JatinderPannu7ਹਾਕਮ ਕੋਈ ਵੀ ਬਣ ਜਾਵੇਪੰਜਾਬ ਦੇ ਲੋਕਾਂ ਦਾ ਭਲਾ ਇਸ ਗੱਲ ਵਿੱਚ ਹੈ ਕਿ ...
(27 ਫਰਵਰੀ 2022)
ਇਸ ਸਮੇਂ ਮਹਿਮਾਨ: 578.


ਵੀਹ ਫਰਵਰੀ ਦੇ ਦਿਨ ਜਦੋਂ ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਸਿਰੇ ਚੜ੍ਹ ਚੁੱਕਾ ਸੀ
, ਅਗਲੇ ਦਿਨ ਸਾਨੂੰ ਅਚਾਨਕ ਇੱਕ ਸੱਜਣ ਦਾ ਫੋਨ ਆ ਗਿਆ, ਜਿਹੜਾ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਦੇ ਵਕਤ ਰਾਜ ਦਰਬਾਰ ਦੇ ਗਲਿਆਰਿਆਂ ਵਿੱਚ ਜਾਣਿਆ-ਪਛਾਣਿਆ ਨਾਂਅ ਬਣਿਆ ਰਹਿੰਦਾ ਹੈਮੈਂ ਉਸ ਨੂੰ ਕੋਈ ਤੀਹ ਤੋਂ ਵੱਧ ਸਾਲਾਂ ਤੋਂ ਜਾਣਦਾ ਸਾਂ ਅਤੇ ਹਾਸੇ-ਠੱਠੇ ਵਿੱਚ ਗੰਭੀਰ ਕਿਸਮ ਦੇ ਇਸ਼ਾਰੇ ਕਰਨ ਦਾ ਉਹ ਮਾਹਰ ਕਿਹਾ ਜਾਂਦਾ ਹੈਬਹੁਤ ਸਾਰੇ ਹੋਰਨਾਂ ਲੋਕਾਂ ਵਾਂਗ ਸਾਡੀ ਦੋਵਾਂ ਦੀ ਗੱਲਬਾਤ ਵੀ ਇੱਥੋਂ ਹੀ ਸ਼ੁਰੂ ਹੋਈ ਕਿ ਕਿਸ ਪਾਰਟੀ ਦੀਆਂ ਕਿੰਨੀਆਂ ਕੁ ਸੀਟਾਂ ਆਉਣ ਦੇ ਹਾਲਾਤ ਹਨ ਅਤੇ ਸਰਕਾਰ ਕਿਸ ਦੀ ਬਣੇਗੀਅਚਾਨਕ ਅਸੀਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੀ ਹਾਲਤ ਬਾਰੇ ਪੁੱਛ ਲਿਆ ਤਾਂ ਜਵਾਬ ਵਿੱਚ ਉਸ ਨੇ ਕਿਹਾ ਕਿ ਉਸ ਨਾਲ ਇੰਨੀ ਮਾੜੀ ਹੋਣ ਵਾਲੀ ਹੈ ਕਿ ਪਟਿਆਲੇ ਦੀ ਉਸ ਦੀ ਆਪਣੀ ਸੀਟ ਜਿੱਤਣੀ ਵੀ ਯਕੀਨੀ ਨਹੀਂਮੈਂ ਉਸ ਦੀ ਗੱਲ ਨਾਲ ਸਹਿਮਤ ਨਹੀਂ ਸੀ ਅਤੇ ਇਸ ਇਸ਼ਾਰੇ ਨੂੰ ਰੱਦ ਕਰਨ ਦਾ ਵੀ ਮੇਰੇ ਕੋਲ ਕੋਈ ਠੋਸ ਕਾਰਨ ਨਹੀਂ ਸੀ, ਇਸ ਲਈ ਉਲਟਾ ਉਸ ਨੂੰ ਅਮਰਿੰਦਰ ਸਿੰਘ ਦੇ ਇੰਨੇ ਮਾੜੇ ਹਾਲਾਤ ਹੋਣ ਦਾ ਖਾਸ ਕਾਰਨ ਪੁੱਛ ਲਿਆਅਗਲੀ ਸਾਰੀ ਲਿਖਤ ਉਸ ਦੇ ਜਵਾਬ ਉੱਤੇ ਆਧਾਰਤ ਹੈ

ਉਸ ਮਿੱਤਰ ਨੇ ਪਹਿਲਾਂ ਇਹ ਚੇਤੇ ਕਰਵਾਇਆ ਕਿ ਪਹਿਲੀ ਵਾਰ ਮੁੱਖ ਮੰਤਰੀ ਬਣੇ ਅਮਰਿੰਦਰ ਸਿੰਘ ਦੀ ਕਿੰਨੀ ਚੜ੍ਹਤ ਸੀ ਅਤੇ ਉਸ ਦੀ ਇਮਾਨਦਾਰੀ ਦੀ ਧੁੰਮ ਸੀ, ਪਰ ਰਵੀ ਸਿੱਧੂ ਵਾਲੇ ਜਿਸ ਕੇਸ ਨਾਲ ਉਸ ਦੀ ਚੜ੍ਹਤ ਬਣੀ, ਉਹੋ ਕੇਸ ਫਿਰ ਉਸ ਸਰਕਾਰ ਦੇ ਜੜ੍ਹੀਂ ਬਹਿਣ ਵਾਲਾ ਸਾਬਤ ਹੋਇਆ ਸੀਜਦੋਂ ਭ੍ਰਿਸ਼ਟਾਚਾਰ ਦੀ ਹਨੇਰੀ ਝੁਲਾ ਚੁੱਕੇ ਰਵੀ ਸਿੱਧੂ ਦੇ ਬੈਂਕ ਲਾਕਰ ਖੋਲ੍ਹੇ ਤਾਂ ਉਨ੍ਹਾਂ ਲਾਕਰਾਂ ਵਿੱਚੋਂ ਮਿਲੇ ਨੋਟ ਦਰੀ ਉੱਤੇ ਵਿਛਾਉਣ ਨਾਲ ਬੈਂਕ ਦਾ ਫਰਸ਼ ਢਕਿਆ ਗਿਆ ਸੀਫਿਰ ਉਸ ਦੌਲਤ ਨੂੰ ਜਿਹੜੇ ਚਾਟੜਿਆਂ ਨੇ ਕੁੰਡੀ ਲਾਈ ਸੀ, ਬਦਨਾਮੀ ਦਾ ਮੁੱਢ ਉਨ੍ਹਾਂ ਨੇ ਬੰਨ੍ਹਿਆ ਸੀਉਸ ਦੇ ਬਾਅਦ ਇੱਕ ਦਿਨ ਖਬਰ ਆਈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਮੰਤਰੀ ਨੂੰ ਬਰੇਕ ਫਾਸਟ ਦੇ ਲਈ ਘਰ ਸੱਦਿਆ ਅਤੇ ਪ੍ਰੇਮ ਨਾਲ ਖਾਣਾ ਖੁਆਉਣ ਦੇ ਬਾਅਦ ਕਹਿ ਦਿੱਤਾ ਸੀ ਕਿ ਫਲਾਣੇ ਬੰਦੇ ਤੋਂ ਮੇਰੇ ਨਾਂਅ ਉੱਤੇ ਜਿਹੜੇ ਪੈਸੇ ਤੁਸੀਂ ਲਏ ਹਨ, ਉਹ ਵਾਪਸ ਕਰ ਦਿਓਹੋਰ ਕੁਝ ਕਹੇ ਬਿਨਾਂ ਇੰਨੀ ਗੱਲ ਨਾਲ ਹਰ ਕਿਸੇ ਨੂੰ ਸੰਦੇਸ਼ ਦੇ ਦਿੱਤਾ ਸੀ ਕਿ ਅਮਰਿੰਦਰ ਸਿੰਘ ਨੂੰ ਬੇਈਮਾਨੀ ਬਰਦਾਸ਼ਤ ਨਹੀਂ ਹੋਵੇਗੀ, ਪਰ ਰਵੀ ਸਿੱਧੂ ਵਾਲੇ ਲਾਕਰਾਂ ਦੇ ਕਿੱਸੇ ਮਗਰੋਂ ਉਹ ਸੰਦੇਸ਼ ਰੁਲ ਕੇ ਰਹਿ ਗਿਆ ਤੇ ਬਦਨਾਮੀ ਕਰਵਾ ਕੇ ਅਗਲੀ ਵਾਰੀ ਚੋਣਾਂ ਵਿੱਚ ਉਹ ਬੁਰੀ ਤਰ੍ਹਾਂ ਹਾਰ ਗਏ ਸਨ

ਇਸ ਕਹਾਣੀ ਦੇ ਬਾਅਦ ਉਸ ਮਿੱਤਰ ਨੇ ਕਿਹਾ ਕਿ ਦਸ ਸਾਲ ਰਾਜ-ਸੱਤਾ ਤੋਂ ਬਨਵਾਸ ਮਗਰੋਂ ਮਸਾਂ ਪੰਜਾਬ ਦੇ ਲੋਕਾਂ ਦਾ ਭਰੋਸਾ ਮਿਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰੀ ਮੁੱਖ ਮੰਤਰੀ ਬਣਿਆ, ਪਰ ਇਸ ਵਾਰ ਉਸ ਨੇ ਮੁੱਖ ਮੰਤਰੀ ਵਜੋਂ ਕੰਮ ਹੀ ਨਹੀਂ ਕੀਤਾ, ਸਾਰਾ ਕੁਝ ਚਹੇਤਿਆਂ ਨੂੰ ਸੌਂਪ ਦਿੱਤਾ ਤੇ ਉਹ ਚੇਲੇ ਲੈ ਡੁੱਬੇ ਸਨਚਹੇਤੇ ਕੌਣ ਸਨ ਅਤੇ ਉਨ੍ਹਾਂ ਨੇ ਕੈਪਟਨ ਦੀ ਕਿਸ਼ਤੀ ਡੁੱਬਣ ਦਾ ਸਬੱਬ ਕਿੱਦਾਂ ਬਣਾਇਆ, ਰਾਜ-ਦਰਬਾਰ ਵਿੱਚ ਚਲਤੇ-ਪੁਰਜ਼ੇ ਵਜੋਂ ਜਾਣੇ ਜਾਂਦੇ ਉਸ ਸੱਜਣ ਨੇ ਇਹ ਵੀ ਦੱਸ ਦਿੱਤਾਉਸ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਕਦੇ ਸਰਕਾਰੀ ਫਾਈਲਾਂ ਵੇਖਦਾ ਨਹੀਂ ਸੀ ਅਤੇ ਇਹ ਕੰਮ ਉਸ ਨੇ ਜਿਹੜੇ ਚਹੇਤਿਆਂ ਦੇ ਜ਼ਿੰਮੇ ਲਾ ਰੱਖਿਆ ਸੀ, ਉਨ੍ਹਾਂ ਦੀ ਕਮਾਨ ਉਨ੍ਹਾਂ ਅਫਸਰਾਂ ਦੇ ਹੱਥ ਸੀ, ਜਿਨ੍ਹਾਂ ਨੇ ਸਾਰੀ ਉਮਰ ਇਮਾਨਦਾਰੀ ਦਾ ਢੋਲ ਵਜਾਇਆ ਤੇ ਰਿਟਾਇਰ ਹੋਣ ਦੇ ਨੇੜੇ ਜਾ ਕੇ ਸਾਰੀ ਉਮਰ ਦੀ ਕਸਰ ਕੱਢ ਲਈ ਸੀਉਹ ਅਫਸਰ ਪਿਛਲੀ ਬਾਦਲ ਸਰਕਾਰ ਦੇ ਵਕਤ ਅਕਾਲੀ ਦਲ ਦੇ ਪ੍ਰਧਾਨ ਦੇ ਸਭ ਤੋਂ ਵੱਧ ਭਰੋਸੇਮੰਦ ਗਿਣੇ ਜਾਂਦੇ ਰਹੇ ਸਨ ਤੇ ਬਿਜਲੀ ਕੰਪਨੀਆਂ ਨਾਲ ਸਮਝੌਤੇ ਕਰਾਉਣ ਦੇ ਕੰਮ ਵਿੱਚ ਚੋਖੀ ਮੋਟੀ ਦਲਾਲੀ ਲੈਣ ਦੀ ਚਰਚਾ ਵੀ ਉਨ੍ਹਾਂ ਦੀ ਹੁੰਦੀ ਰਹੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਆਇਆ ਤਾਂ ਅਫਸਰਸ਼ਾਹੀ ਦੀ ਨੱਥ ਮੁੜ ਕੇ ਉਨ੍ਹਾਂ ਅਫਸਰਾਂ ਦੇ ਹੱਥ ਫੜਾ ਦਿੱਤੀ ਗਈਇਸ ਕਾਰਨ ਹੇਠਲੇ ਅਫਸਰ ਆਪਣੇ ਸਿਰ ਉੱਤੇ ਸਵਾਰ ਉਨ੍ਹਾਂ ਸ਼ਾਹੀ ਚਹੇਤਿਆਂ ਦੇ ਖਿਲਾਫ ਹਰ ਗੱਲ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਤੇ ਮੀਡੀਏ ਨੂੰ ਵੀ ਉਚੇਚ ਨਾਲ ਪੁਚਾਉਂਦੇ ਰਹਿੰਦੇ ਸਨ, ਪਰ ਅਫਸਰੀ ਧਾੜ ਦੇ ਆਪਸੀ ਪਾਟਕ ਦੇ ਕਾਰਨ ਹਰ ਕੋਈ ਆਪਣਾ ਪੱਲਾ ਬਚਾਉਣ ਲਈ ਜ਼ੋਰ ਲਾਉਂਦਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਅਕਸ ਦੀ ਚਿੰਤਾ ਕਿਸੇ ਨੂੰ ਬਿਲਕੁਲ ਨਹੀਂ ਸੀਇਸਦੀ ਥਾਂ ਸਗੋਂ ਉਨ੍ਹਾਂ ਵਿੱਚੋਂ ਹਰ ਕੋਈ ਕਾਰਿੰਦਾ ਮੁੱਖ ਮੰਤਰੀ ਦੇ ਚਹੇਤਿਆਂ ਦੀ ਟੀਮ ਵਿਚਲੇ ਆਪਣੇ ਨਾਲ ਖਾਰ ਖਾਣ ਵਾਲੇ ਦੂਸਰੇ ਅਫਸਰ ਖਿਲਾਫ ਜਾਣ ਵਾਲੀ ਹਰ ਗੱਲ ਆਪਣੇ ਖਾਸ ਨੇੜਲੇ ਗਿਣੇ ਜਾਂਦੇ ਪੱਤਰਕਾਰਾਂ ਨੂੰ ਖੁਦ ਲੀਕ ਕਰਦਾ ਰਹਿੰਦਾ ਸੀ

ਤੀਸਰੀ ਗੱਲ ਉਸ ਨੇ ਹੋਰ ਵੀ ਹੈਰਾਨੀ ਵਾਲੀ ਦੱਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਗਿਣੇ ਜਾ ਰਹੇ ਮੰਤਰੀ ਵੀ ਕਾਂਗਰਸ ਛੱਡ ਕੇ ਉਸ ਨਾਲ ਇਸ ਲਈ ਨਹੀਂ ਗਏ ਕਿ ਅਫਸਰਾਂ ਦੀ ਬੇਹੂਦਗੀ ਦਾ ਸੇਕ ਉਨ੍ਹਾਂ ਨੂੰ ਵੀ ਲੱਗਾ ਸੀਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇੱਕ ਸਿਰਕੱਢ ਮੰਤਰੀ ਦਾ ਨਾਂਅ ਲੈ ਕੇ ਉਸ ਨੇ ਕਿਹਾ ਕਿ ਉਸ ਮੰਤਰੀ ਦੀ ਬੇਇੱਜ਼ਤੀ ਉਸ ਦੇ ਕੁੜਮਾਚਾਰੀ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਕੈਪਟਨ ਦੇ ਚਹੇਤੇ ਇੱਕ ਅਫਸਰ ਨੇ ਇੰਜ ਕੀਤੀ ਸੀ ਕਿ ਉਹ ਉਸੇ ਰਾਤ ਮੁੱਖ ਮੰਤਰੀ ਨੂੰ ਅਸਤੀਫਾ ਦੇਣ ਚੱਲਿਆ ਸੀਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਆਪ ਫੋਨ ਕੀਤਾ ਅਤੇ ਮੰਤਰੀ ਨੂੰ ਅਸਤੀਫਾ ਨਾ ਦੇਣ ਲਈ ਮਨਾਇਆ ਸੀ, ਪਰ ਉਸ ਦੇ ਮਨ ਵਿਚਲੀ ਉਹ ਕੌੜ ਫਿਰ ਜੜ੍ਹਾਂ ਜਮਾਈ ਬੈਠੀ ਰਹੀ ਅਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡੀ ਤਾਂ ਉਸ ਦੇ ਵਾਰ-ਵਾਰ ਕੀਤੇ ਫੋਨ ਦੇ ਬਾਵਜੂਦ ਉਸ ਨਾਲ ਜਾਣਾ ਨਹੀਂ ਸੀ ਮੰਨਿਆ, ਹਾਲਾਂਕਿ ਦੋਵਾਂ ਦੇ ਸੰਬੰਧ ਬਹੁਤ ਨਿੱਘੇ ਰਹਿ ਚੁੱਕੇ ਸਨਜਿਹੜੇ ਬੰਦਿਆਂ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਬਹੁਤਾ ਭਰੋਸਾ ਸੀ, ਉਹ ਵੀ ਉਸ ਦੇ ਨਾਲ ਨਹੀਂ ਰਹਿ ਗਏ, ਪਰ ਉਨ੍ਹਾਂ ਦੇ ਕੈਪਟਨ ਦਾ ਸਾਥ ਛੱਡਣ ਦਾ ਕਾਰਨ ਇਹ ਸੀ ਕਿ ਗਿਰਝਾਂ ਵਾਂਗ ਤਾਜ਼ਾ ਮਾਸ ਚੂੰਡ ਕੇ ਖਾਣ ਤੇ ਪਰੋਸਣ ਦੇ ਸ਼ੌਕੀਨ ਉਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਗੱਦੀਉਂ ਲੱਥੇ ਲੀਡਰ ਦੇ ਨਾਲ ਰਹਿਣ ਦਾ ਯੁਗ ਨਹੀਂ ਰਹਿ ਗਿਆਉਨ੍ਹਾਂ ਨੂੰ ਖਤਰਾ ਸੀ ਕਿ ਨਵੀਂ ਸਰਕਾਰ ਜੇ ਕਿਤੇ ਇੱਦਾਂ ਦੀ ਆ ਗਈ, ਜਿਹੜੀ ਪੁਰਾਣੇ ਕਿੱਸੇ ਫੋਲਣ ਲੱਗ ਸਕਦੀ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦਾ ਬਚਾ ਕਰਨ ਦੀ ਸਥਿਤੀ ਵਿੱਚ ਨਹੀਂ, ਇਸ ਕਰ ਕੇ ਉਹ ਸਿੱਧੇ ਦਿੱਲੀ ਵਾਲੇ ਉਨ੍ਹਾਂ ਆਗੂਆਂ ਕੋਲ ਪਹੁੰਚਣ ਲੱਗੇ ਹਨ, ਜਿਨ੍ਹਾਂ ਨਾਲ ਸਿਆਸਤ ਦੀ ਸਾਂਝ ਦੇ ਭਰਮ ਹੇਠ ਅਮਰਿੰਦਰ ਸਿੰਘ ਖੁਦ ਆਪਣੀ ਬਹਾਲੀ ਦੇ ਯਤਨ ਕਰਦਾ ਪਿਆ ਹੈ

ਹੈਰਾਨੀ ਦੀ ਗੱਲ ਹੈ ਕਿ ਜਿਹੜੇ ਚਾਟੜੇ ਲੰਮਾ ਸਮਾਂ ਕੈਪਟਨ ਅਮਰਿੰਦਰ ਸਿੰਘ ਨਾਲ ਲੱਗੇ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਪਿਛਲੀ ਬਾਦਲ ਸਰਕਾਰ ਦੇ ਦੋ-ਤਿੰਨ ਸਰਕਰਦਾ ਸਿਰਾਂ ਨਾਲ ਵੀ ਨੇੜ ਦਾ ਨਿੱਘ ਮਾਣਦੇ ਰਹੇ ਸਨ, ਹਾਲਾਤ ਦਾ ਪਲਟਾ ਵੱਜਦੇ ਸਾਰ ਉਹ ਦਿੱਲੀ ਵਾਲੀ ਸੜਕੇ ਪੈ ਗਏਉੱਧਰ ਦਿੱਲੀ ਤੋਂ ਆਉਂਦੀਆਂ ਕਨਸੋਆਂ ਇਹ ਦੱਸਦੀਆਂ ਹਨ ਕਿ ਇੱਦਾਂ ਦੇ ਸੱਜਣਾਂ ਦੀ ਉੱਥੇ ਵਿਖਾਵੇ ਜੋਗੀ ਬਹਿਜਾ-ਬਹਿਜਾ ਤਾਂ ਹੁੰਦੀ ਹੈ, ਪਰ ਇਨ੍ਹਾਂ ਉੱਤੇ ਖਾਸ ਇਤਬਾਰ ਨਹੀਂ ਕੀਤਾ ਜਾ ਰਿਹਾ, ਕਿਉਂਕਿ ਉੱਥੋਂ ਵਾਲਿਆਂ ਨੂੰ ਪਤਾ ਹੈ ਕਿ ਇਹ ਲੋਕ ਜਿਸ ਥਾਲੀ ਵਿੱਚ ਖਾਣ, ਮੌਕਾ ਮਿਲਦੇ ਹੀ ਉਸ ਵਿੱਚ ਵੀ ਛੇਕ ਕਰਿਆ ਕਰਦੇ ਹਨਰੂਸ ਦੇ ਚਿੰਤਕ ਤੇ ਇਨਕਲਾਬੀ ਆਗੂ ਲੈਨਿਨ ਨੇ ਇੱਕ ਵਾਰੀ ਲਿਖਿਆ ਸੀ ਕਿ ਮੱਧ ਵਰਗ ਦੇ ਲੋਕ ਮੌਕੇ ਦੀ ਤਾੜ ਵਿੱਚ ਰਹਿੰਦੇ ਹਨ, ਜੇ ਤੁਸੀਂ ਜਿੱਤਦੇ ਜਾਪਦੇ ਹੋਵੋ ਤਾਂ ਤੁਹਾਡੇ ਹੱਥੋਂ ਕਿਰਪਾਨ ਖੋਹ ਕੇ ਤੁਹਾਡੇ ਤੋਂ ਪਹਿਲਾਂ ਤੁਹਾਡੇ ਦੁਸ਼ਮਣ ਦਾ ਸਿਰ ਲਾਹ ਦੇਣਗੇ, ਪਰ ਜੇ ਤੁਸੀਂ ਹਾਰਦੇ ਨਜ਼ਰ ਆਏ ਤਾਂ ਦੁਸ਼ਮਣ ਦੀ ਕਿਰਪਾਨ ਚੁੱਕ ਕੇ ਤੁਹਾਨੂੰ ਵੀ ਟੁੱਕ ਸਕਦੇ ਹਨਅੱਜਕੱਲ੍ਹ ਪੰਜਾਬ ਦੀ ਰਾਜਨੀਤੀ ਵਿੱਚ ਵੀ ਇੱਦਾਂ ਦਾ ‘ਮੱਧ-ਵਰਗ’ ਕਿਸੇ ਵੀ ਹੋਰ ਧਿਰ ਤੋਂ ਵੱਧ ਤਕੜੀ ਧਾੜ ਦੇ ਰੂਪ ਵਿੱਚ ਆਪਣੀ ਨਵੇਕਲੀ ਥਾਂ ਬਣਾ ਚੁੱਕਾ ਹੈ, ਜਿਹੜਾ ਕਿਸੇ ਵੀ ਹਾਕਮ ਦੀ ਖਿਦਮਤ ਦੇ ਲਈ ਕਿਸੇ ਵੀ ਹੱਦ ਤਕ, ਰਾਤਾਂ ਦੀਆਂ ਮਹਿਫਲਾਂ ਦੇ ਰੰਗ ਭਰਨ ਤਕ ਵੀ ਜਾ ਸਕਦਾ ਹੈ ਅਤੇ ਹਾਲਾਤ ਦਾ ਪਲਟਾ ਵੱਜ ਜਾਵੇ ਤਾਂ ਕੱਲ੍ਹ ਦੇ ਹਾਕਮਾਂ ਨੂੰ ਜੇਲ੍ਹ ਦੀਆਂ ਸੀਖਾਂ ਤਕ ਪਹੁੰਚਾਉਣ ਲਈ ਵੀ ਤਿਆਰ ਹੋ ਸਕਦਾ ਹੈ

ਅਸੀਂ ਨਹੀਂ ਜਾਣਦੇ ਕਿ ਦਸ ਮਾਰਚ ਨੂੰ ਆਏ ਚੋਣਾਂ ਦੇ ਨਤੀਜਿਆਂ ਪਿੱਛੋਂ ਪੰਜਾਬ ਦੀ ਵਾਗ ਕਿਸ ਪਾਰਟੀ ਦੇ ਕਿਸ ਲੀਡਰ ਨੇ ਸੰਭਾਲਣੀ ਹੈ, ਪਰ ਇਹ ਕਹਿਣਾ ਚਾਹਾਂਗੇ ਕਿ ਸੱਤਾ ਦਾ ਨਸ਼ਾ ਸਿਰ ਚੜ੍ਹ ਜਾਵੇ ਤਾਂ ਹਾਕਮਾਂ ਦੀ ਮੱਤ ਮਾਰਨ ਦੇ ਲਈ ਇੱਦਾਂ ਦਾ ‘ਸਿਆਸੀ ਮੱਧ-ਵਰਗ’ ਉਨ੍ਹਾਂ ਦਾ ਘੇਰਾ ਘੱਤਣ ਨੂੰ ਤਿਆਰ ਖੜ੍ਹਾ ਹੁੰਦਾ ਹੈਹਾਕਮ ਕੋਈ ਵੀ ਬਣ ਜਾਵੇ, ਪੰਜਾਬ ਦੇ ਲੋਕਾਂ ਦਾ ਭਲਾ ਇਸ ਗੱਲ ਵਿੱਚ ਹੈ ਕਿ ਨਵੇਂ ਹਾਕਮ ਪਿਛਲਿਆਂ ਦੇ ਕੰਮਾਂ ਦੀ ਥਾਂ ਉਨ੍ਹਾਂ ਦੀਆਂ ਗਲਤੀਆਂ ਤੋਂ ਸਿੱਖਣ ਦਾ ਯਤਨ ਕਰਨ, ਜਿਹੜੀਆਂ ਉਨ੍ਹਾਂ ਦੇ ਜੜ੍ਹੀਂ ਬੈਠੀਆਂ ਸਨਪੰਜਾਬੀ ਦਾ ਮੁਹਾਵਰਾ ਹੈ ਕਿ ‘ਪਿੰਡ ਹਾਲੇ ਬੱਝਾ ਨਹੀਂ ਤੇ ਉਚੱਕੇ ਤਿਆਰ ਖੜ੍ਹੇ ਨੇ।’ ਇਹ ਕਹਾਵਤ ਠੋਸ ਸਚਾਈ ਦੀ ਪ੍ਰਤੀਕ ਹੈਪੰਜਾਬ ਦੀ ਨਵੀਂ ਸਰਕਾਰ ਦਾ ਪਿੰਡ ਜਾਂ ਚੱਕਾ ਬੱਝਣ ਤੋਂ ਪਹਿਲਾਂ ਉਚੱਕੇ ਤਿਆਰ ਖੜ੍ਹੇ ਨੇਹਾਲਾਤ ਦੀ ਮੰਗ ਹੈ ਕਿ ਨਵੇਂ ਹਾਕਮ ਪਹਿਲਿਆਂ ਤੋਂ ਵੱਖਰੇ ਨਿਕਲਣਉਨ੍ਹਾਂ ਨੇ ਵੱਖਰੇ ਨਿਕਲਣਾ ਹੈ ਜਾਂ ਨਹੀਂ, ਨਵਿਆਂ ਦੀ ਮਰਜ਼ੀ ਵੀ ਹੋਵੇਗੀ ਤੇ ਉਨ੍ਹਾਂ ਦਾ ਨਸੀਬਾ ਵੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3393)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author