“ਫਿਰ ਉਸ ਨਾਲ ਸਹਾਇਕ ਇੰਚਾਰਜ ਇਹੋ ਜਿਹਾ ਵਿਅਕਤੀ ਲਾ ਦਿੱਤਾ ਜਿਸਦੇ ਅੰਦਰੋਂ ...”
(22 ਫਰਵਰੀ 2021)
(ਸ਼ਬਦ: 1540)
ਪੰਜਾਬ ਵਿੱਚ ਲੋਕਤੰਤਰੀ ਪ੍ਰਕਿਰਿਆ ਹੇਠ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਵਾਸਤੇ ਇਸ ਮਹੀਨੇ ਚੌਦਾਂ ਫਰਵਰੀ ਨੂੰ ਵੋਟਾਂ ਪੈਣ ਅਤੇ ਸਤਾਰਾਂ ਨੂੰ ਨਤੀਜੇ ਨਿਕਲਣ ਨਾਲ ਕਈ ਕੁਝ ਸਾਫ ਹੋ ਗਿਆ ਹੈ। ਇਸ ਚੋਣ ਬਾਰੇ ਕਿਹਾ ਗਿਆ ਸੀ ਕਿ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨੇ ਜਦੋਂ ਪੰਜ ਸਾਲ ਰਾਜ ਕਰਨ ਵਾਲੀ ਸਰਕਾਰ ਚੁਣਨੀ ਹੈ, ਉਨ੍ਹਾਂ ਚੋਣਾਂ ਲਈ ਇਹ ਇੱਕ ਤਰ੍ਹਾਂ ਦਾ ਸੈਮੀ-ਫਾਈਨਲ ਸੀ। ਪੰਜਾਬ ਦੇ ਅੱਠ ਵੱਡੇ ਸ਼ਹਿਰਾਂ ਦੇ ਲਈ ਮਿਉਂਸਪਲ ਕਾਰਪੋਰੇਸ਼ਨਾਂ ਤੇ ਇੱਕ ਸੌ ਨੌਂ ਛੋਟੇ ਸ਼ਹਿਰਾਂ, ਕਸਬਿਆਂ ਅਤੇ ਵੱਡੇ ਪਿੰਡਾਂ ਲਈ ਚੋਣ ਹੋਈ ਹੋਵੇ ਤਾਂ ਇਸ ਨੂੰ ਸੈਮੀ-ਫਾਈਨਲ ਕਹਿਣਾ ਗਲਤ ਨਹੀਂ ਹੈ। ਨਤੀਜੇ ਨਿਕਲੇ ਤਾਂ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਅਤੇ ਸਿਆਸਤ ਦੇ ਮੈਦਾਨ ਵਿੱਚ ਇਸਦਾ ਬਦਲ ਬਣਨ ਦੀਆਂ ਚਾਹਵਾਨ ਤਿੰਨੇ ਮੁੱਖ ਸਿਆਸੀ ਧਿਰਾਂ ਆਪਣੀ ਹਾਰ ਦਾ ਕਾਰਨ ਦੱਸਣ ਦੇ ਲਈ ਬਹਾਨੇ ਭਾਲ ਰਹੀਆਂ ਹਨ। ਆਪਣੀ ਹਾਰ ਦੇ ਅਸਲੀ ਕਾਰਨਾਂ ਦਾ ਉਨ੍ਹਾਂ ਨੂੰ ਵੀ ਪਤਾ ਹੈ, ਪਰ ਜਿਵੇਂ ਉਹ ਤਿੰਨੇ ਧਿਰਾਂ ਆਪੋ-ਆਪਣੀ ਹਾਰ ਦੇ ਅਸਲੀ ਕਾਰਨ ਨਹੀਂ ਮੰਨਦੀਆਂ ਅਤੇ ਹੋਰ ਬਹਾਨੇ ਭਾਲਦੀਆਂ ਫਿਰਦੀਆਂ ਹਨ, ਇਸੇ ਤਰ੍ਹਾਂ ਕਾਂਗਰਸ ਵੀ ਆਪਣੀ ਜਿੱਤ ਦੇ ਅਸਲ ਕਾਰਨ ਨਹੀਂ ਦੱਸਦੀ ਅਤੇ ਆਪਣੀ ਹਰਮਨ-ਪਿਆਰਤਾ ਦੀ ਡੁਗਡੁਗੀ ਵਜਾ ਕੇ ਖੁਸ਼ ਹੋਣਾ ਚਾਹੁੰਦੀ ਹੈ।
ਵੱਡੇ ਅੱਠ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਵਿਰੋਧੀ ਧਿਰ ਦੀ ਕਿਸੇ ਪਾਰਟੀ ਦੇ ਪੈਰ ਨਹੀਂ ਲੱਗ ਸਕੇ ਤੇ ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਕਾਂਗਰਸ ਇੰਨੀ ਭਾਰੂ ਸਾਬਤ ਹੋਈ ਕਿ ਸੱਤਾਂ ਵਿੱਚ ਉਸ ਕੋਲ ਸਿੱਧੀ ਬਹੁ-ਗਿਣਤੀ ਅਤੇ ਅੱਠਵੇਂ ਵਿੱਚ ਸਭ ਤੋਂ ਵੱਡੀ ਪਾਰਟੀ ਹੋਣ ਕਾਰਨ ਆਜ਼ਾਦ ਵੀ ਉਸ ਨਾਲ ਆਣ ਜੁੜੇ ਹਨ। ਸਾਫ ਹੈ ਕਿ ਸਾਰੇ ਸ਼ਹਿਰਾਂ ਵਿੱਚ ਮੇਅਰ ਇਸ ਵਾਰੀ ਇਕੱਲੀ ਕਾਂਗਰਸ ਪਾਰਟੀ ਦੇ ਬਣਨਗੇ। ਪੰਜਾਬ ਦੀ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਦੇ ਸ਼ਹਿਰ ਪਠਾਨਕੋਟ ਦੀ ਮਿਉਂਸਪਲ ਕਾਰਪੋਰੇਸ਼ਨ ਵਿੱਚ ਵੀ ਕਾਂਗਰਸ ਅਠੱਤੀ ਸੀਟਾਂ ਜਿੱਤ ਗਈ ਅਤੇ ਭਾਜਪਾ ਨੂੰ ਮਸਾਂ ਗਿਆਰਾਂ ਮਿਲੀਆਂ ਹਨ, ਜਦ ਕਿ ਇੱਕ ਸੀਟ ਅਕਾਲੀ ਦਲ ਜਿੱਤਿਆ ਹੈ। ਹੁਸ਼ਿਆਰਪੁਰ ਵਿੱਚ ਕਾਂਗਰਸ ਪੰਜਾਹ ਵਿੱਚੋਂ ਇਕਤਾਲੀ ਸੀਟਾਂ ਜਿੱਤਣ ਵਿੱਚ ਸਫਲ ਰਹੀ ਤੇ ਭਾਜਪਾ ਨੂੰ ਸਿਰਫ ਚਾਰ ਸੀਟਾਂ ਮਿਲੀਆਂ ਹਨ। ਇੱਥੇ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੀ ਪਤਨੀ ਵੀ ਹਾਰ ਗਈ, ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਸਾਂਪਲਾ ਦੇ ਵਾਰਡ ਵਿੱਚ ਵੀ ਭਾਜਪਾ ਜਿੱਤ ਨਾ ਸਕੀ ਤੇ ਕਈ ਰਾਜਾਂ ਦੇ ਭਾਜਪਾ ਇੰਚਾਰਜ ਅਵਿਨਾਸ਼ ਖੰਨਾ ਦੇ ਵਾਰਡ ਤੋਂ ਵੀ ਭਾਜਪਾ ਉਮੀਦਵਾਰ ਹਾਰ ਗਿਆ ਹੈ। ਇਸ ਪਾਰਟੀ ਵੱਲੋਂ ਖੜੋਤੇ ਜ਼ਿਲ੍ਹਾ ਪੱਧਰ ਦੇ ਕਈ ਅਹੁਦੇਦਾਰ ਵੀ ਨਹੀਂ ਜਿੱਤੇ ਤਾਂ ਕਾਰਨ ਸਾਫ ਹੈ ਕਿ ਕਿਸਾਨ ਸੰਘਰਸ਼ ਦੌਰਾਨ ਇਸ ਪਾਰਟੀ ਦੇ ਪੰਜਾਬ ਵਾਲੇ ਲੀਡਰਾਂ ਨੇ ਜਿਵੇਂ ਆਪਣੀ ਕੇਂਦਰੀ ਲੀਡਰਸ਼ਿੱਪ ਨੂੰ ਖੁਸ਼ ਕਰਨ ਲਈ ਕੁੜੱਤਣ ਫੈਲਾਉਂਦੇ ਬਿਆਨ ਦਾਗਣ ਦਾ ਕੰਮ ਕੀਤਾ ਸੀ, ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬਿਲਕੁਲ ਹੀ ਪਸੰਦ ਨਹੀਂ ਕੀਤਾ। ਭਾਜਪਾ ਦੇ ਆਗੂਆਂ ਵਿੱਚੋਂ ਜਿਨ੍ਹਾਂ ਨੂੰ ਸਮਝ ਪੈ ਗਈ ਕਿ ਇਸ ਵਾਰੀ ਪੰਜਾਬ ਦੇ ਲੋਕ ਇਸ ਪਾਰਟੀ ਨਾਲ ਨਾਰਾਜ਼ ਹਨ, ਉਨ੍ਹਾਂ ਵਿੱਚੋਂ ਕਈ ਇਸ ਪਾਰਟੀ ਵੱਲੋਂ ਟਿਕਟ ਲੈ ਕੇ ਵੀ ਆਜ਼ਾਦ ਉਮੀਦਵਾਰ ਬਣ ਕੇ ਚੋਣ ਲੜੇ ਤੇ ਸਾਰੀ ਚੋਣ ਦੌਰਾਨ ਭਾਜਪਾ ਦਾ ਜ਼ਿਕਰ ਤਕ ਨਹੀਂ ਸੀ ਕਰ ਰਹੇ, ਉਹ ਫਿਰ ਵੀ ਹਾਰ ਗਏ। ਕਾਰਨ ਇਹ ਸੀ ਕਿ ਉਹ ਜਿੰਨਾ ਮਰਜ਼ੀ ਲੁਕਾਉਂਦੇ ਰਹੇ, ਆਮ ਲੋਕਾਂ ਨੂੰ ਉਨ੍ਹਾਂ ਦਾ ਸਾਰਾ ਪਤਾ ਸੀ ਕਿ ਇਹ ਉਮੀਦਵਾਰ ਜਿੱਤ ਗਿਆ ਤਾਂ ਕੱਲ੍ਹ ਨੂੰ ਨਰਿੰਦਰ ਮੋਦੀ ਦੀ ਅਗਵਾਈ ਦੀ ਜਿੱਤ ਹੀ ਕਹੇਗਾ।
ਆਮ ਆਦਮੀ ਪਾਰਟੀ ਪਹਿਲੀ ਸਥਿਤੀ ਨੂੰ ਸੁਧਾਰਨ ਵਿੱਚ ਕਾਮਯਾਬ ਰਹੀ ਹੈ, ਪਰ ਪੰਜਾਬ ਦੀ ਇੱਕ ਵੀ ਸ਼ਹਿਰੀ ਸੰਸਥਾ ਵਿੱਚ ਆਪਣਾ ਪ੍ਰਧਾਨ ਚੁਣ ਸਕਣ ਦਾ ਮਾਣ ਨਹੀਂ ਖੱਟ ਸਕੀ। ਇਸਦੇ ਪੰਜਾਬ ਦੇ ਪ੍ਰਧਾਨ ਦੀ ਦੋ ਵਾਰ ਜਿੱਤੀ ਲੋਕ ਸਭਾ ਸੀਟ ਅਤੇ ਜਿਨ੍ਹਾਂ ਹਲਕਿਆਂ ਵਿੱਚ ਇਸ ਪਾਰਟੀ ਦੇ ਵਿਧਾਇਕ ਬੈਠੇ ਹਨ, ਉਨ੍ਹਾਂ ਵਿੱਚ ਵੀ ਪਾਰਟੀ ਤੋਂ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਦੀ ਆਸ ਸੀ, ਉੰਨੀ ਉਹ ਨਹੀਂ ਵਿਖਾ ਸਕੇ। ਇਸ ਨਾਲ ਪਾਰਟੀ ਨੂੰ ਸੋਚਣਾ ਪੈਣਾ ਹੈ ਕਿ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸ ਨੂੰ ਕੀ ਕੁਝ ਕਰਨ ਦੀ ਲੋੜ ਹੈ ਤੇ ਇਹ ਵੀ ਕਿ ਦਿੱਲੀ ਤੋਂ ਇਸ ਪਾਰਟੀ ਦੀ ਲੀਡਰਸ਼ਿੱਪ ਜਿਹੜੇ ਤਜਰਬੇ ਕਰ ਰਹੀ ਹੈ, ਉਹ ਪੰਜਾਬ ਵਿੱਚ ਪਾਰਟੀ ਦਾ ਭਵਿੱਖ ਸੁਧਾਰਨ ਵਾਲੇ ਨਹੀਂ। ਪਹਿਲਾਂ ਇੱਕ ਸਾਊ ਆਦਮੀ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਲਾਇਆ ਅਤੇ ਫਿਰ ਉਸ ਨਾਲ ਸਹਾਇਕ ਇੰਚਾਰਜ ਇਹੋ ਜਿਹਾ ਵਿਅਕਤੀ ਲਾ ਦਿੱਤਾ ਜਿਸਦੇ ਅੰਦਰੋਂ ਲੀਡਰੀ ਦੀ ਖਾਹਿਸ਼ ਉਬਾਲੇ ਖਾ ਕੇ ਬਾਹਰ ਨੂੰ ਨਿਕਲਦੀ ਅਤੇ ਬਾਕੀ ਸਾਰਿਆਂ ਦੇ ਪੈਰ ਮਿੱਧਣ ਦਾ ਪ੍ਰਭਾਵ ਦਿੰਦੀ ਹੈ। ਉਸ ਦੀ ਇਸ ਤਰ੍ਹਾਂ ਦੀ ਪੇਸ਼ਕਾਰੀ ਇਸ ਪਾਰਟੀ ਦਾ ਕੁਝ ਸੰਵਾਰਨ ਦੀ ਥਾਂ ਪਾਰਟੀ ਦੇ ਲਈ ਭਵਿੱਖ ਵਿੱਚ ਮੁਸ਼ਕਲਾਂ ਪੈਦਾ ਕਰਨ ਦਾ ਕਾਰਨ ਬਣ ਸਕਦੀ ਹੈ, ਜਿਸ ਬਾਰੇ ਲੀਡਰਸ਼ਿੱਪ ਨੂੰ ਸੋਚਣਾ ਪਵੇਗਾ।
ਇਸ ਤੋਂ ਪਹਿਲਾਂ ਕਿ ਆਪਣੇ ਆਪ ਨੂੰ ਕਾਂਗਰਸ ਦਾ ਬਦਲ ਦੱਸ ਕੇ ਖੁਸ਼ ਹੁੰਦੇ ਅਕਾਲੀ ਆਗੂਆਂ ਦਾ ਜ਼ਿਕਰ ਕੀਤਾ ਜਾਵੇ, ਇੱਕ ਗੱਲ ਇਨ੍ਹਾਂ ਚੋਣਾਂ ਬਾਰੇ ਹੋਰ ਕਰਨੀ ਬਣਦੀ ਹੈ। ਗਿਆਨੀ ਜ਼ੈਲ ਸਿੰਘ ਦੇ ਰਾਜ ਵੇਲੇ ਪੰਜਾਬ ਦੀ ਵਿਧਾਨ ਸਭਾ ਵਿੱਚ ਕਮਿਊਨਿਸਟਾਂ ਦੇ ਗਿਆਰਾਂ ਮੈਂਬਰ ਹੁੰਦੇ ਸਨ, ਅਗਲੀ ਵਾਰੀ ਦੋਂਹ ਪਾਰਟੀਆਂ ਦੇ ਮਿਲਾ ਕੇ ਪੰਦਰਾਂ ਜਣੇ ਹੋ ਗਏ ਤੇ ਉਸ ਤੋਂ ਅਗਲੀ ਵਾਰੀ ਚੌਦਾਂ ਜਿੱਤੇ ਸਨ, ਪਰ ਪਿਛਲੀਆਂ ਚਾਰ ਕੁ ਵਾਰੀਆਂ ਤੋਂ ਕੋਈ ਵੀ ਨਹੀਂ ਜਿੱਤ ਸਕਿਆ। ਸ਼ਹਿਰਾਂ ਦੇ ਲਈ ਤਾਜ਼ਾ ਚੋਣਾਂ ਵਿੱਚ ਪੰਜਾਬ ਵਿੱਚ ਕਿਸੇ ਵੀ ਥਾਂ ਉਹ ਕੋਈ ਸੀਟ ਨਹੀਂ ਜਿੱਤ ਸਕੇ, ਪਰ ਮਾਨਸਾ ਜ਼ਿਲ੍ਹੇ ਵਿਚਲੇ ਜੋਗਾ ਕਸਬੇ ਵਿੱਚ ਉਨ੍ਹਾਂ ਨੇ ਤੇਰ੍ਹਾਂ ਵਿੱਚੋਂ ਬਾਰਾਂ ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਜ਼ਾਦੀ ਲਹਿਰ ਦੌਰਾਨ ਪਰਜਾ ਮੰਡਲ ਲਹਿਰ ਦੇ ਮੋਹਰੀ ਆਗੂ ਕਾਮਰੇਡ ਜਗੀਰ ਸਿੰਘ ਜੋਗਾ ਦੇ ਇਸ ਪਿੰਡ ਦੀ ਚੋਣ ਵਿੱਚ ਸੀ ਪੀ ਆਈ ਉਮੀਦਵਾਰਾਂ ਦੀ ਇਸ ਸ਼ਾਨਦਾਰ ਜਿੱਤ ਦੇ ਕਈ ਅਰਥ ਨਿਕਲੇ ਹਨ, ਜਿਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਨ੍ਹਾਂ ਦਾ ਆਧਾਰ ਅਜੇ ਵੀ ਕਾਇਮ ਹੈ। ਕਿਸਾਨਾਂ ਦੇ ਸੰਘਰਸ਼ ਦੌਰਾਨ ਖੱਬੇ ਪੱਖੀਆਂ ਦੀ ਸਰਗਰਮੀ ਜਿਸ ਤਰ੍ਹਾਂ ਲਗਾਤਾਰ ਰਹੀ ਅਤੇ ਜਿਹੜੇ ਸਿਰੜ ਦਾ ਇਨ੍ਹਾਂ ਦਾ ਪ੍ਰਭਾਵ ਆਮ ਲੋਕਾਂ ਉੱਤੇ ਪਿਆ ਹੈ, ਇਸ ਜਿੱਤ ਵਿੱਚ ਉਸ ਪ੍ਰਭਾਵ ਦਾ ਵੀ ਤਕੜਾ ਯੋਗਦਾਨ ਹੈ।
ਅਖੀਰ ਵਿੱਚ ਅਕਾਲੀ ਦਲ ਦੀ ਗੱਲ ਕਰਨੀ ਬਣਦੀ ਹੈ। ਇਸ ਪਾਰਟੀ ਨੇ ਇਹ ਦਾਅਵਾ ਕਰ ਦਿੱਤਾ ਹੈ ਕਿ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਇਹੋ ਪਾਰਟੀ ਕਾਂਗਰਸ ਦਾ ਅਸਲ ਬਦਲ ਬਣ ਸਕਦੀ ਹੈ। ਇਹੋ ਜਿਹੇ ਦਾਅਵੇ ਕਰਨ ਵਾਲੀ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੇ ਝਟਕੇ ਲੱਗੇ ਹਨ। ਬਠਿੰਡਾ ਸ਼ਹਿਰ ਤਰੇਹਠ ਸਾਲਾਂ ਤਕ ਅਕਾਲੀ ਦਲ ਦੀ ਪ੍ਰਧਾਨਗੀ ਹੇਠ ਰਿਹਾ ਸੀ, ਇਸ ਵਾਰ ਇਨ੍ਹਾਂ ਕੋਲੋਂ ਖੁੱਸ ਗਿਆ ਤਾਂ ਉਸ ਦੇ ਬਹਾਨੇ ਲੱਭੇ ਜਾ ਸਕਦੇ ਹਨ, ਪਰ ਮੁਕਤਸਰ ਸਾਹਿਬ, ਮਲੋਟ ਅਤੇ ਹੋਰ ਤਾਂ ਹੋਰ, ਜਲਾਲਾਬਾਦ ਵਰਗਾ ਸ਼ਹਿਰ, ਜਿੱਥੇ ਅਕਾਲੀ ਦਲ ਦਾ ਪ੍ਰਧਾਨ ਭਵਿੱਖ ਦਾ ਮੁੱਖ ਮੰਤਰੀ ਬਣਨ ਦੀ ਝਾਕ ਵਿੱਚ ਲਗਾਤਾਰ ਕੈਂਪ ਲਾ ਕੇ ਬੈਠਾ ਰਿਹਾ ਸੀ, ਉੱਥੇ ਵੀ ਹਾਰ ਝੱਲਣੀ ਪੈ ਗਈ ਹੈ। ਕਾਂਗਰਸ ਪਾਰਟੀ ਉੱਥੇ ਸਤਾਰਾਂ ਵਿੱਚੋਂ ਗਿਆਰਾਂ ਸੀਟਾਂ ਜਿੱਤ ਗਈ ਅਤੇ ਅਕਾਲੀ ਦਲ ਨੂੰ ਸਿਰਫ ਪੰਜ ਮਿਲੀਆਂ ਹਨ ਤਾਂ ਅਕਾਲੀ ਲੀਡਰਸ਼ਿੱਪ ਨੇ ਇਸਦਾ ਕਾਰਨ ਕਾਂਗਰਸ ਪਾਰਟੀ ਵੱਲੋਂ ਧੱਕੇਸ਼ਾਹੀ ਅਤੇ ਪੁਲਿਸ ਅਤੇ ਪ੍ਰਸ਼ਾਸਨ ਦੀ ਦੁਰਵਰਤੋਂ ਦੱਸਿਆ ਹੈ।
ਮਾਝੇ ਵਿੱਚ ਇਸੇ ਪਾਰਟੀ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਮਜੀਠਾ ਦੀ ਨਗਰ ਕੌਂਸਲ ਦੀਆਂ ਤੇਰਾਂ ਸੀਟਾਂ ਵਿੱਚੋਂ ਦਸ ਅਕਾਲੀ ਦਲ ਨੇ ਜਿੱਤੀਆਂ ਹਨ, ਪ੍ਰਸ਼ਾਸਨ ਦੀ ਦੁਰਵਰਤੋਂ ਹੋਈ ਹੁੰਦੀ ਤਾਂ ਉੱਥੇ ਵੀ ਕੀਤੀ ਜਾਣੀ ਸੀ ਤੇ ਬਿਕਰਮ ਸਿੰਘ ਨਾਲ ਕਾਂਗਰਸ ਦੀ ਕੁੜੱਤਣ ਉਂਜ ਵੀ ਸਿਖਰਾਂ ਉੱਤੇ ਹੈ, ਉਹ ਫਿਰ ਵੀ ਜਿੱਤ ਗਿਆ ਹੈ। ਸੁਖਬੀਰ ਸਿੰਘ ਬਾਦਲ ਨੂੰ ਹਕੀਕਤਾਂ ਨਾਲ ਅੱਖ ਮਿਲਾਉਣ ਦਾ ਹੌਸਲਾ ਦਿਖਾਉਣਾ ਚਾਹੀਦਾ ਹੈ ਤੇ ਹਕੀਕਤਾਂ ਇਹ ਹਨ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਕਿਸੇ ਵੀ ਕਿਸਮ ਦਾ ਕੋਈ ਰੌਲਾ ਨਹੀਂ ਪਿਆ, ਉਨ੍ਹਾਂ ਵਿੱਚ ਵੀ ਅਕਾਲੀ ਦਲ ਨੂੰ ਲੋਕਾਂ ਨੇ ਵੋਟਾਂ ਪਾਉਣ ਲਈ ਯੋਗ ਧਿਰ ਨਹੀਂ ਮੰਨਿਆ ਤੇ ਆਗੂ ਦੇ ਪੱਲੇ ਉੱਤੇ ਲੱਗੇ ਹੋਏ ਦਾਗ ਇਸ ਪਾਰਟੀ ਲਈ ਘਾਤਕ ਸਾਬਤ ਹੋਏ ਹਨ। ਇਸ ਪੱਖ ਤੋਂ ਪਾਰਟੀ ਅੰਦਰਲੇ ਸੀਨੀਅਰ ਆਗੂਆਂ ਨੂੰ ਨਵੇਂ ਸਿਰਿਉਂ ਸੋਚਣ ਅਤੇ ਫੈਸਲੇ ਲੈਣ ਦੀ ਲੋੜ ਪੈ ਸਕਦੀ ਹੈ।
ਮੁੜ ਕੇ ਆਈਏ ਕਾਂਗਰਸ ਪਾਰਟੀ ਦੇ ਇਸ ਵਹਿਮ ਵੱਲ ਕਿ ਆਮ ਲੋਕਾਂ ਵਿੱਚ ਇਸ ਪਾਰਟੀ ਦੇ ਹਰਮਨ ਪਿਆਰੇ ਹੋਣ ਦਾ ਸਿੱਟਾ ਇਨ੍ਹਾਂ ਚੋਣਾਂ ਵਿੱਚ ਜਿੱਤਾਂ ਦੇ ਰੂਪ ਵਿੱਚ ਨਿਕਲਿਆ ਹੈ। ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪਾਰਟੀ ਦੀ ਹਰਮਨ ਪਿਆਰਤਾ ਇੰਨੀ ਤਕੜੀ ਸੀ ਤਾਂ ਆਨੰਦਪੁਰ ਸਾਹਿਬ ਵਿੱਚ ਸਾਰੇ ਦੇ ਸਾਰੇ ਆਜ਼ਾਦ ਉਮੀਦਵਾਰ ਹੀ ਜਿੱਤਦੇ ਗਏ ਹਨ ਤੇ ਹੋਰ ਪਾਰਟੀਆਂ ਦੇ ਨਾਲ ਕਾਂਗਰਸ ਦੀ ਝੋਲੀ ਵੀ ਖਾਲੀ ਰਹੀ ਹੈ, ਉੱਥੇ ਹਰਮਨ ਪਿਆਰਤਾ ਕਿੱਧਰ ਚਲੀ ਗਈ ਸੀ! ਖਬਰਾਂ ਕਹਿੰਦੀਆਂ ਹਨ ਕਿ ਸ੍ਰੀ ਹਰਗੋਬਿੰਦਪੁਰ ਵਿੱਚ ਤੇਰਾਂ ਵਿੱਚੋਂ ਬਾਰਾਂ ਜਣੇ ਆਜ਼ਾਦ ਜਿੱਤੇ ਹਨ ਅਤੇ ਇਹ ਆਜ਼ਾਦ ਵੀ ਉਹੀ ਹਨ, ਜਿਹੜੇ ਟਰੈਕਟਰ ਦੇ ਚੋਣ ਨਿਸ਼ਾਨ ਉੱਤੇ ਚੋਣ ਲੜੇ ਸਨ। ਉੱਥੇ ਕਾਂਗਰਸ ਦੇ ਪੈਰ ਕਾਹਤੋਂ ਨਾ ਲੱਗ ਸਕੇ, ਇਹ ਗੱਲ ਵੀ ਕਾਂਗਰਸੀ ਆਗੂਆਂ ਨੂੰ ਸੋਚਣੀ ਚਾਹੀਦੀ ਹੈ।
ਰਾਜ ਕਰਦੀ ਪਾਰਟੀ ਚੋਣਾਂ ਵਿੱਚ ਹਮੇਸ਼ਾ ਧੱਕੇਸ਼ਾਹੀ ਕਰਨ ਵਾਸਤੇ ਯਤਨ ਕਰਦੀ ਹੁੰਦੀ ਹੈ, ਇਸ ਵਾਰੀ ਵੀ ਇਸਦੀਆਂ ਖਬਰਾਂ ਆਈਆਂ ਸਨ, ਫਿਰ ਵੀ ਕਈ ਸ਼ਹਿਰਾਂ ਵਿੱਚ ਖਬਰਾਂ ਬਣਨ ਜੋਗੇ ਰੌਲੇ ਤੋਂ ਬਿਨਾਂ ਇਹ ਪਾਰਟੀ ਸਭ ਸੀਟਾਂ ਨੂੰ ਹੂੰਝਾ ਮਰਨ ਵਿੱਚ ਕਾਮਯਾਬ ਰਹੀ ਹੈ ਤਾਂ ਉਸ ਤੋਂ ਇਹ ਬਹੁਤੀ ਖੁਸ਼ ਨਾ ਹੋਵੇ, ਆਪਣੀਆਂ ਕਮਜ਼ੋਰੀਆਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰੇ। ਇਹ ਆਮ ਕਿਹਾ ਜਾਂਦਾ ਹੈ ਕਿ ਜਦੋਂ ਰਾਜ ਕਰਦੀ ਪਾਰਟੀ ਆਮ ਚੋਣਾਂ ਤੋਂ ਪਹਿਲੇ ਸਾਲ ਵਿੱਚ ਵੱਡੀਆਂ ਜਿੱਤਾਂ ਜਿੱਤਦੀ ਹੈ ਤਾਂ ਉਹ ਇਸੇ ਵਹਿਮ ਹੇਠ ਕੰਮ ਕਰਨਾ ਛੱਡ ਕੇ ਅਗਲੀ ਵਾਰੀ ਫਿਰ ਪੱਕੀ ਜਿੱਤ ਦੇ ਸੁਪਨੇ ਲੈਣ ਲੱਗ ਜਾਂਦੀ ਹੁੰਦੀ ਹੈ। ਇਹੋ ਸੁਪਨੇ ਉਸ ਦੇ ਜੜ੍ਹੀਂ ਬੈਠ ਜਾਇਆ ਕਰਦੇ ਹਨ ਤੇ ਫਿਰ ਉਹ ‘ਹਰਮਨ ਪਿਆਰਤਾ’ ਦੇ ਵਹਿਮ ਕਾਰਨ ਹੀ ਇੱਦਾਂ ਦੀ ਸੱਟ ਖਾ ਜਾਂਦੀ ਹੈ ਕਿ ਉਸ ਨੂੰ ਲੋਕਾਂ ਮੂਹਰੇ ਜਾਣ ਲਈ ਬਹਾਨਾ ਵੀ ਨਹੀਂ ਲੱਭਦਾ ਹੁੰਦਾ। ਕਾਂਗਰਸ ਵੀ ਅੱਜਕੱਲ੍ਹ ਇਸੇ ਵਹਿਮ ਦੀ ਸ਼ਿਕਾਰ ਜਾਪਦੀ ਹੈ।
ਲੋਕਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਹੋਏ ਸੈਮੀ-ਫਾਈਨਲ ਵਰਗੇ ਚੋਣ-ਘੋਲ ਵਿੱਚ ਜਿਸ ਤਰ੍ਹਾਂ ਦਾ ਫਤਵਾ ਦਿੱਤਾ ਹੈ, ਉਸ ਤੋਂ ਇੱਕ ਨਵੀਂ ਚਰਚਾ ਵੀ ਛਿੜੀ ਹੈ ਕਿ ਕਿਸਾਨ ਸੰਘਰਸ਼ ਦੇ ਪ੍ਰਭਾਵ ਹੇਠ ਕਿਸੇ ਇੱਕ ਨਵੀਂ ਸਿਆਸੀ ਧਿਰ ਦਾ ਜਨਮ ਵੀ ਹੋ ਸਕਦਾ ਹੈ। ਸ੍ਰੀ ਹਰਗੋਬਿੰਦਪੁਰ ਦੇ ਚੋਣ-ਤਜਰਬੇ ਹੇਠ ਜੇ ਚਾਰ ਕਿਸਾਨ ਆਗੂ ਹੀ ਕੇਜਰੀਵਾਲ ਬਣਨ ਦਾ ਸੁਪਨਾ ਲੈ ਕੇ ਟਰੈਕਟਰ ਦਾ ਚੋਣ-ਨਿਸ਼ਾਨ ਚੁੱਕ ਕੇ ਤੁਰ ਪਏ ਤਾਂ ਦਮਗਜ਼ੇ ਮਾਰਨ ਵਾਲੀਆਂ ਧਿਰਾਂ ਦੇ ਆਗੂਆਂ ਨੂੰ ਭੱਜਿਆਂ ਰਾਹ ਨਹੀਂ ਲੱਭਣਾ। ਅਜੇ ਇਹ ਸਿਰਫ ਚਰਚਾ ਹੈ, ਕੱਲ੍ਹ ਨੂੰ ਕੀ ਹੋਵੇਗਾ, ਕੋਈ ਨਹੀਂ ਜਾਣਦਾ ਤੇ ਉਸ ਕੱਲ੍ਹ ਤੋਂ ਪਹਿਲਾਂ ਸਿਆਸੀ ਧਿਰਾਂ ਕੋਲ ਸੋਚਣ ਜੋਗਾ ਵਕਤ ਹੈ। ਚੋਣਾਂ ਨੇ ਸੋਚਣ ਦਾ ਮੌਕਾ ਸਭ ਨੂੰ ਦੇ ਦਿੱਤਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2599)
(ਸਰੋਕਾਰ ਨਾਲ ਸੰਪਰਕ ਲਈ: