JatinderPannu7

ਭੜਕਾਊ ਪੇਸ਼ਕਾਰੀ ਦੇ ਆਦੀ ਕੌਮੀ ਮੀਡੀਏ ਨੇ ਭੀੜ ਦੇ ਵੀਡੀਓ ਵਿਖਾਏਪਰ ਆਵਾਜ਼ ਬੰਦ ਰੱਖੀਜਿਸ ਵਿੱਚ ...
(9 ਜਨਵਰੀ 2022)

 

ਘਟਨਾਵਾਂ ਨੂੰ ਪ੍ਰਸੰਗ ਨਾਲੋਂ ਤੋੜ ਕੇ ਮਰੋੜਾ ਚਾੜ੍ਹਨ ਅਤੇ ਕੁਝ ਦੇ ਕੁਝ ਅਰਥ ਕੱਢ ਸਕਣ ਦੇ ਮਾਹਰ ਭਾਜਪਾ ਆਗੂ ਨਰਿੰਦਰ ਮੋਦੀ ਨੇ ਆਪਣੀ ਜਾਨ ਲਈ ਖਤਰੇ ਦੇ ਮੁੱਦੇ ਵਾਲਾ ਤੰਬੂ ਦੇਸ਼ ਵਿੱਚ ਬਹਿਸ ਦਾ ਕੇਂਦਰ ਬਣੇ ਹੋਏ ਮੁੱਦਿਆਂ ਉੱਤੇ ਖਿਲਾਰ ਦਿੱਤਾ ਤੇ ਇੱਕ ਵਾਰੀ ਬਾਕੀ ਸਭ ਮੁੱਦੇ ਢਕ ਦਿੱਤੇ ਹਨ। ਕਿਸਾਨਾਂ ਨਾਲ ਕੀਤੇ ਵਾਅਦਿਆਂ ਦਾ ਕੀ ਬਣਿਆ, ਜਿਨ੍ਹਾਂ ਦੇ ਭਰੋਸੇ ਨਾਲ ਦਿੱਲੀ ਦੇ ਬਾਰਡਰਾਂ ਤੋਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲਦਾ ਰਿਹਾ ਧਰਨਾ ਚੁੱਕਣ ਲਈ ਮਨਾਇਆ ਸੀ, ਉਸ ਦੀ ਬਹਿਸ ਪਿੱਛੇ ਪਾਉਣ ਦਾ ਵੀ ਯਤਨ ਕੀਤਾ ਹੈ। ਬੇਰੁਜ਼ਗਾਰੀ ਦੀ ਮਾਰ ਖਾਂਦੇ ਅਤੇ ਆਏ ਦਿਨ ਖੁਦਕੁਸ਼ੀਆਂ ਕਰਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਗਾਰੰਟੀ ਦਾ ਮੁੱਦਾ ਵੀ ਪ੍ਰਧਾਨ ਮੰਤਰੀ ਦੀ ਆਪਣੀ ਸੁਰੱਖਿਆ ਦੇ ਇਸੇ ਤੰਬੂ ਓਹਲੇ ਲੁਕਾਉਣ ਦਾ ਯਤਨ ਕੀਤਾ ਗਿਆ ਹੈ। ਅਗਲੇ ਸਾਲ ਪੰਜ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ, ਉੱਥੋਂ ਦੇ ਲੋਕਾਂ ਨੂੰ ਪਿਛਲੀਆਂ ਚੋਣਾਂ ਵੇਲੇ ਕੀਤੇ ਝੂਠੇ ਵਾਅਦੇ ਚੇਤੇ ਆਉਣ ਲੱਗੇ ਸਨ, ਉਨ੍ਹਾਂ ਝੂਠੇ ਵਾਅਦਿਆਂ ਦਾ ਚੇਤਾ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੁੱਦੇ ਮੂਹਰੇ ਬੌਣਾ ਕਰਨ ਦਾ ਅੱਧ-ਪਚੱਧਾ ਕੰਮ ਹੋ ਗਿਆ ਹੈ। ਇੱਕੋ ਗੱਲ ਬਾਕੀ ਸਭ ਮੁੱਦਿਆਂ ਉੱਤੇ ਭਾਰੂ ਹੋ ਗਈ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਪੰਜਾਬ ਵਿੱਚ ਖਤਰਾ ਸੀ ਅਤੇ ਉਹ ‘ਜ਼ਿੰਦਾ ਬਚ ਕੇ ਆ ਗਿਆ’ ਹੈ।

ਸਭ ਨੂੰ ਪਤਾ ਹੈ ਕਿ ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਸੀ ਅਤੇ ਕੁਝ ਪ੍ਰਾਜੈਕਟਾਂ ਦੇ ਨੀਂਹ-ਪੱਥਰ ਆਦਿ ਰੱਖਣ ਮਗਰੋਂ ਭਾਰਤੀ ਜਨਤਾ ਪਾਰਟੀ ਦੀ ਰੈਲੀ ਵਿੱਚ ਬੋਲਣਾ ਸੀ। ਉਸ ਦਿਨ ਬਹੁਤ ਵੱਡੇ ਇਕੱਠ ਦੀ ਆਸ ਕੀਤੀ ਸੀ, ਪਰ ਇੱਕ ਤਾਂ ਮੀਂਹ ਕਾਰਨ ਅਤੇ ਦੂਸਰਾ ਕਿਸਾਨਾਂ ਦੇ ਕੁਝ ਗਰੁੱਪਾਂ ਵੱਲੋਂ ਦਿੱਤੇ ਰਾਹਾਂ ਵਿੱਚ ਵਿਰੋਧ ਦੇ ਸੱਦੇ ਕਾਰਨ ਬਹੁਤੇ ਲੋਕ ਨਹੀਂ ਸੀ ਆਏ। ਖਾਲੀ ਕੁਰਸੀਆਂ ਟੀ ਵੀ ਚੈਨਲਾਂ ਉੱਤੇ ਲੋਕ ਵੇਖ ਰਹੇ ਸਨ ਕਿ ਅਚਾਨਕ ਪਹਿਲੀ ਖਬਰ ਆਈ ਕਿ ਮੌਸਮ ਦੀ ਖਰਾਬੀ ਕਾਰਨ ਪ੍ਰਧਾਨ ਮੰਤਰੀ ਹੈਲੀਕਾਪਟਰ ਉੱਤੇ ਫਿਰੋਜ਼ਪੁਰ ਆਉਣ ਦੀ ਥਾਂ ਸੜਕ ਰਸਤੇ ਆ ਰਹੇ ਸਨ ਤੇ ਉਨ੍ਹਾਂ ਦਾ ਕਾਫਲਾ ਰਾਹ ਵਿੱਚ ਕਿਸਾਨਾਂ ਨੇ ਰੋਕ ਲਿਆ ਹੈ। ਇਸ ਪਿੱਛੋਂ ਸੁਣ ਲਿਆ ਕਿ ਪ੍ਰਧਾਨ ਮੰਤਰੀ ਪਿੱਛੇ ਮੁੜ ਗਏ ਹਨ ਤੇ ਝੱਟ ਤੀਸਰੀ ਖਬਰ ਵੀ ਆ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਠਿੰਡੇ ਹਵਾਈ ਅੱਡੇ ਉੱਤੇ ਅਫਸਰਾਂ ਨੂੰ ਕਿਹਾ ਹੈ ਕਿ ‘ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਿਓ ਕਿ ਮੈਂ ਜ਼ਿੰਦਾ ਬਠਿੰਡੇ ਤਕ ਆ ਗਿਆ ਹਾਂ।’ ਆਖਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਮਣੇ ਐਡੀ ਕਿਹੜੀ ਸਮੱਸਿਆ ਸੀ ਕਿ ਜ਼ਿੰਦਾ ਬਚ ਕੇ ਬਠਿੰਡੇ ਜਾਣਾ ਵੀ ਬਹੁਤ ਵੱਡੀ ਗੱਲ ਜਾਪਣ ਲੱਗ ਪਿਆ, ਇਹ ਸਾਡੇ ਪੱਲੇ ਨਹੀਂ ਪੈ ਸਕਿਆ। ਇਸਦੀ ਥਾਂ ਸਾਨੂੰ ਪ੍ਰਧਾਨ ਮੰਤਰੀ ਮੋਦੀ ਦਾ ‘ਜ਼ਿੰਦਾ ਬਚ ਕੇ ਆ ਗਿਆ’ ਵਾਲਾ ਬਿਆਨ ਸੈਂਤੀ ਸਾਲ ਪਹਿਲਾਂ ਦੇ ਇੱਕ ਪ੍ਰਧਾਨ ਮੰਤਰੀ ਵੱਲੋਂ ‘ਜਬ ਕੋਈ ਬੜਾ ਪੇੜ ਗਿਰਤਾ ਹੈ’ ਵਾਂਗ ਭੀੜਾਂ ਨੂੰ ਉਕਸਾਉਣ ਵਾਲਾ ਮਹਿਸੂਸ ਹੋਇਆ, ਜਿਹੜਾ ਉਸ ਨੂੰ ਨਹੀਂ ਸੀ ਦੇਣਾ ਚਾਹੀਦਾ।

ਅਸੀਂ ਸਮਝਦੇ ਹਾਂ ਕਿ ਪ੍ਰਧਾਨ ਮੰਤਰੀ ਦਾ ਰਸਤਾ ਨਹੀਂ ਸੀ ਰੋਕਿਆ ਜਾਣਾ ਚਾਹੀਦਾ, ਸਗੋਂ ਉਸ ਦੀ ਰੈਲੀ ਹੋਣ ਦੇ ਬਾਅਦ ਉਸੇ ਥਾਂ ਉਸ ਤੋਂ ਵੱਧ ਇਕੱਠ ਕਰ ਕੇ ਲੋਕਤੰਤਰੀ ਢੰਗ ਨਾਲ ਜਵਾਬ ਦਿੱਤਾ ਜਾ ਸਕਦਾ ਸੀ। ਲੋਕਤੰਤਰ ਵਿੱਚ ਤੇ ਖਾਸ ਕਰ ਕੇ ਚੋਣਾਂ ਦੀ ਪ੍ਰਕਿਰਿਆ ਦੌਰਾਨ ਹਰ ਕਿਸੇ ਨੂੰ ਆਪਣੀ ਸਰਗਰਮੀ ਕਰਨ ਦਾ ਬਰਾਬਰ ਹੱਕ ਹੁੰਦਾ ਹੈ ਅਤੇ ਇਹ ਹੀ ਹੱਕ ਦੇਸ਼ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੀ ਪਾਰਟੀ ਨੂੰ ਵੀ ਹੈ। ਲੋਕ ਉਸ ਨਾਲ ਬੀਤੇ ਸਵਾ ਸਾਲ ਦੀਆਂ ਘਟਨਾਵਾਂ ਕਾਰਨ ਨਾਰਾਜ਼ ਸਨ, ਪ੍ਰਧਾਨ ਮੰਤਰੀ ਨੂੰ ਉਹ ਜਨਤਕ ਗੁੱਸਾ ਦੂਰ ਕਰਨਾ ਚਾਹੀਦਾ ਸੀ ਤੇ ਜੇ ਉਹ ਨਾਰਾਜ਼ਗੀ ਦੂਰ ਕੀਤੇ ਬਿਨਾਂ ਚੋਣਾਂ ਲੜਨ ਤੁਰਦਾ ਤਾਂ ਲੋਕਾਂ ਨੇ ਸਬਕ ਸਿਖਾ ਦੇਣਾ ਸੀ। ਇਸਦੀ ਥਾਂ ਉਸ ਦਾ ਰਸਤਾ ਰੋਕਣ ਦਾ ਕੰਮ ਹੋਇਆ ਸੀ ਤਾਂ ਇਸ ਬਾਰੇ ਕਾਨੂੰਨੀ ਕਾਰਵਾਈ ਕਰ ਲੈਂਦੇ, ਪਰ ਇਸਦੀ ਥਾਂ ਇਸ ਘਟਨਾ ਨੂੰ ਪੰਜਾਬ ਦੇ ਖਿਲਾਫ ਸਾਰੇ ਦੇਸ਼ ਨੂੰ ਭੜਕਾਉਣ ਵਾਲਾ ਬਿਆਨ ਦੇ ਕੇ ਪ੍ਰਧਾਨ ਮੰਤਰੀ ਨੇ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਧਿਆਨ ਭਾਵੇਂ ਰੱਖ ਲਿਆ ਹੋਵੇ, ਦੇਸ਼ ਦੇ ਭਵਿੱਖ ਦਾ ਧਿਆਨ ਨਹੀਂ ਰੱਖਿਆ। ਗੱਲ ਇੱਥੇ ਵੀ ਨਹੀਂ ਰੁਕੀ ਤੇ ਉਸ ਦੀ ਪਾਰਟੀ ਅਤੇ ਉਸ ਪਿੱਛੇ ਖੜ੍ਹੀ ਸੰਘ ਪਰਿਵਾਰ ਦੀ ਧਿਰ ਦੇ ਲੋਕਾਂ ਨੇ ਥਾਂ-ਥਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਪੂਜਾ-ਪਾਠ ਅਤੇ ਹੋਰ ਪ੍ਰੋਗਰਾਮ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਨਾਲ ਇੱਕ ਖਾਸ ਧਰਮ ਦੇ ਲੋਕਾਂ ਨੂੰ ਸਰਗਰਮ ਕਰ ਕੇ ਇੱਕ ਹੋਰ ਧਰਮ ਦੇ ਲੋਕਾਂ ਵਿਰੁੱਧ ਉਕਸਾਇਆ ਜਾ ਸਕੇ। ਹਰਿਆਣੇ ਦੇ ਇੱਕ ਵਿਧਾਇਕ ਨੇ ਇੱਕ ਖਾਸ ਧਰਮ ਦੇ ਲੋਕਾਂ ਨੂੰ ਉਨ੍ਹਾਂ ਦੀ ਨਸਲ ਖਤਮ ਕਰਨ ਵਰਗੀ ਧਮਕੀ ਵੀ ਦੇ ਦਿੱਤੀ, ਜਿਹੜੀ ਚਿੰਗਾੜੀ ਵਰਗਾ ਕੰਮ ਕਰ ਸਕਦੀ ਸੀ, ਇਸਦੇ ਬਾਵਜੂਦ ਉਸ ਰਾਜ ਦੀ ਭਾਜਪਾ ਸਰਕਾਰ ਤੇ ਦੇਸ਼ ਦੀ ਸਰਕਾਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਜਿਵੇਂ ਅਸੀਂ ਇਹ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰਾਹ ਨਾ ਰੋਕਦੇ ਤਾਂ ਜ਼ਿਆਦਾ ਠੀਕ ਹੁੰਦਾ, ਉਸੇ ਤਰ੍ਹਾਂ ਸਾਡੀ ਰਾਏ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਦੇ ਸਵਾਗਤ ਕਰਨ ਨਾ ਪਹੁੰਚ ਕੇ ਜਿਹੜੀ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ, ਉਹ ਨਹੀਂ ਸੀ ਹੋਣੀ ਚਾਹੀਦੀ। ਮੁੱਖ ਮੰਤਰੀ ਆਪਣੇ ਕੁਝ ਨੇੜੂਆਂ ਦੇ ਕਰੋਨਾ ਪ੍ਰਭਾਵਤ ਹੋਣ ਕਾਰਨ ਕੋਵਿਡ ਪ੍ਰੋਟੋਕੋਲ ਦੀ ਗੱਲ ਕਰਦਾ ਰਿਹਾ, ਪਰ ਅਗਲੇ ਦਿਨ ਕੋਵਿਡ ਪ੍ਰੋਟੋਕੋਲ ਭੁਲਾ ਕੇ ਉਹ ਇੱਕੋ ਦਿਨ ਤਿੰਨ ਜਤਨਕ ਰੈਲੀਆਂ ਵਿੱਚ ਜਾ ਬੋਲਿਆ ਤੇ ਉਸ ਨੂੰ ਆਪਣੇ ਘੇਰੇ ਖੜ੍ਹੀ ਭੀੜ ਲਈ ਕੋਈ ਖਤਰਾ ਮਹਿਸੂਸ ਨਹੀਂ ਹੋਇਆ। ਇਸ ਗੱਲ ਨਾਲ ਉਹ ਸਾਫ ਗਲਤ ਸਾਬਤ ਹੁੰਦਾ ਹੈ। ਭਾਸ਼ਣ ਵਿੱਚ ਉਹ ਬਠਿੰਡੇ ਦੀ ਸਾਰੀ ਘਟਨਾ ਲਈ ਪ੍ਰਧਾਨ ਮੰਤਰੀ ਨੂੰ ਆਮ ਲੋਕਾਂ ਦੀ ਨਜ਼ਰ ਵਿੱਚ ਅਸਲੋਂ ਨਾ-ਪਸੰਦ ਵਿਅਕਤੀ ਵਜੋਂ ਪੇਸ਼ ਕਰਦਾ ਹੈ ਤੇ ਨਾਲ ਇਹ ਵੀ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਖਤਰਾ ਹੋਵੇ ਤਾਂ ਉਸ ਤੋਂ ਪਹਿਲਾਂ ਮੈਂ ਸੀਨਾ ਤਾਣ ਕੇ ਗੋਲੀ ਖਾਣ ਨੂੰ ਉਸ ਦੀ ਢਾਲ ਬਣਾਂਗਾ। ਬੜੀ ਅਜੀਬ ਜਿਹੀ ਬਿਆਨਬਾਜ਼ੀ ਹੈ ਮੁੱਖ ਮੰਤਰੀ ਦੀ ਅਤੇ ਉਸ ਦੇ ਤਿੰਨ ਕਾਂਗਰਸ ਵਿਧਾਇਕਾਂ ਨੇ ਵੀ ਇੱਦਾਂ ਦੀਆਂ ਗੱਲਾਂ ਕਹਿ ਦਿੱਤੀਆਂ ਹਨ ਕਿ ਪ੍ਰਧਾਨ ਮੰਤਰੀ ਖਾਤਰ ਮਰਨ ਨੂੰ ਤਿਆਰ ਹਨ। ਸਿਆਸਤ ਵੀ ਕਿੱਦਾਂ ਦੇ ਡਰਾਮੇ ਲੋਕਾਂ ਤੋਂ ਕਰਵਾ ਦਿੰਦੀ ਹੈ ਕਿ ਜਿਹੜਾ ਆਗੂ ਪੰਜਾਬ ਦੇ ਮੰਤਰੀ ਵਜੋਂ ਲੋਕਾਂ ਦੇ ਨਾਲ ਖੜੋਤੇ ਹੋਣ ਦੀਆਂ ਡੀਂਗਾਂ ਮਾਰ ਰਿਹਾ ਤੇ ਪ੍ਰਧਾਨ ਮੰਤਰੀ ਨੂੰ ਨਾ-ਪਸੰਦ ਵਿਅਕਤੀ ਕਹਿੰਦਾ ਹੈ, ਉਹ ਉਸੇ ਨਾ-ਪਸੰਦ ਵਿਅਕਤੀ ਲਈ ਜਾਨ ਵੀ ਦੇਣ ਨੂੰ ਤਿਆਰ ਹੈ!

ਜਿਹੜੀ ਗੱਲ ਰੌਲੇ ਵਿੱਚ ਰੁਲ ਗਈ ਅਤੇ ਜਿਸ ਨੂੰ ਭਾਰਤ ਦੇ ਕੌਮੀ ਮੀਡੀਏ ਦੇ ਇੱਕ ਹਿੱਸੇ ਨੇ ਪੰਜਾਬ ਦੇ ਖਿਲਾਫ ਭਾਰਤ ਦੇ ਮੁਕੱਦਮੇ ਦੀ ਮਿਸਲ ਵਾਂਗ ਪੇਸ਼ ਕਰਨ ਦਾ ਯਤਨ ਕੀਤਾ, ਉਹ ਪ੍ਰਧਾਨ ਮੰਤਰੀ ਦੇ ਰੁਕੇ ਹੋਏ ਕਾਫਲੇ ਨੇੜੇ ਗਈ ਤੇ ਲਲਕਾਰੇ ਮਾਰਦੀ ਭੀੜ ਦਾ ਵੀਡੀਓ ਸੀ। ਭੜਕਾਊ ਪੇਸ਼ਕਾਰੀ ਦੇ ਆਦੀ ਕੌਮੀ ਮੀਡੀਏ ਨੇ ਭੀੜ ਦੇ ਵੀਡੀਓ ਵਿਖਾਏ, ਪਰ ਆਵਾਜ਼ ਬੰਦ ਰੱਖੀ, ਜਿਸ ਵਿੱਚ ਨਾਅਰੇਬਾਜ਼ਾਂ ਦੀ ਅਗਵਾਈ ਕਰਦਾ ਹੋਇਆ ਪ੍ਰਧਾਨ ਮੰਤਰੀ ਦੀ ਕਾਰ ਨੇੜੇ ਪਹੁੰਚ ਗਿਆ ਬੰਦਾ ਉੱਚੀ ਸੁਰ ਵਿੱਚ ਕਹਿੰਦਾ ਹੈ, ‘ਸ਼੍ਰੀ ਨਰਿੰਦਰ ਮੋਦੀ’ ਅਤੇ ਹੁੰਗਾਰਾ ਮਿਲ ਰਿਹਾ ਹੈ: ‘ਜ਼ਿੰਦਾਬਾਦ ਜਿਨ੍ਹਾਂ ਨੇ ‘ਮੁਰਦਾਬਾਦ’ ਦਾ ਨਾਅਰਾ ਲਾਉਣਾ ਹੁੰਦਾ ਹੈ, ਉਹ ਅਗਲੇ ਦੇ ਨਾਂਅ ਤੋਂ ਪਹਿਲਾਂ ‘ਸ਼੍ਰੀ’ ਕਹਿਣ ਦੀ ਲੋੜ ਨਹੀਂ ਮੰਨਦੇ ਹੁੰਦੇ। ਵੀਡੀਓ ਦੀ ਆਵਾਜ਼ ਚੱਲਦੀ ਰੱਖ ਲੈਂਦੇ ਤਾਂ ਇਸਦੇ ਬਾਅਦ ਉੱਚੀ ਆਵਾਜ਼ ਵਿੱਚ ਦੂਸਰਾ ਨਾਅਰਾ ‘ਮੁਰਦਾਬਾਦ’ ਦਾ ਵੀ ਸੁਣ ਜਾਂਦਾ ਅਤੇ ਇਹ ਵੀ ਸਾਬਤ ਹੋ ਜਾਂਦਾ ਕਿ ਨੇੜੇ ਜਾ ਕੇ ਨਾਅਰਾ ਲਾਉਣ ਵਾਲੇ ‘ਜ਼ਿੰਦਾਬਾਦੀਏ’ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਭਾਜਪਾ ਦਾ ਝੰਡਾ ਫੜਿਆ ਹੋਇਆ ਸੀ। ਜਿਹੜੇ ਲੋਕ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਸੰਨ੍ਹ ਲੱਗਣ ਤੇ ਉਸ ਦੇ ਕਾਫਲੇ ਦੇ ਰੂਟ ਦੀ ਸੂਚਨਾ ਲੀਕ ਹੋਣ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਇਹ ਪੁੱਛਣ ਦੀ ਲੋੜ ਹੈ ਕਿ ਜਿਹੜੇ ਲੋਕ ਭਾਜਪਾਈ ਝੰਡੇ ਲੈ ਕੇ ਉਸ ਵੇਲੇ ਪ੍ਰਧਾਨ ਮੰਤਰੀ ਦੀ ਕਾਰ ਨੇੜੇ ਜਾ ਪਹੁੰਚੇ ਸਨ, ਉਨ੍ਹਾਂ ਕੋਲ ਸੂਚਨਾ ਕਿੱਦਾਂ ਪਹੁੰਚੀ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਇਸ ਰਾਹ ਤੋਂ ਲੰਘਣਾ ਹੈ! ਖਬਰਾਂ ਹਨ ਕਿ ਉਸ ਗਰੁੱਪ ਦੀ ਅਗਵਾਈ ਕਰਨ ਵਾਲਾ ਬੰਦਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਸੀ ਤੇ ਜੇ ਉਸ ਨੇ ਹੁਸ਼ਿਆਰਪੁਰ ਤੋਂ ਫਿਰੋਜ਼ਪੁਰ ਰੈਲੀ ਵੱਲ ਨੂੰ ਜਾਣਾ ਸੀ ਤਾਂ ਬਠਿੰਡੇ ਤੋਂ ਫਿਰੋਜ਼ਪੁਰ ਵਾਲੇ ਰਾਹ ਵੱਲ ਉਹ ਕਿਉਂ ਗਿਆ? ਪਾਰਲੀਮੈਂਟ ਦੀ ਮੈਂਬਰ ਇੱਕ ਬਹੁ-ਚਰਚਿਤ ਸਾਧਵੀ ਸਮੇਤ ਕਈ ਭਾਜਪਾ ਆਗੂਆਂ ਨਾਲ ਉਸ ਝੰਡੇ ਵਾਲੇ ਆਗੂ ਦੀਆਂ ਫੋਟੋ ਲੋਕਾਂ ਦੇ ਵਟਸਐਪ ਉੱਤੇ ਘੁੰਮ ਰਹੀਆਂ ਹਨ, ਜਿਹੜੀਆਂ ਉਸ ਦੇ ਜੋੜੀਦਾਰਾਂ ਨੇ ਸਿਰਫ ਟੌਹਰ ਬਣਾਉਣ ਲਈ ਪਹਿਲਾਂ ਦੀਆਂ ਪਾਈਆਂ ਹੋ ਸਕਦੀਆਂ ਹਨ। ਸਚਾਈ ਤਾਂ ਇਹਦੀ ਵੀ ਲੱਭਣੀ ਚਾਹੀਦੀ ਹੈ।

ਵਕਤ ਬੜਾ ਨਾਜ਼ਕ ਹੈ। ਪੰਜ ਰਾਜਾਂ ਦੀਆਂ ਚੋਣਾਂ ਹੋਣ ਕਾਰਨ ਇਹੋ ਜਿਹੇ ਸਮੇਂ ਕਿਸੇ ਘਟਨਾ ਦੀ ਜਾਂਚ ਵੀ ਸਿਰਫ ਜਾਂਚ ਨਹੀਂ ਰਹਿਣੀ, ਉਸ ਨੂੰ ਚੋਣਾਂ ਜਿੱਤਣ ਦਾ ਜੰਤਰ ਬਣਾਉਣ ਲਈ ਹਰ ਕੋਈ ਧਿਰ ਜ਼ੋਰ ਲਾਵੇਗੀ ਤੇ ਉਹ ਯਤਨ ਸ਼ੁਰੂ ਹੋ ਗਏ ਹਨ। ਜਿੱਡੀ ਜਿੱਤ ਰਾਜੀਵ ਗਾਂਧੀ ਨੇ ‘ਜਬ ਕੋਈ ਬੜਾ ਪੇੜ ਗਿਰਤਾ’ ਦੇ ਨੁਸਖੇ ਨਾਲ ਜਿੱਤੀ ਸੀ, ‘ਜ਼ਿੰਦਾ ਬਚ ਕੇ ਆ ਗਿਆ’ ਨਾਲ ਓਹੋ ਜਿਹੀ ਜਿੱਤ ਦੁਹਰਾਉਣ ਦੀ ਖੇਡ ਖੇਡਣ ਦੇ ਯਤਨ ਹੋਣ ਲੱਗ ਪਏ ਹਨ। ਰਾਜੀਵ ਗਾਂਧੀ ਦੀ ਖੇਡ ਨੇ ਭਾਰਤ ਦਾ ਭਲਾ ਨਹੀਂ ਸੀ ਕੀਤਾ, ਨੁਕਸਾਨ ਕੀਤਾ ਸੀ ਤੇ ਉਹੋ ਖੇਡ ਇਸ ਵੇਲੇ ਦੁਹਰਾਉਣ ਵਾਲੇ ਵੀ ਭਲੇ-ਬੁਰੇ ਦੇ ਚੱਕਰ ਵਿੱਚ ਪੈਣ ਵਾਲੇ ਨਹੀਂ। ਭਲਾ-ਬੁਰਾ ਵੇਖਣਾ ਦੇਸ਼ ਦੇ ਲੋਕਾਂ ਦੀ ਜ਼ਰੂਰਤ ਬਣ ਗਿਆ ਹੈ ਅਤੇ ਜ਼ਿੰਮੇਵਾਰੀ ਵੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3265)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author