JatinderPannu7ਇਸ ਵੇਲੇ ਭਾਰਤ ਦੀ ਸਮੁੱਚੀ ਕਿਰਤੀ ਜਮਾਤ ਬਹੁਤ ਵੱਡੇ ਖਤਰੇ ਦੇ ...
(7 ਦਸੰਬਰ 2020)

 

ਭਾਰਤ ਦਾ ਆਮ ਆਦਮੀ ਇਸ ਵਕਤ ਆਪਣੀ ਹੋਂਦ ਅਤੇ ਭਵਿੱਖ ਦੀ ਲੜਾਈ ਲੜ ਰਿਹਾ ਹੈਕਿਸਾਨ ਸੰਘਰਸ਼ ਉਸ ਵੱਡੀ ਲੜਾਈ ਦਾ ਇੱਕ ਅਹਿਮ ਪੜਾਅ ਹੈ, ਪਰ ਇੱਕੋ-ਇੱਕ ਨਹੀਂਲੜਾਈ ਇਸ ਤੋਂ ਬਹੁਤ ਅਗਾਂਹ ਤਕ ਜਾਣ ਦਾ ਸੰਕੇਤ ਦਿੰਦੀ ਹੈ, ਪਰ ਭਾਰਤ ਦਾ ਆਮ ਆਦਮੀ ਜਿਸ ਤਰ੍ਹਾਂ ਲੜ ਰਿਹਾ ਹੈ, ਉਹ ਠੀਕ ਸੇਧ ਵਿੱਚ ਨਹੀਂਭਾਰਤ ਦੀ ਵਾਗ ਸੰਭਾਲੀ ਬੈਠੀ ਸਭ ਤੋਂ ਵੱਡੀ ਪਾਰਟੀ ਭਾਜਪਾ ਦੇ ਬੁਲਾਰੇ ਤੇ ਉਨ੍ਹਾਂ ਵਾਲੀ ਪਟੜੀ ਚੜ੍ਹੇ ਹੋਏ ਲੋਕ ਜਦੋਂ ਆਪਣੇ ਚਹੇਤੇ ਨੇਤਾ ਦੀ ਕਿਸੇ ਇੱਛਾ ਦਾ ਕਿਸੇ ਵੀ ਕਿਸਮ ਦਾ ਵਿਰੋਧ ਹੁੰਦਾ ਵੇਖਦੇ ਹਨ ਤਾਂ ਉਹ ਹਰ ਥਾਂ ਜਥੇਬੰਦ ਫੌਜ ਵਾਂਗ ਚੜ੍ਹਾਈ ਕਰਨ ਨੂੰ ਤਿਆਰ ਰਹਿੰਦੇ ਹਨਉਨ੍ਹਾਂ ਦਾ ਕਿਸੇ ਵੀ ਵਿਰੋਧੀ ਉੱਤੇ ਊਜ ਲਾਉਣ ਦਾ ਸਭ ਤੋਂ ਵੱਡਾ ਹਥਿਆਰ ਉਸ ਨੂੰ ‘ਟੁਕੜੇ-ਟੁਕੜੇ’ ਗੈਂਗ ਕਹਿਣਾ ਹੁੰਦਾ ਹੈਫਿਲਮ ਸਟਾਰ ਕੰਗਨਾ ਰਣੌਤ ਇਸ ਮਾਮਲੇ ਵਿੱਚ ਸਭ ਤੋਂ ਤਾਜ਼ਾ ਮਿਸਾਲ ਬਣੀ ਹੈਉਸ ਨੇ ਦਿੱਲੀ ਬਾਰਡਰ ਉੱਤੇ ਧਰਨੇ ਲਾਈ ਬੈਠੇ ਕਿਸਾਨਾਂ ਵਿੱਚ ਸ਼ਾਮਲ ਬੀਬੀ ਮਹਿੰਦਰ ਕੌਰ ਨੂੰ ਜਦੋਂ ‘ਸੌ ਰੁਪਏ ਵਿੱਚ ਧਰਨਾ ਲਾਉਣ ਵਾਲੀ’ ਕਿਹਾ ਤਾਂ ਕਈ ਲੋਕਾਂ ਨੇ ਉਸ ਦਾ ਵਿਰੋਧ ਕੀਤਾਇਸ ਦੌਰਾਨ ਜਦੋਂ ਉਹ ਦਿਲਜੀਤ ਸਿੰਘ ਦੋਸਾਂਝ ਨਾਲ ਟਵੀਟ-ਜੰਗ ਲੜਦੀ ਪਈ ਸੀ ਤਾਂ ਉਸ ਨੇ ਵੀ ‘ਟੁਕੜੇ-ਟੁਕੜੇ’ ਗੈਂਗ ਦਾ ਮਿਹਣਾ ਮਾਰਿਆ ਹੈਜਿਨ੍ਹਾਂ ਲੋਕਾਂ ਨੂੰ ਸਰਕਾਰ ਵਿਰੁੱਧ ਲੜਨ ਬਦਲੇ ‘ਟੁਕੜੇ-ਟੁਕੜੇ’ ਗੈਂਗ ਦਾ ਮਿਹਣਾ ਮਾਰ ਕੇ ਦੇਸ਼ ਦੇ ਟੁਕੜੇ ਕਰਨ ਵਾਲੇ ਕਿਹਾ ਜਾਂਦਾ ਹੈ, ਉਹ ਦੇਸ਼ ਦੇ ਟੁਕੜੇ ਕਰਨ ਵਾਲੇ ਨਹੀਂ, ਅਸਲ ਵਿੱਚ ਉਹ ‘ਟੁਕੜਾ-ਟੁਕੜਾ ਲੜਾਈ ਲੜਨ ਵਾਲੇ’ ਹਨਕੋਈ ਜਣਾ ਭਾਰਤ ਦੇਸ਼ ਦੇ ਉੱਤਰ ਵਿੱਚ ਆਪਣੇ ਹੱਕਾਂ ਦੀ ਲੜਾਈ ਲੜਦਾ ਹੈ ਤਾਂ ਉਸ ਨੂੰ ਦੱਖਣ ਵਾਲਿਆਂ ਦੀ ਮਦਦ ਇਸ ਕਰ ਕੇ ਨਹੀਂ ਮਿਲਦੀ ਕਿ ਜਦੋਂ ਦੱਖਣ ਵਾਲਿਆਂ ਨੇ ਲੜਾਈ ਲੜੀ ਸੀ, ਉਦੋਂ ਉੱਤਰ ਵਾਲੇ ਚੁੱਪ ਰਹੇ ਸਨ ਤੇ ਜਦੋਂ ਪੂਰਬ ਵਾਲਿਆਂ ਨੇ ਲੜਾਈ ਲੜੀ, ਉਦੋਂ ਪੱਛਮ ਵਾਲੇ ਰਾਜਾਂ ਦੇ ਲੋਕਾਂ ਨੇ ਇਸ ਲੜਾਈ ਦਾ ਸਾਥ ਤਾਂ ਕੀ ਦੇਣਾ ਸੀ, ਇਸਦੇ ਹੱਕ ਵਿੱਚ ਕਦੀ ਹਾਅ ਦਾ ਨਾਅਰਾ ਤਕ ਵੀ ਮਾਰਨ ਦੀ ਲੋੜ ਵੀ ਨਹੀਂ ਸੀ ਸਮਝੀਇਸ ਵਕਤ ਇਹੋ ਕੁਝ ਕਿਸਾਨਾਂ ਦੇ ਮੁੱਦੇ ਉੱਤੇ ਹੋ ਰਿਹਾ ਹੈ

ਰਾਜ ਕਰਨ ਵਾਲੀ ਧਿਰ ਨੂੰ ਚੁਸਤ ਤਾਂ ਮੰਨਿਆ ਜਾਂਦਾ ਹੈ, ਪਰ ਇਹ ਹਕੀਕਤ ਬਹੁਤੇ ਲੋਕ ਨਹੀਂ ਜਾਣਦੇ ਹੋਣੇ ਕਿ ਇਸਦੇ ਪੈਂਤੜੇ ਅਤੇ ਇਸਦੇ ਬੁਲਾਰਿਆਂ ਦੀ ਸਿਖਲਾਈ ਕਿਸੇ ਏਕੀ-ਕ੍ਰਿਤ ਕਮਾਂਡ ਹੇਠ ਹੁੰਦੀ ਹੈਉਹ ਧਿਰ ਭਾਰਤ ਦੇ ਲੋਕਾਂ ਦੀ ਨਜ਼ਰ ਵਿੱਚ ਇੱਕ ਧਰਮ ਦਾ ਰਾਜ ਕਾਇਮ ਕਰਨ ਲਈ ਸਰਗਰਮ ਹੈ, ਪਰ ਅਸਲ ਵਿੱਚ ਇੱਕ ਧਰਮ ਨਾਲੋਂ ਵੀ ਅੱਗੇ ਉਹ ਉਸ ਤਰ੍ਹਾਂ ਦਾ ਰਾਜ ਕਰਨ ਤਕ ਸੋਚ ਰੱਖਦੀ ਹੈ, ਜਿਸ ਨੂੰ ਚਲਾਉਣ ਵਾਸਤੇ ਮਨੂੰ ਨੇ ਵਰਣ-ਵਿਵਸਥਾ ਬਣਾਈ ਸੀਬ੍ਰਹਮਾ ਦਾ ਪੁੱਤਰ ਮੰਨੇ ਜਾਣ ਵਾਲੇ ਮਨੂੰ ਸਵਅੰਭੁਵ ਨੇ ਜਿਹੜੀ ਸਿਮ੍ਰਤੀ ਸ਼ੁਰੂ ਕੀਤੀ ਸੀ, ਉਸ ਨੂੰ ਪੜ੍ਹੀਏ ਤਾਂ ਅਜੋਕੇ ਹਿੰਦੂਤਵ ਦੇ ਪ੍ਰਚਾਰਕਾਂ ਅਤੇ ਢੰਡੋਰਚੀਆਂ ਦੀ ਸਾਰੀ ਖੇਡ ਸਮਝ ਆ ਜਾਂਦੀ ਹੈ ਸਾਡੇ ਕੁਝ ਲੋਕ ਇੱਦਾਂ ਦਾ ਮੁੱਦਾ ਚੁੱਕਦੇ ਹਨ ਕਿ ਪੰਜਾਬ ਨਾਲ ਹੋ ਰਹੇ ਧੱਕੇ ਦਾ ਕਾਰਨ ਇਹ ਹੈ ਕਿ ਇੱਥੇ ਸਿੱਖ ਵਸਦੇ ਹਨ ਅਤੇ ਸਿੱਖ ਇਸ ਸਰਕਾਰ ਨੂੰ ਸਬਕ ਸਿਖਾ ਦੇਣਗੇਉਨ੍ਹਾਂ ਨੂੰ ਇਹ ਗੱਲ ਪਤਾ ਨਹੀਂ ਕਿ ਪਿਛਲੇ ਮਹੀਨੇ ਜਦੋਂ ਮੰਡੀਆਂ ਵਿੱਚ ਝੋਨਾ ਵਿਕ ਰਿਹਾ ਸੀ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਤੋਂ ਉਨ੍ਹਾਂ ਦਾ ਝੋਨਾ ਸਾਢੇ ਨੌਂ ਸੌ ਰੁਪਏ ਖਰੀਦਿਆ ਅਤੇ ਪੰਜਾਬ ਦੇ ਸ਼ੈਲਰਾਂ ਦੇ ਕੁਝ ਮਾਲਕਾਂ ਨੂੰ ਚੌਦਾਂ-ਪੰਦਰਾਂ ਸੌ ਰੁਪਏ ਵੇਚਿਆ ਜਾਂਦਾ ਸੀਉਹ ਸ਼ੈਲਰ ਮਾਲਕ ਚੌਦਾਂ-ਪੰਦਰਾਂ ਸੌ ਰੁਪਏ ਦਾ ਖਰੀਦਿਆ ਝੋਨਾ ਅੱਗੇ ਮੰਡੀ ਵਿੱਚ ਕਿਸਾਨਾਂ ਦੇ ਜਾਅਲੀ ਨਾਂਅ ਲਿਖਾ ਕੇ ਘੱਟੋ-ਘੱਟ ਖਰੀਦ ਦੇ ਸਰਕਾਰੀ ਭਾਅ ਲਗਭਗ ਉੱਨੀ ਸੌ ਰੁਪਏ ਨੂੰ ਵੇਚ ਕੇ ਮੋਟਾ ਮਾਲ ਕਮਾ ਰਹੇ ਸਨਇਸ ਵਿੱਚ ਕਿਹੜੇ ਠੱਗ ਨੇ ਕਿੰਨਾ ਮਾਲ ਕਮਾਇਆ, ਇਹ ਗੱਲ ਪਾਸੇ ਛੱਡ ਕੇ ਸੋਚਣ ਦੀ ਗੱਲ ਤਾਂ ਇਹ ਹੈ ਕਿ ਉੱਤਰ ਪ੍ਰਦੇਸ਼ ਵਿੱਚੋਂ ਜਿਨ੍ਹਾਂ ਕਿਸਾਨਾਂ ਤੋਂ ਅੱਧੇ ਮੁੱਲ ਉੱਤੇ ਝੋਨਾ ਖਰੀਦ ਕੇ ਉਨ੍ਹਾਂ ਨੂੰ ਲੁੱਟਿਆ ਗਿਆ, ਉਹ ਕਿਸਾਨ ਸਿੱਖ ਨਹੀਂ, ਬਹੁਤਾ ਕਰ ਕੇ ਹਿੰਦੂ ਹਨ ਤੇ ਉੱਥੇ ਹਿੰਦੂਤਵ ਦੇ ਨਾਂਅ ਉੱਤੇ ਰਾਜਨੀਤੀ ਦੀ ਝੰਡਾ ਬਰਦਾਰ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਇੱਕ ਹਿੰਦੂਤੱਵੀ ਸੰਤ ਦਾ ਰਾਜ ਹੈਸਾਫ ਹੈ ਕਿ ਹਿੰਦੂਤਵ ਦੇ ਬਹਾਨੇ ਰਾਜ ਕਰਨ ਵਾਲਿਆਂ ਦੀ ਨੀਤੀ ਹਿੰਦੂ ਭਾਈਚਾਰੇ ਨੂੰ ਬਚਾਉਣ ਦੀ ਕੋਈ ਨਹੀਂਉਸ ਰਾਜ ਦੀ ਹਿੰਦੂ ਬਹੁ-ਗਿਣਤੀ ਲਾਈਨਾਂ ਬੰਨ੍ਹ ਕੇ ਭਾਜਪਾ ਦੇ ਪਿੱਛੇ ਭੁਗਤੀ ਅਤੇ ਪਾਰਲੀਮੈਂਟ ਦੀਆਂ ਅੱਸੀਆਂ ਵਿੱਚੋਂ ਬਾਹਠ ਸੀਟਾਂ ਅਤੇ ਅਸੈਂਬਲੀ ਦੀਆਂ ਚਾਰ ਸੌ ਤਿੰਨ ਸੀਟਾਂ ਵਿੱਚੋਂ ਤਿੰਨ ਸੌ ਬਾਰਾਂ ਸੀਟਾਂ ਜਿੱਤਣ ਲਈ ਇਸ ਪਾਰਟੀ ਦੀ ਮਦਦ ਕੀਤੀ ਸੀਇਸ ਨੇ ਉਨ੍ਹਾਂ ਚੀਕਾਂ ਮਾਰਦਿਆਂ ਦੀ ਮਦਦ ਨਹੀਂ ਕੀਤੀ

ਦਿੱਲੀ ਵਾਲੇ ਬਾਰਡਰ ਉੱਤੇ ਜਿਹੜੇ ਕਿਸਾਨ ਇਸ ਵੇਲੇ ਲੜ ਰਹੇ ਹਨ, ਉਹ ਵੀ ਇਕੱਲੇ ਸਿੱਖ ਨਹੀਂ, ਹਰਿਆਣਾ ਤੇ ਰਾਜਸਥਾਨ ਜਾਂ ਉੱਤਰ ਪ੍ਰਦੇਸ਼ ਦੇ ਹਿੰਦੂ ਅਤੇ ਮੁਸਲਮਾਨ ਕਿਸਾਨ ਵੀ ਉਨ੍ਹਾਂ ਦੇ ਨਾਲ ਬੈਠੇ ਦਿਖਾਈ ਦਿੰਦੇ ਹਨਜਿਹੜੇ ਗੁਜਰਾਤ ਨੂੰ ਸਾਰੇ ਦੇਸ਼ ਮੂਹਰੇ ਮਾਡਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਉੱਥੋਂ ਦੇ ਕਿਸਾਨ ਵੀ ਦਿੱਲੀ ਵਾਲੇ ਧਰਨੇ ਵਿੱਚ ਆਏ ਹਨ ਤੇ ਦੱਸ ਰਹੇ ਹਨ ਕਿ ਉੱਥੇ ਵੀ ਇੱਕੋ ਅਡਾਨੀ ਘਰਾਣਾ ਬਾਕੀ ਸਭ ਨੂੰ ਚੱਬੀ ਜਾਂਦਾ ਹੈ, ਜਿਸ ਨੇ ਕਿਸਾਨਾਂ ਨੂੰ ਵੀ ਆਪਣੇ ਪੈਰਾਂ ਉੱਤੇ ਖੜ੍ਹੇ ਨਹੀਂ ਰਹਿਣ ਦਿੱਤਾ

ਸਾਨੂੰ ਉਹ ਦਿਨ ਯਾਦ ਹਨ, ਜਦੋਂ ਭਾਰਤ ਦੇ ਲੋਕਾਂ ਨੂੰ ਪੰਜ ਕੁ ਘਰਾਣਿਆਂ: ਟਾਟਾ, ਬਿਰਲਾ, ਡਾਲਮੀਆ, ਸਿੰਘਾਨੀਆ ਜਾਂ ਵਾਡੀਆ ਤਕ ਦਾ ਹੀ ਪਤਾ ਹੁੰਦਾ ਸੀ, ਫਿਰ ਸਮਾਂ ਬਦਲਿਆ ਤੇ ਇਨ੍ਹਾਂ ਪੰਜਾਂ ਘਰਾਣਿਆਂ ਨੂੰ ਪਿੱਛੇ ਛੱਡ ਕੇ ਇੰਦਰਾ ਗਾਂਧੀ ਦੀ ਸਰਪ੍ਰਸਤੀ ਸਦਕਾ ਧੀਰੂ ਭਾਈ ਅੰਬਾਨੀ ਵਾਲਾ ਰਿਲਾਇੰਸ ਘਰਾਣਾ ਤੇਜ਼ੀ ਨਾਲ ਉੱਭਰਿਆ ਤੇ ਸੰਸਾਰ ਦੇ ਸਿਖਰਲੇ ਦਸ ਘਰਾਣਿਆਂ ਵਿੱਚ ਆ ਗਿਆ ਸੀਜਦੋਂ ਗੁਜਰਾਤ ਵਿੱਚ ਨਰਿੰਦਰ ਮੋਦੀ ਦਾ ਰਾਜ ਆਇਆ ਤਾਂ ਸਾਰੇ ਭਾਰਤ ਦੇ ਘਰਾਣੇ ਅਜੇ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਦੀ ਰਾਜਨੀਤੀ ਦਾ ਕੁਤਬ-ਮੀਨਾਰ ਸਮਝੀ ਬੈਠੇ ਸਨ ਤੇ ਉਹ ਸਮਝ ਨਹੀਂ ਸਨ ਸਕੇ ਕਿ ਜਦੋਂ ਮੋਦੀ ਦੀ ਸੋਚ ਅਤੇ ਪਹੁੰਚ ਦਾ ਕੱਟੜ ਸਮਰਥਕ ਗੌਤਮ ਅਡਾਨੀ ਇੱਕਦਮ ਅੱਗੇ ਆਇਆ ਤੇ ਤੇਜ਼ੀ ਨਾਲ ਹੋਰ ਸਭਨਾਂ ਨੂੰ ਪਛਾੜਦਾ ਚਲਾ ਗਿਆ ਸੀ ਉਦੋਂ ਉਹ ਮਸਾਂ ਪੰਜ ਹਜ਼ਾਰ ਕਰੋੜ ਰੁਪਏ ਮਾਲਕੀ ਵਾਲੇ ਘਰਾਣੇ ਦਾ ਮਾਲਕ ਸੀ, ਪਿਛਲੇ ਹਫਤੇ ਸੰਸਾਰ ਪੱਧਰ ਦੀਆਂ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਕਿ ਉਹ ਰਿਲਾਇੰਸ ਵਾਲੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਭਾਰਤ ਦਾ ਨੰਬਰ ਇੱਕ ਅਮੀਰ ਬਣ ਗਿਆ ਹੈਉਸ ਦੀ ਚੜ੍ਹਤ ਦਾ ਗੇਅਰ ਅਜੇ ਤਕ ਲੱਗਾ ਪਿਆ ਹੈ ਅਤੇ ਉਹ ਭਾਰਤ ਦੀਆਂ ਹੱਦਾਂ ਤੋਂ ਪਾਰ ਆਸਟਰੇਲੀਆ ਵਰਗੇ ਦੇਸ਼ਾਂ ਤਕ ਕਾਰੋਬਾਰ ਦੇ ਮਾਮਲੇ ਵਿੱਚ ਬੜੇ ਵੱਡੇ ਦਾਬੇ ਵਾਲਾ ਹੋ ਗਿਆ ਹੈਉਸ ਦੇ ਦਬਦਬੇ ਦਾ ਕਾਰਨ ਉਸ ਦੇ ਪਿੱਛੇ ਭਾਰਤ ਸਰਕਾਰ ਦਾ ਖੜੋਤੇ ਦਿਖਾਈ ਦੇਣਾ ਅਤੇ ਸਰਕਾਰ ਦੀ ਕਮਾਨ ਇੱਕ ਧੜੱਲੇਦਾਰ ਬੰਦੇ ਦੇ ਹੱਥ ਹੋਣਾ ਸਮਝਿਆ ਜਾਂਦਾ ਹੈ

ਅਸੀਂ ਇਹੋ ਜਿਹੇ ਕਈ ਲੋਕਾਂ ਨੂੰ ਜਾਣਦੇ ਹਾਂ, ਉਨ੍ਹਾਂ ਨਾਲ ਕਦੇ-ਕਦੇ ਗੱਲਬਾਤ ਵੀ ਹੁੰਦੀ ਹੈ, ਜਿਹੜੇ ਇਸ ਧਾਰਨਾ ਦਾ ਸ਼ਿਕਾਰ ਹਨ ਕਿ ਮੋਦੀ ਸਰਕਾਰ ਦਾ ਮਤਲਬ ‘ਅੱਠ ਸੌ ਸਾਲ ਬਾਅਦ ਆਇਆ ਹਿੰਦੂ ਰਾਜ’ ਹੈ, ਪਰ ਉਹ ਇਹ ਨਹੀਂ ਜਾਣਦੇ ਕਿ ਇਹ ਰਾਜ ਜਿਨ੍ਹਾਂ ਲੋਕਾਂ ਦਾ ਰਗੜਾ ਕੱਢ ਰਿਹਾ ਹੈ, ਉਨ੍ਹਾਂ ਵਿੱਚ ਵੀ ਬਹੁਤੇ ਹਿੰਦੂ ਹਨਸਰਕਾਰੀ ਖੇਤਰ ਦੀਆਂ ਜਿਹੜੀਆਂ ਕੰਪਨੀਆਂ ਬੰਦ ਕੀਤੀਆਂ ਜਾਂ ਸਰਮਾਏਦਾਰ ਘਰਾਣਿਆਂ ਨੂੰ ਵੇਚ ਦਿੱਤੀਆਂ ਗਈਆਂ ਹਨ, ਭਾਰਤ ਅੰਦਰ ਬਹੁ-ਗਿਣਤੀ ਭਾਈਚਾਰਾ ਹਿੰਦੂ ਹੋਣ ਕਾਰਨ ਉਨ੍ਹਾਂ ਸਰਕਾਰੀ ਕੰਪਨੀਆਂ ਦੀ ਸੇਲ ਨਾਲ ਰਗੜੇ ਗਏ ਬਹੁਤ ਕਾਰਿੰਦੇ ਵੀ ਹਿੰਦੂ ਹੀ ਸਨਉਨ੍ਹਾਂ ਹਿੰਦੂ ਮੁਲਾਜ਼ਮਾਂ ਵਿੱਚੋਂ ਵੀ ਬਹੁਤ ਸਾਰਿਆਂ ਨੇ ਪਿਛਲੀਆਂ ਦੋ ਪਾਰਲੀਮੈਂਟ ਚੋਣਾਂ ਦੇ ਦੌਰਾਨ ‘ਹਰ-ਹਰ ਮੋਦੀ, ਘਰ-ਘਰ ਮੋਦੀ’ ਵਾਲਾ ਜਾਪ ਜਪਿਆ ਹੋਵੇਗਾ ਅਤੇ ਅੱਜ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦੇ ਦਿਖਾਈ ਦਿੰਦੇ ਹਨ

ਇਸ ਵੇਲੇ ਭਾਰਤ ਦੀ ਸਮੁੱਚੀ ਕਿਰਤੀ ਜਮਾਤ ਬਹੁਤ ਵੱਡੇ ਖਤਰੇ ਦੇ ਮੂੰਹ ਅੱਗੇ ਖੜੋਤੀ ਹੈਜਦੋਂ ਵੀ ਉਸ ਦਾ ਕੋਈ ਸੰਘਰਸ਼ ਸ਼ੁਰੂ ਹੁੰਦਾ ਹੈ, ਉਸ ਦੀ ਭੰਡੀ ਕਰਨ ਲਈ ‘ਟੁਕੜੇ-ਟੁਕੜੇ ਗੈਂਗ’ ਦਾ ਧੂਤੂ ਵਜਾਇਆ ਜਾਂਦਾ ਅਤੇ ਮਿਹਣਾ ਮਾਰਿਆ ਜਾਂਦਾ ਹੈ, ਪਰ ਸੱਚਾਈ ਇਹ ਹੈ ਕਿ ਕਿਰਤੀ ਹੱਕਾਂ ਲਈ ਲੜ ਰਹੇ ਲੋਕ ‘ਟੁਕੜੇ-ਟੁਕੜੇ ਗੈਂਗ’ ਨਹੀਂ, ਸਗੋਂ ‘ਟੁਕੜੇ-ਟੁਕੜੇ ਹੋਈ ਪਈ ਲੜਾਕੂ ਲਹਿਰ ਦੇ ਵੱਖ-ਵੱਖ ਵਗਦੇ ਵਹਿਣ ਹਨਜਿੰਨਾ ਚਿਰ ਇਹ ਹੱਕਾਂ ਦੀ ਲੜਾਈ ਲੜਨ ਵਾਲੇ ਲੋਕ ਇਕੱਠੇ ਹੋ ਕੇ ਇੱਕ ਵਹਿਣ ਵਿੱਚ ਨਹੀਂ ਵਗਦੇ, ਇਹ ਲੜਾਈ ਜਿੱਤ ਸਕਣੀ ਔਖੀ ਹੈ, ਪਰ ਇਹ ਇਕੱਠੇ ਕਦੋਂ ਹੋਣਗੇ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2451)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author