲੋਕਾਂ ਵਾਸਤੇ ਖੋਲ੍ਹਣ ਅਤੇ ਫਿਰ ਉੱਥੇ ਲੋਕਾਂ ਦੇ ਜਾਣ ਲਈ ਮੁਫਤ ਯਾਤਰਾ ਦੀ ਸਹੂਲਤ ਦੇਣ ਵਰਗਾ ਫੈਸਲਾ ਕਰ ਸਕਦੀ ਹੈ ਤਾਂ ਕਿ ਲੋਕਾਂ ਨੂੰ ਧਾਰਮਿਕ ਪੱਖੋਂ ਜਜ਼ਬਾਤੀ ਕਰ ਕੇ ਲਾਹਾ ਲਿਆ ਜਾ ਸਕੇਅਗਲੇ ਸਾਲ ਜਿਹੜੇ ਦੋ ਮੁੱਦਿਆਂ ਦੀ ਗੂੰਜ ਲੋਕ ਸਭਾ ਚੋਣਾਂ ਵਿੱਚ ਸੁਣਾਈ ਦੇਣ ਵਾਲੀ ਹੈ, ਉਨ੍ਹਾਂ ਵਿੱਚ ਦਲਿਤ ਮੁੱਦਾ ਵੱਧ ਚਰਚਿਤ ਹੋਵੇਗਾ ਜਾਂ ਰਾਮ ਮੰਦਰ ਦਾ ਮੁੱਦਾ ਵੱਧ ਧਿਆਨ ਖਿੱਚੇਗਾ, ਕਹਿ ਸਕਣਾ ਔਖਾ ਹੈ, ਪਰ ਇਹ ਦੋਵੇਂ ਮੁੱਦੇ ਉਸ ਚੋਣ ਲਈ ਅਗੇਤੇ ਤਿਆਰ ਹਨ ਇਸਦਾ ਮਤਲਬ ਇਹ ਨਹੀਂ ਕਿ ਹੋਰ ਕੋਈ ਮੁੱਦਾ ਨਹੀਂ, ਕੱਛ ਵਿੱਚੋਂ ਮੂੰਗਲੀ ਕੱਢ ਮਾਰਨ ਦੀ ਕਹਾਵਤ ਵਾਂਗ ਅਚਾਨਕ ਕੋਈ ਇੱਦਾਂ ਦਾ ਮੁੱਦਾ ਵੀ ਕੱਢਿਆ ਜਾ ਸਕਦਾ ਹੈ, ਜਿਹੜਾ ਕਦੀ ਕਿਸੇ ਨੇ ਸੋਚਿਆ ਨਾ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4231)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author