KamaljitSBanwait7“ਮੋਹਾਲੀ ਅਦਾਲਤ ਦੇ ਚੀਫ ਜੁਡੀਸ਼ਲ ਮਜਿਸਟਰੇਟ ਨੇ ਪੁਲਿਸ ਖ਼ਿਲਾਫ ਸਖਤ ...”
(8 ਫਰਵਰੀ 2026)


ਜਲੰਧਰ ਦੇ ਮਾਡਲ ਟਾਊਨ ਵਿੱਚ ਆਪ ਦੇ ਨੇਤਾ ਦੇ ਡੁੱਲ੍ਹੇ ਖ਼ੂਨ ਦੇ ਛਿੱਟੇ ਹਾਲੇ ਫਿੱਕੇ ਨਹੀਂ ਪਏ ਕਿ ਅੱਜ ਗੜਸ਼ੰਕਰ ਵਿੱਚ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ
।

ਚਾਲੂ ਸਾਲ ਦੇ ਪਹਿਲੇ ਮਹੀਨੇ ਦੌਰਾਨ ਪੰਜਾਬ ਵਿੱਚ 25 ਕਤਲ ਹੋਏ।
ਮੌਜੂਦਾ ਸਰਕਾਰ ਦੇ ਰਾਜ ਵਿੱਚ ਪੁਲਿਸ ਮੁਕਾਬਲਿਆਂ ਦੀ ਗਿਣਤੀ ਉੱਪਰ ਗਈ
।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੀਜੀਪੀ ਪੰਜਾਬ ਦੀ ਚੰਗੀ ਝਾੜ ਝੰਬ ਕੀਤੀ, ਪੁਲਿਸ ਦੇ ਹੱਥ ਖੜ੍ਹੇ ਹੋਣ ਦੀ ਸੂਰਤ ਵਿੱਚ ਉੱਚ ਅਦਾਲਤ ਕਰੇਗੀ ਕਾਰਵਾਈ।

ਪੰਜਾਬ ਦੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੇ “ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ” ਦਾ ਹਉਕਾ ਕਿਸੇ ਹੋਰ ਸਮੇਂ ਨੂੰ ਤਕ ਕੇ ਭਰਿਆ ਹੋਣਾ ਹੈ ਪਰ ਅੱਜ ਇਹ ਹਉਕਾ ਮਾਸੂਮਾਂ ਦੀ ਚੀਸ ਬਣ ਗਿਆ ਹੈ। ਉਦੋਂ ਪੰਜਾਬ ਦੀ ਧਰਤੀ ਖ਼ੂਨ ਨਾਲ ਰੰਗੀ ਗਈ ਸੀ। ਪੰਜਾਬ ਦੀ ਧਰਤੀ ਨੂੰ ਰੰਗ ਅੱਜ ਵੀ ਖ਼ੂਨ ਦਾ ਹੀ ਚੜ੍ਹਿਆ ਹੋਇਆ ਹੈ। ਅੱਜ ਮਨੁੱਖ, ਮਨੁੱਖ ਦੇ ਖ਼ੂਨ ਦਾ ਪਿਆਸਾ ਬਣਿਆ ਹੋਇਆ ਹੈ। ਸਿਆਸੀ ਪਾਰਟੀਆਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਮਨੁੱਖ ਵਿੱਚੋਂ ਸਿਰਫ ਵੋਟਰ ਦਿਸਦਾ ਹੈ। ਮਨੁੱਖਤਾ ਖੰਭ ਲਾ ਕੇ ਉਡ ਗਈ ਲਗਦੀ ਹੈ। ਇੰਝ ਲਗਦਾ ਜਿਵੇਂ ਧਰਤੀ ’ਤੇ ਕਿਸੇ ਵੇਲੇ ਇੱਕ ਬੰਦਾ ਵਸਦਾ ਹੁੰਦਾ ਸੀ, ਅੱਜ ਜਿਵੇਂ ਬੱਸ ਚਾਰੇ ਪਾਸੇ ਨਿਰਦਈ ਹੀ ਦਗੜ ਦਗੜ ਕਰਦੇ ਫਿਰਦੇ ਹੋਣ।

ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਇੱਕ ਮਹੀਨੇ ਦੌਰਾਨ 25 ਕਤਲ ਹੋਏ। ਜੇ ਪਹਿਲੀ ਵਾਰ ਨਹੀਂ ਤਾਂ ਦਹਾਕਿਆਂ ਬਾਅਦ ਪੰਜਾਬ ਇਹੋ ਜਿਹੇ ਦਿਨ ਦੇਖ ਰਿਹਾ ਹੈ ਜਦੋਂ ਆਏ ਦਿਨ ਪੁਲਿਸ ਮੁਕਾਬਲੇ ਬਣਨ ਲੱਗੇ ਹਨ। ਪੰਜਾਬ ਨੇ ਇੱਕ ਖ਼ਾਸ ਸਮੇਂ ਨੂੰ ਛੱਡ ਕੇ ਅਜਿਹਾ ਦੌਰ ਨਹੀਂ ਸੀ ਦੇਖਿਆ ਜਦੋਂ ਰਾਤ ਨੂੰ ਸੁੱਤੇ ਪਿਆਂ ਦੇ ਕੰਨਾਂ ਵਿੱਚ ਵੀ ਗੋਲੀਆਂ ਦੀ ਆਵਾਜ਼ ਗੂੰਜਦੀ ਹੋਵੇ। ਲੋਕ ਦਿਨ ਦਿਹਾੜੇ ਘਰੋਂ ਨਿਕਲਣ ਤੋਂ ਡਰਨ ਲੱਗੇ ਹੋਣ। ਕਿਸੇ ਨੂੰ ਕੋਈ ਇਲਮ ਨਹੀਂ ਕਦੋਂ ਕਿਹਦੀ ਛਾਤੀ ਵਿੱਚ ਜਾਂ ਕਿਹੜੇ ਵੇਲੇ ਸਿਰ ਵਿੱਚ ਗੋਲੀ ਆ ਵੱਜਣੀ ਹੈ। ਅੱਜ ਨਾ ਭਰਾ ਨੂੰ ਭਰਾ ’ਤੇ ਭਰੋਸਾ ਰਿਹਾ ਹੈ ਅਤੇ ਨਾ ਹੀ ਦੋਸਤ ਨੂੰ ਦੋਸਤ ਉੱਤੇ ਵਿਸ਼ਵਾਸ।

ਘੱਟੋ ਘੱਟ ਅਸੀਂ ਆਪਣੇ ਸਮਿਆਂ ਵਿੱਚ ਤਾਂ ਨਹੀਂ ਸੀ ਸੁਣਿਆ ਕਿ ਪੁਲਿਸ ਦੀ ਛਤਰੀ ਹੇਠ ਐੱਸਐੱਸਪੀ ਦੇ ਦਫਤਰ ਜਾਂ ਡੀਸੀ ਕੰਪਲੈਕਸ ਵਿੱਚ ਕਿਸੇ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੋਵੇ। ਇਹੋ ਵੀ ਕਦੇ ਆਪਣੀ ਅੱਖੀਂ ਨਹੀਂ ਸੀ ਦੇਖਿਆ ਕਿ ਵਿਆਹ ਦੀ ਰਿਸੈਪਸ਼ਨ ਵੇਲੇ ਐੱਮਐੱਲਏ ਦੀ ਖੱਬੀ ਵੱਖੀ ਨਾਲ ਬੈਠੇ ਸਰਪੰਚ ਦੇ ਸਿਰ ਵਿੱਚ ਗੋਲੀਆਂ ਮਾਰ ਕੋਈ ਲਲਕਾਰੇ ਮਾਰਦਾ ਨਿਕਲ ਜਾਵੇ। ਮੋਹਾਲੀ ਵਿੱਚ ਚਲਦੇ ਕਬੱਡੀ ਮੈਚ ਦੌਰਾਨ ਰਾਣਾ ਬਲਾਚੌਰੀਆ ਦੇ ਕਤਲ ਨੇ ਪੰਜਾਬ ਨੂੰ ਧੁਰ ਅੰਦਰ ਤਕ ਹਿਲਾ ਕੇ ਰੱਖ ਦਿੱਤਾ ਸੀ। ਉਸ ਤੋਂ ਪਹਿਲਾਂ ਸੀਆਈਏ ਖਰੜ ਵਿੱਚੋਂ ਲਾਰੈਂਸ ਬਿਸ਼ਨੋਈ ਦੀ ਹੋਈ ਮੀਡੀਆ ਇੰਟਰਵਿਊ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਸਨ।

ਬੀਤੇ ਕੱਲ੍ਹ ਜਲੰਧਰ ਦੇ ਮਾਡਲ ਟਾਊਨ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਲੱਕੀ ਨੂੰ ਸਵੇਰ ਵੇਲੇ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਹਮਲਾਵਰ ਨੇੜੇ ਦਾ ਦੋਸਤ ਨਿਕਲਿਆ। ਪੰਜਾਬ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਇਸ ਵੱਡੀ ਘਟਨਾ ਵਿੱਚੋਂ ਪੰਜਾਬੀ ਹਾਲੇ ਬਾਹਰ ਨਹੀਂ ਸੀ ਨਿਕਲੇ ਕਿ ਹੁਸ਼ਿਆਰਪੁਰ ਦੇ ਕਸਬੇ ਗੜਸ਼ੰਕਰ ਵਿੱਚ ਇੱਕ 62 ਸਾਲਾ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ। ਫਰਵਰੀ ਦਾ ਅੱਜ ਸੱਤਵਾਂ ਦਿਨ ਹੈ। 2 ਫਰਵਰੀ ਨੂੰ ਜੀਰਕਪੁਰ ਉੱਚੀ ਅਵਾਜ਼ ਵਿੱਚ ਸਪੀਕਰ ਵਜਾਉਣ ਨੂੰ ਲੈ ਕੇ ਦੋ ਧੜਿਆਂ ਵਿੱਚ ਝਗੜਾ ਹੋਇਆ। ਗੱਲ ਗੋਲੀਆਂ ਚਲਾਉਣ ਤਕ ਪਹੁੰਚ ਗਈ ਅਤੇ ਇੱਕ ਨੌਜਵਾਨ ਮਾਰਿਆ ਗਿਆ। ਹਾਲੇ ਪੰਜ ਫਰਵਰੀ ਨੂੰ ਤਰਨ ਤਰਨ ਦੇ ਖੇਮ ਕਰਨ ਦੇ ਇੱਕ ਪਿੰਡ ਚੀਮਾ ਖੁਰਦ ਵਿੱਚ ਪੁਰਾਣੀ ਲਾਗ-ਡਾਟ ਨੂੰ ਲੈ ਕੇ ਤੇਜ਼ ਧਾਰ ਹਥਿਆਰਾਂ ਨਾਲ ਸਾਬਕਾ ਸੈਨਿਕ ਦੀ ਹੱਤਿਆ ਕਰ ਦਿੱਤੀ ਗਈ ਸੀ।

ਦੂਜੇ ਬੰਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੂਬੇ ਦੇ ਨਾਜ਼ਕ ਹਾਲਾਤ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਲਗਾਤਾਰ ਖਿਚਾਈ ਹੀ ਨਹੀਂ ਝਾੜਝੰਬ ਕਰ ਰਹੀ ਹੈ ਪਰ ਇੰਜ ਲਗਦਾ ਜਿਵੇਂ ਦੋਹਾਂ ਨੂੰ ਝਾੜਾਂ ਖਾਣ ਦੀ ਆਦਤ ਪੈ ਗਈ ਹੋਵੇ। ਪੰਜਾਬ ਸਰਕਾਰਾਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੈ ਕਿ ਜਦੋਂ ਸਰਕਾਰ ਦੇ ਚੀਫ ਸੈਕਟਰੀ ਅਤੇ ਪੁਲੀਸ ਮੁਖੀ ਨੂੰ ਵਾਰ ਵਾਰ ਤਲਬ ਕਰਕੇ ਝਾੜ ਪਾਈ ਜਾ ਰਹੀ ਹੋਵੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਥੋਂ ਤਕ ਕਹਿ ਦਿੱਤਾ ਹੈ ਕਿ ਜੇ ਤੁਹਾਨੂੰ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਵੀ ਜਾਣਕਾਰੀ ਨਹੀਂ ਤਾਂ ਤੁਸੀਂ ਡੀਜੀਪੀ ਕਾਹਦੇ ਹੋਏ? ਅਸਲ ਵਿੱਚ ਮੋਹਾਲੀ ਦੀਆਂ ਅਦਾਲਤਾਂ ਵਿੱਚ ਇੱਕ ਸਿਆਸੀ ਲੀਡਰ ਦੀ ਪੇਸ਼ੀ ਦੌਰਾਨ ਪੰਜਾਬ ਪੁਲਿਸ ਵੱਲੋਂ ਅਦਾਲਤ ਦੇ ਚੌਕੀਦਾਰ ਦੀ ਕੁੱਟਮਾਰ ਕਰ ਦਿੱਤੀ ਗਈ ਸੀ। ਮੋਹਾਲੀ ਅਦਾਲਤ ਦੇ ਚੀਫ ਜੁਡੀਸ਼ਲ ਮਜਿਸਟਰੇਟ ਨੇ ਪੁਲਿਸ ਖ਼ਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ। ਪੰਜਾਬ ਪੁਲਿਸ ਢਿੱਲੀ ਮੱਠੀ ਰਹੀ। ਜਦੋਂ ਡੀਜੀਪੀ ਤੋਂ ਹਾਈ ਕੋਰਟ ਨੇ ਕੀਤੀ ਕਾਰਵਾਈ ਲਈ ਪੁੱਛਿਆ ਤਾਂ ਉਹਨੇ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਹ ਉਹਨਾਂ ਦੇ ਧਿਆਨ ਵਿੱਚ ਹੀ ਨਹੀਂ। ਇਸ ਤੋਂ ਬਾਅਦ ਹਾਈਕੋਰਟ ਨੇ ਜੋ ਕੁਝ ਕਿਹਾ, ਉਸ ਨਾਲ ਡੀਜੀਪੀ ਦਾ ਚਿਹਰਾ ਲਾਲ ਹੋ ਗਿਆ।

ਅਦਾਲਤ ਨੇ ਇਸ ਤੋਂ ਪਹਿਲਾਂ ਡੀਜੀਪੀ ਨੂੰ ਇੱਕ ਹਲਫ਼ੀਆ ਬਿਆਨ ਦੇਣ ਲਈ ਕਿਹਾ ਸੀ। ਪਰ ਉਹ ਆਪਣਾ ਲੁੰਗ ਲਾਣਾ ਲੈ ਕੇ ਖ਼ਾਲੀ ਹੱਥੀਂ ਪਹੁੰਚ ਗਏ, ਜਿਸ ਕਰਕੇ ਅਦਾਲਤ ਤੋਂ ਹੋਰ ਵੀ ਖਿਚਾਈ ਕਰਾਉਣੀ ਪਈ। ਅਦਾਲਤ ਨੇ ਤਾਂ ਡੀਜੀਪੀ ਤੋਂ ਇਹ ਵੀ ਪੁੱਛ ਲਿਆ ਕਿ ਕਿੰਨੇ ਪੁਲਿਸ ਮੁਕਾਬਲੇ ਬਣਾਏ ਗਏ ਹਨ। ਅਦਾਲਤ ਜਿਹੜੀ ਕਿ ਮੋਹਾਲੀ ਦੇ ਮੌਜੂਦਾ ਐੱਸਐੱਸਪੀ ਤੋਂ ਖਫ਼ਾ ਦਿਸ ਰਹੀ ਹੈ, ਨੇ ਡੀਜੀਪੀ ਨੂੰ ਕਿਹਾ ਕਿ ਜਿਹੜਾ ਅਫਸਰ ਮੁਲਕ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਵੇਲੇ ਹਿਫਾਜ਼ਤ ਨਹੀਂ ਕਰ ਸਕਿਆ, ਉਸ ਨੂੰ ਮੋਹਾਲੀ ਜਿਹੇ ਨਾਜ਼ਕ ਜ਼ਿਲ੍ਹੇ ਵਿੱਚ ਤਾਇਨਾਤ ਕਰਨ ਦੀ ਕੀ ਤੁਕ ਬਣਦੀ ਹੈ? ਅਦਾਲਤ ਨੇ ਮੋਹਾਲੀ ਵਿੱਚ ਹੋਈ ਰਾਣਾ ਬਲਾਚੌਰੀਆ ਅਤੇ ਐੱਸਐੱਸਪੀ ਕੰਪਲੈਕਸ ਵਿੱਚ ਚੱਲੀ ਗੋਲੀ ਨੂੰ ਲੈ ਕੇ ਪੰਜਾਬ ਪੁਲਿਸ ਦੇ ਬਖੀਏ ਉਧੇੜੇ। ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਮੁਖੀ ਨੂੰ ਦੋ ਟੁੱਕ ਸੁਣਾਉਂਦਿਆਂ ਕਿਹਾ ਕਿ ਜੇ ਕਾਰਵਾਈ ਕਰਨ ਲਈ ਉਸਦੀ ਰੀੜ੍ਹ ਦੀ ਹੱਡੀ ਵਿੱਚ ਦਮ ਨਹੀਂ ਹੈ ਤਾਂ ਅਗਲੀ ਪੇਸ਼ੀ ਵੇਲੇ ਅਦਾਲਤ ਕੋਈ ਕਦਮ ਚੁੱਕਣ ਲਈ ਮਜਬੂਰ ਹੋਵੇਗੀ। ਅਦਾਲਤ ਨੇ ਤਾਂ ਮਾਮਲਾ ਸੀਬੀਆਈ ਦੇ ਹਵਾਲੇ ਕਰਨ ਦੀ ਚਿਤਾਵਣੀ ਵੀ ਦਿੱਤੀ ਹੈ।

ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਜਾਂ ਤਾਂ ਸਾਰਾ ਕੁਝ ਸਟੇਟ ਦੀ ਸਹਿਮਤੀ ਨਾਲ ਹੋ ਰਿਹਾ ਹੈ ਜਾਂ ਫਿਰ ਪੰਜਾਬ ਪੁਲਿਸ ਦੇ ਕੰਟਰੋਲ ਵਿੱਚ ਕੁਝ ਨਹੀਂ ਰਿਹਾ। ਗੱਲਾਂ ਤਾਂ ਇਹ ਵੀ ਹੋਣ ਲੱਗੀਆਂ ਹਨ ਕਿ ਸਿਆਸੀ ਲੀਡਰਾਂ ਵੱਲੋਂ ਪਾਲੇ ਗੈਂਗਸਟਾਰ ਹੁਣ ਹੱਥੋਂ ਨਿਕਲ ਗਏ ਹਨ। ਪੰਜਾਬ ਵਿੱਚ ਗਵਰਨੈਂਸ ਨਾਂ ਦੀ ਕੋਈ ਸ਼ੈਅ ਨਹੀਂ ਰਹੀ ਹੈ। ਲੋਕ ਬੰਦੂਕਾਂ ਦੇ ਸਾਏ ਹੇਠ ਦੀ ਜ਼ਿੰਦਗੀ ਬਸਰ ਕਰ ਰਹੇ ਹਨ। ਹਾਂ, ਇੱਕ ਗੱਲ ਹੈ ਕਿ ਪੰਜਾਬ ਦੇ ਲੋਕ ਜੋਸ਼ੀਲੇ ਹਨ। ਉਹ ਜੇ ਕਿਸੇ ਨੂੰ ਜਤਾਉਣਾ ਜਾਣਦੇ ਹਨ ਤਾਂ ਕਿਸੇ ਨੂੰ ਹਰਾਉਣਾ ਉਹਨਾਂ ਲਈ ਖੱਬੇ ਹੱਥ ਦੀ ਖੇਡ ਹੈ। ਸੁਪਰੀਮ ਕੋਰਟ ਨੇ ਤਾਂ ਪੰਜਾਬ ਪੁਲਿਸ ਦੀ ਕੌਂਸਲਿੰਗ ਕਰਨ ਦੀ ਮੱਤ ਦਿੱਤੀ ਹੈ ਪਰ ਆਮ ਲੋਕ ਇਹ ਮਹਿਸੂਸ ਕਰਨ ਲੱਗੇ ਹਨ ਕਿ ਸਿਆਸੀ ਨੇਤਾਵਾਂ ਨੂੰ ਵੀ ਕੌਂਸਲਿੰਗ ਦੀ ਲੋੜ ਹੈ ਤਾਂ ਕਿ ਉਹਨਾਂ ਨੂੰ ਬੰਦੇ ਨੂੰ ਬੰਦਾ ਸਮਝਣ ਦੀ ਅਕਲ ਆ ਜਾਵੇ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author