“ਕੁਝ ਵੀ ਹੋਵੇ, ਇਹ ਮੰਨਣਾ ਪਵੇਗਾ ਕਿ ਕਿਸੇ ਵੀ ਪਰਿਵਾਰ, ਸਮਾਜ, ਪਾਰਟੀ ਜਾਂ ਮੁਲਕ ਨੂੰ ਸਹਿਜ ਨਾਲ ਚਲਾਉਣ ਲਈ ...”
(12 ਜਨਵਰੀ 2024)
ਇਸ ਸਮੇਂ ਪਾਠਕ: 325 .
ਇਹ ਆਮ ਧਾਰਨਾ ਬਣ ਚੁੱਕੀ ਹੈ ਕਿ ਪੰਜਾਬ ਕਾਂਗਰਸ ਨੂੰ ਬਾਹਰਲੇ ਦੁਸ਼ਮਣਾਂ ਦੀ ਲੋੜ ਨਹੀਂ ਪੈਂਦੀ ਹੈ, ਪਾਰਟੀ ਨੂੰ ਢਾਹ ਲਾਉਣ ਵਾਲੇ ਅੰਦਰੋਂ ਹੀ ਬਥੇਰੇ ਖੜ੍ਹੇ ਹੋ ਜਾਂਦੇ ਹਨ। ਪੰਜਾਬ ਕਾਂਗਰਸ ਵਿਚਲੀ ਧੜੇਬੰਦੀ ਕੋਈ ਨਵੀਂ ਗੱਲ ਨਹੀਂ ਹੈ। ਸੂਬੇ ਦੀਆਂ ਦੂਜੀਆਂ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਵੀ ਗੁੱਟਬਾਜ਼ੀ ਚਲਦੀ ਆ ਰਹੀ ਹੈ ਪਰ ਕਾਂਗਰਸ ਦੀ ਧੜੇਬੰਦੀ ਨੇ ਤਾਂ ਪਾਰਟੀ ਦੇ ਸੂਬੇ ਵਿੱਚੋਂ ਪੈਰ ਉਖਾੜ ਕੇ ਰੱਖ ਦਿੱਤੇ ਹਨ। ਉਂਝ ਪੈਰ ਤਾਂ ਅਕਾਲੀ ਦਲ ਅਤੇ ਭਾਜਪਾ ਦੇ ਵੀ ਨਹੀਂ ਲੱਗ ਰਹੇ ਹਨ। ਅਕਾਲੀ ਦਲ ਨੂੰ ਪੰਜਾਬੀਆਂ ਨੇ ਪਰੇ ਧੱਕ ਦਿੱਤਾ ਹੈ ਜਦਕਿ ਭਾਜਪਾ ਨੂੰ ਮੂੰਹ ਨਹੀਂ ਲਾ ਰਹੇ ਹਨ।
ਇੱਕ ਸੱਚ ਇਹ ਵੀ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਕੋਈ ਸਰਬ ਪ੍ਰਵਾਨਿਤ ਲੀਡਰ ਉੱਭਰ ਕੇ ਨਹੀਂ ਆ ਰਿਹਾ ਹੈ। ਕਾਂਗਰਸ ਹਾਈ ਕਮਾਂਡ ਦੀ ਆਪਣੀ ਰੀੜ੍ਹ ਦੀ ਹੱਡੀ ਵਿੱਚ ਪਹਿਲਾਂ ਜਿਹਾ ਦਮ ਨਹੀਂ ਰਿਹਾ ਹੈ, ਜਿਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਬੇਲਗਾਮ ਹੋਈ ਪਈ ਹੈ। ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਦਵਿੰਦਰ ਯਾਦਵ ਨੇ ਪਾਰਟੀ ਦੇ ਦੁੱਖ ਸੁਣ ਕੇ ਇਲਾਜ ਕਰਨ ਦੀ ਇੱਛਾ ਨਾਲ ਸੂਬੇ ਦਾ ਚਾਰ ਦਿਨਾਂ ਦਾ ਦੌਰਾ ਰੱਖਿਆ ਸੀ ਪਰ ਲੀਰੋ ਲੀਰ ਹੋਈ ਕਾਂਗਰਸ ਨੂੰ ਤੋਪੇ ਭਰ ਕੇ ਸੀ ਸਕਣਾ ਉਹਨਾਂ ਦੇ ਵੀ ਵੱਸ ਦੀ ਗੱਲ ਨਹੀਂ ਲੱਗ ਰਿਹਾ। ਉਨ੍ਹਾਂ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਦਿਨ ਤਾਂ ਕਾਂਗਰਸੀਆਂ ਨੇ ਇੱਕ ਹੋਣ ਦਾ ਦਿਖਾਵਾ ਕੀਤਾ ਪਰ ਲੰਘੇ ਕੱਲ੍ਹ ਚੰਡੀਗੜ੍ਹ ਵਿੱਚ ਰੱਖੀ ਮੀਟਿੰਗ ਦੌਰਾਨ ਸਾਰੇ ਪੋਲ ਖੁੱਲ੍ਹ ਗਏ। ਨਵਜੋਤ ਸਿੰਘ ਸਿੱਧੂ ਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹੀ ਭੰਨ-ਤੜੱਕੇ ਕਰਦੇ ਦਿਸੇ।
ਦੱਸਿਆ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਨਾਂ ਹੇਠ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਵਿੱਚ ਰੈਲੀ ਕਰਨ ਤੋਂ ਪਹਿਲਾਂ ਦਵਿੰਦਰ ਯਾਦਵ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਗਏ ਸਨ। ਦਵਿੰਦਰ ਯਾਦਵ ਉਹਨਾਂ ਨੂੰ ਰੈਲੀ ਕਰਨ ਤੋਂ ਰੋਕ ਨਾ ਸਕੇ ਜਾਂ ਲੋੜ ਨਹੀਂ ਸਮਝੀ, ਇਹ ਹਾਲੇ ਭੇਦ ਨਹੀਂ ਖੁੱਲ੍ਹ ਸਕਿਆ।
ਸਿੱਧੂ ਦੀਆਂ ਪਿਛਲੀਆਂ ਤਿੰਨ ਰੈਲੀਆਂ ਵਿੱਚ ਦਿੱਤੇ ਭਾਸ਼ਣਾਂ ਅਤੇ ਉਹਨਾਂ ਦੀ ਇੰਡੀਆ ਗੱਜੋੜ ਨੂੰ ਲੈ ਕੇ ਕੀਤੀ ਬਿਆਨਬਾਜ਼ੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਿਰਦਾਰ ਵਿਚਲਾ ਦੋਗਲਾਪਨ ਸਾਫ ਝਲਕਦਾ ਦਿਸ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੁਲਕ ਦੀ ਭਲਾਈ ਲਈ ਇੰਡੀਆ ਗਠਜੋੜ ਨਾਲ ਖੜ੍ਹਨਾ ਲਾਜ਼ਮੀ ਹੈ। ਉਹ ਇਹ ਬਿਆਨ ਦੇ ਕੇ ਕਾਂਗਰਸ ਹਾਈ ਕਮਾਨ ਨੂੰ ਖੁਸ਼ ਕਰ ਗਏ ਜਦੋਂ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ਰੇਆਮ ਵਿਰੋਧ ਕਰ ਰਹੇ ਹਨ। ਸਿੱਧੂ ਆਪਣੀਆਂ ਰੈਲੀਆਂ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੋਰ ਦੱਸ ਰਹੇ ਹਨ, ਡਾਕੂ ਕਹਿ ਰਹੇ ਹਨ, ਭਗਵੰਤ ਸਿੰਘ ਮਾਨ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਪੰਜਾਬੀਆਂ ਤੋਂ ਸਹਿਯੋਗ ਮੰਗ ਰਹੇ ਹਨ। ਸਵਾਲ ਉੱਠਦਾ ਹੈ ਕਿ ਕੀ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਆਪਸ ਵਿੱਚ ਸਮਝੌਤਾ ਹੋਣ ਦੀ ਸੂਰਤ ਵਿੱਚ ਕੀ ਉਹ ਚੋਣ ਰੈਲੀਆਂ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਲ ਦੇ ਸੋਹਲੇ ਗਾਉਣੇ ਸ਼ੁਰੂ ਕਰ ਦੇਣਗੇ, ਜਿਨ੍ਹਾਂ ਨੂੰ ਹੁਣ ਪਾਣੀ ਪੀ ਪੀ ਕੇ ਭੰਡ ਰਹੇ ਹਨ? ਫਿਰ ਉਨ੍ਹਾਂ ਦੇ ਕੀਤੇ ਕੰਮਾਂ ਦਾ ਗੁਣਗਾਣ ਕਰਨਾ ਪਵੇਗਾ। ਇਸ ਨੂੰ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਕਿਰਦਾਰ ਦਾ ਦੋਗਲਾਪਨ ਨਾ ਕਹੀਏ ਤਾਂ ਹੋਰ ਕੀ।
ਇਸ ਤੋਂ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਵਿੱਚ ਹੁੰਦਿਆਂ ਕਾਂਗਰਸ ਦੇ ਕੌਮੀ ਨੇਤਾਵਾਂ ਦੀ ਲਾਹ-ਪਾਹ ਕਰਦੇ ਰਹੇ। ਰਾਹੁਲ ਗਾਂਧੀ ਨੂੰ ਪੱਪੂ ਨਾਂ ਉਹਨਾਂ ਨੇ ਹੀ ਦਿੱਤਾ ਸੀ। ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲੀ ਸਿੱਖ ਸ਼ਖਸੀਅਤ ਡਾਕਟਰ ਮਨਮੋਹਨ ਸਿੰਘ ਨੂੰ ਵੀ ਉਹ ਗੂੰਗਾ ਕਹਿੰਦੇ ਰਹੇ ਹਨ। ਜਦੋਂ ਉਨ੍ਹਾਂ ਨੇ ਕਾਂਗਰਸ ਦਾ ਪੱਲਾ ਫੜਿਆ ਤਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਨੇਤਾਵਾਂ ਨੂੰ ਭੰਡਣ ਵਿੱਚ ਵੀ ਉਨ੍ਹਾਂ ਕੋਈ ਕਸਰ ਨਾ ਛੱਡੀ। ਨਿਰ ਸੰਦੇਹ ਉਹਨਾਂ ਦੀਆਂ ਰੈਲੀਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸਦਾ ਮਤਲਬ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਲੋਕ ਪੰਜਾਬ ਦੀ ਵਾਗਡੋਰ ਉਹਨਾਂ ਦੇ ਹੱਥ ਫੜਾਉਣਾ ਚਾਹੁੰਦੇ ਹਨ। ਜੇ ਅਜਿਹਾ ਹੋਣਾ ਹੋਵੇ ਤਾਂ ਅੰਮ੍ਰਿਤਸਰ ਵਿਧਾਨ ਸਭਾ ਹਲਕੇ ਤੋਂ ਉਹ ਬੁਰੀ ਤਰ੍ਹਾਂ ਚੋਣ ਨਾ ਹਾਰਦੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਉੱਤੇ ਇਲਜ਼ਾਮਬਾਜ਼ੀ ਕਰਨ ਵਿੱਚ ਉਹਨਾਂ ਨੇ ਕੋਈ ਮੌਕਾ ਹੱਥੋਂ ਨਾ ਜਾਣ ਦਿੱਤਾ ਪਰ ਮਜੀਠੀਆ ਨੂੰ ਜੱਫੀ ਪਾਉਣ ਲੱਗਿਆਂ ਵੀ ਦੇਰ ਨਾ ਲਾਈ।
ਕਾਂਗਰਸ ਹਾਈ ਕਮਾਂਡ ਦੀ ਆਪਣੀ ਰੀੜ੍ਹ ਦੀ ਹੱਡੀ ਮਜ਼ਬੂਤ ਨਹੀਂ ਹੈ, ਉਹ ਨਵਜੋਤ ਸਿੰਘ ਸਿੱਧੂ ਵਿਰੁੱਧ ਕੋਈ ਐਕਸ਼ਨ ਲੈਣ ਤੋਂ ਕਤਰਾਉਂਦੀ ਲਗਦੀ ਹੈ। ਉਂਝ ਨਵਜੋਤ ਸਿੰਘ ਸਿੱਧੂ ਦੇ ਖੰਭ ਤਾਂ ਹਾਈ ਕਮਾਂਡ ਨੇ ਪਹਿਲਾਂ ਹੀ ਝਾੜ ਦਿੱਤੇ ਸਨ, ਉਨ੍ਹਾਂ ਕੋਲ ਨਾ ਕੋਈ ਕੌਮੀ ਅਤੇ ਨਾ ਹੀ ਕੋਈ ਸੂਬਾ ਪੱਧਰ ’ਤੇ ਅਹੁਦਾ ਰਿਹਾ ਹੈ।
ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਨਾਲ ਮੀਟਿੰਗ ਵੇਲੇ ਵੱਡੀ ਗਿਣਤੀ ਕਾਂਗਰਸੀਆਂ ਨੇ ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ। ਕਈ ਨੇਤਾ ਤਾਂ ਇਸੇ ਕਰਕੇ ਮੀਟਿੰਗ ਤੋਂ ਦੂਰ ਵੀ ਰਹੇ। ਪੰਜਾਬ ਦੇ ਇੱਕ ਸਾਬਕਾ ਮੰਤਰੀ ਨੇ ਮੀਟਿੰਗ ਦਾ ਬਾਈਕਾਟ ਵੀ ਕਰ ਦਿੱਤਾ। ਇੱਥੋਂ ਤਕ ਕਿ ਉਹ ਮੀਟਿੰਗ ਵਿੱਚੋਂ ਉੱਠ ਕੇ ਚਲੇ ਗਏ। ਲੰਘੇ ਕੱਲ੍ਹ ਦੀ ਮੀਟਿੰਗ ਵਿੱਚ ਪੰਜਾਬ ਲੋਕ ਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਨਾਲ ਰਲ਼ ਕੇ ਲੜਨ ਦੀ ਗੱਲ ਵੀ ਚੱਲੀ ਪਰ ਵੱਡੀ ਗਿਣਤੀ ਲੀਡਰ ਇਸਦੇ ਵਿਰੋਧ ਵਿੱਚ ਭੁਗਤੇ। ਖਬਰਾਂ ਤਾਂ ਇਹ ਵੀ ਹਨ ਕਿ ਜਦੋਂ ਪੰਜਾਬ ਦੇ ਕਾਂਗਰਸੀ ਲੀਡਰਾਂ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਸੀ, ਤਦ ਵੀ ਉਗਲਾਂ ‘ਤੇ ਗਿਣਨ ਜੋਗੇ ਲੀਡਰਾਂ ਨੂੰ ਛੱਡ ਕੇ ਬਾਕੀਆਂ ਨੇ ਆਪਣੇ ਦਮ ’ਤੇ ਚੋਣ ਲੜਨ ਦੀ ਵਕਾਲਤ ਕੀਤੀ ਸੀ। ਪਤਾ ਲੱਗਾ ਹੈ ਕਿ ਮੀਟਿੰਗ ਦੌਰਾਨ ਕਾਂਗਰਸੀਆਂ ਤੋਂ ਹੱਥ ਖੜ੍ਹਾ ਕਰਾ ਕੇ ਪੱਖ ਅਤੇ ਵਿਰੋਧ ਵਿੱਚ ਵੋਟਾਂ ਲਈਆਂ ਗਈਆਂ ਸਨ। ਕਾਂਗਰਸੀਆਂ ਦੀ ਇਸ ਦਲੀਲ ਵਿੱਚ ਵਜ਼ਨ ਵੀ ਹੈ ਕਿ ਆਪ ਨਾਲ ਸਮਝੌਤਾ ਕਰਨ ਤੋਂ ਬਾਅਦ ਪਾਰਟੀ ਦੇ ਭਵਿੱਖ ਉੱਤੇ ਸਵਾਲੀਆ ਚਿੰਨ੍ਹ ਲੱਗ ਜਾਵੇਗਾ। ਨਵਜੋਤ ਸਿੰਘ ਸਿੱਧੂ ਨੇ ਆਪਣੀ ਅਗਲੀ ਰੈਲੀ 21 ਜਨਵਰੀ ਦੀ ਮੋਗਾ ਵਿੱਚ ਫਿਰ ਰੱਖ ਲਈ ਹੈ।
ਕੁਝ ਵੀ ਹੋਵੇ, ਇਹ ਮੰਨਣਾ ਪਵੇਗਾ ਕਿ ਕਿਸੇ ਵੀ ਪਰਿਵਾਰ, ਸਮਾਜ, ਪਾਰਟੀ ਜਾਂ ਮੁਲਕ ਨੂੰ ਸਹਿਜ ਨਾਲ ਚਲਾਉਣ ਲਈ ਅਨੁਸ਼ਾਸਨ ਬਣਾ ਕੇ ਰੱਖਣਾ ਜ਼ਰੂਰੀ ਹੁੰਦਾ ਹੈ। ਆਪੋ ਆਪਣੇ ਰਾਹੇ ਤੁਰਨ ਨਾਲ ਕਦੇ ਰਸਤੇ ਨਹੀਂ ਬਣਦੇ। ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣੀਆਂ 2019 ਵਾਲੀਆਂ ਲੋਕ ਸਭਾ ਸੀਟਾਂ ਬਰਕਰਾਰ ਰੱਖਣੀਆਂ ਚਾਹੁੰਦੀ ਹੈ ਤਾਂ ਬਗੈਰ ਦੇਰ ਕੀਤੇ ਦੋ ਟੁੱਕ ਫੈਸਲਾ ਲੈਣਾ ਹੋਵੇਗਾ। ਪਛੜਕੇ ਲਏ ਗਏ ਫੈਸਲੇ ਕਈ ਵਾਰ ਫਾਇਦੇ ਦੀ ਥਾਂ ਨੁਕਸਾਨ ਕਰ ਦਿੰਦੇ ਹਨ। ਸਮਾਂ ਬੜਾ ਬਲਵਾਨ ਹੈ, ਇਹ ਕਦੇ ਕਿਸੇ ਨੂੰ ਮੁਆਫ ਨਹੀਂ ਕਰਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4621)
(ਸਰੋਕਾਰ ਨਾਲ ਸੰਪਰਕ ਲਈ: (