JatinderPannu7ਜਿਸ ਦੇਸ਼ ਦੇ ਸਿਆਸੀ ਮੁਖੀ ਨੂੰ ਅਦਾਲਤ ਵਿੱਚ ਜਾਣ ਤੋਂ ਡਰ ਲੱਗਦਾ ਪਿਆ ਹੈਉਹ ਦੇਸ਼ ਭਲਾ ਕਿੰਨਾ ਕੁ ਚਿਰ ...
(17 ਜੁਲਾਈ 2022)
ਮਹਿਮਾਨ: 575.


ਪਿਛਲੇ ਅੱਧੀ ਕੁ ਦਰਜਨ ਸਾਲਾਂ ਤੋਂ ਅਸੀਂ ਆਪਣੇ ਗਵਾਂਢੀ ਦੇਸ਼ ਪਾਕਿਸਤਾਨ ਬਾਰੇ ਸੁਣਦੇ ਆਏ ਸਾਂ ਕਿ ਆਪਣੀ ਆਰਥਿਕਤਾ ਡੁੱਬਦੀ ਨੂੰ ਰੋਕ ਨਾ ਸਕਿਆ ਤਾਂ ਇਹ ਆਪਣੇ ਆਗੂਆਂ ਦੇ ਪਾਪੀ ਕਿਰਦਾਰ ਦੇ ਭਾਰ ਹੇਠ ਡੁੱਬਣ ਤੋਂ ਬਚ ਨਹੀਂ ਸਕੇਗਾ
ਇੱਕ ਵਾਰੀ ਇਸ ਵਿਸ਼ੇ ’ਤੇ ਇੱਕ ਆਰਥਿਕ ਮਾਹਰ ਨਾਲ ਸਾਡੀ ਗੱਲ ਹੋਈ ਤਾਂ ਉਸ ਨੇ ਭਰਵੇਂ ਭਰੋਸੇ ਨਾਲ ਕਿਹਾ ਸੀ ਕਿ ਇੱਡੀ ਛੇਤੀ ਇਹ ਨਹੀਂ ਡੁੱਬੇਗਾ, ਜਿੰਨਾ ਸਮਝਿਆ ਜਾ ਰਿਹਾ ਹੈਅਸੀਂ ਪੁੱਛਿਆ ਸੀ ਕਿ ਇੰਨੇ ਭਰੋਸੇ ਨਾਲ ਉਹ ਇਹ ਗੱਲ ਕਿਸ ਆਧਾਰ ਉੱਤੇ ਕਹਿੰਦੇ ਹਨ ਤੇ ਉਨ੍ਹਾਂ ਨੇ ਮੋੜਵਾਂ ਸਾਨੂੰ ਪੁੱਛਿਆ ਸੀ ਕਿ ਪਿਛਲੇ ਦਹਾਕੇ ਵਿੱਚ ਜਿਹੜੀ ਮੰਦੀ ਸੰਸਾਰ ਵਿੱਚ ਆਈ ਸੀ, ਭਾਰਤ ਉੱਤੇ ਉਸ ਦਾ ਓਨਾ ਅਸਰ ਕਿਉਂ ਨਾ ਹੋਇਆ ਤੇ ਜਿੰਨੇ ਬੈਂਕ ਅਮਰੀਕਾ ਵਿੱਚ ਬੰਦ ਹੋ ਗਏ ਸਨ, ਭਾਰਤ ਵਿੱਚ ਓਨੇ ਬੰਦ ਕਿਉਂ ਨਹੀਂ ਸਨ ਹੋਏ? ਸਾਡੇ ਕੋਲ ਸਵਾਲ ਦਾ ਜਵਾਬ ਨਹੀਂ ਸੀਉਸ ਨੇ ਖੁਦ ਦੱਸਿਆ ਸੀ ਕਿ ਇਸਦਾ ਕਾਰਨ ਭਾਰਤ ਦੀ ਦਿਸਦੀ ਤੋਂ ਵੱਧ ਅੰਡਰ-ਗਰਾਊਂਡ ਆਰਥਿਕਤਾ ਹੈਅਮਰੀਕਾ ਦੀ ਆਰਥਿਕਤਾ ਵਿੱਚ ਕਿਸੇ ਡੁੱਬਦੇ ਗ੍ਰਾਹਕ ਤੋਂ ਬੈਂਕ ਨੇ ਵਸੂਲੀ ਕਰਨੀ ਹੋਵੇ ਤਾਂ ਮਾਰਕੀਟ ਰੇਟ ਦੇ ਮੁਤਾਬਕ ਕਰਜ਼ਾ ਦਿੱਤਾ ਹੋਣ ਕਾਰਨ ਓਨਾ ਕੁ ਵੀ ਮਸਾਂ ਉਗਰਾਹਿਆ ਜਾਂਦਾ ਹੈ, ਮਾਰਕੀਟ ਡਿਗਣ ਕਾਰਨ ਕਸਟਮਰ ਦੀ ਜਾਇਦਾਦ ਦਾ ਮੁੱਲ ਵੀ ਦੇਣਦਾਰੀ ਤੋਂ ਘੱਟ ਬਣਦਾ ਹੈ ਤਾਂ ਬੈਂਕ ਦੇ ਪੈਸੇ ਪੂਰੇ ਨਹੀਂ ਹੁੰਦੇ, ਪਰ ਭਾਰਤ ਵਿੱਚ ਕਾਗਜ਼ੀ ਰੇਟ ਵੇਖ ਕੇ ਕਰਜ਼ਾ ਦਿੱਤਾ ਜਾਂਦਾ ਹੈ ਤੇ ਮਾਰਕੀਟ ਰੇਟ ਵੱਧ ਹੋਣ ਕਰ ਕੇ ਘਾਟਾ ਕਦੇ ਨਹੀਂ ਪੈਂਦਾਬੈਂਕ ਉਹ ਜਾਇਦਾਦ ਜ਼ਬਤ ਕਰ ਕੇ ਵੇਚ ਦੇਵੇ ਤਾਂ ਵੱਧ ਮਾਰਕੀਟ ਰੇਟ ਕਾਰਨ ਉਸ ਦੇ ਪੈਸੇ ਪੂਰੇ ਹੋਣ ਪਿੱਛੋਂ ਸਗੋਂ ਹੋਰ ਮੁਨਾਫਾ ਹੁੰਦਾ ਹੈ, ਜਿਹੜਾ ਅਮਰੀਕਾ ਦੇ ਬੈਂਕਾਂ ਨੂੰ ਨਹੀਂ ਹੋ ਸਕਦਾਪਿਛਲੇ ਹਫਤੇ ਉਹੋ ਮਾਹਰ ਖੁਦ ਮਿਲਣ ਆਇਆ ਤੇ ਕਹਿਣ ਲੱਗਾ ਕਿ ਉਹ ਦਿਨ ਪਿੱਛੇ ਰਹਿ ਗਏ, ਸ੍ਰੀਲੰਕਾ ਨੇ ਦੁਨੀਆ ਨੂੰ ਵਿਖਾ ਦਿੱਤਾ ਹੈ ਕਿ ਪਾਕਿਸਤਾਨ ਵੀ ਆਪਣੇ ਪੈਰਾਂ ਤੋਂ ਉੱਖੜ ਸਕਦਾ ਹੈ ਤੇ ਭਵਿੱਖ ਵਿੱਚ ਇੱਦਾਂ ਦਾ ਝਟਕਾ ਕਿਸੇ ਵੀ ਉਸ ਦੇਸ਼ ਨੂੰ ਲੱਗ ਸਕਦਾ ਹੈ, ਜਿੱਥੇ ਲੀਡਰਸ਼ਿੱਪ ਸਿਰੇ ਦੀ ਕੁਰੱਪਟ ਹੁੰਦੀ ਹੈ

ਜਦੋਂ ਪਿਛਲੇ ਸਾਲਾਂ ਵਿੱਚ ਪਾਕਿਸਤਾਨ ਦੀਆਂ ਗੱਲਾਂ ਚੱਲਿਆ ਕਰਦੀਆਂ ਸਨ ਕਿ ਉਹ ਵੀ ਅਫਗਾਨਿਸਤਾਨ ਵਾਲੇ ਰਾਹ ਪੈ ਸਕਦਾ ਹੈ, ਤਾਮਿਲਾਂ ਨਾਲ ਗ੍ਰਹਿ ਯੁੱਧ ਵਾਲੀ ਸਥਿਤੀ ਤੋਂ ਨਿਕਲ ਚੁੱਕੇ ਸ੍ਰੀਲੰਕਾ ਬਾਰੇ ਓਦੋਂ ਕਦੀ ਇੱਦਾਂ ਦੀ ਗੱਲ ਨਹੀਂ ਸੀ ਸੁਣੀ ਗਈਭਾਵੇਂ ਇਹ ਕਿਹਾ ਜਾਂਦਾ ਸੀ ਕਿ ਆਰਥਿਕ ਪੱਖੋਂ ਸ੍ਰੀਲੰਕਾ ਦੀ ਹਾਲਤ ਖਰਾਬ ਹੋ ਰਹੀ ਹੈ, ਪਰ ਭੁੱਖ ਦੇ ਮਾਰੇ ਲੋਕ ਇੱਕ ਦਿਨ ਪ੍ਰਧਾਨ ਮੰਤਰੀ ਦਾ ਘਰ ਸਾੜਨ ਅਤੇ ਰਾਸ਼ਟਰਪਤੀ ਭਵਨ ਦੇ ਅੰਦਰ ਵੜ ਕੇ ਉਸ ਨੂੰ ਪਿਛਲੇ ਦਰਵਾਜ਼ਿਉਂ ਭੱਜਣ ਲਈ ਮਜਬੂਰ ਕਰ ਦੇਣਗੇ, ਇਹ ਕਿਸੇ ਨੇ ਨਹੀਂ ਸੀ ਕਿਹਾਇਸ ਅਣਕਿਆਸੀ ਭਾਜੜ ਦਾ ਗਵਾਹ ਪਿਛਲਾ ਹਫਤਾ ਬਣਿਆ ਹੈ, ਜਿਸ ਵਿੱਚ ਆਮ ਲੋਕ ਬਾਜ਼ਾਰਾਂ ਵਿੱਚ ਫਿਰਦੇ ਅਤੇ ਲੀਡਰ ਲੁਕਣ ਦੇ ਅੱਡੇ ਭਾਲਦੇ ਨਜ਼ਰ ਆਏ ਸਨਗੱਦੀ ਛੱਡ ਕੇ ਭੱਜਣ ਵਾਲਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੋਵੇਂ ਇੱਕੋ ਮਾਂ ਦੇ ਜਾਏ ਪੁੱਤਰ ਸਕੇ ਭਰਾ ਸਨ ਅਤੇ ਦੋਵਾਂ ਨੂੰ ਲੋਕ ਆਪਣੇ ਦੇਸ਼ ਦੀ ਆਰਥਿਕਤਾ ਨੂੰ ਲੱਗੀ ਸਿਉਂਕ ਸਮਝ ਕੇ ਇੱਕਦਮ ਘੇਰਨ ਨਿਕਲ ਪਏ ਸਨਇਹ ਉਹੋ ਦੋਵੇਂ ਭਰਾ ਸਨ, ਜਿਨ੍ਹਾਂ ਨੂੰ ਪਿਛਲੇ ਪੰਦਰਾਂ-ਵੀਹ ਸਾਲਾਂ ਵਿੱਚ ਸੱਤਾ ਦੇ ਸਿਖਰ ਵੱਲ ਵਧਣ ਵੇਲੇ ਲੋਕਾਂ ਦੀ ਵੱਡੀ ਬੇਮਿਸਾਲ ਹਿਮਾਇਤ ਮਿਲਦੀ ਰਹੀ ਸੀ ਅਤੇ ਉਹ ਭੁੱਲ ਗਏ ਸਨ ਕਿ ਜਿਹੜੇ ਲੋਕ ਉਨ੍ਹਾਂ ਦੇ ਪਿੱਛੇ ਆ ਰਹੇ ਹਨ, ਕਿਸੇ ਦਿਨ ਇਹੋ ਲੋਕ ਉਨ੍ਹਾਂ ਦਾ ਪਿੱਛਾ ਕਰਨ ਵੀ ਤੁਰ ਸਕਦੇ ਹਨਇੱਕੋ ਪਰਿਵਾਰ ਵਿੱਚੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਗਿਆਰਾਂ ਜਣੇ ਹੋਰ ਵੱਡੀਆਂ ਕੁਰਸੀਆਂ ਉੱਤੇ ਬੈਠ ਕੇ ਹਕੂਮਤ ਕਰਨ ਲੱਗੇ ਤਾਂ ਕੋਈ ਉਨ੍ਹਾਂ ਵੱਲ ਸਿਰ ਚੁੱਕ ਕੇ ਵੇਖਣ ਵਾਲਾ ਨਾ ਹੋਣ ਕਾਰਨ ਸਿਰੇ ਦਾ ਭ੍ਰਿਸ਼ਟਾਚਾਰ ਕਰਦਿਆਂ ਮੁਲਕ ਦੀ ਆਰਥਿਕਤਾ ਤੇ ਸੰਵਿਧਾਨ ਦੇ ਜੜ੍ਹੀਂ ਤੇਲ ਦੇਣ ਲੱਗ ਗਏ ਸਨਅੱਜ ਉਹ ਆਪਣੀ ਜਾਨ ਦੀ ਸਲਾਮਤੀ ਦੇ ਹੀਲੇ ਕਰਦੇ ਫਿਰਦੇ ਹਨ

ਪਾਕਿਸਤਾਨ ਵਿੱਚ ਕੀ ਹੋਇਆ ਸੀ ਤੇ ਕੀ ਹੋ ਰਿਹਾ ਹੈ? ਖਾਨਦਾਨੀ ਰਾਜਨੀਤੀ ਦੀ ਪ੍ਰਤੀਕ ਬੀਬੀ ਬੇਨਜ਼ੀਰ ਭੁੱਟੋ ਜਦੋਂ ਪ੍ਰਧਾਨ ਮੰਤਰੀ ਬਣੀ ਤਾਂ ਬਿਨਾ ਕਿਸੇ ਸਰਕਾਰੀ ਅਹੁਦੇ ਤੋਂ ਉਸ ਦਾ ਪਤੀ ਆਸਿਫ ਅਲੀ ਜ਼ਰਦਾਰੀ ਹਰ ਫਾਈਲ ਨੂੰ ਖੁਦ ਵੇਖਣ ਲੱਗਾ ਅਤੇ ਕਮਿਸ਼ਨ ਖਰਾ ਕਰਨ ਲੱਗ ਪਿਆ ਸੀਉਸ ਦੀ ਹਿੱਸਾ-ਪੱਤੀ ਦੇ ਰੇਟ ਮੁਤਾਬਕ ਉਸ ਦਾ ਨਾਂਅ ਲੋਕਾਂ ਨੇ ‘ਮਿਸਟਰ ਟੈੱਨ ਪਰਸੈਂਟ’ ਰੱਖ ਦਿੱਤਾ ਸੀ ਤੇ ਵਿਰੋਧੀ ਧਿਰ ਦੇ ਆਗੂ ਨਵਾਜ਼ ਸ਼ਰੀਫ ਹੁਰੀਂ ਉਸ ਨੂੰ ਭੰਡਦੇ ਹੁੰਦੇ ਸਨ, ਪਰ ਖੁਦ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣਿਆ ਤਾਂ ਇਹ ਖੇਡ ਰੁਕਣ ਦੀ ਥਾਂ ਹੋਰ ਅੱਗੇ ਵਧ ਗਈਆਪਣੇ ਭਰਾ ਨੂੰ ਉਸ ਨੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਤੇ ਆਪਣੀ ਧੀ ਦੇ ਕਹਿਣ ਉੱਤੇ ਕਈ ਇਹੋ ਜਿਹੇ ਲੋਕ ਅੱਗੇ ਲਿਆਂਦੇ ਸਨ, ਜਿਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਵੱਡੇ ਕਿੱਸਿਆਂ ਨੇ ਖੁਦ ਨਵਾਜ਼ ਸ਼ਰੀਫ, ਉਸ ਦੇ ਮੁੱਖ ਮੰਤਰੀ ਬਣੇ ਭਰਾ ਸ਼ਾਹਬਾਜ਼ ਸ਼ਰੀਫ, ਧੀ ਤੇ ਜਵਾਈ ਤਕ ਨੂੰ ਜੇਲ੍ਹ ਦੀ ਸੈਰ ਕਰਵਾ ਦਿੱਤੀ ਸੀਉਨ੍ਹਾਂ ਦੀ ਥਾਂ ਆਏ ਇਮਰਾਨ ਖਾਨ ਨੇ ਵੀ ਪਿਛਲਿਆਂ ਦੇ ਹਸ਼ਰ ਤੋਂ ਸਬਕ ਨਹੀਂ ਸੀ ਸਿੱਖਿਆ ਅਤੇ ਆਪਣੇ ਪਰਿਵਾਰ, ਖਾਸ ਕੇ ਆਪਣੀ ਮੌਜੂਦਾ ਚੌਥੀ ਬੀਵੀ ਬੁਸ਼ਰਾ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਕਾਰਨ ਗੱਦੀ ਛੱਡਣ ਨੂੰ ਮਜਬੂਰ ਹੋ ਗਿਆਜਿਵੇਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸ੍ਰੀਲੰਕਾ ਵਿੱਚ ਭੰਡਾਰਨਾਇਕੇ ਪਰਿਵਾਰ ਖੂੰਜੇ ਧੱਕਿਆ ਗਿਆ ਤੇ ਉਸ ਦੀ ਥਾਂ ਆਏ ਰਾਜਪਕਸ਼ੇਪਰਵਾਰ ਦੇ ਦੋ ਭਰਾਵਾਂ ਨੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਬਣ ਕੇ ਮੁਲਕ ਡੋਬਿਆ ਸੀ, ਉਸੇ ਤਰ੍ਹਾਂ ਇਮਰਾਨ ਖਾਨ ਨੂੰ ਹਟਾ ਦੇਣ ਪਿੱਛੋਂ ਫਿਰ ਭ੍ਰਿਸ਼ਟਾਚਾਰ ਦਾ ਦਾਗੀ ਸ਼ਰੀਫ ਪਰਿਵਾਰ ਦੇਸ਼ ਦੀ ਵਾਗ ਸੰਭਾਲ ਬੈਠਾ ਹੈ ਪਰਿਵਾਰ ਦਾ ਮੁਖੀ ਖੁਦ ਅਦਾਲਤੀ ਫੈਸਲੇ ਨਾਲ ਹੋਈ ਭ੍ਰਿਸ਼ਟਾਚਾਰ ਦੀ ਸਜ਼ਾ ਭੁਗਤਣ ਲਈ ਜੇਲ੍ਹ ਵਿੱਚ ਭੇਜੇ ਜਾਣ ਤੋਂ ਬਚਣ ਲਈ ਬ੍ਰਿਟੇਨ ਤੋਂ ਆਪਣੇ ਦੇਸ਼ ਮੁੜਨ ਨੂੰ ਤਿਆਰ ਨਹੀਂ ਹੋ ਰਿਹਾ ਪ੍ਰਧਾਨ ਮੰਤਰੀ ਬਣਿਆ ਦੂਸਰਾ ਭਰਾ ਸ਼ਾਹਬਾਜ਼ ਸ਼ਰੀਫ ਤੇ ਉਸ ਦਾ ਪੁੱਤਰ ਮਨੀ ਲਾਂਡਰਿੰਗ ਸਣੇ ਭ੍ਰਿਸ਼ਟਾਚਾਰ ਦੇ ਕਈ ਕੇਸਾਂ ਵਾਸਤੇ ਅਦਾਲਤੀ ਪੇਸ਼ੀਆਂ ਭੁਗਤਦੇ ਫਿਰਦੇ ਹਨਬੀਤੇ ਹਫਤੇ ਫਿਰ ਹੋਈ ਇੱਕ ਪੇਸ਼ੀ ਮੌਕੇ ਅਦਾਲਤ ਨੂੰ ਦੱਸਿਆ ਗਿਆ ਕਿ ਦੇਸ਼ ਦੇ ਮੌਜੂਦਾ ਮੁਖੀ ਸ਼ਾਹਬਾਜ਼ ਸ਼ਰੀਫ ਦਾ ਪੁੱਤਰ ਆਪਣਾ ਦੇਸ਼ ਛੱਡ ਕੇ ਦੌੜ ਗਿਆ ਹੈ ਤਾਂ ਅਦਾਲਤ ਨੇ ਪ੍ਰਧਾਨ ਮੰਤਰੀ ਦੇ ਪੁੱਤਰ ਨੂੰ ਭਗੌੜਾ ਕਰਾਰ ਦੇ ਦਿੱਤਾ ਹੈਜਦੋਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਖੁਦ ਪੇਸ਼ੀ ਤੋਂ ਛੋਟ ਮੰਗੀ ਹੈ ਤਾਂ ਅਦਾਲਤ ਨੇ ਕਿਹਾ ਕਿ ਇਸ ਵਾਰ ਇਹ ਛੋਟ ਦਿੱਤੀ ਜਾ ਸਕਦੀ ਹੈ, ਅਗਲੀ ਵਾਰੀ ਆਉਣਾ ਪਵੇਗਾ, ਨਾ ਆਇਆ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈਜਿਸ ਦੇਸ਼ ਦੇ ਸਿਆਸੀ ਮੁਖੀ ਨੂੰ ਅਦਾਲਤ ਵਿੱਚ ਜਾਣ ਤੋਂ ਡਰ ਲੱਗਦਾ ਪਿਆ ਹੈ, ਉਹ ਦੇਸ਼ ਭਲਾ ਕਿੰਨਾ ਕੁ ਚਿਰ ਚਲਾ ਸਕੇਗਾ!

ਸਭ ਨੂੰ ਪਤਾ ਹੈ ਕਿ ਕਰਜ਼ਾ ਵਧਦਾ ਜਾਣ ਕਰ ਕੇ ਕੁਝ ਮਹੀਨੇ ਪਹਿਲਾਂ ਜਦੋਂ ਸ੍ਰੀਲੰਕਾ ਕੋਲ ਸੰਸਾਰ ਬਾਜ਼ਾਰ ਤੋਂ ਤੇਲ ਖਰੀਦਣ ਲਈ ਪੈਸੇ ਮੁੱਕ ਗਏ ਤਾਂ ਭਾਰਤ ਨੇ ਕੁਝ ਤੇਲ ਅਤੇ ਕੁਝ ਖਾਣ ਜੋਗਾ ਅਨਾਜ ਭੇਜਣ ਦੇ ਨਾਲ ਕੁਝ ਨਕਦੀ ਵੱਲੋਂ ਵੀ ਮਦਦ ਕੀਤੀ ਸੀ, ਪਰ ਬਾਹਰੀ ਮਦਦ ਕਿਸੇ ਦੇਸ਼ ਨੂੰ ਬਹੁਤਾ ਚਿਰ ਖੜ੍ਹਾ ਨਹੀਂ ਰੱਖ ਸਕਦੀਪਾਕਿਸਤਾਨ ਦੇ ਹਾਕਮਾਂ ਨੇ ਪਿਛਲੇ ਪੰਝੱਤਰ ਸਾਲਾਂ ਵਿੱਚ ਇਹੋ ਕੁਝ ਕੀਤਾ ਹੈ ਕਿ ਆਪਣੀ ਆਰਥਿਕਤਾ ਪੈਰਾਂ ਸਿਰ ਕਰਨ ਦੀ ਥਾਂ ਸੰਸਾਰ ਭਰ ਦੇ ਦਾਨ-ਦਾਤਿਆਂ ਕੋਲੋਂ ਮੰਗ ਕੇ ਬੁੱਤਾ ਸਾਰਨ ਦੇ ਨਾਂਅ ਉੱਤੇ ਆਪਣੀਆਂ ਤਿਜੌਰੀਆਂ ਭਰਦੇ ਰਹੇ ਸਨ ਤੇ ਅੰਤ ਉਹ ਆਪਣੇ ਦੇਸ਼ ਨੂੰ ਉਸ ਹਾਲਤ ਵਿੱਚ ਲੈ ਗਏ ਹਨ ਕਿ ਕੋਈ ਕਾਣੀ ਕੌਡੀ ਦੇਣ ਨੂੰ ਤਿਆਰ ਨਹੀਂਪਾਕਿਸਤਾਨੀ ਹਾਕਮਾਂ ਨੂੰ ਇਹ ਗਰੂਰ ਤਾਂ ਸੀ ਕਿ ਉਹ ਐਟਮ ਬੰਬ ਬਣਾ ਕੇ ਭਾਰਤ ਦੇ ਬਰਾਬਰ ਦੀ ਐਟਮੀ ਤਾਕਤ ਹੋਣ ਦਾ ਦਾਅਵਾ ਕਰਨ ਜੋਗੇ ਹੋ ਸਕਦੇ ਹਨ, ਪਰ ਆਪਣੇ ਦੇਸ਼ ਦੇ ਥਰਮਲ ਪਲਾਂਟ ਚਲਾਉਣ ਲਈ ਕੋਲਾ ਉਨ੍ਹਾਂ ਨੂੰ ਗਰੀਬੀ ਦੇ ਭੰਨੇ ਹੋਏ ਗਵਾਂਢੀ ਦੇਸ਼ ਅਫਗਾਨਿਸਤਾਨ ਤੋਂ ਉਧਾਰ ਲੈਣਾ ਪਿਆ ਹੈ, ਕਿਉਂਕਿ ਬਾਕੀ ਦੇਸ਼ਾਂ ਦੇ ਪਿਛਲੇ ਪੈਸੇ ਨਹੀਂ ਦਿੱਤੇ ਗਏਸ੍ਰੀਲੰਕਾ ਵਿੱਚ ਜਦੋਂ ਆਮ ਲੋਕਾਂ ਨੂੰ ਚੁੱਲ੍ਹਾ ਬਾਲਣ ਲਈ ਗੈਸ ਤੇ ਸਕੂਟਰ-ਕਾਰ ਚਲਾਉਣ ਲਈ ਤੇਲ ਨਾ ਮਿਲਿਆ, ਦੁਨੀਆ ਭਰ ਵਿੱਚੋਂ ਆਉਣ ਵਾਲੀਆਂ ਚੀਜ਼ਾਂ ਲਈ ਸਰਕਾਰ ਵਿਦੇਸ਼ੀ ਕਰੰਸੀ ਤੋਂ ਖਾਲੀ ਹੋ ਗਈ ਤਾਂ ਲੋਕਾਂ ਨੇ ਹਾਕਮਾਂ ਦੇ ਮਹਿਲ ਘੇਰਨ ਵੱਲ ਮੂੰਹ ਕਰ ਲਿਆ ਸੀਨਤੀਜਾ ਸਭ ਦੇ ਸਾਹਮਣੇ ਹੈ ਤੇ ਸੰਸਾਰ ਭਰ ਵਿੱਚ ਚਰਚੇ ਹੋ ਰਹੇ ਹਨ ਕਿ ਜਿਹੜੀ ਹਾਲਤ ਪਿਛਲੇ ਹਫਤੇ ਸ੍ਰੀਲੰਕਾ ਵਿੱਚ ਵੇਖਣ ਨੂੰ ਮਿਲੀ ਹੈ, ਉਹ ਕਿਸੇ ਵਕਤ ਪਾਕਿਸਤਾਨ ਵਿੱਚ ਨਜ਼ਰ ਆ ਸਕਦੀ ਹੈਉਸ ਦੇ ਹਾਕਮ ਅਜੇ ਵੀ ਆਪਣੇ ਦੇਸ਼ ਦੇ ਲੋਕਾਂ ਬਾਰੇ ਸੋਚਣ ਦੀ ਥਾਂ ਕੋੜਮੇ ਦੀਆਂ ਕੋਠੀਆਂ ਭਰਨ ਦੇ ਕੰਮ ਲੱਗੇ ਹੋਏ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3692)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author