“ਇੱਕ ਖਾਸ ਧਿਰ ਵੱਲੋਂ ਉਭਾਰੀ ਜਾਂਦੀ ਸੋਚ ਕਾਰਨ ਦੂਸਰੀਆਂ ਧਿਰਾਂ ਵੀ ਸ਼ਬਦ ‘ਹਿੰਦੁਸਤਾਨ’ ਦੇ ਨਾਲ ...”
(10 ਅਪਰੈਲ 2023)
ਇਸ ਸਮੇਂ ਪਾਠਕ: 30.
ਸਿਆਸਤ ਦੀਆਂ ਲੋੜਾਂ ਵਾਸਤੇ ਚੱਲਦੀ ਹੋਈ ਬਹਿਸ ਅਚਾਨਕ ਭਾਰਤ ਦੇਸ਼ ਦੇ ਨਾਂਅ ਅਤੇ ਇਸ ਨਾਂਅ ਦੇ ਮੁੱਢ ਤਕ ਵੀ ਜਾ ਪਹੁੰਚੀ ਹੈ। ਮੈਨੂੰ ਬੜੀ ਵਾਰੀ ਇਹ ਉਲਾਂਭਾ ਸੁਣਨ ਨੂੰ ਮਿਲਿਆ ਹੈ ਕਿ ਤੂੰ ਆਪਣੀਆਂ ਲਿਖਤਾਂ ਜਾਂ ਭਾਸ਼ਣਾਂ ਵਿੱਚ ਭਾਰਤ ਲਈ ਹਿੰਦੁਸਤਾਨ ਸ਼ਬਦ ਵਰਤ ਕੇ ਠੀਕ ਨਹੀਂ ਕਰਦਾ। ਮੈਂ ਫਿਰ ਵੀ ਬਦਲ ਨਹੀਂ ਸਕਿਆ। ਕਈ ਲੋਕਾਂ ਨੇ ਇਹ ਗੱਲ ਵੀ ਬਹੁਤ ਵਾਰੀ ਉਚੇਚ ਨਾਲ ਚੇਤੇ ਕਰਾਈ ਹੋਈ ਹੈ ਕਿ ਦੇਸ਼ ਦੇ ਸੰਵਿਧਾਨ ਵਿੱਚ ਇਸਦੇ ਸਿਰਫ ਦੋ ਨਾਂਅ ਭਾਰਤ ਤੇ ਇੰਡੀਆ ਹਨ, ਇਸ ਤੋਂ ਬਿਨਾਂ ਕੋਈ ਵੀ ਨਾਂਅ ਵਰਤਣਾ ਗਲਤ ਹੈ। ਪਰ ਮੈਂ ਉਨ੍ਹਾਂ ਦੀ ਦਲੀਲ ਨਾਲ ਸਹਿਮਤ ਨਹੀਂ ਹੋ ਸਕਿਆ ਅਤੇ ਅੱਜ ਵੀ ਹਿੰਦੁਸਤਾਨ ਸ਼ਬਦ ਵਰਤਦਾ ਪਿਆ ਹਾਂ। ਇਸ ਹਫਤੇ ਭਾਰਤ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੇ ਇੱਕ ਸਿੱਖ ਨੇਤਾ ਆਰ ਪੀ ਸਿੰਘ ਨੇ ਇਸ ਬਹਿਸ ਨੂੰ ਇਹ ਕਹਿ ਕੇ ਨਵਾਂ ਮੋੜ ਦੇ ਦਿੱਤਾ ਕਿ ‘ਹਿੰਦੁਸਤਾਨ’ ਸ਼ਬਦ ਇਸ ਦੇਸ਼ ਲਈ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਰਤਿਆ ਸੀ ਅਤੇ ਇਸ ਲਈ ਇਸ ਨਾਂਅ ਦੇ ਨਾਲ ਸਿੱਖ ਭਾਈਚਾਰੇ ਨੂੰ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ। ਉਸ ਦੀ ਦਲੀਲ ਦੇ ਹੱਕ ਅਤੇ ਵਿਰੋਧ ਵਿੱਚ ਕਈ ਲੋਕ ਇੱਦਾਂ ਦੀ ਬਹਿਸ ਛੇੜ ਤੁਰੇ, ਜਿਹੜੀ ਭਾਰਤ ਦਾ ਨਾਂਅ ਕਾਨੂੰਨੀ ਤੌਰ ਉੱਤੇ ‘ਹਿੰਦੁਸਤਾਨ’ ਲਿਖ ਦੇਣ ਜਾਂ ਇਹ ਬਹਿਸ ਹਮੇਸ਼ਾ ਲਈ ਮੁਕਾਉਣ ਵਾਸਤੇ ਸਿਰਫ ਸੰਵਿਧਾਨ ਵਿੱਚ ਲਿਖੇ ਹੋਏ ਨਾਂਵਾਂ ‘ਭਾਰਤ’ ਜਾਂ ‘ਇੰਡੀਆ’ ਦੀ ਵਰਤੋਂ ਜ਼ਰੂਰੀ ਕਰਨ ਵਾਸਤੇ ਕੁਝ ਕਦਮ ਚੁੱਕਣ ਦੀ ਮੰਗ ਤਕ ਪਹੁੰਚੀ ਤੇ ਫਿਰ ਹਿੰਦੂ ਅਤੇ ਗੈਰ-ਹਿੰਦੂ ਵਾਲੇ ਪਾਸੇ ਮੁੜਨ ਲੱਗ ਪਈ ਹੈ। ਹਿੰਦੂ ਪੱਖ ਦੀ ਗੱਲ ਕਰਨ ਵਾਲੇ ਕਹੀ ਜਾਂਦੇ ਹਨ ਕਿ ਇਸ ਦੇਸ਼ ਵਿੱਚ ਹਿੰਦੂ ਬਹੁ-ਗਿਣਤੀ ਹੋਣ ਕਾਰਨ ਇੱਥੇ ਹਿੰਦੂ-ਰਾਸ਼ਟਰ ਵਾਲਾ ਕਾਨੂੰਨ ਵੀ ਬਣ ਜਾਵੇ ਤਾਂ ਹਰਜ਼ ਨਹੀਂ ਹੋਣਾ ਚਾਹੀਦਾ ਅਤੇ ਦੂਸਰੇ ਧਰਮ, ਖਾਸ ਕਰ ਕੇ ਇਸਲਾਮ ਅਤੇ ਈਸਾਈ ਧਰਮ ਇੱਥੋਂ ਦੇ ਨਹੀਂ, ਬਾਹਰੋਂ ਆਏ ਹੋਣ ਕਾਰਨ ਉਨ੍ਹਾਂ ਨੂੰ ‘ਆਪਣੀ ਹੈਸੀਅਤ’ ਸਮਝ ਲੈਣੀ ਚਾਹੀਦੀ ਹੈ। ਕੁਝ ਮੁਸਲਮਾਨ ਤੇ ਈਸਾਈ ਪ੍ਰਚਾਰਕ ਵੀ ਅੱਜ ਦੀ ਵੱਡੀ ਸਿਆਸੀ ਧਿਰ ਨਾਲ ਜੁੜਨ ਕਾਰਨ ਇਹੋ ਰਾਗ ਗਾਈ ਜਾਂਦੇ ਹਨ।
ਅਸੀਂ ਇਸ ਸਾਰੇ ਕੁਝ ਨੂੰ ਬੇਲੋੜੀ ਬਹਿਸ ਵੀ ਮੰਨਦੇ ਹਾਂ ਅਤੇ ਇਸਦੇ ਓਹਲੇ ਇੱਕ ਖਾਸ ਕਿਸਮ ਦੀ ਰਾਜਨੀਤੀ ਵੀ ਸੁੰਘ ਸਕਦੇ ਹਾਂ। ਹਿੰਦੂ ਧਰਮ ਦੇ ਪੈਰੋਕਾਰ ਅੱਜ ਇਸ ਦੇਸ਼ ਵਿੱਚ ਬਾਕੀ ਧਰਮਾਂ ਵਾਲਿਆਂ ਤੋਂ ਵੱਧ ਹੀ ਨਹੀਂ, ਬਹੁਤ ਜ਼ਿਆਦਾ ਵੱਧ ਹਨ। ਬਾਕੀ ਸਾਰੇ ਧਰਮ ਮਸਾਂ ਪੰਜਵਾਂ ਹਿੱਸਾ ਬਣਦੇ ਹਨ ਅਤੇ ਇਕੱਲੇ ਹਿੰਦੂ ਅੱਸੀ ਫੀਸਦ ਦੇ ਕਰੀਬ ਹੋ ਜਾਂਦੇ ਹਨ, ਪਰ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਜਿਸ ਭਾਰਤ ਵਿੱਚ ਹਿੰਦੂਤਵ ਦੀ ਗੱਲ ਚੱਲਦੀ ਹੈ, ਸੰਵਿਧਾਨ ਵਿੱਚ ਉਸ ਦੇਸ਼ ਲਈ ਲਿਖੇ ਦੋਵੇਂ ਨਾਂਅ ਕਿਸੇ ਵਿਸ਼ੇਸ਼ ਧਰਮ ਦੇ ਪ੍ਰਤੀਕ ਨਹੀਂ। ਭਾਰਤ ਪੁਰਾਤਨ ਸਮਿਆਂ ਤੋਂ ਕਈ ਵੱਖ-ਵੱਖ ਨਾਂਵਾਂ ਨਾਲ ਜਾਣਿਆ ਗਿਆ ਹੈ। ਸਾਡੀ ਸਮਝ ਮੁਤਾਬਕ ਚਾਣਕੀਆ ਦੇ ‘ਅਰਥ ਸ਼ਾਸਤਰ’ ਵਿੱਚ ਭਾਰਤ ਨੂੰ ‘ਜੰਬੋ ਦੀਪ’ ਕਿਹਾ ਗਿਆ ਸੀ। ਉਹ ਈਸਾ ਤੋਂ ਦੋ ਸਦੀਆਂ ਪਹਿਲਾਂ ਹੋਏ ਸਨ। ਮੈਗਸਥਨੀਜ਼ ਨੇ ਇਸ ਨੂੰ ‘ਇੰਡੀਆ’ ਲਿਖ ਦਿੱਤਾ ਅਤੇ ਇਹ ਕੰਮ ਉਸ ਨੇ ਈਸਾ ਤੋਂ ਤਿੰਨ ਸਦੀਆਂ ਪਹਿਲਾਂ ਕਰ ਦਿੱਤਾ ਸੀ। ਈਸਾ ਤੋਂ ਕਈ ਸਦੀਆਂ ਪਹਿਲਾਂ ਦਾ ਵਿਸ਼ਣੂੰ ਪੁਰਾਣ ਇਸ ਦੇਸ਼ ਦਾ ਨਾਂਅ ‘ਭਾਰਤ’ ਜਾਂ ‘ਭਾਰਤਮ’ ਲਿਖਦਾ ਹੈ। ਦਸਵੀਂ ਸਦੀ ਵਿੱਚ ਹੋਏ ਅਲ ਮਸੂਦੀ ਨੇ ਇਸ ਦੇਸ਼ ਦਾ ਨਾਂਅ ‘ਅਲ ਹਿੰਦੀ’ ਲਿਖ ਦਿੱਤਾ ਅਤੇ ਤੇਰ੍ਹਵੀਂ ਸਦੀ ਵਿੱਚ ਹਸਨ ਨਿਜ਼ਾਮੀ ਨੇ ਇਸ ਨੂੰ ‘ਹਿੰਦ’ ਲਿਖਿਆ ਸੀ। ਇਸ ਤੋਂ ਪਹਿਲਾਂ ਕਿਸੇ ਅਣਪਛਾਤੇ ਲੇਖਕ ਦੀ ਇੱਕ ਲਿਖਤ ‘ਹੁਦੂਦ-ਅਲ-ਆਲਮ’ ਵਿੱਚ ਇਸ ਨੂੰ ‘ਹਿੰਦਿਸਤਾਨ’ ਲਿਖਿਆ ਗਿਆ ਹੋਣ ਦੇ ਸਬੂਤ ਵੀ ਮਿਲਣਗੇ ਅਤੇ ਕਈ ਹੋਰ ਨਾਂਅ ਵੀ ਇਸੇ ਦੇਸ਼ ਨਾਲ ਜੁੜੇ ਮਿਲ ਜਾਣਗੇ। ਜ਼ੋਰੋਸਟਰੇਨੀਅਨਿਜ਼ਮ ਨਾਲ ਜੁੜੇ ਹੋਏ ਇੱਕ ਵਿਦਵਾਨ ਨੇ ਈਸਾ ਤੋਂ ਸੱਤ-ਅੱਠ ਸੌ ਸਾਲ ਪਹਿਲਾਂ ਇੱਕ ਸ਼ਬਦ ‘ਹਾਪਤਾ ਹੇਂਦੂ’ ਵਰਤਿਆ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਵੀ ਭਾਰਤ ਜਾਂ ਪੰਜਾਬ ਅਤੇ ਕਾਬਲ ਤਕ ਦੇ ਵਸਨੀਕਾਂ ਲਈ ਵਰਤਿਆ ਗਿਆ ਸੀ।
ਭਾਜਪਾ ਆਗੂ ਆਰ ਪੀ ਸਿੰਘ ਨੇ ਜਿਹੜੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਹੀ ਹੈ, ਇਹ ਸਿਰਫ ਇਸ ਹੱਦ ਤਕ ਠੀਕ ਹੈ ਕਿ ਗੁਰੂ ਸਾਹਿਬ ਨੇ ਸੱਚਮੁੱਚ ਗੁਰਬਾਣੀ ਵਿੱਚ ਦੋ ਥਾਂਵਾਂ ਉੱਤੇ ‘ਹਿੰਦੁਸਤਾਨ’ ਸ਼ਬਦ ਵਰਤਿਆ ਹੈ। ਪਹਿਲੀ ਥਾਂ ਉਨ੍ਹਾਂ ਨੇ ‘ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ’ ਅਤੇ ਦੂਸਰੀ ਥਾਂ ‘ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ’ ਵਜੋਂ ਇਸਦਾ ਜ਼ਿਕਰ ਕੀਤਾ ਹੈ। ਇਸ ਪੱਖੋਂ ਹਰ ਸਿੱਖ ਅਤੇ ਹਰ ਪੰਜਾਬੀ ਵੀ ਇਸ ਸ਼ਬਦ ਨੂੰ ਇੱਕ ਖਾਸ ਥਾਂ ਦੇ ਸਕਦਾ ਹੈ ਅਤੇ ਦਿੰਦਾ ਵੀ ਹੈ, ਪਰ ਜਿਵੇਂ ਅਸੀਂ ਇਸ ਬਾਰੇ ਉੱਪਰ ਲਿਖਿਆ ਹੈ, ਇਹ ਸ਼ਬਦ ਗੁਰੂ ਸਾਹਿਬ ਤੋਂ ਚੋਖਾ ਪਹਿਲਾਂ ਪ੍ਰਚੱਲਤ ਹੋ ਚੁੱਕਾ ਹੋਣ ਦੇ ਕੁਝ ਪ੍ਰਮਾਣ ਵੀ ਮਿਲਦੇ ਹਨ। ਸਿਰਫ ਇਹੀ ਸਾਬਤ ਨਹੀਂ ਹੁੰਦਾ ਕਿ ਹਿੰਦੁਸਤਾਨ ਸ਼ਬਦ ਪਹਿਲਾਂ ਤੋਂ ਪ੍ਰਚੱਲਤ ਹੋ ਚੁੱਕਾ ਸੀ, ਸਗੋਂ ਇਸ ਤੋਂ ਹਿੰਦੂ ਸ਼ਬਦ ਦੀ ਉਤਪਤੀ ਦਾ ਪਤਾ ਵੀ ਲੱਗਦਾ ਹੈ ਕਿ ਇਹ ਸ਼ਬਦ ਭਾਰਤ ਨਾਂਅ ਨਾਲ ਚੱਲਦੇ ਆਏ ਇਸ ਦੇਸ਼ ਵਿੱਚ ਇਸਦੇ ਅੰਦਰੋਂ ਪੈਦਾ ਨਹੀਂ ਸੀ ਹੋਇਆ, ਜਿਨ੍ਹਾਂ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਬਾਹਰੋਂ ਆਏ ਸਨ, ਸ਼ਬਦ ਹਿੰਦੂ ਸਭ ਤੋਂ ਪਹਿਲਾਂ ਉਨ੍ਹਾਂ ਨੇ ਵਰਤਿਆ ਸੀ। ਜਦੋਂ ਇਹ ਸ਼ਬਦ ਪ੍ਰਚੱਲਤ ਹੋ ਗਿਆ ਤਾਂ ਸਾਡੇ ਆਜ਼ਾਦੀ ਲਹਿਰ ਦੇ ਮਹਾਨ ਗ਼ਦਰੀ ਬਾਬਿਆਂ ਨੇ ਵੀ ਵਰਤਿਆ ਸੀ ਅਤੇ ਉਨ੍ਹਾਂ ਦੇ ਅਖਬਾਰ ‘ਗ਼ਦਰ’ ਵਿੱਚ ਵੀ ਇਹੋ ਚੱਲਦਾ ਸੀ ਅਤੇ ‘ਹਿੰਦੀ’ ਜਾਂ ‘ਹਿੰਦੀਉ’ ਸ਼ਬਦ ਸਿਰਫ ਹਿੰਦੂ ਧਰਮ ਵਾਲਿਆਂ ਲਈ ਵਰਤਣ ਦੀ ਥਾਂ ਸਾਰੇ ਹਿੰਦੁਸਤਾਨੀ ਜਾਂ ਭਾਰਤੀ ਲੋਕਾਂ ਲਈ ਵਰਤਿਆ ਜਾਂਦਾ ਸੀ। ਅਲਾਮਾ ਇਕਬਾਲ ਜਦੋਂ ਆਜ਼ਾਦੀ ਲਹਿਰ ਦੀ ਮੁੱਖ ਧਾਰਾ ਵਿੱਚ ਹੁੰਦਾ ਸੀ, ਉਸ ਨੇ ਵੀ ਇਸੇ ਤਰ੍ਹਾਂ ‘ਤਰਾਨਾ-ਇ-ਹਿੰਦੀ’ ਲਿਖਿਆ ਅਤੇ ਕਿਹਾ ਸੀ ਕਿ ‘ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਂ ਹਮਾਰਾ’, ਪਿੱਛੋਂ ਜਦੋਂ ਉਹ ਮੁੱਖ ਧਾਰਾ ਤੋਂ ਟੁੱਟ ਗਿਆ ਤਾਂ ਉਸ ਨੇ ‘ਤਰਾਨਾ-ਇ-ਮਿਲੀ’ ਵਿੱਚ ‘ਮੁਸਲਿਮ ਹੈਂ ਹਮ ਵਤਨ ਹੈ, ਸਾਰਾ ਜਹਾਂ ਹਮਾਰਾ’ ਲਿਖ ਦਿੱਤਾ ਸੀ। ਜਿੱਦਾਂ ਇਕਬਾਲ ਪੁਰਾਣੇ ‘ਹਿੰਦੀ’ ਸ਼ਬਦ ਨੂੰ ਛੱਡ ਕੇ ਇੱਕ ਵਿਸ਼ੇਸ਼ ਧਰਮ ਨਾਲ ਜਾ ਜੁੜਿਆ ਸੀ, ਫੈਜ਼ ਅਹਿਮਦ ਫੈਜ਼ ਵਰਗੇ ਹੋਰ ਸ਼ਾਇਰਾਂ ਨੇ ਇੱਦਾਂ ਨਹੀਂ ਸੀ ਕੀਤਾ।
ਦੂਸਰਾ ਪੱਖ ਇਹ ਹੈ ਕਿ ਜਿਵੇਂ ਇਕਬਾਲ ਸਾਂਝੇ ਸ਼ਬਦ ‘ਹਿੰਦੀ’ ਅਤੇ ‘ਹਿੰਦੁਸਤਾਂ’ ਦੀ ਥਾਂ ਇੱਕ ਧਿਰ ਵੱਲੋਂ ਬੋਲ ਕੇ ਖੁਸ਼ ਹੋ ਗਿਆ ਹੋਵੇਗਾ, ਉਸੇ ਤਰ੍ਹਾਂ ਅੱਜ ਕੁਝ ਲੋਕ ‘ਹਿੰਦੀ’ ਅਤੇ ‘ਹਿੰਦੁਸਤਾਨ’ ਨੂੰ ਹਿੰਦੂ ਧਰਮ ਜਾਂ ਭਾਈਚਾਰੇ ਨਾਲ ਜੋੜਨ ਦਾ ਕੰਮ ਕਰਦੇ ਹਨ। ਇਕਬਾਲ ਵੀ ਠੀਕ ਨਹੀਂ ਸੀ ਤੇ ਇਹ ਵੀ ਠੀਕ ਨਹੀਂ ਕਰਦੇ। ਇਤਿਹਾਸ ਵਿੱਚ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਰਿਹਾ ਭਾਰਤ ਅੱਜ ਦੇ ‘ਹਿੰਦੂ’ ਜਾਂ ‘ਹਿੰਦੂਤੱਵ’ ਵਾਲੇ ਅਰਥਾਂ ਵਾਲਾ ਨਹੀਂ ਸੀ। ਅੱਜ ਦੇ ਸੰਵਿਧਾਨ ਵਿੱਚ ਇਸਦਾ ਨਾਂਅ ‘ਇੰਡੀਆ, ਆਲਸੋ ਨੋਨ ਐਜ਼ ਭਾਰਤ’ ਲਿਖਿਆ ਹੈ, ਪਰ ਇਸਦਾ ਇਹ ਅਰਥ ਨਹੀਂ ਕਿ ਇਸ ਤੋਂ ਇਲਾਵਾ ਲੋਕ-ਧਾਰਾ ਵਿੱਚ ਬੀਤੇ ਸਮੇਂ ਵਿੱਚ ਚੱਲਦੇ ਰਹੇ ਜਾਂ ਅੱਜ ਵੀ ਚੱਲਦੇ ਬਾਕੀ ਨਾਂਅ ਗਲਤ ਸਨ, ਸਗੋਂ ਭਾਰਤ ਦੀ ਰਿਵਾਇਤ ਦੀ ਖਾਸੀਅਤ ਹੈ ਕਿ ਉਹ ਨਾਂਅ ਅਜੇ ਤਕ ਲੋਕ-ਧਾਰਾ ਸੰਭਾਲ ਕੇ ਚੱਲ ਰਹੀ ਹੈ। ਜਿੰਨੇ ਕੁ ਨਾਂਵਾਂ ਦਾ ਜ਼ਿਕਰ ਅਸੀਂ ਉੱਪਰ ਕੀਤਾ ਹੈ, ਉਨ੍ਹਾਂ ਤੋਂ ਬਿਨਾਂ ਵੀ ਕਈ ਨਾਂਅ ਇਸ ਲਈ ਵਰਤੇ ਗਏ ਹਨ। ਪੁਰਾਣੇ ਸਮੇਂ ਵਿੱਚ ਬੁੱਧ ਧਰਮ ਦੇ ਪੈਰੋਕਾਰ ਆਪਣੀ ਤਿੱਬਤੀ ਬੋਲੀ ਮੁਤਾਬਕ ਇਸ ‘ਗਯਾਗਰ’ ਜਾਂ ‘ਫਾਗਿਯੂਲ’ ਵੀ ਕਹਿੰਦੇ ਰਹੇ ਹਨ। ਜਿਸ ਤਰ੍ਹਾਂ ਯੂਰਪ ਤੋਂ ਆਇਆਂ ਨੇ ਇਸਦਾ ਨਾਂਅ ‘ਇੰਡੀਆ’ ਰੱਖ ਲਿਆ ਸੀ, ਜਾਪਾਨ ਜਾਂ ਚੀਨ ਦੇ ਲੋਕ ਇਸ ਨੂੰ ਆਪਣੀ ਬੋਲੀ ਮੁਤਾਬਕ ‘ਤਿਆਂਗਜ਼ੂ’ ਕਹਿੰਦੇ ਰਹੇ ਸਨ। ਭਾਰਤ ਵਿੱਚ ਉਨ੍ਹਾਂ ਦੇ ਪੈਰ ਪੱਕੇ ਨਹੀਂ ਸੀ ਲੱਗ ਸਕੇ ਤੇ ਇਹ ਨਾਂਅ ਪ੍ਰਚੱਲਤ ਨਹੀਂ ਸਨ ਹੋ ਸਕੇ, ਪਰ ਅਰਬ ਦੇਸ਼ਾਂ ਤੋਂ ਆਇਆਂ ਦਾ ਰੱਖਿਆ ‘ਹਿੰਦੁਸਤਾਨ’ ਪੱਕਾ ਹੋ ਗਿਆ ਤੇ ਫਿਰ ਲੰਮਾ ਸਮਾਂ ਰਾਜ ਕਰ ਚੁੱਕੇ ਬ੍ਰਿਟੇਨ ਵਾਲਿਆਂ ਦੀ ਵਿਰਾਸਤ ਸਾਂਭਣ ਵਾਲਿਆਂ ਨੇ ਇਸ ਵਿੱਚ ‘ਇੰਡੀਆ’ ਵੀ ਸ਼ਾਮਲ ਕਰ ਲਿਆ। ਅਜੋਕੇ ਭਾਰਤ ਵਿੱਚ ‘ਇੰਡੀਆ’ ਸ਼ਬਦ ਦਾ ਕੋਈ ਖਾਸ ਵਿਰੋਧ ਹੁੰਦਾ ਨਹੀਂ ਦਿਸਦਾ, ‘ਹਿੰਦੁਸਤਾਨ’ ਦਾ ਇਸ ਲਈ ਹੁੰਦਾ ਪਿਆ ਹੈ ਕਿ ਇੱਕ ਖਾਸ ਰਾਜਸੀ ਧਿਰ ਇਸ ਨੂੰ ਦੇਸ਼ ਦੀ ਬਹੁ-ਗਿਣਤੀ ਉੱਤੇ ਆਧਾਰਤ ਆਪਣੀ ਰਾਜਨੀਤੀ ਤੇ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਹੱਕ ਤਕ ਸੀਮਤ ਕਰਨ ਲੱਗ ਪਈ ਹੈ। ਹਰ ਗੱਲ ਦਾ ਪ੍ਰਤੀਕਰਮ (ਐਕਸ਼ਨ ਦਾ ਰਿਐਕਸ਼ਨ) ਹੋਣ ਬਾਰੇ ਸਭ ਲੋਕ ਜਾਣਦੇ ਹਨ, ਇੱਕ ਖਾਸ ਧਿਰ ਵੱਲੋਂ ਉਭਾਰੀ ਜਾਂਦੀ ਸੋਚ ਕਾਰਨ ਦੂਸਰੀਆਂ ਧਿਰਾਂ ਵੀ ਸ਼ਬਦ ‘ਹਿੰਦੁਸਤਾਨ’ ਦੇ ਨਾਲ ਕੌੜ ਮਨਾਉਣ ਲੱਗਦੀਆਂ ਹਨ, ਪਰ ਇਤਿਹਾਸ ਨੇ ਇਤਿਹਾਸ ਹੀ ਰਹਿਣਾ ਹੈ, ਚਾਰ ਸ਼ਹਿਰਾਂ ਦੇ ਨਾਂਅ ਬਦਲਣ ਨਾਲ ਦੇਸ਼ ਜਾਂ ਦੁਨੀਆ ਦੇ ਸਦੀਆਂ ਦੇ ਇਤਿਹਾਸ ਵਿੱਚ ਦਰਜ ਹੋ ਚੁੱਕੇ ਤੱਥ ਨਾ ਬਦਲ ਸਕਦੇ ਹਨ, ਨਾ ਬਦਲ ਹੀ ਸਕਣੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3901)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)