“ਕਿਸਾਨ ਆਪਣੀ ਮੰਗ ’ਤੇ ਦ੍ਰਿੜ੍ਹ ਹਨ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ...”
(9 ਅਪਰੈਲ 2024)
ਇਸ ਸਮੇਂ ਪਾਠਕ: 405.
ਕਈ ਸਿਆਸੀ ਲੀਡਰਾਂ ਦੇ ਦਿਨ ਬੁਰੇ ਆ ਗਏ ਹਨ। ਜਿਹਨਾਂ ਰਾਜਨੀਤਿਕ ਨੇਤਾਵਾਂ ਨੇ ਚੋਣਾਂ ਤੋਂ ਥੋੜ੍ਹਾ ਪਹਿਲਾਂ ਦੂਜੀਆਂ ਪਾਰਟੀਆਂ ਵਿੱਚ ਜਾਣ ਦਾ ਮਨ ਬਣਾਇਆ ਹੋਇਆ ਸੀ, ਉਹਨਾਂ ਦੇ ਪੈਰੀਂ ਇੱਕ ਤਰ੍ਹਾਂ ਨਾਲ ਬੇੜੀਆਂ ਪੈ ਗਈਆਂ ਹਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਕਈ ਨੇਤਾਵਾਂ ਨੇ ਦੜ ਵੱਟ ਲਈ ਹੈ। ਦੂਜਿਆਂ ਦੇ ਦਿਲਾਂ ਦੀਆਂ ਦਿਲਾਂ ਵਿੱਚ ਰਹਿ ਗਈਆਂ ਹਨ। ਅੰਕੜੇ ਦੱਸਦੇ ਹਨ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ 45 ਫੀਸਦੀ ਉਹ ਉਮੀਦਵਾਰ ਜਿੱਤੇ ਸਨ ਜਿਹੜੇ ਕਾਂਗਰਸ ਛੱਡ ਕੇ ਆਏ ਸਨ। ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾਣ ਵਾਲੇ ਰਾਜਨੀਤਿਕ ਲੀਡਰ ਦੁਬਿਧਾ ਵਿੱਚ ਹਨ ਪਰ ਭਾਰਤੀ ਜਨਤਾ ਪਾਰਟੀ ਉੱਤੇ ਟੇਕ ਰੱਖਣ ਵਾਲਿਆਂ ਦੀ ਦੁਚਿੱਤੀ ਕੁਝ ਜ਼ਿਆਦਾ ਹੀ ਵਧ ਗਈ ਹੈ।
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਜਿਹੜੇ ਉਮੀਦਵਾਰਾਂ ਨੇ ਆਪਣੀ ਚੋਣ ਮੁਹਿੰਮ ਭਖਾਉਣੀ ਸ਼ੁਰੂ ਕੀਤੀ ਹੈ, ਉਹਨਾਂ ਨੂੰ ਪਿੰਡਾਂ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਗਾਇਕ ਹੰਸ ਰਾਜ ਦਾ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਵਿਖਾਵਾਕਾਰੀਆਂ ਉੱਤੇ ਫੁੱਲਾਂ ਦੀ ਬਰਖਾ ਸ਼ੁਰੂ ਕਰ ਦਿੱਤੀ। ਹੰਸ ਰਾਜ ਹੰਸ ਦਾ ਇਹ ਪੁਰਾਣਾ ਅੰਦਾਜ਼, ਦਾਅ ਹੈ। ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਦਾ ਰਾਹ ਵੀ ਕਿਸਾਨਾਂ ਨੇ ਡੱਕ ਲਿਆ। ਉਹ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਸੇ ਤਰ੍ਹਾਂ ਤਰੁਣਜੀਤ ਸਿੰਘ ਸੰਧੂ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ ਪਰ ਉਹਨਾਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਰੁਣਜੀਤ ਸਿੰਘ ਸੰਧੂ ਅੰਮ੍ਰਿਤਸਰ ਦੇ ਜਾਣੇ ਪਛਾਣੇ ਅਤੇ ਭਲੇ ਸਮੁੰਦਰੀ ਪਰਿਵਾਰ ਨਾਲ ਸੰਬੰਧਿਤ ਹਨ। ਕਿਸਾਨਾਂ ਦੇ ਵਿਰੋਧ ਤੋਂ ਡਰਦਿਆਂ ਰਾਜਨੀਤਿਕ ਨੇਤਾਵਾਂ ਨੇ ਭਾਜਪਾ ਦਾ ਪੱਲਾ ਫੜਨ ਦੀ ਥਾਂ ਪਿੱਛੇ ਨੂੰ ਮੁੜਨਾ ਸ਼ੁਰੂ ਕਰ ਦਿੱਤਾ ਹੈ। ਵੱਡੀ ਗਿਣਤੀ ਨੇਤਾ ਨਫਾ ਨੁਕਸਾਨ ਸੋਚਣ ਲੱਗ ਪਏ ਹਨ।
ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇੱਕ ਮੀਟਿੰਗ ਕਰਕੇ ਭਾਜਪਾ ਦੇ ਉਮੀਦਵਾਰਾਂ ਨੂੰ ਸਵਾਲ ਕਰਨ ਦਾ ਸੁਨੇਹਾ ਲਾਇਆ ਸੀ। ਪਰ ਭਾਜਪਾ ਦੀਆਂ ਵਧੀਕੀਆਂ ਤੋਂ ਅੱਕੇ ਕਿਸਾਨਾਂ ਨੇ ਉਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕਿਸਾਨ ਨੇਤਾਵਾਂ ਨੇ ਤਾਂ ਸਿਰਫ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਉੱਤੇ ਸਵਾਲਾਂ ਦੇ ਪੋਸਟਰ ਲਾਉਣੇ ਅਤੇ ਉਮੀਦਵਾਰਾਂ ਮੋਹਰੇ ਇਹੋ ਸਵਾਲ ਖੜ੍ਹੇ ਕਰਨ ਦੀ ਸਲਾਹ ਦਿੱਤੀ ਸੀ ਪਰ ਕਿਸਾਨ ਤਾਂ ਭਾਜਪਾ ਦੇ ਉਮੀਦਵਾਰਾਂ ਦੇ ਬਾਈਕਾਟ ਦੇ ਪਿੰਡਾਂ ਵਿੱਚ ਹੋਰਡਿੰਗਜ਼ ਲਾਉਣ ਲੱਗੇ ਹਨ। ਅੱਧੀ ਦਰਜਨ ਤੋਂ ਵੱਧ ਪਿੰਡਾਂ ਵੱਲੋਂ ਅਜਿਹੇ ਹੋਰਡਿੰਗਜ਼ ਲਾਉਣ ਦੀਆਂ ਖਬਰਾਂ ਹਨ। ਪੰਜਾਬ ਵਿੱਚ ਕਿਸਾਨਾਂ ਨੇ 21 ਮਈ ਨੂੰ ਜਗਰਾਉਂ ਵਿਖੇ ਇੱਕ ਬਹੁਤ ਵੱਡੀ ਰੈਲੀ ਰੱਖ ਲਈ ਹੈ। ਪੰਜਾਬ ਵਿੱਚ ਵੋਟਾਂ ਇੱਕ ਜੂਨ ਨੂੰ ਪੈਣਗੀਆਂ ਸੋ ਕਿਸਾਨਾਂ ਦੀ ਰੈਲੀ ਨੂੰ ਭਾਜਪਾ ਦੀ ਵੋਟ ’ਤੇ ਵੱਡੀ ਚੋਟ ਵਜੋਂ ਲੈਣਾ ਪਵੇਗਾ। ਅਜਿਹੀਆਂ ਰੈਲੀਆਂ ਮੁਲਕ ਭਰ ਵਿੱਚ ਕੀਤੀਆਂ ਜਾਣੀਆਂ ਹਨ। ਮੁਲਕ ਵਿੱਚ ਲੋਕ ਸਭਾ ਦੀਆਂ ਚੋਣਾਂ ਸੱਤ ਪੜਾਵਾਂ ਵਿੱਚ ਹੋਣਗੀਆਂ। ਚਰਚਾ ਤਾਂ ਇਹ ਵੀ ਹੈ ਕਿ ਕੇਂਦਰ ਦੀਆਂ ਹਦਾਇਤਾਂ ’ਤੇ ਭਾਰਤੀ ਚੋਣ ਕਮਿਸ਼ਨ ਨੇ ਕਿਸਾਨਾਂ ਦੇ ਵਿਰੋਧ ਤੋਂ ਡਰਦਿਆਂ ਪੰਜਾਬ ਵਿੱਚ ਚੋਣਾਂ ਸਭ ਤੋਂ ਆਖਰੀ ਪੜਾਅ ’ਤੇ ਰੱਖੀਆਂ ਹਨ। ਕਿਸਾਨ ਆਪਣੀ ਮੰਗ ’ਤੇ ਦ੍ਰਿੜ੍ਹ ਹਨ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨਗੇ। ਉਨ੍ਹਾਂ ਨੇ ਇਹ ਵੀ ਧਾਰ ਰੱਖੀ ਹੈ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਦਿੱਲੀ ਵਿੱਚ ਨਹੀਂ ਵੜਨ ਦਿੱਤਾ, ਉਹ ਉਸੇ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ। ਕਿਸਾਨਾਂ ਦੀ ਇਹ ਸੋਚ ਕਾਫੀ ਹੱਦ ਤਕ ਜਾਇਜ਼ ਵੀ ਹੈ ਅਤੇ ਲੋਕ ਇਸ ਨਾਲ ਆਪਣੀ ਸਹਿਮਤੀ ਵੀ ਦਿਖਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਦੁਬਾਰਾ ਤੋਂ ਚੋਣ ਗਠਜੋੜ ਵੀ ਹੋ ਜਾਣਾ ਸੀ ਜੇ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰ ਦੀਆਂ ਬਰੂਹਾਂ ’ਤੇ ਨਾ ਡਟੇ ਹੁੰਦੇ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਤੋਂ ਡਰਦਿਆਂ ਭਾਜਪਾ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕੀਤਾ ਹੈ। ਕਾਰਨ ਹੋਰ ਵੀ ਹੋ ਸਕਦੇ ਹਨ ਪਰ ਵੱਡਾ ਡਰ ਇਹੋ ਸੀ।
ਪੰਜਾਬ ਤੋਂ ਅਨੰਦਪੁਰ ਸਾਹਿਬ ਹਲਕੇ ਦੇ ਸਿਟਿੰਗ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੇ ਭਾਜਪਾ ਵਿੱਚ ਜਾਣ ਦੀਆਂ ਚਰਚਾਵਾਂ ਨੂੰ ਬਰੇਕਾਂ ਲੱਗ ਗਈਆਂ ਹਨ। ਫਿਰੋਜ਼ਪੁਰ ਤੋਂ ਇੱਕ ਹੋਰ ਵੱਡਾ ਲੀਡਰ ਵੀ ਭਾਜਪਾ ਵਿੱਚ ਟਿਕਟ ਮਿਲਣ ਦੀ ਸ਼ਰਤ ’ਤੇ ਸ਼ਾਮਿਲ ਹੋਣਾ ਚਾਹੁੰਦਾ ਸੀ ਪਰ ਉਹ ਵੀ ਦੁਚਿੱਤੀ ਵਿੱਚ ਪੈ ਗਿਆ ਹੈ। ਲੁਧਿਆਣਾ ਤੋਂ ਬੈਂਸ ਭਰਾ ਵੀ ਪਹਿਲਾਂ ਭਾਜਪਾ ਦਾ ਪੱਲਾ ਫੜਨ ਦੀ ਇੱਛਾ ਰੱਖਦੇ ਹੋ ਸਕਦੇ ਹਨ, ਅਜਿਹੀਆਂ ਚਰਚਾਵਾਂ ਚਲਦੀਆਂ ਰਹੀਆਂ ਹਨ। ਦੋ ਦਿਨ ਪਹਿਲਾਂ ਬੈਂਸ ਭਰਾਵਾਂ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੀ ਚਰਚਾ ਛਿੜ ਗਈ ਸੀ ਪਰ ਉਹਨਾਂ ਨੂੰ ਵੀ ਬਰਾਮ ਲੱਗ ਗਿਆ ਲਗਦਾ ਹੈ। ਸੁਖਦੇਵ ਸਿੰਘ ਢੀਂਡਸਾ ਵੀ ਭਾਜਪਾ ਨਾਲੋਂ ਤੋੜ ਵਿਛੋੜਾ ਕਰਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਖੁਸ਼ ਹੋ ਰਹੇ ਹੋਣਗੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਹਾਲੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਕਾਂਗਰਸ ਵੀ ਉਮੀਦਵਾਰਾਂ ਦਾ ਐਲਾਨ ਕਰਨ ਨੂੰ ਲੈ ਕੇ ਹਾਲੇ ਜੱਕੋਤੱਕੀ ਵਿੱਚ ਹੈ। ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਛੇ ਅਤੇ ਬਾਅਦ ਵਿੱਚ ਦੋ ਹੋਰ ਉਮੀਦਵਾਰ ਦਾ ਐਲਾਨ ਕੀਤਾ ਗਿਆ। ਉਸ ਤੋਂ ਬਾਅਦ ਹੁਣ ਬਰੇਕਾਂ ਲੱਗ ਚੁੱਕੀਆਂ ਹਨ। ਭਾਰਤੀ ਜਨਤਾ ਪਾਰਟੀ ਨੇ ਵੀ ਪਹਿਲੀ ਸੂਚੀ ਜਾਰੀ ਕਰਕੇ ਹੁਣ ਅਗਲੀ ਸੂਚੀ ਰੋਕ ਲਈ ਹੈ। ਦੁਚਿੱਤੀ ਵਿੱਚ ਪਏ ਰਾਜਨੀਤਕ ਨੇਤਾਵਾਂ ਦੇ ਮਨ ਨੂੰ ਵੱਡੀ ਠੇਸ ਲੱਗੀ ਹੋਵੇਗੀ। ਕਈਆਂ ਨੇ ਇਹ ਮਨ ਬਣਾ ਰੱਖਿਆ ਸੀ ਕਿ ਜੇ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ ਟਿਕਟ ਨਾ ਮਿਲੀ ਤਦ ਉਹ ਦੂਜੀਆਂ ਪਾਰਟੀਆਂ ਦਾ ਬੂਹਾ ਖੜਕਾ ਸਕਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇੱਕ ਨਵੀਂ ਤਰ੍ਹਾਂ ਦਾ ਬਿਆਨ ਦੇ ਕੇ ਵੱਖਰੀ ਚਰਚਾ ਛੇੜ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਲੋਕ ਸਭਾ ਦੇ ਚੋਣਾਂ ਵਿੱਚ ਆਪ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ ਅਤੇ ਉਸ ਤੋਂ ਬਾਅਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਇਹ ਗੱਦੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦੇ ਦਿੱਤੀ ਜਾਵੇਗੀ। ਬਿਆਨ ਇੱਕ ਸ਼ੁਰਲੀ ਹੋ ਸਕਦਾ ਹੈ, ਇੱਕ ਸ਼ਰਾਰਤ ਵੀ ਪਰ ਇੱਕ ਨਵੀਂ ਤਰ੍ਹਾਂ ਦੀ ਭਸੂੜੀ ਤਾਂ ਪਾ ਹੀ ਦਿੱਤੀ ਹੈ।
ਪੰਜਾਬ ਦੀ ਸਿਆਸਤ ਦਾ ਅਸਲ ਸੱਚ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਉਮੀਦਵਾਰ ਲੱਭਣੇ ਔਖੇ ਹੋ ਗਏ ਹਨ। ਆਮ ਆਦਮੀ ਪਾਰਟੀ ਨੇ ਕੁਝ ਮੰਤਰੀ ਦਾਅ ਉੱਤੇ ਲਾ ਦਿੱਤੇ ਹਨ। ਭਾਰਤੀ ਜਨਤਾ ਪਾਰਟੀ ਦੀ ਹਾਲੇ ਵੀ ਝਾਕ ਦੂਜੀਆਂ ਪਾਰਟੀਆਂ ਵੱਲ ਹੈ। ਸ਼੍ਰੋਮਣੀ ਅਕਾਲੀ ਦਲ ਉਮੀਦਵਾਰਾਂ ਦੇ ਐਲਾਨ ਕਰਨ ਵਿੱਚ ਹਮੇਸ਼ਾ ਹੀ ਮੋਹਰੀ ਰਿਹਾ ਹੈ। ਪਰ ਇਸ ਵਾਰ ਪਛੜ ਚੁੱਕਾ ਹੈ। ਕਾਂਗਰਸ ਪਾਰਟੀ ਵੱਡੇ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਨ ਦੀ ਤਾਕਤ ਵਿੱਚ ਹੈ। ਮਿਆਰੀ ਸੂਤਰ ਦੱਸਦੇ ਹਨ ਕਿ ਕਾਂਗਰਸ ਹਾਈ ਕਮਾਂਡ ਨੇ ਪੰਜ ਸਿਟਿੰਗ ਮੈਂਬਰਾਂ ਨੂੰ ਟਿਕਟਾਂ ਦੇਣ ਦਾ ਮਨ ਬਣਾ ਲਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਟਿਕਟ ਵੀ ਪੱਕੀ ਦੱਸੀ ਜਾਂਦੀ ਹੈ ਪਰ ਜਲੰਧਰ ਤੋਂ ਚੌਧਰੀ ਪਰਿਵਾਰ ਉਹਨਾਂ ਦੇ ਵਿਰੋਧ ਵਿੱਚ ਖੜ੍ਹਾ ਹੈ। ਇਸੇ ਤਰ੍ਹਾਂ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੱਸੇ ਜਾ ਰਹੇ ਹਨ। ਉਹਨਾਂ ਨੂੰ ਵੀ ਸਥਾਨਕ ਲੀਡਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲੇ ਉਮੀਦਵਾਰਾਂ ਬਾਰੇ ਫੈਸਲਾ ਨਹੀਂ ਦਿੱਤਾ ਗਿਆ ਪਰ ਕਈ ਹਲਕਿਆਂ ਵਿੱਚ ਆਪਸੀ ਵਿਰੋਧ ਦੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ।
ਦਲ ਬਦਲੀ ਨੇ ਸਿਆਸਤ ਦੇ ਮਿਆਰ ਨੂੰ ਭਾਰੀ ਸੱਟ ਮਾਰੀ ਹੈ। ਦਲ ਬਦਲਣ ਵੇਲੇ ਅਸੂਲਾਂ ਅਤੇ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ। ਇਹੋ ਵਜਾਹ ਹੈ ਕਿ ਲੋਕਾਂ ਦਾ ਲੀਡਰਾਂ ਉੱਤੋਂ ਵਿਸ਼ਵਾਸ ਉੱਠ ਚੁੱਕਾ ਹੈ। ਉਹ ਆਪਣੇ ਨੇਤਾਵਾਂ ਉੱਤੇ ਭਰੋਸਾ ਕਰਨੋ ਹਟ ਗਏ ਹਨ। ਕੌੜਾ ਸੱਚ ਇਹ ਵੀ ਹੈ ਕਿ ਉਹਨਾਂ ਦੇ ਮਨ ਵਿੱਚ ਲੀਡਰਾਂ ਦਾ ਪਹਿਲਾ ਜਿੰਨਾ ਡਰ ਭਉ ਨਹੀਂ ਰਿਹਾ ਹੈ ਅਤੇ ਉਹ ਸਤਿਕਾਰ ਕਰਨ ਤੋਂ ਵੀ ਹਟ ਗਏ ਹਨ। ਦਿੱਲੀ ਦੀਆਂ ਬਰੂਹਾਂ ਉੱਤੇ ਇੱਕ ਸਾਲ ਤੋਂ ਵੱਧ ਸਮੇਂ ਲਈ ਚੱਲੇ ਅੰਦੋਲਨ ਤੋਂ ਬਾਅਦ ਪੰਜਾਬੀ ਆਪਣੇ ਲੀਡਰਾਂ, ਵਿਧਾਇਕਾਂ ਅਤੇ ਮੰਤਰੀਆਂ ਨਾਲ ਖੜ੍ਹ ਕੇ ਫੋਟੋਆਂ ਖਿਚਵਾਉਣ ਤੋਂ ਕਾਫੀ ਹੱਦ ਤਕ ਹਟ ਗਏ ਹਨ। ਹੁਣ ਸਿਆਸੀ ਲੀਡਰਾਂ ਨੂੰ ਪਰਿਵਾਰਕ ਸਮਾਗਮਾਂ ਵਿੱਚ ਬੁਲਾ ਕੇ ਟੌਹਰ ਨਹੀਂ ਸਮਝੀ ਜਾਂਦੀ। ਕਈ ਤਾਂ ਲੀਡਰਾਂ ਨੂੰ ਪਰਿਵਾਰਕ ਸਮਾਗਮਾਂ ਵਿੱਚੋਂ ਬੁਲਾਉਣੋ ਹੀ ਹਟਣ ਲੱਗੇ ਹਨ, ਇਹ ਸੋਚ ਕੇ ਕਿ ਕਿੱਧਰੇ ਕੋਈ ਬਖੇੜਾ ਨਾ ਖੜ੍ਹਾ ਹੋਵੇ। ਇਹ ਇੱਕ ਚੰਗੀ ਸ਼ੁਰੂਆਤ ਹੈ। ਗੱਲ ਇਸ ਪਾਸੇ ਵੱਲ ਨੂੰ ਹੋਰ ਤੇਜ਼ੀ ਨਾਲ ਤੁਰਨੀ ਚਾਹੀਦੀ ਹੈ।
ਵਿਦੇਸ਼ਾਂ ਦੀ ਤਰ੍ਹਾਂ ਸਿਆਸੀ ਲੀਡਰਾਂ, ਵਿਧਾਇਕਾਂ ਅਤੇ ਮੰਤਰੀਆਂ ਨੂੰ ਆਮ ਲੋਕਾਂ ਦੀ ਤਰ੍ਹਾਂ ਲੈਣ ਦੀ ਲੋੜ ਹੈ। ਬਿਹਤਰ ਤਾਂ ਇਹ ਹੋਵੇਗਾ ਕਿ ਜੇ ਉਹ ਆਪਣੇ ਆਪ ਨੂੰ ਹੀ ਖਾਸ ਮੰਨਣੋ ਹਟ ਜਾਣ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਲੋਕਾਂ ਨੇ ਇਹਨਾਂ ਨੂੰ ਕੁਰਸੀਆਂ ਤਾਂ ਪਾਸੇ ਰਹੀਆਂ ਆਪਣੇ ਵਿੱਚ ਬਿਠਾਉਣ ਤੋਂ ਵੀ ਹਟਣ ਲੱਗ ਪੈਣਾ ਹੈ। ਆਸਾਰ ਇਹੋ ਜਿਹੇ ਹੀ ਦਿਸਣ ਲੱਗੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4878)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)