JatinderPannu7ਬਾਅਦ ਵਿੱਚ ਜਿੰਨੇ ਵੀ ਬਦਨਾਮ ਚਿਹਰੇ ਸਨ, ਅੱਗੜ-ਪਿੱਛੜ ਸਾਰੇ ਜਣੇ ਭਾਜਪਾ ਵਿੱਚ ਚਲੇ ਗਏ ਸਨ, ਜਿਸਦੀ ਅਗਵਾਈ ...
(18 ਜੁਲਾਈ 2023)


ਪੰਜਾਬ ਦੀ ਰਾਜਨੀਤੀ ਵੀ ਅਤੇ ਗਵਾਂਢ
, ਖਾਸ ਕਰ ਕੇ ਹਰਿਆਣਾ ਅਤੇ ਦਿੱਲੀ ਦੀ ਰਾਜਨੀਤੀ ਵੀ ਜੁਲਾਈ ਚੜ੍ਹਦੇ ਸਾਰ ਇੱਕ ਵੱਖਰੇ ਮੁੱਦੇ ਕਾਰਨ ਤਿੱਖੀ ਸ਼ਬਦਾਵਲੀ ਦੀ ਗਵਾਹ ਬਣਦੀ ਵੇਖੀ ਗਈ ਹੈਵੱਖਰੇ ਹਾਲਾਤ ਅਚਾਨਕ ਹੜ੍ਹਾਂ ਦੇ ਆਉਣ ਨਾਲ ਬਣੇ ਸਨ ਅਤੇ ਜਦੋਂ ਆਮ ਲੋਕ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਸਨ ਅਤੇ ਹਰ ਕਿਸੇ ਨੂੰ ਉਨ੍ਹਾਂ ਲਈ ਜੋ ਕੁਝ ਹੋ ਸਕਦਾ ਸੀ, ਉਹ ਕਰਨ ਦੀ ਲੋੜ ਸੀ, ਉਦੋਂ ਰਾਜਸੀ ਲੀਡਰਾਂ ਨੂੰ ਇਸ ਮੌਕੇ ਵੀ ਆਪੋ-ਆਪਣੀ ਰਾਜਸੀ ਧਿਰ ਦੇ ਹਿਤਾਂ ਵਾਸਤੇ ਗਿਣੇ-ਮਿਥੇ ਪੈਂਤੜੇ ਮੱਲਣ ਦੀਆਂ ਗੱਲਾਂ ਸੁੱਝਣ ਲੱਗੀਆਂ ਸਨਇਸ ਹਫਤੇ ਦੇ ਇੱਕ ਦਿਨ ਪਟਿਆਲੇ ਜ਼ਿਲ੍ਹੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਅਤੇ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਵਿਚਾਲੇ ਹੋਈ ਤੂੰ-ਤੂੰ, ਮੈਂ-ਮੈਂ ਦੀਆਂ ਖਬਰਾਂ ਪੜ੍ਹੀਆਂ ਹਨਇਨ੍ਹਾਂ ਹੀ ਦਿਨਾਂ ਵਿੱਚ ਪੰਜਾਬ ਭਾਜਪਾ ਦੇ ਨਵੇਂ ਬਣਾਏ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਬਿਆਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਸੇ ਸੁਰ ਵਿੱਚ ਦਿੱਤਾ ਜਵਾਬ ਪੜ੍ਹਿਆ ਹੈਦਿੱਲੀ ਦੇ ਲੈਫਟੀਨੈਂਟ ਗਵਰਨਰ ਅਤੇ ਦਿੱਲੀ ਦੇ ਇੱਕ ਕੈਬਨਿਟ ਮੰਤਰੀ ਦਾ ਲੋਕਾਂ ਦੀ ਹਾਜ਼ਰੀ ਵਿੱਚ ਆਪਸੀ ਬੋਲ-ਬੁਲਾਰਾ ਵੀ ਪੜ੍ਹਿਆ ਅਤੇ ਕੁਝ ਥਾਂਈਂ ਇੱਕ ਜਾਂ ਦੂਸਰੇ ਲੀਡਰ ਦੇ ‘ਗੁੰਮਸ਼ੁਦਾ’ ਦੇ ਇਸ਼ਤਿਹਾਰ ਲੱਗੇ ਜਾਂ ਉਨ੍ਹਾਂ ਦੇ ਹੱਕ ਵਿੱਚ ਲੱਗੇ ਹੋਏ ਇਸ਼ਤਿਹਾਰਾਂ ਉੱਤੇ ਕਾਲਖ ਪੋਚਣ ਦੀਆਂ ਖਬਰਾਂ ਵੀ ਪੜ੍ਹੀਆਂ ਅਤੇ ਜਵਾਬ ਵਿੱਚ ਨਿੰਦਾ ਦੇ ਬਿਆਨ ਵੀ ਪੜ੍ਹੇ ਹਨਕੁਝ ਲੋਕ ਕਹਿੰਦੇ ਹਨ ਕਿ ਇਹ ਹੜ੍ਹਾਂ ਦੀ ਮੁਸੀਬਤ ਕਾਰਨ ਪੈਦਾ ਹੋਈ ਤਲਖੀ ਦਾ ਪ੍ਰਗਟਾਵਾ ਸੀ, ਪਰ ਅਸੀਂ ਇਹ ਸੋਚ ਰਹੇ ਹਾਂ ਕਿ ਜੇ ਭਲਾ ਹੜ੍ਹ ਨਾ ਵੀ ਆਏ ਹੁੰਦੇ ਤਾਂ ਇਨ੍ਹਾਂ ਲੀਡਰਾਂ ਨੇ ਇੱਦਾਂ ਦੀ ਤਲਖੀ ਕਰਨ ਲਈ ਕੋਈ ਨਾ ਕੋਈ ਹੋਰ ਮੁੱਦਾ ਲੱਭ ਲੈਣਾ ਸੀ, ਤਲਖੀ ਦੀ ਲੋੜ ਜਾਂ ਸੁਭਾਅ ਉਹ ਛੱਡਦੇ ਹੀ ਕਦੀ ਨਹੀਂ

ਜੁਲਾਈ ਦੇ ਦੂਸਰੇ ਹਫਤੇ ਵਿੱਚ ਇਸ ਵਾਰੀ ਜਿਹੜੀ ਮੁਸੀਬਤ ਆਈ, ਉਹ ਬਹੁਤ ਚਿਰ ਬਾਅਦ ਪੰਜਾਬ ਦੇ ਲੋਕਾਂ ਨੇ ਵੇਖੀ ਹੈ ਅਤੇ ਅਜੋਕੀ ਨੌਜਵਾਨ ਪੀੜ੍ਹੀ ਨੇ ਤਾਂ ਕਦੇ ਪਹਿਲਾਂ ਵੇਖੀ ਹੀ ਨਹੀਂ ਹੋਣੀਸਾਡੀ ਪੀੜ੍ਹੀ ਦੇ ਲੋਕ ਪਹਿਲਾਂ ਇਸ ਤਰ੍ਹਾਂ ਦੀਆਂ ਕਈ ਮੁਸ਼ਕਲਾਂ ਵੇਖ ਚੁੱਕੇ ਹਨ ਅਤੇ ਉਨ੍ਹਾਂ ਦੌਰਾਨ ਹੋਈ ਤਬਾਹੀ ਅਤੇ ਉਸ ਵਕਤ ਦੀ ਰਾਜਨੀਤੀ ਦੇ ਚੋਂਚਲੇ ਵੀ ਅੱਜ ਤਕ ਭੁਲਾ ਨਹੀਂ ਸਕੇਬਚਪਨ ਵਿੱਚ ਜਦੋਂ ਅਜੇ ਦੁੱਖਾਂ ਦੀ ਸੋਝੀ ਨਹੀਂ ਸੀ ਹੁੰਦੀ, ਪਿੰਡਾਂ ਵਿੱਚ ਆਏ ਪਾਣੀ ਨਾਲ ਮਾਪੇ ਜੂਝਦੇ ਤੇ ਬਚਾ ਕਰਦੇ ਹੁੰਦੇ ਸਨ ਤੇ ਅਸੀਂ ਗੰਦੇ ਪਾਣੀ ਵਿੱਚ ਤਾਰੀਆਂ ਲਾਉਂਦੇ ਹੁੰਦੇ ਸਾਂਫਿਰ ਜਦੋਂ ਕੁਝ ਹੋਸ਼ ਆਈ ਤਾਂ ਪਹਿਲੀ ਵਾਰੀ ਸਾਲ 1974 ਦੇ ਹੜ੍ਹਾਂ ਵਿੱਚ ਘਰਾਂ ਵਿੱਚੋਂ ਮਜਬੂਰੀ ਕਾਰਨ ਨਿਕਲੇ ਅਤੇ ਦਰਿਆਵਾਂ ਜਾਂ ਨਹਿਰਾਂ ਅਤੇ ਰੇਲਵੇ ਲਾਈਨਾਂ ਦੇ ਕੰਢਿਆਂ ਉੱਤੇ ਆਣ ਬੈਠੇ ਲੋਕਾਂ ਦਾ ਸਾਨੂੰ ਚੇਤਾ ਹੈਉਸ ਪਿੱਛੋਂ 1988 ਦੇ ਉਹ ਹੜ੍ਹ ਵੀ ਸਾਨੂੰ ਕਦੇ ਨਹੀਂ ਭੁੱਲ ਸਕਦੇ, ਜਦੋਂ ਬਿਆਸ ਦਰਿਆ ਦੇ ਪਾਣੀ ਨੇ ਬਿਆਸ ਦੇ ਕੋਲ ਢਿੱਲਵਾਂ ਵਾਲਾ ਰੇਲਵੇ ਪੁਲ ਪੁੱਟ ਕੇ ਕਈ ਫੁੱਟ ਦੂਰ ਸੁੱਟ ਦਿੱਤਾ ਸੀ ਤੇ ਜਿਨ੍ਹਾਂ ਨੇ ਵੇਖਿਆ ਨਹੀਂ ਸੀ, ਉਹ ਖਬਰਾਂ ਪੜ੍ਹ-ਸੁਣ ਕੇ ਯਕੀਨ ਨਹੀਂ ਸੀ ਕਰਦੇ ਤੇ ਹਰੀਕੇ ਪੱਤਣ ਤੋਂ ਅਗਲੇ ਕਈ ਪਿੰਡਾਂ ਦੇ ਲੋਕ ਕਈ-ਕਈ ਦਿਨ ਛੱਤਾਂ ਉੱਤੇ ਟੰਗੇ ਰਹੇ ਸਨਅਜਨਾਲਾ-ਫਤਹਿਗੜ੍ਹ ਚੂੜੀਆਂ ਦੇ ਪਾਸੇ ਵੀ ਇਹੋ ਹਾਲਾਤ ਸੀ ਤੇ ਲੋਕ ਜਦੋਂ ਇੱਕ ਦੂਸਰੇ ਦੀ ਮਦਦ ਕਰਦੇ ਸਨ, ਰਾਜਨੀਤਕ ਲੀਡਰ ਉਸ ਵਕਤ ਵੀ ਅੱਜ ਵਾਂਗ ਹੀ ਬਿਆਨਬਾਜ਼ੀ ਕਰਦੇ ਫਿਰਦੇ ਸਨਉਨ੍ਹਾਂ ਨੂੰ ਲੋਕਾਂ ਦੀ ਮਦਦ ਨਾਲੋਂ ਰਾਜਨੀਤੀ ਵੱਧ ਲੋੜੀਂਦੀ ਹੈ

ਇਸ ਵਾਰੀ ਜਦੋਂ ਹਰ ਵਸੀਲਾ ਆਮ ਲੋਕਾਂ ਦੀ ਮਦਦ ਵਾਸਤੇ ਲਾਏ ਜਾਣ ਦੀ ਲੋੜ ਸੀ, ਕੁਝ ਧਿਰਾਂ ਨੇ ਜਿਸ ਤਰ੍ਹਾਂ ਅਵਾਜ਼ਾਰ ਕਰਨ ਵਾਲੀ ਬਿਆਨਬਾਜ਼ੀ ਕੀਤੀ ਹੈ, ਉਹ ਕਰਨੀ ਨਹੀਂ ਸੀ ਚਾਹੀਦੀਭਾਜਪਾ ਪ੍ਰਧਾਨ ਸੁਨੀਲ ਜਾਖੜ ਜਿਹੜੇ ਰੰਗ ਵਿੱਚ ਆਪਣੇ ਨਵੇਂ ਅਹੁਦੇ ਨੂੰ ਸਹੀ ਸਾਬਤ ਕਰਨ ਲਈ ਤਿੱਖੀ ਤੋਰ ਚੱਲ ਪਏ ਤੇ ਹੜ੍ਹਾਂ ਵਿੱਚ ਫਸੇ ਲੋਕਾਂ ਦੀ ਮਦਦ ਦੀ ਥਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਕੇਂਦਰ ਦੇ ਫੰਡਾਂ ਦਾ ਹਿਸਾਬ ਮੰਗਿਆ ਸੀ, ਅੱਗੋਂ ਉਸ ਦੇ ਜਵਾਬ ਵਿੱਚ ਮੁੱਖ ਮੰਤਰੀ ਦਾ ਬਿਆਨ ਵੀ ਮੋੜਵੀਂ ਤੇ ਬਰਾਬਰ ਦੀ ਕੌੜ ਵਾਲਾ ਸੀਉਂਜ ਸੁਨੀਲ ਜਾਖੜ ਨੂੰ ਚੇਤੇ ਕਰਨਾ ਚਾਹੀਦਾ ਹੈ ਕਿ ਪਿਛਲੀ ਸਰਕਾਰ ਕਾਂਗਰਸ ਦੀ ਸੀ ਅਤੇ ਉਹ ਉਦੋਂ ਉਸ ਪਾਰਟੀ ਦੇ ਵੀ ਪ੍ਰਧਾਨ ਸਨ, ਜਿਸਦਾ ਮੁੱਖ ਮੰਤਰੀ ਰਾਜਧਾਨੀ ਚੰਡੀਗੜ੍ਹ ਤੋਂ ਮਸਾਂ ਦਸ ਕਿਲੋਮੀਟਰ ਦੂਰ ਬੈਠਾ ਵੀ ਕਿਸੇ ਨੂੰ ਮਿਲਦਾ ਨਹੀਂ ਸੀ। ਉਦੋਂ ਦੇ ਖਜ਼ਾਨਾ ਮੰਤਰੀ ਅਤੇ ਹੋਰ ਮੰਤਰੀ ਜਿੱਦਾਂ ਦਾ ਹਿਸਾਬ-ਕਿਤਾਬ ਲੋਕਾਂ ਨੂੰ ਦੇ ਕੇ ਗਏ ਸਨ, ਉਹ ਲੋਕਾਂ ਨੂੰ ਭੁੱਲਿਆ ਨਹੀਂਬਾਅਦ ਵਿੱਚ ਜਿੰਨੇ ਵੀ ਬਦਨਾਮ ਚਿਹਰੇ ਸਨ, ਅੱਗੜ-ਪਿੱਛੜ ਸਾਰੇ ਜਣੇ ਭਾਜਪਾ ਵਿੱਚ ਚਲੇ ਗਏ ਸਨ, ਜਿਸਦੀ ਅਗਵਾਈ ਸੁਨੀਲ ਜਾਖੜ ਨੂੰ ਮਿਲੀ ਹੈਪਿਛਲੇ ਸਮੇਂ ਵਿੱਚ ਜਦੋਂ ਉਹ ਲੋਕ ਬਦਨਾਮੀ ਦੀਆਂ ਪੰਡਾਂ ਭਰਦੇ ਪਏ ਸਨ, ਉਸ ਵੇਲੇ ਵੀ ਉਨ੍ਹਾਂ ਦੇ ਪ੍ਰਧਾਨ ਜਾਖੜ ਸਨ ਤੇ ਜਿਸ ਪਾਸੇ ਉਹ ਸਾਰੇ ਚਲੇ ਗਏ ਹਨ, ਉੱਥੇ ਫਿਰ ਪ੍ਰਧਾਨਗੀ ਦਾ ਤਾਜ ਸੁਨੀਲ ਜਾਖੜ ਦੇ ਸਿਰ ਰੱਖ ਦਿੱਤਾ ਗਿਆ ਹੈਕਰਨੀਆਂ ਉਹ ਕਰ ਗਏ ਸਨ ਅਤੇ ਬਦਨਾਮੀ ਦਾ ਜਵਾਬ ਉਦੋਂ ਵੀ ਸੁਨੀਲ ਜਾਖੜ ਨੂੰ ਦੇਣਾ ਪੈਂਦਾ ਸੀ ਅਤੇ ਅੱਜ ਵੀ

ਦਿੱਲੀ ਵਿੱਚ ਚੰਗੀ-ਭਲੀ ਸਰਕਾਰ ਚੱਲ ਸਕਦੀ ਹੈ, ਕੋਈ ਖਾਸ ਨੁਕਸ ਹੋਵੇ ਤਾਂ ਕੇਂਦਰ ਸਰਕਾਰ ਦਖਲ ਦੇਣ ਦਾ ਪੂਰਾ ਹੱਕ ਰੱਖਦੀ ਹੈ, ਪਰ ਜਿੱਦਾਂ ਦੀ ਕੁੜੱਤਣ ਦੋਵਾਂ ਧਿਰਾਂ ਵਿੱਚ ਬੀਤੇ ਸਾਢੇ ਅੱਠ ਸਾਲਾਂ ਤੋਂ ਚੱਲਦੀ ਪਈ ਹੈ, ਉਸ ਨਾਲ ਦਿੱਲੀ ਵਿੱਚ ਰਹਿੰਦੇ ਲੋਕਾਂ ਦਾ ਕੋਈ ਭਲਾ ਨਹੀਂ ਹੋਣਾ, ਦੁਸ਼ਵਾਰੀਆਂ ਵਧਣਗੀਆਂਹੜ੍ਹਾਂ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਸੀ ਕਿ ਤਿੰਨ ਵਿਭਾਗ ਛੱਡ ਕੇ ਦਿੱਲੀ ਸਰਕਾਰ ਦੇ ਕੰਮਾਂ ਵਿੱਚ ਲੈਫਟੀਨੈਂਟ ਗਵਰਨਰ ਜਾਂ ਕੇਂਦਰ ਦੀ ਸਰਕਾਰ ਕੋਈ ਦਖਲ ਨਹੀਂ ਦੇਣਗੇ, ਪਰ ਅਦਾਲਤੀ ਛੁੱਟੀਆਂ ਹੁੰਦੇ ਸਾਰ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕਰਨ ਨਾਲ ਸੁਪਰੀਮ ਕੋਰਟ ਦਾ ਫੈਸਲਾ ਵੀ ਬਦਲ ਕੇ ਦਿੱਲੀ ਸਰਕਾਰ ਤੋਂ ਸਾਰੇ ਹੱਕ ਖੋਹ ਲਏਜਦੋਂ ਹੜ੍ਹਾਂ ਨੇ ਮਾਰ ਕੀਤੀ ਤਾਂ ਦਿੱਲੀ ਦਾ ਕੋਈ ਅਫਸਰ ਦਿੱਲੀ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਕਿਹਾ ਮੰਨਣ ਨੂੰ ਤਿਆਰ ਨਹੀਂ ਸੀ, ਉਨ੍ਹਾਂ ਦੇ ਲਈ ਸਰਕਾਰ ਦਾ ਮਤਲਬ ਲੈਫਟੀਨੈਂਟ ਗਵਰਨਰ ਸੀ ਅਤੇ ਇਸ ਨਾਲ ਦੋਵਾਂ ਧਿਰਾਂ ਦੀ ਕੌੜ ਪਹਿਲਾਂ ਤੋਂ ਵੀ ਵਧਣ ਲੱਗ ਪਈਕੇਂਦਰ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਦੀਆਂ ਮੁਸ਼ਕਾਂ ਕੱਸਣ ਲਈ ਉਹ ਆਰਡੀਨੈਂਸ ਜਾਰੀ ਕਰਨ ਵਾਲਾ ਕੰਮ ਨਾ ਕੀਤਾ ਹੁੰਦਾ ਤਾਂ ਅੱਜ ਦਿੱਲੀ ਵਿੱਚ ਆਏ ਹੜ੍ਹ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੀ ਹੋਣੀ ਸੀ, ਪਰ ਜਦੋਂ ਅਫਸਰ ਉਸ ਦੇ ਕਹੇ ਵਿੱਚ ਨਹੀਂ ਚੱਲ ਰਹੇ ਤਾਂ ਉਸ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਕਾਰਨ ਨਹੀਂ ਲੱਭਦਾਦੇਸ਼ ਦੀ ਰਾਜਧਾਨੀ ਦੇ ਸ਼ਹਿਰ ਵਿੱਚ ਆਇਆ ਪਾਣੀ ਸਾਰੇ ਦਾ ਸਾਰਾ ਦਿੱਲੀ ਵਿੱਚ ਪਏ ਮੀਂਹ ਦਾ ਨਹੀਂ, ਗਵਾਂਢੀ ਰਾਜ ਹਰਿਆਣਾ ਵੱਲੋਂ ਆ ਰਿਹਾ ਹੈ ਤੇ ਜਿਹੜਾ ਹਰਿਆਣਾ ਲੋੜ ਵੇਲੇ ਪਾਣੀ ਦੇਣ ਲਈ ਹਥਨੀ ਕੁੰਡ ਅਤੇ ਮੂਨਕ ਬੈਰਜ ਤੋਂ ਫੱਟੇ ਨਹੀਂ ਸੀ ਚੁੱਕਦਾ ਹੁੰਦਾ, ਹੜ੍ਹ ਆਉਣ ਉੱਤੇ ਇਹ ਕਹਿੰਦਾ ਹੈ ਕਿ ਉੱਥੋਂ ਪਾਣੀ ਬੰਦ ਕਰ ਦੇਣਾ ਉਸ ਦੇ ਵੱਸ ਵਿੱਚ ਹੀ ਨਹੀਂਇਸ ਨਾਲ ਦਿੱਲੀ ਹੜ੍ਹਾਂ ਦੀ ਮਾਰ ਹੇਠ ਹੈ ਅਤੇ ਹੜ੍ਹਾਂ ਦੌਰਾਨ ਦਿੱਲੀ ਵਿੱਚ ਰਾਜਨੀਤੀ ਦਾ ਉਹੀ ਦੁਵੱਲਾ ਪਿੱਟ-ਸਿਆਪਾ ਹੋਈ ਜਾਂਦਾ ਹੈ, ਜਿਹੜਾ ਕੋਵਿਡ ਦੀ ਮਾਰ ਨਾਲ ਲੱਗੇ ਪਏ ਲਾਸ਼ਾਂ ਦੇ ਢੇਰਾਂ ਵਿਚਾਲੇ ਹੁੰਦਾ ਰਿਹਾ ਸੀਇਹੋ ਜਿਹੇ ਮਾਹੌਲ ਵਿੱਚੋਂ ਰਾਜਨੀਤਕ ਲਾਭ ਖੱਟਣ ਦੀ ਜ਼ਿੰਮੇਵਾਰੀ ਤੋਂ ਰਾਜਨੀਤੀ ਦੀਆਂ ਦੋਵੇਂ ਧਿਰਾਂ ਨਹੀਂ ਬਚ ਸਕਦੀਆਂ

ਸਾਨੂੰ ਸਿਆਸੀ ਲੀਡਰਾਂ ਦੀ ਖਸਲਤ ਸਮਝਣ ਵਿੱਚ ਬਹੁਤੀ ਮੁਸ਼ਕਲ ਨਹੀਂ ਆਉਣੀ ਚਾਹੀਦੀਇਹ ਲੋਕ ਵਿਆਹ ਦੇ ਮੌਕੇ ਕਿਸੇ ਦੇ ਧੀ-ਪੁੱਤਰ ਨੂੰ ਆਸ਼ੀਰਵਾਦ ਦੇ ਚਾਰ ਸ਼ਬਦ ਬੋਲਣ ਲਈ ਵੀ ਮਾਈਕ ਅੱਗੇ ਆਉਣ ਤਾਂ ਰਾਜਨੀਤੀ ਦਾ ਖਿਲਾਰਾ ਪਾ ਬੈਠਦੇ ਹਨ ਤੇ ਕਿਸੇ ਘਰ ਮੌਤ ਹੋਈ ਤੋਂ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਮਿਲੇ ਤੋਂ ਵੀ ਉੱਥੇ ਰਾਜਨੀਤੀ ਦੀ ਕਚਿਆਣ ਇਸ ਤਰ੍ਹਾਂ ਖਿਲਾਰਦੇ ਹਨ ਕਿ ਲੋਕ ਅਵਾਜ਼ਾਰ ਹੋ ਸਕਦੇ ਹਨਇਹ ਭਾਰਤੀ ਲੋਕਤੰਤਰ ਦੀ ਤਰਾਸਦੀ ਹੈ ਕਿ ਲੋਕਾਂ ਦੇ ਨਾਂਅ ਉੱਤੇ ਰਾਜਨੀਤੀ ਕਰਨ ਦੇ ਦਾਅਵੇਦਾਰ ਅਸਲ ਵਿੱਚ ਲੋਕਾਂ ਦੇ ਦੁੱਖਾਂ ਉੱਤੇ ਰਾਜਨੀਤੀ ਕਰਨ ਦੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ‘ਚਿੜੀਆਂ ਦੀ ਮੌਤ, ਗੰਵਾਰਾਂ ਦਾ ਹਾਸਾ’ ਅਸੀਂ ਬਚਪਨ ਤੋਂ ਸੁਣਦੇ ਆਏ ਸਾਂ, ਪਿੱਛੋਂ ਸਮਝ ਪਈ ਕਿ ਲੀਡਰ ਨਾਂਅ ਦੀ ਨਸਲ ਵੀ ਚਿੜੀਆਂ ਦੀ ਮੌਤ ਉੱਤੇ ਹੱਸਣ ਵਾਲੇ ਗੰਵਾਰਾਂ ਵਾਂਗ ਲੋਕਾਂ ਦੀਆਂ ਮੌਤਾਂ ਇਸ ਲਈ ਉਡੀਕਦੀ ਰਹਿੰਦੀ ਹੈ ਕਿ ਇਸ ਬਹਾਨੇ ਰਾਜਨੀਤੀ ਕੀਤੀ ਜਾ ਸਕੇਗਰੀਬੜੇ ਬੰਦੇ ਨੂੰ ਕਿਸੇ ਪੀਰ ਨੇ ਕਹਿ ਦਿੱਤਾ ਸੀ ਕਿ ਸਵੇਰੇ ਚਿਰਾਗ ਉੱਤੇ ਦੋਵੇਂ ਹੱਥ ਘੁਮਾ ਕੇ ਆਪਣੇ ਚਿਹਰੇ ਉੱਤੇ ਫੇਰ ਲਈਏ ਤਾਂ ਚਿਹਰੇ ਉੱਤੇ ਨੂਰ ਆ ਜਾਵੇਗਾ ਤੇ ਉਹ ਅਗਲੇ ਦਿਨ ਇਹੋ ਕਰਨ ਲੱਗ ਪਿਆਅੱਧਾ ਸੁੱਤਾ ਅਤੇ ਅੱਧਾ ਜਾਗਦਾ ਉਹ ਥੋੜ੍ਹਾ ਵੱਧ ਸਮਾਂ ਚਿਰਾਗ ਉੱਤੇ ਆਪਣੇ ਹੱਥ ਰੱਖ ਕੇ ਖੜ੍ਹਾ ਰਿਹਾ ਅਤੇ ਇਸ ਦੌਰਾਨ ਉਸ ਦੇ ਹੱਥ ਧੁਆਂਖੇ ਹੋਣ ਦਾ ਉਸ ਨੂੰ ਪਤਾ ਨਹੀਂ ਸੀ ਲੱਗਾ, ਉਵੇਂ ਹੀ ਚਿਹਰੇ ਉੱਤੇ ਹੱਥ ਫੇਰ ਕੇ ਪਤਨੀ ਨੂੰ ਪੁੱਛ ਬੈਠਾ ਕਿ ਚਿਹਰੇ ਉੱਤੇ ਕਿੰਨਾ ਕੁ ਨੂਰ ਆਇਆ ਹੈ! ਉਸ ਨੇ ਹੱਸ ਕੇ ਕਿਹਾ ਸੀ ਕਿ ਨੂਰ ਦਾ ਰੰਗ ਜੇ ਕਾਲਾ ਹੁੰਦਾ ਹੈ ਤਾਂ ਘਟਾਂ ਚੜ੍ਹੀਆਂ ਪਈਆਂ ਨੇ, ਪਰ ਜੇ ਕੋਈ ਹੋਰ ਰੰਗ ਹੁੰਦਾ ਹੈ ਤਾਂ ਤੂੰ ਪਹਿਲਾਂ ਤੋਂ ਵੀ ਬੇੜਾ ਗਰਕ ਕਰ ਕੇ ਆ ਗਿਆ ਹੈਂਭਾਰਤੀ ਰਾਜਨੀਤੀ ਦੇ ਪੱਲੇ ਵੀ ਲੋਕਤੰਤਰ ਨੇ ਇਹੋ ਨੂਰ ਪਾਇਆ ਜਾਪਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4094)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author