“ਉਨ੍ਹਾਂ ਨੇ ਭ੍ਰਿਸ਼ਟ ਪੰਚਾਂ ਸਰਪੰਚਾਂ ਨੂੰ ਖਬਰਦਾਰ ਕਰਦਿਆਂ ਪੈਸੇ ਵੱਟੇ ਵੋਟਾਂ ਲੈਣ ਤੋਂ”
(16 ਅਗਸਤ 2023)
* ਪੰਚਾਇਤੀ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਨਹੀਂ ਪਿੰਡਾਂ ਵਿੱਚੋਂ ਪੰਚ ਸਰਪੰਚ ਚੁਣੇ ਜਾਣ ਦਾ ਹੋਕਾ।
* ਸਰਬ ਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਪੰਜ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ।
* ਸਰਪੰਚੀ ਦੀ ਚੋਣ ਉੱਤੇ 30 ਲੱਖ ਖਰਚ ਕਰਕੇ ਤਿੰਨ ਕਰੋੜ ਕਮਾਉਣ ਵਾਲੇ ਚੋਣ ਨਾ ਲੜਨ।
* ਪੰਚਾਇਤੀ ਗ੍ਰਾਂਟ ਦੀ ਪਹਿਲੀ ਇੱਟ ਪਿੰਡ ਦੇ ਵਿਕਾਸ ਉੱਤੇ ਨਹੀਂ, ਸਰਪੰਚ ਦੀ ਕੋਠੀ ’ਤੇ ਲਗਦੀ ਰਹੀ।
* ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਤਿੰਨ ਪਰਤੀ ਯੋਜਨਾ ਤਿਆਰ।
* ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ।
* ਜਿਨ੍ਹਾਂ ਨੇ ਦਰਦ ਪਿੰਡਿਆਂ ’ਤੇ ਹੰਢਾਇਆ, ਉਹ ਅੱਜ ਵੀ 1947 ਦੇ ਹੱਲਿਆਂ ਨੂੰ ਨਹੀਂ ਭੁੱਲੇ।
* ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ।
* ਸ਼ਹੀਦਾਂ ਦੇ ਸੁਪਨੇ ਬਿਆਜ ਸਮੇਤ ਪੂਰੇ ਕਰਨ ਦਾ ਵਾਅਦਾ।
ਆਜ਼ਾਦੀ ਦਿਵਸ ਦਾ ਦਿਹਾੜਾ ਸੁੱਖ ਸ਼ਾਂਤੀ ਨਾਲ ਲੰਘ ਗਿਆ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਸੰਗਠਨ ਵੱਲੋਂ ਕਿਸੇ ਤਰ੍ਹਾਂ ਦੀ ਧਮਕੀ ਨਹੀਂ ਦਿੱਤੀ ਗਈ ਸੀ। ਪੰਜਾਬ ਸਮੇਤ ਪੂਰੇ ਮੁਲਕ ਦੀ ਪੁਲਿਸ ਜ਼ਰੂਰ ਪੱਬਾਂ ਭਾਰ ਹੋਈ ਰਹੀ। ਪੰਜਾਬ ਦੇ ਮੰਤਰੀਆਂ ਅਤੇ ਨੇਤਾਵਾਂ ਵੱਲੋਂ ਥਾਂ ਥਾਂ ਤਿਰੰਗਾ ਝੰਡਾ ਲਹਿਰਾਇਆ ਗਿਆ। ਬੈਂਡ ਵਾਜੇ ਵੱਜੇ, ਭੰਗੜੇ ਪਏ, ਧਮਾਲਾਂ ਪਾਈਆਂ, ਲੱਡੂ ਵੰਡੇ ਗਏ। ਸਿਆਸੀ ਤਕਰੀਰਾਂ ਵੀ ਹੋਈਆਂ। ਸਰਕਾਰਾਂ ਵਾਸਤੇ 26 ਜਨਵਰੀ ਅਤੇ 15 ਅਗਸਤ ਖਾਸ ਮੌਕੇ ਹੋਇਆ ਕਰਦੇ ਹਨ, ਦਿਲ ਦੀਆਂ ਗੱਲਾਂ ਕਹਿਣ ਲਈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਕਰੀਰ ਨੇ 1947 ਦੇ ਹੱਲੇ ਚੇਤੇ ਕਰਾ ਕੇ ਬਜ਼ੁਰਗਾਂ ਦੀ ਪੁਰਾਣੀ ਚੀਸ ’ਤੇ ਮੱਲ੍ਹਮ ਲਾਉਣ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਲੋਕ ਵੰਡੇ ਗਏ, ਪੰਜਾਬ ਵੰਡਿਆ ਆ ਗਿਆ। ਨਾ ਭਰਨ ਵਾਲੇ ਜ਼ਖ਼ਮ ਵੀ ਮਿਲੇ। ਉਹਨਾਂ ਦੀ ਪਟਿਆਲਾ ਵਿਖੇ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਦੀ ਤਕਰੀਰ ਇਤਿਹਾਸਕ ਹੋ ਨਿੱਬੜੀ ਹੈ। ਇਹ ਨਹੀਂ ਕਿ ਉਨ੍ਹਾਂ ਨੇ ਵਿਰੋਧੀ ਸਿਆਸੀ ਪਾਰਟੀਆਂ ਉੱਤੇ ਤਿੱਖੀ ਸੂਈ ਨਹੀਂ ਧਰੀ। ਇਸ ਵਾਰ ਪਟਿਆਲਾ ਦੇ ਸ਼ਾਹੀ ਪਰਿਵਾਰ ਉੱਤੇ ਚੰਗਾ ਤਵਾ ਲਾਈ ਰੱਖਿਆ। ਉਹਨਾਂ ਨੇ ਆਪਣੇ ਭਾਸ਼ਣ ਦੇ ਸ਼ੁਰੂ ਵਿੱਚ ਦੇਸ਼ ਲਈ ਕੁਰਬਾਨੀ ਵਾਲੇ ਸ਼ਹੀਦਾਂ ਦੇ ਸੋਹਲੇ ਗਾਏ, ਵਿਸ਼ੇਸ਼ ਕਰਕੇ ਪੰਜਾਬੀਆਂ ਦੇ। ਉਹਨਾਂ ਦੇ ਬੋਲਾਂ ਵਿੱਚ ਸੱਚ ਵੀ ਸੀ ਕਿ ਆਜ਼ਾਦੀ ਲੈਣ ਲਈ ਸਭ ਤੋਂ ਵੱਡਾ ਮੁੱਲ ਪੰਜਾਬੀਆਂ ਨੂੰ ਤਾਰਨਾ ਪਿਆ ਸੀ। ਆਜ਼ਾਦੀ ਨੂੰ ਸੰਭਾਲ ਕੇ ਰੱਖਣ ਲਈ ਪੰਜਾਬੀ ਹੀ ਹਾਲੇ ਤਕ ਖੁੱਲ੍ਹੇ ਦਿਲ ਨਾਲ ਵਤਨ ਪ੍ਰਸਤੀ ਦਿਖਾ ਰਹੇ ਹਨ।
ਮੁੱਖ ਮੰਤਰੀ ਦੇ ਭਾਸ਼ਨ ਦੇ ਆਖਰੀ ਚੰਦ ਮਿੰਟਾਂ ਬਾਰੇ ਗੱਲ ਕਰਨੀ ਜ਼ਰੂਰੀ ਬਣਦੀ ਹੈ। ਉਨ੍ਹਾਂ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੀ ਗੱਲ ਕਰਦਿਆਂ ਸਿਆਸੀ ਪਾਰਟੀਆਂ ਦੇ ਨਹੀਂ, ਪਿੰਡਾਂ ਵਿੱਚੋਂ ਪੰਚ ਸਰਪੰਚ ਚੁਣਨ ਦਾ ਹੋਕਾ ਦਿੱਤਾ। ਨਾਲ ਹੀ ਉਨ੍ਹਾਂ ਨੇ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ ਵਾਲੇ ਪਿੰਡਾਂ ਨੂੰ 5 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕਰ ਦਿੱਤਾ।
ਸਥਾਨਕ ਸਰਕਾਰਾਂ ਦੀਆਂ ਚੋਣਾਂ ਨਾਲ ਜੁੜੀ ਇੱਕ ਹੋਰ ਖ਼ਾਸ ਗੱਲ ਬਾਰੇ ਚਰਚਾ ਨਾ ਕਰੀਏ ਤਾਂ ਅਸੀਂ ਆਪਣੇ ਫਰਜ਼ ਪ੍ਰਤੀ ਕੁਤਾਹੀ ਕਰ ਰਹੇ ਹੋਵਾਂਗੇ। ਉਨ੍ਹਾਂ ਨੇ ਭ੍ਰਿਸ਼ਟ ਪੰਚਾਂ ਸਰਪੰਚਾਂ ਨੂੰ ਖਬਰਦਾਰ ਕਰਦਿਆਂ ਪੈਸੇ ਵੱਟੇ ਵੋਟਾਂ ਲੈਣ ਤੋਂ ਵਰਜਿਆ ਹੈ। ਉਨ੍ਹਾਂ ਨੇ ਲਲਕਾਰ ਕੇ ਕਿਹਾ ਕਿ 30 ਲੱਖ ਲਾ ਕੇ ਤਿੰਨ ਕਰੋੜ ਕਮਾਈ ਦੀ ਉਮੀਦ ਰੱਖਣ ਵਾਲੇ ਚੋਣ ਲੜਨ ਦੀ ਇੱਛਾ ਤਿਆਗ ਦੇਣ। ਭਗਵੰਤ ਮਾਨ ਦੇ ਭਾਸ਼ਣ ਦੀ ਇਹ ਵਿਲੱਖਣਤਾ ਸੀ। ਇਹ ਗੱਲਾਂ ਕਰਨ ਦਾ ਭਗਵੰਤ ਮਾਨ ਹੀ ਹੀਆ ਕਰ ਸਕਦਾ ਹੈ। ਇਹੋ ਜਿਹੀਆਂ ਗੱਲਾਂ ਸ਼ੋਭਦੀਆਂ ਵੀ ਉਸਦੇ ਮੂੰਹੋਂ ਹਨ। ਉਹਨੇ ਭ੍ਰਿਸ਼ਟਾਚਾਰ ਖਤਮ ਕਰਨ ਦਾ ਬੀੜਾ ਚੁੱਕਿਆ ਹੈ। ਇੱਕ ਹੋਰ ਖਾਸ ਗੱਲ ਇਹ ਕਿ ਉਸਨੇ ਪੰਜਾਬ ਤੋਂ ਅੱਗੇ ਪੂਰੇ ਮੁਲਕ ਵੱਲ ਨੂੰ ਵਧਣ ਦਾ ਇਸ਼ਾਰਾ ਵੀ ਕੀਤਾ ਹੈ। ਉਹਨਾਂ ਨੇ ਲੋਕਾਂ ਨੂੰ ਮਤਦਾਨ ਦਾ ਮਤਲਬ ਸਰਲ ਸ਼ਬਦਾਂ ਵਿੱਚ ਸਮਝਾਉਂਦਿਆਂ ਕਿਹਾ ਕਿ ਵੋਟ ਆਪਣੀ ਅਕਲ ਨਾਲ ਦੇਣੀ ਚਾਹੀਦੀ ਹੈ। ਪੰਜਾਬ ਦਾ ਖ਼ਜ਼ਾਨਾ ਭਰਨ ਅਤੇ ਉਨ੍ਹਾਂ ਤੋਂ ਪਹਿਲਾਂ ਸੱਤਾ ਵਿੱਚ ਰਹੀਆਂ ਸਿਆਸੀ ਪਾਰਟੀਆਂ ਵੱਲੋਂ ਖਜ਼ਾਨਾ ਖਾਲੀ ਹੋਣ ਦੀ ਦਿੱਤੀ ਜਾਂਦੀ ਦੁਹਾਈ ’ਤੇ ਅੱਜ ਦੁਬਾਰਾ ਮਸ਼ਕਰੀ ਕੀਤੀ।
ਨਿਰਪੱਖ ਹੋ ਕੇ ਗੱਲ ਕਰੀਏ ਤਾਂ ਇਹ ਨਹੀਂ ਕਿ ਆਮ ਆਦਮੀ ਪਾਰਟੀ ਚੋਣਾਂ ਵਿੱਚ ਆਪਣੇ ਉਮੀਦਵਾਰ ਨਹੀਂ ਖੜ੍ਹੇ ਕਰੇਗੀ। ਜੇ ਅਜਿਹਾ ਹੋਣਾ ਹੁੰਦਾ ਤਾਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਲੋੜ ਨਹੀਂ ਸੀ ਪੈਣੀ। ਨਗਰ ਕੌਸਲਾਂ ਤੇ ਕਬਜ਼ੇ ਵੀ ਇਸੇ ਪਾਸੇ ਵੱਲ ਸੰਕੇਤ ਕਰਦੇ ਹਨ। ਭਗਵੰਤ ਮਾਨ ਕੁਲਫ਼ੀ ਗਰਮ ਵੇਚਣਾ ਜਾਣਦੇ ਹਨ। ਉਹ ਵਿਅੰਗਕਾਰ ਹੁੰਦਿਆਂ ਮਿੱਠੀਆਂ ਮਿਰਚਾਂ ਵੀ ਖਵਾ ਦਿੰਦੇ ਰਹੇ ਹਨ। ਇਸ ਵਾਰ ਵੀ ਉਹ ਆਪਣੇ ਭਾਸ਼ਣ ਵਿੱਚ ਆਪਣੀ ਪੂਰੀ ਪੁਗਾ ਗਏ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਵੇਲੇ ਦਿੱਤੇ ਭਾਸ਼ਣ ਦੀ ਗੱਲ ਕਰਨੀ ਵੀ ਜ਼ਰੂਰੀ ਬਣਦੀ ਹੈ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤਿੰਨ ਪਰਤੀ ਯੋਜਨਾ ਤਿਆਰ ਕਰ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ੇ ਨਾਲ ਬਿਮਾਰ ਲੋਕਾਂ ਦਾ ਇਲਾਜ ਕਰਾਇਆ ਜਾਵੇਗਾ, ਜਦੋਂ ਕਿ ਨਸ਼ਾ ਤਸਕਰ ਜੇਲ੍ਹਾਂ ਵਿੱਚ ਸੁੱਟੇ ਜਾਣਗੇ। ਉਨ੍ਹਾਂ ਨੇ ਪੰਜਾਬ ਦੇ ਪਿੰਡ ਵਾਸੀਆਂ ਵੱਲੋਂ ਪਿੰਡਾਂ ਵਿੱਚ ਠੀਕਰੀ ਪਹਿਰਾ ਲਾਉਣ ਅਤੇ ਨਸ਼ਿਆਂ ਖਿਲਾਫ਼ ਡਟਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਇਹ ਲੜਾਈ ਲੋਕਾਂ ਦੇ ਸਹਿਯੋਗ ਨਾਲ ਜਿੱਤੇਗੀ।
ਭਗਵੰਤ ਮਾਨ ਦੇ ਆਜ਼ਾਦੀ ਦਿਵਸ ਮੌਕੇ ਦੋ ਵੱਖ ਵੱਖ ਸਮਾਗਮਾਂ ਵਿੱਚ ਦਿੱਤੇ ਭਾਸ਼ਣ ਪੂਰ ਚੜ੍ਹ ਜਾਂਦੇ ਹਨ ਤਾਂ ਸੱਚਮੁੱਚ ਪੰਜਾਬ ਦੀ ਤਸਵੀਰ ਬਦਲ ਜਾਵੇਗੀ। ਬਦਲਾਅ, ਜਿਸ ਲਈ ਲੋਕਾਂ ਨੇ ਰਾਜ ਪਲਟਾ ਲਿਆਂਦਾ ਸੀ, ਉਹ ਸੱਚ ਵਿੱਚ ਹੀ ਦਿਸਣ ਲੱਗ ਪਵੇਗਾ। ਅਸੀਂ ਨਿਰਾਸ਼ ਨਹੀਂ ਪਰ ਇਹ ਸਾਰਾ ਕੁਝ ਪੂਰ ਚੜ੍ਹਨਾ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ।
ਉਹਨਾਂ ਦੇ ਭਾਸ਼ਣ ਵਿੱਚਲੀਆਂ ਹੋਰ ਮਹੱਤਵਪੂਰਨ ਗੱਲਾਂ ਦੀ ਚਰਚਾ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਹਮੇਸ਼ਾ ਜ਼ੁਲਮ ਦੇ ਖਿਲਾਫ਼ ਲੜਦਾ ਰਿਹਾ ਹੈ। ਲੜਾਈ ਅੱਜ ਵੀ ਜਾਰੀ ਹੈ। ਜ਼ੁਲਮ ਦੇ ਖ਼ਿਲਾਫ਼ ਲੜਨ ਦੀ ਗੁੜ੍ਹਤੀ ਸਾਨੂੰ ਸਾਡੇ ਗੁਰੂਆਂ ਨੇ ਦੇ ਦਿੱਤੀ ਸੀ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਸ਼੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਮੇਤ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਨੇ ਇੱਕ ਭੇਦ ਦੀ ਗੱਲ ਹੋਰ ਵੀ ਸਾਂਝੀ ਕੀਤੀ ਕਿ ਮੁਲਕ ਦੀ ਪਾਰਲੀਮੈਂਟ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲੀ ਵਾਰ ਸ਼ਰਧਾਂਜਲੀ ਉਹਨਾਂ ਦੀ ਮੰਗ ’ਤੇ ਦਿੱਤੀ ਗਈ ਸੀ, ਜਿਸ ਲਈ ਕਾਫੀ ਜੱਦੋਜਹਿਦ ਕਰਨੀ ਪਈ ਸੀ। ਉਸ ਵੇਲੇ ਉਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਨ। ਉਹਨਾਂ ਨੇ ਸਰਹੱਦਾਂ ’ਤੇ ਲੜ ਰਹੇ ਫੌਜੀਆਂ ਦੀ ਪ੍ਰਸ਼ੰਸਾ ਵਿੱਚ ਵੀ ਵਿਸ਼ੇਸ਼ ਸ਼ਬਦ ਕਹੇ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਹ ਡਿਗਰੀ ਮਨਫੀ ਅਤੇ ਪੰਜਾਹ ਡਿਗਰੀ ਪਲੱਸ ਤਾਪਮਾਨ ਵਿੱਚ ਰਹਿ ਕੇ ਉਹ ਸੀ ਨਹੀਂ ਕਰਦੇ ਹਨ।
ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨ ਦੀ ਮਿਹਨਤ ਦੇ ਗੁਣ ਵੀ ਗਾਏ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਮੂਹਰੇ ਹੋ ਕੇ ਲੜਨ ਤੋਂ ਬਾਅਦ ਪੰਜਾਬ ਦੇ ਕਿਸਾਨ ਨੇ ਹੀ ਅੰਨਦਾਤਾ ਬਣ ਕੇ ਮੁਲਕ ਦਾ ਢਿੱਡ ਭਰਿਆ ਹੈ। ਉਸ ਤੋਂ ਬਾਅਦ ਭਾਰਤ ਨੂੰ ਅਮਰੀਕਾ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਰਹੀ ਸੀ। ਉਨ੍ਹਾਂ ਨੇ ਪੰਜਾਬ ਦੀ ਧਰਤੀ ਹੇਠਾਂ ਮੁੱਕ ਰਹੇ ਪਾਣੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਕੋਨੇ ਕੋਨੇ ਦੇ ਖੇਤ ਤਕ ਨਹਿਰੀ ਪਾਣੀ ਪਹੁੰਚਾਉਣਗੇ। ਇਹ ਬਹੁਤ ਘੱਟ ਹੁੰਦਾ ਹੈ ਜਦੋਂ ਉਹ ਆਪਣਾ ਭਾਸ਼ਣ ਖਤਮ ਕਰਨ ਦੇ ਬਾਅਦ ‘ਇਨਕਲਾਬ ਜ਼ਿੰਦਾਬਾਦ’ ਦੇ ਨਾਲ ਨਾਲ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਨਾ ਛੱਡਣ।
ਆਖ਼ਰੀ ਗੱਲ ਕਰੇ ਬਿਨਾਂ ਸਰਨਾ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਸੱਚ-ਮੁੱਚ ਰੰਗਲਾ ਬਣਾਉਣਾ ਚਾਹੁੰਦੇ ਹਨ। ਉਹਨਾਂ ਲਈ ਇਹ ਰਾਹ ਫੁੱਲਾਂ ਦੀ ਸੇਜ ਨਹੀਂ, ਸਗੋਂ ਕੰਡਿਆਲਾ ਹੈ। ਉਹ ਦੋ ਕਦਮ ਅੱਗੇ ਤੁਰਦੇ ਹਨ ਤੇ ਉਨ੍ਹਾਂ ਦੇ ਸਾਥੀ ਅੱਠ ਕਦਮ ਪਿੱਛੇ ਖਿੱਚ ਲੈਂਦੇ ਹਨ। ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਉਨ੍ਹਾਂ ਨੂੰ ਠਿੱਬੀ ਲਾਉਣ ਲਈ ਪੂਰਾ ਜ਼ੋਰ ਲੱਗਾ ਹੋਇਆ ਹੈ। ਹਾਲੇ ਤਕ ਤਾਂ ਸਤੌਜ ਵਾਲੇ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਦੇ ਹੌਸਲੇ ਬੁਲੰਦ ਹਨ। ਉਹ ਕਿਸੇ ਨੂੰ ਟਿੱਚ ਨਹੀਂ ਜਾਣਦਾ। ਦੇਸ਼ ਦੀਆਂ ਸਰਹੱਦਾਂ ਉੱਤੇ ਲੜਨ ਵਾਲੇ ਫੌਜੀਆਂ ਦੀ ਤਰ੍ਹਾਂ ਉਸ ਨੂੰ ਚਾਰੇ ਪਾਸੇ ਤੋਂ ਹੋ ਰਹੇ ਹਮਲੇ ਰੋਕਣ ਦੀ ਜਾਚ ਹੈ। ਉਹ ਦਮ ਵੀ ਰੱਖਦਾ ਹੈ। ਕਦੇ ਕਦੇ ਠੇਡਾ ਖਾ ਜਾਣਾ ਸੁਭਾਵਿਕ ਅਤੇ ਕੁਦਰਤੀ ਹੁੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4157)
(ਸਰੋਕਾਰ ਨਾਲ ਸੰਪਰਕ ਲਈ: (