“ਇਸ ਵਾਰ ਨਾ ਤਾਂ ਕਿਸੇ ਪਾਰਟੀ ਦੇ ਹੱਕ ਵਿੱਚ ਕੋਈ ਹਵਾ ਚੱਲੀ ਅਤੇ ਨਾ ਹੀ ਕੋਈ ਅਜਿਹਾ ਚਿਹਰਾ ਸਾਹਮਣੇ ਆਇਆ ...”
(3 ਜੂਨ 2024)
ਇਸ ਸਮੇਂ ਪਾਠਕ: 420.
ਮੁਲਕ ਦੀਆਂ ਚੋਣਾਂ ਲਈ ਸੱਤਵੇਂ ਗੇੜ ਦੀਆਂ ਵੋਟਾਂ ਪੈਣ ਤੋਂ ਬਾਅਦ ਸਿਆਸੀ ਪਾਰਟੀਆਂ ਦੀ ਜਿੱਤ ਹਾਰ ਦੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹਨ। ਵੈਸੇ ਤਾਂ ਵੋਟਾਂ ਬਹੁਤੇ ਥਾਈਂ ਪੈਣ ਤੋਂ ਹਫਤਾ ਪਹਿਲਾਂ ਹੀ ਤਸਵੀਰ ਸਾਫ ਹੋਣੀ ਸ਼ੁਰੂ ਹੋ ਜਾਂਦੀ ਹੈ। ਵੱਖ ਵੱਖ ਮੀਡੀਆ ਅਦਾਰਿਆਂ ਅਤੇ ਹੋਰ ਸੰਸਥਾਵਾਂ ਵੱਲੋਂ ਐਗਜ਼ਿਟ ਪੋਲ ਨਸ਼ਰ ਕੀਤੇ ਜਾਂਦੇ ਹਨ। ਇਹਨਾਂ ਅੰਦਾਜ਼ਿਆਂ ਦੀ ਹਾਲੇ ਤਕ ਭਰੋਸੇ ਯੋਗਤਾ ਨਹੀਂ ਬਣੀ ਹੈ। ਹੁਣ ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਐਗਜ਼ਿਟ ਪੋਲ ਉੱਤੇ ਪਾਬੰਦੀ ਲਾ ਦਿੱਤੀ ਹੈ, ਨਹੀਂ ਤਾਂ ਬਹੁਤੀ ਵਾਰ ਸਪਾਂਸਰਡ ਐਗਜ਼ਿਟ ਪੋਲ ਥਲੜੀ ਉੱਤੇ ਅਤੇ ਉਤਲੀ ਥੱਲੇ ਦਿਖਾ ਦਿੰਦੇ ਸਨ। ਹੁਣ ਜਦੋਂ ਵੋਟਾਂ ਪੈ ਗਈਆਂ ਹਨ ਅਤੇ ਕੱਲ੍ਹ ਨੂੰ ਨਤੀਜੇ ਆਉਣ ਵਾਲੇ ਹਨ, ਤਦ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੀ ਜਿੱਤ ਦਾ ਦਾਅਵਾ ਕਰ ਰਹੇ ਹਨ। ਦੂਜੇ ਬੰਨੇ ਇੰਡੀਆ ਗਠਜੋੜ ਵਾਲੇ 295 ਤੋਂ ਵੱਧ ਸੀਟਾਂ ਮਿਲਣ ਦੀ ਪੱਕੀ ਉਮੀਦ ਲਾਈ ਬੈਠੇ ਹਨ। 8 ਐਗਜ਼ਿਟ ਪੋਲ ਵਿੱਚ ਐਨਡੀਏ ਦੀ ਜ਼ੋਰਦਾਰ ਜਿੱਤ ਦਿਖਾਈ ਗਈ ਹੈ ਅਤੇ ਇਹ ਕਿਹਾ ਗਿਆ ਹੈ ਕਿ ਭਾਜਪਾ 219 ਦੀਆਂ ਚੋਣਾਂ ਵਿੱਚ ਮਿਲੀਆਂ 300 ਸੀਟਾਂ ਦਾ ਅੰਕੜਾ ਪਾਰ ਕਰ ਸਕਦੀ ਹੈ। ਪੋਲ ਆਫ ਪੋਲ ਦੇ ਮੁਤਾਬਿਕ ਐਨਡੀਏ ਨੂੰ 372 ਅਤੇ ਇੰਡੀਆ ਗਠਜੋੜ ਨੂੰ 146 ਸੀਟਾਂ ਮਿਲਣ ਦੀ ਸੰਭਾਵਨਾ ਦੱਸੀ ਗਈ ਹੈ। ਇਸਦੇ ਉਲਟ ਕਿਸੇ ਵੀ ਐਗਜ਼ਿਟ ਪੋਲ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੂੰ 200 ਤੋਂ ਵੱਧ ਸੀਟਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਨਰਿੰਦਰ ਮੋਦੀ ਦੀ ਤੀਜੀ ਵਾਰ ਸੱਤਾ ਵਿੱਚ ਆਉਣ ਦੀ ਇੱਛਾ ਨੂੰ ਬੂਰ ਪੈ ਸਕਦਾ ਹੈ।
ਇੰਡੀਆ ਗਠਜੋੜ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮੁੱਖ ਭੂਮਿਕਾ ਨਿਭਾਈ ਹੈ। ਕਾਂਗਰਸ ਦੀ ਕਾਰਗੁਜ਼ਾਰੀ ਪਹਿਲਾਂ ਨਾਲੋਂ ਬਿਹਤਰ ਮੰਨੀ ਜਾ ਸਕਦੀ ਹੈ ਪਰ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣਾ ਪਹਿਲਾ ਵਾਲਾ ਦਬਦਬਾ ਕਾਇਮ ਨਹੀਂ ਰੱਖ ਸਕੇ ਹਨ। ਜੇਲ੍ਹ ਵਿੱਚੋਂ ਪੈਰੋਲ ’ਤੇ ਬਾਹਰ ਆਉਣ ਤੋਂ ਬਾਅਦ ਉਹਨਾਂ ਦਾ ਗਰਾਫ ਹੇਠਾਂ ਗਿਆ ਹੈ। ਪੰਜਾਬੀ ਇੱਕ ਤਰ੍ਹਾਂ ਨਾਲ ਉਸ ਨੂੰ ਪ੍ਰਵਾਨ ਕਰਨ ਤੋਂ ਹਟਣ ਲੱਗੇ ਹਨ। ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਪਰਫਾਰਮੈਂਸ ਪਿਛਲੇ ਸਾਲ ਨਾਲੋਂ ਵਧੀਆ ਤਾਂ ਨਹੀਂ ਰਹੇਗੀ ਪਰ ਦੂਜੀਆਂ ਪਾਰਟੀਆਂ ਨਾਲੋਂ ਵੱਧ ਸੀਟਾਂ ਲੈਣ ਦਾ ਅਨੁਮਾਨ ਹੈ। ਨਿਊਜ਼ 24 ਡੇਜ਼ ਚਾਣਕਿਆ ਨੇ ਤਾਂ ਪੰਜਾਬ ਵਿੱਚ ਭਾਜਪਾ ਤੇ ਕਾਂਗਰਸ ਨੂੰ ਚਾਰ ਚਾਰ ਸੀਟਾਂ ਦਿੱਤੀਆਂ ਹਨ। ਸੱਤਾਧਾਰੀ ਪਾਰਟੀ ਆਪ ਨੂੰ ਦੋ ਸੀਟਾਂ ਨਾਲ ਸਬਰ ਕਰਨਾ ਪੈ ਸਕਦਾ ਹੈ ਅਤੇ ਤਿੰਨ ਹੋਰ ਸੀਟਾਂ ਉੱਤੇ ਦੂਜੀਆਂ ਪਾਰਟੀਆਂ ਜਿੱਤ ਪ੍ਰਾਪਤ ਕਰ ਸਕਦੀਆਂ ਹਨ। ਨਿਊਜ਼ 24 ਡੇਜ਼ ਨੇ ਤਾਂ ਲੋਕ ਸਭਾ ਦੀਆਂ 300 ਤੋਂ ਵੱਧ ਸੀਟਾਂ ਭਾਜਪਾ ਨੂੰ ਦੇ ਦਿੱਤੀਆਂ ਹਨ ਅਤੇ ਐਨਡੀਏ ਨੂੰ 400 ਤੋਂ ਉੱਪਰ ਦਿਖਾਇਆ ਗਿਆ ਹੈ।
ਐਕਸਿਸ ਮਾਈ ਇੰਡੀਆ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਐੱਨਡੀਏ ਨੂੰ 361 ਤੋਂ 4001 ਦੇ ਦਰਮਿਆਨ ਅਤੇ ਇੰਡੀਆ ਗਠਜੋੜ ਨੂੰ 131 ਤੋਂ 166 ਦੇ ਵਿਚਕਾਰ ਰੱਖਿਆ ਗਿਆ ਹੈ। ਜਨ ਕੀ ਬਾਤ ਨੇ ਐੱਨਡੀਏ ਲਈ 362 ਤੋਂ 352 ਅਤੇ ਇੰਡੀਆ ਗਠਜੋੜ ਨੂੰ 141 ਤੋਂ 161 ਦੇ ਵਿਚਕਾਰ ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਨਿਊਜ਼ ਨੇਸ਼ਨ ਐੱਨਡੀਏ ਗਠਜੋੜ ਨੂੰ 342 ਤੋਂ 378 ਸੀਟਾਂ ਦੇ ਰਿਹਾ ਹੈ ਜਦਕਿ ਇੰਡੀਆ ਗਠਜੋੜ ਨੂੰ 153 ਤੋਂ 169 ਸੀਟਾਂ ਦਿੱਤੀਆਂ ਹਨ। ਪਬਲਿਕ ਟੀਵੀ ਮਾਰਕ ਨੇ ਐੱਨਡੀਏ ਗਠਜੋੜ ਨੂੰ 359 ਅਤੇ ਇੰਡੀਆ ਗਠਜੋੜ ਨੂੰ 154 ਸੀਟਾਂ ਦਿੱਤੀਆਂ ਹਨ। ਏਬੀ ਪੀਸੀ ਵੋਟਰ ਐੱਨਡੀਏ ਗਠਜੋੜ ਦੀ ਝੋਲੀ 353 ਤੋਂ 383 ਸੀਟਾਂ ਪਾ ਰਿਹਾ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਇੰਡੀਆ ਗਠਜੋੜ ਨੂੰ 152 ਤੋਂ 182 ਸੀਟਾਂ ਦੇ ਵਿਚਕਾਰ ਸਬਰ ਕਰਨਾ ਪਵੇਗਾ।
ਐਗਜ਼ਿਟ ਪੋਲ ਮੁਤਾਬਕ ਸੱਤਾਧਾਰੀ ਗਠਜੋੜ ਐੱਨਡੀਏ ਇਸ ਵਾਰ ਤਾਮਿਲਨਾਡੂ ਅਤੇ ਕੇਰਲ ਵਿੱਚ ਖਾਤਾ ਖੋਲ੍ਹ ਸਕਦਾ ਹੈ। ਜਦੋਂ ਕਿ ਕਰਨਾਟਕ ਵਿੱਚ ਹੂੰਝਾ ਫਿਰ ਜਿੱਤ ਪ੍ਰਾਪਤ ਕਰੇਗਾ। ਪਰ ਬਿਹਾਰ ਰਾਜਸਥਾਨ ਅਤੇ ਹਰਿਆਣਾ ਵਰਗੇ ਸੂਬਿਆਂ ਵਿੱਚ ਇਸਦੀਆਂ ਸੀਟਾਂ ਦੀ ਗਿਣਤੀ ਘਟ ਸਕਦੀ ਹੈ।
ਲੋਕ ਸਭਾ ਚੋਣਾਂ ਲਈ ਆਖਰੀ ਗੇੜ ਵਿੱਚ ਸਿਰਫ 59 ਫੀਸਦੀ ਪੋਲਿੰਗ ਹੋਈ ਹੈ ਜਦੋਂ ਕਿ ਪੰਜਾਬ ਵਿੱਚ ਮੱਤਦਾਨ 61 ਫੀਸਦੀ ਰਿਹਾ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਪੋਲਿੰਗ ਪ੍ਰਤੀਸ਼ਤਤਾ ਘੱਟ ਰਹੀ ਹੈ। ਇਸਦਾ ਵੱਡਾ ਕਾਰਨ ਅਸਮਾਨ ਵਿੱਚੋਂ ਵਰਦੀ ਲੂ ਦੱਸਿਆ ਜਾ ਰਿਹਾ ਹੈ। ਆਮ ਕਰਕੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਭਾਰੀ ਪੋਲਿੰਗ ਹੋਵੇ ਤਾਂ ਇਸਦਾ ਮਤਲਬ ਇਹ ਕਿ ਲੋਕਾਂ ਨੇ ਹਾਕਮਾਂ ਦੇ ਖਿਲਾਫ ਰੱਜਵਾਂ ਗੁੱਸਾ ਕੱਢਿਆ ਹੈ। ਇਸ ਵਾਰ ਜਦੋਂ ਪਹਿਲੇ ਛੇ ਗੇੜਾਂ ਵਿੱਚ ਪੋਲਿੰਗ ਆਮ ਨਾਲੋਂ ਚਾਰ ਤੋਂ ਸੱਤ ਫੀਸਦੀ ਘੱਟ ਰਹੀ ਸੀ ਤਾਂ ਚਰਚਾ ਇਹ ਸ਼ੁਰੂ ਹੋ ਗਈ ਸੀ ਕਿ ਭਾਰਤ ਵਾਸੀਆਂ ਦਾ ਹੁਣ ਚੋਣਾਂ ਵਿੱਚ ਵਿਸ਼ਵਾਸ ਨਹੀਂ ਰਿਹਾ। ਪਰ ਹੁਣ ਵੋਟਾਂ ਪਾਉਣ ਦਾ ਜਿਹੜਾ ਰੁਝਾਨ ਸਾਹਮਣੇ ਆਇਆ ਹੈ, ਉਸ ਤੋਂ ਲਗਦਾ ਹੈ ਕਿ ਉਹ ਧਾਰਨਾ ਕਾਇਮ ਰਹੀ ਹੈ ਕਿ ਜੇ ਘੱਟ ਪੋਲਿੰਗ ਹੁੰਦੀ ਹੈ ਤਾਂ ਨਤੀਜੇ ਸਤਾਧਾਰੀ ਪਾਰਟੀ ਦੇ ਹੱਕ ਵਿੱਚ ਰਹਿੰਦੇ ਹਨ।
ਪੰਜਾਬ ਵਿੱਚ ਮੁਲਕ ਭਰ ਨਾਲੋਂ ਇਸ ਵਾਰ ਚੋਣਾਂ ਦਾ ਰੁਝਾਨ ਕੁਝ ਵੱਖਰਾ ਰਿਹਾ। ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਪੁੱਛੇ। ਕਈ ਥਾਈਂ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਟਕਰਾਅ ਦੀ ਸਥਿਤੀ ਵੀ ਬਣੀ। ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਪੂਰੀ ਕੰਪੇਨ ਦੌਰਾਨ ਵਕਤ ਪਾਈ ਰੱਖਿਆ। ਪੰਜਾਬ ਦੇ ਕਈ ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕੀਤਾ। ਡੇਢ ਦਰਜਨ ਦੇ ਕਰੀਬ ਪਿੰਡਾਂ ਨੇ ਚੋਣਾਂ ਦੇ ਬਾਈਕਾਟ ਦੇ ਹੋਰਡਿੰਗਜ਼ ਹੀ ਲਾ ਦਿੱਤੇ ਸਨ। ਬਾਵਜੂਦ ਇਸਦੇ ਇੱਕ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਚਾਰ ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਇਸਦੇ ਉਲਟ ਪੰਜਾਬ ਵਿੱਚ ਤਾਂ ਹੁਣ ਤਕ ਚਰਚਾ ਇਹ ਚਲਦੀ ਰਹੀ ਸੀ ਕਿ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਹੈ ਜਦੋਂ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਵੋਟ ਪ੍ਰਤੀਸ਼ਤਤਾ ਵਧਾਉਣ ਵਿੱਚ ਸਫਲ ਹੋ ਜਾਵੇਗਾ।
ਸੱਚ ਇਹ ਵੀ ਹੈ ਕਿ ਐਗਜ਼ਿਟ ਪੋਲ ਨੂੰ ਠੀਕ ਮੰਨ ਕੇ ਰਾਏ ਨਹੀਂ ਬਣਾਈ ਜਾ ਸਕਦੀ ਹੈ। ਲੋਕਾਂ ਦਾ ਰੁਝਾਨ ਦੇਖ ਕੇ ਤਿਆਰ ਕੀਤੇ ਐਗਜ਼ਿਟ ਪੋਲ ਸੱਚ ਤੋਂ ਦੂਰ ਹੋ ਸਕਦੇ ਹਨ। ਅਸਲ ਵਿੱਚ ਸਹੀ ਸਥਿਤੀ ਜਾਨਣ ਲਈ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਜਾ ਕੇ ਵੋਟਰਾਂ ਨਾਲ ਗੱਲ ਕਰਨੀ ਪੈਂਦੀ ਹੈ ਅਤੇ ਉਹਨਾਂ ਦਾ ਮੇਨ ਪੜ੍ਹਨ ਦੀ ਜ਼ਰੂਰਤ ਹੁੰਦੀ ਹੈ। ਅਸੀਂ ਰਿਪੋਰਟਿੰਗ ਕਰਦਿਆਂ ਜਿੱਤ ਹਾਰ ਦੇ ਅੰਦਾਜ਼ੇ ਲਾਉਣ ਤੋਂ ਪਹਿਲਾਂ ਆਮ ਲੋਕਾਂ ਦੇ ਮਨਾਂ ਨੂੰ ਧੁਰ ਅੰਦਰੋਂ ਟਟੋਲਦੇ ਸਾਂ। ਇਹ ਅੰਦਾਜ਼ ਸੱਚ ਦੇ ਬਿਲਕੁਲ ਨੇੜੇ ਨਿਕਲਦੇ ਰਹੇ ਹਨ।
ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਵੇਂ ਗੇੜ ਦੀਆਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਸਾਧਨਾ ਲਈ ਕੰਨਿਆ ਕੁਮਾਰੀ ਚਲੇ ਗਏ ਸਨ। ਉਹਨਾਂ ਨੇ ਵਾਪਸ ਦਿੱਲੀ ਪਰਤ ਕੇ ਦਾਅਵਾ ਕੀਤਾ ਹੈ ਕਿ ਲੋਕਾਂ ਨੇ ਇੰਡੀਆ ਦੀ ਸਰਕਾਰ ਨੂੰ ਮੁੜ ਚੁਣਨ ਲਈ ਰਿਕਾਰਡ ਤੋੜ ਵੋਟਿੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੌਕਾਪ੍ਰਸਤ ਇੰਡੀਆ ਗਠਜੋੜ ਵੋਟਰਾਂ ਦੇ ਦਿਲਾਂ ਤਕ ਪਹੁੰਚ ਬਣਾਉਣ ਵਿੱਚ ਨਾਕਾਮ ਰਿਹਾ ਹੈ। ਦੂਜੇ ਬੰਨੇ ਇੰਡੀਆ ਗਠਜੋੜ ਦੀਆਂ ਪਾਰਟੀਆਂ ਦੇ ਆਗੂਆਂ ਨੇ ਇੱਕ ਗੈਰ ਰਸਮੀ ਮੀਟਿੰਗ ਕਰਕੇ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਨਾਲ ਜੁੜੀਆਂ ਤਿਆਰੀਆਂ ਤੇ ਰਣਨੀਤੀ ਅਤੇ ਚਰਚਾ ਕੀਤੀ ਅਤੇ ਦਾਅਵਾ ਕੀਤਾ ਕਿ ਚੋਣਾਂ ਵਿੱਚ ਗਠਜੋੜ ਨੂੰ 295 ਤੋਂ ਵੱਧ ਸੀਟਾਂ ਮਿਲਣਗੀਆਂ।
ਇਸ ਵਾਰ ਨਾ ਤਾਂ ਕਿਸੇ ਪਾਰਟੀ ਦੇ ਹੱਕ ਵਿੱਚ ਕੋਈ ਹਵਾ ਚੱਲੀ ਅਤੇ ਨਾ ਹੀ ਕੋਈ ਅਜਿਹਾ ਚਿਹਰਾ ਸਾਹਮਣੇ ਆਇਆ ਜਿਹੜਾ ਲੋਕਾਂ ਨੂੰ ਆਪਣੇ ਨਾਲ ਤੋਰ ਸਕਦਾ। ਭਾਜਪਾ ਨੇ ਨਰਿੰਦਰ ਮੋਦੀ ਜਾਂ ਗਰੰਟੀਆਂ ਦੇ ਸਹਾਰੇ ਚੋਣ ਲੜੀ ਹੈ। ਅੰਦਾਜ਼ੇ ਤਾਂ ਇਹ ਵੀ ਲਾਏ ਜਾ ਰਹੇ ਸਨ ਕਿ ਲੋਕ ਭਾਜਪਾ ਦੇ ਹਿੰਦੂਤਵ ਦੇ ਅਜੰਡੇ ਦੇ ਖਿਲਾਫ ਭੁਗਤਣਗੇ ਪਰ ਐਗਜ਼ਿਟ ਪੋਲ ਇਸਦੇ ਉਲਟ ਤਸਵੀਰ ਪੇਸ਼ ਕਰਦੇ ਨਜ਼ਰ ਆ ਰਹੇ ਹਨ। ਐਗਜ਼ਿਟ ਪੋਲ ਸੱਚ ਨਿਕਲਦੇ ਹਨ ਤਾਂ ਇਸਦਾ ਮਤਲਬ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਦੇ ਲੋਕ ਮਾਰ ਖਾ ਕੇ ਵੀ ਸੁਧਰਨ ਵਾਲੇ ਨਹੀਂ ਹਨ। ਉਹਨਾਂ ਨੂੰ ਭਵਿੱਖ ਵਿੱਚ ਚੋਣ ਅਮਲ ਖਤਮ ਕਰ ਦੇਣ ਦੀਆਂ ਸੰਭਾਵਨਾਵਾਂ ਤੋਂ ਵੀ ਡਰ ਨਹੀਂ ਲਗਦਾ ਹੈ। ਇੱਕ ਸੱਚ ਇਹ ਵੀ ਹੈ ਕਿ ਇੰਡੀਆ ਗਠਜੋੜ ਕੋਲ ਕੋਈ ਅਜਿਹਾ ਸਿਰਕੱਢ ਲੀਡਰ ਨਹੀਂ ਹੈ, ਜਿਹੜਾ ਨਰਿੰਦਰ ਮੋਦੀ ਨੂੰ ਕਾਟ ਕਰ ਸਕਦਾ। ਦੇਖੋ ਕੱਲ੍ਹ ਨੂੰ ਨਤੀਜੇ ਕੀ ਦੱਸਦੇ ਹਨ ...।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5020)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)