“ਨਤੀਜਾ ਦਸਵੀਂ ਦਾ ਹੋਵੇ ਜਾਂ ਬਾਰ੍ਹਵੀਂ ਦਾ, ਕੁੜੀਆਂ ਨੇ ਉਦੋਂ ਤੋਂ ਮੁੰਡਿਆਂ ਨੂੰ ਨੇੜੇ ਨਹੀਂ ਫਟਕਣ ਦਿੱਤਾ ਜਦੋਂ ਤੋਂ ...”
(15 ਅਕਤੂਬਰ 2023)
ਕੁੜੀਆਂ ਚਿੜੀਆਂ ਹੁੰਦੀਆਂ ਨੇ, ਖੰਭ ਨਹੀਂ ਹੁੰਦੇ ਕੁੜੀਆਂ ਦੇ,
ਪੇਕੇ ਸਹੁਰੇ ਹੁੰਦੇ ਨੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ।
ਕੌਣ ਕਹਿੰਦਾ ਹੈ ਕਿ ਕੁੜੀਆਂ ਚਿੜੀਆਂ ਹੁੰਦੀਆਂ ਨੇ?
ਕੁੜੀਆਂ ਹੁਣ ਚਿੜੀਆਂ ਨੇ ਰਹੀਆਂ,
ਟੱਕਰ ਦਿੰਦੀਆਂ ਬਾਜਾਂ ਨੂੰ,
ਮਾਈ ਭਾਗੋ ਦੀਆਂ ਜਾਈਆਂ ਹੁਣ,
ਟੱਕਰ ਦਿੰਦੀਆਂ ਤਖਤਾਂ ਤਾਜਾਂ ਨੂੰ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੀਸੀਐੱਸ ਜੁਡੀਸ਼ਰੀ ਦੇ ਲੰਘੇ ਦਿਨ ਐਲਾਨ ਕੀਤੇ ਨਤੀਜੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਧੀਆਂ ਹੁਣ ਮੋਮ ਦੀਆਂ ਗੁੱਡੀਆਂ ਨਹੀਂ ਰਹੀਆਂ ਹਨ। ਕੁੜੀਆਂ ਦੇ ਇਨਸਾਫ ਦੀ ਲੋਅ ਹੁਣ ਹਰ ਪਾਸੇ ਹੋਵੇਗੀ। ਕੁੜੀਆਂ ਨਾਲ ਹੁਣ ਤਕ ਮਰਦ ਪ੍ਰਧਾਨ ਸਮਾਜ ਅਨਿਆਂ ਕਰਦਾ ਆਇਆ ਹੈ। ਕੁੜੀਆਂ ਨੂੰ ਚਿੜੀਆਂ ਇਸ ਕਰਕੇ ਕਿਹਾ ਜਾਂਦਾ ਰਿਹਾ ਹੈ ਕਿ ਸਾਡੇ ਸਮਾਜ ਵਿੱਚ ਨਾ ਤਾਂ ਕਿਸੇ ਨੂੰ ਚਿੜੀ ਮਰਨ ਦਾ ਦਰਦ ਹੁੰਦਾ ਸੀ ਅਤੇ ਨਾ ਹੀ ਕੁੜੀ ਮਰਨ ਦਾ। ਚਿੜੀਆਂ ਖਤਮ ਹੋ ਰਹੀਆਂ ਹਨ ਕੁੜੀਆਂ ਦੀ ਗਿਣਤੀ ਮੁੰਡਿਆਂ ਮੁਕਾਬਲੇ ਘਟ ਰਹੀ ਹੈ। ਮੇਰੇ ਸੂਬੇ ਵਿੱਚ ਹੀ ਨਹੀਂ, ਸਮੁੱਚੇ ਮੁਲਕ ਵਿੱਚ ਹੀ ਕੁੜੀ ਹੋਣਾ ਉਸਦੀ ਹੋਂਦ ਦਾ ਸਰਾਪ ਹੈ। ਸਾਡਾ ਸਮਾਜ ਪਹਿਲਾਂ ਕੁੜੀਆਂ ਦੇ ਜੰਮਣ ਤੋਂ ਬਾਅਦ ਗਲ਼ ਘੁੱਟਦਾ ਰਿਹਾ ਹੈ ਅਤੇ ਹੁਣ ਕੁੜੀਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਹੀ ਕੁੱਖਾਂ ਵਿੱਚ ਉਹਨਾਂ ਦਾ ਕਤਲ ਕਰਨ ਲੱਗੀਆਂ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਿੜੀਆਂ ਤੋਂ ਬਾਜ਼ ਤੁੜਵਾਉਣ ਦਾ ਸੰਕਲਪ ਦੇ ਕੇ ਇੱਕ ਰੂਹ-ਹੀਣ ਅਤੇ ਸਹਿਕ ਰਹੀ ਕੌਮ ਵਿੱਚ ਨਵਾਂ ਜੋਸ਼ ਜਗਾਇਆ ਸੀ ਤਾਂ ਕਿ ਉਹ ਜਬਰ ਜ਼ੁਲਮ ਨਾਲ ਟੱਕਰ ਲੈ ਸਕਣ ਅਤੇ ਅਣਖ ਨਾਲ ਜ਼ਿੰਦਗੀ ਜਿਊਣ ਦੀ ਖਾਤਰ ਆਪਣੀ ਜਾਨ ਵੀ ਦਾਅ ’ਤੇ ਲਾ ਦਿਆ ਕਰਨ। ਅੱਜ ਉਸੇ ਸੰਕਲਪ ਦੀ ਲੋੜ ਹੈ ਕੁੜੀਆਂ ਨੂੰ ਉੱਪਰ ਚੱਕਣ ਲਈ। ਜੇ ਮਨੁੱਖ ਅਵੇਸਲਾ ਰਿਹਾ ਹੈ ਤਾਂ ਉਹਨਾਂ ਨੇ ਇਹ ਹੱਕ ਆਪ ਖੋਹਣਾ ਸ਼ੁਰੂ ਕਰ ਦਿੱਤਾ ਹੈ।
ਉਂਝ ਤਾਂ ਕੁੜੀਆਂ ਹਰ ਖੇਤਰ ਵਿੱਚ ਅੱਗੇ ਨਿਕਲ ਰਹੀਆਂ ਹਨ ਪਰ ਪੜ੍ਹਾਈ ਦੇ ਖੇਤਰ ਵਿੱਚ ਲੜਕਿਆਂ ਨੂੰ ਵਿਸ਼ੇਸ਼ ਕਰਕੇ ਪਿੱਛੇ ਛੱਡ ਦਿੱਤਾ ਹੈ। ਨਤੀਜਾ ਦਸਵੀਂ ਦਾ ਹੋਵੇ ਜਾਂ ਬਾਰ੍ਹਵੀਂ ਦਾ, ਕੁੜੀਆਂ ਨੇ ਉਦੋਂ ਤੋਂ ਮੁੰਡਿਆਂ ਨੂੰ ਨੇੜੇ ਨਹੀਂ ਫਟਕਣ ਦਿੱਤਾ ਜਦੋਂ ਤੋਂ ਉਨ੍ਹਾਂ ਨੂੰ ਲੜਕਿਆਂ ਦੇ ਬਰਾਬਰ ਪੜ੍ਹਨ ਦਾ ਮੌਕਾ ਦਿੱਤਾ ਜਾਣ ਲੱਗਾ ਹੈ। ਪੀਸੀਐੱਸ ਜੁਡੀਸ਼ਰੀ ਦੇ ਨਤੀਜੇ ਦੇ ਐਲਾਨ ਵਿੱਚ ਤਾਂ ਕੁੜੀਆਂ ਨੇ ਕਮਾਲ ਹੀ ਕਰ ਦਿਖਾਈ ਹੈ। ਅਖਬਾਰਾਂ ਕੁੜੀਆਂ ਦੀਆਂ ਵਾਹ ਵਾਹ ਨਾਲ ਭਰੀਆਂ ਪਈਆਂ ਹਨ।
ਮਨਰੇਗਾ ਮਜ਼ਦੂਰ ਕੁਲਦੀਪ ਕੌਰ ਦੀ ਧੀ ਪਰਮਿੰਦਰ ਕੌਰ ਜੱਜ ਬਣ ਗਈ ਹੈ। ਬਾਪ ਸੁਰਮੁਖ ਸਿੰਘ ਸਿਕਿਉਰਟੀ ਗਾਰਡ ਹੈ। ਕਿਸੇ ਵੇਲੇ ਪਰਮਿੰਦਰ ਕੌਰ ਦੀ ਮਾਂ ਵਿਆਹਾਂ ਵਾਲੇ ਘਰਾਂ ਵਿੱਚ ਜਾ ਕੇ ਭਾਂਡੇ ਮਾਂਜਦੀ ਰਹੀ ਹੈ। ਧੀ ਪਰਮਿੰਦਰ ਕੌਰ ਨੇ ਵੀ ਮਾਂ ਨਾਲ ਕੰਮ ਵਿੱਚ ਪੂਰਾ ਹੱਥ ਵਟਾਈਆ ਹੈ। ਪਰ ਉਹਦੇ ਮਨ ਵਿੱਚ ਸਵਾਲ ਖੜ੍ਹਾ ਰਹਿੰਦਾ ਕਿ ਉਹਨਾਂ ਦੇ ਹਿੱਸੇ ਭਾਂਡੇ ਹੀ ਕਿਉਂ ਆਏ ਹਨ? ਸੰਗਰੂਰ ਦੇ ਪਿੰਡ ਸ਼ੇਰਪੁਰ ਦੀ ਧੀ ਰਮਨਦੀਪ ਕੌਰ ਵੀ ਇਨਸਾਫ ਦੀ ਮਸ਼ਾਲ ਲੈ ਕੇ ਤੁਰੇਗੀ। ਉਸ ਦਾ ਪਿਤਾ ਨਾਹਰ ਸਿੰਘ ਮਜ਼ਦੂਰੀ ਕਰਦਾ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰਦਿਆਂ ਰਮਨਦੀਪ ਕੌਰ ਕਈ ਵਾਰੀ ਇੱਕ ਡੰਗ ਦਾ ਖਾਣਾ ਇਸ ਕਰਕੇ ਛੱਡ ਦਿੰਦੀ ਤਾਂ ਕਿ ਰੋਟੀ ਦਾ ਬਿੱਲ ਘੱਟ ਬਣੇ। ਘਰਦਿਆਂ ਦੀ ਤਾਂ ਇਹੋ ਖੁਸ਼ੀ ਸੀ ਕਿ ਕੁੜੀ ਬੀਐੱਡ ਕਰਕੇ ਟੀਚਰ ਲੱਗ ਜਾਵੇ। ਜਦੋਂ ਉਹ ਉਹ ਕਿਤਾਬਾਂ ਨਾ ਛੱਡਦੀ ਤਾਂ ਮਾਪੇ ਕਹਿ ਦਿੰਦੇ, “ਕੁੜੀਏ ਤੂੰ ਕਿਹੜਾ ਪੜ੍ਹ ਕੇ ਜੱਜ ਲੱਗ ਜਾਣੈ।”
ਮਲੇਰ ਕੋਟਲਾ ਦੀ ਧੀ ਗੁਲਫਾਮ ਦਾ ਅੱਬੂ ਟੈਂਪੂ ਡਰਾਈਵਰੀ ਕਰਦਾ ਹੈ। ਵਿੱਤੀ ਤੌਰ ’ਤੇ ਹਾਲਾਤ ਇੰਨੇ ਮਾੜੇ ਸਨ ਕਿ ਮਾਪੇ ਉਹਦਾ ਨਾਂ ਸੱਤਵੀਂ ਕਲਾਸ ਵਿੱਚੋਂ ਹੀ ਕਟਾਉਣ ਲਈ ਸਕੂਲ ਪਹੁੰਚ ਗਏ ਸਨ। ਸਕੂਲ ਦੀ ਅਧਿਆਪਕਾ ਨੇ ਉਹਦੀ ਪੜ੍ਹਾਈ ਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਲੈ ਲਈ ਸੀ। ਉੱਚ ਸਿੱਖਿਆ ਉਹਨੇ ਵਜ਼ੀਫੇ ਦੇ ਸਿਰ ’ਤੇ ਲਈ ਸੀ। ਚੰਡੀਗੜ੍ਹ ਨਾਲ ਲੱਗਦੇ ਮੋਹਾਲੀ ਦੇ ਪਿੰਡ ਮੁੰਡੀ ਖਰੜ ਦੀ ਕਿਰਨਦੀਪ ਕੌਰ ਨੂੰ ਜੱਜ ਬਣਾਉਣ ਲਈ ਉਹਦੀ ਮਾਂ ਹਰਪ੍ਰੀਤ ਨੇ ਕਦੇ ਫੈਕਟਰੀ ਵਿੱਚ ਕੰਮ ਕੀਤਾ ਅਤੇ ਕਦੇ ਬੁਟੀਕ ਚਲਾ ਕੇ ਫੀਸਾਂ ਭਰੀਆਂ। ਮੀਡੀਆ ਰਿਪੋਰਟਾਂ ਅਨੁਸਾਰ ਉਹਦੇ ਚਾਚੇ ਕੁਲਵਿੰਦਰ ਸਿੰਘ ਨੇ ਕਿਰਨਦੀਪ ਕੌਰ ਨੂੰ ਵਧੀਆ ਪਾਲਣ ਪੋਸ਼ਣ ਦੇਣ ਲਈ ਆਪ ਵਿਆਹ ਨਾ ਕਰਾਉਣ ਦਾ ਫੈਸਲਾ ਲੈ ਲਿਆ। ਅੱਜ ਜਦੋਂ ਬਹੁਤੇ ਮਾਪੇ ਧੀਆਂ ਨੂੰ ਵਿਦੇਸ਼ ਭੇਜਣ ਲਈ ਗਹਿਣੇ ਵੇਚਦੇ ਹਨ ਤਾਂ ਉਹਦੀ ਮਾਂ ਨੇ ਆਪਣੀ ਧੀ ਨੂੰ ਪੜ੍ਹਾਉਣ ਲਈ ਗਹਿਣੇ ਵੇਚ ਦਿੱਤੇ ਸਨ।
ਕਪੂਰਥਲਾ ਦੇ ਆਟੋ ਰਿਕਸ਼ਾ ਚਾਲਕ ਬਲਜੀਤ ਸਿੰਘ ਦੀ ਭਾਣਜੀ ਹੈ ਸ਼ਿਵਾਨੀ। ਸ਼ਿਵਾਨੀ ਤਿੰਨ ਵਰ੍ਹਿਆਂ ਦੀ ਸੀ ਜਦੋਂ ਮਾਂ ਨੇ ਉਸ ਨੂੰ ਮਾਮੇ ਕੋਲ ਛੱਡ ਦਿੱਤਾ ਸੀ। ਮਾਮੇ ਨੇ ਵੀ ਧੀ ਨੂੰ ਜੱਜ ਬਣਾਉਣ ਲਈ ਖੁਦ ਵਿਆਹ ਨਾ ਕਰਾਉਣ ਦਾ ਫੈਸਲਾ ਲੈ ਲਿਆ ਸੀ। ਅੱਜ ਬਲਜੀਤ ਸਿੰਘ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਸ਼ਿਵਾਨੀ ਜੱਜ ਬਣ ਗਈ ਹੈ। ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੇ ਬਹੁਤ ਛੋਟੇ ਜਿਹੇ ਕਿਸਾਨ ਸਤਨਾਮ ਸਿੰਘ ਦੀ ਧੀ ਮਨਮੋਹਨ ਪ੍ਰੀਤ ਕੌਰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਸ਼ਾਮ ਨੂੰ ਟਿਊਸ਼ਨਾਂ ਕੀਤੀਆਂ ਅਤੇ ਦਿਨ ਵੇਲੇ ਯੂਨੀਵਰਸਿਟੀ ਜਾਂ ਕਾਲਜ ਪੜ੍ਹਨ ਜਾਂਦੀ ਰਹੀ ਸੀ। ਉਸ ਨੇ ਮਾਪਿਆਂ ਨਾਲ ਕੰਮ ਵਿੱਚ ਵੀ ਪੂਰਾ ਹੱਥ ਵਟਾਇਆ ਸੀ। ਜੈਤੋ ਦੀ ਅਕਸਿਤਾ ਕਟਾਰੀਆ ਨੇ ਇੱਕ ਟੀਵੀ ਸੀਰੀਅਲ ਤੋਂ ਪ੍ਰਭਾਵਿਤ ਹੋ ਕੇ ਜੱਜ ਬਣਨ ਦੀ ਠਾਣ ਲਈ ਸੀ। ਉਸ ਦੇ ਪਿਤਾ ਦੀ ਜੈਤੋ ਵਿੱਚ ਦਵਾਈਆਂ ਦੀ ਦੁਕਾਨ ਹੈ।
ਪੰਚਕੂਲਾ ਦੀ ਨੰਦਿਤਾ ਇਸ ਬੈਚ ਦੀ ਸਭ ਤੋਂ ਛੋਟੀ ਉਮਰ 23 ਸਾਲਾਂ ਦੀ ਜੱਜ ਬਣ ਗਈ ਹੈ। ਇਸ ਤੋਂ ਪਹਿਲਾਂ ਮਿਯੰਕ ਨਾਂ ਦਾ ਇੱਕ 21 ਸਾਲਾ ਨੌਜਵਾਨ ਜੱਜ ਬਣਿਆ ਸੀ।
ਪੀਸੀਐੱਸ ਜੁਡੀਸ਼ੀਰੀ ਦੀ ਪ੍ਰੀਖਿਆ ਜੂਨ ਵਿੱਚ ਹੋਈ ਸੀ ਜਦੋਂ ਕਿ ਅਰਜ਼ੀਆਂ ਅਪਰੈਲ ਵਿੱਚ ਮੰਗੀਆਂ ਗਈਆਂ ਸਨ। ਇਸ ਵਾਰ ਦੀ ਪ੍ਰੀਖਿਆ ਲਈ 8363 ਉਮੀਦਵਾਰਾਂ ਨੇ ਫਾਰਮ ਭਰੇ ਸਨ ਜਦੋਂ ਕਿ 6497 ਇਮਤਿਹਾਨ ਵਿੱਚ ਬੈਠੇ ਸਨ। ਪੰਜਾਬ ਦੀਆਂ ਹੇਠਲੀਆਂ ਅਦਾਲਤਾਂ ਵਿੱਚ ਜੱਜਾਂ ਦੀਆਂ 159 ਅਸਾਮੀਆਂ ਖਾਲੀ ਪਈਆਂ ਹਨ। ਇੰਨੇ ਹੀ ਉਮੀਦਵਾਰਾਂ ਨੂੰ ਸਫਲ ਐਲਾਨਿਆ ਗਿਆ ਹੈ।
ਪੂਰੇ ਮੁਲਕ ਦੀ ਗੱਲ ਕਰੀਏ ਤਾਂ ਹਰ ਸਾਲ ਹੋਣ ਵਾਲੀ ਪ੍ਰੀਖਿਆ ਵਿੱਚ 50 ਤੋਂ 60 ਹਜ਼ਾਰ ਉਮੀਦਵਾਰ ਬੈਠਦੇ ਹਨ ਪਰ ਸਫਲਤਾ ਦਰ 15 ਤੋਂ 20% ਹੀ ਰਹਿ ਜਾਂਦੀ ਹੈ। ਮੁਲਕ ਨੂੰ ਹਾਲੇ ਹੋਰ ਜੱਜਾਂ ਦੀ ਲੋੜ ਹੈ। ਭਾਰਤ ਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਜੱਜਾਂ ਦੀਆਂ 25,442 ਅਸਾਮੀਆਂ ਹਨ ਅਤੇ ਇਹਨਾਂ ਵਿੱਚੋਂ 5850 ਖਾਲੀ ਪਈਆਂ ਹਨ। ਹਾਈ ਕੋਰਟਾਂ ਵਿੱਚ ਜੱਜਾਂ ਦੀਆਂ 329 ਅਸਾਮੀਆਂ ਖਾਲੀ ਪਈਆਂ ਹਨ ਹਨ। ਪੀਸੀਐੱਸ ਵਿੱਚ ਬੈਠਣ ਲਈ ਉਮੀਦਵਾਰ ਦੀ ਉਮਰ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਉਹ ਐੱਲ ਐੱਲ ਬੀ ਪਾਸ ਹੋਵੇ। ਮੁਲਕ ਦੀਆਂ ਹਾਈਕੋਰਟਾਂ ਅਤੇ ਸੁਪਰੀਮ ਕੋਰਟਾਂ ਵਿੱਚ ਸੀਨੀਅਰ ਵਕੀਲਾਂ ਵਾਸਤੇ ਜੱਜਾਂ ਦੀਆਂ ਅਸਾਮੀਆਂ ਦਾ ਕੋਟਾ ਨਿਰਧਾਰਿਤ ਕੀਤਾ ਗਿਆ ਹੈ ਜਦੋਂ ਕਿ ਹੇਠਲੀਆਂ ਅਦਾਲਤਾਂ ਵਿੱਚ ਜੱਜਾਂ ਦੀ ਭਰਤੀ ਸਿੱਧੀ ਹੁੰਦੀ ਹੈ।
ਮਹਿਲਾਵਾਂ ਦੀਆਂ ਪ੍ਰਾਪਤੀਆਂ ਨਾਲ ਜੁੜਦੀ ਇੱਕ ਹੋਰ ਅਹਿਮ ਅਤੇ ਦਿਲਚਸਪ ਖਬਰ ਵੀ ਸਾਂਝੀ ਕਰਨੀ ਬਣਦੀ ਹੈ ਕਿ ਜਸਟਿਸ ਰਿਤੂ ਬਾਹਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਜਕਾਰੀ ਚੀਫ ਜਸਟਿਸ ਲਾ ਦਿੱਤਾ ਗਿਆ ਹੈ। ਜਸਟਿਸ ਰਿਤੂ ਬਾਹਰੀ ਦੇ ਪਿਤਾ ਜਸਟਿਸ ਅੰਮ੍ਰਿਤ ਲਾਲ ਬਾਹਰੀ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰਹਿ ਚੁੱਕੇ ਹਨ। ਉਹ ਇੱਥੋਂ 1994 ਨੂੰ ਰਿਟਾਇਰ ਹੋਏ ਸਨ। ਉਹ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਦੱਸੇ ਜਾਂਦੇ ਹਨ।
ਮਰਹੂਮ ਇੰਦਰਾ ਗਾਂਧੀ ਮੁਲਕ ਦੀ ਪ੍ਰਧਾਨ ਮੰਤਰੀ ਰਹੀ ਹੈ। ਅੱਜ ਭਾਰਤ ਦੀ ਰਾਸ਼ਟਰਪਤੀ ਹੋਣ ਦਾ ਤਾਜ ਵੀ ਇੱਕ ਮਹਿਲਾ ਦਰੋਪਦੀ ਮੁਰਮੂ ਦੇ ਸਿਰ ਸਜਿਆ ਹੈ। ਭਾਰਤੀ ਔਰਤਾਂ ਦੀਆਂ ਪ੍ਰਾਪਤੀਆਂ ਬੇਮਿਸਾਲ ਹਨ। ਔਰਤ ਦਾ ਸਨਮਾਨ ਮਾਂ, ਧੀ, ਪਤਨੀ, ਭੈਣ, ਬਹੂ ਅਤੇ ਆਪਣੀ ਤੇ ਬੇਗਾਨੀ ਦੇ ਰੂਪ ਵਿੱਚ ਇੱਕੋ ਜਿਹਾ ਕਰਨਾ ਹੀ ਮਨੁੱਖਤਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਸਦੀਆਂ ਪਹਿਲਾਂ ਕਹਿ ਗਏ ਸਨ ਕਿ ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4292)
(ਸਰੋਕਾਰ ਨਾਲ ਸੰਪਰਕ ਲਈ: (