KamaljitSBanwait7“ਮੁਕਾਬਲੇ ਦੇ ਯੁੱਗ ਵਿੱਚ ਜਿੱਥੇ ਮਾਪੇ ਬੱਚਿਆਂ ਉੱਤੇ ਵੱਧ ਨੰਬਰ ਅਤੇ ਚੰਗੇ ਵਿੱਦਿਅਕ ...”24 October 2026
(24 ਅਕਤੂਬਰ 2026)

 

24 October 2026
ਸਾਡੇ ਸਮਾਜ ਵਿੱਚ ਡਾਕਟਰ ਅਤੇ ਇੰਜਨੀਅਰ ਨੂੰ ਬੜੇ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ
। ਚੰਗੇ ਅਦਾਰੇ ਵਿੱਚ ਇੰਜਨੀਅਰਿੰਗ ਅਤੇ ਮੈਡੀਕਲ ਦੀ ਪੜ੍ਹਾਈ ਕਰਨਾ ਮਾਣ ਵਾਲੀ ਗੱਲ ਹੈ। ਚੰਗੇ ਅਦਾਰਿਆਂ ਵਿੱਚ ਦਾਖਲਾ ਵੀ ਕਿਸਮਤ ਵਾਲੇ ਵਿਦਿਆਰਥੀਆਂ ਨੂੰ ਹੀ ਮਿਲਦਾ ਹੈ। ਇਹ ਪੜ੍ਹਾਈ ਇੰਨੀ ਮਹਿੰਗੀ ਹੈ ਕਿ ਹਰ ਕਿਸੇ ਦੇ ਵੱਸ ਵਿੱਚ ਨਹੀਂ ਹੈ। ਐੱਮ ਬੀ ਬੀ ਐੱਸ ਦੀ ਪੜ੍ਹਾਈ ਦਾ ਖਰਚਾ ਕਰੋੜ ਨੂੰ ਢੁੱਕਣ ਵਾਲਾ ਹੈ। ਆਈ ਆਈ ਟੀ ਅਤੇ ਆਈ ਆਈ ਐੱਮ ਵਿੱਚ ਗ੍ਰੈਜੂਏਸ਼ਨ ਦਾ ਕੋਰਸ ਵੀ ਅੱਧੇ ਕਰੋੜ ਨੂੰ ਪਾਰ ਕਰਨ ਲੱਗਾ ਹੈ। ਦੂਜੇ ਬੰਨੇ ਮੈਡੀਕਲ ਦੀ ਪੜ੍ਹਾਈ ਕਰਨ ਲਈ ਮਿਆਰੀ ਅਦਾਰਿਆਂ ਦੀ ਗਿਣਤੀ ਘੱਟ ਹੈ। ਜ਼ਿਆਦਾਤਰ ਸਰਕਾਰੀ ਅਦਾਰੇ ਮੁਢਲੇ ਢਾਂਚੇ ਪੱਖੋਂ ਊਣੇ ਮੰਨੇ ਗਏ ਹਨ ਜਦੋਂ ਕਿ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਪੈਸਾ ਕਮਾਉਣ ਦਾ ਜ਼ਰੀਆ ਬਣ ਗਈਆਂ ਹਨ। ਚੰਗੇ ਅਤੇ ਮਿਆਰੀ ਅਦਾਰੇ ਵਿੱਚ ਦਾਖਲਾ ਲੈਣ ਲਈ ਤਿਆਰੀ ਕਰਾਉਣ ਵਾਲੇ ਕੋਚਿੰਗ ਸੈਂਟਰਾਂ ਦੀ ਫੀਸ ਲੱਖਾਂ ਰੁਪਏ ਬਣਦੀ ਹੈ। ਬੜੀ ਵਾਰ ਬੱਚਿਆਂ ਅਤੇ ਮਾਪਿਆਂ ਨੂੰ ਚੰਗੇ ਅਦਾਰੇ ਤੋਂ ਕੋਚਿੰਗ ਲੈਣ ਲਈ ਘਰ ਬਾਰ ਤਕ ਛੱਡਣਾ ਪੈਂਦਾ ਹੈ।

ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਮਿਹਨਤ ਅਤੇ ਪੈਸਾ ਖਰਚ ਕਾਰਨ ਦੇ ਬਾਵਜੂ਼ਦ ਵੀ ਚੰਗੇ ਅਤੇ ਮਿਆਰੀ ਅਦਾਰੇ ਵਿੱਚ ਦਾਖਲਾ ਨਾ ਮਿਲੇ ਤਾਂ ਕਈ ਪਾੜ੍ਹੇ ਹਾਰ ਮੰਨ ਜਾਂਦੇ ਹਨ ਅਤੇ ਉਹ ਆਪਣੀ ਜ਼ਿੰਦਗੀ ਖਤਮ ਕਰਨ ਤਕ ਚਲੇ ਜਾਂਦੇ ਹਨ। ਇਸ ਤੋਂ ਵੀ ਵੱਧ ਦੁੱਖ ਉਦੋਂ ਹੁੰਦਾ ਹੈ ਜਦੋਂ ਦਾਖਲਾ ਮਿਲਣ ਤੋਂ ਬਾਅਦ ਚੰਗੇ ਨਤੀਜੇ ਨਾਂ ਦੇ ਸਕਣ ਕਰਕੇ ਪਾੜ੍ਹੇ ਖੁਦਕੁਸ਼ੀ ਦੇ ਰਾਹ ਪੈ ਜਾਂਦੇ ਹਨ। ਮਰਨ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ ਅਤੇ ਨਾ ਹੀ ਜਾਨ ਦੇਣੀ ਇੰਨੀ ਸੌਖੀ ਹੈ ਪਰ ਇਨ੍ਹਾਂ ਪਾੜ੍ਹਿਆਂ ਅੰਦਰ ਨਿਰਾਸ਼ਾ ਇੰਨੀ ਵਧ ਜਾਂਦੀ ਹੈ ਕਿ ਉਹ ਇੱਡਾ ਘਾਤਕ ਕਦਮ ਚੁੱਕਣ ਲਈ ਮਜਬੂਰ ਹੋ ਜਾਂਦੇ ਹਨ।

ਅੰਕੜੇ ਦੱਸਦੇ ਹਨ ਕਿ ਆਈਆਈਟੀ ਵਿੱਚ 20 ਸਾਲਾਂ ਦੌਰਾਨ 160 ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਆਈਆਈਟੀ ਮੁੰਬਈ ਵਿੱਚ ਚਾਲੂ ਮਹੀਨੇ ਦੌਰਾਨ ਤਿੰਨ ਵਿਦਿਆਰਥੀ ਆਪਣੀ ਜੀਵਨ ਲੀਲ੍ਹਾ ਖਤਮ ਕਰ ਚੁੱਕੇ ਹਨ। ਆਈਆਈਟੀ ਅਲੂਮਨੀ ਸਪੋਰਟਸ ਗਰੁੱਪ ਦੇ ਮੁਤਾਬਿਕ ਪਿਛਲੇ 20 ਸਾਲਾਂ ਵਿੱਚ 160 ਆਈਆਈਟੀ ਵਿਦਿਆਰਥੀਆਂ ਨੇ ਸੂਈਸਾਈਡ ਕੀਤਾ ਹੈ।

ਰਿਪੋਰਟ ਮੁਤਾਬਿਕ 2025 ਵਿੱਚ ਸਭ ਤੋਂ ਵੱਧ ਅਰਥਾਤ 16 ਮੌਤਾਂ ਹੋਈਆਂ ਸਨ। ਸਾਲ 2021 ਵਿੱਚ ਨੌਂ, 2022 ਵਿੱਚ 12 ਅਤੇ 2023 ਵਿੱਚ 14 ਪਾੜ੍ਹਿਆਂ ਨੇ ਖੁਦਕੁਸ਼ੀ ਕੀਤੀ ਸੀ। 2024 ਵਿੱਚ ਇਹ ਗਿਣਤੀ ਵਧ ਕੇ 15 ਹੋ ਗਈ ਸੀ ਜਦੋਂ ਕਿ ਪਿਛਲੇ ਸਾਲ ਸਭ ਤੋਂ ਵੱਧ 16 ਨੇ ਖੁਦਕੁਸ਼ੀ ਕੀਤੀ। ਆਈਆਈਟੀ ਖੜਕਪੁਰ ਦੇ 11 ਵਿਦਿਆਰਥੀਆਂ ਨੇ ਖੁਦਕੁਸ਼ੀ ਦਾ ਰਾਹ ਚੁਣਿਆ ਜਦੋਂ ਕਿ ਆਈਆਈਟੀ ਕਾਨਪੁਰ ਅਤੇ ਆਈਆਈਟੀ ਮਦਰਾਸ ਦੇ ਨੌਂ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਆਈਆਈਟੀ ਦਿੱਲੀ ਦੇ ਅੱਠ ਵਿਦਿਆਰਥੀਆਂ ਨੇ ਆਪਣੀ ਜਾਨ ਗਵਾ ਲਈ ਹੈ।

ਸਾਲ 2020 ਦੀਆਂ ਖੁਦਕੁਸ਼ੀਆਂ ਦੀ ਗੱਲ ਕਰੀਏ ਤਾਂ ਪਹਿਲੇ ਸਾਲ ਦੇ ਇੱਕ, ਦੂਜੇ ਸਾਲ ਦੇ ਚਾਰ, ਤੀਜੇ ਸਾਲ ਦੇ ਦੋ ਅਤੇ ਪੰਜਵੇਂ ਸਾਲ ਦੇ ਇੱਕ ਵਿਦਿਆਰਥੀ ਨੇ ਆਪਣੇ ਜੀਵਨ ਲੀਲ੍ਹਾ ਖਤਮ ਕੀਤੀ। ਪੀਐੱਚਡੀ ਦਾ ਇੱਕ ਵਿਦਿਆਰਥੀ ਵੀ ਆਪਣੀ ਜਾਨ ਗਵਾ ਚੁੱਕਾ ਹੈ।

ਮੈਡੀਕਲ ਦੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਹਰ ਸਾਲ 20 ਤੋਂ 25 ਵਿਦਿਆਰਥੀ ਜ਼ਿੰਦਗੀ ਤੋਂ ਹਾਰ ਕੇ ਖੁਦਕੁਸ਼ੀ ਦੇ ਰਾਹ ਤੁਰ ਪੈਂਦੇ ਹਨ। ਪਿਛਲੇ ਪੰਜ ਸਾਲਾਂ ਦੌਰਾਨ 122 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ ਅਤੇ 1270 ਵਿੱਚ ਹੀ ਪੜ੍ਹਾਈ ਛੱਡ ਗਏ ਹਨ। ਪੜ੍ਹਾਈ ਛੱਡਣ ਵਾਲਿਆਂ ਵਿੱਚੋਂ 1117 ਡਾਕਟਰ ਪੋਸਟ ਗ੍ਰੈਜੂਏਸ਼ਨ ਕਰ ਰਹੇ ਸਨ। ਡਾਕਟਰਾਂ ਦੀ ਖੁਦਕੁਸ਼ੀ ਦਾ ਵੱਡਾ ਕਾਰਨ ਕੰਮ ਦਾ ਦਬਾਅ ਦੱਸਿਆ ਜਾ ਰਿਹਾ ਹੈ। ਕਈ ਪੜ੍ਹਾਈ ਦੇ ਬੋਝ ਮੋਹਰੇ ਹੱਥ ਖੜ੍ਹੇ ਕਰ ਜਾਂਦੇ ਹਨ। ਹੋਰਾਂ ਦੇ ਅੱਗੇ ਭਾਸ਼ਾ ਦਾ ਪੂਰਾ ਗਿਆਨ ਨਾ ਹੋਣਾ ਵੀ ਆ ਖੜ੍ਹਦਾ ਹੈ। ਮੈਡੀਕਲ ਦੇ ਵਿਦਿਆਰਥੀਆਂ ਨੂੰ ਦਾਖਲੇ ਵੇਲੇ ਕੋਰਸ ਅੱਧ ਵਿਚਾਲੇ ਛੱਡਣ ਦੀ ਸੂਰਤ ਵਿੱਚ 50 ਲੱਖ ਦਾ ਬਾਂਡ ਵੀ ਭਰਨਾ ਪੈਂਦਾ ਹੈ।

ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਡਾਕਟਰੀ ਅਤੇ ਇੰਜਨੀਅਰਿੰਗ ਦੀ ਪੜ੍ਹਾਈ ਉੱਤੇ ਖਰਚਾ ਤਾਂ ਕਰੋੜਾਂ ਵਿੱਚ ਆ ਰਿਹਾ ਹੈ ਪਰ ਤਨਖਾਹਾਂ ਬਹੁਤ ਨਿਗੂਣੀਆਂ ਹਨ। ਮੈਡੀਕਲ ਦੀ ਛੇ ਸਾਲਾਂ ਦੀ ਪੜ੍ਹਾਈ ਦੌਰਾਨ ਕਰੋੜ ਦੇ ਕਰੀਬ ਖਰਚਣ ਤੋਂ ਬਾਅਦ 70 ਹਜ਼ਾਰ ਮਹੀਨਾ ਨੂੰ ਸਰਕਾਰੀ ਨੌਕਰੀ ਕਰਨੀ ਪੈਂਦੀ ਹੈ। ਇੰਜਨੀਅਰ ਵੀ ਵਿਰਲੇ ਟਾਵੇਂ ਹੀ ਹੋਣਗੇ ਜਿਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਬਰਾਬਰ ਤਨਖਾਹ ਮਿਲਦੀ ਹੋਵੇ। ਪ੍ਰਾਈਵੇਟ ਖੇਤਰ ਵਿੱਚ ਤਨਖਾਹ ਤਾਂ ਵੱਧ ਹੈ ਪਰ ਡਿਊਟੀ ’ਤੇ ਪੂਰੇ ਦਾ ਪੂਰਾ ਦਿਨ ਜਾ ਪੂਰੇ ਦੀ ਪੂਰੀ ਰਾਤ ਗੁਜ਼ਾਰਨੀ ਪੈਂਦੀ ਹੈ।

ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ 2024 ਵਿੱਚ ਮੈਡੀਕਲ ਅਤੇ ਇੰਜਨੀਅਰਿੰਗ ਦੇ 1000 ਵਿਦਿਆਰਥੀਆਂ ਪਿੱਛੇ ਇੱਕ ਕੌਂਸਲਰ ਰੱਖਿਆ ਗਿਆ ਸੀ। ਆਈਆਈਟੀ ਖੜਗਪੁਰ, ਦਿੱਲੀ ਜਾਂ ਕਾਨਪੁਰ ਦੀ ਗੱਲ ਕਰੀਏ ਤਾਂ ਡੇਢ ਹਜ਼ਾਰ ਵਿਦਿਆਰਥੀਆਂ ਪਿੱਛੇ ਇੱਕ ਕੌਂਸਲਰ ਹੈ।

ਭਾਰਤ ਵਿੱਚ ਹਾਲੇ ਸਕਿਲਡ ਵਰਕਰਾਂ ਦਾ ਮੁੱਲ ਨਹੀਂ ਪੈਣ ਲੱਗਾ ਹੈ। ਇਸੇ ਕਰਕੇ ਨੌਜਵਾਨ ਇੱਧਰ ਨੂੰ ਤੁਰ ਵੀ ਨਹੀਂ ਰਹੇ। ਪੱਛਮੀ ਦੇਸ਼ਾਂ ਵਿੱਚ ਹੱਥੀਂ ਕੰਮ ਕਰਨ ਵਾਲਿਆਂ ਨੂੰ ਦਫਤਰਾਂ ਵਿੱਚ ਬੈਠ ਕੇ ਕੰਮ ਕਰਨ ਵਾਲਿਆਂ ਨਾਲੋਂ ਵੱਧ ਕਮਾਈ ਹੁੰਦੀ ਹੈ। ਭਾਰਤ ਵਿੱਚ ਸਮਾਜ ਹੱਥੀਂ ਕੰਮ ਕਰਨ ਵਾਲੇ ਦਾ ਇੰਨਾ ਮੁੱਲ ਨਹੀਂ ਪਾਉਂਦਾ, ਜਿੰਨਾ ਮਾਣ ਸਤਿਕਾਰ ਕੁਰਸੀਆਂ ਉੱਤੇ ਬੈਠ ਕੇ ਹੁਕਮ ਚਲਾਉਣ ਵਾਲਿਆਂ ਦਾ ਹੈ। ਭਾਰਤ ਵਿੱਚ ਵਧਦੀ ਬੇਰੁਜ਼ਗਾਰੀ ਦੀ ਇੱਕ ਵੱਡੀ ਵਜਾਹ ਵੀ ਇਹੋ ਹੈ।

ਮੁਕਾਬਲੇ ਦੇ ਯੁੱਗ ਵਿੱਚ ਜਿੱਥੇ ਮਾਪੇ ਬੱਚਿਆਂ ਉੱਤੇ ਵੱਧ ਨੰਬਰ ਅਤੇ ਚੰਗੇ ਵਿੱਦਿਅਕ ਅਦਾਰੇ ਵਿੱਚ ਦਾਖਲਾ ਲੈਣ ਦਾ ਦਬਾਅ ਬਣਾਉਂਦੇ ਹਨ ਉੱਥੇ ਕਈ ਬੱਚੇ ਵੀ ਵੱਡੀ ਮੰਜ਼ਿਲ ਹਾਸਲ ਕਰਨ ਦੀ ਧਾਰ ਕੇ ਤੁਰਦੇ ਹਨ। ਮਾਪਿਆਂ ਦੀਆਂ ਇੱਛਾਵਾਂ ’ਤੇ ਜਦੋਂ ਬੱਚੇ ਪੂਰੇ ਨਹੀਂ ਉੱਤਰ ਸਕਦੇ ਜਾਂ ਫਿਰ ਮਿਥੀ ਮੰਜ਼ਿਲ ਸਰ ਕਰਨੀ ਮੁਸ਼ਕਿਲ ਲਗਦੀ ਹੈ, ਤਦ ਉਹ ਜ਼ਿੰਦਗੀ ਨੂੰ ਖਤਮ ਕਰਨ ਦੀ ਸੋਚਣ ਲਗਦੇ ਹਨ। ਮਾਪਿਆਂ ਅਤੇ ਅਧਿਆਪਕਾਂ ਵੱਲੋਂ ਨੌਜਵਾਨਾਂ ਨੂੰ ਇਹ ਸਿੱਖਿਆ ਦੇਣ ਦੀ ਲੋੜ ਹੈ ਅਤੇ ਵਿਦਿਆਰਥੀਆਂ ਨੂੰ ਆਪ ਵੀ ਇਹ ਸਮਝਣਾ ਬਣਦਾ ਹੈ ਕਿ ਮੰਜ਼ਿਲ ਤੋਂ ਉਰੇ ਰੁਕ ਜਾਣ ਨਾਲ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ; ਇੱਕ ਰਸਤਾ ਬੰਦ ਹੁੰਦਾ ਹੈ ਤਾਂ ਦੂਸਰਾ ਰਸਤਾ ਆਪਣੇ ਆਪ ਖੁੱਲ੍ਹ ਜਾਂਦੇ ਹੈ, ਬੱਸ ਬੰਦਾ ਹਿੰਮਤੀ ਹੋਣਾ ਚਾਹੀਦਾ ਹੈ। ਪ੍ਰੋਫੈਸ਼ਨ ਵਿੱਚ ਚੋਟੀ ਨੂੰ ਹੱਥ ਲਾਉਣ ਨਾਲੋਂ ਵਧੀਆ ਅਤੇ ਸਫਲ ਇਨਸਾਨ ਬਣਨਾ ਕਿਤੇ ਬਿਹਤਰ ਹੁੰਦਾ ਹੈ। ਮਾਪੇ ਅਤੇ ਅਧਿਆਪਕ ਬੱਚਿਆਂ ਵਾਸਤੇ ਰਾਹ ਦਸੇਰੇ ਬਣਨ ਤਾਂ ਬੱਚੇ ਸਹੀ ਉੱਤੇ ਰਸਤੇ ਉੱਤੇ ਆਪਣੇ ਆਪ ਤੁਰਨ ਲੱਗ ਪੈਣਗੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author