JatinderPannu7ਸਬਰ ਦਾ ਪੈਮਾਨਾ ਭਰਨ ਲੱਗਾ ਤਾਂ ਕਿਸਾਨ ਆਪਣੇ ਦੇਸ਼ ਦੀ ਰਾਜਧਾਨੀ ...
(30 ਨਵੰਬਰ 2020)

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਣਨੀਤੀ ਇਹ ਰਹੀ ਹੈ, ਅਤੇ ਅੱਜ ਵੀ ਹੈ ਕਿ ਇੱਕ ਸਮੱਸਿਆ ਖੜ੍ਹੀ ਹੁੰਦੀ ਹੈ ਤਾਂ ਉਸ ਦਾ ਹੱਲ ਕੱਢਣ ਦੀ ਥਾਂ ਨਵਾਂ ਸ਼ੋਸ਼ਾ, ਅੱਜਕੱਲ੍ਹ ਇਹੋ ਜਿਹੇ ਸ਼ਬਦ ਦੀ ਥਾਂ ‘ਜੁਮਲਾ’ ਆਖਿਆ ਜਾਂਦਾ ਹੈ, ਪੇਸ਼ ਕਰ ਕੇ ਬਹਿਸ ਦਾ ਰੁਖ ਹੋਰ ਪਾਸੇ ਮੋੜ ਦਿੱਤਾ ਜਾਂਦਾ ਹੈਜਦੋਂ ਦੇਸ਼ ਵਿੱਚ ਮੋਦੀ ਸਰਕਾਰ ਦੇ ਬਣਾਏ ਨਾਗਰਿਕਤਾ ਸੋਧ ਕਾਨੂੰਨ ਬਾਰੇ ਬਹਿਸ ਹੋ ਰਹੀ ਸੀ ਤਾਂ ਅਚਾਨਕ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਧਾਰਾ ਤਿੰਨ ਸੌ ਸੱਤਰ ਤੋੜੀ ਤੇ ਉਸ ਰਾਜ ਦੇ ਦੋ ਹਿੱਸੇ ਕਰ ਦਿੱਤੇ ਸਨਕੋਰੋਨਾ ਵਾਇਰਸ ਦੇ ਦਿਨਾਂ ਵਿੱਚ ਜਦੋਂ ਇਹ ਗੱਲ ਚਰਚਾ ਦਾ ਵਿਸ਼ਾ ਬਣਨ ਲੱਗੀ ਕਿ ਪ੍ਰਧਾਨ ਮੰਤਰੀ ਦੇ ਦਾਅਵੇ ਧਰ-ਧਰਾਏ ਰਹਿ ਗਏ ਤੇ ਮਹਾਮਾਰੀ ਵਧਦੀ ਜਾਂਦੀ ਹੈ ਤਾਂ ਕਿਸਾਨ ਭਾਈਚਾਰੇ ਨੂੰ ਠਿੱਬੀ ਲਾਉਣ ਵਾਲੇ ਤਿੰਨ ਆਰਡੀਨੈਂਸ ਅਚਾਨਕ ਜਾਰੀ ਕਰ ਦਿੱਤੇ ਸਨਮੋਦੀ ਸਾਹਿਬ ਤੇ ਉਨ੍ਹਾਂ ਦੇ ਮੰਤਰੀ ਇੱਦਾਂ ਦਾ ਦਾਅਵਾ ਕਰਦੇ ਸਨ ਕਿ ਇਹ ਤਿੰਨ ਕਾਨੂੰਨ ਕਿਸਾਨਾਂ ਦਾ ਭਲਾ ਕਰਨ ਵਾਲੇ ਹਨ ਤੇ ਕਿਸਾਨ ਆਗੂ ਇਹ ਕਹੀ ਜਾਂਦੇ ਸਨ ਕਿ ਇਨ੍ਹਾਂ ਨੇ ਕਿਸਾਨਾਂ ਨੂੰ ਜਿਊਣ ਜੋਗੇ ਨਹੀਂ ਛੱਡਣਾਇਸ ਬਾਰੇ ਕਿਸਾਨਾਂ ਨਾਲ ਗੱਲ ਕਰਨ ਦੀ ਥਾਂ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਜਿੱਥੇ ਧਰਨਾ ਲਾ ਕੇ ਬੈਠੇ ਸਨ, ਉੱਥੇ ਬੈਠੇ ਰਹਿਣ ਦਿੱਤਾ ਅਤੇ ਇਹੋ ਜਿਹਾ ਵਤੀਰਾ ਧਾਰਨ ਕਰ ਲਿਆ, ਜਿਵੇਂ ਉਸ ਨੂੰ ਉਨ੍ਹਾਂ ਦੇ ਮਰਨ-ਜਿਊਣ ਦੀ ਕੋਈ ਪ੍ਰਵਾਹ ਹੀਂ ਨਹੀਂ ਹੁੰਦੀਸਬਰ ਦਾ ਪੈਮਾਨਾ ਭਰਨ ਲੱਗਾ ਤਾਂ ਕਿਸਾਨ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਕੂਚ ਕਰਨ ਲੱਗ ਪਏ ਐੱਨ ਇਸ ਮੌਕੇ ਮੋਦੀ ਸਾਹਿਬ ਨੇ ਨਵਾਂ ਮੁੱਦਾ ਛੇੜ ਦਿੱਤਾ ਹੈਉਨ੍ਹਾਂ ਸਮੁੱਚੇ ਭਾਰਤ ਵਿੱਚ ਇੱਕੋ ਵਾਰ ਚੋਣਾਂ ਕਰਾਉਣ ਲਈ ‘ਇੱਕ ਦੇਸ਼, ਇੱਕ ਚੋਣ’ ਦਾ ਨਾਅਰਾ ਚੁੱਕ ਦਿੱਤਾ ਹੈ, ਜਿਸ ਨਾਲ ਭਾਰਤ ਦੇ ਸਾਰੇ ਰਾਜਾਂ ਵਿੱਚ ਇਹ ਬਹਿਸ ਛਿੜ ਗਈ ਹੈ ਕਿ ਇਹੋ ਜਿਹੀ ਚੋਣ ਕਿੱਦਾਂ ਦੀ ਹੋਵੇਗੀ ਤੇ ਕਦੋਂ ਹੋਵੇਗੀ?

ਪਹਿਲਾਂ ਭਾਰਤ ਦੇ ਲੋਕਾਂ ਨੂੰ ਇਹ ਸਮਝ ਨਹੀਂ ਸੀ ਆਇਆ ਕਿ ਜਦੋਂ ਲੋਕ ਕੋਰੋਨਾ ਦੇ ਜਾਲ ਵਿੱਚ ਫਸੇ ਹੋਏ ਸਨ, ਐਨ ਉਦੋਂ ਕਿਸਾਨਾਂ ਦੇ ਪੈਰਾਂ ਨੂੰ ਬੇੜੀਆਂ ਪਾਉਣ ਵਾਲੇ ਤਿੰਨ ਕਾਨੂੰਨ ਪਾਸ ਕਰਨ ਦੀ ਕੀ ਲੋੜ ਸੀ? ਇਸ ਕੰਮ ਲਈ ਕੁਝ ਸਮਾਂ ਉਡੀਕ ਕਿਉਂ ਨਹੀਂ ਸੀ ਕੀਤੀ ਜਾ ਸਕੀ? ‘ਇੱਕ ਦੇਸ਼, ਇੱਕ ਚੋਣ’ ਦਾ ਮੁੱਦਾ ਵੀ ਨਵਾਂ ਨਹੀਂਇਸ ਬਾਰੇ ਪਹਿਲਾਂ ਕਦੇ-ਕਦਾਈਂ ਗੱਲ ਚੱਲਦੀ ਤੇ ਰੁਕਦੀ ਰਹੀ ਹੈਫਿਰ ਇਸ ਨੂੰ ਇਸੇ ਵਕਤ, ਜਦੋਂ ਕਿਸਾਨੀ ਦੇ ਭਵਿੱਖ ਦਾ ਮੁੱਦਾ ਭਖਿਆ ਪਿਆ ਹੈ, ਅਗਲੀ ਰਾਜਨੀਤਕ ਬਹਿਸ ਲਈ ਏਜੰਡੇ ਵਜੋਂ ਪੇਸ਼ ਕਰਨ ਦੀ ਕੀ ਲੋੜ ਸੀ? ਕਾਹਲ ਕਰਨ ਦੀ ਥਾਂ ਇਹ ਮੁੱਦਾ ਕੁਝ ਚਿਰ ਪਿੱਛੋਂ ਵੀ ਉਠਾਇਆ ਜਾ ਸਕਦਾ ਸੀ, ਪਰ ਇੱਕ ਰਣਨੀਤੀ ਅਧੀਨ ਇਸ ਵੇਲੇ ਪੇਸ਼ ਕੀਤਾ ਗਿਆ ਹੈ

ਚੋਣਾਂ ਨਾਲ ਸੰਬੰਧਤ ਦੋ ਮੁੱਦੇ ਇੱਦਾਂ ਦੇ ਹਨ, ਜਿਹੜੇ ਇੱਕ ਖਾਸ ਸੋਚਣੀ ਹੇਠ ਕਈ ਵਾਰੀ ਪੇਸ਼ ਕੀਤੇ ਗਏ ਤੇ ਜਦੋਂ ਲੋਕਾਂ ਨੇ ਨਹੀਂ ਚੁੱਕੇ ਤਾਂ ਠੱਪੇ ਜਾਂਦੇ ਰਹੇ ਹਨਇੱਕ ਮੁੱਦਾ ਕਈ ਸਾਲ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਹਰ ਨਾਗਰਿਕ ਲਈ ਵੋਟ ਪਾਉਣਾ ਲਾਜ਼ਮੀ ਕਰ ਦੇਣ ਦਾ ਉਛਾਲਿਆ ਤੇ ਇਹ ਤਜਵੀਜ਼ ਦਿੱਤੀ ਸੀ ਕਿ ਜਿਹੜਾ ਵੋਟ ਨਹੀਂ ਪਾਵੇਗਾ, ਉਸ ਦੇ ਲਈ ਜੇਲ ਦੀ ਸਜ਼ਾ ਰੱਖੀ ਜਾਵੇਗੀਮੈਂ ਉਦੋਂ ਇਸਦੇ ਵਿਰੁੱਧ ਲਿਖਿਆ ਸੀ ਕਿ ਭਾਰਤ ਵਿੱਚ ਇਹ ਵੀ ਮਿਸਾਲਾਂ ਹਨ, ਜਿੱਥੇ ਕਿਸੇ ਚੋਣ ਵਿੱਚ ਇੱਕੋ ਹਲਕੇ ਵਿੱਚ ਦੋ ਜਾਂ ਤਿੰਨ ਮੁੱਖ ਉਮੀਦਵਾਰ ਲੁੱਚੇ-ਬਦਮਾਸ਼ ਹੀ ਖੜ੍ਹੇ ਹੋ ਜਾਂਦੇ ਹਨ, ਜਿੱਤਣਾ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਹੁੰਦਾ ਸੀ, ਉਸ ਹਾਲਤ ਵਿੱਚ ਜੇ ਕੋਈ ਨਾਗਰਿਕ ਵੋਟ ਪਾਉਣ ਮਗਰੋਂ ਪੰਜ ਸਾਲ ਆਪਣੇ ਮਨ ਵਿੱਚ ਸ਼ਰਮ ਦਾ ਇਹਸਾਸ ਹੰਢਾਉਣ ਦੀ ਬਜਾਏ ਵੋਟ ਦੇਣ ਨਹੀਂ ਜਾਣਾ ਚਾਹੁੰਦਾ ਤਾਂ ਇਸ ਲੋਕਤੰਤਰ ਵਿੱਚ ਉਸ ਨੂੰ ਇਸ ਪ੍ਰਕਿਰਿਆ ਤੋਂ ਦੂਰ ਰਹਿਣ ਦਾ ਹੱਕ ਵੀ ਹੋਣਾ ਚਾਹੀਦਾ ਹੈ, ਉਸ ਨੂੰ ਕਿਸੇ ਇੱਕ ਬਦਮਾਸ਼ ਨੂੰ ਵੋਟ ਪਾਉਣ ਲਈ ਮਜਬੂਰ ਕਰਨਾ ਗਲਤ ਹੈਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਇੱਕੋ ਹਲਕੇ ਵਿੱਚ ਤਿੰਨ ਵੱਡੀਆਂ ਪਾਰਟੀਆਂ ਨੇ ਜਿਹੜੇ ਉਮੀਦਵਾਰ ਖੜ੍ਹੇ ਕੀਤੇ, ਉਹ ਤਿੰਨੇ ਕਤਲ ਕੇਸਾਂ ਵਿੱਚ ਇੱਕੋ ਜੇਲ ਵਿੱਚ ਬੰਦ ਸਨ ਤੇ ਜਿਹੜਾ ਇੱਕ ਜਿੱਤ ਗਿਆ, ਉਸ ਨੇ ਸਾਰੀ ਜੇਲ ਦੇ ਕੈਦੀਆਂ ਦੀ ਪਾਰਟੀ ਕੀਤੀ ਅਤੇ ਆਪਣੇ ਮੁਕਾਬਲੇ ਵਿੱਚ ਹਾਰੇ ਹੋਏ ਦੋਵਾਂ ਉਮੀਦਵਾਰਾਂ ਨੂੰ ਵੀ ਸ਼ਰਾਬ ਦੀਆਂ ਬੋਤਲਾਂ ਅਤੇ ਮੀਟ-ਮੁਰਗਾ ਭੇਜੇ ਸਨਇਹੋ ਜਿਹੇ ਹਲਕੇ ਵਿੱਚ ਰਹਿੰਦੇ ਕਿਸੇ ਜ਼ਮੀਰ ਵਾਲੇ ਵੋਟਰ ਨੂੰ ਇੱਦਾਂ ਦੇ ਤਿੰਨਾਂ ਵਿੱਚੋਂ ਕਿਸੇ ਇੱਕ ਬਦਮਾਸ਼ ਜਾਂ ਕਾਤਲ ਨੂੰ ਵੋਟ ਲਈ ਮਜਬੂਰ ਕਿਉਂ ਕਰਨਾ ਚਾਹੀਦਾ ਹੈ? ਜੇ ਉਹ ਇਸ ਕਿਸਮ ਦੇ ਲੋਕਤੰਤਰੀ ਰੰਗ ਤੋਂ ਲਾਂਭੇ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਲਾਂਭੇ ਰਹਿਣ ਦਾ ਹੱਕ ਵੀ ਹੋਣਾ ਚਾਹੀਦਾ ਹੈ

ਜਿਹੜਾ ‘ਇੱਕ ਦੇਸ਼, ਇੱਕ ਚੋਣ’ ਦਾ ਮੁੱਦਾ ਇਸ ਹਫਤੇ ਨਰਿੰਦਰ ਮੋਦੀ ਨੇ ਚੁੱਕਿਆ ਹੈ, ਇਹ ਵੀ ਬੇਹੀ ਕੜ੍ਹੀ ਦਾ ਉਬਾਲਾ ਹੈਕਈ ਸਾਲ ਪਹਿਲਾਂ ਇਹੋ ਵਿਚਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਵਾਜਪਾਈ ਸਰਕਾਰ ਦੇ ਵਕਤ ਉਭਾਰ ਕੇ ਪੇਸ਼ ਕੀਤਾ ਸੀ, ਪਰ ਉਦੋਂ ਵਿਰੋਧ ਹੁੰਦਾ ਵੇਖ ਕੇ ਛੱਡਣਾ ਪਿਆ ਸੀਅੱਜ ਜਦੋਂ ਨਰਿੰਦਰ ਮੋਦੀ ਨੂੰ ਪਤਾ ਹੈ ਕਿ ਉਸ ਦੇ ਵਿਰੋਧ ਵਿੱਚ ਬੋਲਣ ਦੀ ਜੁਰਅਤ ਕਰਨ ਵਾਲੇ ਬਹੁਤੇ ਲੋਕ ਨਹੀਂ ਰਹਿ ਗਏ ਤਾਂ ਆਪਣੇ ਸਿਆਸੀ ਗੁਰੂ ਅਡਵਾਨੀ ਵਾਲੀ ਧਾਰਨਾ ਫਿਰ ਪੇਸ਼ ਕਰ ਦਿੱਤੀ ਹੈਇਹੋ ਧਾਰਨਾ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਵੀ ਚੁੱਕੀ ਸੀ, ਪਰ ਨਬਜ਼ ਟੋਹਣ ਪਿੱਛੋਂ ਛੱਡ ਦਿੱਤੀ ਗਈ ਸੀਇਸ ਵਾਰ ਫਿਰ ਜਿਵੇਂ ਉਛਾਲੀ ਗਈ ਹੈ, ਇਸਦੇ ਨਾਲ ਬਹਿਸ ਛਿੜ ਗਈ ਹੈਅਮਰੀਕਾ ਵੱਲ ਝੁਕਦੇ ਹੋਣ ਕਾਰਨ ਭਾਜਪਾ ਆਗੂ ਬਹੁਤ ਚਿਰਾਂ ਤੋਂ ਸਿਰਫ ‘ਇੱਕ ਦੇਸ਼, ਇੱਕ ਚੋਣ’ ਹੀ ਨਹੀਂ, ਅਮਰੀਕਾ ਵਾਂਗ ਦੇਸ਼ ਦੇ ਵੋਟਰਾਂ ਵੱਲੋਂ ਰਾਸ਼ਟਰਪਤੀ ਦੀ ਸਿੱਧੀ ਚੋਣ ਅਤੇ ਉਸ ਰਾਸ਼ਟਰਪਤੀ ਦੇ ਹੱਥ ਸਾਰੀ ਤਾਕਤ ਹੋਣ ਵਾਲਾ ਰਾਜ ਪ੍ਰਬੰਧ ਵੀ ਲਾਗੂ ਹੋਇਆ ਮੰਗਦੇ ਰਹੇ ਹਨਇਸ ਪਿੱਛੇ ਇੱਕ ਖਾਸ ਰਾਜਨੀਤੀ ਇਹ ਹੈ ਕਿ ਅੱਧ-ਪੜ੍ਹੀ ਅਤੇ ਆਪੋ-ਆਪਣੇ ਫਿਰਕੇ ਦੇ ਨਾਂਅ ਉੱਤੇ ਲੜਨ ਲਈ ਤਿਆਰ ਰਹਿੰਦੀ ਇਸ ਦੇਸ਼ ਦੀ ਜਨਤਾ ਵਿੱਚੋਂ ਬਹੁ-ਗਿਣਤੀ ਧਰਮ ਦੇ ਲੋਕਾਂ ਨੂੰ ਧਾਰਮਿਕਤਾ ਦਾ ਰੰਗ ਚਾੜ੍ਹ ਕੇ ਇੱਕੋ ਧਰਮ ਦਾ ਰਾਜ ਕਾਇਮ ਕਰਨ ਲਈ ਵਰਤਿਆ ਜਾ ਸਕਦਾ ਹੈਇਹ ਨੀਤੀ ਅਜੇ ਤਕ ਕਾਮਯਾਬ ਨਹੀਂ ਹੋਈ ਤਾਂ ਇਸਦਾ ਮਤਲਬ ਇਹ ਨਹੀਂ ਕਿ ਛੱਡ ਦਿੱਤੀ ਹੈ, ਕੁਝ ਚਿਰ ਬਾਅਦ ਇਹੋ ਮੁੱਦਾ ਫਿਰ ਉੱਠ ਸਕਦਾ ਹੈ

ਜਿੱਥੋਂ ਤਕ ‘ਇੱਕ ਦੇਸ਼, ਇੱਕ ਚੋਣ’ ਦੀ ਪ੍ਰਣਾਲੀ ਦਾ ਸਵਾਲ ਹੈ, ਉਹ ਭਾਰਤ ਵਰਗੇ ਰਾਜਾਂ ਦੀ ਰਾਜਨੀਤੀ ਅੰਦਰ ਅਸਥਿਰਤਾ ਵਾਲੇ ਮਾਹੌਲ ਵਿੱਚ ਫਿੱਟ ਨਹੀਂ ਬੈਠ ਸਕਦਾ, ਪਰ ਮੌਜੂਦਾ ਹਾਲਾਤ ਵਿੱਚ ਭਾਜਪਾ ਨੂੰ ਠੀਕ ਰਹੇਗਾ ਇੱਦਾਂ ਦੀ ਧਾਰਨਾ ਹੇਠ ਜੇ ਸਾਰੇ ਦੇਸ਼ ਵਿੱਚ ਇੱਕੋ ਵਾਰ ਚੋਣਾਂ ਹੋਣ ਤੇ ਫਿਰ ਪੰਜ ਸਾਲ ਤਕ ਕੋਈ ਚੋਣ ਨਾ ਹੋਣੀ ਹੋਵੇ ਤਾਂ ਅਗਲੀ ਸਮੱਸਿਆ ਇਹ ਹੈ ਕਿ ਕਿਸੇ ਰਾਜ ਵਿੱਚ ਕੋਈ ਪਾਰਟੀ ਪਾਟ ਗਈ ਤੇ ਕਿਸੇ ਧਿਰ ਨਾਲ ਬਹੁ-ਸੰਮਤੀ ਨਾ ਹੋਣ ਦੀ ਹਾਲਤ ਬਣ ਜਾਵੇਗੀ ਤਾਂ ਕੀ ਹੋਵੇਗਾ? ਉੱਥੇ ਕਿਸੇ ਧਿਰ ਕੋਲ ਬਹੁ-ਸੰਮਤੀ ਨਾ ਰਹੀ ਤੇ ਕੋਈ ਵੀ ਸਰਕਾਰ ਹੀ ਨਾ ਬਣ ਸਕੀ ਤਾਂ ਰਾਜ ਕੌਣ ਚਲਾਵੇਗਾ? ਸਾਫ ਹੈ ਕਿ ਉਦੋਂ ਪੰਜ ਸਾਲ ਪੂਰੇ ਹੋਣ ਤਕ ਨਵੀਂ ਚੋਣ ਕਰਵਾਉਣ ਦੀ ਕੋਈ ਵਿਚਾਰ ਨਹੀਂ ਕੀਤੀ ਜਾਵੇਗੀ, ਸਗੋਂ ਕੇਂਦਰ ਸਰਕਾਰ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰੇਗੀ ਅਤੇ ਕਿਸੇ ਹਾਰੇ ਹੋਏ ਆਗੂ ਨੂੰ ਗਵਰਨਰ ਲਾ ਕੇ ਉਸ ਦੇ ਰਾਹੀਂ ਆਪਣੀ ਬਹੁ-ਸੰਮਤੀ ਦੇ ਬਗੈਰ ਵੀ ਦਿੱਲੀ ਵਿੱਚੋਂ ਉਸ ਰਾਜ ਦੀ ਸਰਕਾਰ ਚਲਾਵੇਗੀ

ਦੂਸਰੀ ਸਮੱਸਿਆ ਇਹ ਹੈ ਕਿ ਫਰਜ਼ ਕਰੋ ਕਿ ਕੇਂਦਰ ਦੀ ਸਰਕਾਰ ਕਿਸੇ ਉਲਝਣ ਵਿੱਚ ਫਸ ਕੇ ਟੁੱਟ ਜਾਂਦੀ ਤੇ ਪਾਰਲੀਮੈਂਟ ਚੋਣ ਕਰਵਾਉਣੀ ਪੈ ਜਾਂਦੀ ਹੈਇਹ ਸਮੱਸਿਆ ਕੇਂਦਰ ਸਰਕਾਰ ਦੀ ਹੋਵੇਗੀ, ਪਰ ‘ਇੱਕ ਦੇਸ਼, ਇੱਕ ਚੋਣ’ ਦਾ ਫਾਰਮੂਲਾ ਹੋਣ ਕਾਰਨ ਠੀਕ-ਠਾਕ ਚੱਲਦੇ ਹੋਣ ਦੇ ਬਾਵਜੂਦ ਸਾਰੀਆਂ ਵਿਧਾਨ ਸਭਾਵਾਂ ਤੋੜਨ ਤੇ ਹਰ ਰਾਜ ਦੇ ਲਈ ਨਵੀਂਆਂ ਵਿਧਾਨ ਸਭਾ ਚੋਣਾਂ ਕਰਾਉਣ ਦਾ ਕਜ਼ੀਆ ਕਰਨਾ ਪੈ ਜਾਵੇਗਾਜਿਹੜੇ ਰਾਜ ਠੀਕ ਚੱਲ ਰਹੇ ਹਨ, ਉਨ੍ਹਾਂ ਦੇ ਲੋਕਾਂ ਨੂੰ ਕੇਂਦਰ ਦੀ ਸਰਕਾਰ ਟੁੱਟਣ ਦੀ ਸਜ਼ਾ ਕਿਸ ਲਈ ਦਿੱਤੀ ਜਾਵੇਗੀ, ਪਤਾ ਨਹੀਂਸਭ ਤੋਂ ਵੱਡੀ ਗੱਲ ਤਾਂ ਇਹ ਕਿ ਅੱਜ ਇਹ ਫਾਰਮੂਲਾ ਲਾਗੂ ਕਰਨ ਦੀ ਤਜਵੀਜ਼ ਪਾਸ ਹੁੰਦੀ ਹੈ ਤਾਂ ਪੰਜਾਬ ਨੂੰ ਬਹੁਤਾ ਫਰਕ ਨਹੀਂ ਪੈਣਾ, ਇੱਥੇ ਵਿਧਾਨ ਸਭਾ ਚੋਣਾਂ ਵਿੱਚ ਉਂਜ ਵੀ ਮਸਾਂ ਸਵਾ ਸਾਲ ਬਾਕੀ ਹੈ, ਪਰ ਜਿਸ ਬਿਹਾਰ ਦੀ ਚੋਣ ਹਾਲੇ ਪੰਝੀ ਦਿਨ ਪਹਿਲਾਂ ਨਿੱਬੜੀ ਹੈ, ਉਸ ਰਾਜ ਦੀ ਵਿਧਾਨ ਸਭਾ ਵੀ ਅੱਜ ਜਾਂ ਅਗਲੇ ਸਾਲ ਜਾਂ ਵੱਧ ਤੋਂ ਵੱਧ ਅਗਲੇਰੇ ਸਾਲ ਮਿਆਦ ਹੰਢਾਉਣ ਤੋਂ ਬਿਨਾਂ ਤੋੜ ਕੇ ਫਿਰ ਪਾਰਲੀਮੈਂਟ ਦੇ ਨਾਲ ਚੋਣਾਂ ਕਰਾਈਆਂ ਜਾਣਗੀਆਂਇਹ ਉੱਥੋਂ ਦੇ ਲੋਕਾਂ ਨੂੰ ਸਜ਼ਾ ਦੇਣ ਬਰਾਬਰ ਹੋਵੇਗਾਇਹ ਸਭ ਵਿਚਾਰ ਇਸ ਵਕਤ ਬਹਿਸ ਦਾ ਮੁੱਦਾ ਬਣ ਰਹੇ ਹਨ, ਪਰ ਜਿਸ ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿਚਾਰਾਂ ਦਾ ਸ਼ੋਸ਼ਾ ਛੱਡਿਆ ਹੈ, ਅਜੋਕੀ ਬੋਲੀ ਵਿੱਚ ਇੱਕ ਨਵਾਂ ਜੁਮਲਾ ਪੇਸ਼ ਕੀਤਾ ਹੈ, ਉਸ ਨੇ ਇਸ ਉੱਤੇ ਕਾਇਮ ਰਹਿਣਾ ਹੈ ਜਾਂ ਇਸ ਬਹਿਸ ਦੌਰਾਨ ਕੋਈ ਨਵਾਂ ਜੁਮਲਾ ਲਿਆ ਪੇਸ਼ ਕਰਨਾ ਹੈ, ਇਹ ਵੀ ਦੇਸ਼ ਦੇ ਲੋਕ ਕਦੇ ਨਹੀਂ ਜਾਣ ਸਕਦੇਹਰ ਗੱਲ ਅਣਕਿਆਸੇ ਢੰਗ ਨਾਲ ਕਹਿਣ ਅਤੇ ਕਰਨ ਦੇ ਆਦੀ ਇਸ ਪ੍ਰਧਾਨ ਮੰਤਰੀ ਦਾ ਅਸਲ ਇਰਾਦਾ ਦੋ ਵਿਅਕਤੀਆਂ ਵਿਚਾਲੇ ਸਿੱਧੀਆਂ ਵੋਟਾਂ ਦੇ ਮੁਕਾਬਲੇ ਵਿੱਚ ਉੱਭਰ ਕੇ ਉਹੋ ਜਿਹਾ ਰਾਸ਼ਟਰਪਤੀ ਬਣਨ ਦਾ ਹੈ, ਜਿਹੜਾ ਪਾਰਲੀਮੈਂਟ ਦੀਆਂ ਪਾਸ ਕੀਤੀਆਂ ਤਜਵੀਜ਼ਾਂ ਨੂੰ ਰੱਦ ਕਰਨ ਅਤੇ ਮਰਜ਼ੀ ਮੁਤਾਬਕ ਦੇਸ਼ ਚਲਾਉਣ ਦੀ ਤਾਕਤ ਰੱਖਦਾ ਹੋਵੇਇਰਾਦਾ ਤਾਂ ਬਹੁਤ ਲੰਮੀ ਛਾਲ ਮਾਰਨ ਦਾ ਹੈ, ਪਰ ਕੀ ਭਾਰਤ ਦੇ ਲੋਕ ਇਸ ਲਈ ਰਾਜ਼ੀ ਹੋ ਸਕਣਗੇ, ਇਸ ਸਵਾਲ ਦਾ ਜਵਾਬ ਭਵਿੱਖ ਦੀ ਕੁੱਖ ਵਿੱਚ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2439)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author