JatinderPannu7ਸਰਕਾਰ ਵਿਚਲੇ ਕੁਝ ਲੋਕਸਿਆਸੀ ਵੀ ਤੇ ਅਫਸਰੀ ਜਮਾਤ ਵਾਲੇ ਵੀਆਪਣੇ ਹਿਤਾਂ ਦਾ ਵੱਧ ਖਿਆਲ ...
(10 ਜੁਲਾਈ 2022)
ਮਹਿਮਾਨ: 510.


ਜੁਲਾਈ ਦੇ ਦੂਸਰੇ ਹਫਤੇ ਨਾਲ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਉਮਰ ਦੇ ਪਹਿਲੇ ਚਾਰ ਮਹੀਨੇ ਨਹੀਂ
, ਆਪਣੀ ਪੰਜ ਸਾਲਾ ਮਿਆਦ ਦਾ ਪੰਦਰਵਾਂ ਹਿੱਸਾ ਗੁਜ਼ਾਰ ਚੁੱਕੀ ਹੈਇਸ ਦੌਰਾਨ ਕੁਝ ਚੰਗਾ ਵੀ ਇਸ ਨੇ ਕੀਤਾ ਸੁਣਿਆ ਜਾਂਦਾ ਰਿਹਾ, ਕੁਝ ਗੱਲਾਂ ਵਿੱਚ ਇਸਦੀ ਨੁਕਤਾਚੀਨੀ ਵੀ ਹੁੰਦੀ ਰਹੀ ਅਤੇ ਹਾਲੇ ਤਕ ਹੁੰਦੀ ਹੈ, ਜਿਹੜੀ ਸਮੇਂ ਦੇ ਨਾਲ-ਨਾਲ ਵਧਦੀ ਜਾਣੀ ਹੈਵਿਰੋਧੀ ਧਿਰਾਂ ਨੂੰ ਨੁਕਤਾਚੀਨੀ ਕਰਨ ਦਾ ਹੱਕ ਵੀ ਹੈ ਤੇ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੈ ਕਿ ਸਮੇਂ ਦੀ ਸਰਕਾਰ ਨੂੰ ਚੋਭਾਂ ਲਾਉਂਦੇ ਰਹਿਣ, ਤਾਂ ਜੁ ਇੱਕ ਪਾਸੇ ਆਮ ਲੋਕਾਂ ਵਿੱਚ ਸਰਕਾਰ ਮਾੜੀ ਕਹਿ ਕੇ ਆਪਣੇ ਲਈ ਆਧਾਰ ਬਣਾ ਸਕਣ ਤੇ ਇਸ ਤੋਂ ਬਿਨਾਂ ਲੋਕਤੰਤਰ ਵਿੱਚ ਰਾਜ ਕਰਦੀ ਧਿਰ ਨੂੰ ਸੁਚੇਤ ਕਰਨਾ ਵੀ ਵਿਰੋਧੀ ਧਿਰ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ, ਵਰਨਾ ਹਾਕਮ ਧਿਰ ਬੇਲਗਾਮ ਹੋ ਸਕਦੀ ਹੈਇਸ ਗੱਲੋਂ ਤਸੱਲੀ ਕੀਤੀ ਜਾ ਸਕਦੀ ਹੈ ਕਿ ਜੇ ਸਰਕਾਰ ਕਹਿੰਦੀ ਹੈ ਕਿ ਉਹ ਕੰਮ ਕਰ ਰਹੀ ਹੈ ਤਾਂ ਵਿਰੋਧੀ ਧਿਰ ਵੀ ਸੁੱਤੀ ਹੋਈ ਨਹੀਂ

ਜਿੱਥੋਂ ਤਕ ਨਵੀਂ ਬਣੀ ਸਰਕਾਰ ਦੀਆਂ ਚੁਣੌਤੀਆਂ ਦਾ ਸੰਬੰਧ ਹੈ, ਅਸੀਂ ਇਸ ਵਹਿਮ ਵਿੱਚ ਨਹੀਂ ਕਿ ਇਹ ਸਭ ਕੁਝ ਕਰ ਵਿਖਾਵੇਗੀ। ਕਈ ਮੁੱਦੇ ਇਹੋ ਜਿਹੇ ਹੋਇਆ ਕਰਦੇ ਹਨ, ਜਿਨ੍ਹਾਂ ਦਾ ਹੱਲ ਰਾਜ ਸਰਕਾਰ ਚਲਾਉਣ ਵਾਲੀ ਧਿਰ ਦੇ ਵੱਸ ਵਿੱਚ ਨਹੀਂ ਹੁੰਦੇ, ਪਰ ਕੁਝ ਮੁੱਦੇ ਉਹ ਹੱਲ ਕਰ ਸਕਦੀ ਹੈਸਰਕਾਰ ਦਾ ਦਾਅਵਾ ਹੈ ਕਿ ਉਹ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਕਰ ਦੇਵੇਗੀ, ਇਸ ਬਾਰੇ ਗੱਲ ਅਸੀਂ ਬਾਅਦ ਵਿੱਚ ਕਰ ਸਕਦੇ ਹਾਂ, ਪਹਿਲਾਂ ਹਾਕਮ ਧਿਰ ਦੇ ਇਸ ਦਾਅਵੇ ਦੀ ਗੱਲ ਕਰਨੀ ਬਣਦੀ ਹੈ ਕਿ ਉਹ ਇਸ ਰਾਜ ਵਿੱਚ ਗੈਂਗਾਂ ਅਤੇ ਗੈਂਗਸਟਰਾਂ ਨੂੰ ਨੱਥ ਪਾ ਦੇਵੇਗੀ ਅਤੇ ਅਮਨ-ਕਾਨੂੰਨ ਨੂੰ ਕੋਈ ਚੁਣੌਤੀ ਨਹੀਂ ਰਹੇਗੀਅਸੀਂ ਇਸ ਨੂੰ ਇਹੋ ਜਿਹਾ ਸੁਪਨਾ ਸਮਝਦੇ ਹਾਂ, ਜਿਸਦੇ ਸਿਰੇ ਲੱਗਣ ਦੀ ਆਸ ਸਿਰਫ ਇੱਕ ਰਾਜ ਦੀ ਸਰਕਾਰ ਨਹੀਂ ਬੰਨ੍ਹਾ ਸਕਦੀਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਉਸ ਦੇ ਬਾਅਦ ਹੁੰਦੀ ਜਾਂਚ ਦੇ ਲੰਮੇ ਖਿਲਾਰੇ ਤੋਂ ਇਸ ਦਾਅਵੇ ਦੀ ਕਚਿਆਈ ਦਾ ਪਤਾ ਲੱਗ ਸਕਦਾ ਹੈ

ਸਿੱਧੂ ਮੂਸੇਵਾਲਾ ਦਾ ਕਤਲ ਹੋਣ ਪਿੱਛੋਂ ਪੰਜਾਬ ਪੁਲਿਸ ਨੇ ਆਪਣੀ ਥਾਂ ਜਾਂਚ ਕਰਨੀ ਸ਼ੁਰੂ ਕੀਤੀ ਤੇ ਉਹ ਗਵਾਂਢੀ ਰਾਜ ਹਰਿਆਣਾ ਵਿੱਚ ਰਹਿੰਦੇ ਵੱਡੇ ਸ਼ੂਟਰ ਪ੍ਰਿਆਵਰਤ ਫੌਜੀ ਦੇ ਘਰ ਤਕ ਜਾ ਪੁੱਜੀ ਤਾਂ ਪੰਜਾਬ ਦੇ ਨਾਲ ਹਰਿਆਣਾ ਦੀ ਪੁਲਿਸ ਵੀ ਜਾਂਚ ਵਿੱਚ ਜੁੜ ਗਈਇਸ ਦੌਰਾਨ ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਦਾ ਇੱਕ ਚਾਟੜਾ ਫੜ ਲਿਆ ਅਤੇ ਉਸ ਤੋਂ ਖੁਲਾਸਾ ਹੋ ਗਿਆ ਕਿ ਐਕਟਰ ਸਲਮਾਨ ਖਾਨ ਨੂੰ ਮਾਰਨ ਦੀ ਸਾਜ਼ਿਸ਼ ਵੀ ਉਹੋ ਗੈਂਗ ਬਣਾ ਰਿਹਾ ਸੀ, ਜਿਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀਇਸ ਨਾਲ ਤੀਸਰਾ ਰਾਜ ਦਿੱਲੀ ਇਸ ਵਿੱਚ ਆ ਗਿਆਜਾਂਚ ਹੋਰ ਅੱਗੇ ਵਧੀ ਤਾਂ ਪਤਾ ਲੱਗਾ ਕਿ ਕਤਲ ਕਰਨ ਵਾਲੇ ਕੁਝ ਸ਼ੂਟਰ ਮਹਾਰਾਸ਼ਟਰ ਦੇ ਵੱਡੇ ਗੈਂਗਸਟਰ ਅਰੁਣ ਗਾਵਲੀ ਤੋਂ ਉਧਾਰੇ ਲਏ ਸਨ, ਜਿਹੜਾ ਅੱਜਕੱਲ੍ਹ ਪੁਣੇ ਦੀ ਜੇਲ੍ਹ ਵਿੱਚ ਹੈਇਸ ਖੁਲਾਸੇ ਨਾਲ ਚੌਥੇ ਰਾਜ ਮਹਾਰਾਸ਼ਟਰ ਦੀ ਪੁਲਿਸ ਇਸ ਵਿੱਚ ਆ ਗਈਪੰਜਾਬ ਤੋਂ ਭੱਜਿਆ ਕਾਤਲਾਂ ਦਾ ਇੱਕ ਸਾਥੀ ਉੱਤਰਾਖੰਡ ਤੋਂ ਫੜੇ ਜਾਣ ਨਾਲ ਉਸ ਪੰਜਵੇਂ ਰਾਜ ਦੀ ਪੁਲਿਸ ਵੀ ਸ਼ਾਮਲ ਹੋ ਗਈ ਅਤੇ ਫਿਰ ਇੱਕ ਕਾਤਲ ਰਾਜਸਥਾਨ, ਇੱਕ ਉੱਤਰ ਪ੍ਰਦੇਸ਼ ਅਤੇ ਉਨ੍ਹਾਂ ਨੂੰ ਮੋਬਾਇਲ ਦੇ ਸਿੰਮ ਦੇਣ ਵਾਲਾ ਬੰਦਾ ਗੁਜਰਾਤ ਦਾ ਹੋਣ ਕਾਰਨ ਓਥੋਂ ਦੀ ਪੁਲਿਸ ਮਿਲਾ ਕੇ ਅੱਠ ਰਾਜਾਂ ਦੀ ਪੁਲਿਸ ਇਸ ਕਤਲ ਕੇਸ ਦੀ ਜਾਂਚ ਵਿੱਚ ਸ਼ਾਮਲ ਹੋ ਗਈਆਂਅੱਗੋਂ ਇਹ ਕੇਸ ਜਿਸ ਵੱਡੇ ਖਿਲਾਰੇ ਦਾ ਅੰਸ਼ ਦਿਖਾਈ ਦੇ ਰਿਹਾ ਹੈ, ਭਾਰਤ ਦੇ ਕਿੰਨੇ ਹੋਰ ਰਾਜਾਂ ਵਾਲੀ ਪੁਲਿਸ ਇਸ ਵਿੱਚ ਸ਼ਾਮਲ ਹੋ ਸਕਦੀ ਹੈ, ਅੱਜ ਦੀ ਘੜੀ ਇਹ ਕਹਿਣਾ ਕਿਸੇ ਲਈ ਵੀ ਔਖਾ ਹੈ

ਸਾਨੂੰ ਇੱਕ ਤੇਈ ਸਾਲ ਪੁਰਾਣੀ ਘਟਨਾ ਯਾਦ ਹੈਪੰਜਾਬ ਦੇ ਕੁਝ ਮੁੰਡਿਆਂ ਨੇ ਹਰਿਆਣੇ ਦੇ ਇੱਕ ਕਾਰੋਬਾਰੀ ਨੂੰ ਚੰਡੀਗੜ੍ਹ ਤੋਂ ਅਗਵਾ ਕੀਤਾ ਸੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਰੱਖਿਆ ਸੀਇਸ ਤਰ੍ਹਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਚਾਰ ਰਾਜ ਬਣ ਗਏਉਸ ਦੀ ਫਿਰੌਤੀ ਲਈ ਗੱਲਬਾਤ ਮੁੰਬਈ ਵਿੱਚ ਹੋਈ, ਪੈਸਿਆਂ ਦਾ ਭੁਗਤਾਨ ਬੰਗਲੌਰ ਵਿੱਚ ਹੋਇਆ ਅਤੇ ਬੰਦਾ ਪਟਨੇ ਵਿੱਚ ਛੱਡੇ ਜਾਣ ਨਾਲ ਮਹਾਰਾਸ਼ਟਰ, ਕਰਨਾਟਕ ਅਤੇ ਬਿਹਾਰ ਦੇ ਤਿੰਨ ਹੋਰ ਰਾਜ ਇਸ ਕੇਸ ਵਿੱਚ ਉਲਝ ਗਏਸੱਤ ਰਾਜਾਂ ਵਿੱਚ ਇਸ ਘਟਨਾ ਦੀ ਪੈੜ ਜਾਂਦੀ ਸੀ ਤੇ ਪਰਚਾ ਕਿਸੇ ਇੱਕ ਰਾਜ ਵਿੱਚ ਵੀ ਦਰਜ ਨਹੀਂ ਸੀ ਹੋਇਆ, ਕਿਉਂਕਿ ਹਰ ਥਾਂ ਦੀ ਪੁਲਿਸ ਦੂਸਰਿਆਂ ਨੂੰ ਕੇਸ ਦਰਜ ਕਰਨ ਨੂੰ ਕਹਿੰਦੀ ਸੀ ਤਾਂ ਕਿ ਉਸ ਦੇ ਆਪਣੇ ਰਾਜ ਦੇ ਜੁਰਮਾਂ ਦੇ ਰਿਕਾਰਡ ਦਾ ਵਾਧਾ ਨਾ ਗਿਣਿਆ ਜਾਵੇਓਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਰਾਜ ਸੀ, ਹਰਿਅਣੇ ਵਿੱਚ ਇਨੈਲੋ ਪਾਰਟੀ ਦਾ ਤੇ ਜਿਸ ਚੰਡੀਗੜ੍ਹ ਤੋਂ ਬੰਦਾ ਅਗਵਾ ਹੋਇਆ, ਉਹ ਕੇਂਦਰ ਦੀ ਸਰਕਾਰ ਵਾਜਪਾਈ ਸਾਹਿਬ ਦੇ ਕੰਟਰੋਲ ਵਿੱਚ ਸੀਜਿੱਥੇ ਹਿਮਾਚਲ ਪ੍ਰਦੇਸ਼ ਵਿੱਚ ਬੰਦਾ ਰੱਖਿਆ ਸੀ, ਓਥੇ ਭਾਜਪਾ ਦੀ ਸਰਕਾਰ ਸੀ ਤੇ ਜਿਸ ਮੁੰਬਈ ਵਿੱਚ ਸੌਦਾ ਮਾਰਿਆ, ਓਥੇ ਕਾਂਗਰਸ ਰਾਜ ਕਰਦੀ ਸੀ, ਪੈਸੇ ਦੇ ਭੁਗਤਾਨ ਵਾਲੇ ਕਰਨਾਟਕ ਵਿੱਚ ਵੀ ਕਾਂਗਰਸ ਦਾ ਰਾਜ ਸੀ ਤੇ ਜਿੱਥੇ ਬੰਦਾ ਛੱਡਿਆ ਗਿਆ ਸੀ, ਉਸ ਪਟਨੇ ਵਿੱਚ ਲਾਲੂ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਰਾਜ ਕਰਦੀ ਸੀਸਾਰੇ ਰੰਗਾਂ ਵਾਲੀਆਂ ਪਾਰਟੀਆਂ ਨੇ ਆਪੋ-ਆਪਣੇ ਰਾਜ ਵਿੱਚ ਕੇਸ ਨਹੀਂ ਸੀ ਦਰਜ ਹੋਣ ਦਿੱਤਾ

ਅੱਜ ਜਦੋਂ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਕੇਸ ਦੀਆਂ ਤੰਦਾਂ ਇੱਕੋ ਵੇਲੇ ਅੱਠ ਰਾਜਾਂ ਤਕ ਜਾ ਜੁੜੀਆਂ ਹਨ ਤੇ ਅਜੇ ਹੋਰ ਪਤਾ ਨਹੀਂ ਕਿੰਨੇ ਰਾਜਾਂ ਤਕ ਚਲੇ ਜਾਣਗੀਆਂ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਦਾਅਵੇ ਕਰਨੇ ਹੋਰ ਗੱਲ ਹੈ ਤੇ ਗੈਂਗਾਂ ਜਾਂ ਗੈਂਗਸਟਰਾਂ ਨੂੰ ਖੂੰਜੇ ਲਾਉਣਾ ਹੋਰ ਗੱਲਭਾਰਤ ਵਿੱਚ ਇੰਟਰ-ਸਟੇਟ ਗੈਂਗ ਇਸ ਹੱਦ ਤਕ ਫੈਲ ਚੁੱਕੇ ਹਨ ਤੇ ਇੱਦਾਂ ਆਪਸੀ ਤਾਲਮੇਲ ਨਾਲ ਚੱਲਦੇ ਹਨ ਕਿ ਉਨ੍ਹਾਂ ਨੂੰ ਨੱਥ ਪਾਉਣ ਲਈ ਵੀ ਉਸੇ ਤਾਲਮੇਲ ਦੀ ਲੋੜ ਹੈਸਮੁੱਚੇ ਦੇਸ਼ ਵਿੱਚ ਜਿਹੋ ਜਿਹਾ ਮਾਹੌਲ ਹੈ, ਇੱਕ ਰਾਜ ਦੀ ਸਰਕਾਰ ਦੂਸਰੇ ਰਾਜ ਨਾਲ ਅਤੇ ਇਸ ਤੋਂ ਅੱਗੇ ਕੇਂਦਰੀ ਸਰਕਾਰ ਦੇ ਨਾਲ ਬਹੁਤੇ ਰਾਜਾਂ ਦਾ ਤਾਲਮੇਲ ਠੀਕ ਨਹੀਂਇਸ ਲਈ ਇਸ ਸਾਂਝੀ ਕਾਰਵਾਈ ਦੀ ਬਹੁਤੀ ਆਸ ਨਹੀਂ ਰਹਿੰਦੀ

ਬਾਕੀ ਰਹਿ ਗਈ ਗੱਲ ਭ੍ਰਿਸ਼ਟਾਚਾਰ ਖਤਮ ਕਰਨ ਦੀ, ਪੰਜਾਬ ਸਰਕਾਰ ਦਾ ਮੁਖੀ ਜੋ ਵੀ ਕਹੀ ਜਾਵੇ, ਪੰਜਾਬ ਦੇ ਲੋਕ ਇਸ ਬਾਰੇ ਕਈ ਪੱਖ ਵੇਖਦੇ ਅਤੇ ਸੋਚਦੇ ਹਨਪਿਛਲੇ ਦਿਨਾਂ ਵਿੱਚ ਕੁਝ ਵੱਡੇ ਅਫਸਰਾਂ ਦੀਆਂ ਨਿਯੁਕਤੀਆਂ ਨਾਲ ਲੋਕਾਂ ਨੂੰ ਸਰਕਾਰ ਬਾਰੇ ਗੱਲਾਂ ਕਰਨ ਦਾ ਮੌਕਾ ਮਿਲਿਆ ਹੈਅੱਗੋਂ ਸੰਭਲ ਕੇ ਚੱਲਣ ਦੀ ਲੋੜ ਪਵੇਗੀਆਮ ਲੋਕਾਂ ਵਿੱਚ ਇਸ ਸਰਕਾਰ ਬਾਰੇ ਸੰਗਰੂਰ ਲੋਕ ਸਭਾ ਉਪ ਚੋਣ ਦੀ ਹਾਰ ਹੋਣ ਦੇ ਬਾਵਜੂਦ ਹਾਲ ਦੀ ਘੜੀ ਵਿਰੋਧ ਦੀ ਭਾਵਨਾ ਓਨੀ ਨਹੀਂ, ਜਿੰਨੀ ਹੋਣ ਦਾ ਰੌਲਾ ਪੈਂਦਾ ਸੀ, ਪਰ ਅਗਲੇ ਦਿਨੀਂ ਜੇ ਸਰਕਾਰ ਸੰਭਲ ਕੇ ਨਾ ਚੱਲੀ ਤਾਂ ਇਹ ਭਾਵਨਾ ਵਧਣ ਲੱਗ ਸਕਦੀ ਹੈਅਗਲੀਆਂ ਲੋਕ ਸਭਾ ਚੋਣਾਂ ਵਿੱਚ ਦੋ ਸਾਲਾਂ ਤੋਂ ਘੱਟ ਦਾ ਸਮਾਂ ਬਾਕੀ ਹੈ ਤੇ ਪੰਜਾਬ ਦਾ ਤਜਰਬਾ ਇਹ ਹੈ ਕਿ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਅਤੇ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਬਣਨ ਦੇ ਦੋ ਸਾਲ ਬਾਅਦ ਦੋਵਾਂ ਧਿਰਾਂ ਨੂੰ ਤੇਰਾਂ ਵਿੱਚੋਂ ਗਿਆਰਾਂ ਸੀਟਾਂ ਉੱਤੇ ਹਾਰ ਵਾਲਾ ਵੱਡਾ ਝਟਕਾ ਲੱਗ ਗਿਆ ਸੀਜਿਹੜੇ ਆਮ ਲੋਕਾਂ ਨੇ ਉਨ੍ਹਾਂ ਦੋਵਾਂ ਸਰਕਾਰਾਂ ਨੂੰ ਚਲਾਉਣ ਵਾਲੀਆਂ ਧੜਵੈਲ ਧਿਰਾਂ ਨੂੰ ਝਟਕਾ ਦਿੱਤਾ ਸੀ, ਉਨ੍ਹਾਂ ਦਾ ਚੇਤਾ ਰੱਖ ਕੇ ਸਰਕਾਰ ਨਾ ਚਲਾਈ ਗਈ ਤਾਂ ਉਹ ਇਹ ਤਜਰਬਾ ਦੁਹਰਾ ਵੀ ਸਕਦੇ ਹਨਸਰਕਾਰ ਵਿਚਲੇ ਕੁਝ ਲੋਕ, ਸਿਆਸੀ ਵੀ ਤੇ ਅਫਸਰੀ ਜਮਾਤ ਵਾਲੇ ਵੀ, ਆਪਣੇ ਹਿਤਾਂ ਦਾ ਵੱਧ ਖਿਆਲ ਰੱਖਦੇ ਹਨ ਤੇ ਮੁੱਖ ਮੰਤਰੀ ਜਾਂ ਸਰਕਾਰ ਦੇ ਅਕਸ ਬਾਰੇ ਘੱਟ ਫਿਕਰਮੰਦ ਸੁਣੀਂਦੇ ਹਨਲੜਦੀ ਫੌਜ ’ਤੇ ਨਾਂਅ ਸਰਦਾਰ ਦਾ ਵੱਜਦਾ ਹੁੰਦਾ ਹੈ, ਪਰ ਜਦੋਂ ਫੌਜ ਕੋਈ ਕੁਚੱਜ ਕਰੇਗੀ ਤਾਂ ਉਸ ਦੀ ਜ਼ਿੰਮੇਵਾਰੀ ਵੀ ਫੌਜ ਦੇ ਜਰਨੈਲ ਜਾਂ ਅਜੋਕੇ ਮੁੱਖ ਮੰਤਰੀ ਦੀ ਸਮਝੀ ਜਾਣੀ ਹੈਇਹ ਗੱਲ ਅਜੋਕੇ ਮੁੱਖ ਮੰਤਰੀ ਨੂੰ ਚੇਤੇ ਰੱਖਣੀ ਪਵੇਗੀ, ਨਹੀਂ ਤਾਂ ਕੁਝ ਵੀ ਹੋ ਸਕਦਾ ਹੈ, ਕੁਝ ਵੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3678)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author