JatinderPannu7ਅਗਲੇ ਦਿਨੀਂ ਜਿਹੜੇ ਦਾਅ ਵਰਤਣ ਦੇ ਸੰਕੇਤ ਉਸ ਵੱਲੋਂ ਮਿਲ ਰਹੇ ਹਨਉਨ੍ਹਾਂ ਬਾਰੇ ...
(12 ਦਸੰਬਰ 2021)

 

ਪੰਜਾਬ ਇਸ ਵੇਲੇ ਵਿਧਾਨ ਸਭਾ ਚੋਣਾਂ ਵੱਲ ਵਧ ਰਿਹਾ ਹੈਦਿਨੋ-ਦਿਨ ਉਹ ਘੜੀ ਨੇੜੇ ਆਈ ਜਾਂਦੀ ਹੈ, ਜਦੋਂ ਲੋਕਾਂ ਨੇ ਵੋਟਾਂ ਪਾਉਣੀਆਂ ਅਤੇ ਆਗੂ ਚੁਣਨੇ ਹਨ, ਜਿਹੜੇ ਅਗਲੇ ਪੰਜ ਸਾਲਾਂ ਲਈ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧ ਵਜੋਂ ਭਵਿੱਖ ਨਕਸ਼ਾ ਸੁਧਾਰਨ ਦੇ ਜ਼ਿੰਮੇਵਾਰ ਹੋਣਗੇ, ਪਰ ਅਮਲ ਵਿੱਚ ਜਿੱਦਾਂ ਅੱਗੇ ਹੁੰਦਾ ਰਿਹਾ ਹੈ, ਉਸ ਕਾਰਨ ਆਸ ਰੱਖਣੀ ਫਜ਼ੂਲ ਹੈ ਕਿ ਉਹ ਮਾਣ-ਸਨਮਾਨ ਬਖਸ਼ਣ ਵਾਲੇ ਵੋਟਰਾਂ ਦਾ ਚੇਤਾ ਵੀ ਰੱਖਣਗੇਬਿਨਾਂ ਸਿਧਾਂਤ ਤੋਂ ਕੁਰਸੀਆਂ ਦੀ ਝਾਕ ਵਿੱਚ ਜਣਾ-ਖਣਾ ਆਗੂ ਬਣਨ ਤੁਰ ਪੈਂਦਾ ਹੈ ਤੇ ਆਗੂ ਬਣਨਾ ਵੀ ਔਖਾ ਨਹੀਂ, ਬੰਦੇ ਕੋਲ ਥੋੜ੍ਹਾ ਜਿਹਾ ਪੈਸਾ ਹੋਵੇ, ਲੋਕਾਂ ਦੀ ਨਜ਼ਰ ਵਿੱਚ ਲੀਡਰ ਬਣਾ ਕੇ ਪੇਸ਼ ਕਰਨ ਵਾਲਿਆਂ ਦੀ ਲਾਈਨ ਲੱਗ ਜਾਂਦੀ ਹੈਕਿਸੇ ਵੱਡੇ ਰਾਜਸੀ ਆਗੂ ਨਾਲ ਕਿਸੇ ਤਰ੍ਹਾਂ ਦਾ ਉਸ ਦਾ ਰਿਸ਼ਤਾ ਹੋਵੇ ਤੇ ਉਹ ਉਸ ਰਿਸ਼ਤੇ ਨੂੰ ਵਰਤਣਾ ਜਾਣਦਾ ਹੋਵੇ ਤਾਂ ਆਪਣੇ ਲਈ ਮੈਦਾਨ ਬਣਾ ਲੈਣ ਵਿੱਚ ਉਸ ਨੂੰ ਉਂਜ ਹੀ ਦੇਰ ਨਹੀਂ ਲਗਦੀਚਾਰ ਥਾਂਈਂ ਆਪਣੇ ਰਿਸ਼ਤੇਦਾਰ ਲੀਡਰ ਦੇ ਸਮਾਗਮ ਕਰਵਾਉਣ ਦਾ ਨਾਟਕ ਕਰ ਲਏ, ਫਿਰ ਚਾਰ ਥਾਂਈਂ ਉਸ ਲੀਡਰ ਨਾਲ ਜਾਂਦਿਆਂ ਸਟੇਜ ਸੈਕਟਰੀ ਨੂੰ ਕਹਿ ਕੇ ਭਾਸ਼ਣ ਕਰਨ ਲਈ ਵਕਤ ਕੱਢਵਾ ਲਵੇ ਤੇ ਉਸ ਭਾਸ਼ਣ ਵਾਲੀਆਂ ਫੋਟੋ ਚਾਰ ਅਖਬਾਰਾਂ ਵਿੱਚ ਛਪਵਾ ਲਵੇ ਤਾਂ ਉਹ ‘ਸੀਨੀਅਰ ਲੀਡਰ’ ਬਣ ਜਾਂਦਾ ਹੈ

ਅੱਜ ਜਦੋਂ ਇੱਕ ਵਾਰ ਫਿਰ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਬਣਿਆ ਪਿਆ ਹੈ, ਉਦੋਂ ਕਈ ਲੀਡਰਾਂ ਦੇ ਕਾਕੇ ਅਤੇ ਚਹੇਤੇ ਰਿਸ਼ਤੇਦਾਰ ਰਾਤੋ-ਰਾਤ ਲੀਡਰ ਬਣਨ ਅਤੇ ਇੱਕ ਜਾਂ ਦੂਸਰੇ ‘ਹਲਕੇ ਦੇ ਲੋਕਾਂ ਦੀ ਮੰਗ’ ਦੱਸ ਕੇ ਟਿਕਟਾਂ ਵਾਸਤੇ ਦਾਅਵੇਦਾਰ ਬਣਦੇ ਆਮ ਮਿਲ ਜਾਂਦੇ ਹਨਉਨ੍ਹਾਂ ਵਿੱਚੋਂ ਕਈਆਂ ਨੂੰ ਟਿਕਟਾਂ ਮਿਲ ਵੀ ਜਾਣੀਆਂ ਹਨਪੰਜਾਬ ਦੀਆਂ ਸਭ ਪਾਰਟੀਆਂ ਵਿੱਚ ਇੱਦਾਂ ਦਾ ਕਲਚਰ ਹੈ, ਜਿਸ ਕਰ ਕੇ ਕਿਸੇ ਇੱਕ ਜਾਂ ਦੂਸਰੀ ਦਾ ਨਾਂਅ ਲੈਣ ਦੀ ਲੋੜ ਨਹੀਂਸਰਕਾਰ ਚਲਾ ਰਹੀ ਪਾਰਟੀ ਵਿੱਚ ਇੱਦਾਂ ਦੇ ਲੋਕ ਵੱਧ ਹਨ ਇਸਦਾ ਕਾਰਨ ਇਹ ਹੈ ਕਿ ਰਾਜ ਕਰਦਿਆਂ ਜਿਹੋ ਜਿਹੀ ਕਮਾਈ ਰਾਤ-ਦਿਨ ਦੋਵੇਂ ਹੱਥੀਂ ਕੀਤੀ ਜਾਂਦੀ ਆਮ ਲੋਕ ਸੁਣਦੇ ਹਨ, ਉਸ ਕਮਾਈ ਨੂੰ ਸੰਭਾਲਣ ਵਾਲਿਆਂ ਦੀ ਪਲਟਣ ਵੀ ਓਡੀ ਹੀ ਵੱਡੀ ਚਾਹੀਦੀ ਹੈ ਤੇ ਜਿਹੜੇ ਲੋਕ ਇਨ੍ਹਾਂ ਕੰਮਾਂ ਲਈ ਵਰਤੇ ਜਾਂਦੇ ਹਨ, ਉਹ ਇੰਨੇ ਰਾਜ਼ ਜਾਣ ਜਾਂਦੇ ਹਨ ਕਿ ਟਿਕਟ ਮੰਗਣ ਤਾਂ ਉਨ੍ਹਾਂ ਨੂੰ ਇਨਕਾਰ ਕਰਨ ਦਾ ਮਤਲਬ ਆਪਣੀ ਭੇਦਾਂ ਦੀ ਖੇਹ ਉਡਾਉਣ ਦਾ ਰਿਸਕ ਲੈਣਾ ਹੁੰਦਾ ਹੈਇਸ ਕਰਕੇ ਲੀਡਰਾਂ ਨਾਲ ਲੱਗੇ ਹੋਏ ਇੱਦਾਂ ਦੇ ਬੰਦਿਆਂ ਦੀ ਗਿਣਤੀ ਰਾਜ ਕਰਦੀ ਪਾਰਟੀ ਦੇ ਲੀਡਰਾਂ ਵੱਲ ਵੱਧ ਹੋ ਸਕਦੀ ਹੈ, ਪਰ ਵਿਰੋਧੀ ਧਿਰ ਵਿੱਚ ਬੈਠਦੇ ਆਗੂਆਂ ਦੇ ਨਾਲ ਵੀ ਇੱਦਾਂ ਦੇ ਲੋਕਾਂ ਦੀ ਛੋਟੀ ਗਿਣਤੀ ਨਹੀਂ ਹੁੰਦੀ

ਜਿਹੜੇ ਲੋਕ ਪਹਿਲਾਂ ਕਿਸੇ ਨਾ ਕਿਸੇ ਰੁਤਬੇ ਉੱਤੇ ਜਾ ਚੁੱਕੇ ਹੁੰਦੇ ਹਨ ਅਤੇ ਫਿਰ ਉਹ ਰੁਤਬਾ ਬਚਾਉਣਾ ਜਾਂ ਹੋਰ ਵੱਡਾ ਰੁਤਬਾ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਹਰ ਵਾਰ ਚੋਣਾਂ ਨੇੜੇ ਆਉਣ ਨਾਲ ਬੇਸ਼ਰਮ ਹੋਣ ਦੇ ਰਿਕਾਰਡ ਤੋੜਨ ਲੱਗਦੇ ਹਨਸਾਡੇ ਪੰਜਾਬ ਦੀ ਅੱਜ ਵਾਲੀ ਵਿਧਾਨ ਸਭਾ ਦੇ ਮੈਂਬਰਾਂ ਦਾ ਪਿਛੋਕੜ ਜਦੋਂ ਅਸੀਂ ਫੋਲਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਦੋ ਦਰਜਨ ਤੋਂ ਵੱਧ ਆਪਣੇ ਬਾਪ-ਦਾਦੇ ਜਾਂ ਰਿਸ਼ਤੇ ਵਿੱਚ ਕਿਸੇ ਆਗੂ ਨਾਲ ਨੇੜਲੇ ਸੰਬੰਧਾਂ ਕਰ ਕੇ ਵਿਧਾਇਕ ਬਣੇ ਸਨਕਰੀਬ ਸੱਤਵਾਂ ਹਿੱਸਾ ਉਹ ਲੋਕ ਇਸ ਵਿਧਾਨ ਸਭਾ ਦੇ ਮੈਂਬਰ ਹਨ, ਜਿਹੜੇ ਕਦੇ ਨਾ ਕਦੇ ਇੱਕ ਪਾਰਟੀ ਤੋਂ ਦੂਸਰੀ ਵੱਲ ਛੜੱਪੇ ਮਾਰ ਚੁੱਕੇ ਹਨ ਅਤੇ ਕੁਝ ਲੋਕ ਤਾਂ ਤੀਸਰੀ ਜਾਂ ਚੌਥੀ ਪਾਰਟੀ ਤਕ ਦੇ ਛੜੱਪੇ ਮਾਰਨ ਪਿੱਛੋਂ ਵੀ ਆਗੂ ਮੰਨੇ ਜਾਂਦੇ ਹਨਇਹੋ ਜਿਹੇ ਲੋਕ ਅੱਜ ਵਾਲੀ ਵਿਧਾਨ ਸਭਾ ਵਿੱਚ ਹੀ ਨਹੀਂ, ਅਗਲੀ ਵਾਰ ਜਿਹੜੇ ਚੁਣ ਕੇ ਆਉਣੇ ਹਨ, ਉਹ ਵੀ ਬਹੁਤ ਸਾਰੇ, ਬਲਕਿ ਅੱਜ ਵਾਲੇ ਵਿਧਾਇਕਾਂ ਤੋਂ ਵੱਧ ਇੱਦਾਂ ਦੇ ਹੋਣਗੇ

ਕੁਝ ਹਫਤੇ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮੰਤਰੀ ਇਹ ਕੁਰਸੀ ਛੱਡਣ ਲਈ ਮਜਬੂਰ ਹੋਇਆ ਤਾਂ ਉਹ ਆਪਣੀ ਪਾਰਟੀ ਵੀ ਛੱਡ ਗਿਆਫਿਰ ਉਸ ਨੇ ਇੱਕ ਨਵੀਂ ਕਾਂਗਰਸ ਪਾਰਟੀ ਬਣਾਈ ਅਤੇ ਇਹ ਆਸ ਰੱਖੀ ਬੈਠਾ ਹੈ ਕਿ ਜਿਸ ਦਿਨ ਅਗਲੀਆਂ ਚੋਣਾਂ ਲਈ ਤਰੀਕਾਂ ਦਾ ਐਲਾਨ ਹੋਣਾ ਤੇ ਚੋਣ ਜ਼ਾਬਤਾ ਲਾਇਆ ਜਾਣਾ ਹੈ, ਉਸ ਦਿਨ ਦੂਸਰੀਆਂ ਪਾਰਟੀਆਂ ਵਿੱਚੋਂ ਤੇ ਖਾਸ ਕਰ ਕੇ ਕਾਂਗਰਸ ਵਿੱਚੋਂ ਕਈ ਮੌਜੂਦਾ ਵਿਧਾਇਕ ਤੇ ਸ਼ਾਇਦ ਕੁਝ ਮੰਤਰੀ ਵੀ ਉਸ ਨਾਲ ਆ ਜੁੜਨਗੇਸਾਫ ਹੈ ਕਿ ਖੁਦ ਤਿੰਨ ਪਾਰਟੀਆਂ ਬਦਲ ਚੁੱਕਾ ਆਗੂ ਇਸ ਨਵੀਂ ਪਾਰਟੀ ਦਾ ਮੁੱਢ ਹੀ ਇੱਦਾਂ ਦੇ ਦਲ-ਬਦਲੂਆਂ ਨਾਲ ਬੰਨ੍ਹਣ ਦੀ ਤਾਕ ਵਿੱਚ ਹੈ, ਜਿਹੜੇ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਾਰਨ ਕਬੂਤਰ ਵਾਂਗ ਉਡਾਰੀ ਮਾਰ ਕੇ ਇਸ ਲੀਡਰ ਦੇ ਚੁਬਾਰੇ ਉੱਤੇ ਆ ਬੈਠਣਗੇਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਕਾਂਗਰਸ ਦੇ ਪੰਝੀ ਦੇ ਕਰੀਬ ਵਿਧਾਇਕ ਉਸ ਨਾਲ ਜੁੜਨ ਨੂੰ ਤਿਆਰ ਹਨ, ਪਰ ਉਹ ਇਹੋ ਜਿਹੇ ਦਲਬਦਲੂਆਂ ਲਈ ਆਪਣੇ ਦਰਵਾਜ਼ੇ ਨਹੀਂ ਖੋਲ੍ਹਣਾ ਚਾਹੁੰਦੀਇਹ ਗੱਲ ਹੋ ਵੀ ਸਕਦੀ ਹੈ ਅਤੇ ਹਵਾ ਬੰਨ੍ਹਣ ਲਈ ਯੱਕੜ ਮਾਰਿਆ ਵੀ ਹੋਵੇ ਤਾਂ ਹੈਰਾਨੀ ਵਾਲੀ ਕੋਈ ਗੱਲ ਨਹੀਂ ਇੱਦਾਂ ਦਾ ਦਾਅਵਾ ਉਸ ਪਾਰਟੀ ਨੇ ਅਕਾਲੀ ਦਲ ਬਾਰੇ ਵੀ ਕੀਤਾ ਹੈਅਕਾਲੀ ਆਗੂ ਵੀ ਇੱਦਾਂ ਦੀ ਗੱਲ ਕਈ ਵਾਰ ਕਹਿ ਚੁੱਕੇ ਹਨ ਕਿ ਕਾਂਗਰਸ ਹੀ ਨਹੀਂ, ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਅਗਲੇ ਦਿਨਾਂ ਵਿੱਚ ਉਨ੍ਹਾਂ ਵੱਲ ਆ ਸਕਦੇ ਹਨਜਦੋਂ ਆਇਆ ਤੇ ਜਿਹੜਾ ਕੋਈ ਵੀ ਉਨ੍ਹਾਂ ਕੋਲ ਆ ਗਿਆ, ਨਾ ਆਮ ਆਦਮੀ ਪਾਰਟੀ ਨੇ ਕਦੀ ਮੋੜਨ ਦੀ ਲੋੜ ਸਮਝੀ ਹੈ, ਨਾ ਅਕਾਲੀ ਦਲ ਨੇ ਮੋੜਨਾ ਹੈ ਅਤੇ ਨਾ ਉਸ ਕਾਂਗਰਸ ਪਾਰਟੀ ਨੇ, ਜਿਸ ਨੇ ਇਸੇ ਸਾਲ ਅੱਠ ਜਣੇ ਆਮ ਆਦਮੀ ਪਾਰਟੀ ਵਿੱਚੋਂ ਖਿੱਚ ਕੇ ਆਪਣੇ ਵਿੱਚ ਮਿਲਾਏ ਹਨਇਨ੍ਹਾਂ ਵਿੱਚੋਂ ਤਿੰਨ ਜਣੇ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਉੱਤੇ ਇੱਧਰ ਆਏ ਸਨ ਤੇ ਉਸ ਵੱਲੋਂ ਪਾਰਟੀ ਛੱਡਣ ਪਿੱਛੋਂ ਕੋਈ ਕਦਰ ਨਾ ਪੈਂਦੀ ਵੇਖ ਕੇ ਅਸੈਂਬਲੀ ਮੈਂਬਰੀ ਤੋਂ ਹੀ ਅਸਤੀਫੇ ਦੇ ਗਏ ਹਨਇੱਕ ਜਣਾ ਵਿਧਾਨ ਸਭਾ ਮੈਂਬਰੀ ਤੋਂ ਅਯੋਗ ਕਰਾਰ ਦਿੱਤੇ ਜਾਣ ਦੇ ਬਾਅਦ ਟਿਕਟ ਦੀ ਝਾਕ ਵਿੱਚ ਇੱਧਰ ਆਇਆ ਤੇ ਇੱਕ ਬੀਬੀ ਇਸ ਲਈ ਕਾਂਗਰਸ ਵਿੱਚ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਟਿਕਟ ਨਾ ਦੇਣ ਦਾ ਇਸ਼ਾਰਾ ਅਗੇਤਾ ਹੀ ਕਰ ਦਿੱਤਾ ਸੀਇਸ ਤੋਂ ਕਾਂਗਰਸ ਵਾਲੇ ਇਹ ਸਮਝਦੇ ਹਨ ਕਿ ਉਨ੍ਹਾਂ ਵੱਲ ਲੋਕ ਆਈ ਜਾਂਦੇ ਹਨ, ਪਰ ਉਹ ਚੇਤਾ ਭੁਲਾ ਦਿੰਦੇ ਹਨ ਕਿ ਲੋਕ ਉਨ੍ਹਾਂ ਵੱਲ ਨਹੀਂ, ਸੱਤਾ ਵੱਲ ਆਏ ਹਨ ਜਦੋਂ ਹਵਾ ਦਾ ਰੁਖ ਬਦਲ ਰਿਹਾ ਦਿੱਸੇਗਾ ਤਾਂ ਉਹ ਰਾਤੋ-ਰਾਤ ਕਿਸੇ ਹੋਰ ਪਾਸੇ ਜਾਣ ਵਿੱਚ ਵੀ ਪਲ ਨਹੀਂ ਲਾਉਣਗੇਬਿਨਾਂ ਕਿਸੇ ਸਿਧਾਂਤ ਤੋਂ ਸੱਤਾ ਸੁਖ ਲਈ ਜਿਨ੍ਹਾਂ ਲੋਕਾਂ ਨੇ ਪਹਿਲਾਂ ਛੜੱਪੇ ਮਾਰਦਿਆਂ ਸ਼ਰਮ ਨਹੀਂ ਸੀ ਕੀਤੀ, ਅੱਗੋਂ ਵੀ ਕਦੇ ਨਹੀਂ ਕਰਨਗੇ

ਅਕਾਲੀ ਦਲ ਨੇ ਪਿਛਲੇ ਦਿਨਾਂ ਵਿੱਚ ਇਹੋ ਜਿਹੇ ਕੁਝ ਲੋਕ ਨਾਲ ਮਿਲਾਏ ਹਨ, ਪਰ ਕਾਂਗਰਸੀਆਂ ਤੋਂ ਉਲਟ ਇਸ ਪਾਸੇ ਮੌਜੂਦਾ ਦੀ ਬਜਾਏ ਸਾਬਕਾ ਵਿਧਾਇਕਾਂ ਦੀ ਲਾਈਨ ਹੀ ਲਗਦੀ ਦਿੱਸੀ ਹੈਉਨ੍ਹਾਂ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵਾਰੀ ‘ਅਭੀ ਨਹੀਂ ਤੋਂ ਕਭੀ ਨਹੀਂ’ ਵਾਲੀ ਸੋਚ ਨਾਲ ਚੋਣਾਂ ਦੇ ਮੈਦਾਨ ਵਿੱਚ ਹੈਉਸ ਦੇ ਸਾਹਮਣੇ ਵੱਡੀ ਚੁਣੌਤੀ ਹੈ ਕਿ ਜੇ ਇਸ ਵਾਰੀ ਆਪਣੀ ਪਾਰਟੀ ਨੂੰ ਰਾਜ-ਗੱਦੀ ਤਕ ਨਾ ਪੁਚਾ ਸਕਿਆ ਤਾਂ ਅਗਲੀ ਵਾਰੀ ਪਾਰਟੀ ਦੀ ਅਗਵਾਈ ਵੀ ਉਸ ਦੇ ਹੱਥੋਂ ਨਿਕਲ ਸਕਦੀ ਹੈਪਿਛਲੀ ਵਾਰ ਦੀਆਂ ਚੋਣਾਂ ਵਿੱਚ ਪਾਰਟੀ ਦੀ ਸਿਰਫ ਹਾਰ ਹੀ ਨਹੀਂ ਸੀ ਹੋਈ, ਪਾਰਟੀ ਦੀ ਹੈਸੀਅਤ ਇੰਨੀ ਪਾਣੀਉਂ ਪਤਲੀ ਹੋ ਗਈ ਸੀ ਕਿ ਜਦੋਂ ਚੋਣਾਂ ਦਾ ਰਿਵੀਊ ਕਰਨ ਦੇ ਲਈ ਸੀਨੀਅਰ ਲੀਡਰ ਬੈਠੇ ਸਨ ਤਾਂ ਉਸ ਦੀ ਪ੍ਰਧਾਨਗੀ ਨੂੰ ਚੁਣੌਤੀ ਉਦੋਂ ਵੀ ਦੇ ਦਿੱਤੀ ਗਈ ਸੀਉਸ ਵੇਲੇ ਕਈ ਵੱਡੇ ਲੀਡਰ ਸਿੱਧੇ ਉਸ ਦੇ ਨਾਲ ਖੜੋਤੇ ਸਨ ਜਾਂ ਉਸ ਦੇ ਪਿਤਾ ਜੀ ਦੀ ਸ਼ਰਮ ਕਾਰਨ ਨਾਲ ਖੜੋਤੇ ਸਨ, ਪਰ ਉਸ ਵੇਲੇ ਉਹ ਚੁਣੌਤੀ ਟਲ ਗਈ ਸੀ ਇਹੋ ਜਿਹੀ ਹਾਰ ਇਸ ਵਾਰ ਵੀ ਹੋ ਗਈ ਤਾਂ ਚੁਣੌਤੀ ਦੇਣ ਵਾਲਿਆਂ ਦੀ ਗਿਣਤੀ ਤੇ ਦਬਾਅ, ਦੋਵੇਂ ਵਧਣ ਦਾ ਡਰ ਹੈਆਮ ਆਦਮੀ ਪਾਰਟੀ ਜਦੋਂ ਪਿਛਲੀ ਵਾਰੀ ਜਿੱਤ ਦੀ ਵੱਡੀ ਆਸ ਲਾਈ ਬੈਠੀ ਸੀ ਤੇ ਸੌ ਸੀਟਾਂ ਜਿੱਤਣ ਦੇ ਦਾਅਵੇ ਕਰਦੀ ਮਸਾਂ ਵੀਹ ਕੁ ਸੀਟਾਂ ਉੱਤੇ ਸਿਮਟ ਗਈ ਸੀ, ਉਸ ਦੇ ਬਾਅਦ ਉਸ ਦੇ ਆਗੂ ਮੰਨਦੇ ਸਨ ਕਿ ਅਸੀਂ ‘ਜਿੱਤੀ ਹੋਣੀ ਚੋਣ ਕਿੱਦਾਂ ਹਾਰੀਏ’ ਵਾਲੀ ਕਿਤਾਬ ਲਿਖ ਸਕਦੇ ਹਾਂਪਿਛਲੇ ਦਿਨੀਂ ਉਨ੍ਹਾਂ ਦੇ ਆਗੂਆਂ ਨਾਲ ਮਿਲਣ ਦਾ ਸਬੱਬ ਬਣਿਆ ਤਾਂ ਅਸੀਂ ਹਾਸੇ ਵਿੱਚ ਕਿਹਾ ਸੀ ਕਿ ਜਿਹੜੀ ਕਿਤਾਬ ਤੁਸੀਂ ਪਿਛਲੀ ਵਾਰੀ ਲਿਖ ਸਕਦੇ ਸੀ, ਪਰ ਉਦੋਂ ਲਿਖੀ ਨਹੀਂ ਸੀ, ਜੇ ਤੁਹਾਡੀ ਨੀਤੀ ਦਾ ਚੱਕਾ ਇੱਦਾਂ ਹੀ ਚੱਲਦਾ ਰਿਹਾ ਤਾਂ ਤੁਸੀਂ ਉਸੇ ਕਿਤਾਬ ਦੀ ਦੂਸਰੀ ਐਡੀਸ਼ਨ ਵੀ ਨਾਲ ਹੀ ਲਿਖਣ ਜੋਗੇ ਹੋ ਜਾਓਗੇ

ਇੱਕ ਪਾਰਟੀ ਦਾ ਜ਼ਿਕਰ ਅਸੀਂ ਇਸ ਲਿਖਤ ਵਿੱਚ ਨਹੀਂ ਕੀਤਾ ਅਤੇ ਦੇਸ਼ ਉੱਤੇ ਰਾਜ ਕਰਦੀ ਉਸ ਪਾਰਟੀ ਬਾਰੇ ਜ਼ਿਕਰ ਇਸ ਲਈ ਨਹੀਂ ਕੀਤਾ ਕਿ ਉਹ ਕਿਸੇ ਵੱਡੀ ਤਾਕ ਵਿੱਚ ਅਜੇ ਪੱਤੇ ਨਹੀਂ ਖੋਲ੍ਹ ਰਹੀਅਗਲੇ ਦਿਨੀਂ ਜਿਹੜੇ ਦਾਅ ਵਰਤਣ ਦੇ ਸੰਕੇਤ ਉਸ ਵੱਲੋਂ ਮਿਲ ਰਹੇ ਹਨ, ਉਨ੍ਹਾਂ ਬਾਰੇ ਅਗੇਤਾ ਕੁਝ ਕਹਿਣਾ ਔਖਾ ਹੈਉਨ੍ਹਾਂ ਦੇ ਇਹ ਸੰਕੇਤ ਵੇਖਣੇ ਸ਼ੁਰੂ ਕਰੀਏ ਤਾਂ ਵਿਧਾਨ ਸਭਾ ਚੋਣਾਂ ਦੀ ਇਸ ਵਕਤ ਚੱਲਦੀ ਸਾਰੀ ਮੁਹਿੰਮ ਦਾ ਰੁਖ਼ ਹੀ ਪਲਟ ਸਕਦਾ ਹੈਉਹ ਸੰਕੇਤ ਅਸਲੋਂ ਚੁੱਪ-ਚੁਪੀਤੇ ਦਾਅ ਖੇਡਣ ਵਾਲੇ ਸੁਣੇ ਜਾਂਦੇ ਹਨਪੰਜਾਬ ਦੀ ਰਾਜਨੀਤੀ ਲਈ ਇਹੀ ਦਾਅ ਹੋਰ ਸਾਰੇ ਪੱਖਾਂ ਉੱਤੇ ਭਾਰੂ ਹੋਣ ਦਾ ਯਤਨ ਬਣ ਸਕਦਾ ਹੈ, ਇੰਨਾ ਭਾਰੂ, ਕਿ ਕਈ ਧਨੰਤਰ ਵੀ ਚੱਕਰ ਵਿੱਚ ਪੈ ਸਕਦੇ ਹਨ

*****

ਇਸ ਸਮੇਂ ‘ਸਰੋਕਾਰ’ ਦੇ ਸਾਥੀ: 432.

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3200)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author