“ਪੰਜਾਬ ਦੇ ਲੋਕ ਸਰਕਾਰ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦੀ ਮੰਗ ਹੀ ਨਹੀਂ ਕਰਦੇ, ਸਗੋਂ ਉਹ ਇਹ ਵੀ ...”
(22 ਅਪ੍ਰੈਲ 2023)
ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਨਸ਼ਿਆਂ ਦੇ ਦਰਿਆ ਦਾ ਵਹਿਣ ਪਾਣੀ ਦੇ ਵਹਾ ਨਾਲੋਂ ਤੇਜ਼ ਹੈ। ਪੰਜਾਬ ਇਸਦੀ ਮਾਰ ਹੇਠ ਆਇਆ ਵੀ ਬਹੁਤ ਤੇਜ਼ੀ ਨਾਲ ਹੈ। ਬਦਕਿਸਮਤੀ ਨੂੰ ਇਹ ਇੱਕ ਅਜਿਹਾ ਦਰਿਆ ਹੈ ਜਿਸ ਵਿੱਚ ਵਹਿਣ ਵਾਲੇ ਨੂੰ ਕਾਫੀ ਦੂਰ ਤਕ ਰੁੜ੍ਹ ਜਾਣ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਉਹ ਆਪਣੀ ਹੱਸਦੀ-ਵਸਦੀ ਜ਼ਿੰਦਗੀ ਤਾਂ ਬਹੁਤ ਪਿੱਛੇ ਸਾਹਿਲ ’ਤੇ ਛੱਡ ਆਇਆ ਹੈ। ਹੁਣ ਉਹ ਅਜਿਹੇ ਭੰਵਰ ਵਿੱਚ ਫਸ ਚੁੱਕਾ ਹੁੰਦਾ ਹੈ ਜਿੱਥੋਂ ਉਸਦਾ ਬਾਹਰ ਨਿਕਲ ਸਕਣਾ ਜੇ ਅਸੰਭਵ ਨਹੀਂ ਤਾਂ ਅਤਿਅੰਤ ਮੁਸ਼ਕਲ ਜ਼ਰੂਰ ਹੁੰਦਾ ਹੈ। ਉਸ ਤੋਂ ਵੀ ਵੱਧ ਦੁੱਖ ਦੀ ਗੱਲ ਹੈ ਕਿ ਬਹੁਤੀ ਵਾਰ ਅਜਿਹੇ ਬੰਦੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਾਲ ਲੈ ਡੁੱਬਦੇ ਹਨ। ਨਸ਼ੇ ਦੇ ਸੌਦਾਗਰਾਂ ਬਾਰੇ ਪੰਜ ਸਾਲਾਂ ਤੋਂ ਬੰਦ ਲਿਫਾਫਿਆਂ ਵਿੱਚ ਪਈਆਂ ਰਿਪੋਰਟਾਂ ਖੁੱਲ੍ਹਣ ਨਾਲ ਕਈ ਪੁਲਿਸ ਅਫਸਰਾਂ ਦੇ ਅੰਦਰ ਦਾ ਪੋਲ ਖੁੱਲ੍ਹ ਗਿਆ ਹੈ।
ਰਿਪੋਰਟ ਤੋਂ ਪਹਿਲਾਂ ਨਸ਼ਿਆਂ ਨਾਲ ਸਬੰਧਤ ਅੰਕੜਿਆਂ ਦੀ ਗੱਲ ਕਰ ਲਈਏ ਤਾਂ ਪੰਜਾਬ ਵਿੱਚ ਹਰ ਰੋਜ਼ ਸਤਾਰਾਂ ਕਰੋੜ ਰੁਪਏ ਨਸ਼ੇ ਉੱਤੇ ਖਰਚ ਹੋ ਰਹੇ ਹਨ। ਇਸਦਾ ਮਤਲਬ ਇਹ ਹੈ ਕਿ ਇੱਕ ਮਹੀਨੇ ਵਿੱਚ ਸਤਵੰਜਾ ਸੌ ਕਰੋੜ ਰੁਪਏ ਨਸ਼ਿਆਂ ਉੱਤੇ ਰੋੜ੍ਹੇ ਜਾ ਰਹੇ ਹਨ। ਪੰਜਾਬ ਦਾ ਹਰ ਉੱਨੀਵਾਂ ਵਿਅਕਤੀ ਨਸ਼ਿਆਂ ਦੀ ਤਸਕਰੀ ਵਿੱਚ ਲੱਗਾ ਹੋਇਆ ਹੈ। ਪੰਜਾਬ ਦੇ ਤੀਹ ਲੱਖ ਲੋਕਾਂ ਨੂੰ ਨਸ਼ਾ ਆਪਣੀ ਜਕੜ ਵਿੱਚ ਲੈ ਚੁੱਕਾ ਹੈ। ਹੈਰੋਇਨ ਅਤੇ ਚਿੱਟੇ ਨਾਲ ਨਸ਼ਾ ਪੂਰਾ ਕਰਨ ਲਈ ਹਰ ਰੋਜ਼ ਚੌਦਾਂ ਸੌ ਰੁਪਏ ਦੀ ਲੋੜ ਹੁੰਦੀ ਹੈ। ਅੰਕੜੇ ਤਾਂ ਇਹ ਵੀ ਦੱਸਦੇ ਹਨ ਕਿ ਸੱਤਰ ਫੀਸਦੀ ਨਸ਼ੇੜੀਆਂ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੈ। ਨਸ਼ਾ ਕਰਨ ਵਾਲਿਆਂ ਵਿੱਚੋਂ 89 ਫ਼ੀਸਦੀ ਲੋਕ ਪੜ੍ਹੇ ਲਿਖੇ ਹਨ। ਨਸ਼ੇ ਕਰਨ ਵਾਲਿਆਂ ਵਿੱਚੋਂ ਛਿਪੰਜਾ ਫ਼ੀਸਦੀ ਦਾ ਸਬੰਧ ਪੇਂਡੂ ਖੇਤਰ ਨਾਲ ਹੈ। ਹੋਰ ਤਾਂ ਹੋਰ, ਨਸ਼ਾ ਕਰਨ ਵਾਲਿਆਂ ਵਿੱਚੋਂ 83 ਫ਼ੀਸਦੀ ਆਪਣੀ ਰੂਟੀਨ ਦੀ ਨੌਕਰੀ ’ਤੇ ਜਾ ਰਹੇ ਹਨ। ਰਿਪੋਰਟ ਤਾਂ ਇਹ ਵੀ ਦੱਸਦੀ ਹੈ ਕਿ 80 ਫੀਸਦੀ ਨਸ਼ੇ ਨੂੰ ਅਲਵਿਦਾ ਕਹਿਣ ਦੀ ਇੱਛਾ ਰੱਖਦੇ ਹਨ ਪਰ ਸਫਲਤਾ ਦੀ ਪੌੜੀ ਕੇਵਲ ਤੀਹ ਫੀਸਦੀ ਹੀ ਚੜ੍ਹਦੇ ਹਨ।
ਨਸ਼ਿਆਂ ਬਾਰੇ ਤਿੰਨ ਵਿਸ਼ੇਸ਼ ਜਾਂਚ ਰਿਪੋਰਟਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖੋਲ੍ਹਣ ਤੋਂ ਬਾਅਦ ਪੰਜਾਬ ਸਰਕਾਰ ਦੇ ਹਵਾਲੇ ਕਰ ਦਿੱਤੀ ਗਈਆਂ ਹਨ। ਇਨ੍ਹਾਂ ਵਿੱਚ ਕਿਸੇ ਵੀ ਪੁਲੀਸ ਅਧਿਕਾਰੀ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ ਬਲਕਿ ਹੋਰ ਪੁਲਿਸ ਅਧਿਕਾਰੀਆਂ ਦੀ ਅੱਗੇ ਦੀ ਹੋਰ ਅੱਗੇ ਜਾਂਚ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਵਿੱਚ ਐੱਸ ਐੱਸ ਪੀ ਰਾਜਜੀਤ ਸਿੰਘ ਹੁੰਦਲ ਅਤੇ ਉਨ੍ਹਾਂ ਦੇ ਚਹੇਤੇ ਇੰਸਪੈਕਟਰ ਇੰਦਰਜੀਤ ਸਿੰਘ ਨਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ। ਇਹ ਪੁਲਿਸ ਅਧਿਕਾਰੀ ਨੌਕਰੀ ਵਿੱਚ ਹੁੰਦਿਆਂ ਬੇਕਸੂਰਾਂ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸਾਂ ਵਿੱਚ ਫਸਾਉਣ ਦਾ ਧੰਦਾ ਚਲਾਉਂਦਾ ਸੀ। ਉਸ ਉੱਤੇ ਪਾਕਿਸਤਾਨ ਤੋਂ ਤਸਕਰੀ ਰਾਹੀਂ ਨਸ਼ੇ ਮੰਗਵਾਉਣ ਦਾ ਦੋਸ਼ ਵੀ ਲੱਗਾ ਹੈ। ਇਸ ਤੋਂ ਅੱਗੇ ਇਹ ਕਿ ਉਹ ਬੇਕਸੂਰਾਂ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਫਸਾਉਂਦਾ ਸੀ ਜਾਂ ਨਸ਼ੇ ਵੇਚਣ ਲਈ ਮਜਬੂਰ ਕਰਦਾ ਸੀ। ਇੱਥੇ ਹੀ ਬੱਸ ਨਹੀਂ, ਉਹ ਫੌਰੈਂਸਿਕ ਸਾਇੰਸ ਲੈਬਾਰਟਰੀ ਦੇ ਮੁਲਾਜ਼ਮਾਂ ਨਾਲ ਗੰਢ-ਤੁਪ ਕਰਕੇ ਤਸਕਰਾਂ ਦੀ ਰਿਹਾਈ ਕਿਸੇ ਨਾ ਕਿਸੇ ਤਰੀਕੇ ਨਾਲ ਯਕੀਨੀ ਬਣਾਇਆ ਕਰਦਾ ਸੀ। ਇਹ ਰਿਪੋਰਟ ਏ ਆਈ ਰਾਜਜੀਤ ਸਿੰਘ ਹੁੰਦਲ ਦੀ ਮਿਲੀਭੁਗਤ ਵੱਲ ਵੀ ਇਸ਼ਾਰਾ ਕਰਦੀ ਹੈ। ਉਸ ਉੱਤੇ ਇੰਸਪੈਕਟਰ ਇੰਦਰਜੀਤ ਦੀ ਤਰੱਕੀ ਅਤੇ ਪੋਸਟਿੰਗ ਦੀ ਸਿਫਾਰਸ਼ ਕਰਨ ਦਾ ਇਲਜ਼ਾਮ ਹੈ। ਇੱਕ ਰਿਪੋਰਟ ਵਿੱਚ ਰਾਜਜੀਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਜਾਇਦਾਦ ਦੇ ਸੌਦੇ ਕਰਨ ਬਾਰੇ ਵੀ ਸਵਾਲ ਉਠਾਏ ਗਏ ਹਨ ਅਤੇ ਇਸ ਤੱਥ ਦੀ ਹੋਰ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ। ਉਸ ਨੇ ਵੱਡੀ ਜਾਇਦਾਦ ਆਪਣੇ ਰਿਸ਼ਤੇਦਾਰਾਂ ਵੱਲੋਂ ਤੋਹਫ਼ੇ ਵਜੋਂ ਦਿੱਤੇ ਗਏ ਪੈਸੇ ਤੋਂ ਬਣਾਈ ਹੈ। ਹੁਸ਼ਿਆਰਪੁਰ ਦੇ ਐੱਸ ਐੱਸ ਪੀ ਹੁੰਦਿਆਂ ਉਸ ਨੇ ਆਪਣੇ ਕਈ ਰਿਸ਼ਤੇਦਾਰਾਂ ਅਤੇ ਮਿੱਤਰਾਂ ਕੋਲੋਂ ਗਿਫਟ ਅਤੇ ਕਰਜ਼ੇ ਦੇ ਰੂਪ ਵਿੱਚ ਪੈਸਾ ਵੀ ਲਿਆ ਸੀ। ਰਿਪੋਰਟ ਵਿੱਚ ਉਨ੍ਹਾਂ ਰਿਸ਼ਤੇਦਾਰਾਂ ਜਾਂ ਮਿੱਤਰਾਂ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ, ਜਿਹੜੇ ਉਸ ਨੂੰ ਤੋਹਫ਼ੇ ਜਾਂ ਕਰਜ਼ੇ ਦੇ ਰੂਪ ਵਿੱਚ ਪੈਸਾ ਦਿੰਦੇ ਰਹੇ ਹਨ।
ਡੀਜੀਪੀ ਸਿਧਾਰਥ ਚਟੋਪਧਿਆ ਦੀ ਅਗਵਾਈ ਹੇਠਲੇ ਤਿੰਨ ਮੈਂਬਰੀ ਜਾਂਚ ਟੀਮ ਵੱਲੋਂ ਇਹ ਰਿਪੋਰਟ ਤਿਆਰ ਕੀਤੀ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਿਪੋਰਟ ਮਿਲਣ ਤੋਂ ਬਾਅਦ ਇੱਕ ਟਵੀਟ ਕਰਕੇ ਕਿਹਾ ਸੀ ਕਿ ਇਸਦੇ ਅਧਾਰ ’ਤੇ ਛੇਤੀ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਚਾਹੇ ਇਸ ਵਿੱਚ ਉਹਨਾਂ ਦਾ ਆਪਣਾ ਕੋਈ ਰਿਸ਼ਤੇਦਾਰ ਜਾਂ ਮਿੱਤਰ ਹੀ ਕਿਉਂ ਨਾ ਹੋਵੇ।
ਰਾਜਜੀਤ ਸਿੰਘ ਹੁੰਦਲ ਨੇ ਇੰਦਰਜੀਤ ਸਿੰਘ ਨੂੰ ਹੌਲਦਾਰ ਤੋਂ ਤਰੱਕੀ ਦੇ ਕੇ ਏ ਐੱਸ ਆਈ ਅਤੇ ਫਿਰ ਸਬ ਇੰਸਪੈਕਟਰ ਵਜੋਂ ਤਰੱਕੀ ਦੇਣ ਦੀ ਸਿਫਾਰਸ਼ ਕੀਤੀ ਸੀ। ਰਾਜਜੀਤ ਸਿੰਘ ਹੁੰਦਲ ਨੇ ਇਹ ਪਰਮਾਣਿਤ ਕੀਤਾ ਸੀ ਕਿ ਇੰਦਰਜੀਤ ਖਿਲਾਫ ਕਿਸੇ ਵੀ ਕੇਸ ਦੀ ਜਾਂਚ ਬਕਾਇਆ ਨਹੀਂ ਹੈ, ਹਾਲਾਂਕਿ ਉਸਦੇ ਖ਼ਿਲਾਫ਼ ਕਈ ਕੇਸ ਚੱਲ ਰਹੇ ਸਨ। ਸਾਬਕਾ ਐੱਸ ਐੱਸ ਪੀ ਰਾਜਜੀਤ ਸਿੰਘ ਹੁੰਦਲ ਵੱਲੋਂ ਪੁਲੀਸ ਦੀ ਨੌਕਰੀ ਵੇਲੇ ਇੰਦਰਜੀਤ ਨੂੰ ਆਪਣੇ ਨਾਲ ਨਾਲ ਰੱਖਣਾ ਵੀ ਆਪਣੇ ਆਪ ਵਿੱਚ ਕਈ ਤਰ੍ਹਾਂ ਦੇ ਇਸ਼ਾਰੇ ਕਰਦਾ ਹੈ। ਸਿੱਟ ਦੀ ਪੜਤਾਲ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਜਿਹੇ ਕਈ ਅਫਸਰ ਜਿਹਨਾਂ ਨੇ ਸਮੇਂ ਸਮੇਂ ’ਤੇ ਇੰਦਰਜੀਤ ਨੂੰ ਆਪਣੇ ਅਧੀਨ ਕੀਤਾ, ਉਸ ਦੀ ਉਨ੍ਹਾਂ ਅਫਸਰਾਂ ਦੀ ਮਿਲੀ ਭੁਗਤ ਰਹੀ ਹੈ। ਇਹ ਜਾਂਚ ਦਾ ਇੱਕ ਵੱਖਰਾ ਵਿਸ਼ਾ ਹੈ।
ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਵਾਅਦੇ ਨਾਲ ਪਿਛਲੇ ਸਮੇਂ ਤਿੰਨ ਸਰਕਾਰਾਂ ਬਣੀਆਂ ਸਨ ਪਰ ਵਾਅਦਾ-ਖ਼ਿਲਾਫ਼ੀ ਕਰਕੇ ਤਿੰਨ ਮੁੱਖ ਮੰਤਰੀਆਂ ਪਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਕੁਰਸੀ ਜਾਂਦੀ ਰਹੀ ਸੀ। ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਂ ’ਤੇ ਆਮ ਆਦਮੀ ਪਾਰਟੀ ਨੂੰ ਵੱਡੀ ਬਹੁਮਤ ਨਾਲ ਜਿਤਾਇਆ ਹੈ। ਪੰਜਾਬ ਦੇ ਲੋਕ ਸਰਕਾਰ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦੀ ਮੰਗ ਹੀ ਨਹੀਂ ਕਰਦੇ, ਸਗੋਂ ਉਹ ਇਹ ਵੀ ਚਾਹੁੰਦੇ ਹਨ ਕਿ ਨਸ਼ੇ ਦੇ ਕਾਰੋਬਾਰੀ ਪੁਲੀਸ ਅਫਸਰਾਂ ਅਤੇ ਸਿਆਸਤਦਾਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇ, ਨਹੀਂ ਤਾਂ ਪੰਜਾਬ ਖਾਲੀ ਹੋ ਜਾਵੇਗਾ। ਪਹਿਲਾਂ ਕਾਲੇ ਦੌਰ ਨੇ, ਫਿਰ ਨਸ਼ਿਆਂ ਨੇ ਅਤੇ ਹੁਣ ਕੈਨੇਡਾ ਨੇ ਪੰਜਾਬ ਨੂੰ ਹੋਰ ਖਾਲੀ ਕਰ ਦਿੱਤਾ ਹੈ ਅਤੇ ਖੋਖਲਾ ਵੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3928)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)