“ਵਿਦੇਸ਼ ਦੀ ਧਰਤੀ ’ਤੇ ਜਾਣ ਲਈ ਸੋਚਣ ਵੇਲੇ ਹੀ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲੈਣਾ ਹੋਵੇਗਾ। ਨਵੇਂ ਹਾਲਾਤ ਵਿੱਚ ...”
(12 ਅਕਤੂਬਰ 2023)
ਪੰਜਾਬ ਦੇ ਨੌਜਵਾਨ ਮੁੰਡੇ, ਕੁੜੀਆਂ ਕੈਨੇਡਾ ਵਿੱਚ ਜਾ ਵਸਣ ਦੀ ਸਿੱਕ ਦਿਲ ਵਿੱਚ ਪਲੋਸ ਰਹੇ ਹਨ। ਨੌਜਵਾਨਾਂ ਦੇ ਮਾਪੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਦੇਖ ਰਹੇ ਹਨ। ਮਾਪੇ ਆਪਣੇ ਬੱਚਿਆਂ ਦਾ ਭਵਿੱਖ ਸੁਆਰਨ ਲਈ ਦਿਲ ’ਤੇ ਹੱਥ ਰੱਖ ਕੇ ਗਹਿਣੇ ਗੱਟੇ ਵੇਚਣ ਲੱਗੇ ਹਨ ਅਤੇ ਕਈਆਂ ਨੇ ਤਾਂ ਜ਼ਮੀਨਾਂ ਵੀ ਬੈਅ ਕਰ ਦਿੱਤੀਆਂ ਹਨ। ਪਰ ਪਿਛਲੇ ਸਮੇਂ ਤੋਂ ਵਿਦੇਸ਼, ਵਿਸ਼ੇਸ਼ ਕਰਕੇ ਕੈਨੇਡਾ ਤੋਂ ਨੌਜਵਾਨਾਂ ਦੀਆਂ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ ਨੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਇੱਕ ਕੌੜਾ ਸੱਚ ਸਾਹਮਣੇ ਆਉਣ ਲੱਗਾ ਹੈ ਕਿ ਹਾਰਟ ਅਟੈਕ ਨਾਲ ਨਹੀਂ, ਸਗੋਂ ਅਸਲ ਵਿੱਚ ਤਾਂ ਇਹ ਮੌਤਾਂ ਨਸ਼ੇ ਦੀ ਓਵਰਡੋਜ਼ ਲੈਣ ਨਾਲ ਹੋ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਡਾਕਟਰਾਂ ਵੱਲੋਂ ਜਾਰੀ ਕੀਤੇ ਮੌਤ ਦੇ ਸਰਟੀਫਿਕੇਟ ਵਿੱਚ ਅਟੈਕ ਦੱਸਿਆ ਜਾਂਦਾ ਹੈ ਪਰ ਇਸਦੇ ਪਿੱਛੇ ਨਸ਼ੇ ਦੀ ਓਵਰਡੋਜ਼ ਲੈਣ ਦੀ ਵਜਾਹ ’ਤੇ ਪਰਦਾ ਪਾਇਆ ਜਾ ਰਿਹਾ ਹੈ। ਅਸੀਂ ਆਪਣੇ ਬੱਚੇ ਵਿਦੇਸ਼ ਭੇਜ ਕੇ ਇੱਕ ਨਵੀਂ ਚਿੰਤਾ ਸਹੇੜ ਲਈ ਹੈ।
ਕੈਨੇਡਾ ਦੇ ਟੀਵੀ ਮੀਡੀਆ ਵੱਲੋਂ ਫਿਊਨਰਲ ਹੋਮ ਦੇ ਰਿਕਾਰਡ ਨਾਲ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਗੈਰਕਾਨੂੰਨੀ ਵਿਕਦੀ ਅਫੀਮ ਵਿੱਚ ਫੈਂਟਾਨਿਲ (Fentany) ਨਾਂ ਦਾ ਪਦਾਰਥ ਮਿਲਾਇਆ ਜਾ ਰਿਹਾ ਹੈ ਜਿਸਦੀ ਛੋਟੀ ਤੋਂ ਛੋਟੀ ਮਾਤਰਾ ਵੀ ਮੌਤ ਦੀ ਵਜਾਹ ਬਣ ਰਹੀ ਹੈ। ਰਿਪੋਰਟ ਵਿੱਚ ਤਾਂ ਇੱਥੋਂ ਤਕ ਕਿਹਾ ਗਿਆ ਹੈ ਕਿ ਜੇ ਫੈਂਟਾਨਿਲ ਦੀ ਮਾਤਰਾ ਨਿਰਧਾਰਤ ਨਾਲੋਂ 0.1 ਫੀਸਦੀ ਵੀ ਵੱਧ ਪੈ ਜਾਵੇ ਤਾਂ ਇਸਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ ਬਚਾਉਣਾ ਅਸੰਭਵ ਹੋ ਜਾਂਦਾ ਹੈ। ਅਜਿਹਾ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਗੈਰ ਕਾਨੂੰਨੀ ਤੌਰ ’ਤੇ ਵੇਚੀ ਜਾ ਰਹੀ ਅਫ਼ੀਮ ਵਿੱਚ ਫੈਂਟਾਨਿਲ ਪਦਾਰਥ ਦੀ ਮਾਤਰਾ ਅਕਸਰ ਹੀ ਘੱਟ ਵੱਧ ਹੋ ਜਾਂਦੀ ਹੈ। ਪੰਜਾਬ ਵਿੱਚ ਸ਼ੌਕ ਲਈ ਅਫੀਮ ਲੈਣ ਵਾਲੇ ਨੌਜਵਾਨਾਂ ਨੂੰ ਵੀ ਇੰਨੀ ਘੱਟ ਮਾਤਰਾ ਲੈ ਬੈਠਦੀ ਹੈ।
ਰਿਪੋਰਟ ਵਿੱਚ ਇੱਕ ਹੋਰ ਕੌੜਾ ਸੱਚ ਸਾਹਮਣੇ ਆਇਆ ਹੈ ਕਿ ਇਸਦੀ ਲਪੇਟ ਵਿੱਚ ਭਾਰਤ ਤੋਂ ਤਾਜ਼ਾ ਤਾਜ਼ਾ ਗਏ ਮੁੰਡੇ ਕੁੜੀਆਂ ਜਦੋਂ ਕਨੇਡਾ ਪਹੁੰਚਣ ਦੀ ਖੁਸ਼ੀ ਵਿੱਚ ਜਸ਼ਨ ਮਨਾਉਂਦੇ ਹਨ ਤਾਂ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਅਕਸਰ ਕੀਤੀ ਜਾਂਦੀ ਹੈ। ਇਹਨਾਂ ਪਾਰਟੀਆਂ ਵਿੱਚ ਨਸ਼ਿਆਂ ਦੀ ਮਿਕਦਾਰ ਦੇ ਤਵਾਜ਼ਨ ਵਿੱਚਲੀ ਗੜਬੜੀ ਅਕਸਰ ਮੌਤ ਦੀ ਵਜਾਹ ਬਣਦੀ ਹੈ। ਦੁੱਖ ਦੀ ਗੱਲ ਇਹ ਕਿ ਕਨੇਡਾ ਵਿੱਚ ਇਸ ਜ਼ਹਿਰ ਦੇ ਵਪਾਰੀ ਹਰ ਗਲੀ ਮਹੱਲੇ ਵਿੱਚ ਆਪਣਾ ਕਾਰੋਬਾਰ ਖੋਲ੍ਹੀ ਬੈਠੇ ਹਨ। ਦੂਜੇ ਬੰਨੇ ਇੱਧਰੋਂ ਗਏ ਬੱਚੇ ਇਕਦਮ ਵੱਡੀ ਮਿਲੀ ਆਜ਼ਾਦੀ ਨੂੰ ਮਾਨਣ ਵੇਲੇ ਆਪਣੀਆਂ ਹੱਦਾਂ ਭੁੱਲ ਜਾਂਦੇ ਹਨ। 17 ਤੋਂ 27 ਸਾਲ ਦੇ ਬੱਚੇ ਜ਼ਿਆਦਾਤਰ ਇਸਦੀ ਲਪੇਟ ਵਿੱਚ ਆ ਰਹੇ ਹਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ ਦੀ ਧਰਤੀ ’ਤੇ ਜਾ ਕੇ ਨੌਜਵਾਨ ਬਿਨਾ ਸ਼ੱਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਕਰਕੇ ਸਟਰੈੱਸ ਅਥਵਾ ਤਣਾਉ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਇਹ ਤੁਰੰਤ ਮੌਤ ਦੀ ਵਜਾਹ ਦਾ ਕਾਰਨ ਘੱਟ ਵੱਧ ਹੀ ਹੁੰਦਾ ਹੈ। ਪੰਜਾਬ ਵਿੱਚ ਕਈ ਨੌਜਵਾਨ ਅਫੀਮ ਦਾ ਸੇਵਨ ਫੈਸ਼ਨ ਦੇ ਤੌਰ ’ਤੇ ਕਰਦੇ ਹਨ ਅਤੇ ਕਈ ਕਦੇ ਕਦਾਈਂ ਇਹ ਕਹਿ ਕੇ ਲੈ ਲੈਂਦੇ ਹਨ ਕਿ ਇਹ ਤਾਂ ਸੌ ਦਵਾਈਆਂ ਦੀ ਇੱਕੋ ਦਵਾਈ ਹੈ। ਅਸਲ ਵਿੱਚ ਇਹੋ ਜਿਹੇ ਨੌਜਵਾਨ ਕੈਨੇਡਾ ਜਾਂ ਵਿਦੇਸ਼ ਦੀ ਧਰਤੀ ’ਤੇ ਨਸ਼ੇ ਦੀ ਜਕੜ ਵਿੱਚ ਜਲਦੀ ਫਸਦੇ ਹਨ ਜਾਂ ਜਸ਼ਨਾਂ ਦੇ ਨਾਂ ਹੇਠ ਮਿਕਦਾਰ ਵਿੱਚ ਸ਼ਰਾਬ ਅਤੇ ਦੂਜੇ ਨਸ਼ੇ ਲੈ ਲੈਂਦੇ ਹਨ।
ਇਹ ਰਿਪੋਰਟ ਇਸ਼ਰਤ ਸਿੰਘ ਸ਼ਾਕਿਰ ਵੱਲੋਂ ਤਿਆਰ ਕੀਤੀ ਗਈ ਹੈ। ਉਸਨੇ ਇਸ ਰਿਪੋਰਟ ਵਿੱਚ ਇੱਕ ਹੋਰ ਅਹਿਮ ਗੱਲ ਸਪਸ਼ਟ ਕੀਤੀ ਹੈ ਕਿ ਫੈਂਟਾਨਿਲ ਦੀ ਘੱਟ ਮਿਕਦਾਰ ਨਵੇਂ ਅਤੇ ਪੁਰਾਣੇ, ਦੋਵੇਂ ਤਰ੍ਹਾਂ ਦੇ ਨਸ਼ੇੜੀਆਂ ਤੂੰ ਨਹੀਂ ਬਖਸ਼ਦੀ। ਰੋਜ਼ ਰੋਜ਼ ਨਸ਼ਾ ਕਰਨ ਵਾਲੇ ਵੀ ਭੋਰਾ ਕੁ ਵੱਧ ਮਿਕਦਾਰ ਵਿੱਚ ਲੈ ਲੈਣ ਤਾਂ ਇਹ ਮੌਤ ਦਾ ਸਬੱਬ ਬਣ ਜਾਂਦੀ ਹੈ। ਦੋਂਹ ਨਸ਼ਿਆਂ ਦੇ ਸੁਮੇਲ ਤੋਂ ਤਿਆਰ ਹੋਈ ਇਸ ਸ਼ੈ ਨੂੰ ਅਫ਼ੀਮ ਕੌਕਟੇਲ ਕਿਹਾ ਜਾ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡਾ ਦੀ ਸਰਕਾਰ ਵੀ ਅਫੀਮ ਕੌਕਟੇਲ ਦਾ ਨਸ਼ਾ ਲੈਣ ਵਾਲਿਆਂ ਮੂਹਰੇ ਆਪਣੇ ਹੱਥ ਖੜ੍ਹੇ ਕਰ ਚੁੱਕੀ ਹੈ। ਇਸ ਹਾਲਤ ਵਿੱਚ ਨੌਜਵਾਨਾਂ ਕੋਲ ਆਪਣਾ ਖਿਆਲ ਰੱਖਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।
ਮੀਡੀਆ ਰਿਪੋਰਟ ਵਿੱਚ ਵਿਦੇਸ਼ ਦੀ ਧਰਤੀ ’ਤੇ ਵਸਦੇ ਪੰਜਾਬੀਆਂ ਦੇ ਇਸ ਦੀ ਜਕੜ ਵਿੱਚ ਵੱਧ ਹੋਣ ਦਾ ਖੁਲਾਸਾ ਕੀਤਾ ਗਿਆ ਹੈ। ਕੈਨੇਡਾ ਵਿੱਚ ਇਸ ਸਮੇਂ ਜ਼ਿਆਦਾ ਗਿਣਤੀ 17 ਤੋਂ 30 ਸਾਲ ਦੇ ਨੌਜਵਾਨਾਂ ਦੀ ਆ ਰਹੀ ਹੈ। ਰਿਪੋਰਟ ਵਿੱਚ ਗੰਭੀਰ ਮਸਲੇ ਨੂੰ ਸਰਲਤਾ ਨਾਲ ਸਪਸ਼ਟ ਕੀਤਾ ਗਿਆ ਹੈ ਕਿ ਜੇ ਕਿਸੇ ਦੀ ਮੌਤ ਗੋਲੀ ਲੱਗਣ ਨਾਲ ਹੋ ਜਾਵੇ ਤਾਂ ਡਾਕਟਰ ਮੁੱਖ ਤੌਰ ’ਤੇ ਮੌਤ ਦੀ ਵਜਾਹ ਗੋਲੀ ਲਿਖਦੇ ਹਨ ਪਰ ਅਸਲ ਵਿੱਚ ਮੌਤ ਤਾਂ ਸਰੀਰ ਦੇ ਕਿਸੇ ਅੰਗ ਨੂੰ ਨੁਕਸਾਨ ਪੁੱਜਣ ਨਾਲ ਹੋਈ ਹੁੰਦੀ ਹੈ। ਪੋਸਟ ਮਾਰਟਮ ਵਿੱਚ ਸਰੀਰ ਦਾ ਜਿਹੜਾ ਅੰਗ ਫੇਲ ਹੋਇਆ ਹੁੰਦਾ ਹੈ, ਉਸਦਾ ਸਪਸ਼ਟ ਤੌਰ ’ਤੇ ਜ਼ਿਕਰ ਕੀਤਾ ਗਿਆ ਹੁੰਦਾ ਹੈ। ਇਸੇ ਤਰ੍ਹਾਂ ਕੈਨੇਡਾ ਵਿੱਚ ਦਿਲ ਦੇ ਦੌਰੇ ਨਾਲ ਹੋਈਆਂ ਮੌਤਾਂ ਵਿੱਚੋਂ ਜ਼ਿਆਦਾਤਰ ਦੀ ਵਜਾਹ ਨਸ਼ੇ ਦੀ ਓਵਰਡੋਜ਼ ਦੱਸੀ ਗਈ ਹੁੰਦੀ ਹੈ।
ਭਾਰਤ, ਵਿਸ਼ੇਸ਼ ਕਰਕੇ ਪੰਜਾਬ ਨੂੰ ਵੀ ਨਸ਼ੇ ਨੇ ਖੋਖਲਾ ਕਰ ਦਿੱਤਾ ਹੈ। ਕੌਮੀ ਪੱਧਰ ’ਤੇ ਕਰਵਾਏ ਇੱਕ ਸਰਵੇਖਣ ਤੋਂ ਇਹ ਸੱਚ ਸਾਹਮਣੇ ਆਇਆ ਹੈ ਕਿ 10 ਤੋਂ 75 ਸਾਲ ਉਮਰ ਵਰਗ ਦੇ ਨਸ਼ੇ ਕਰਨ ਵਾਲੇ ਲੋਕਾਂ ਦੀ ਗਿਣਤੀ 37 ਕਰੋੜ ਨੂੰ ਪਾਰ ਕਰ ਗਈ ਹੈ। ਇਹ ਗਿਣਤੀ ਦੁਨੀਆਂ ਦੀ ਤੀਸਰੇ ਸਭ ਤੋਂ ਵੱਡੀ ਅਬਾਦੀ ਵਾਲੇ ਦੇਸ਼ ਅਮਰੀਕਾ ਤੋਂ ਜ਼ਿਆਦਾ ਹੈ। ਇੱਥੇ ਹੀ ਬੱਸ ਨਹੀਂ, ਨਸ਼ੇ ਦੀ ਲਤ ਵਾਲਿਆਂ ਵਿੱਚੋਂ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ 16 ਕਰੋੜ ਤਕ ਪਹੁੰਚ ਗਈ ਹੈ, ਜਿਹੜੀ ਕਿ ਰੂਸ ਦੀ ਆਬਾਦੀ ਦੇ ਬਰਾਬਰ ਹੈ। ਇਹ ਸਰਵੇਖਣ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵੱਲੋਂ ਕਰਾਇਆ ਗਿਆ ਹੈ। ਇਹ ਅੰਕੜੇ ਭਾਰਤ ਦੀ ਪਾਰਲੀਮੈਂਟ ਵਿੱਚ ਚਾਲੂ ਸੈਸ਼ਨ ਦੌਰਾਨ ਰੱਖੇ ਗਏ ਹਨ।
ਇੱਕ ਹੋਰ ਗੰਭੀਰ ਗੱਲ ਇਹ ਹੈ ਕਿ ਸ਼ਰਾਬ ਪੀਣੇ ਵਾਲਿਆਂ ਵਿੱਚ ਗਰੀਬ 19 ਫੀਸਦੀ ਅਜਿਹੇ ਹਨ ਜਿਹੜੇ ਸ਼ਰਾਬ ਪੀਣ ਤੋਂ ਬਿਨਾਂ ਬਚ ਨਹੀਂ ਸਕਦੇ ਹਨ। ਸਤਾਰਾਂ ਸਾਲਾਂ ਤੋਂ ਘੱਟ ਉਮਰ ਦੇ ਵੀਹ ਲੱਖ ਅਜਿਹੇ ਹਨ ਜਿਨ੍ਹਾਂ ਨੂੰ ਗਾਂਜਾ ਪੀਣ ਦੀ ਆਦਤ ਹੈ। ਹੋਰ 2.26 ਕਰੋੜ ਹੋਰ ਅਫੀਮ, ਡੋਡੇ, ਹੈਰੋਇਨ, ਸਮੈਕ ਅਤੇ ਬਰਾਊਨ ਸ਼ੂਗਰ ਜਿਹੇ ਨਸ਼ੇ ਲੈ ਰਹੇ ਹਨ। ਸਰਕਾਰ ਵੱਲੋਂ ਨਸ਼ਾ ਮੁਕਤੀ ਮੁਹਿੰਮ ਲਈ ਦੇਸ਼ ਦੇ 72 ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ ਜਿਹੜੇ ਸ਼ਰਾਬ ਅਤੇ ਹੋਰ ਤਰ੍ਹਾਂ ਦੇ ਨਸ਼ਿਆਂ ਲਈ ਸੰਵੇਦਨਸ਼ੀਲ ਮੰਨੇ ਗਏ ਹਨ। ਏਮਜ਼ ਦੇ ਇਸ ਸਰਵੇ ਵਿੱਚ ਤਿੰਨ ਕਰੋੜ ਚੌਤੀ ਲੱਖ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਨਸ਼ੇ ਦੀ ਮਾਰ ਵਿੱਚ ਸਭ ਤੋਂ ਵੱਧ ਆਏ ਰਾਜਾਂ ਵਿੱਚ ਪੰਜਾਬ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਨਸ਼ਾ ਮੁਕਤੀ ਮੁਹਿੰਮ ਚਲਾਈ ਗਈ ਹੈ, ਦੂਜੇ ਬੰਨੇ ਇਸ ਲਈ ਰੱਖਿਆ ਪੈਸਾ ਅਣਵਰਤਿਆ ਰਹਿ ਗਿਆ ਹੈ। ਨਸ਼ਿਆਂ ਨੂੰ ਖਤਮ ਕਰਨ ਲਈ 260 ਕਰੋੜ ਦਾ ਬੱਜਟ ਰੱਖਿਆ ਗਿਆ ਸੀ, ਇਸ ਵਿੱਚੋਂ 90 ਕਰੋੜ ਦੇ ਕਰੀਬ ਹੀ ਖਰਚ ਕੀਤੇ ਗਏ ਹਨ।
ਹੁਣ ਜਦੋਂ ਕੈਨੇਡਾ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੀਆਂ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਦਾ ਅਸਲ ਸੱਚ ਸਾਹਮਣੇ ਆ ਚੁੱਕਾ ਹੈ ਤਾਂ ਸਾਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ। ਵਿਦੇਸ਼ ਦੀ ਧਰਤੀ ’ਤੇ ਜਾਣ ਲਈ ਸੋਚਣ ਵੇਲੇ ਹੀ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲੈਣਾ ਹੋਵੇਗਾ। ਨਵੇਂ ਹਾਲਾਤ ਵਿੱਚ ਮਾਪਿਆਂ ਦੀ ਡਿਊਟੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਕੌਂਸਲਿੰਗ ਕਰਨ। ਬੱਚਿਆਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਈ ਜਾਵੇ ਕਿ ਕਨੇਡਾ ਜਾ ਕੇ ਮਿਲਣ ਵਾਲੀ ਆਜ਼ਾਦੀ ਨੂੰ ਖੁਸ਼ਹਾਲੀ ਲਈ ਵਰਤਿਆ ਜਾਵੇ ਨਾ ਕਿ ਇਹ ਮੌਤ ਦੀ ਵਜਾਹ ਬਣੇ। ਨੌਜਵਾਨਾਂ ਨੂੰ ਵੀ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਹ ਵਿਦੇਸ਼ ਵਿੱਚ ਆਪਣਾ ਭਵਿੱਖ ਸੁਆਰਨ ਜਾਂ ਖੱਟੀ ਕਰਨ ਲਈ ਗਏ ਹਨ। ਜਿਹਨਾਂ ਮਾਪਿਆਂ ਦੇ ਪੁੱਤ, ਧੀਆਂ ਕੈਨੇਡਾ ਜਾ ਕੇ ਸਦਾ ਲਈ ਵਿਛੋੜਾ ਦੇ ਗਏ ਹਨ, ਉਹਨਾਂ ਦਾ ਦੁੱਖ ਉਹ ਹੀ ਮਹਿਸੂਸ ਕਰ ਸਕਦੇ ਹਨ, ਪਰਾਈ ਪੀੜ ਕੋਈ ਨਹੀਂ ਜਾਣਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4286)
(ਸਰੋਕਾਰ ਨਾਲ ਸੰਪਰਕ ਲਈ: (