“ਭਾਜਪਾ ਲੀਡਰਾਂ ਦੀ ਬੁੱਕਲ ਵਿੱਚ ਖੜੋ ਕੇ ਉਸ ਨੇ ਕਹਿ ਦਿੱਤਾ ਕਿ ਉਹ ਸਾਰੇ ਭਾਰਤ ਵਿਚਲੇ ਸਿੱਖਾਂ ਦੇ ...”
(5 ਦਸੰਬਰ 2021)
ਅਗਲੇ ਸਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਸਰਪੱਟ ਦੌੜਾਂ ਲਾ ਰਹੇ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਵਾਲੇ ਪ੍ਰਮੁੱਖ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਦਲਬਦਲੀ ਕਰਨ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਇੱਕ ਵੱਡਾ ਝਟਕਾ ਲੱਗਾ ਹੈ। ਮਨਜਿੰਦਰ ਸਿੰਘ ਸਿਰਸਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ, ਪਰ ਬੀਤੇ ਅਗਸਤ ਵਿੱਚ ਹੋਈਆਂ ਚੋਣਾਂ ਵਿੱਚ ਪਾਰਟੀ ਜਿੱਤ ਗਈ, ਸਿਰਸਾ ਆਪਣੇ ਵਾਲੀ ਸੀਟ ਤੋਂ ਹਾਰ ਗਿਆ ਸੀ। ਬਾਅਦ ਵਿੱਚ ਉਹ ਇੱਕ ਪਿੱਛੋਂ ਦੂਜੇ ਕੇਸ ਵਿੱਚ ਉਲਝਦਾ ਗਿਆ ਅਤੇ ਇੱਕ ਦਿਨ ਬਾਦਲ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ। ਦਿੱਲੀ ਗੁਰਦੁਆਰਾ ਕਮੇਟੀ ਦੀ ਨਵੀਂ ਟੀਮ ਕਾਨੂੰਨੀ ਤੌਰ ਉੱਤੇ ਹਾਲੇ ਬਣੀ ਨਹੀਂ ਸੀ ਤੇ ਸਿਰਸਾ ਉਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਸੀ। ਜਾਣ ਲੱਗਾ ਉਹ ਇਸ ਅਹੁਦੇ ਤੋਂ ਅਸਤੀਫਾ ਦੇ ਗਿਆ ਤੇ ਭਾਜਪਾ ਲੀਡਰਾਂ ਦੀ ਬੁੱਕਲ ਵਿੱਚ ਖੜੋ ਕੇ ਉਸ ਨੇ ਕਹਿ ਦਿੱਤਾ ਕਿ ਉਹ ਸਾਰੇ ਭਾਰਤ ਵਿਚਲੇ ਸਿੱਖਾਂ ਦੇ ਹਿਤਾਂ ਵਾਸਤੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਆਇਆ ਹੈ। ਅਕਾਲੀ ਲੀਡਰਸ਼ਿੱਪ ਨੇ ਇਸ ਤੋਂ ਉਲਟ ਸਟੈਂਡ ਲੈ ਲਿਆ। ਪਹਿਲਾਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਹ ਕਿਹਾ ਕਿ ਸਿਰਸਾ ਨੂੰ ਕੇਸਾਂ ਵਿੱਚ ਗ੍ਰਿਫਤਾਰ ਕਰਨ ਦਾ ਡਰਾਵਾ ਦੇ ਕੇ ਭਾਜਪਾ ਨੇ ਆਪਣੇ ਵੱਲ ਖਿੱਚਿਆ ਹੈ। ਫਿਰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਤੋਂ ਕਹਾਇਆ ਕਿ ਜਿੱਦਾਂ ਮੁਗਲ ਬਾਦਸ਼ਾਹ ਧਰਮ ਬਦਲੀ ਜਾਂ ਮੌਤ ਵਿੱਚੋਂ ਇੱਕ ਪਾਸਾ ਚੁਣਨ ਨੂੰ ਆਖਦੇ ਸਨ, ਕੇਂਦਰ ਸਰਕਾਰ ਨੇ ਸਿਰਸੇ ਨੂੰ ਜੇਲ੍ਹ ਜਾਂ ਭਾਜਪਾ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਹਿ ਕੇ ਦਲਬਦਲੀ ਕਰਵਾਈ ਹੈ। ਜਥੇਦਾਰ ਨੇ ਇਹ ਵੀ ਕਿਹਾ ਕਿ ਮਨਜਿੰਦਰ ਸਿੰਘ ਸਿਰਸੇ ਨੇ ਉਸ ਨੂੰ ਫੋਨ ਉੱਤੇ ਅਗੇਤਾ ਹੀ ਦੱਸ ਦਿੱਤਾ ਸੀ ਕਿ ਕੇਂਦਰ ਸਰਕਾਰ ਆਹ ਦਬਾਅ ਪਾ ਰਹੀ ਹੈ।
ਸਾਰਿਆਂ ਤੋਂ ਪਿੱਛੋਂ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੋਲਿਆ ਕਿ ਮਨਜਿੰਦਰ ਸਿੰਘ ਸਿਰਸਾ ਨੇ ਦੋ ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਭਾਜਪਾ ਜੇਲ੍ਹ ਜਾਣ ਦਾ ਡਰਾਵਾ ਦੇ ਕੇ ਆਪਣੇ ਨਾਲ ਆਉਣ ਨੂੰ ਕਹਿੰਦੀ ਹੈ ਤੇ ਇਸ ਬਾਰੇ ਵਟਸਐਪ ਮੈਸੇਜ ਵੀ ਕਰ ਦਿੱਤਾ ਸੀ। ਜੇ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਸਹੀ ਹੈ ਤਾਂ ਮਨਜਿੰਦਰ ਸਿੰਘ ਸਿਰਸੇ ਦੀ ਸਾਰੇ ਦੇਸ਼ ਦੇ ਸਿੱਖਾਂ ਦੇ ਭਲੇ ਲਈ ਦਲਬਦਲੀ ਦੀ ਗੱਲ ਕੱਟਣ ਲਈ ਉਸ ਨੂੰ ਸਿਰਸੇ ਦਾ ਵਟਸਐਪ ਮੈਸੇਜ ਲੋਕਾਂ ਨੂੰ ਦਿਖਾ ਦੇਣਾ ਚਾਹੀਦਾ ਸੀ। ਉਸ ਨੇ ਇਹ ਕੰਮ ਨਹੀਂ ਕੀਤਾ। ਇਸਦੀ ਬਜਾਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਉਂਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਨੇ ਸਭ ਤੋਂ ਵੱਧ ਹਿੱਸਾ ਪਾਇਆ ਹੈ, ਭਾਜਪਾ ਲੀਡਰਸ਼ਿੱਪ ਉਸੇ ਕੌੜ ਕਾਰਨ ਸਿੱਖਾਂ ਦੀ ਸੰਸਥਾ ਅਕਾਲੀ ਦਲ ਨੂੰ ਖਤਮ ਕਰਨ ਤੇ ਦਿੱਲੀ ਦੇ ਗੁਰਦੁਆਰਿਆਂ ਉੱਤੇ ਕਬਜ਼ਾ ਕਰਨ ਦੀ ਸਾਜ਼ਿਸ਼ ਕਰ ਰਹੀ ਹੈ। ਉਸ ਦਾ ਕਹਿਣ ਦਾ ਢੰਗ ਇੱਦਾਂ ਦਾ ਹੈ, ਜਿਵੇਂ ਭਾਜਪਾ ਨਾਲ ਬੜੀ ਕੌੜ ਰੱਖੀ ਬੈਠੀ ਹੋਵੇ ਤੇ ਭਾਵੇਂ ਇਹ ਵੀ ਕਹਿੰਦਾ ਹੈ ਕਿ ਅਕਾਲੀ ਦਲ ਇਨ੍ਹਾਂ ਸਾਜ਼ਿਸ਼ਾਂ ਤੋਂ ਘਬਰਾਉਣ ਵਾਲਾ ਨਹੀਂ, ਪਰ ਨਾਲ ਹੀ ਇਹ ਗੱਲ ਵੀ ਕਹੀ ਜਾਂਦਾ ਹੈ ਕਿ ਭਾਜਪਾ ਸਾਡੇ ਦਿੱਲੀ ਦੇ ਆਗੂਆਂ ਨੂੰ ਤੋੜਨ ਲਈ ਕੇਂਦਰ ਦੀਆਂ ਜਾਂਚ ਏਜੰਸੀਆਂ ਵੀ ਵਰਤਣ ਲੱਗ ਪਈ ਹੈ।
ਕਿਸੇ ਵੀ ਰਾਜ ਦੀ ਚੋਣ ਵਿੱਚ ਭਾਜਪਾ ਜਿਸ ਤਰ੍ਹਾਂ ਕੇਂਦਰ ਦੀਆਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ, ਲੋਕ ਪੱਛਮੀ ਬੰਗਾਲ ਵਿੱਚ ਉਸ ਦੀ ਵੱਡੀ ਵੰਨਗੀ ਵੇਖ ਚੁੱਕੇ ਹਨ। ਭਾਜਪਾ ਪੰਜਾਬ ਵਿੱਚ ਵੀ ਇਹੋ ਕਰਨਾ ਚਾਹੇਗੀ। ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਗੱਲ ਮੰਨਣੀ ਮੁਸ਼ਕਲ ਜਾਪਦੀ ਹੈ, ਉਹ ਇਹ ਹੈ ਕਿ ਜਿਹੜੇ ਦਿੱਲੀ ਦੇ ਆਗੂ ਇਨ੍ਹਾਂ ਨੂੰ ਆਪਣੇ ਪੱਕੇ ਸਾਥੀ ਲੱਗਦੇ ਹਨ, ਉਹ ਭਾਜਪਾ ਦੇ ਨਿਸ਼ਾਨ ਉੱਤੇ ਚੋਣਾਂ ਲੜ ਚੁੱਕੇ ਹੋਣ ਕਾਰਨ ਪਹਿਲਾਂ ਹੀ ਉਨ੍ਹਾਂ ਦੇ ਸੰਪਰਕ ਵਿੱਚ ਸਨ। ਮਨਜਿੰਦਰ ਸਿੰਘ ਸਿਰਸਾ ਨੂੰ ਸਿਆਸੀ ਆਗੂ ਵਜੋਂ ਜਦੋਂ ਲੋਕ ਜਾਣਦੇ ਨਹੀਂ ਸਨ, ਉਦੋਂ ਉਸ ਨੇ ਦਿੱਲੀ ਅਸੈਂਬਲੀ ਦੇ ਜੰਗਪੁਰਾ ਹਲਕੇ ਤੋਂ ਸਾਲ 2008 ਵਿੱਚ ਭਾਜਪਾ ਦੇ ਨਿਸ਼ਾਨ ਕਮਲ ਦੇ ਫੁੱਲ ਨਾਲ ਚੋਣ ਲੜੀ ਤੇ ਕਾਂਗਰਸ ਪਾਰਟੀ ਦੇ ਤਰਵਿੰਦਰ ਸਿੰਘ ਮਰਵਾਹਾ ਤੋਂ ਹਾਰਿਆ ਸੀ। ਫਿਰ ਸਾਲ 2012 ਵਿੱਚ ਉਸ ਦੀ ਪਤਨੀ ਸਤਵਿੰਦਰ ਕੌਰ ਸਿਰਸਾ ਦੱਖਣੀ ਦਿੱਲੀ ਨਗਰ ਨਿਗਮ ਦੇ ਪੰਜਾਬੀ ਬਾਗ ਵਾਰਡ ਤੋਂ ਭਾਜਪਾ ਦੇ ਉਸੇ ਚੋਣ ਨਿਸ਼ਾਨ ਨਾਲ ਚੋਣ ਲੜੀ ਤੇ ਜਿੱਤੀ ਸੀ। ਬਾਅਦ ਵਿੱਚ ਉਹ ਅਕਾਲੀ ਦਲ ਵਿੱਚ ਆਇਆ ਅਤੇ ਰਾਕੇਟ ਵਾਂਗ ਚੜ੍ਹਦਾ ਹੋਇਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰਨ ਤਕ ਵੀ ਪਹੁੰਚ ਗਿਆ ਸੀ। ਇਸ ਦੌਰਾਨ ਸਾਲ 2017 ਵਿੱਚ ਜਰਨੈਲ ਸਿੰਘ ਵੱਲੋਂ ਵਿਹਲੀ ਕੀਤੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਉਪ ਚੋਣ ਲੜਨ ਲਈ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਲਾਹ ਨਾਲ ਭਾਜਪਾ ਦੇ ਚੋਣ ਨਿਸ਼ਾਨ ਵਾਲਾ ਉਮੀਦਵਾਰ ਬਣਿਆ ਤੇ ਜਿੱਤਿਆ ਸੀ। ਅੱਜ ਵਾਲੀਆਂ ਗੱਲਾਂ ਛੋਟੇ ਬਾਦਲ ਨੂੰ ਉਦੋਂ ਸੋਚਣੀਆਂ ਚਾਹੀਦੀਆਂ ਸਨ ਕਿ ਇਹ ਬੰਦਾ ਭਾਜਪਾ ਵੱਲ ਨੂੰ ਛੜੱਪਾ ਵੀ ਮਾਰ ਸਕਦਾ ਹੈ।
ਮਨਜਿੰਦਰ ਸਿੰਘ ਸਿਰਸਾ ਦੀ ਦਲਬਦਲੀ ਦੇ ਬਾਅਦ ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਹੈ ਅਤੇ ਸੁਖਬੀਰ ਸਿੰਘ ਦੇ ਕਹਿਣ ਉੱਤੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਹਿ ਦਿੱਤਾ ਹੈ ਕਿ ਭਾਜਪਾ ਸਿੱਖਾਂ ਦੇ ਧਾਰਮਿਕ ਅਸਥਾਨਾਂ ਉੱਤੇ ਕਬਜ਼ੇ ਕਰਨ ਲਈ ਯਤਨ ਕਰ ਰਹੀ ਹੈ। ਜਦੋਂ ਭਾਜਪਾ ਵੱਲੋਂ ਵਾਰ-ਵਾਰ ਚੋਣਾਂ ਲੜ ਚੁੱਕੇ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਿੱਤੀ ਸੀ, ਭਾਜਪਾ ਦਾ ਪੈਰ-ਧਰਾਵਾ ਤਾਂ ਉਦੋਂ ਹੀ ਹੋ ਗਿਆ ਸੀ। ਸਿਰਸਾ ਦੇ ਜਾਣ ਪਿੱਛੋਂ ਬਾਦਲ ਅਕਾਲੀ ਦਲ ਦੀ ਟੇਕ ਹਰਮੀਤ ਸਿੰਘ ਕਾਲਕਾ ਉੱਤੇ ਹੈ, ਪਰ ਉਹ ਵੀ 2015 ਵਿੱਚ ਵਿਧਾਨ ਸਭਾ ਲਈ ਕਾਲਕਾਜੀ ਹਲਕੇ ਤੋਂ ਭਾਜਪਾ ਟਿਕਟ ਉੱਤੇ ਚੋਣ ਲੜ ਚੁੱਕਾ ਹੈ। ਇੱਕ ਜਣਾ ਭਾਜਪਾ ਵਿੱਚ ਹੈ, ਉਸ ਪਿੱਛੋਂ ਫਿਰ ਉਹ ਹਰਮੀਤ ਸਿੰਘ ਕਾਲਕਾ ਅਕਾਲੀ ਆਗੂ ਵਜੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਵੱਡਾ ਪ੍ਰਬੰਧਕ ਹੈ, ਜਿਹੜਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਬਣਦਾ ਰਿਹਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਾਦਲ ਅਕਾਲੀ ਦਲ ਦੇ ਮੈਂਬਰਾਂ ਵਿੱਚੋਂ ਸਾਡੀ ਜਾਣਕਾਰੀ ਮੁਤਾਬਕ ਅੱਜ ਵੀ ਚਾਰ ਜਣੇ ਉਹ ਹਨ, ਜਿਹੜੇ ਉੱਥੇ ਤਾਂ ਅਕਾਲੀ ਦਲ ਦੇ ਆਗੂ ਹਨ ਅਤੇ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਦੇ ਕੌਂਸਲਰ ਹਨ। ਸੰਸਾਰ ਦੇ ਸਿੱਖਾਂ ਦੀ ਸ਼ਰਧਾ ਵਾਲੇ ਧਾਰਮਿਕ ਸਥਾਨਾਂ ਵਿੱਚ ਸਭ ਤੋਂ ਪਹਿਲਾ ਨਾਂ ਪੰਜ ਤਖਤ ਸਾਹਿਬਾਨ ਦਾ ਹੁੰਦਾ ਹੈ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਦਸਵੇਂ ਗੁਰੂ ਸਾਹਿਬ ਦੇ ਜਨਮ ਸਥਾਨ ਵਾਲੇ ਤਖਤ ਸਾਹਿਬ ਦਾ ਪ੍ਰਧਾਨ ਅੱਜਕੱਲ੍ਹ ਅਵਤਾਰ ਸਿੰਘ ਹਿਤ ਹੈ। ਉਸ ਨੂੰ ਵੀ ਇਹ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਹੈ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਰਿਕਾਰਡ ਹੋਰ ਫੋਲਿਆ ਜਾਵੇ ਤਾਂ ਅਵਤਾਰ ਸਿੰਘ ਹਿਤ ਵੀ ਸਾਲ 2015 ਵਿੱਚ ਹਰੀ ਨਗਰ ਹਲਕੇ ਤੋਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਨਾਲ ਚੋਣ ਲੜ ਅਤੇ ਹਾਰ ਚੁੱਕਾ ਹੈ। ਕਹਿਣ ਨੂੰ ਉਹ ਵੀ ਬਾਦਲ ਅਕਾਲੀ ਦਲ ਦਾ ਆਗੂ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਹੈ, ਪਰ ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ ਉਹ ਭਾਜਪਾ ਆਗੂ ਹੈ।
ਹੈਰਾਨੀ ਇਸ ਗੱਲ ਦੀ ਨਹੀਂ ਕਿ ਅਕਾਲੀ ਦਲ ਬਾਦਲ ਦੇ ਆਗੂ ਵਾਰੀ-ਵਾਰੀ ਇਸ ਨੂੰ ਛੱਡ ਕੇ ਭਾਜਪਾ ਵੱਲ ਤੁਰੇ ਜਾਂਦੇ ਹਨ, ਸਗੋਂ ਇਸ ਗੱਲ ਕਰ ਕੇ ਹੈ ਕਿ ਬਾਦਲ ਅਕਾਲੀ ਦਲ ਇਨ੍ਹਾਂ ਨੂੰ ਆਪਣੇ ਮੰਨੀ ਜਾਂਦਾ ਹੈ। ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਦਲ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਸ਼ ਲਾਉਂਦਾ ਹੈ ਕਿ ਭਾਜਪਾ ਸਿੱਖ ਧਰਮ ਅਸਥਾਨਾਂ ਉੱਤੇ ਕਬਜ਼ਾ ਕਰ ਲੈਣਾ ਚਾਹੁੰਦੀ ਹੈ, ਪਰ ਸਚਾਈ ਇਹ ਹੈ ਕਿ ਭਾਜਪਾ ਉਮੀਦਵਾਰ ਬਣ ਚੁੱਕੇ ਬੰਦਿਆਂ ਨੂੰ ਆਪਣੇ ਬੰਦੇ ਮੰਨ ਕੇ ਦਿੱਲੀ ਤੋਂ ਪਟਨਾ ਸਾਹਿਬ ਤਕ ਉਨ੍ਹਾਂ ਦਾ ਕਬਜ਼ਾ ਬਾਦਲ ਦਲ ਖੁਦ ਕਰਵਾ ਚੁੱਕਾ ਹੈ। ਸਾਰਾ ਕੁਝ ਭਾਜਪਾ ਦੀ ਝੋਲੀ ਖੁਦ ਪਾ ਚੁੱਕਣ ਪਿੱਛੋਂ ਇੱਦਾਂ ਦੀ ਚਿੰਤਾ ਦਾ ਕੋਈ ਫਾਇਦਾ ਹੋਣਾ ਨਹੀਂ ਤੇ ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਰਪੱਟ ਦੌੜਾਂ ਲਾਉਣ ਦਾ ਭਰਮ ਪਾਉਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਸਚਾਈ ਮੰਨਣੀ ਔਖੀ ਹੋ ਰਹੀ ਹੈ ਕਿ ਉਸ ਦੀਆਂ ਤਿਕੜਮਾਂ ਪੁੱਠੀਆਂ ਪਈਆਂ ਹਨ। ਇੰਨੀ ਵੱਡੀ ਸੱਟ ਖਾਣ ਪਿੱਛੋਂ ਆਮ ਆਦਮੀ ਇਹ ਸੋਚਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਤੋਂ ਗਲਤੀ ਕਿੱਥੇ ਰਹੀ ਹੈ ਤੇ ਅੱਗੇ ਤੋਂ ਬਚਣ ਦਾ ਯਤਨ ਕਰਦਾ ਹੈ, ਪਰ ਸੁਖਬੀਰ ਸਿੰਘ ਬਾਦਲ ਇਹ ਵੀ ਕਰਨ ਨੂੰ ਤਿਆਰ ਨਹੀਂ। ਇਸਦਾ ਅਸਰ ਸ਼ਾਇਦ ਉਸ ਪੰਜਾਬ ਦੀਆਂ ਵਿਧਾਨ ਸਭਾ ਚੋਣ ਦੌਰਾਨ ਦਿਸੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3185)
(ਸਰੋਕਾਰ ਨਾਲ ਸੰਪਰਕ ਲਈ: