“ਸਮੇਂ ਦੀ ਮੰਗ ਇਹੋ ਹੈ ਕਿ ਧਰਮ ਅਤੇ ਰਾਜਨੀਤੀ ਨੂੰ ਥੋੜ੍ਹਾ ਜਿਹਾ ਫਾਸਲਾ ਰੱਖ ਕੇ ...”
(17 ਮਾਰਚ 2025)
ਕਿਧਰੇ ਸਫਰ ਲਈ ਜਾਣ ਦਾ ਸਬੱਬ ਬਣੇ ਜਾਂ ਧੀ-ਪੁੱਤਰ ਦੇ ਵਿਆਹ-ਸ਼ਾਦੀ, ਜਾਂ ਬਜ਼ੁਰਗ ਦੇ ਦਿਹਾਂਤ ਦੇ ਬਾਅਦ ਭੋਗ ਦੀ ਤਾਰੀਖ ਕਿਉਂ ਨਾ ਮਿਥਣੀ ਅਤੇ ਦੱਸਣੀ ਹੋਵੇ, ਭਾਰਤੀ ਲੋਕ ਅਤੇ ਅਸੀਂ ਪੰਜਾਬੀ ਵੀ ਆਮ ਕਰ ਕੇ ਤਿੰਨ ਕਿਸਮ ਦੇ ਕੈਲੰਡਰਾਂ ਤੋਂ ਸੇਧ ਲੈ ਕੇ ਚੱਲਦੇ ਹਾਂ। ਪਹਿਲੀ ਚੋਣ ਇਸ ਵਕਤ ਦੁਨੀਆ ਭਰ ਵਿੱਚ ਚੱਲਦਾ ਅੰਗਰੇਜ਼ੀ ਕੈਲੰਡਰ ਬਣ ਚੁੱਕਾ ਹੈ, ਜਿਸਦੇ ਗਰੀਗੋਰੀਅਨ ਜਾਂ ਕੋਈ ਹੋਰ ਹੋਣ ਬਾਰੇ ਬਹੁਤਾ ਸੋਚਣ ਦੀ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਲੋੜ ਨਹੀਂ ਜਾਪਦੀ, ਕੰਮ ਚਲਾਉਣ ਲਈ ਇਹੀ ਕੈਲੰਡਰ ਵੇਖਿਆ ਜਾਂਦਾ ਹੈ। ਦੂਸਰਾ ਭਾਰਤ ਦੀ ਮੁੱਖ ਧਾਰਾ ਵੱਲੋਂ ਵਰਤਿਆ ਜਾਂਦਾ ਬਿਕਰਮੀ ਕੈਲੰਡਰ ਹੈ, ਜਿਹੜਾ ਹਿੰਦੂ ਧਰਮ ਦੇ ਸਦੀਆਂ ਪੁਰਾਣੇ ਇਤਿਹਾਸ ਅਤੇ ਮਿਥਿਹਾਸ ਤੋਂ ਵਰਤਿਆ ਜਾਂਦਾ ਰਿਹਾ ਹੈ। ਅਸੀਂ ਲੋਕ ਜਦੋਂ ਅਜੇ ਬੱਚੇ ਸਾਂ, ਸਕੂਲਾਂ-ਕਾਲਜਾਂ ਅਤੇ ਦਫਤਰਾਂ ਦੇ ਕੰਮ ਸੰਸਾਰ ਪੱਧਰ ਦੇ ਅੰਗਰੇਜ਼ੀ ਕੈਲੰਡਰ ਦੇ ਨਾਲ ਜੁੜਨੇ ਸ਼ੁਰੂ ਹੋ ਗਏ ਸਨ, ਪਰ ਸਾਡੇ ਸਮਾਜ ਦੇ ਵਿਆਹ-ਸ਼ਾਦੀ ਤੋਂ ਮੌਤ ਤਕ ਦੇ ਬਾਕੀ ਸਾਰੇ ਕੰਮ-ਕਾਜ ਦੇ ਦਿਨ ਹਾਲੇ ਬਿਕਰਮੀ ਸੰਮਤ ਤੋਂ ਸੇਧ ਲੈ ਕੇ ਚਲਾਏ ਜਾਂਦੇ ਸਨ। ਪੰਜਾਬ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਲਈ ਇਨ੍ਹਾਂ ਤੋਂ ਵੱਖਰਾ ਤੀਸਰਾ ਕੈਲੰਡਰ ‘ਨਾਨਕਸ਼ਾਹੀ’ ਸਾਲ 1998 ਵਿੱਚ ਪਹਿਲੀ ਵਾਰੀ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਨ ਕੀਤਾ ਅਤੇ ਸਾਡੇ ਚੇਤੇ ਮੁਤਾਬਕ 1999 ਵਿੱਚ ਪਹਿਲੀ ਵਾਰੀ ਇਸ ਨੂੰ ਜਾਰੀ ਕਰਨ ਨਾਲ ਅਮਲ ਵਿੱਚ ਲਾਗੂ ਹੋਇਆ ਸੀ। ਕੈਨੇਡਾ ਦੇ ਅਲਬਰਟਾ ਰਾਜ ਦੀ ਰਾਜਧਾਨੀ ਐਡਮੰਟਨ ਵਿੱਚ ਵਸਦੇ ਪਾਲ ਸਿੰਘ ਪੁਰੇਵਾਲ ਨਾਂਅ ਦੇ ਬਹੁਤ ਵੱਡੇ ਬੁੱਧੀਵਾਨ ਸਿੱਖ ਨੇ ਜਦੋਂ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਤਾਂ ਇਸ ਕੈਲੰਡਰ ਦੀ ਹਿਮਾਇਤ ਅਸੀਂ ਖੁਦ ਵੀ ਨਹੀਂ ਸੀ ਕੀਤੀ ਅਤੇ ਕਾਰਨ ਇਸਦਾ ਕਿਸੇ ਤਰ੍ਹਾਂ ਦਾ ਨੁਕਸ ਨਹੀਂ, ਸਗੋਂ ਪਹਿਲਾਂ ਬਹੁਤ ਸਾਰੇ ਵਿਵਾਦਾਂ ਵਿੱਚ ਫਸੇ ਪੰਜਾਬੀ ਸਮਾਜ ਅਤੇ ਸਿੱਖ ਭਾਈਚਾਰੇ ਵਿੱਚ ਨਵੇਂ ਵਿਵਾਦ ਉੱਭਰਨ ਤੋਂ ਝਿਜਕਦੇ ਸਾਂ। ਇਸ ਕੈਲੰਡਰ ਨੂੰ ਜਾਰੀ ਕਰਨ ਦੇ ਹੱਕ ਵਿੱਚ ਆਵਾਜ਼ ਲਗਾਤਾਰ ਵਧਦੀ ਗਈ ਅਤੇ ਫਿਰ ਜਾਰੀ ਕਰ ਦਿੱਤਾ ਗਿਆ ਤਾਂ ਉਹੀ ਹੋਇਆ, ਜਿਸਦੀ ਸ਼ੰਕਾ ਸੀ ਕਿ ਇਸ ਨਾਲ ਕਈ ਨਵੇਂ ਵਿਵਾਦ ਉੱਠ ਸਕਦੇ ਹਨ ਤੇ ਉੱਦੋਂ ਉੱਠੇ ਵਿਵਾਦ ਕਦੇ ਰੁਕ ਨਹੀਂ ਸਕੇ।
ਥੋੜ੍ਹੇ ਚਿਰ ਪਿੱਛੋਂ ਇਸ ਨੂੰ ਇਹ ਕਹਿ ਕੇ ਸੋਧਣ ਦਾ ਐਲਾਨ ਹੋ ਗਿਆ ਕਿ ਇਸ ਵਿੱਚ ਤਰੁੱਟੀਆਂ ਹਨ ਅਤੇ ਸੋਧਣ ਦਾ ਝੰਡਾ ਉਨ੍ਹਾਂ ਸੱਜਣਾਂ ਨੇ ਚੁੱਕ ਲਿਆ, ਜਿਹੜੇ ਕੈਲੰਡਰਾਂ ਵਾਸਤੇ ਵਰਤੇ ਜਾਂਦੇ ਸੂਰਜ ਜਾਂ ਚੰਦ ਦੀ ਚਾਲ ਦੇ ਮਾਮਲਿਆਂ ਬਾਰੇ ਇੱਲ ਦਾ ਨਾਮ ਕੋਕੋ ਨਹੀਂ ਸੀ ਜਾਣਦੇ। ਪਾਲ ਸਿੰਘ ਪੁਰੇਵਾਲ ਨੂੰ ਅੰਮ੍ਰਿਤਸਰ ਸੱਦਿਆ ਗਿਆ। ਸਿੱਖ ਵਿਦਵਾਨਾਂ ਦੇ ਨਾਲ ਉਸ ਦੀ ਗੋਸ਼ਟੀ ਕਰਾਈ ਗਈ ਅਤੇ ਫਿਰ ਇਹ ਕਹਿ ਕੇ ਉਸ ਦੀ ਝਾੜ-ਝੰਬ ਕਰ ਦਿੱਤੀ ਗਈ ਕਿ ਉਸ ਨੇ ਸ੍ਰੀ ਸਾਹਿਬ ਨਹੀਂ ਪਾਈ, ਇਸ ਕਰ ਕੇ ਸਿੱਖੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਂਅ ਵਾਲਾ ਕੈਲੰਡਰ ਬਣਾਉਣ ਵਰਗਾ ਕੰਮ ਕਰਨ ਦਾ ਉਸ ਨੂੰ ਕੋਈ ਹੱਕ ਹੀ ਨਹੀਂ। ਪਿਛਲੇ ਦਹਾਕੇ ਦੇ ਅੰਤਲੇ ਸਾਲਾਂ ਵਿੱਚ ਇੱਕ ਵਾਰੀ ਮੈਂ ਐਡਮਿੰਟਨ ਗਿਆ ਤਾਂ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਪਾਲ ਸਿੰਘ ਹੁਰੀਂ ਆਪ ਆ ਕੇ ਮਿਲੇ ਅਤੇ ਫਿਰ ਅਸੀਂ ਉਨ੍ਹਾਂ ਦੇ ਘਰ ਗਏ। ਸਿਹਤ ਸਮੱਸਿਆ ਹੋਣ ਕਾਰਨ ਮੈਂ ਪੌੜੀਆਂ ਚੜ੍ਹਨ ਤੋਂ ਬਚਦਾ ਰਹਿੰਦਾ ਹਾਂ, ਪਰ ਉਸ ਦਿਨ ਉਨ੍ਹਾਂ ਦੀ ਬੇਸਮੈਂਟ ਵਿੱਚ ਉੱਤਰਨਾ ਪਿਆ ਤਾਂ ਮੇਰੇ ਪੂਰੇ ਘਰ ਨਾਲੋਂ ਵੱਡੇ ਉਸ ਹਾਲ ਕਮਰੇ ਵਿੱਚ ਦੁਨੀਆ ਭਰ ਦੇ ਵਿਦਵਾਨਾਂ ਵੱਲੋਂ ਸੂਰਜ ਅਤੇ ਚੰਦ ਦੀ ਚਾਲ, ਉਸਦੇ ਧਰਤੀ ਉੱਤੇ ਪੈਂਦੇ ਪ੍ਰਭਾਵ ਅਤੇ ਇਸ ਕਾਰਨ ਗਿਣੇ ਜਾਂਦੇ ਦਿਨ-ਰਾਤ ਜਾਂ ਮੌਸਮਾਂ ਬਾਰੇ ਜਾਣਕਾਰੀ ਦੇ ਗ੍ਰੰਥ ਭਰੇ ਪਏ ਸਨ। ਸੰਸਾਰ ਦੇ ਕਿਸ ਦੇਸ਼ ਦੇ ਕਿਸ ਵਿਦਵਾਨ ਨੇ ਕੋਈ ਵੀ ਕੈਲੰਡਰ ਬਣਾਇਆ, ਸ਼ਾਇਦ ਹੀ ਕੋਈ ਉੱਥੇ ਨਾ ਪਿਆ ਹੋਵੇ ਤੇ ਮੇਰੇ ਵਰਗੇ ਸਧਾਰਨ ਬੰਦੇ ਦਾ ਸਿਰ ਇਸ ਗੱਲੋਂ ਘੁੰਮੀ ਜਾਵੇ ਕਿ ਅਸੀਂ ਪੰਜਾਬੀ ਤੇ ਸਿੱਖ ਆਪਣੇ ਕਿਸੇ ਵਿਦਵਾਨ ਦਾ ਬਣਦਾ-ਸਰਦਾ ਸਤਕਾਰ ਕਰਨਾ ਵੀ ਨਹੀਂ ਜਾਣਦੇ। ਇਹੋ ਕਾਰਨ ਸੀ ਕਿ ਉੱਦੋਂ ਉਸ ਕੈਲੰਡਰ ਨੂੰ ਸੋਧਣ ਦਾ ਐਲਾਨ ਹੋਣ ਮਗਰੋਂ ਸਿਰਫ ਇੱਕ ਵਾਰ ਨਹੀਂ, ਦੋ ਜਾਂ ਤਿੰਨ ਵਾਰ ਸੋਧਿਆ ਗਿਆ ਅਤੇ ਫਿਰ ਇੱਕ ਆਵਾਜ਼ ਇਹ ਵੀ ਉਠਾਈ ਜਾਣ ਲੱਗੀ ਕਿ ਵਾਰ-ਵਾਰ ਸੋਧਣ ਨਾਲੋਂ ਇਸ ਕੈਲੰਡਰ ਨੂੰ ਸੋਧਾ ਹੀ ਲਾ ਦੇਣਾ ਚਾਹੀਦਾ ਹੈ। ਸ਼ੁਕਰ ਹੈ ਕਿ ਇੱਦਾਂ ਨਹੀਂ ਕੀਤਾ ਗਿਆ ਅਤੇ ਉਸ ਮਹਾਨ ਪੰਜਾਬੀ ਅਤੇ ਸਮੱਰਪਿਤ ਸਿੱਖ ਵਿਦਵਾਨ ਦਾ ਤਿਆਰ ਕੀਤਾ ਕੈਲੰਡਰ ਸੋਧਾਂ ਸਮੇਤ ਹੀ ਸਹੀ, ਚੱਲਦਾ ਹੈ।
ਬੇਸ਼ਕ ਇਹ ਕੈਲੰਡਰ ਚੱਲਦਾ ਹੈ, ਪਰ ਜਿਹੜੇ ਲੋਕ ਇਸ ਨੂੰ ਧਾਰਮਿਕ ਪੱਖੋਂ ਮਾਨਤਾ ਦਿੰਦੇ ਹਨ, ਆਪਣਾ ਬਾਕੀ ਸਭ ਕੰਮ-ਕਾਰ ਆਮ ਕਰ ਕੇ ਅੰਗਰੇਜ਼ੀ ਕੈਲੰਡਰ ਮੁਤਾਬਕ ਕਰਦੇ ਹਨ। ਹੋਰ ਤਾਂ ਛੱਡੋ, ਇਸ ਕੈਲੰਡਰ ਨੂੰ ਜਾਰੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਵੀ ਆਪਣੀਆਂ ਮੀਟਿੰਗਾਂ ਆਦਿ ਦਾ ਐਲਾਨ ਕਰਨ ਵੇਲੇ ਅੰਗਰੇਜ਼ੀ ਕੈਲੰਡਰ ਮੁਤਾਬਕ ਹੀ ਤਾਰੀਖਾਂ ਮਿਥਦੀ ਹੈ। ਇਸ ਵਕਤ ਜਿਹੜਾ ਸ੍ਰੀ ਅਕਾਲ ਤਖਤ ਦਾ ਹੁਕਮਨਾਮਾ ਬਹੁਤ ਜ਼ਿਆਦਾ ਚਰਚਾ ਵਿੱਚ ਹੈ, ਉਸ ਨੂੰ ਵੀ ‘ਦੋ ਦਸੰਬਰ ਦਾ ਹੁਕਮਨਾਮਾ’ ਕਿਹਾ ਜਾਂਦਾ ਹੈ, ਕਦੀ ਕਿਸੇ ਨੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਬਣਦੀ ਉਸ ਦੀ ਕਿਸੇ ਤਿੱਥ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਸਮਝੀ। ਫਿਰ ਵੀ ਅਮਲ ਵਿੱਚ ਉਹ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਦੀ ਰਿਵਾਇਤ ਕਾਇਮ ਹੈ, ਬੇਸ਼ਕ ਭਾਰਤ ਦੇ ਅੰਦਰ ਵੀ ਅਤੇ ਇਸ ਤੋਂ ਬਾਹਰ ਵੀ ਕਈ ਗੁਰਦੁਆਰਾ ਕਮੇਟੀਆਂ ਹਾਲੇ ਤਕ ਇਸ ਨਾਲ ਸਹਿਮਤ ਨਹੀਂ ਹੋ ਸਕੀਆਂ ਅਤੇ ਹਰ ਗੁਰਪੁਰਬ ਜਾਂ ਤਿਉਹਾਰ ਮਨਾਉਣ ਲਈ ਵੱਖੋ-ਵੱਖਰੇ ਦਿਨ ਰੱਖੇ ਜਾਂਦੇ ਹਨ, ਜਿਸ ਨਾਲ ਸਮਾਜ ਵਿੱਚ ਦੁਬਿਧਾ ਰਹਿੰਦੀ ਹੈ। ਸਿਰਫ ਇੱਕ ਗੱਲ ਦੀ ਸਹਿਮਤੀ ਹੁੰਦੀ ਹੈ ਕਿ ਕੈਲੰਡਰ ਹਰ ਸਾਲ ਚੇਤਰ ਮਹੀਨੇ ਦੀ ਸੰਗਰਾਂਦ ਦੇ ਦਿਨ ਸ਼ੁਰੂ ਕੀਤਾ ਜਾਂਦਾ ਹੈ। ਇਹ ਰਿਵਾਇਤ ਨਾਨਕਸ਼ਾਹੀ ਕੈਲੰਡਰ ਦੇ ਲੇਖਕ ਨੇ ਨਹੀਂ ਸੀ ਪਾਈ, ਇਸ ਕਾਰਨ ਪਈ ਹੈ ਕਿ ਹਰ ਕੋਈ ਮੰਨਦਾ ਹੈ ਕਿ ਪਹਿਲੇ ਅਤੇ ਪੰਜਵੇਂ ਗੁਰੂ ਸਾਹਿਬਾਨ ਨੇ ਵੀ ਬਾਰਾ-ਮਾਹਾ ਦੀ ਰਚਨਾ ਕਰਨ ਵੇਲੇ ਆਪਣਾ ਸੰਦੇਸ਼ ਇਸੇ ਮਹੀਨੇ ਤੋਂ ਅਰੰਭ ਕੀਤਾ ਸੀ। ਚਲੋ ਸਹਿਮਤੀ ਦਾ ਇਹ ਨੁਕਤਾ ਹੀ ਸਹੀ।
ਜਿਹੜਾ ਸਿੱਖ ਪੰਥ ਬਹੁਤ ਸਾਰੇ ਹੋਰ ਮਾਮਲਿਆਂ ਵਿੱਚ ਵਿਵਾਦਾਂ ਤੋਂ ਬਾਹਰ ਨਹੀਂ ਨਿਕਲ ਸਕਿਆ ਤੇ ਕੈਲੰਡਰ ਦੇ ਮਾਮਲੇ ਵਿੱਚ ਵੀ ਵਿਵਾਦਾਂ ਵਿੱਚ ਫਸਿਆ ਰਿਹਾ ਹੈ, ਉਹ ਚਲੰਤ ਸਾਲ ਇਸ ਕੈਲੰਡਰ ਦੇ ਜਾਰੀ ਕਰਨ ਵਾਲੇ ਦਿਵਸ ਤੋਂ ਪਹਿਲਾਂ ਸਿੱਖੀ ਮਰਿਯਾਦਾ ਅਤੇ ਰਾਜਨੀਤੀ ਨਾਲ ਧਰਮ ਦੇ ਰਿਸ਼ਤੇ ਬਾਰੇ ਵਿਵਾਦ ਵਿੱਚ ਉਲਝਿਆ ਪਿਆ ਹੈ। ਬੀਤੇ ਦਸੰਬਰ ਦੀ ਦੋ ਤਾਰੀਖ ਨੂੰ ਸ੍ਰੀ ਅਕਾਲ ਤਖਤ ਤੋਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਅਤੇ ਉਸ ਵੇਲੇ ਸਾਰੇ ਅਕਾਲੀ ਲੀਡਰਾਂ ਨੇ ਸਿਰ ਝੁਕਾ ਕੇ ਮੰਨ ਲੈਣ ਦਾ ਪ੍ਰਭਾਵ ਦਿੱਤਾ ਸੀ, ਉਹ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿੱਪ ਤੇ ਉਸਦੇ ਪ੍ਰਭਾਵ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤਕ ਪੂਰਾ ਲਾਗੂ ਨਹੀਂ ਕਰ ਰਹੀ। ਉਲਟਾ ਇਹੋ ਜਿਹੇ ਹਾਲਾਤ ਬਣਾਏ ਜਾਂਦੇ ਰਹੇ ਕਿ ਜਿਹੜੇ ਜਥੇਦਾਰ ਸਾਹਿਬਾਨ ਨੇ ਇੱਦਾਂ ਦਾ ਹੁਕਮਨਾਮਾ ਜਾਰੀ ਕੀਤਾ ਸੀ, ਉਹ ਸਾਰੇ ਵਾਰੋ-ਵਾਰੀ ਪਾਸੇ ਕਰ ਦਿੱਤੇ ਜਾਣ, ਤਾਂ ਕਿ ਨਵੇਂ ਸਿੰਘ ਸਾਹਿਬਾਨ ਲਿਆ ਕੇ ਉਨ੍ਹਾਂ ਤੋਂ ਉਹ ਹੁਕਮਨਾਮਾ ਵੀ ਉਲਟਾਇਆ ਜਾ ਸਕੇ ਅਤੇ ਭਵਿੱਖ ਬਾਰੇ ਵੀ ਸੰਦੇਸ਼ ਦੇ ਦਿੱਤਾ ਜਾਵੇ ਕਿ ਜਿਸ ਨੇ ਇੱਦਾਂ ਦਿਲ-ਵਧੀ ਕੀਤੀ, ਉਸ ਦਾ ਇਹ ਹਾਲ ਹੋਵੇਗਾ। ਇਸ ਮਕਸਦ ਦੀ ਪੂਰਤੀ ਲਈ ਸਿੱਖ ਸਮਾਜ ਦੇ ਵੱਡੇ ਵਿਰੋਧ ਦੇ ਬਾਵਜੂਦ ਸ੍ਰੀ ਅਕਾਲ ਤਖਤ ਅਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰਾਂ ਦੀ ਥਾਂ ਨਵੇਂ ਜਥੇਦਾਰ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਅਤੇ ਅਕਾਲ ਤਖਤ ਸਾਹਿਬ ਲਈ ਜਿਹੜੇ ਕੁਲਦੀਪ ਸਿੰਘ ਗੜਗੱਜ ਦਾ ਨਾਂਅ ਪਾਸ ਕੀਤਾ ਗਿਆ, ਉਸ ਦੀ ਅੱਧੀ ਰਾਤ ਕੀਤੀ ਗਈ ਤਾਜਪੋਸ਼ੀ ਨੇ ਨਵਾਂ ਵਿਵਾਦ ਛੇੜ ਦਿੱਤਾ। ਪਿਛਲੇ ਸਮੇਂ ਵਿੱਚ ਜਦੋਂ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾਂਦੀ ਸੀ ਤਾਂ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਪ੍ਰਮੁੱਖ ਹਸਤੀਆਂ ਵੱਲੋਂ ਦਸਤਾਰਾਂ ਅਤੇ ਸਿਰੋਪਾਉ ਭੇਟ ਕੀਤੇ ਜਾਂਦੇ ਸਨ, ਜਿਸ ਲਈ ਬਾਕਾਇਦਾ ਸਮਾਂ ਮਿਥਿਆ ਜਾਂਦਾ ਸੀ। ਰਿਵਾਇਤ ਦੀ ਪਾਲਣਾ ਦੀ ਬਜਾਏ ਇਸ ਵਾਰੀ ਸਮਾਂ ਮਿਥ ਕੇ ਵੀ ਬਾਦਲ ਧੜੇ ਦੇ ਅਕਾਲੀਆਂ ਦੇ ਕਬਜ਼ੇ ਹੇਠ ਸ਼੍ਰੋਮਣੀ ਕਮੇਟੀ ਨੇ ਬਹੁਤ ਗੁਪਤ ਢੰਗ ਨਾਲ ਅੱਧੀ ਰਾਤ ਵਿਵਾਦਤ ਨਿਯੁਕਤੀ ਵਾਲੇ ਜਥੇਦਾਰ ਦੀ ‘ਤਾਜਪੋਸ਼ੀ’ ਕਰ ਦਿੱਤੀ। ਇਹ ਕੁਝ ਕਰਦੇ ਵਕਤ ਇਹ ਵੀ ਗੱਲ ਲੁਕੀ ਨਹੀਂ ਰਹੀ ਕਿ ਰਸਮ ਨਾ ਸਿਰਫ ਤਖਤ ਕੇਸਗੜ੍ਹ ਸਾਹਿਬ ਦੀ ਬਜਾਏ ਇੱਕ ਕਮਰੇ ਵਿੱਚ ਨਿਭਾਈ ਗਈ, ਸਗੋਂ ਇਹ ਵੀ ਕਿ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉੱਥੇ ਨਹੀਂ ਸੀ। ਫਿਰ ਅਗਲੇ ਦਿਨ ਇੱਦਾਂ ਹੀ ਬਿਨਾਂ ਕੋਈ ਸਮਾਂ ਮਿਥੇ ਅਤੇ ਕਿਸੇ ਨੂੰ ਮਾੜੀ-ਮੋਟੀ ਖਬਰ ਲੱਗਣ ਤੋਂ ਵੀ ਬਚਾ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਨਵੇਂ ਜਥੇਦਾਰ ਨੂੰ ਉੱਥੋਂ ਦੀ ਜ਼ਿੰਮੇਵਾਰੀ ਵੀ ਸੰਭਾਲ ਦਿੱਤੀ ਗਈ। ਇਸ ਨਾਲ ਵਿਵਾਦ ਹੋਰ ਵਧਣਾ ਹੀ ਸੀ।
ਅਕਾਲੀ ਲੀਡਰ ਆਮ ਕਰਕੇ ਇਹ ਦੋਸ਼ ਲਾਉਂਦੇ ਰਹਿੰਦੇ ਹਨ ਕਿ ਉਨ੍ਹਾਂ ਦੇ ਧਾਰਮਿਕ ਮਾਮਲਿਆਂ ਵਿੱਚ ਬਾਹਰੀ ਤਾਕਤਾਂ ਦਖਲ ਦਿੰਦੀਆਂ ਅਤੇ ਸਿੱਖੀ ਦੇ ਅਕਸ ਨੂੰ ਢਾਹ ਲਾਉਂਦੀਆਂ ਹਨ। ਇਸ ਵਾਰੀ ਹਰ ਕਿਸੇ ਦੇ ਅੱਖਾਂ ਮੋਹਰੇ ਇਹ ਸੱਚ ਆ ਗਿਆ ਹੈ ਕਿ ਬਾਹਰੀ ਤਾਕਤਾਂ ਸਿੱਖੀ ਦੇ ਅਕਸ ਨੂੰ ਢਾਹ ਲਾਉਣ ਤੇ ਭਾਵੇਂ ਨਾ, ਸਿੱਖੀ ਦੇ ਨਾਂਅ ਉੱਤੇ ਰਾਜਨੀਤੀ ਕਰਨ ਵਾਲਿਆਂ ਨੂੰ ਜਦੋਂ ਆਪਣੇ ਹਿਤਾਂ ਦੀ ਲੋੜ ਪਵੇ, ਉਸ ਲੋੜ ਲਈ ਸਿੱਖੀ ਅਕਸ ਨੂੰ ਢਾਹ ਲਾਉਣ ਤੋਂ ਖੁਦ ਵੀ ਪਿੱਛੇ ਨਹੀਂ ਰਹਿੰਦੇ। ਸੰਸਾਰ ਭਰ ਵਿੱਚ ਫੈਲੇ ਸਿੱਖ ਭਾਈਚਾਰੇ ਅਤੇ ਸਮਾਜ ਦੇ ਹੋਰ ਹਰ ਕਿਸਮ ਦੇ ਵਰਗਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਅਕਾਲ ਤਖਤ ਸਿੱਖਾਂ ਲਈ ਸਰਬ ਉੱਚ ਧਾਰਮਿਕ ਅਸਥਾਨ ਅਤੇ ਇਸਦਾ ਮੁਖੀ ਸਰਬ ਪ੍ਰਵਾਨਤ ਤੇ ਸਰਬ ਉੱਚ ਹਸਤੀ ਹੈ। ਸਿੱਖ ਪੰਥ ਦੀ ਸਾਜਣਾ ਦਾ ਤਿੰਨ ਸੌ ਸਾਲਾ ਦਿਵਸ ਮਨਾਉਣ ਵਾਲੇ ਸਾਲ ਜਥੇਦਾਰਾਂ ਨੂੰ ਜ਼ਲੀਲ ਕਰ ਕੇ ਕੱਢ ਦਿੱਤੇ ਜਾਣ ਵਾਲੀ ਜਿਹੜੀ ਰੀਤ ਸ਼ੁਰੂ ਕੀਤੀ ਗਈ, ਉਹ ਚਲਦੀ ਹੋਈ ਇੱਥੇ ਆ ਗਈ ਹੈ ਕਿ ਅੱਜ ਹਰ ਪਾਸੇ ਇਸਦੀ ਨਾ ਸਿਰਫ ਚਰਚਾ ਹੈ, ਸਗੋਂ ਇਸ ਕਾਰਨ ਆਮ ਸਿੱਖ ਦੁਬਿਧਾ ਵਿੱਚ ਫਸਿਆ ਪਿਆ ਹੈ। ਅਕਾਲੀ ਦਲ ਪਾਰਟੀ ਵਜੋਂ ਜੋ ਮਰਜ਼ੀ ਕਰੀ ਜਾਵੇ, ਇਹ ਗੱਲ ਰਾਜਨੀਤਕ ਖੇਤਰ ਬਾਰੇ ਕਹੀ ਜਾ ਸਕਦੀ ਹੈ, ਪਰ ਜੇ ਇਸ ਪਾਰਟੀ ਦੇ ਲੀਡਰ ਧਰਮ ਦੀ ਦੁਰਵਰਤੋਂ ਕਰਨ ਤੋਂ ਅੱਗੇ ਵਧ ਕੇ ਧਾਰਮਿਕ ਪਦਵੀਆਂ ਨੂੰ ਰਾਜਨੀਤੀ ਦੇ ਦਾਅ ਉੱਤੇ ਲਾਉਣ ਅਤੇ ਬੇਲੋੜੇ ਵਿਵਾਦਾਂ ਵਿੱਚ ਫਸਾਉਣ ਤਕ ਜਾ ਪੁੱਜਣ ਤਾਂ ਇਹ ਗੱਲ ਸਿਰਫ ਸਿੱਖਾਂ ਤਕ ਸੀਮਤ ਨਹੀਂ ਰਹਿ ਸਕਦੀ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ: ਪੰਜਾਬ ਵਸਦਾ ਗੁਰਾਂ ਦੇ ਨਾਂਅ ’ਤੇ। ਗੁਰੂ ਅਤੇ ਗੁਰੂ ਘਰ ਵਿੱਚ ਸ਼ਰਧਾ ਸਿਰਫ ਸਿੱਖਾਂ ਤਕ ਸੀਮਤ ਨਾ ਰਹਿ ਕੇ ਪੰਜਾਬੀ ਮੂਲ ਦੇ ਗੈਰ-ਸਿੱਖਾਂ ਦੇ ਵੀ ਬਹੁਤ ਵੱਡੇ ਹਿੱਸੇ ਵਿੱਚ ਵੇਖੀ ਜਾਂਦੀ ਹੈ। ਸਦੀਆਂ ਤੋਂ ਕਈ ਹਿੰਦੂ ਪਰਿਵਾਰਾਂ ਵਿੱਚ ਪਹਿਲਾ ਪੁੱਤਰ ਸਿੱਖ ਬਣਾਉਣ ਦੀ ਪਰੰਪਰਾ ਅੱਜ ਵੀ ਮੌਜੂਦ ਹੈ ਅਤੇ ਅਸੀਂ ਇਹੋ ਜਿਹੇ ਕਈ ਪ੍ਰਮੁੱਖ ਲੋਕਾਂ ਦੇ ਨਾਂਅ ਗਿਣਾ ਸਕਦੇ ਹਾਂ। ਜਦੋਂ ਗੱਲ ਸਿੱਖੀ ਬਾਰੇ ਕੀਤੀ ਜਾਂਦੀ ਹੈ ਤਾਂ ਸਿੱਖੀ ਨਾਲ ਜੁੜੇ ਹੋਏ ਇਨ੍ਹਾਂ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ, ਪਰ ਇਸ ਬਾਰੇ ਕੋਈ ਚਿੰਤਾ ਨਹੀਂ ਕਰਦਾ, ਬਲਕਿ ਗੈਰ-ਸਿੱਖ ਪਰਿਵਾਰਾਂ ਵਿੱਚ ਪੈਦਾ ਹੋਏ ਅਤੇ ਰਾਜਨੀਤੀ ਦੇ ਰਾਹ ਪਏ ਸਿੱਖ ਆਗੂ ਵੀ ਇਸਦਾ ਫਿਕਰ ਨਹੀਂ ਕਰਦੇ ਵੇਖੇ ਗਏ। ਉਨ੍ਹਾਂ ਲਈ ਵੀ ਰਾਜਨੀਤੀ ਮੁੱਖ ਮੁੱਦਾ ਰਹਿੰਦੀ ਹੈ।
ਇੱਦਾਂ ਦੇ ਹਾਲਾਤ ਵਿੱਚ ਅੱਜ ਜਦੋਂ ਸਿੱਖ ਭਾਈਚਾਰੇ ਵਿੱਚ ਪ੍ਰਮੁੱਖ ਧਾਰਮਿਕ ਹਸਤੀਆਂ ਅਤੇ ਧਾਰਮਿਕ ਪਦਵੀਆਂ ਬਾਰੇ ਇਸ ਕਿਸਮ ਦੀ ਦੁਬਿਧਾ ਤੇ ਕਬਜ਼ਾਦਾਰੀ ਦੀ ਭਾਵਨਾ ਦਾ ਮੁਜ਼ਾਹਰਾ ਹੁੰਦਾ ਪਿਆ ਹੈ ਤਾਂ ਇਸ ਨੂੰ ਸਿਰਫ ਸਿੱਖਾਂ ਦਾ ਮਾਮਲਾ ਨਹੀਂ ਸਮਝਣਾ ਚਾਹੀਦਾ। ਇਹ ਚਿੰਤਾ ਸਮੁੱਚੇ ਪੰਜਾਬੀ ਭਾਈਚਾਰੇ ਦੀ ਨੀਂਦ ਵੀ ਉਡਾਉਣ ਵਾਲੀ ਹੈ ਤੇ ਉਨ੍ਹਾਂ ਦੇ ਇਲਾਵਾ ਦੂਸਰੇ ਧਰਮਾਂ ਵਾਲਿਆਂ ਲਈ ਵੀ ਇੱਕ ਚਿਤਾਵਨੀ ਹੈ ਕਿ ਜਿਸ ਧਰਮ ਅੰਦਰ ਸਿਆਸੀ ਆਗੂਆਂ ਦੀ ਵਾਗ ਇੰਨੀ ਖੁੱਲ੍ਹੀ ਛੱਡ ਦਿੱਤੀ ਜਾਵੇ ਕਿ ਮਨ-ਆਈਆਂ ਕਰਦੇ ਕਿਸੇ ਤਰ੍ਹਾਂ ਦੀ ਝਿਜਕ ਹੀ ਨਾ ਵਿਖਾਉਣ, ਹਰ ਉਸ ਧਰਮ ਦੇ ਅੰਦਰ ਇੱਦਾਂ ਦੀ ਹਾਲਤ ਅੱਜ ਨਹੀਂ ਤਾਂ ਕੱਲ੍ਹ, ਕਦੇ ਨਾ ਕਦੇ ਅਚਾਨਕ ਉਤਪੰਨ ਹੋ ਸਕਦੀ ਹੈ। ਸਮੇਂ ਦੀ ਮੰਗ ਇਹੋ ਹੈ ਕਿ ਧਰਮ ਅਤੇ ਰਾਜਨੀਤੀ ਨੂੰ ਥੋੜ੍ਹਾ ਜਿਹਾ ਫਾਸਲਾ ਰੱਖ ਕੇ ਚਲਾਇਆ ਜਾਵੇ, ਤਾਂ ਕਿ ਰਾਜਨੀਤਕ ਖੇਤਰ ਦਾ ਗੰਦ ਧਰਮ ਦੇ ਖੇਤਰ ਵਿੱਚ ਆ ਕੇ ਚੰਦ ਚਾੜ੍ਹਨ ਦਾ ਕੰਮ ਨਾ ਕਰ ਸਕੇ। ਹੋਰ ਕੋਈ ਚਾਰਾ ਨਹੀਂ ਰਹਿ ਗਿਆ ਜਾਪਦਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (