JatinderPannu7ਗੱਲ ਗੁਜਰਾਤ ਜਾਂ ਉੱਤਰ ਪ੍ਰਦੇਸ਼ ਦੀ ਨਹੀਂ, ਸਾਰੇ ਭਾਰਤ ਦੀ ਹੈ, ਪਰ ਅਸੀਂ ...
(17 ਮਈ 2021)

 

ਰੂਸ ਵਿੱਚ ਚੱਲਦੇ ਸੋਵੀਅਤ ਯੂਨੀਅਨ ਦੇ ਅੰਤਲੇ ਦਿਨਾਂ ਵਿੱਚ ਉੱਭਰੇ ਆਗੂ ਮਿਖਾਈਲ ਗੋਰਬਾਚੇਵ ਨੂੰ ਮੈਂ ਕਦੀ ਨੇਕ ਬੰਦਾ ਨਹੀਂ ਸੀ ਮੰਨਿਆ, ਅੱਜ ਵੀ ਨਹੀਂ ਮੰਨ ਸਕਦਾ, ਇਹ ਮੇਰੀ ਨਿੱਜੀ ਸੋਚ ਹੈ, ਪਰ ਉਸ ਦੀ ਇੱਕ ਗੱਲ ਮੈਂ ਸਦਾ ਠੀਕ ਮੰਨਦਾ ਰਿਹਾ ਹਾਂਉਹ ਕਹਿੰਦਾ ਹੁੰਦਾ ਸੀ ਕਿ ਆਪਣੇ ਘਰ ਦਾ ਕੂੜਾ ਲੋਕਾਂ ਦੀ ਨਜ਼ਰ ਪੈਣ ਤੋਂ ਬਚਾਉਣ ਲਈ ਜਦੋਂ ਕੋਈ ਬੰਦਾ ਉਸ ਨੂੰ ਦਰੀ ਹੇਠ ਲੁਕਾਉਂਦਾ ਰਹੇਗਾ ਤਾਂ ਇੱਕ ਦਿਨ ਦਰੀ ਹੇਠ ਦੱਬਿਆ ਕੂੜਾ ਏਨੀ ਸੜ੍ਹਿਆਂਦ ਛੱਡੇਗਾ ਕਿ ਉਸ ਦੇ ਗਵਾਂਢੀ ਤੰਗ ਹੋ ਜਾਣਗੇ ਤੇ ਲੁਕਾਇਆ ਹੋਇਆ ਸਾਰਾ ਸੱਚ ਦੁਨੀਆ ਸਾਹਮਣੇ ਆ ਜਾਵੇਗਾ ਕਰੋਨਾ ਵਾਇਰਸ ਦੇ ਕਾਰਨ ਭਾਰਤ ਦੀ ਜਿਹੜੀ ਹਾਲਤ ਹੈ, ਉਸ ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਅਤੇ ਉਸ ਦੇ ਪੱਖ ਵਾਲੀਆਂ ਰਾਜ ਸਰਕਾਰਾਂ ਹੀ ਨਹੀਂ ਲੁਕਾ ਰਹੀਆਂ, ਦੇਸ਼ ਦੇ ਬਹੁਤ ਸਾਰੇ ਰਾਜਾਂ ਵਿੱਚ ਇਹੋ ਕੁਝ ਹੁੰਦਾ ਦਿਸਦਾ ਹੈਇਹ ਚਾਲਾਕੀ ਕਰਨ ਤੋਂ ਸ਼ਾਇਦ ਹੀ ਕੋਈ ਰਾਜ ਬਚਿਆ ਰਿਹਾ ਹੋਵੇ, ਬਾਕੀ ਸਭ ਥਾਂ ਹਾਕਮ ਆਪੋ-ਆਪਣੇ ਰਾਜ ਨੂੰ ਮਹਾਂਮਾਰੀ ਤੋਂ ਬਚਾ ਲਿਆ ਦੱਸਣ ’ਤੇ ਰਾਜਾਂ ਦੇ ਅਫਸਰ ਆਪੋ ਆਪਣੀ ਸਰਕਾਰ ਦਾ ਵਫਾਦਾਰ ਬਣਨ ਦੀ ਕੋਸ਼ਿਸ਼ ਵਿੱਚ ਕਰੋਨਾ ਦਾ ਕੌੜਾ ਸੱਚ ਦਰੀ ਹੇਠ ਦੱਬਣ ਵਾਸਤੇ ਸਿਰ ਪਰਨੇ ਹੋਏ ਦਿਖਾਈ ਦਿੰਦੇ ਹਨਪੰਜਾਬ ਵੀ ਇਸ ਤੋਂ ਬਚਿਆ ਨਹੀਂ ਰਿਹਾ

ਸੰਸਾਰ ਭਰ ਵਿੱਚ ਭਾਰਤ ਸਰਕਾਰ ਅਤੇ ਇਸਦੇ ‘ਪ੍ਰਧਾਨ ਸੇਵਕ’ ਕਹਾਉਣ ਵਾਲੇ, ਪਰ ਰਾਜਿਆਂ ਤੋਂ ਅੱਗੇ ਵਧ ਕੇ ‘ਇਲਾਹੀ ਦੂਤ’ ਜਾਂ ‘ਯੁਗ ਪੁਰਸ਼’ ਬਣਨ ਦੇ ਚਾਹਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਗੱਲੋਂ ਨਿੰਦਾ ਹੁੰਦੀ ਹੈ ਕਿ ਚੋਣਾਂ ਜਿੱਤਣ ਦੇ ਚੱਕਰ ਵਿੱਚ ਮਰਦੇ ਲੋਕਾਂ ਦੀ ਚਿੰਤਾ ਕਰਨੀ ਭੁੱਲ ਗਿਆ ਸੀਇਹ ਨਿੰਦਾ ਸਿਰਫ ਉਨ੍ਹਾਂ ਮੌਤਾਂ ਅਤੇ ਕੇਸਾਂ ਦੀ ਗਿਣਤੀ ਨਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਤਸਦੀਕ ਭਾਰਤ ਸਰਕਾਰ ਤੇ ਇਸਦੀਆਂ ਰਾਜ ਸਰਕਾਰਾਂ ਕਰਨ ਨੂੰ ਤਿਆਰ ਹਨ, ਅਸਲ ਸਥਿਤੀ ਪਤਾ ਲੱਗਦੀ ਹੈ ਤਾਂ ਦੰਦ ਜੁੜੇ ਰਹਿ ਜਾਂਦੇ ਹਨਇਸ ਹਫਤੇ ਇੱਕ ਦਿਨ ਇੰਗਲੈਂਡ ਦੇ ਇੱਕ ਸੰਸਾਰ ਪ੍ਰਸਿੱਧ ਮੀਡੀਆ ਚੈਨਲ ਨੇ ਗੁਜਰਾਤ ਦੀ ਕਹਾਣੀ ਪੇਸ਼ ਕੀਤੀ, ਜਿਹੜੀ ਗੁਜਰਾਤ ਰਾਜ ਦੇ ਇੱਕ ਅਖਬਾਰ ਦੇ ਸੰਪਾਦਕ ਤੇ ਉਸ ਦੇ ਪੱਤਰਕਾਰਾਂ ਨੇ ਸਾਹਮਣੇ ਲਿਆਂਦੀ ਸੀਉਨ੍ਹਾਂ ਨੇ ਸਰਕਾਰੀ ਅੰਕੜੇ ਪਾਸੇ ਰੱਖ ਕੇ ਸ਼ਮਸ਼ਾਨ ਘਾਟਾਂ ਵਿੱਚ ਸਾੜੀਆਂ ਗਈਆਂ ਲਾਸ਼ਾਂ ਦੇ ਅੰਕੜੇ ਪੜ੍ਹੇ ਅਤੇ ਦੱਸਿਆ ਸੀ ਕਿ ਜਿੰਨੇ ਲੋਕ ਗੁਜਰਾਤ ਦੀ ਸਰਕਾਰ ਮਰੇ ਦੱਸਦੀ ਹੈ, ਉਸ ਤੋਂ ਕਈ ਗੁਣਾਂ ਵੱਧ ਲੋਕਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਹੈਫਿਰ ਇੰਗਲੈਂਡ ਦੇ ਉਸ ਮੀਡੀਆ ਚੈਨਲ ਨੇ ਆਪਣੇ ਪੱਤਰਕਾਰਾਂ ਰਾਹੀਂ ਪਤਾ ਕਰਾਇਆ ਤੇ ਹੈਰਾਨੀ ਵਾਲਾ ਸੱਚ ਦੁਨੀਆ ਸਾਹਮਣੇ ਰੱਖਿਆ ਸੀਅਸੀਂ ਭਾਰਤ ਵਿੱਚ ਬੈਠੇ ਹੋਏ ਲੋਕ ਵੀ ਉਹ ਸੱਚ ਪੂਰਾ ਨਹੀਂ ਸਾਂ ਜਾਣਦੇ ਅਤੇ ਪੜ੍ਹ ਕੇ ਹੱਕੇ-ਬੱਕੇ ਰਹਿ ਗਏ ਸਾਂ। ਪਰ ਇਸਦੇ ਸਿਰਫ ਦੋ ਦਿਨ ਬਾਅਦ ਭਾਰਤ ਦੇ ਇੱਕ ਕੌਮੀ ਅਖਬਾਰ ਨੇ ਹੋਰ ਵੀ ਕੁਸੈਲੀ ਤਸਵੀਰ ਸਭ ਦੇ ਸਾਹਮਣੇ ਰੱਖ ਦਿੱਤੀ ਹੈ

ਹਿੰਦੀ ਭਾਸ਼ਾ ਦੇ ਸਿਖਰਲੇ ਤਿੰਨ ਅਖਬਾਰਾਂ ਵਿੱਚੋਂ ਇੱਕ ਦੀ ਖਬਰ ਕਹਿੰਦੀ ਹੈ ਕਿ ਗੁਜਰਾਤ ਵਿੱਚ ਬੀਤੇ 71 ਦਿਨਾਂ ਵਿੱਚ ਇੱਕ ਲੱਖ ਤੇਈ ਹਜ਼ਾਰ ਅੱਠ ਸੌ ਚੁਹੱਤਰ ਲੋਕਾਂ ਦੀ ਮੌਤ ਹੋਈ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕੀਤੇ ਜਾਣ ਪਿੱਛੋਂ ਰਾਜ ਸਰਕਾਰ ਨੇ ਇਨ੍ਹਾਂ ਇਕ੍ਹੱਤਰ ਦਿਨਾਂ ਵਿੱਚ ਬਤਾਲੀ ਸੌ ਅਠਾਰਾਂ ਮੌਤਾਂ ਕਰੋਨਾ ਦੀਆਂ ਮੰਨੀਆਂ ਹਨਬਾਕੀ ਮੌਤਾਂ ਬਾਰੇ ਏਨਾ ਲਿਖ ਦਿੱਤਾ ਕਿ ‘ਮੌਤ ਦਾ ਕਾਰਨ: ਬਿਮਾਰੀ’, ਪਰ ਬਿਮਾਰੀ ਦਾ ਨਾਂਅ ਨਹੀਂ ਲਿਖਿਆਹਾਲਤ ਇੱਥੋਂ ਪਤਾ ਲਗਦੀ ਹੈ ਕਿ ਬੀਤੇ ਮਾਰਚ ਵਿੱਚ ਗੁਜਰਾਤ ਵਿੱਚ ਕੁਲ 26, 026 ਲੋਕਾਂ ਦੀ ਮੌਤ ਹੋਈ ਅਤੇ ਫਿਰ ਅਪਰੈਲ ਵਿੱਚ ਮੌਤਾਂ ਦੀ ਲੜੀ ਲੱਗ ਕੇ 57, 796 ਲੋਕ ਮੌਤ ਦੀ ਝੋਲੀ ਪੈ ਗਏਅਪਰੈਲ ਮਹੀਨੇ ਦੀ ਇਸ ਗਿਣਤੀ ਦੇ ਬਾਅਦ ਮਈ ਦੇ ਪਹਿਲੇ ਸਿਰਫ ਦਸ ਦਿਨਾਂ ਵਿੱਚ ਉਸ ਰਾਜ ਵਿੱਚ 40, 051 ਮੌਤਾਂ ਹੋ ਗਈਆਂ ਹਨ, ਜਿਸਦਾ ਅਰਥ ਹੈ ਕਿ ਮਈ ਦੇ ਮੁੱਕਣ ਤਕ ਜੇ ਇਹੋ ਰਫਤਾਰ ਰਹੀ ਤਾਂ ਉਸ ਰਾਜ ਵਿੱਚ ਇੱਕ ਲੱਖ ਤੋਂ ਵੱਧ ਮੌਤਾਂ ਹੋਣਗੀਆਂ

ਇਸ ਗਿਣਤੀ ਦਾ ਮੁਕਾਬਲਾ ਜੇ ਪਿਛਲੇ ਸਾਲ ਨਾਲ ਕਰੀਏ ਤਾਂ ਅਪਰੈਲ 2020 ਵਿੱਚ ਉੱਥੇ 21, 591 ਮੌਤਾਂ ਹੋਈਆਂ ਸਨ, ਮੌਜੂਦਾ ਸਾਲ ਉਸੇ ਅਪਰੈਲ ਵਿੱਚ 57, 796 ਹੋ ਗਈਆਂਮਈ 2020 ਦੇ ਸਾਰੇ ਮਹੀਨੇ ਵਿੱਚ 13, 125 ਮੌਤਾਂ ਹੋਈਆਂ ਸਨ, ਇਸ ਵਾਰ ਉਸੇ ਮਈ ਦੇ ਦਸ ਦਿਨਾਂ ਵਿੱਚ ਮੌਤਾਂ ਦੀ ਗਿਣਤੀ 40, 051 ਤਕ ਜਾ ਪਹੁੰਚੀ ਹੈਸਰਕਾਰ ਦੇ ਅਧਿਕਾਰੀਆਂ ਨੇ ਰਿਕਾਰਡ ਵਿੱਚ ਮੌਤਾਂ ਦਾ ਕਾਰਨ ਕਰੋਨਾ ਨਹੀਂ ਲਿਖਿਆ ਤਾਂ ਨਾ ਸਹੀ, ਪਰ ਮਰਨ ਵਾਲਿਆਂ ਦੀ ਗਿਣਤੀ ਏਨੀ ਵਧ ਕਿਉਂ ਗਈ, ਇਹ ਗੱਲ ਜਾਨਣ ਦੀ ਕੋਸ਼ਿਸ਼ ਕਿਸੇ ਨੇ ਕਿਉਂ ਨਾ ਕੀਤੀ, ਇਸ ਬਾਰੇ ਸਭ ਚੁੱਪ ਵੱਟੀ ਬੈਠੇ ਹਨ

ਲੋਕ ਕਹਿੰਦੇ ਹਨ ਕਿ ਇਸ ਕਹਿਰ ਦੌਰਾਨ ਆਈ ਪੀ ਐੱਲ ਕ੍ਰਿਕਟ ਦੇ ਕਾਰਨ ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਮਾਣ ਹਾਸਲ ਕਰਨ ਵਾਲੇ ਅਹਿਮਦਾਬਾਦ ਵਿੱਚ ਕਰੋਨਾ ਦੇ ਕੇਸ ਵਧ ਗਏ ਸਨ, ਪਰ ਰਾਜ ਸਰਕਾਰ ਦੇ ਮੁਤਾਬਕ ਉਸ ਸ਼ਹਿਰ ਵਿੱਚ 71 ਦਿਨ ਵਿੱਚ 13, 593 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚੋਂ ਕਰੋਨਾ ਨਾਲ ਸਿਰਫ 2126 ਮਰੇ ਹਨਬਾਕੀ ਲੋਕ ਕਿਹੜੇ ਰੋਗ ਨਾਲ ਮਰ ਗਏ, ਕੋਈ ਦੱਸਣ ਵਾਲਾ ਨਹੀਂਇਸ ਸੱਚ ਦਾ ਸਾਹਮਣਾ ਕਰਨਾ ਕਿਸੇ ਲਈ ਵੀ ਔਖਾ ਹੈਰਾਜ ਸਰਕਾਰ ਅੱਗੋਂ ਕੇਂਦਰੀ ਹਾਕਮਾਂ ਕੋਲ ਪੇਸ਼ ਕਰਨ ਲਈ ਅੰਕੜਿਆਂ ਦੀ ਜਾਦੂਗਰੀ ਕਰਨ ਰੁੱਝੀ ਹੋਈ ਹੈ, ਪਰ ਅਸਲੀ ਕੰਮ ਘੱਟ ਹੋ ਰਿਹਾ ਹੈ

ਗੋਆ ਵਿੱਚ ਨਰਿੰਦਰ ਮੋਦੀ ਦੀ ਆਪਣੀ ਪਾਰਟੀ ਦੀ ਸਰਕਾਰ ਹੈ, ਜਿਸ ਵਿੱਚ ਆਕਸੀਜਨ ਦੀ ਸਪਲਾਈ ਰੁਕਣ ਨਾਲ ਗਿਆਰਾਂ ਮਈ ਨੂੰ ਛੱਬੀ ਲੋਕ ਮਰ ਗਏ, ਬਾਰਾਂ ਮਈ ਨੂੰ ਹੋਰ ਵੀਹ ਮੌਤਾਂ ਹੋਣ ਦੀ ਖਬਰ ਮਿਲੀ ਅਤੇ ਤੇਰਾਂ ਮਈ ਨੂੰ ਪੰਦਰਾਂ ਮਰੀਜ਼ਾਂ ਦੀ ਮੌਤ ਹੋ ਗਈਚੌਦਾਂ ਮਈ ਦੇ ਦਿਨ ਤੇਰਾਂ ਜਣੇ ਹੋਰ ਪ੍ਰਾਣ ਤਿਆਗ ਗਏਆਕਸੀਜਨ ਦਾ ਇਹ ਨੁਕਸ ਚਾਰ ਦਿਨ ਠੀਕ ਨਹੀਂ ਹੋ ਸਕਿਆ ਤਾਂ ਜ਼ਿੰਮੇਵਾਰੀ ਕਿਸ ਦੀ ਹੈ? ਕੋਈ ਇਸਦਾ ਜਵਾਬ ਨਹੀਂ ਦੇਵੇਗਾ

ਕਰਨਾਟਕਾ ਦੀ ਸਰਕਾਰ ਭਾਜਪਾ ਦੀ ਹੈ ਉੱਥੇ ਆਕਸੀਜਨ ਸਪਲਾਈ ਪੂਰੀ ਨਾ ਮਿਲ ਸਕੀ ਤਾਂ ਉਸ ਨੇ ਕੇਂਦਰ ਦੀ ਆਪਣੀ ਪਾਰਟੀ ਦੀ ਸਰਕਾਰ ਦੀ ਘੇਸਲ ਵੇਖ ਕੇ ਹਾਈ ਕੋਰਟ ਨੂੰ ਅਰਜ਼ੀ ਦੇ ਦਿੱਤੀਹਾਈ ਕੋਰਟ ਨੇ ਕੇਂਦਰ ਦੇ ਹਾਕਮਾਂ ਨੂੰ ਝਾੜ ਪਾਈ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਕਰਨਾਟਕਾ ਦੀ ਭਾਜਪਾ ਸਰਕਾਰ ਦੀ ਬਾਂਹ ਫੜਨ ਤੇ ਹਾਈ ਕੋਰਟ ਦਾ ਹੁਕਮ ਮੰਨਣ ਦੀ ਥਾਂ ਇਸਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਰਜ਼ੀ ਪਾ ਦਿੱਤੀਅੱਗੋਂ ਸੁਪਰੀਮ ਕੋਰਟ ਦੇ ਜੱਜਾਂ ਨੇ ਝਾੜ ਪਾਈ ਕਿ ਸਾਨੂੰ ਆਪਣੇ ਖਿਲਾਫ ਹੋਰ ਸਖਤੀ ਕਰਨ ਲਈ ਮਜਬੂਰ ਨਾ ਕਰੋ, ਕਰਨਾਟਕ ਦੀ ਹਾਈ ਕੋਰਟ ਦਾ ਹੁਕਮ ਮੰਨ ਕੇ ਉਸ ਰਾਜ ਦੀ ਸਰਕਾਰ ਦੀ ਮਦਦ ਕਰੋ। ਫਿਰ ਕੇਂਦਰ ਸਰਕਾਰ ਥੋੜ੍ਹਾ ਕੁ ਹਿੱਲੀਦਿੱਲੀ ਸਰਕਾਰ ਨਾਲ ਮੋਦੀ ਸਾਹਿਬ ਦੇ ਸਿਆਸੀ ਮੱਤਭੇਦ ਹੋਣ ਕਰ ਕੇ ਕੇਸ ਅਦਾਲਤ ਤਕ ਗਿਆ, ਪੰਜਾਬ ਨਾਲ ਵੀ ਮੱਤਭੇਦ ਹਨ, ਪਰ ਕਰਨਾਟਕ ਵਿੱਚ ਜੇ ਉਸ ਦੀ ਆਪਣੀ ਸਰਕਾਰ ਦੀ ਮਦਦ ਵੀ ਮੋਦੀ ਸਰਕਾਰ ਨਾ ਕਰੇ ਤਾਂ ਸੰਸਾਰ ਵਿੱਚ ਭੰਡੀ ਹੋਵੇਗੀ ਹੀ

ਜਿਹੜੇ ਅਖਬਾਰ ਨੇ ਗੁਜਰਾਤ ਦਾ ਸੱਚ ਸਾਹਮਣੇ ਲਿਆਂਦਾ ਹੈ, ਉਸ ਨੇ ਆਪਣੀ ਟੀਮ ਲਾ ਕੇ ਉੱਤਰ ਪ੍ਰਦੇਸ਼ ਵਿੱਚ ਜੋ ਕੁਝ ਹੁੰਦਾ ਸੁਣੀਂਦਾ ਸੀ, ਉਸ ਸੱਚ ਤੋਂ ਵੀ ਪਰਦਾ ਚੁੱਕਿਆ ਹੈਇਨ੍ਹਾਂ ਪੱਤਰਕਾਰਾਂ ਨੂੰ ਕਨੌਜ ਦੇ ਮਹਾਦੇਵੀ ਗੰਗਾ ਘਾਟ ਵਿੱਚ ਸਾਢੇ ਤਿੰਨ ਸੌ ਲਾਸ਼ਾਂ ਦੱਬੀਆਂ ਹੋਈਆਂ ਪਤਾ ਲੱਗੀਆਂਕਾਨਪੁਰ ਦੇ ਸ਼ੇਰੇਸ਼ਵਰ ਘਾਟ ਉੱਤੇ ਘੁੰਮਦਿਆਂ ਕਰੀਬ ਚਾਰ ਸੌ ਲਾਸ਼ਾਂ ਦੱਬੀਆਂ ਵੇਖੀਆਂ ਅਤੇ ਉਨ੍ਹਾਂ ਨੂੰ ਪੁੱਟ-ਪੁੱਟ ਕੇ ਕੁੱਤੇ ਖਾਂਦੇ ਦਿਸ ਪਏ ਤਾਂ ਪੁਲਿਸ ਆ ਗਈ ਅਤੇ ਛੇਤੀ-ਛੇਤੀ ਲਾਸ਼ਾਂ ਨੂੰ ਢਕਣ ਲਈ ਮਿੱਟੀ ਪਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ

ਵਾਰ-ਵਾਰ ਬਦਨਾਮੀ ਦਾ ਕਾਰਨ ਬਣਨ ਵਾਲੇ ਉਨਾਵ ਹਲਕੇ ਵਿੱਚ ਪੱਤਰਕਾਰਾਂ ਨੂੰ ਨੌਂ ਸੌ ਲਾਸ਼ਾਂ ਦੱਬੀਆਂ ਹੋਣ ਦਾ ਪਤਾ ਲੱਗਾ ਤਾਂ ਪੱਤਰਕਾਰਾਂ ਦੀ ਟੀਮ ਪਹੁੰਚਦੇ ਸਾਰ ਪ੍ਰਸ਼ਾਸਨ ਵੱਲੋਂ ਆਏ ਅਧਿਕਾਰੀਆਂ ਨੇ ਲਾਸ਼ਾਂ ਉੱਤੇ ਰੇਤ ਅਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾਫਤਹਿਪੁਰ ਵਿੱਚ ਵੀਹ ਲਾਸ਼ਾਂ ਮਿਲੀਆਂ ਤਾਂ ਫਤਹਿਪੁਰ ਅਤੇ ਉਨਾਵ, ਦੋਵਾਂ ਥਾਂਵਾਂ ਦੇ ਅਧਿਕਾਰੀ ਇਸ ਨੂੰ ਇੱਕ ਦੂਸਰੇ ਦੇ ਖੇਤਰ ਦਾ ਮਾਮਲਾ ਦੱਸਣ ਤੇ ਗਲੋਂ-ਗਲਾਵਾਂ ਲਾਹੁਣ ਲੱਗ ਪਏ

ਬਿਹਾਰ ਦੇ ਬਕਸਰ ਜ਼ਿਲ੍ਹੇ ਅਤੇ ਉੱਤਰ ਪ੍ਰਦੇਸ਼ ਦੇ ਨਾਲ ਲੱਗਦੇ ਗਾਜ਼ੀਪੁਰ ਦੇ ਕਰੀਬ ਗੰਗਾ ਨਦੀ ਕੰਢੇ ਲਾਸ਼ਾਂ ਮਿਲਣ ਦਾ ਰੌਲਾ ਪਿਆ ਸੀ। ਜ਼ਿਲ੍ਹਾ ਮੈਜਿਸਟਰੇਟ ਨੇ ਚਾਲੀ ਕੁ ਲਾਸ਼ਾਂ ਦੱਸੀਆਂ ਸਨ, ਦੱਬਣ ਵਾਲੇ ਮਜ਼ਦੂਰਾਂ ਨੇ ਇਕ੍ਹੱਤਰ ਦੱਸੀਆਂ, ਪਰ ਪੱਤਰਕਾਰਾਂ ਦੀ ਟੀਮ ਨੂੰ ਦੋ ਸੌ ਲਾਸ਼ਾਂ ਦੇ ਸਬੂਤ ਮਿਲੇ ਅਤੇ ਅਜੇ ਹੋਰ ਲਾਸ਼ਾਂ ਹੋਣ ਦੀ ਚਰਚਾ ਚੱਲ ਰਹੀ ਹੈਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਲਾਸ਼ਾਂ ਢਕ ਕੇ ਹਰ ਜ਼ਿਲ੍ਹੇ ਦੇ ਅਫਸਰ ਖੁਦ ਮੁੱਖ ਮੰਤਰੀ ਅਤੇ ਰਾਜ ਸਰਕਾਰ ਕੋਲ ‘ਬੀਬੇ ਰਾਣੇ’ ਬਣੇ ਰਹਿਣ ਦੇ ਚੱਕਰ ਵਿੱਚ ਅਣਮਨੁੱਖੀ ਵਿਹਾਰ ਇੱਦਾਂ ਦਾ ਕਰਦੇ ਹਨ ਕਿ ਉਨ੍ਹਾਂ ਦੇ ਮਨਾਂ ਉੱਤੇ ਕਿਸੇ ਤਰ੍ਹਾਂ ਦੀ ਚਿੰਤਾ ਦੀ ਕੋਈ ਲਕੀਰ ਤਕ ਦਿਖਾਈ ਨਹੀਂ ਦਿੰਦੀ

ਗੱਲ ਗੁਜਰਾਤ ਜਾਂ ਉੱਤਰ ਪ੍ਰਦੇਸ਼ ਦੀ ਨਹੀਂ, ਸਾਰੇ ਭਾਰਤ ਦੀ ਹੈ, ਪਰ ਅਸੀਂ ਇਨ੍ਹਾਂ ਦੋਂਹ ਰਾਜਾਂ ਦਾ ਜ਼ਿਕਰ ਇਸ ਕਰ ਕੇ ਕੀਤਾ ਹੈ ਕਿ ਦੇਸ਼ ਦਾ ‘ਪ੍ਰਧਾਨ ਸੇਵਕ’ ਅਖਵਾਉਣ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਸਿਆਸੀ ਪੜੁੱਲ ਤੋਂ ਛਾਲ ਮਾਰ ਕੇ ਦਿੱਲੀ ਪੁੱਜਾ ਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਹਲਕੇ ਦਾ ਪ੍ਰਤੀਨਿਧ ਹੈਅਸੀਂ ਇਸ ਵਕਤ ਬਾਕੀ ਰਾਜਾਂ ਦੀ ਗੱਲ ਨਹੀਂ ਛੇੜ ਰਹੇ ਤਾਂ ਇਸਦਾ ਮਤਲਬ ਨਹੀਂ ਕਿ ਉੱਥੇ ਹਾਲਤ ਚੰਗੀ ਹੈ। ਸੱਚ ਇਹ ਹੈ ਕਿ ਰਾਜ ਕਿਸੇ ਵੀ ਪਾਰਟੀ ਦਾ ਹੋਵੇ, ਬਹੁਤੇ ਥਾਂ ਆਮ ਇਨਸਾਨ ਦੀ ਬਦਨਸੀਬੀ ਇੱਕੋ ਜਿਹੀ ਹੈ, ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ ਪੰਜਾਬ ਦੇ ਅੰਕੜੇ ਵੀ ਸਰਕਾਰੀ ਹੋਰ ਤੇ ਹਕੀਕੀ ਹੋਰ ਮਿਲਦੇ ਹਨਜਦੋਂ ਧੁਰ ਉਤਲੀ ਛਤਰੀ ਦੀ ਮਿਹਰ ਵਾਲੇ ਰਾਜਾਂ ਦੇ ਹਾਕਮ ਕਰੋਨਾ ਵਾਇਰਸ ਦੇ ਕੇਸ ਅਤੇ ਮੌਤਾਂ ਘਟਾ ਕੇ ਦੱਸਦੇ ਹੋਣ, ਦੂਸਰੇ ਰਾਜਾਂ ਦੇ ਹਰ ਹਾਕਮ ਨੂੰ ਵੀ ਆਪਣਾ ਇਮੇਜ ਕਾਇਮ ਰੱਖਣ ਲਈ ਸਚਾਈ ਲੁਕਾਉਣ ਤੇ ਕੌੜੀਆਂ ਹਕੀਕਤਾਂ ਦਾ ਕੂੜਾ ਦਰੀ ਹੇਠ ਦਬਾਉਣ ਦਾ ਫਾਰਮੂਲਾ ਚੰਗਾ ਲੱਗਣ ਲੱਗਦਾ ਹੈ ਇਸਦਾ ਨਤੀਜਾ ਸਾਡੇ ਸਾਹਮਣੇ ਹੈਭਾਰਤ ਆਪਣੀ ਬਦਕਿਸਮਤੀ ਨੂੰ ਹੰਢਾ ਰਿਹਾ ਹੈ। ਹਾਕਮ ਰਾਜ-ਸੁਖ ਮਾਣ ਰਹੇ ਹਨ ਅਤੇ ਲੋਕ ਉਨ੍ਹਾਂ ਦਾ ਕੀਤਾ ਭੁਗਤ ਰਹੇ ਹਨਦਰੀ ਹੇਠ ਸਚਾਈ ਨੂੰ ਦਬਾਉਣ ਅਤੇ ਸਚਾਈ ਵੀ ਕਰੋਨਾ ਨਾਲ ਮਰਦੇ ਲੋਕਾਂ ਦੀਆਂ ਲਾਸ਼ਾਂ ਵਾਲੀ ਹੋਵੇ, ਉਸ ਨੂੰ ਲੁਕਾਉਣ ਦੇ ਬਾਅਦ ਇਸ ਦੇਸ਼ ਦੇ ਹਾਕਮਾਂ ਦੀ ਇਹ ਚੁਸਤ-ਚਲਾਕੀ ਇਸ ਦੇਸ਼ ਨੂੰ ਜਿਹੋ ਜਿਹੀ ਜਿੱਲ੍ਹਣ ਵਿੱਚ ਫਸਾ ਦੇਵੇਗੀ, ਉਸ ਵਿੱਚੋਂ ਫਿਰ ਕਦੀ ਨਿਕਲਿਆ ਨਹੀਂ ਜਾਣਾ

**

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2785)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author